Skip to content

Skip to table of contents

ਇਤਿਹਾਸ ਦੇ ਪੰਨਿਆਂ ਤੋਂ

“ਸਾਰਿਆਂ ਦੀਆਂ ਨਜ਼ਰਾਂ ਮੇਰੇ ਉੱਤੇ ਸਨ”

“ਸਾਰਿਆਂ ਦੀਆਂ ਨਜ਼ਰਾਂ ਮੇਰੇ ਉੱਤੇ ਸਨ”

ਜਦੋਂ ਪਾਇਨੀਅਰ ਭੈਣ ਸ਼ਾਰਲਟ ਵਾਈਟ ਅਮਰੀਕਾ ਦੇ ਕੈਂਟਕੀ ਪ੍ਰਾਂਤ ਦੇ ਲੂਈਵਿਲ ਸ਼ਹਿਰ ਵਿਚ ਪਹੀਆਂ ਉੱਤੇ ਇਕ ਸੂਟਕੇਸ ਰੇੜਦੀ ਹੋਈ ਪਹੁੰਚੀ, ਤਾਂ ਸਾਰਿਆਂ ਦਾ ਧਿਆਨ ਉਸ ਵੱਲ ਗਿਆ।

ਇਹ ਸੰਨ 1908 ਦੀ ਗੱਲ ਹੈ ਅਤੇ ਡੌਨ ਮੋਬਾਇਲ ਨਾਂ ਦੀ ਗੱਡੀ ਕਰਕੇ ਲੋਕਾਂ ਦਾ ਧਿਆਨ ਭੈਣ ਵਾਈਟ ਵੱਲ ਗਿਆ। ਭੈਣ ਨੇ ਕਿਹਾ: “ਇਸ ਸੂਟਕੇਸ ਕਰਕੇ ਲੋਕਾਂ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ ਅਤੇ ਸਾਰਿਆਂ ਦੀਆਂ ਨਜ਼ਰਾਂ ਮੇਰੇ ਉੱਤੇ ਸਨ।”

ਬਾਈਬਲ ਸਟੂਡੈਂਟਸ (ਹੁਣ ਯਹੋਵਾਹ ਦੇ ਗਵਾਹ) ਨੇ ਬਾਈਬਲ ਦਾ ਧਿਆਨ ਨਾਲ ਅਧਿਐਨ ਕਰ ਕੇ ਜੋ ਗਿਆਨ ਲਿਆ ਸੀ, ਉਹ ਉਸ ਗਿਆਨ ਨੂੰ ਲੋਕਾਂ ਵਿਚ ਵੰਡਣਾ ਚਾਹੁੰਦੇ ਸਨ। ਬਹੁਤ ਸਾਰਿਆਂ ਨੇ ਮਲੈਨਿਅਲ ਡੌਨ * ਨਾਂ ਦੀਆਂ ਕਿਤਾਬਾਂ ਦੀ ਮਦਦ ਨਾਲ ਬਾਈਬਲ ਦਾ ਗਿਆਨ ਲਿਆ ਸੀ। ਜਿਹੜੇ ਮਸੀਹੀ ਸ਼ਹਿਰਾਂ ਤੇ ਪਿੰਡਾਂ ਵਿਚ ਦੂਰ-ਦੂਰ ਸਫ਼ਰ ਕਰਨ ਲਈ ਤਿਆਰ ਸਨ, ਉਹ ਪੜ੍ਹਨ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਇਹ ਕਿਤਾਬਾਂ ਦਿੰਦੇ ਸਨ।

ਸੰਨ 1908 ਵਿਚ ਭੈਣ ਵਾਈਟ ਤੇ ਹੋਰ ਜੋਸ਼ੀਲੇ ਪ੍ਰਚਾਰਕ 6 ਕਿਤਾਬਾਂ ਦਾ ਇਕ ਸੈੱਟ 1.65 ਅਮਰੀਕੀ ਡਾਲਰ ਦਾ ਦਿੰਦੇ ਸਨ। ਇਹ ਕੀਮਤ ਕਿਤਾਬਾਂ ਦੀ ਸਿਰਫ਼ ਛਪਾਈ ਦੀ ਕੀਮਤ ਜਿੰਨੀ ਸੀ। ਜਦੋਂ ਕੋਈ ਇਹ ਕਿਤਾਬਾਂ ਲੈਣੀਆਂ ਚਾਹੁੰਦਾ ਸੀ, ਤਾਂ ਉਸ ਨੂੰ ਉਸੇ ਵੇਲੇ ਇਹ ਕਿਤਾਬਾਂ ਨਹੀਂ ਦਿੱਤੀਆਂ ਜਾਂਦੀਆਂ ਸਨ, ਸਗੋਂ ਉਸ ਦਾ ਆਰਡਰ ਲੈ ਕੇ ਬਾਅਦ ਵਿਚ ਦਿੱਤੀਆਂ ਜਾਂਦੀਆਂ ਸਨ, ਆਮ ਤੌਰ ਤੇ ਜਿਸ ਦਿਨ ਤਨਖ਼ਾਹ ਮਿਲਦੀ ਸੀ। ਬਾਈਬਲ ਸਟੂਡੈਂਟਸ ਦਾ ਵਿਰੋਧ ਕਰਨ ਵਾਲਾ ਇਕ ਆਦਮੀ ਵੀ ਹੈਰਾਨ ਸੀ ਕਿ ਲੋਕਾਂ ਨੂੰ ਇਨ੍ਹਾਂ ਕਿਤਾਬਾਂ ਦੀ ਕਿੰਨੀ ਥੋੜ੍ਹੀ ਕੀਮਤ ਦੇਣੀ ਪੈਂਦੀ ਸੀ!

ਮਲਿੰਡਾ ਕੀਫ਼ਰ ਨੂੰ ਯਾਦ ਸੀ ਕਿ ਉਹ ਹਰ ਹਫ਼ਤੇ 200-300 ਕਿਤਾਬਾਂ ਦੇ ਆਰਡਰ ਲੈਂਦੀ ਹੁੰਦੀ ਸੀ। ਬਹੁਤ ਸਾਰੇ ਲੋਕ ਇਹ ਕਿਤਾਬਾਂ ਪੜ੍ਹਨੀਆਂ ਚਾਹੁੰਦੇ ਸਨ, ਇਸ ਕਰਕੇ ਇਕ ਸਮੱਸਿਆ ਵੀ ਖੜ੍ਹੀ ਹੋਈ। ਇਸ ਸੈੱਟ ਦੀ ਛੇਵੀਂ ਕਿਤਾਬ ਦੇ ਹੀ 740 ਸਫ਼ੇ ਸਨ। ਇਕ ਪਹਿਰਾਬੁਰਜ ਵਿਚ ਕਿਹਾ ਗਿਆ ਸੀ: “50 ਕਿਤਾਬਾਂ ਦਾ ਭਾਰ 18 ਕਿਲੋ ਹੈ, ਇਸ ਕਰਕੇ ਇਹ ਚੁੱਕਣੀਆਂ ਬਹੁਤ ਔਖੀਆਂ ਹਨ,” ਖ਼ਾਸ ਕਰਕੇ ਭੈਣਾਂ ਲਈ।

ਇਨ੍ਹਾਂ ਕਿਤਾਬਾਂ ਨੂੰ ਚੁੱਕ ਕੇ ਲਿਜਾਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਭਰਾ ਜੇਮਜ਼ ਕੋਲ ਨੇ ਇਕ ਨਵੀਂ ਗੱਡੀ ਦੀ ਕਾਢ ਕੱਢੀ। ਇਸ ਗੱਡੀ ਦਾ ਢਾਂਚਾ ਫੋਲਡ ਕੀਤਾ ਜਾ ਸਕਦਾ ਸੀ ਅਤੇ ਇਸ ਨੂੰ ਦੋ ਪਹੀਏ ਲੱਗੇ ਹੋਏ ਸਨ ਅਤੇ ਇਸ ਢਾਂਚੇ ਉੱਤੇ ਪੇਚਾਂ ਦੀ ਮਦਦ ਨਾਲ ਇਕ ਸੂਟਕੇਸ ਜੋੜਿਆ ਜਾ ਸਕਦਾ ਸੀ। ਹੁਣ ਕਿਤਾਬਾਂ ਨਾਲ ਭਰੇ ਭਾਰੇ-ਭਾਰੇ ਡੱਬੇ ਚੁੱਕ ਕੇ ਲਿਜਾਣ ਦੀ ਲੋੜ ਨਹੀਂ ਰਹੀ। ਭਰਾ ਜੇਮਜ਼ ਕੋਲ ਨੇ ਕਿਹਾ: “ਹੁਣ ਮੈਨੂੰ ਆਪਣੀਆਂ ਬਾਹਾਂ ਤੁੜਾਉਣ ਦੀ ਲੋੜ ਨਹੀਂ ਹੈ।” ਉਸ ਨੇ 1908 ਵਿਚ ਓਹੀਓ ਦੇ ਸ਼ਹਿਰ ਸਿਨਸਿਨਾਟੀ ਵਿਚ ਹੋਏ ਇਕ ਸੰਮੇਲਨ ਵਿਚ ਇਹ ਗੱਡੀ ਸਾਰਿਆਂ ਨੂੰ ਦਿਖਾਈ ਸੀ। ਇਸ ਗੱਡੀ ਦੇ ਸਰੀਏ ਦੇ ਦੋਹਾਂ ਸਿਰਿਆਂ ਉੱਤੇ ਡੌਨ ਮੋਬਾਇਲ ਲਿਖਿਆ ਹੋਇਆ ਸੀ ਕਿਉਂਕਿ ਇਸ ਉੱਤੇ ਆਮ ਤੌਰ ਤੇ ਮਲੈਨਿਅਲ ਡੌਨ ਕਿਤਾਬਾਂ ਢੋਈਆਂ ਜਾਂਦੀਆਂ ਸਨ। ਥੋੜ੍ਹੀ ਜਿਹੀ ਪ੍ਰੈਕਟਿਸ ਨਾਲ ਇਸ ਗੱਡੀ ਨੂੰ ਇਕ ਹੱਥ ਨਾਲ ਆਸਾਨੀ ਨਾਲ ਰੇੜਿਆ ਜਾ ਸਕਦਾ ਸੀ ਤੇ ਕਿਤਾਬਾਂ ਨਾਲ ਭਰਿਆ ਸੂਟਕੇਸ ਲਿਜਾਣਾ ਸੌਖਾ ਹੁੰਦਾ ਸੀ। ਇਸ ਦੀ ਉਚਾਈ ਵੀ ਥੱਲੇ-ਉੱਪਰ ਕੀਤੀ ਜਾ ਸਕਦੀ ਸੀ ਅਤੇ ਇਸ ਨੂੰ ਕੱਚੇ-ਪੱਕੇ ਰਾਹਾਂ ਉੱਤੇ ਚਲਾਇਆ ਜਾ ਸਕਦਾ ਸੀ। ਦਿਨ ਭਰ ਪ੍ਰਚਾਰ ਕਰਨ ਤੋਂ ਬਾਅਦ ਪੈਦਲ ਜਾਂ ਟ੍ਰੈਮ (ਲਾਈਨਾਂ ਉੱਤੇ ਚੱਲਣ ਵਾਲੀ ਬੱਸ) ਵਿਚ ਘਰ ਨੂੰ ਵਾਪਸ ਆਉਂਦੇ ਵੇਲੇ ਇਸ ਦੇ ਰਬੜ ਦੇ ਪਹੀਏ ਉੱਪਰ ਨੂੰ ਫੋਲਡ ਕਰ ਕੇ ਸੂਟਕੇਸ ਦੇ ਇਕ ਪਾਸੇ ਲਾਏ ਜਾ ਸਕਦੇ ਸਨ।

ਪਾਇਨੀਅਰਿੰਗ ਕਰਨ ਵਾਲੀਆਂ ਭੈਣਾਂ ਨੂੰ ਇਹ ਗੱਡੀ ਮੁਫ਼ਤ ਦਿੱਤੀ ਜਾਂਦੀ ਸੀ। ਉੱਦਾਂ ਇਸ ਦੀ ਕੀਮਤ ਢਾਈ ਅਮਰੀਕੀ ਡਾਲਰ ਸੀ। ਭੈਣ ਕੀਫ਼ਰ, ਜਿਸ ਦੀ ਫੋਟੋ ਇੱਥੇ ਦਿੱਤੀ ਗਈ ਹੈ, ਇਹ ਗੱਡੀ ਰੇੜਨ ਵਿਚ ਇੰਨੀ ਮਾਹਰ ਬਣ ਗਈ ਕਿ ਉਹ ਇਕ ਹੱਥ ਨਾਲ ਕਿਤਾਬਾਂ ਨਾਲ ਭਰੇ ਸੂਟਕੇਸ ਨੂੰ ਰੇੜ ਲੈਂਦੀ ਸੀ ਅਤੇ ਦੂਜੇ ਹੱਥ ਵਿਚ ਕਿਤਾਬਾਂ ਨਾਲ ਭਰਿਆ ਬੈਗ ਚੁੱਕਦੀ ਸੀ। ਅਮਰੀਕਾ ਵਿਚ ਪੈਨਸਿਲਵੇਨੀਆ ਦੇ ਇਕ ਸ਼ਹਿਰ ਵਿਚ ਲੋਕਾਂ ਨੇ ਇਨ੍ਹਾਂ ਕਿਤਾਬਾਂ ਨੂੰ ਪੜ੍ਹਨ ਵਿਚ ਬਹੁਤ ਦਿਲਚਸਪੀ ਦਿਖਾਈ। ਇਸ ਲਈ ਭੈਣ ਕੀਫ਼ਰ ਕਿਤਾਬਾਂ ਦੀ ਡਿਲਿਵਰੀ ਵਾਲੇ ਦਿਨ ਪੁਲ ਉੱਤੋਂ ਦੀ ਦਰਿਆ ਪਾਰ ਕਰ ਕੇ ਤਿੰਨ-ਚਾਰ ਚੱਕਰ ਲਾਉਂਦੀ ਹੁੰਦੀ ਸੀ।

ਸੰਨ 1987 ਵਿਚ ਇਕ ਹਵਾਈ ਜਹਾਜ਼ ਦੇ ਪਾਇਲਟ ਨੇ ਸੂਟਕੇਸ ਨੂੰ ਪਹੀਏ ਲਾਉਣ ਦੀ ਕਾਢ ਕੱਢੀ ਸੀ। ਅੱਜ ਤਕਰੀਬਨ ਹਰ ਹਵਾਈ ਅੱਡੇ ਉੱਤੇ ਤੇ ਸ਼ਹਿਰਾਂ ਵਿਚ ਲੋਕਾਂ ਨੂੰ ਅਜਿਹੇ ਸੂਟਕੇਸ ਰੇੜ ਕੇ ਲਿਜਾਂਦੇ ਦੇਖਿਆ ਜਾ ਸਕਦਾ ਹੈ। ਪਰ ਤਕਰੀਬਨ ਸੌ ਸਾਲ ਪਹਿਲਾਂ ਜੋਸ਼ੀਲੇ ਬਾਈਬਲ ਸਟੂਡੈਂਟਸ ਡੌਨ ਮੋਬਾਇਲ ਗੱਡੀਆਂ ਨੂੰ ਬਾਈਬਲ ਦੀਆਂ ਸੱਚਾਈਆਂ ਦੇ ਬੀ ਬੀਜਣ ਲਈ ਵਰਤਦੇ ਸਨ ਤੇ ਲੋਕ ਹੈਰਾਨੀ ਨਾਲ ਉਨ੍ਹਾਂ ਨੂੰ ਦੇਖਦੇ ਸਨ।

[ਫੁਟਨੋਟ]

^ ਪੈਰਾ 5 ਇਸ ਨੂੰ ਬਾਅਦ ਵਿਚ ਸ਼ਾਸਤਰਾਂ ਦਾ ਅਧਿਐਨ (ਅੰਗ੍ਰੇਜ਼ੀ) ਵੀ ਸੱਦਿਆ ਜਾਣ ਲੱਗਾ।

[ਸਫ਼ਾ 32 ਉੱਤੇ ਸੁਰਖੀ]

ਭੈਣ ਕੀਫ਼ਰ ਕਿਤਾਬਾਂ ਦੀ ਡਿਲਿਵਰੀ ਵਾਲੇ ਦਿਨ ਪੁਲ ਉੱਤੋਂ ਦੀ ਦਰਿਆ ਪਾਰ ਕਰ ਕੇ ਤਿੰਨ-ਚਾਰ ਚੱਕਰ ਲਾਉਂਦੀ ਹੁੰਦੀ ਸੀ

[ਸਫ਼ਾ 32 ਉੱਤੇ ਸੁਰਖੀ]

ਇਸ ਗੱਡੀ ਕਰਕੇ ਕਿਤਾਬਾਂ ਚੁੱਕ ਕੇ ਲਿਜਾਣ ਦੀ ਸਮੱਸਿਆ ਹੱਲ ਹੋ ਗਈ