Skip to content

Skip to table of contents

ਤੁਸੀਂ ਸਲਾਹ ਕਿਵੇਂ ਦਿੰਦੇ ਹੋ?

ਤੁਸੀਂ ਸਲਾਹ ਕਿਵੇਂ ਦਿੰਦੇ ਹੋ?

ਤੁਸੀਂ ਸਲਾਹ ਕਿਵੇਂ ਦਿੰਦੇ ਹੋ?

ਕੀ ਤੁਹਾਡੇ ਤੋਂ ਕਦੇ ਕਿਸੇ ਨੇ ਸਲਾਹ ਮੰਗੀ ਹੈ? ਮਿਸਾਲ ਲਈ, ਕੀ ਤੁਹਾਨੂੰ ਕਦੇ ਕਿਸੇ ਨੇ ਇਹੋ ਜਿਹੇ ਸਵਾਲ ਪੁੱਛੇ ਹਨ: ‘ਮੈਨੂੰ ਕੀ ਕਰਨਾ ਚਾਹੀਦਾ ਹੈ? ਕੀ ਮੈਂ ਇਸ ਪਾਰਟੀ ’ਤੇ ਜਾਵਾਂ? ਕੀ ਮੈਂ ਇਹ ਨੌਕਰੀ ਕਰਾਂ? ਕੀ ਮੈਂ ਇਸ ਵਿਅਕਤੀ ਨਾਲ ਵਿਆਹ ਕਰਾ ਲਵਾਂ?’

ਕੁਝ ਲੋਕ ਸ਼ਾਇਦ ਕੋਈ ਫ਼ੈਸਲਾ ਕਰਨ ਵੇਲੇ ਤੁਹਾਡੀ ਮਦਦ ਚਾਹੁਣ। ਇਹ ਫ਼ੈਸਲਾ ਦੋਸਤਾਂ, ਪਰਿਵਾਰ ਜਾਂ ਯਹੋਵਾਹ ਨਾਲ ਉਨ੍ਹਾਂ ਦੇ ਰਿਸ਼ਤੇ ’ਤੇ ਅਸਰ ਪਾ ਸਕਦਾ ਹੈ। ਤੁਸੀਂ ਕਿਸ ਆਧਾਰ ’ਤੇ ਸਲਾਹ ਦਿਓਗੇ? ਤੁਸੀਂ ਕੀ ਕਰਦੇ ਹੋ ਜਦ ਦੂਸਰੇ ਤੁਹਾਡੀ ਸਲਾਹ ਮੰਗਦੇ ਹਨ? ਚਾਹੇ ਗੱਲ ਵੱਡੀ ਹੋਵੇ ਜਾਂ ਛੋਟੀ, ਪਰ ਕਹਾਉਤਾਂ 15:28 ਵਿਚ ਲਿਖਿਆ ਹੈ ਕਿ “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।” ਆਓ ਆਪਾਂ ਬਾਈਬਲ ਵਿਚ ਪੰਜ ਅਸੂਲ ਦੇਖੀਏ ਜੋ ਸਲਾਹ ਦੇਣ ਵਿਚ ਸਾਡੀ ਮਦਦ ਕਰ ਸਕਦੇ ਹਨ।

1 ਪੂਰੀ ਜਾਣਕਾਰੀ ਲਓ।

“ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ,—ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ।”​—ਕਹਾ. 18:13.

ਚੰਗੀ ਸਲਾਹ ਦੇਣ ਲਈ ਸਾਨੂੰ ਸਲਾਹ ਮੰਗਣ ਵਾਲੇ ਦੇ ਹਾਲਾਤਾਂ ਤੇ ਵਿਚਾਰਾਂ ਨੂੰ ਸਮਝਣ ਦੀ ਲੋੜ ਹੈ। ਜ਼ਰਾ ਇਸ ਮਿਸਾਲ ਬਾਰੇ ਸੋਚੋ: ਜੇ ਕੋਈ ਤੁਹਾਨੂੰ ਫ਼ੋਨ ਕਰ ਕੇ ਪੁੱਛੇ ਕਿ ਉਹ ਤੁਹਾਡੇ ਘਰ ਕਿੱਦਾਂ ਪਹੁੰਚ ਸਕਦਾ ਹੈ, ਤਾਂ ਇਸ ਦਾ ਜਵਾਬ ਦੇਣ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿੱਥੇ ਹੈ। ਇਸੇ ਤਰ੍ਹਾਂ ਕਿਸੇ ਨੂੰ ਸਹੀ ਸਲਾਹ ਦੇਣ ਤੋਂ ਪਹਿਲਾਂ ਤੁਹਾਨੂੰ ਪਤਾ ਕਰਨ ਦੀ ਲੋੜ ਹੈ ਕਿ ਉਸ ਦੇ ਹਾਲਾਤ ਕੀ ਹਨ ਤੇ ਉਹ ਕੀ ਸੋਚਦਾ ਹੈ। ਕੀ ਪਤਾ ਅਜਿਹੀ ਕੋਈ ਗੱਲ ਹੋਵੇ ਜੋ ਤੁਹਾਡੀ ਸਲਾਹ ’ਤੇ ਅਸਰ ਪਾਵੇ। ਜੇ ਤੁਹਾਨੂੰ ਉਸ ਦੇ ਹਾਲਾਤਾਂ ਦੀ ਪੂਰੀ ਜਾਣਕਾਰੀ ਨਹੀਂ ਹੈ, ਤਾਂ ਤੁਸੀਂ ਸ਼ਾਇਦ ਉਸ ਨੂੰ ਗ਼ਲਤ ਸਲਾਹ ਦੇ ਬੈਠੋ।​—ਲੂਕਾ 6:39.

ਪਤਾ ਕਰੋ ਕਿ ਉਸ ਨੇ ਕਿੰਨੀ ਕੁ ਰਿਸਰਚ ਕੀਤੀ ਹੈ। ਬੁੱਧੀਮਤਾ ਦੀ ਗੱਲ ਹੋਵੇਗੀ ਜੇ ਤੁਸੀਂ ਸਲਾਹ ਮੰਗਣ ਵਾਲੇ ਤੋਂ ਅਜਿਹੇ ਸਵਾਲ ਪੁੱਛੋ: “ਤੁਹਾਡੇ ਖ਼ਿਆਲ ਵਿਚ ਬਾਈਬਲ ਦੇ ਕਿਹੜੇ ਅਸੂਲ ਲਾਗੂ ਹੁੰਦੇ ਹਨ?” “ਤੁਹਾਨੂੰ ਕੀ ਲੱਗਦਾ ਕਿ ਜੋ ਤੁਸੀਂ ਫ਼ੈਸਲਾ ਕਰਨਾ ਹੈ, ਉਸ ਦੇ ਕਿਹੜੇ ਫ਼ਾਇਦੇ ਤੇ ਕਿਹੜੇ ਨੁਕਸਾਨ ਹੋ ਸਕਦੇ ਹਨ?” “ਤੁਸੀਂ ਇਸ ਬਾਰੇ ਕਿੰਨੀ ਕੁ ਰਿਸਰਚ ਕੀਤੀ ਹੈ?” “ਦੂਸਰਿਆਂ ਨੇ ਜਿਵੇਂ ਕਿ ਬਜ਼ੁਰਗਾਂ ਨੇ, ਮਾਪਿਆਂ ਨੇ ਜਾਂ ਬਾਈਬਲ ਸਟੱਡੀ ਕੰਡਕਟਰ ਨੇ ਤੁਹਾਨੂੰ ਕਿਹੜੀ ਸਲਾਹ ਦਿੱਤੀ ਹੈ?”

ਇਨ੍ਹਾਂ ਸਵਾਲਾਂ ਦੇ ਜਵਾਬਾਂ ਤੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਸਲਾਹ ਮੰਗਣ ਵਾਲੇ ਨੇ ਜਵਾਬ ਲੱਭਣ ਦੀ ਕਿੰਨੀ ਕੁ ਕੋਸ਼ਿਸ਼ ਕੀਤੀ ਹੈ। ਨਾਲੇ ਅਸੀਂ ਇਹ ਵੀ ਧਿਆਨ ਵਿਚ ਰੱਖਾਂਗੇ ਕਿ ਦੂਸਰਿਆਂ ਨੇ ਉਸ ਨੂੰ ਕੀ ਸਲਾਹ ਦਿੱਤੀ ਹੈ। ਇਸ ਤੋਂ ਸਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਉਹ ਸ਼ਾਇਦ ‘ਉਹੀ ਸੁਣਨਾ ਚਾਹੁੰਦਾ’ ਹੈ ਜੋ ਉਸ ਨੂੰ ਪਸੰਦ ਹੈ।​—2 ਤਿਮੋ. 4:3.

2 ਜਲਦਬਾਜ਼ੀ ਵਿਚ ਜਵਾਬ ਨਾ ਦਿਓ।

“ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ।”​—ਯਾਕੂ. 1:19.

ਅਸੀਂ ਸ਼ਾਇਦ ਕਿਸੇ ਦਾ ਭਲਾ ਚਾਹੁੰਦੇ ਹੋਏ ਫਟਾਫਟ ਸਲਾਹ ਦੇ ਦੇਈਏ। ਪਰ ਕੀ ਇਹ ਬੁੱਧੀਮਤਾ ਦੀ ਗੱਲ ਹੋਵੇਗੀ, ਖ਼ਾਸ ਕਰਕੇ ਉਦੋਂ ਜਦੋਂ ਅਸੀਂ ਚੰਗੀ ਤਰ੍ਹਾਂ ਰਿਸਰਚ ਨਾ ਕੀਤੀ ਹੋਵੇ? ਕਹਾਉਤਾਂ 29:20 ਵਿਚ ਲਿਖਿਆ ਹੈ: “ਕੀ ਤੂੰ ਕੋਈ ਮਨੁੱਖ ਵੇਖਦਾ ਹੈਂ ਜੋ ਬੋਲਣ ਵਿੱਚ ਕਾਹਲ ਕਰਦਾ ਹੈ? ਉਹ ਦੇ ਨਾਲੋਂ ਮੂਰਖ ਤੋਂ ਬਾਹਲੀ ਆਸ ਹੈ।”

ਸਲਾਹ ਦੇਣ ਤੋਂ ਪਹਿਲਾਂ ਸੋਚੋ ਕਿ ਜੋ ਸਲਾਹ ਤੁਸੀਂ ਦੇਣ ਵਾਲੇ ਹੋ, ਉਹ ਪਰਮੇਸ਼ੁਰ ਦੀ ਬੁੱਧ ਦੇ ਅਨੁਸਾਰ ਹੈ ਜਾਂ ਨਹੀਂ। ਆਪਣੇ ਆਪ ਤੋਂ ਪੁੱਛੋ: ‘ਕੀ ਮੇਰੀ ਸੋਚ ਉੱਤੇ “ਦੁਨੀਆਂ ਦੀ ਸੋਚ” ਦਾ ਅਸਰ ਤਾਂ ਨਹੀਂ ਹੋ ਗਿਆ?’ (1 ਕੁਰਿੰ. 2:12, 13) ਇਹ ਵੀ ਯਾਦ ਰੱਖੋ ਕਿ ਭਾਵੇਂ ਤੁਹਾਡਾ ਇਰਾਦਾ ਚੰਗਾ ਹੋਵੇ, ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡੀ ਸਲਾਹ ਸਹੀ ਹੀ ਹੋਵੇਗੀ। ਪਤਰਸ ਰਸੂਲ ਬਾਰੇ ਸੋਚੋ। ਜਦ ਉਸ ਨੂੰ ਪਤਾ ਲੱਗਾ ਕਿ ਯਿਸੂ ਨੂੰ ਕਿੰਨੀਆਂ ਮੁਸ਼ਕਲਾਂ ਸਹਿਣੀਆਂ ਪੈਣੀਆਂ ਸਨ, ਤਾਂ ਉਸ ਨੇ ਯਿਸੂ ਨੂੰ ਸਲਾਹ ਦਿੱਤੀ: “ਪ੍ਰਭੂ, ਆਪਣੇ ’ਤੇ ਤਰਸ ਖਾ, ਤੇਰੇ ਨਾਲ ਇੱਦਾਂ ਨਹੀਂ ਹੋਵੇਗਾ।” ਪਤਰਸ ਵਾਂਗ ਜੇ ਅਸੀਂ ਧਿਆਨ ਨਾ ਰੱਖੀਏ, ਤਾਂ ਅਸੀਂ ਵੀ ‘ਪਰਮੇਸ਼ੁਰ ਵਾਂਗ ਨਹੀਂ, ਸਗੋਂ ਇਨਸਾਨਾਂ ਵਾਂਗ ਸੋਚ’ ਸਕਦੇ ਹਾਂ। (ਮੱਤੀ 16:21-23) ਕਿੰਨਾ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਤੋਲੀਏ ਫਿਰ ਬੋਲੀਏ! ਪਰਮੇਸ਼ੁਰ ਦੀ ਤੁਲਨਾ ਵਿਚ ਸਾਡੀ ਬੁੱਧ ਤਾਂ ਕੁਝ ਵੀ ਨਹੀਂ ਹੈ।—ਅੱਯੂ. 38:1-4; ਕਹਾ. 11:2.

3 ਨਿਮਰਤਾ ਨਾਲ ਬਾਈਬਲ ਵਿੱਚੋਂ ਸਲਾਹ ਦਿਓ।

“ਮੈਂ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰਦਾ; ਪਰ ਜੋ ਸਿੱਖਿਆ ਮੇਰੇ ਪਿਤਾ ਨੇ ਮੈਨੂੰ ਦਿੱਤੀ ਹੈ, ਉਹੀ ਸਿੱਖਿਆ ਮੈਂ ਦਿੰਦਾ ਹਾਂ।”​—ਯੂਹੰ. 8:28.

ਕੀ ਤੁਸੀਂ ਸਲਾਹ ਦਿੰਦਿਆਂ ਇਹ ਕਹੋਗੇ, “ਜੇ ਮੈਂ ਤੇਰੀ ਜਗ੍ਹਾ ਹੁੰਦਾ, ਤਾਂ ਮੈਂ . . .”? ਭਾਵੇਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਵਾਲ ਦਾ ਜਵਾਬ ਜਾਣਦੇ ਹੋ, ਪਰ ਤੁਸੀਂ ਯਿਸੂ ਦੀ ਨਿਮਰਤਾ ਅਤੇ ਹਲੀਮੀ ਤੋਂ ਸਿੱਖ ਸਕਦੇ ਹੋ। ਭਾਵੇਂ ਯਿਸੂ ਕੋਲ ਹੋਰ ਕਿਸੇ ਵੀ ਇਨਸਾਨ ਨਾਲੋਂ ਕਿਤੇ ਜ਼ਿਆਦਾ ਬੁੱਧ ਤੇ ਤਜਰਬਾ ਸੀ, ਫਿਰ ਵੀ ਉਸ ਨੇ ਕਿਹਾ: “ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿੰਦਾ, ਪਰ ਪਿਤਾ ਨੇ . . . ਆਪ ਮੈਨੂੰ ਹੁਕਮ ਦਿੱਤਾ ਹੈ ਕਿ ਮੈਂ ਕੀ-ਕੀ ਦੱਸਣਾ ਹੈ ਤੇ ਕੀ-ਕੀ ਸਿਖਾਉਣਾ ਹੈ।” (ਯੂਹੰ. 12:49, 50) ਯਿਸੂ ਆਪਣੇ ਪਿਤਾ ਯਹੋਵਾਹ ਦੀ ਮਰਜ਼ੀ ਮੁਤਾਬਕ ਹੀ ਸਲਾਹ ਅਤੇ ਸਿੱਖਿਆ ਦਿੰਦਾ ਸੀ।

ਮਿਸਾਲ ਲਈ, ਅਸੀਂ ਲੂਕਾ 22:49 ਵਿਚ ਪੜ੍ਹਦੇ ਹਾਂ ਕਿ ਯਿਸੂ ਦੇ ਗਿਰਫ਼ਤਾਰ ਹੋਣ ਵੇਲੇ ਉਸ ਦੇ ਚੇਲਿਆਂ ਨੇ ਉਸ ਤੋਂ ਪੁੱਛਿਆ, ‘ਕੀ ਅਸੀਂ ਲੜੀਏ?’ ਇਕ ਨੇ ਤਾਂ ਤਲਵਾਰ ਵੀ ਚਲਾਈ। ਧਿਆਨ ਦਿਓ ਕਿ ਇਸੇ ਘਟਨਾ ਬਾਰੇ ਮੱਤੀ 26:52-54 ਵਿਚ ਅਸੀਂ ਪੜ੍ਹ ਸਕਦੇ ਹਾਂ ਕਿ ਇਨ੍ਹਾਂ ਹਾਲਾਤਾਂ ਵਿਚ ਵੀ ਯਿਸੂ ਨੇ ਧੀਰਜ ਨਾਲ ਆਪਣੇ ਚੇਲਿਆਂ ਨੂੰ ਸਮਝਾਇਆ ਕਿ ਯਹੋਵਾਹ ਦੀ ਮਰਜ਼ੀ ਕੀ ਸੀ। ਉਹ ਉਤਪਤ 9:6 ਵਿਚ ਪਾਏ ਜਾਂਦੇ ਅਸੂਲਾਂ ਤੋਂ ਇਲਾਵਾ ਜ਼ਬੂਰ 22 ਅਤੇ ਯਸਾਯਾਹ 53 ਦੀਆਂ ਭਵਿੱਖਬਾਣੀਆਂ ਵੀ ਜਾਣਦਾ ਸੀ। ਇਸੇ ਕਰਕੇ ਉਹ ਸਹੀ ਸਲਾਹ ਦੇ ਸਕਿਆ ਜਿਸ ਨੇ ਨਾ ਸਿਰਫ਼ ਯਹੋਵਾਹ ਨੂੰ ਖ਼ੁਸ਼ ਕੀਤਾ, ਪਰ ਉਸ ਵੇਲੇ ਲੋਕਾਂ ਦੀਆਂ ਜਾਨਾਂ ਵੀ ਬਚਾਈਆਂ।

4 ਪ੍ਰਕਾਸ਼ਨ ਦੇਖੋ।

“ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ ਜਿਸ ਨੂੰ ਉਸ ਦੇ ਮਾਲਕ ਨੇ ਆਪਣੇ ਸਾਰੇ ਨੌਕਰਾਂ-ਚਾਕਰਾਂ ਦਾ ਮੁਖਤਿਆਰ ਬਣਾਇਆ ਹੈ ਤਾਂਕਿ ਉਹ ਉਨ੍ਹਾਂ ਨੂੰ ਸਹੀ ਸਮੇਂ ਤੇ ਭੋਜਨ ਦੇਵੇ?”​—ਮੱਤੀ 24:45.

ਯਿਸੂ ਨੇ ਇਕ ਵਫ਼ਾਦਾਰ ਨੌਕਰ ਨੂੰ ਚੁਣਿਆ ਹੈ ਜੋ ਸਾਨੂੰ ਭੋਜਨ ਯਾਨੀ ਪਰਮੇਸ਼ੁਰ ਦਾ ਗਿਆਨ ਦਿੰਦਾ ਹੈ। ਜਦ ਤੁਸੀਂ ਕਿਸੇ ਜ਼ਰੂਰੀ ਵਿਸ਼ੇ ’ਤੇ ਦੂਸਰਿਆਂ ਨੂੰ ਸਲਾਹ ਦਿੰਦੇ ਹੋ, ਤਾਂ ਕੀ ਤੁਸੀਂ ਸਮਾਂ ਕੱਢ ਕੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿੱਚੋਂ ਚੰਗੀ ਤਰ੍ਹਾਂ ਰਿਸਰਚ ਕਰਦੇ ਹੋ?

ਹਰ ਸਾਲ ਦੇ ਅਖ਼ੀਰਲੇ ਪਹਿਰਾਬੁਰਜ ਰਸਾਲੇ ਦੇ ਆਖ਼ਰੀ ਸਫ਼ੇ ’ਤੇ ਵਿਸ਼ਾ ਇੰਡੈਕਸ ਵਿਚ ਬਹੁਤ ਸਾਰੇ ਵਿਸ਼ਿਆਂ ’ਤੇ ਲੇਖ ਦਿੱਤੇ ਜਾਂਦੇ ਹਨ ਜੋ ਸਲਾਹ ਲੱਭਣ ਵਾਲਿਆਂ ਦੀ ਮਦਦ ਕਰ ਸਕਦੇ ਹਨ। ਤੁਸੀਂ ਕਿਸੇ ਭਰਾ ਜਾਂ ਭੈਣ ਨੂੰ ਵੀ ਅੰਗ੍ਰੇਜ਼ੀ ਦੀ ਵਾਚਟਾਵਰ ਲਾਇਬ੍ਰੇਰੀ * ਵਿੱਚੋਂ ਫ਼ਾਇਦੇਮੰਦ ਜਾਣਕਾਰੀ ਲੱਭਣ ਲਈ ਕਹਿ ਸਕਦੇ ਹੋ। ਕਿੰਨਾ ਵਧੀਆ ਹੋਵੇਗਾ ਕਿ ਅਸੀਂ ਇਸ ਜਾਣਕਾਰੀ ਨੂੰ ਇਸਤੇਮਾਲ ਕਰੀਏ! ਕੀ ਤੁਸੀਂ ਬਾਈਬਲ ਦੇ ਅਸੂਲਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਸਮਝਣ ਵਿਚ ਦੂਸਰਿਆਂ ਦੀ ਮਦਦ ਕਰ ਸਕਦੇ ਹੋ? ਰਿਸਰਚ ਕਰ ਕੇ ਕਿਸੇ ਨੂੰ ਪਤਾ ਲੱਗ ਸਕਦਾ ਹੈ ਕਿ ਉਹ ਕਿਸ ਰਾਹ ’ਤੇ ਚੱਲ ਰਿਹਾ ਹੈ ਤੇ ਉਹ ਜ਼ਿੰਦਗੀ ਦੇ ਰਾਹ ’ਤੇ ਕਿਵੇਂ ਚੱਲਦਾ ਰਹਿ ਸਕਦਾ ਹੈ।

ਕਈ ਬਜ਼ੁਰਗਾਂ ਨੇ ਭੈਣਾਂ-ਭਰਾਵਾਂ ਨੂੰ ਸਿਖਾਇਆ ਹੈ ਕਿ ਉਹ ਬਾਈਬਲ ਦੇ ਅਸੂਲਾਂ ਨੂੰ ਸਮਝਣ ਲਈ ਇੰਡੈਕਸ ਵਰਤ ਕੇ ਰਿਸਰਚ ਕਿਵੇਂ ਕਰ ਸਕਦੇ ਹਨ। ਇੱਦਾਂ ਕਰਨ ਨਾਲ ਇਨ੍ਹਾਂ ਭੈਣਾਂ-ਭਰਾਵਾਂ ਨੂੰ ਨਾ ਸਿਰਫ਼ ਉਸ ਵੇਲੇ ਆਪਣੇ ਸਵਾਲਾਂ ਦੇ ਜਵਾਬ ਮਿਲਦੇ ਹਨ, ਪਰ ਰਿਸਰਚ ਕਰਨ ਦੀ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ ਤੇ ਉਹ ਯਹੋਵਾਹ ਵੱਲੋਂ ਦਿੱਤੇ ਪ੍ਰਕਾਸ਼ਨਾਂ ’ਤੇ ਭਰੋਸਾ ਰੱਖਣਾ ਵੀ ਸਿੱਖਦੇ ਹਨ। ਨਾਲੇ ਉਹ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ” ਦੇਖ ਸਕਦੇ ਹਨ।—ਇਬ. 5:14.

5 ਦੂਸਰਿਆਂ ਲਈ ਫ਼ੈਸਲੇ ਨਾ ਕਰੋ।

“ਹਰੇਕ ਨੂੰ ਆਪੋ ਆਪਣੀ ਜ਼ਿੰਮੇਵਾਰੀ ਦਾ ਭਾਰ ਆਪ ਚੁੱਕਣਾ ਪਵੇਗਾ।”​—ਗਲਾ. 6:5.

ਅਖ਼ੀਰ ਵਿਚ ਸਾਨੂੰ ਸਾਰਿਆਂ ਨੂੰ ਆਪ ਫ਼ੈਸਲਾ ਕਰਨਾ ਪਵੇਗਾ ਕਿ ਅਸੀਂ ਕਿਹੜੀ ਸਲਾਹ ’ਤੇ ਚੱਲਾਂਗੇ। ਯਹੋਵਾਹ ਸਾਨੂੰ ਇਹ ਖੁੱਲ੍ਹ ਦਿੰਦਾ ਹੈ ਕਿ ਅਸੀਂ ਆਪ ਫ਼ੈਸਲਾ ਕਰੀਏ ਕਿ ਅਸੀਂ ਉਸ ਦੇ ਅਸੂਲਾਂ ਮੁਤਾਬਕ ਚੱਲਾਂਗੇ ਜਾਂ ਨਹੀਂ। (ਬਿਵ. 30:19, 20) ਕਈ ਹਾਲਾਤਾਂ ਵਿਚ ਬਾਈਬਲ ਦੇ ਕਈ ਅਸੂਲ ਲਾਗੂ ਹੁੰਦੇ ਹਨ ਅਤੇ ਅਖ਼ੀਰ ਵਿਚ ਸਲਾਹ ਮੰਗਣ ਵਾਲੇ ਨੂੰ ਆਪ ਫ਼ੈਸਲਾ ਕਰਨਾ ਪਵੇਗਾ। ਸਲਾਹ ਮੰਗਣ ਵਾਲਾ ਕਿਸ ਵਿਸ਼ੇ ’ਤੇ ਸਲਾਹ ਮੰਗ ਰਿਹਾ ਹੈ ਅਤੇ ਉਸ ਦੀ ਉਮਰ ਕਿੰਨੀ ਹੈ, ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਾਇਦ ਸਾਨੂੰ ਪੁੱਛਣਾ ਪਵੇ, ‘ਕੀ ਮੈਨੂੰ ਉਸ ਨੂੰ ਸਲਾਹ ਦੇਣ ਦਾ ਅਧਿਕਾਰ ਹੈ?’ ਕਈ ਵਾਰ ਸਲਾਹ ਮੰਗਣ ਵਾਲੇ ਨੂੰ ਮੰਡਲੀ ਦੇ ਬਜ਼ੁਰਗਾਂ ਕੋਲ ਭੇਜਣਾ ਚੰਗਾ ਹੋਵੇਗਾ ਜਾਂ ਜੇ ਉਸ ਦੀ ਉਮਰ ਥੋੜ੍ਹੀ ਹੈ, ਤਾਂ ਉਸ ਦੇ ਮਾਪਿਆਂ ਕੋਲ।

[ਫੁਟਨੋਟ]

^ ਪੈਰਾ 20 ਸੀ. ਡੀ. ਉੱਤੇ ਵਾਚਟਾਵਰ ਲਾਇਬ੍ਰੇਰੀ 39 ਭਾਸ਼ਾਵਾਂ ਵਿਚ ਉਪਲਬਧ ਹੈ।

[ਸਫ਼ਾ 8 ਉੱਤੇ ਡੱਬੀ/ਤਸਵੀਰ]

ਪਰਿਵਾਰਕ ਸਟੱਡੀ ਵਾਸਤੇ

ਕਿਉਂ ਨਾ ਪਰਿਵਾਰਕ ਸਟੱਡੀ ਵਿਚ ਉਨ੍ਹਾਂ ਸਵਾਲਾਂ ਦੀ ਰਿਸਰਚ ਕਰੋ ਜੋ ਹਾਲ ਹੀ ਦੇ ਸਮੇਂ ਵਿਚ ਤੁਹਾਨੂੰ ਕਿਸੇ ਨੇ ਪੁੱਛੇ ਹਨ? ਸਵਾਲ ਪੁੱਛਣ ਵਾਲੇ ਨੂੰ ਜਵਾਬ ਦੇਣ ਲਈ ਤੁਸੀਂ ਕਿਹੜੇ ਲੇਖ ਅਤੇ ਬਾਈਬਲ ਦੇ ਕਿਹੜੇ ਅਸੂਲ ਲੱਭ ਸਕਦੇ ਹੋ? ਮਿਸਾਲ ਲਈ, ਫ਼ਰਜ਼ ਕਰੋ ਕਿ ਕੋਈ ਤੁਹਾਨੂੰ ਵਿਆਹ ਕਰਾਉਣ ਬਾਰੇ ਸਲਾਹ ਪੁੱਛਦਾ ਹੈ। ਸਾਲ ਦੇ ਅਖ਼ੀਰਲੇ ਪਹਿਰਾਬੁਰਜ ਦੇ ਆਖ਼ਰੀ ਸਫ਼ੇ ਉੱਤੇ ਦਿੱਤਾ ਇੰਡੈਕਸ ਦੇਖੋ। ਤੁਸੀਂ ਵਿਆਹ ਸੰਬੰਧੀ ਸਲਾਹ ਵਾਸਤੇ “ਅਧਿਐਨ ਲੇਖ” ਜਾਂ “ਮਸੀਹੀ ਜ਼ਿੰਦਗੀ ਅਤੇ ਗੁਣ” ਨਾਂ ਦਾ ਸਿਰਲੇਖ ਦੇਖ ਸਕਦੇ ਹੋ। ਤੁਸੀਂ ਸੀ. ਡੀ. ਉੱਤੇ ਅੰਗ੍ਰੇਜ਼ੀ ਵਿਚ ਵਾਚਟਾਵਰ ਲਾਇਬ੍ਰੇਰੀ ਵਿੱਚੋਂ ਵੀ “ਡੇਟਿੰਗ” ਜਾਂ “ਵਿਆਹ” ਸਿਰਲੇਖ ਹੇਠ ਫ਼ਾਇਦੇਮੰਦ ਜਾਣਕਾਰੀ ਲੱਭ ਸਕਦੇ ਹੋ।

[ਸਫ਼ਾ 9 ਉੱਤੇ ਡੱਬੀ]

ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਆਪਣੇ ਸੰਗਠਨ ਰਾਹੀਂ ਬਹੁਤ ਸਾਰੇ ਪ੍ਰਕਾਸ਼ਨ ਦਿੱਤੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਚੰਗੀ ਸਲਾਹ ਦੇ ਅਤੇ ਲੈ ਸਕਦੇ ਹਾਂ। ਬਾਈਬਲ ਕਹਿੰਦੀ ਹੈ: ‘ਬੁੱਧੀਵਾਨ ਦੀਆਂ ਗੱਲਾਂ ਤਿੱਖੇ ਸਿਰੇ ਵਾਲੀ ਸੋਟੀ ਵਾਂਗ ਹਨ, ਜਿਸ ਦੀ ਵਰਤੋਂ ਚਰਵਾਹਾ ਆਪਣੀ ਭੇਡਾਂ ਦੀ ਅਗਵਾਈ ਕਰਨ ਲਈ ਕਰਦਾ ਹੈ ਅਤੇ ਇਕੱਠੀਆਂ ਕੀਤੀਆਂ ਕਹਾਉਤਾਂ ਉਹਨਾਂ ਕਿਲਾਂ ਵਾਂਗ ਪੱਕੀਆਂ ਅਮਰ ਹਨ, ਜੋ ਪੱਕੀ ਤਰ੍ਹਾਂ ਠੋਕੀਆਂ ਗਈਆਂ ਹਨ। ਉਹ ਪਰਮੇਸ਼ੁਰ ਅਰਥਾਤ ਇਕ ਮੂਲ ਚਰਵਾਹੇ ਦੁਆਰਾ ਦਿੱਤੀਆਂ ਗਈਆਂ ਹਨ।’ (ਉਪਦੇਸ਼ਕ 12:11, CL) ਜਿਵੇਂ “ਤਿੱਖੇ ਸਿਰੇ ਵਾਲੀ ਸੋਟੀ” ਜਾਨਵਰਾਂ ਨੂੰ ਸਹੀ ਰਾਹ ਪਾਉਣ ਲਈ ਵਰਤੀ ਜਾਂਦੀ ਹੈ, ਉਵੇਂ ਬਾਈਬਲ ਦੀ ਸਲਾਹ ਨੇਕਦਿਲ ਲੋਕਾਂ ਨੂੰ ਸਹੀ ਰਾਹ ਪਾਉਂਦੀ ਹੈ। ਕਿਸੇ ਚੀਜ਼ ਵਿਚ “ਕਿਲਾਂ” ਠੋਕਣ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਮਜ਼ਬੂਤ ਹੋ ਜਾਂਦੀ ਹੈ। ਉਸੇ ਤਰ੍ਹਾਂ ਚੰਗੀ ਸਲਾਹ ਦਾ ਨਤੀਜਾ ਵਧੀਆ ਨਿਕਲਦਾ ਹੈ। ਬੁੱਧੀਮਾਨ ਲੋਕ ਇਸ ਗੱਲ ਤੋਂ ਖ਼ੁਸ਼ ਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੇ “ਚਰਵਾਹੇ” ਯਹੋਵਾਹ ਤੋਂ ਚੰਗੀ ਸਲਾਹ ਮਿਲਦੀ ਹੈ।

ਦੂਸਰਿਆਂ ਨੂੰ ਯਹੋਵਾਹ ਦੀ ਸਲਾਹ ਦਿਓ। ਜਦੋਂ ਸਾਡੇ ਤੋਂ ਕੋਈ ਸਲਾਹ ਮੰਗਦਾ ਹੈ, ਤਾਂ ਸਾਨੂੰ ਉਨ੍ਹਾਂ ਦੀ ਗੱਲ ਸੁਣ ਕੇ ਸਲਾਹ ਦੇਣੀ ਚਾਹੀਦੀ ਹੈ। ਜਦੋਂ ਅਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਸਲਾਹ ਦਿੰਦੇ ਹਾਂ, ਤਾਂ ਸਾਡੀ ਸਲਾਹ ਸਹੀ ਹੋਵੇਗੀ ਅਤੇ ਉਸ ਤੋਂ ਸਲਾਹ ਮੰਗਣ ਵਾਲਿਆਂ ਨੂੰ ਫ਼ਾਇਦਾ ਹੋਵੇਗਾ।