Skip to content

Skip to table of contents

ਜੋਸ਼ ਨਾਲ ਪ੍ਰਚਾਰ ਕਰਦੇ ਰਹੋ

ਜੋਸ਼ ਨਾਲ ਪ੍ਰਚਾਰ ਕਰਦੇ ਰਹੋ

ਜੋਸ਼ ਨਾਲ ਪ੍ਰਚਾਰ ਕਰਦੇ ਰਹੋ

“ਜੋਸ਼ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਵਿਚ ਲੱਗਾ ਰਹਿ।”—2 ਤਿਮੋ. 4:2.

ਕੀ ਤੁਸੀਂ ਸਮਝਾ ਸਕਦੇ ਹੋ?

ਤਿਮੋਥਿਉਸ ਲਈ ਜੋਸ਼ ਨਾਲ ਪ੍ਰਚਾਰ ਕਰਨਾ ਕਿਉਂ ਜ਼ਰੂਰੀ ਸੀ?

ਅਸੀਂ ਪ੍ਰਚਾਰ ਕਰਨ ਲਈ ਆਪਣਾ ਜੋਸ਼ ਕਿਵੇਂ ਬਰਕਰਾਰ ਰੱਖ ਸਕਦੇ ਹਾਂ?

ਅੱਜ ਰਾਜ ਦੇ ਸੰਦੇਸ਼ ਦਾ ਪ੍ਰਚਾਰ ਕਰਨਾ ਪਹਿਲਾਂ ਨਾਲੋਂ ਜ਼ਿਆਦਾ ਜ਼ਰੂਰੀ ਕਿਉਂ ਹੈ?

1, 2. ‘ਜੋਸ਼ ਨਾਲ ਪ੍ਰਚਾਰ ਕਰਨ’ ਸੰਬੰਧੀ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?

ਜਿਨ੍ਹਾਂ ਲੋਕਾਂ ਦਾ ਕੰਮ ਜ਼ਿੰਦਗੀਆਂ ਬਚਾਉਣਾ ਹੁੰਦਾ ਹੈ, ਉਹ ਆਪਣੇ ਕੰਮ ਵਿਚ ਢਿੱਲ-ਮੱਠ ਨਹੀਂ ਕਰਦੇ। ਮਿਸਾਲ ਲਈ, ਅੱਗ ਬੁਝਾਉਣ ਦਾ ਕੰਮ ਕਰਨ ਵਾਲੇ ਲੋਕ ਸੰਕਟ ਦੀ ਘੜੀ ਵਿਚ ਤੁਰੰਤ ਕਾਰਵਾਈ ਕਰਦੇ ਹਨ; ਉਹ ਜਾਣਦੇ ਹਨ ਕਿ ਕਿਸੇ ਦੀ ਜਾਨ ਵੀ ਜਾ ਸਕਦੀ ਹੈ।

2 ਯਹੋਵਾਹ ਦੇ ਗਵਾਹ ਹੋਣ ਕਰਕੇ ਅਸੀਂ ਵੀ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਚਾਹੁੰਦੇ ਹਾਂ। ਇਸ ਕਰਕੇ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਗੰਭੀਰਤਾ ਨਾਲ ਕਰਦੇ ਹਾਂ। ਧਿਆਨ ਦਿਓ ਕਿ ਪੌਲੁਸ ਨੇ ਇਹ ਸਲਾਹ ਦਿੱਤੀ: “ਜੋਸ਼ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਵਿਚ ਲੱਗਾ ਰਹਿ।” (2 ਤਿਮੋ. 4:2) ਅਸੀਂ ਜੋਸ਼ ਨਾਲ ਪ੍ਰਚਾਰ ਕਿਵੇਂ ਕਰ ਸਕਦੇ ਹਾਂ? ਇਹ ਕੰਮ ਕਰਨਾ ਇੰਨਾ ਜ਼ਰੂਰੀ ਕਿਉਂ ਹੈ?

ਪ੍ਰਚਾਰ ਕਰਨਾ ਕਿਉਂ ਜ਼ਰੂਰੀ ਹੈ?

3. ਲੋਕਾਂ ਦੁਆਰਾ ਰਾਜ ਦਾ ਸੰਦੇਸ਼ ਸੁਣਨ ਜਾਂ ਨਾ ਸੁਣਨ ਦਾ ਕੀ ਨਤੀਜਾ ਨਿਕਲ ਸਕਦਾ ਹੈ?

3 ਜਦੋਂ ਤੁਸੀਂ ਗੌਰ ਕਰੋਗੇ ਕਿ ਪ੍ਰਚਾਰ ਕਰਨ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ, ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਅੱਜ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਕਿੰਨੀ ਜ਼ਰੂਰੀ ਹੈ। (ਰੋਮੀ. 10:13, 14) ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਜਦੋਂ ਮੈਂ ਦੁਸ਼ਟ ਨੂੰ ਆਖਾਂ, ਤੂੰ ਨਿਸਚੇ ਮਰੇਂਗਾ, ਜੇ ਕਰ ਉਹ ਆਪਣੇ ਪਾਪ ਤੋਂ ਮੁੜੇ ਅਤੇ ਉਹੀ ਕਰੇ ਜੋ ਨਿਆਉਂ ਤੇ ਧਰਮ ਹੈ। . . . ਤਾਂ ਉਹ ਨਿਸਚੇ ਜੀਉਂਦਾ ਰਹੇਗਾ, ਉਹ ਨਹੀਂ ਮਰੇਗਾ। ਸਾਰੇ ਪਾਪ ਜੋ ਉਹ ਨੇ ਕੀਤੇ ਹਨ ਉਸ ਦੇ ਵਿਰੁੱਧ ਚੇਤੇ ਨਹੀਂ ਕੀਤੇ ਜਾਣਗੇ।” (ਹਿਜ਼. 33:14-16) ਜਿਹੜੇ ਰਾਜ ਦਾ ਸੰਦੇਸ਼ ਸੁਣਾਉਂਦੇ ਹਨ, ਉਨ੍ਹਾਂ ਨੂੰ ਬਾਈਬਲ ਕਹਿੰਦੀ ਹੈ: “ਤੂੰ ਆਪਣੇ ਆਪ ਨੂੰ ਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।”—1 ਤਿਮੋ. 4:16; ਹਿਜ਼. 3:17-21.

4. ਤਿਮੋਥਿਉਸ ਲਈ ਜੋਸ਼ ਨਾਲ ਪ੍ਰਚਾਰ ਕਰਨਾ ਕਿਉਂ ਜ਼ਰੂਰੀ ਸੀ?

4 ਆਓ ਆਪਾਂ ਲੇਖ ਦੀ ਮੁੱਖ ਆਇਤ ਅਤੇ ਅਗਲੀਆਂ ਆਇਤਾਂ ’ਤੇ ਗੌਰ ਕਰ ਕੇ ਦੇਖੀਏ ਕਿ ਪੌਲੁਸ ਨੇ ਤਿਮੋਥਿਉਸ ਨੂੰ ਜੋਸ਼ ਨਾਲ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਕਿਉਂ ਦਿੱਤੀ ਸੀ। ਪੌਲੁਸ ਨੇ ਕਿਹਾ: “ਤੂੰ ਚੰਗੇ ਅਤੇ ਬੁਰੇ ਹਾਲਾਤਾਂ ਵਿਚ ਜੋਸ਼ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਵਿਚ ਲੱਗਾ ਰਹਿ। ਪੂਰੇ ਧੀਰਜ ਨਾਲ ਅਤੇ ਸਿਖਾਉਣ ਦੀ ਕਲਾ ਵਰਤ ਕੇ ਤਾੜਨਾ ਦੇ, ਸਖ਼ਤੀ ਨਾਲ ਸਮਝਾ ਅਤੇ ਹੱਲਾਸ਼ੇਰੀ ਦੇ। ਕਿਉਂਕਿ ਅਜਿਹਾ ਸਮਾਂ ਆਵੇਗਾ ਜਦੋਂ ਲੋਕ ਸਹੀ ਸਿੱਖਿਆ ਨੂੰ ਬਰਦਾਸ਼ਤ ਨਹੀਂ ਕਰਨਗੇ, ਸਗੋਂ ਆਪਣੀਆਂ ਇੱਛਾਵਾਂ ਮੁਤਾਬਕ ਚੱਲ ਕੇ ਆਪਣੇ ਲਈ ਅਜਿਹੇ ਸਿੱਖਿਅਕ ਇਕੱਠੇ ਕਰਨਗੇ ਜੋ ਉਹੀ ਗੱਲਾਂ ਕਰਨਗੇ ਜਿਹੜੀਆਂ ਉਹ ਸੁਣਨੀਆਂ ਚਾਹੁੰਦੇ ਹਨ। ਉਹ ਸੱਚਾਈ ਦੀਆਂ ਗੱਲਾਂ ਸੁਣਨ ਤੋਂ ਇਨਕਾਰ ਕਰਨਗੇ।” (2 ਤਿਮੋ. 4:2-4) ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਬਹੁਤ ਸਾਰੇ ਮਸੀਹੀ ਮੰਡਲੀ ਵਿਚ ਗ਼ਲਤ ਸਿੱਖਿਆ ਦੇਣਗੇ। (ਮੱਤੀ 13:24, 25, 38) ਇਸ ਭਵਿੱਖਬਾਣੀ ਦੇ ਪੂਰਾ ਹੋਣ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਸੀ। ਇਸ ਲਈ ਤਿਮੋਥਿਉਸ ਵਾਸਤੇ ਮੰਡਲੀ ਵਿਚ ਵੀ ‘ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨਾ’ ਜ਼ਰੂਰੀ ਸੀ ਤਾਂਕਿ ਮਸੀਹੀ ਧੋਖਾ ਦੇਣ ਵਾਲੀਆਂ ਸਿੱਖਿਆਵਾਂ ਦੇ ਪਿੱਛੇ ਨਾ ਲੱਗ ਜਾਣ ਜੋ ਸੁਣਨ ਨੂੰ ਚੰਗੀਆਂ ਲੱਗਦੀਆਂ ਸਨ। ਉਨ੍ਹਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿਚ ਸਨ। ਅੱਜ ਕੀ ਹੋ ਰਿਹਾ ਹੈ?

5, 6. ਅੱਜ ਲੋਕ ਕਿਹੋ ਜਿਹੀਆਂ ਸਿੱਖਿਆਵਾਂ ਨੂੰ ਪਸੰਦ ਕਰਦੇ ਹਨ?

5 ਅੱਜ ਸਾਰੀ ਦੁਨੀਆਂ ਵਿਚ ਲੋਕ ਪਰਮੇਸ਼ੁਰ ਦੇ ਖ਼ਿਲਾਫ਼ ਚੱਲ ਰਹੇ ਹਨ। (2 ਥੱਸ. 2:3, 8) ਲੋਕ ਕਿਹੜੀਆਂ ਸਿੱਖਿਆਵਾਂ ਨੂੰ ਪਸੰਦ ਕਰਦੇ ਹਨ? ਬਹੁਤ ਥਾਵਾਂ ਤੇ ਵਿਕਾਸਵਾਦ ਦੀ ਸਿੱਖਿਆ ਦਾ ਵਧ-ਚੜ੍ਹ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਵੇਂ ਵਿਕਾਸਵਾਦ ਨੂੰ ਵਿਗਿਆਨਕ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ, ਪਰ ਅੱਜ ਇਹ ਲੋਕਾਂ ਲਈ ਇਕ ਤਰ੍ਹਾਂ ਦਾ ਧਰਮ ਬਣ ਗਿਆ ਹੈ ਜਿਸ ਕਰਕੇ ਪਰਮੇਸ਼ੁਰ ਅਤੇ ਹੋਰ ਲੋਕਾਂ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਬਦਲ ਚੁੱਕਾ ਹੈ। ਇਕ ਹੋਰ ਸਿੱਖਿਆ ਜਿਸ ਨੂੰ ਲੋਕ ਪਸੰਦ ਕਰਦੇ ਹਨ, ਉਹ ਇਹ ਹੈ ਕਿ ਪਰਮੇਸ਼ੁਰ ਨੂੰ ਸਾਡਾ ਕੋਈ ਫ਼ਿਕਰ ਨਹੀਂ ਹੈ; ਇਸ ਲਈ ਸਾਨੂੰ ਵੀ ਉਸ ਦਾ ਫ਼ਿਕਰ ਨਹੀਂ ਕਰਨਾ ਚਾਹੀਦਾ। ਇਨ੍ਹਾਂ ਸਿੱਖਿਆਵਾਂ ਨੂੰ ਇੰਨਾ ਪਸੰਦ ਕਿਉਂ ਕੀਤਾ ਜਾਂਦਾ ਹੈ? ਇਹ ਦੋਵੇਂ ਸਿੱਖਿਆਵਾਂ ਲੋਕਾਂ ਨੂੰ ਇਹੀ ਸੰਦੇਸ਼ ਦਿੰਦੀਆਂ ਹਨ, ‘ਤੁਸੀਂ ਜੋ ਚਾਹੋ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਆਪਣੇ ਚੰਗੇ-ਮਾੜੇ ਕੰਮਾਂ ਦਾ ਲੇਖਾ ਕਿਸੇ ਨੂੰ ਵੀ ਨਹੀਂ ਦੇਣਾ ਪਵੇਗਾ।’ ਲੋਕ ਇਹੋ ਜਿਹੀਆਂ ਸਿੱਖਿਆਵਾਂ ਹੀ ਸੁਣਨੀਆਂ ਚਾਹੁੰਦੇ ਹਨ।—ਜ਼ਬੂਰਾਂ ਦੀ ਪੋਥੀ 10:4 ਪੜ੍ਹੋ।

6 ਹੋਰ ਵੀ ਕਈ ਸਿੱਖਿਆਵਾਂ ਹਨ ਜਿਨ੍ਹਾਂ ਨੂੰ ਲੋਕ ਸੁਣਨਾ ਚਾਹੁੰਦੇ ਹਨ। ਜਿਹੜੇ ਲੋਕ ਅਜੇ ਵੀ ਧਾਰਮਿਕ ਥਾਵਾਂ ’ਤੇ ਜਾਂਦੇ ਹਨ, ਉਹ ਅਜਿਹੇ ਗੁਰੂਆਂ ਨੂੰ ਪਸੰਦ ਕਰਦੇ ਹਨ ਜਿਹੜੇ ਕਹਿੰਦੇ ਹਨ, ‘ਤੁਸੀਂ ਭਾਵੇਂ ਜੋ ਮਰਜ਼ੀ ਕਰੋ, ਰੱਬ ਫਿਰ ਵੀ ਤੁਹਾਨੂੰ ਪਿਆਰ ਕਰਦਾ ਹੈ।’ ਅਜਿਹੇ ਗੁਰੂ ਲੋਕਾਂ ਨੂੰ ਇਹ ਕਹਿ ਕੇ ਵੀ ਖ਼ੁਸ਼ ਕਰਦੇ ਹਨ ਕਿ ਤਰ੍ਹਾਂ-ਤਰ੍ਹਾਂ ਦੀਆਂ ਰੀਤਾਂ-ਰਸਮਾਂ ਤੇ ਤਿਉਹਾਰ ਮਨਾਉਣ ਨਾਲ ਅਤੇ ਮੂਰਤੀਆਂ ਦੀ ਪੂਜਾ ਕਰਨ ਕਰਕੇ ਰੱਬ ਬਰਕਤਾਂ ਦਿੰਦਾ ਹੈ। ਧਾਰਮਿਕ ਥਾਵਾਂ ’ਤੇ ਜਾਣ ਵਾਲੇ ਇਨ੍ਹਾਂ ਲੋਕਾਂ ਨੂੰ ਬਿਲਕੁਲ ਵੀ ਨਹੀਂ ਪਤਾ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿਚ ਹਨ। (ਜ਼ਬੂ. 115:4-8) ਫਿਰ ਵੀ ਜੇ ਅਸੀਂ ਬਾਈਬਲ ਦਾ ਸੰਦੇਸ਼ ਸਮਝਣ ਵਿਚ ਉਨ੍ਹਾਂ ਦੀ ਮਦਦ ਕਰਦੇ ਹਾਂ, ਤਾਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਅਧੀਨ ਬਰਕਤਾਂ ਮਿਲ ਸਕਦੀਆਂ ਹਨ।

ਜੋਸ਼ ਨਾਲ ਪ੍ਰਚਾਰ ਕਰਨ ਦਾ ਮਤਲਬ

7. ਜੋਸ਼ ਨਾਲ ਪ੍ਰਚਾਰ ਕਰਨ ਲਈ ਕੀ ਕਰਨਾ ਜ਼ਰੂਰੀ ਹੈ?

7 ਓਪਰੇਸ਼ਨ ਕਰਨ ਵੇਲੇ ਡਾਕਟਰ ਆਪਣੇ ਕੰਮ ਵੱਲ ਪੂਰਾ ਧਿਆਨ ਦਿੰਦਾ ਹੈ ਕਿਉਂਕਿ ਇਹ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੁੰਦਾ ਹੈ। ਇਸੇ ਤਰ੍ਹਾਂ ਸਾਨੂੰ ਵੀ ਆਪਣੇ ਪ੍ਰਚਾਰ ਦੇ ਕੰਮ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਇਸ ਗੱਲ ’ਤੇ ਗੌਰ ਕਰਨਾ ਚਾਹੀਦਾ ਹੈ ਕਿ ਲੋਕਾਂ ਨਾਲ ਕਿਹੜੇ ਵਿਸ਼ਿਆਂ ਬਾਰੇ ਗੱਲ ਕੀਤੀ ਜਾ ਸਕਦੀ ਹੈ ਜਾਂ ਕਿਹੜੇ ਸਵਾਲ ਪੁੱਛੇ ਜਾ ਸਕਦੇ ਹਨ ਜਾਂ ਕਿਹੜੀ ਜਾਣਕਾਰੀ ਵਰਤ ਕੇ ਉਨ੍ਹਾਂ ਵਿਚ ਸੱਚਾਈ ਬਾਰੇ ਜਾਣਨ ਦੀ ਦਿਲਚਸਪੀ ਪੈਦਾ ਕੀਤੀ ਜਾ ਸਕਦੀ ਹੈ। ਜੋਸ਼ ਨਾਲ ਪ੍ਰਚਾਰ ਕਰਨ ਲਈ ਸਾਨੂੰ ਸ਼ਾਇਦ ਆਪਣੇ ਕੰਮਾਂ ਵਿਚ ਫੇਰ-ਬਦਲ ਕਰਨਾ ਪਵੇ ਤਾਂਕਿ ਅਸੀਂ ਲੋਕਾਂ ਨੂੰ ਉਸ ਸਮੇਂ ਮਿਲ ਸਕੀਏ ਜਦੋਂ ਉਹ ਸਾਡੀ ਗੱਲ ਸੁਣਨ ਲਈ ਤਿਆਰ ਹੋਣ।—ਰੋਮੀ. 1:15, 16; 1 ਤਿਮੋ. 4:16.

8. ਜੋਸ਼ ਨਾਲ ਪ੍ਰਚਾਰ ਕਰਨ ਲਈ ਹੋਰ ਕੀ ਦੇਖਣਾ ਜ਼ਰੂਰੀ ਹੈ?

8 ਜੋਸ਼ ਨਾਲ ਪ੍ਰਚਾਰ ਕਰਨ ਲਈ ਇਹ ਵੀ ਦੇਖਣ ਦੀ ਲੋੜ ਹੈ ਕਿ ਕਿਹੜੇ ਕੰਮਾਂ ਨੂੰ ਪਹਿਲ ਦੇਣੀ ਜ਼ਰੂਰੀ ਹੈ। (ਉਤ. 19:15) ਫ਼ਰਜ਼ ਕਰੋ ਕਿ ਤੁਹਾਡੇ ਟੈੱਸਟਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਤੁਹਾਡਾ ਡਾਕਟਰ ਤੁਹਾਨੂੰ ਆਪਣੇ ਕਮਰੇ ਵਿਚ ਬੁਲਾ ਕੇ ਗੰਭੀਰਤਾ ਨਾਲ ਕਹਿੰਦਾ ਹੈ: “ਤੁਹਾਡੀ ਹਾਲਤ ਬਹੁਤ ਨਾਜ਼ੁਕ ਹੈ। ਤੁਹਾਨੂੰ ਇਕ ਮਹੀਨੇ ਦੇ ਅੰਦਰ-ਅੰਦਰ ਆਪਣੀ ਬੀਮਾਰੀ ਦਾ ਇਲਾਜ ਸ਼ੁਰੂ ਕਰਨਾ ਪਵੇਗਾ।” ਤੁਸੀਂ ਉਸ ਦੀ ਗੱਲ ਸੁਣ ਕੇ ਇਸ ਤਰ੍ਹਾਂ ਨਹੀਂ ਭੱਜੋਗੇ ਜਿਸ ਤਰ੍ਹਾਂ ਅੱਗ ਬੁਝਾਉਣ ਵਾਲਾ ਸੰਕਟ ਦੀ ਘੜੀ ਵਿਚ ਭੱਜਦਾ ਹੈ। ਪਰ ਤੁਸੀਂ ਉਸ ਦੀ ਸਲਾਹ ਲੈ ਕੇ ਆਪਣੇ ਘਰ ਜਾਓਗੇ ਅਤੇ ਫਿਰ ਗੰਭੀਰਤਾ ਨਾਲ ਸੋਚੋਗੇ ਕਿ ਤੁਹਾਡੇ ਲਈ ਕਿਹੜੇ ਕੰਮ ਕਰਨੇ ਪਹਿਲਾਂ ਜ਼ਰੂਰੀ ਹਨ।

9. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅਫ਼ਸੁਸ ਵਿਚ ਰਹਿੰਦੇ ਹੋਏ ਪੌਲੁਸ ਨੇ ਪ੍ਰਚਾਰ ਦੇ ਕੰਮ ਨੂੰ ਪਹਿਲ ਦਿੱਤੀ ਸੀ?

9 ਪੌਲੁਸ ਨੇ ਏਸ਼ੀਆ ਜ਼ਿਲ੍ਹੇ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ। ਇਸ ਬਾਰੇ ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਜੋ ਕਿਹਾ ਸੀ, ਉਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਪੌਲੁਸ ਨੇ ਪ੍ਰਚਾਰ ਦੇ ਕੰਮ ਨੂੰ ਕਿਵੇਂ ਪਹਿਲ ਦਿੱਤੀ ਸੀ। (ਰਸੂਲਾਂ ਦੇ ਕੰਮ 20:18-21 ਪੜ੍ਹੋ।) ਜਿਸ ਦਿਨ ਪੌਲੁਸ ਏਸ਼ੀਆ ਜ਼ਿਲ੍ਹੇ ਵਿਚ ਆਇਆ ਸੀ, ਉਸੇ ਦਿਨ ਤੋਂ ਹੀ ਉਸ ਨੇ ਘਰ-ਘਰ ਜਾ ਕੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ, ਉਹ ਦੋ ਸਾਲ “ਰੋਜ਼ ਤੁਰੰਨੁਸ ਦੇ ਸਕੂਲ ਵਿਚ ਉਪਦੇਸ਼” ਦਿੰਦਾ ਰਿਹਾ। (ਰਸੂ. 19:1, 8-10) ਇਸ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਲਈ ਪ੍ਰਚਾਰ ਦਾ ਕੰਮ ਬਹੁਤ ਹੀ ਜ਼ਰੂਰੀ ਸੀ। ਇਸੇ ਤਰ੍ਹਾਂ ਸਾਡੇ ਲਈ ਵੀ ਜ਼ਰੂਰੀ ਹੈ ਕਿ ਅਸੀਂ ਪ੍ਰਚਾਰ ਦੇ ਕੰਮ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਹਮੇਸ਼ਾ ਪਹਿਲ ਦੇਈਏ।

10. ਸਾਨੂੰ ਖ਼ੁਸ਼ੀ ਕਿਉਂ ਹੋਣੀ ਚਾਹੀਦੀ ਹੈ ਕਿ ਲਗਭਗ ਸੌ ਸਾਲ ਪਹਿਲਾਂ ਮਸੀਹੀਆਂ ਨੇ ਜੋਸ਼ ਨਾਲ ਪ੍ਰਚਾਰ ਕੀਤਾ ਸੀ?

10 ਸੰਨ 1914 ਤੋਂ ਪਹਿਲਾਂ ਬਾਈਬਲ ਸਟੂਡੈਂਟਸ ਦੇ ਛੋਟੇ ਜਿਹੇ ਗਰੁੱਪ ਨੇ ਪ੍ਰਚਾਰ ਕਰਨ ਨੂੰ ਪਹਿਲ ਦਿੱਤੀ ਸੀ। ਭਾਵੇਂ ਉਨ੍ਹਾਂ ਦੀ ਗਿਣਤੀ ਕੁਝ ਕੁ ਹਜ਼ਾਰ ਸੀ, ਪਰ ਉਹ ਜਾਣਦੇ ਸਨ ਕਿ ਇਹ ਕੰਮ ਕਰਨਾ ਕਿੰਨਾ ਜ਼ਰੂਰੀ ਸੀ, ਇਸ ਲਈ ਉਹ ਜੋਸ਼ ਨਾਲ ਰਾਜ ਦੇ ਸੰਦੇਸ਼ ਦਾ ਪ੍ਰਚਾਰ ਕਰਨ ਲੱਗ ਪਏ। ਉਨ੍ਹਾਂ ਨੇ 2,000 ਤੋਂ ਜ਼ਿਆਦਾ ਅਖ਼ਬਾਰਾਂ ਵਿਚ ਰਾਜ ਦਾ ਸੰਦੇਸ਼ ਛਪਵਾਇਆ ਅਤੇ “ਸ੍ਰਿਸ਼ਟੀ ਦਾ ਫੋਟੋ-ਡਰਾਮਾ” (ਅੰਗ੍ਰੇਜ਼ੀ) ਦਿਖਾਇਆ। ਇਸ ਤਰ੍ਹਾਂ ਉਨ੍ਹਾਂ ਨੇ ਲੱਖਾਂ-ਕਰੋੜਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ। ਜੇ ਉਨ੍ਹਾਂ ਨੇ ਇਸ ਕੰਮ ਨੂੰ ਅਹਿਮੀਅਤ ਨਾ ਦਿੱਤੀ ਹੁੰਦੀ, ਤਾਂ ਸਾਡੇ ਵਿੱਚੋਂ ਕਿੰਨੇ ਕੁ ਜਣਿਆਂ ਨੂੰ ਰਾਜ ਦਾ ਸੰਦੇਸ਼ ਸੁਣਨ ਦਾ ਮੌਕਾ ਮਿਲਦਾ?—ਜ਼ਬੂਰਾਂ ਦੀ ਪੋਥੀ 119:60 ਪੜ੍ਹੋ।

ਜੋਸ਼ ਠੰਢਾ ਨਾ ਪੈਣ ਦਿਓ

11. ਕੁਝ ਲੋਕਾਂ ਦਾ ਜੋਸ਼ ਠੰਢਾ ਕਿਉਂ ਪੈ ਗਿਆ ਸੀ?

11 ਕਈ ਗੱਲਾਂ ਕਰਕੇ ਸਾਡਾ ਧਿਆਨ ਪਰਮੇਸ਼ੁਰ ਦੇ ਕੰਮ ਤੋਂ ਹਟ ਸਕਦਾ ਹੈ। ਸ਼ੈਤਾਨ ਦੀ ਦੁਨੀਆਂ ਸਾਨੂੰ ਆਪਣੇ ਵੱਲ ਖਿੱਚਦੀ ਹੈ ਅਤੇ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਆਪਣੇ ਸ਼ੌਕ ਪੂਰੇ ਕਰੀਏ। (1 ਪਤ. 5:8; 1 ਯੂਹੰ. 2:15-17) ਪਹਿਲੀ ਸਦੀ ਵਿਚ ਕੁਝ ਲੋਕਾਂ ਦਾ ਜੋਸ਼ ਠੰਢਾ ਪੈ ਗਿਆ ਜਿਹੜੇ ਪਹਿਲਾਂ ਯਹੋਵਾਹ ਦੀ ਸੇਵਾ ਨੂੰ ਪਹਿਲ ਦਿੰਦੇ ਸਨ। ਮਿਸਾਲ ਲਈ, ਪੌਲੁਸ ਨਾਲ ਦੇਮਾਸ ਨਾਂ ਦਾ ਮਸੀਹੀ ‘ਸੇਵਾ ਕਰਦਾ’ ਹੁੰਦਾ ਸੀ, ਪਰ ਉਹ ਦੁਨੀਆਂ ਦੇ ਪਿੱਛੇ ਲੱਗ ਕੇ ਗੁਮਰਾਹ ਹੋ ਗਿਆ। ਮੁਸੀਬਤਾਂ ਦੇ ਸਮੇਂ ਵਿਚ ਆਪਣੇ ਭਰਾ ਪੌਲੁਸ ਦੀ ਮਦਦ ਕਰਨ ਦੀ ਬਜਾਇ ਉਸ ਨੇ ਪੌਲੁਸ ਨੂੰ “ਛੱਡ ਦਿੱਤਾ।”—ਫਿਲੇ. 23, 24; 2 ਤਿਮੋ. 4:10.

12. ਅੱਜ ਸਾਡੇ ਕੋਲ ਕੀ ਕਰਨ ਦਾ ਮੌਕਾ ਹੈ ਅਤੇ ਭਵਿੱਖ ਵਿਚ ਸਾਨੂੰ ਕੀ-ਕੀ ਕਰਨ ਦੇ ਮੌਕੇ ਮਿਲਣਗੇ?

12 ਜੇ ਅਸੀਂ ਆਪਣਾ ਜੋਸ਼ ਬਰਕਰਾਰ ਰੱਖਣਾ ਚਾਹੁੰਦੇ ਹਾਂ, ਤਾਂ ਸਾਨੂੰ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ ਦੀ ਇੱਛਾ ਨੂੰ ਦਬਾਉਣਾ ਪਵੇਗਾ। ਸਾਨੂੰ ‘ਅਸਲੀ ਜ਼ਿੰਦਗੀ ਨੂੰ ਘੁੱਟ ਕੇ ਫੜਨ’ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (1 ਤਿਮੋ. 6:18, 19) ਸਾਨੂੰ ਪੂਰਾ ਯਕੀਨ ਹੈ ਕਿ ਪਰਮੇਸ਼ੁਰ ਦੇ ਰਾਜ ਵਿਚ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਅਤੇ ਉਸ ਵੇਲੇ ਅਸੀਂ ਜ਼ਿੰਦਗੀ ਦਾ ਮਜ਼ਾ ਲੈਣ ਲਈ ਬਹੁਤ ਕੁਝ ਕਰ ਸਕਾਂਗੇ। ਪਰ ਹੁਣ ਸਾਡੇ ਕੋਲ ਮੌਕਾ ਹੈ ਕਿ ਅਸੀਂ ਲੋਕਾਂ ਦੀ ਆਰਮਾਗੇਡਨ ਤੋਂ ਬਚਣ ਵਿਚ ਮਦਦ ਕਰੀਏ। ਇਹ ਮੌਕਾ ਸਾਨੂੰ ਦੁਬਾਰਾ ਕਦੇ ਨਹੀਂ ਮਿਲੇਗਾ।

13. ਦੁਨੀਆਂ ਦੇ ਲੋਕਾਂ ਵਰਗੇ ਨਾ ਬਣਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

13 ਦੁਨੀਆਂ ਦੇ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਵਿਚ ਪਰਮੇਸ਼ੁਰ ਲਈ ਕੋਈ ਥਾਂ ਨਹੀਂ ਹੈ। ਤਾਂ ਫਿਰ ਅਸੀਂ ਉਨ੍ਹਾਂ ਵਰਗੇ ਬਣਨ ਤੋਂ ਕਿਵੇਂ ਬਚ ਸਕਦੇ ਹਾਂ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਕ ਸਮੇਂ ਤੇ ਅਸੀਂ ਵੀ ਦੁਨੀਆਂ ਦੇ ਲੋਕਾਂ ਵਾਂਗ ਸੌਂ ਰਹੇ ਸੀ ਯਾਨੀ ਅਸੀਂ ਉਨ੍ਹਾਂ ਵਾਂਗ ਹਨੇਰੇ ਵਿਚ ਸੀ। ਪਰ ਸਾਨੂੰ ਜਗਾਇਆ ਗਿਆ ਹੈ ਅਤੇ ਜਿਵੇਂ ਪੌਲੁਸ ਨੇ ਦੱਸਿਆ, ਮਸੀਹ ਦਾ ਚਾਨਣ ਸਾਡੇ ’ਤੇ ਚਮਕਿਆ ਹੈ। ਹੁਣ ਸਾਡੇ ਕੋਲ ਸਨਮਾਨ ਹੈ ਕਿ ਅਸੀਂ ਇਹ ਚਾਨਣ ਸਾਰੇ ਪਾਸੇ ਫੈਲਾਈਏ। (ਅਫ਼ਸੀਆਂ 5:14 ਪੜ੍ਹੋ।) ਇਹ ਗੱਲ ਕਹਿਣ ਤੋਂ ਬਾਅਦ ਪੌਲੁਸ ਨੇ ਲਿਖਿਆ: “ਤੁਸੀਂ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਮੂਰਖਾਂ ਵਾਂਗ ਨਹੀਂ, ਸਗੋਂ ਬੁੱਧੀਮਾਨ ਇਨਸਾਨਾਂ ਵਾਂਗ ਚੱਲਦੇ ਹੋ। ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ ਕਿਉਂਕਿ ਜ਼ਮਾਨਾ ਖ਼ਰਾਬ ਹੈ।” (ਅਫ਼. 5:15, 16) ਬੁਰੇ ਮਾਹੌਲ ਵਿਚ ਰਹਿੰਦੇ ਹੋਏ ਆਓ ਆਪਾਂ ‘ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤ ਕੇ’ ਉਹ ਕੰਮ ਕਰੀਏ ਜਿਨ੍ਹਾਂ ਕਰਕੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੋਵੇਗਾ।

ਅਸੀਂ ਅਹਿਮ ਸਮੇਂ ਵਿਚ ਜੀ ਰਹੇ ਹਾਂ

14-16. ਅੱਜ ਪ੍ਰਚਾਰ ਦਾ ਕੰਮ ਕਰਨਾ ਪਹਿਲਾਂ ਨਾਲੋਂ ਕਿਉਂ ਜ਼ਰੂਰੀ ਹੈ?

14 ਪ੍ਰਚਾਰ ਦਾ ਕੰਮ ਕਰਨਾ ਮਸੀਹੀਆਂ ਲਈ ਹਮੇਸ਼ਾ ਜ਼ਰੂਰੀ ਰਿਹਾ ਹੈ, ਪਰ ਅੱਜ ਇਹ ਕੰਮ ਕਰਨਾ ਜਿੰਨਾ ਜ਼ਰੂਰੀ ਹੈ, ਉੱਨਾ ਪਹਿਲਾਂ ਕਦੀ ਨਹੀਂ ਸੀ। ਪਰਮੇਸ਼ੁਰ ਦੇ ਬਚਨ ਵਿਚ ਅੰਤ ਦੇ ਦਿਨਾਂ ਦੀਆਂ ਜੋ ਨਿਸ਼ਾਨੀਆਂ ਦੱਸੀਆਂ ਗਈਆਂ ਹਨ, ਉਹ 1914 ਤੋਂ ਪੂਰੀਆਂ ਹੋ ਰਹੀਆਂ ਹਨ। (ਮੱਤੀ 24:3-51) ਦੁਨੀਆਂ ਦੇ ਤਬਾਹ ਹੋਣ ਦਾ ਪਹਿਲਾਂ ਕਦੀ ਇੰਨਾ ਖ਼ਤਰਾ ਨਹੀਂ ਸੀ। ਭਾਵੇਂ ਹਾਲ ਹੀ ਵਿਚ ਸ਼ਕਤੀਸ਼ਾਲੀ ਦੇਸ਼ਾਂ ਵਿਚ ਸ਼ਾਂਤੀ ਸਮਝੌਤੇ ਹੋਏ ਹਨ, ਫਿਰ ਵੀ ਅੱਜ ਉਨ੍ਹਾਂ ਕੋਲ ਲਗਭਗ 2,000 ਪ੍ਰਮਾਣੂ ਬੰਬ ਹਨ ਜਿਹੜੇ ਚਲਾਉਣ ਲਈ ਤਿਆਰ-ਬਰ-ਤਿਆਰ ਰੱਖੇ ਜਾਂਦੇ ਹਨ। ਸਰਕਾਰੀ ਰਿਪੋਰਟਾਂ ਮੁਤਾਬਕ ਪ੍ਰਮਾਣੂ ਸਾਮੱਗਰੀ ਦੇ “ਗੁੰਮ” ਹੋ ਜਾਣ ਦੇ ਕਈ ਸੌ ਕੇਸ ਪਤਾ ਲੱਗੇ ਹਨ। ਕੀ ਇਸ ਗੁੰਮ ਹੋਈ ਪ੍ਰਮਾਣੂ ਸਾਮੱਗਰੀ ਦੀ ਕੁਝ ਮਾਤਰਾ ਅੱਤਵਾਦੀਆਂ ਦੇ ਹੱਥਾਂ ਵਿਚ ਤਾਂ ਨਹੀਂ ਆ ਗਈ ਹੈ? ਮਾਹਰਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੁਆਰਾ ਸ਼ੁਰੂ ਕੀਤੇ ਗਏ ਪਰਮਾਣੂ ਯੁੱਧ ਵਿਚ ਮਨੁੱਖਜਾਤੀ ਦਾ ਝੱਟ ਨਾਮੋ-ਨਿਸ਼ਾਨ ਮਿਟ ਸਕਦਾ ਹੈ। ਪਰ ਸਿਰਫ਼ ਯੁੱਧਾਂ ਤੋਂ ਹੀ ਮਨੁੱਖਜਾਤੀ ਦੀ ਹੋਂਦ ਨੂੰ ਖ਼ਤਰਾ ਨਹੀਂ ਹੈ।

15 ਸੰਨ 2009 ਵਿਚ ਲੰਡਨ ਦੀ ਇਕ ਮੰਨੀ-ਪ੍ਰਮੰਨੀ ਯੂਨੀਵਰਸਿਟੀ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ “21ਵੀਂ ਸਦੀ ਵਿਚ ਧਰਤੀ ਦਾ ਤਾਪਮਾਨ ਵਧਣ ਕਰਕੇ ਵਾਤਾਵਰਣ ਵਿਚ ਆਈਆਂ ਤਬਦੀਲੀਆਂ ਦੁਨੀਆਂ ਭਰ ਦੇ ਲੋਕਾਂ ਦੀ ਸਿਹਤ ਲਈ ਸਭ ਤੋਂ ਵੱਡਾ ਖ਼ਤਰਾ ਹੈ।” ਇਸ ਵਿਚ ਅੱਗੇ ਕਿਹਾ ਗਿਆ: “ਆਉਣ ਵਾਲੇ ਸਾਲਾਂ ਵਿਚ ਇਨ੍ਹਾਂ ਤਬਦੀਲੀਆਂ ਦਾ ਦੁਨੀਆਂ ਦੇ ਜ਼ਿਆਦਾਤਰ ਲੋਕਾਂ ਦੀ ਸਿਹਤ ਉੱਤੇ ਮਾੜਾ ਅਸਰ ਪਵੇਗਾ ਅਤੇ ਅਰਬਾਂ ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਪੈ ਜਾਣਗੀਆਂ।” ਇਨ੍ਹਾਂ ਤਬਦੀਲੀਆਂ ਕਰਕੇ ਸਮੁੰਦਰਾਂ ਵਿਚ ਪਾਣੀ ਦਾ ਪੱਧਰ ਵਧਣ ਨਾਲ ਤਬਾਹੀ ਮਚੇਗੀ, ਹੜ੍ਹ ਆਉਣਗੇ, ਸੋਕੇ ਪੈਣਗੇ, ਬੀਮਾਰੀਆਂ ਫੈਲਣਗੀਆਂ, ਤੂਫ਼ਾਨ ਆਉਣਗੇ ਅਤੇ ਪਾਣੀ ਤੇ ਹੋਰ ਕੁਦਰਤੀ ਸੋਮਿਆਂ ਦੇ ਘਟਣ ਕਰਕੇ ਲੜਾਈਆਂ ਹੋਣਗੀਆਂ। ਜੀ ਹਾਂ, ਲੜਾਈਆਂ ਅਤੇ ਆਫ਼ਤਾਂ ਤੋਂ ਮਨੁੱਖਜਾਤੀ ਨੂੰ ਖ਼ਤਰਾ ਹੈ।

16 ਕੁਝ ਲੋਕ ਸੋਚਦੇ ਹਨ ਕਿ ਜੇ ਪ੍ਰਮਾਣੂ ਯੁੱਧ ਛਿੜ ਗਿਆ, ਤਾਂ ਉਸ ਕਰਕੇ ਜੋ ਵੀ ਹੋਵੇਗਾ ਉਸ ਨਾਲ ਆਖ਼ਰੀ ਦਿਨਾਂ ਦੀਆਂ “ਨਿਸ਼ਾਨੀਆਂ” ਪੂਰੀਆਂ ਹੋਣਗੀਆਂ। ਪਰ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਕਿ ਇਹ ਨਿਸ਼ਾਨੀਆਂ ਤਾਂ ਕਈ ਸਾਲਾਂ ਤੋਂ ਪੂਰੀਆਂ ਹੋ ਰਹੀਆਂ ਹਨ ਅਤੇ ਇਨ੍ਹਾਂ ਦੇ ਪੂਰਾ ਹੋਣ ਨਾਲ ਪਤਾ ਲੱਗਦਾ ਹੈ ਕਿ ਯਿਸੂ ਦੀ ਮੌਜੂਦਗੀ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੁਨੀਆਂ ਦਾ ਅੰਤ ਤੇਜ਼ੀ ਨਾਲ ਨੇੜੇ ਆਉਂਦਾ ਜਾ ਰਿਹਾ ਹੈ। (ਮੱਤੀ 24:3) ਇਹ ਨਿਸ਼ਾਨੀਆਂ ਜਿੰਨੀਆਂ ਅੱਜ ਸਾਫ਼ ਦਿਖਾਈ ਦੇ ਰਹੀਆਂ ਹਨ, ਪਹਿਲਾਂ ਕਦੇ ਦਿਖਾਈ ਨਹੀਂ ਦਿੱਤੀਆਂ। ਹੁਣ ਲੋਕਾਂ ਨੂੰ ਨੀਂਦ ਤੋਂ ਜਗਾਉਣ ਦਾ ਸਮਾਂ ਹੈ ਅਤੇ ਅਸੀਂ ਪ੍ਰਚਾਰ ਕਰ ਕੇ ਇਸ ਤਰ੍ਹਾਂ ਕਰ ਸਕਦੇ ਹਾਂ।

17, 18. (ੳ) ਅੱਜ ਅਸੀਂ ‘ਜਿਸ ਸਮੇਂ ਵਿਚ ਜੀ ਰਹੇ ਹਾਂ,’ ਉਸ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? (ਅ) ਕਿਹੜੀਆਂ ਗੱਲਾਂ ਕਰਕੇ ਲੋਕ ਸ਼ਾਇਦ ਰਾਜ ਦੇ ਸੰਦੇਸ਼ ਵੱਲ ਧਿਆਨ ਦੇਣ ਲੱਗ ਪੈਣ?

17 ਸਾਡੇ ਕੋਲ ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਦੇਣ ਅਤੇ ਪ੍ਰਚਾਰ ਦਾ ਕੰਮ ਖ਼ਤਮ ਕਰਨ ਲਈ ਬਹੁਤ ਥੋੜ੍ਹਾ ਸਮਾਂ ਹੈ। ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਜੋ ਕਿਹਾ ਸੀ, ਉਸ ਵੱਲ ਸਾਨੂੰ ਅੱਜ ਹੋਰ ਵੀ ਧਿਆਨ ਦੇਣਾ ਚਾਹੀਦਾ ਹੈ: “ਤੁਸੀਂ ਜਾਣਦੇ ਹੋ ਕਿ ਤੁਸੀਂ ਕਿਹੋ ਜਿਹੇ ਸਮੇਂ ਵਿਚ ਜੀ ਰਹੇ ਹੋ। ਹੁਣ ਨੀਂਦ ਤੋਂ ਜਾਗਣ ਦਾ ਵੇਲਾ ਹੋ ਗਿਆ ਹੈ ਕਿਉਂਕਿ ਸਾਡੀ ਮੁਕਤੀ ਉਸ ਸਮੇਂ ਨਾਲੋਂ ਹੋਰ ਵੀ ਨੇੜੇ ਆ ਗਈ ਹੈ ਜਦੋਂ ਅਸੀਂ ਨਿਹਚਾ ਕਰਨੀ ਸ਼ੁਰੂ ਕੀਤੀ ਸੀ।”—ਰੋਮੀ. 13:11.

18 ਅੰਤ ਦੇ ਦਿਨਾਂ ਵਿਚ ਜਿਨ੍ਹਾਂ ਘਟਨਾਵਾਂ ਦੇ ਵਾਪਰਨ ਦੀ ਭਵਿੱਖਬਾਣੀ ਕੀਤੀ ਗਈ ਸੀ, ਉਨ੍ਹਾਂ ਕਰਕੇ ਕੁਝ ਲੋਕਾਂ ਦੇ ਦਿਲਾਂ ਵਿਚ ਪਰਮੇਸ਼ੁਰੀ ਗੱਲਾਂ ਲਈ ਦਿਲਚਸਪੀ ਪੈਦਾ ਹੋ ਜਾਵੇ। ਦੂਸਰੇ ਲੋਕਾਂ ਨੂੰ ਉਦੋਂ ਇਹ ਅਹਿਸਾਸ ਹੋ ਸਕਦਾ ਹੈ ਕਿ ਮਨੁੱਖਜਾਤੀ ਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਹੈ ਜਦੋਂ ਉਹ ਸੋਚਣਗੇ ਕਿ ਇਨਸਾਨੀ ਸਰਕਾਰਾਂ ਆਰਥਿਕ ਮੰਦੀ, ਪ੍ਰਮਾਣੂ ਬੰਬਾਂ ਦੇ ਖ਼ਤਰੇ, ਹਿੰਸਾ, ਅਪਰਾਧ ਅਤੇ ਵਾਤਾਵਰਣ ਨਾਲ ਸੰਬੰਧੀ ਸਮੱਸਿਆਵਾਂ ਨਾਲ ਨਜਿੱਠਣ ਵਿਚ ਨਾਕਾਮਯਾਬ ਸਾਬਤ ਹੋ ਰਹੀਆਂ ਹਨ। ਕਈ ਸ਼ਾਇਦ ਇਸ ਕਰਕੇ ਪਰਮੇਸ਼ੁਰੀ ਗੱਲਾਂ ਵਿਚ ਦਿਲਚਸਪੀ ਲੈਣ ਲੱਗ ਪੈਣ ਜੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਗੰਭੀਰ ਰੂਪ ਵਿਚ ਬੀਮਾਰ ਹੋ ਜਾਂਦਾ ਹੈ ਜਾਂ ਕਿਸੇ ਦਾ ਤਲਾਕ ਹੋ ਜਾਂਦਾ ਹੈ ਜਾਂ ਫਿਰ ਕਿਸੇ ਮੈਂਬਰ ਦੀ ਮੌਤ ਹੋ ਜਾਂਦੀ ਹੈ। ਪ੍ਰਚਾਰ ਦੇ ਜ਼ਰੀਏ ਅਸੀਂ ਇਨ੍ਹਾਂ ਲੋਕਾਂ ਦੀ ਮਦਦ ਕਰ ਸਕਦੇ ਹਾਂ।

ਜ਼ਿੰਦਗੀ ਵਿਚ ਤਬਦੀਲੀਆਂ

19, 20. ਪ੍ਰਚਾਰ ਕਰਨ ਦੀ ਅਹਿਮੀਅਤ ਨੂੰ ਸਮਝ ਕੇ ਬਹੁਤ ਸਾਰੇ ਮਸੀਹੀਆਂ ਨੇ ਆਪਣੀਆਂ ਜ਼ਿੰਦਗੀਆਂ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਹਨ?

19 ਬਹੁਤ ਸਾਰੇ ਮਸੀਹੀ ਪ੍ਰਚਾਰ ਕਰਨ ਦੀ ਅਹਿਮੀਅਤ ਨੂੰ ਯਾਦ ਰੱਖ ਕੇ ਇਸ ਕੰਮ ਵਿਚ ਹੋਰ ਜ਼ਿਆਦਾ ਹਿੱਸਾ ਲੈਣ ਲੱਗ ਪਏ ਹਨ। ਮਿਸਾਲ ਲਈ, ਇਕਵੇਡਾਰ ਵਿਚ ਇਕ ਨੌਜਵਾਨ ਜੋੜੇ ਨੇ 2006 ਵਿਚ ਖ਼ਾਸ ਸੰਮੇਲਨ ਦਿਨ “ਆਪਣੀ ਅੱਖ ਇਕ ਨਿਸ਼ਾਨੇ ’ਤੇ ਟਿਕਾਈ ਰੱਖੋ” ਦਾ ਪ੍ਰੋਗ੍ਰਾਮ ਸੁਣ ਕੇ ਆਪਣੀ ਜ਼ਿੰਦਗੀ ਸਾਦੀ ਬਣਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਬੇਲੋੜੀਆਂ ਚੀਜ਼ਾਂ ਦੀ ਲਿਸਟ ਬਣਾਈ ਅਤੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਆਪਣਾ ਤਿੰਨ ਬੈੱਡਰੂਮ ਵਾਲਾ ਫਲੈਟ ਛੱਡ ਕੇ ਇਕ ਬੈੱਡਰੂਮ ਵਾਲੇ ਫਲੈਟ ਵਿਚ ਰਹਿਣ ਲੱਗ ਪਏ। ਉਨ੍ਹਾਂ ਨੇ ਆਪਣੀਆਂ ਕੁਝ ਚੀਜ਼ਾਂ ਵੇਚ ਦਿੱਤੀਆਂ ਅਤੇ ਸਾਰੇ ਕਰਜ਼ੇ ਚੁਕਤਾ ਕਰ ਦਿੱਤੇ। ਇਸ ਤੋਂ ਜਲਦੀ ਬਾਅਦ ਉਨ੍ਹਾਂ ਨੇ ਔਗਜ਼ੀਲਰੀ ਪਾਇਨੀਅਰਿੰਗ ਸ਼ੁਰੂ ਕਰ ਦਿੱਤੀ। ਫਿਰ ਉਹ ਸਰਕਟ ਨਿਗਾਹਬਾਨ ਦਾ ਸੁਝਾਅ ਮੰਨ ਕੇ ਉਸ ਮੰਡਲੀ ਵਿਚ ਚਲੇ ਗਏ ਜਿੱਥੇ ਜ਼ਿਆਦਾ ਲੋੜ ਸੀ।

20 ਅਮਰੀਕਾ ਵਿਚ ਰਹਿਣ ਵਾਲੇ ਇਕ ਭਰਾ ਨੇ ਲਿਖਿਆ: “ਜਦੋਂ ਮੈਂ ਤੇ ਮੇਰੀ ਪਤਨੀ 2006 ਵਿਚ ਇਕ ਅਸੈਂਬਲੀ ਵਿਚ ਗਏ ਸੀ, ਤਾਂ ਉਦੋਂ ਸਾਨੂੰ ਬਪਤਿਸਮਾ ਲਿਆਂ ਨੂੰ 30 ਸਾਲ ਹੋ ਗਏ ਸਨ। ਅਸੈਂਬਲੀ ਤੋਂ ਬਾਅਦ ਕਾਰ ਵਿਚ ਵਾਪਸ ਆਉਂਦੇ ਹੋਏ ਅਸੀਂ ਗੱਲ ਕਰਨ ਲੱਗ ਪਏ ਕਿ ਅਸੀਂ ਆਪਣੀ ਜ਼ਿੰਦਗੀ ਸਾਦੀ ਰੱਖਣ ਦੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ। (ਮੱਤੀ 6:19-22) ਸਾਡੇ ਕੋਲ ਤਿੰਨ ਘਰ, ਜ਼ਮੀਨ, ਮਹਿੰਗੀਆਂ ਕਾਰਾਂ, ਇਕ ਮਹਿੰਗੀ ਕਿਸ਼ਤੀ ਤੇ ਹੋਰ ਬਹੁਤ ਕੁਝ ਸੀ। ਅਸੀਂ ਮਹਿਸੂਸ ਕੀਤਾ ਕਿ ਦੂਸਰੇ ਮਸੀਹੀ ਸ਼ਾਇਦ ਸਾਨੂੰ ਬੇਵਕੂਫ਼ ਸਮਝਦੇ ਹੋਣਗੇ ਕਿਉਂਕਿ ਅਸੀਂ ਧਨ-ਦੌਲਤ ਇਕੱਠੀ ਕਰਨ ਵਿਚ ਲੱਗੇ ਰਹੇ। ਇਸ ਲਈ ਅਸੀਂ ਪਾਇਨੀਅਰਿੰਗ ਕਰਨ ਦਾ ਟੀਚਾ ਰੱਖਿਆ। 2008 ਵਿਚ ਅਸੀਂ ਆਪਣੀ ਕੁੜੀ ਨਾਲ ਰਲ਼ ਕੇ ਰੈਗੂਲਰ ਪਾਇਨੀਅਰਿੰਗ ਕਰਨ ਲੱਗ ਪਏ। ਭੈਣਾਂ-ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਨਾਲ ਕਿੰਨੀ ਖ਼ੁਸ਼ੀ ਮਿਲਦੀ ਹੈ! ਅਸੀਂ ਉੱਥੇ ਜਾ ਕੇ ਵੀ ਸੇਵਾ ਕਰ ਸਕੇ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਅਤੇ ਯਹੋਵਾਹ ਲਈ ਜ਼ਿਆਦਾ ਕੰਮ ਕਰਨ ਕਰਕੇ ਅਸੀਂ ਉਸ ਦੇ ਹੋਰ ਨੇੜੇ ਹੋਏ ਹਾਂ। ਸਾਨੂੰ ਖ਼ਾਸ ਕਰਕੇ ਲੋਕਾਂ ਦੀਆਂ ਅੱਖਾਂ ਵਿਚ ਚਮਕ ਦੇਖ ਕੇ ਖ਼ੁਸ਼ੀ ਮਿਲਦੀ ਹੈ ਜਦੋਂ ਉਹ ਪਰਮੇਸ਼ੁਰ ਦੇ ਬਚਨ ਵਿਚ ਦੱਸੀਆਂ ਸੱਚਾਈ ਦੀਆਂ ਗੱਲਾਂ ਸੁਣਦੇ ਅਤੇ ਸਮਝਦੇ ਹਨ।”

21. ਕਿਸ ਚੀਜ਼ ਦਾ ਗਿਆਨ ਸਾਨੂੰ ਪ੍ਰਚਾਰ ਕਰਨ ਦੀ ਪ੍ਰੇਰਣਾ ਦਿੰਦਾ ਹੈ?

21 ਅਸੀਂ ਜਾਣਦੇ ਹਾਂ ਕਿ ਜਲਦੀ ਹੀ ‘ਦੁਸ਼ਟ ਲੋਕਾਂ ਦੇ ਨਿਆਂ ਅਤੇ ਵਿਨਾਸ਼ ਦਾ ਦਿਨ’ ਆ ਰਿਹਾ ਹੈ। (2 ਪਤ. 3:7) ਪਰਮੇਸ਼ੁਰ ਦੇ ਬਚਨ ਦਾ ਗਿਆਨ ਲੈ ਕੇ ਸਾਨੂੰ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਆ ਰਹੇ ਮਹਾਂਕਸ਼ਟ ਅਤੇ ਇਸ ਤੋਂ ਬਾਅਦ ਆ ਰਹੀ ਨਵੀਂ ਦੁਨੀਆਂ ਬਾਰੇ ਜੋਸ਼ ਨਾਲ ਪ੍ਰਚਾਰ ਕਰੀਏ। ਅਸੀਂ ਲੋਕਾਂ ਨੂੰ ਸੱਚੀ ਉਮੀਦ ਦੇਣ ਦੀ ਲੋੜ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਇਸ ਜ਼ਰੂਰੀ ਕੰਮ ਵਿਚ ਪੂਰਾ ਹਿੱਸਾ ਲੈ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਅਤੇ ਇਨਸਾਨਾਂ ਨੂੰ ਸੱਚਾ ਪਿਆਰ ਕਰਦੇ ਹਾਂ।

[ਸਵਾਲ]