Skip to content

Skip to table of contents

ਜੀਵਨੀ

“ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹੁੰਦੀਆਂ ਹਨ”

“ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹੁੰਦੀਆਂ ਹਨ”

ਲੋਇਸ ਡੀਡਰ ਦੀ ਜ਼ਬਾਨੀ

ਤੁਸੀਂ ਆਪਣੀ ਜ਼ਿੰਦਗੀ ਵਿਚ ਇਹ ਗੱਲ ਕਿੰਨੀ ਕੁ ਵਾਰ ਕਹੀ ਹੈ: ‘ਕਾਸ਼ ਮੈਂ ਇਹ ਫ਼ੈਸਲਾ ਨਾ ਹੀ ਕੀਤਾ ਹੁੰਦਾ’? ਪਰ 50 ਸਾਲ ਫੁੱਲ-ਟਾਈਮ ਸੇਵਾ ਕਰਨ ਤੋਂ ਬਾਅਦ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਯਹੋਵਾਹ ਦੇ ਸੱਜੇ ਹੱਥ ਵਿਚ ਰਹਿਣ ਕਰਕੇ ਸਾਨੂੰ ਕਦੇ ਕਿਸੇ ਦੁੱਖ ਦਾ ਸਾਮ੍ਹਣਾ ਹਮੇਸ਼ਾ ਲਈ ਨਹੀਂ ਕਰਨਾ ਪਿਆ ਹੈ। ਚਲੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਇਸ ਤਰ੍ਹਾਂ ਕਿਉਂ ਕਹਿੰਦੀ ਹਾਂ।

ਕੈਨੇਡਾ ਦੇ ਸਸਕੈਚਵਾਨ ਨਾਂ ਦੇ ਪਿੰਡ ਵਿਚ 1939 ਵਿਚ ਮੇਰਾ ਜਨਮ ਹੋਇਆ ਸੀ। ਅਸੀਂ ਪੰਜ ਭੈਣਾਂ ਤੇ ਇਕ ਭਰਾ ਸੀ। ਸਸਕੈਚਵਾਨ ਦੇ ਖੁੱਲ੍ਹੇ ਇਲਾਕੇ ਵਿਚ ਸਾਡਾ ਫਾਰਮ ਸੀ ਜਿੱਥੇ ਅਸੀਂ ਖ਼ੁਸ਼ੀ-ਖ਼ੁਸ਼ੀ ਰਹਿੰਦੇ ਸੀ। ਇਕ ਦਿਨ ਯਹੋਵਾਹ ਦੇ ਗਵਾਹਾਂ ਨੇ ਮੇਰੇ ਪਿਤਾ ਜੀ ਨਾਲ ਗੱਲ ਕੀਤੀ ਤੇ ਮੈਂ ਉਨ੍ਹਾਂ ਤੋਂ ਰੱਬ ਦਾ ਨਾਂ ਪੁੱਛਿਆ। ਉਨ੍ਹਾਂ ਨੇ ਜ਼ਬੂਰ 83:18 ਵਿੱਚੋਂ ਸਾਨੂੰ ਦਿਖਾਇਆ ਕਿ ਰੱਬ ਦਾ ਨਾਂ ਯਹੋਵਾਹ ਹੈ। ਇਹ ਸੁਣ ਕੇ ਮੇਰੇ ਅੰਦਰ ਰੱਬ ਤੇ ਉਸ ਦੇ ਬਚਨ ਬਾਰੇ ਹੋਰ ਜਾਣਨ ਦੀ ਇੱਛਾ ਪੈਦਾ ਹੋਈ।

ਉਸ ਸਮੇਂ ਫਾਰਮ ’ਤੇ ਰਹਿਣ ਵਾਲੇ ਬੱਚੇ 8ਵੀਂ ਕਲਾਸ ਤਕ ਇਕ ਕਮਰੇ ਦੇ ਸਕੂਲ ਵਿਚ ਜਾਂਦੇ ਸਨ। ਉਹ ਘੋੜਿਆਂ ’ਤੇ ਜਾਂਦੇ ਸਨ ਜਾਂ ਕਾਫ਼ੀ ਮੀਲ ਤੁਰ ਕੇ ਜਾਂਦੇ ਸਨ। ਸਕੂਲ ਦਾ ਅਧਿਆਪਕ ਅਲੱਗ-ਅਲੱਗ ਪਰਿਵਾਰਾਂ ਨਾਲ ਰਹਿੰਦਾ ਸੀ ਤੇ ਪਰਿਵਾਰ ਉਸ ਦੀਆਂ ਲੋੜਾਂ ਪੂਰੀਆਂ ਕਰਦੇ ਸਨ। ਇਕ ਸਾਲ ਮੇਰੇ ਮਾਪਿਆਂ ਦੀ ਵਾਰੀ ਸੀ ਕਿ ਉਹ ਨਵੇਂ ਅਧਿਆਪਕ ਜੌਨ ਡੀਡਰ ਨੂੰ ਘਰ ਰੱਖਣ।

ਮੈਨੂੰ ਨਹੀਂ ਪਤਾ ਸੀ ਕਿ ਇਹ ਨੌਜਵਾਨ ਆਦਮੀ ਵੀ ਮੇਰੇ ਵਾਂਗ ਪਰਮੇਸ਼ੁਰ ਦੇ ਬਚਨ ਵਿਚ ਗਹਿਰੀ ਦਿਲਚਸਪੀ ਰੱਖਦਾ ਸੀ। ਇਕ ਵਾਰ ਮੈਂ ਕਮਿਊਨਿਜ਼ਮ ਤੇ ਸਮਾਜਵਾਦ ਦੇ ਪੱਖ ਵਿਚ ਬੋਲ ਰਹੀ ਸੀ ਜਿਸ ਦਾ ਮੇਰੇ ਪਿਤਾ ਜੀ ਵੀ ਸਮਰਥਨ ਕਰਦੇ ਸਨ। ਜੌਨ ਡੀਡਰ ਨੇ ਕਿਹਾ: “ਕਿਸੇ ਇਨਸਾਨ ਨੂੰ ਦੂਸਰੇ ਇਨਸਾਨ ’ਤੇ ਰਾਜ ਕਰਨ ਦਾ ਹੱਕ ਨਹੀਂ ਹੈ। ਸਿਰਫ਼ ਪਰਮੇਸ਼ੁਰ ਨੂੰ ਹੀ ਇਹ ਹੱਕ ਹੈ।” ਇਸ ਤੋਂ ਬਾਅਦ ਅਸੀਂ ਕਈ ਵਾਰ ਇਸ ਵਿਸ਼ੇ ’ਤੇ ਗੱਲਬਾਤ ਕੀਤੀ।

ਜੌਨ ਦਾ ਜਨਮ 1931 ਵਿਚ ਹੋਇਆ ਸੀ, ਇਸ ਕਰਕੇ ਉਸ ਨੇ ਯੁੱਧ ਕਾਰਨ ਪੈਦਾ ਹੋਈਆਂ ਤੰਗੀਆਂ ਬਾਰੇ ਸੁਣਿਆ ਸੀ। ਜਦੋਂ 1950 ਵਿਚ ਕੋਰੀਆ ਵਿਚ ਲੜਾਈ ਸ਼ੁਰੂ ਹੋਈ, ਤਾਂ ਉਸ ਨੇ ਕਈ ਪਾਦਰੀਆਂ ਤੋਂ ਪੁੱਛਿਆ ਕਿ ਮਸੀਹੀਆਂ ਲਈ ਯੁੱਧਾਂ ਵਿਚ ਹਿੱਸਾ ਲੈਣਾ ਠੀਕ ਹੈ ਜਾਂ ਨਹੀਂ। ਉਨ੍ਹਾਂ ਸਾਰਿਆਂ ਨੇ ਕਿਹਾ ਕਿ ਠੀਕ ਹੈ। ਇਸ ਤੋਂ ਬਾਅਦ ਉਸ ਨੇ ਇਹੀ ਸਵਾਲ ਯਹੋਵਾਹ ਦੇ ਗਵਾਹਾਂ ਤੋਂ ਪੁੱਛਿਆ। ਉਨ੍ਹਾਂ ਨੇ ਬਾਈਬਲ ਵਿੱਚੋਂ ਦਿਖਾਇਆ ਕਿ ਮੁਢਲੇ ਮਸੀਹੀ ਯੁੱਧ ਵਿਚ ਹਿੱਸਾ ਨਹੀਂ ਲੈਂਦੇ ਸਨ। ਇਸ ਕਰਕੇ ਜੌਨ ਨੇ 1955 ਵਿਚ ਬਪਤਿਸਮਾ ਲੈ ਲਿਆ ਅਤੇ ਉਸ ਤੋਂ ਅਗਲੇ ਸਾਲ ਮੈਂ ਬਪਤਿਸਮਾ ਲੈ ਲਿਆ। ਅਸੀਂ ਦੋਵੇਂ ਜਾਣਦੇ ਸੀ ਕਿ ਅਸੀਂ ਜੀ-ਜਾਨ ਨਾਲ ਪੂਰੀ ਜ਼ਿੰਦਗੀ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਸੀ। (ਜ਼ਬੂ. 37:3, 4) ਜੁਲਾਈ 1957 ਵਿਚ ਸਾਡਾ ਵਿਆਹ ਹੋ ਗਿਆ।

ਕਈ ਵਾਰ ਜਦੋਂ ਸਾਡੀ ਵਿਆਹ ਦੀ ਸਾਲ-ਗਿਰ੍ਹਾ ਹੁੰਦੀ ਸੀ, ਤਾਂ ਅਸੀਂ ਜ਼ਿਲ੍ਹਾ ਸੰਮੇਲਨ ਵਿਚ ਹੁੰਦੇ ਸੀ। ਅਸੀਂ ਉਨ੍ਹਾਂ ਹਜ਼ਾਰਾਂ ਭੈਣਾਂ-ਭਰਾਵਾਂ ਦੀ ਸੰਗਤੀ ਵਿਚ ਖ਼ੁਸ਼ ਹੁੰਦੇ ਸੀ ਜੋ ਵਿਆਹ ਦੀ ਕਦਰ ਕਰਦੇ ਸਨ। ਅਸੀਂ ਅੰਤਰਰਾਸ਼ਟਰੀ ਜ਼ਿਲ੍ਹਾ ਸੰਮੇਲਨ ਵਿਚ ਪਹਿਲੀ ਵਾਰ 1958 ਵਿਚ ਗਏ। ਅਸੀਂ ਪੰਜ ਜਣੇ ਕਾਰ ਵਿਚ ਸਸਕੈਚਵਾਨ ਤੋਂ ਨਿਊਯਾਰਕ ਲਈ ਰਵਾਨਾ ਹੋਏ। ਅਸੀਂ ਹਫ਼ਤਾ ਭਰ ਦਿਨੇ ਸਫ਼ਰ ਕਰਦੇ ਸੀ ਤੇ ਰਾਤ ਨੂੰ ਟੈਂਟ ਵਿਚ ਸੌਂਦੇ ਸੀ। ਸਾਡੀ ਖ਼ੁਸ਼ੀ ਦੀ ਕਲਪਨਾ ਕਰੋ ਜਦੋਂ ਬੈਤਲਹਮ, ਪੈਨਸਿਲਵੇਨੀਆ ਵਿਚ ਸਾਨੂੰ ਇਕ ਭਰਾ ਮਿਲਿਆ ਤੇ ਉਸ ਨੇ ਸਾਨੂੰ ਉਸ ਰਾਤ ਆਪਣੇ ਘਰ ਰਹਿਣ ਲਈ ਕਿਹਾ। ਉਸ ਦੀ ਇਸ ਪਰਾਹੁਣਚਾਰੀ ਕਰਕੇ ਅਸੀਂ ਸਾਫ਼-ਸੁਥਰੇ ਨਿਊਯਾਰਕ ਪਹੁੰਚ ਸਕੇ। ਇਸ ਵੱਡੇ ਸੰਮੇਲਨ ਵਿਚ ਅਸੀਂ ਦੇਖਿਆ ਕਿ ਯਹੋਵਾਹ ਦੀ ਸੇਵਾ ਕਰਨ ਵਿਚ ਕਿੰਨੀ ਖ਼ੁਸ਼ੀ ਮਿਲਦੀ ਹੈ। ਜਿੱਦਾਂ ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ ਸੀ, “ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹੁੰਦੀਆਂ ਹਨ।”—ਜ਼ਬੂ. 16:11.

ਪਾਇਨੀਅਰਿੰਗ

ਇਸ ਤੋਂ ਇਕ ਸਾਲ ਬਾਅਦ 1959 ਵਿਚ ਅਸੀਂ ਪਾਇਨੀਅਰਿੰਗ ਸ਼ੁਰੂ ਕਰ ਦਿੱਤੀ। ਅਸੀਂ ਸਸਕੈਚਵਾਨ ਵਿਚ ਉੱਚੀ ਪਹਾੜੀ ’ਤੇ ਛੋਟੇ ਜਿਹੇ ਟ੍ਰੇਲਰ ਘਰ ਵਿਚ ਰਹਿੰਦੇ ਸੀ। ਇੱਥੋਂ ਮੀਲਾਂ ਤਕ ਦੂਰ-ਦੂਰ ਦੇਖਿਆ ਜਾ ਸਕਦਾ ਸੀ ਤੇ ਕੁਝ ਮੀਲ ਤਕ ਸਾਡਾ ਪ੍ਰਚਾਰ ਦਾ ਇਲਾਕਾ ਸੀ।

ਇਕ ਦਿਨ ਸਾਨੂੰ ਬ੍ਰਾਂਚ ਆਫ਼ਿਸ ਤੋਂ ਚਿੱਠੀ ਮਿਲੀ। ਮੈਂ ਫਟਾਫਟ ਜੌਨ ਕੋਲ ਲੈ ਕੇ ਗਈ ਜੋ ਟ੍ਰੈਕਟਰ ਦੀ ਮੁਰੰਮਤ ਕਰ ਰਿਹਾ ਸੀ। ਇਸ ਚਿੱਠੀ ਵਿਚ ਸਾਨੂੰ ਆਂਟੇਰੀਓ ਦੇ ਰੈੱਡ ਲੇਕ ਸ਼ਹਿਰ ਵਿਚ ਸਪੈਸ਼ਲ ਪਾਇਨੀਅਰਾਂ ਦੇ ਤੌਰ ਤੇ ਸੇਵਾ ਕਰਨ ਦਾ ਸੱਦਾ ਦਿੱਤਾ ਗਿਆ ਸੀ। ਸਾਨੂੰ ਨਹੀਂ ਪਤਾ ਸੀ ਕਿ ਇਹ ਇਲਾਕਾ ਕਿੱਥੇ ਹੈ। ਇਸ ਕਰਕੇ ਅਸੀਂ ਨਕਸ਼ੇ ਵਿਚ ਇਹ ਜਗ੍ਹਾ ਦੇਖੀ।

ਇਹ ਇਲਾਕਾ ਖੁੱਲ੍ਹੇ ਮੈਦਾਨਾਂ ਨਾਲੋਂ ਕਿੰਨਾ ਵੱਖਰਾ ਸੀ! ਇਸ ਇਲਾਕੇ ਵਿਚ ਵੱਡੇ ਜੰਗਲ ਸਨ ਤੇ ਸੋਨੇ ਦੀਆਂ ਖਾਣਾਂ ਕੋਲ ਛੋਟੇ-ਛੋਟੇ ਸ਼ਹਿਰ ਬਣੇ ਹੋਏ ਸਨ। ਜਦੋਂ ਅਸੀਂ ਪਹਿਲੇ ਦਿਨ ਰਹਿਣ ਲਈ ਜਗ੍ਹਾ ਲੱਭ ਰਹੇ ਸੀ, ਤਾਂ ਇਕ ਛੋਟੀ ਕੁੜੀ ਨੇ ਆਪਣੀ ਗੁਆਂਢਣ ਨਾਲ ਸਾਨੂੰ ਗੱਲ ਕਰਦੇ ਸੁਣ ਲਿਆ। ਉਸ ਨੇ ਜਾ ਕੇ ਆਪਣੀ ਮੰਮੀ ਨੂੰ ਦੱਸਿਆ ਤੇ ਉਸ ਦੀ ਮੰਮੀ ਨੇ ਸਾਨੂੰ ਉਸ ਰਾਤ ਆਪਣੇ ਘਰ ਰੱਖਿਆ। ਉਨ੍ਹਾਂ ਦੇ ਘਰ ਅਸੀਂ ਮਿੱਟੀ ਦੇ ਭੋਰੇ ਵਿਚ ਰਾਤ ਕੱਟੀ। ਦੂਜੇ ਦਿਨ ਸਾਨੂੰ ਦੋ ਕਮਰਿਆਂ ਵਾਲਾ ਲੱਕੜ ਦਾ ਘਰ ਮਿਲ ਗਿਆ ਜਿਸ ਵਿਚ ਨਾ ਟਾਇਲਟ, ਨਾ ਪਾਣੀ ਤੇ ਨਾ ਹੀ ਕੋਈ ਫਰਨੀਚਰ ਸੀ। ਉੱਥੇ ਸਿਰਫ਼ ਲੱਕੜ ਨਾਲ ਬਲ਼ਣ ਵਾਲਾ ਹੀਟਰ ਸੀ। ਅਸੀਂ ਕੁਝ ਪੁਰਾਣੀਆਂ ਚੀਜ਼ਾਂ ਖ਼ਰੀਦ ਲਈਆਂ ਜਿਹੜੀਆਂ ਚੰਗੀ ਹਾਲਤ ਵਿਚ ਸਨ ਅਤੇ ਅਸੀਂ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗ ਪਏ।

ਉੱਥੇ 209 ਕਿਲੋਮੀਟਰ (130 ਮੀਲ) ਤਕ ਕੋਈ ਮੰਡਲੀ ਨਹੀਂ ਸੀ। ਸੋਨੇ ਦੀਆਂ ਖਾਣਾਂ ਵਿਚ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਯੂਰਪ ਤੋਂ ਆਏ ਹੋਏ ਸਨ ਤੇ ਉਨ੍ਹਾਂ ਨੇ ਸਾਡੇ ਤੋਂ ਆਪੋ-ਆਪਣੀ ਭਾਸ਼ਾ ਵਿਚ ਬਾਈਬਲਾਂ ਮੰਗੀਆਂ। ਥੋੜ੍ਹੇ ਹੀ ਸਮੇਂ ਵਿਚ ਅਸੀਂ 30 ਬਾਈਬਲ ਸਟੱਡੀਆਂ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ। ਛੇ ਮਹੀਨਿਆਂ ਦੇ ਅੰਦਰ-ਅੰਦਰ ਇਕ ਛੋਟੀ ਜਿਹੀ ਮੰਡਲੀ ਬਣ ਗਈ।

ਅਸੀਂ ਇਕ ਔਰਤ ਨਾਲ ਬਾਈਬਲ ਸਟੱਡੀ ਕਰਦੇ ਸੀ ਜਿਸ ਦੇ ਪਤੀ ਨੇ ਪਾਦਰੀ ਨੂੰ ਫ਼ੋਨ ਕਰ ਕੇ ਕਿਹਾ ਕਿ ਉਹ ਉਸ ਦੀ ਪਤਨੀ ਨੂੰ ਆ ਕੇ ਸਮਝਾਵੇ। ਜਦੋਂ ਉਹ ਉੱਥੇ ਆਇਆ, ਤਾਂ ਪਾਦਰੀ ਨੇ ਸਾਨੂੰ ਕਿਹਾ ਕਿ ਸਾਨੂੰ ਹੋਰ ਸਿੱਖਿਆਵਾਂ ਦੇ ਨਾਲ-ਨਾਲ ਤ੍ਰਿਏਕ ਦੀ ਸਿੱਖਿਆ ਵੀ ਦੇਣੀ ਚਾਹੀਦੀ ਹੈ। ਉਹ ਔਰਤ ਆਪਣੀ ਕੈਥੋਲਿਕ ਬਾਈਬਲ ਲੈ ਕੇ ਆਈ ਤੇ ਪਾਦਰੀ ਨੂੰ ਕਿਹਾ ਕਿ ਉਹ ਦੱਸੇ ਕਿ ਬਾਈਬਲ ਵਿਚ ਇਹ ਸਿੱਖਿਆ ਕਿੱਥੇ ਦਿੱਤੀ ਗਈ ਹੈ। ਉਸ ਨੇ ਬਾਈਬਲ ਮੇਜ਼ ’ਤੇ ਵਗਾਹ ਕੇ ਮਾਰੀ ਤੇ ਕਿਹਾ ਕਿ ਉਸ ਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਹੈ। ਜਾਣ ਲੱਗਿਆਂ ਉਸ ਨੇ ਯੂਕਰੇਨੀ ਭਾਸ਼ਾ ਵਿਚ ਕਿਹਾ ਕਿ ਸਾਨੂੰ ਘਰੋਂ ਬਾਹਰ ਸੁੱਟ ਦਿੱਤਾ ਜਾਣਾ ਚਾਹੀਦਾ ਹੈ ਤੇ ਫਿਰ ਕਦੇ ਅੰਦਰ ਨਹੀਂ ਵਾੜਨਾ ਚਾਹੀਦਾ। ਉਸ ਨੂੰ ਪਤਾ ਨਹੀਂ ਸੀ ਕਿ ਜੌਨ ਯੂਕਰੇਨੀ ਭਾਸ਼ਾ ਸਮਝ ਸਕਦਾ ਸੀ!

ਕੁਝ ਸਮੇਂ ਬਾਅਦ ਜੌਨ ਨੂੰ ਸਰਕਟ ਕੰਮ ਦੀ ਟ੍ਰੇਨਿੰਗ ਦਿੱਤੀ ਜਾਣੀ ਸੀ ਜਿਸ ਕਰਕੇ ਸਾਨੂੰ ਰੈੱਡ ਲੇਕ ਸ਼ਹਿਰ ਛੱਡ ਕੇ ਜਾਣਾ ਪਿਆ। ਇਕ ਸਾਲ ਬਾਅਦ ਜਦੋਂ ਜੌਨ ਜ਼ਿਲ੍ਹਾ ਸੰਮੇਲਨ ਵਿਚ ਬਪਤਿਸਮੇ ਦਾ ਭਾਸ਼ਣ ਦੇ ਰਿਹਾ ਸੀ, ਤਾਂ ਬਪਤਿਸਮੇ ਦੇ ਉਮੀਦਵਾਰਾਂ ਵਿਚ ਉਸ ਔਰਤ ਦਾ ਪਤੀ ਵੀ ਸੀ। ਉਸ ਦਿਨ ਪਾਦਰੀ ਨੇ ਜੋ ਵੀ ਕਿਹਾ, ਉਸ ਕਰਕੇ ਉਹ ਆਪ ਬਾਈਬਲ ਬਾਰੇ ਸਿੱਖਣ ਲੱਗ ਪਿਆ।

ਸਫ਼ਰੀ ਕੰਮ ਵਿਚ ਬਿਜ਼ੀ

ਸਰਕਟ ਕੰਮ ਕਰਦਿਆਂ ਸਾਨੂੰ ਅਲੱਗ-ਅਲੱਗ ਪਰਿਵਾਰਾਂ ਨਾਲ ਰਹਿਣ ਦਾ ਮੌਕਾ ਮਿਲਿਆ। ਸਾਡਾ ਉਨ੍ਹਾਂ ਪਰਿਵਾਰਾਂ ਨਾਲ ਪਿਆਰ ਪੈ ਗਿਆ ਜਿਨ੍ਹਾਂ ਦੇ ਘਰ ਅਸੀਂ ਠਹਿਰਦੇ ਸੀ। ਇਕ ਵਾਰ ਅਸੀਂ ਸਰਦੀਆਂ ਵਿਚ ਇਕ ਘਰ ਦੇ ਉੱਪਰਲੇ ਕਮਰੇ ਵਿਚ ਰੁਕੇ ਹੋਏ ਸੀ ਤੇ ਉੱਥੇ ਕੋਈ ਹੀਟਰ ਨਹੀਂ ਸੀ। ਹਰ ਰੋਜ਼ ਸਵੇਰੇ-ਸਵੇਰੇ ਸਿਆਣੀ ਭੈਣ ਹੌਲੀ-ਹੌਲੀ ਸਾਡੇ ਕਮਰੇ ਵਿਚ ਆ ਕੇ ਛੋਟਾ ਜਿਹਾ ਚੁੱਲ੍ਹਾ ਬਾਲ਼ਦੀ ਸੀ। ਫਿਰ ਉਹ ਫਟਾਫਟ ਵੱਡਾ ਭਾਂਡਾ ਤੇ ਗਰਮ ਪਾਣੀ ਲੈ ਕੇ ਆਉਂਦੀ ਸੀ ਤਾਂਕਿ ਅਸੀਂ ਮੂੰਹ-ਹੱਥ ਧੋ ਕੇ ਤਿਆਰ ਹੋ ਸਕੀਏ। ਮੈਂ ਉਸ ਭੈਣ ਦੇ ਮਦਦ ਕਰਨ ਦੇ ਤਰੀਕੇ ਤੋਂ ਬਹੁਤ ਕੁਝ ਸਿੱਖਿਆ।

ਸਰਕਟ ਕੰਮ ਨੇ ਮੇਰੀ ਯਹੋਵਾਹ ਦੇ ਨੇੜੇ ਜਾਣ ਵਿਚ ਮਦਦ ਕੀਤੀ। ਅਲਬਰਟਾ ਰਾਜ ਦੇ ਇਕ ਸਰਕਟ ਵਿਚ ਦੂਰ ਉੱਤਰ ਦਾ ਇਲਾਕਾ ਵੀ ਸ਼ਾਮਲ ਸੀ ਜਿੱਥੇ ਇਕ ਭੈਣ ਰਹਿੰਦੀ ਸੀ। ਕੀ ਯਹੋਵਾਹ ਦਾ ਸੰਗਠਨ ਇਸ ਇਕੱਲੀ ਭੈਣ ਦੀ ਪਰਵਾਹ ਕਰਦਾ ਸੀ? ਅਸੀਂ ਹਰ ਛੇ ਮਹੀਨਿਆਂ ਬਾਅਦ ਉਸ ਨਾਲ ਪ੍ਰਚਾਰ ਕਰਨ ਤੇ ਮੀਟਿੰਗਾਂ ਕਰਨ ਲਈ ਜਹਾਜ਼ ਵਿਚ ਸਫ਼ਰ ਕਰਦੇ ਸੀ। ਅਸੀਂ ਉਸ ਨਾਲ ਇਕ ਹਫ਼ਤਾ ਬਿਤਾਉਂਦੇ ਸੀ ਜਿੱਦਾਂ ਅਸੀਂ ਕਿਸੇ ਸ਼ਹਿਰ ਵਿਚ ਵੱਡੀ ਮੰਡਲੀ ਨਾਲ ਬਿਤਾਉਂਦੇ ਸੀ। ਇਸ ਤੋਂ ਅਸੀਂ ਦੇਖ ਸਕੇ ਕਿ ਯਹੋਵਾਹ ਆਪਣੇ ਹਰ ਸੇਵਕ ਦੀ ਪਰਵਾਹ ਕਰਦਾ ਹੈ ਤੇ ਉਸ ਵਿਚ ਦਿਲਚਸਪੀ ਲੈਂਦਾ ਹੈ।

ਮੈਨੂੰ ਜੌਨ ਨੇ ਤੋਹਫ਼ੇ ਵਿਚ ਇਕ ਰੰਗ-ਬਰੰਗਾ ਡੱਬਾ ਦਿੱਤਾ ਸੀ ਜਿਸ ਵਿਚ ਚਿੱਠੀਆਂ ਲਿਖਣ ਲਈ ਪੇਪਰ ਸਨ। ਅਸੀਂ ਉਨ੍ਹਾਂ ਪਰਿਵਾਰਾਂ ਨੂੰ ਚਿੱਠੀਆਂ ਲਿਖਦੇ ਸੀ ਜਿਨ੍ਹਾਂ ਨੇ ਸਾਨੂੰ ਆਪਣੇ ਘਰਾਂ ਵਿਚ ਰੱਖਿਆ ਸੀ। ਸਾਨੂੰ ਉਨ੍ਹਾਂ ਨੂੰ ਚਿੱਠੀਆਂ ਲਿਖਣ ਵਿਚ ਖ਼ੁਸ਼ੀ ਮਿਲਦੀ ਸੀ। ਇਹ ਡੱਬਾ ਮੈਂ ਅਜੇ ਵੀ ਸੰਭਾਲ ਕੇ ਰੱਖਿਆ ਹੋਇਆ ਹੈ।

ਜਦੋਂ ਅਸੀਂ ਟੋਰੌਂਟੋ ਦੇ ਇਕ ਸਰਕਟ ਵਿਚ ਸੇਵਾ ਕਰ ਰਹੇ ਸੀ, ਤਾਂ ਇਕ ਭਰਾ ਨੇ ਕੈਨੇਡਾ ਦੇ ਬੈਥਲ ਤੋਂ ਸਾਨੂੰ ਫ਼ੋਨ ਕਰ ਕੇ ਪੁੱਛਿਆ ਕਿ ਕੀ ਅਸੀਂ ਬੈਥਲ ਵਿਚ ਸੇਵਾ ਕਰਨੀ ਚਾਹੁੰਦੇ ਹਾਂ। ਉਹ ਇਸ ਦਾ ਜਵਾਬ ਕਦੋਂ ਜਾਣਨਾ ਚਾਹੁੰਦਾ ਸੀ? ਅਗਲੇ ਹੀ ਦਿਨ। ਸੋ ਅਸੀਂ ਅਗਲੇ ਹੀ ਦਿਨ ਹਾਂ ਕਹਿ ਦਿੱਤੀ।

ਬੈਥਲ ਸੇਵਾ

ਯਹੋਵਾਹ ਦੀ ਸੇਵਾ ਵਿਚ ਅਸੀਂ ਜੋ ਵੀ ਕੰਮ ਕੀਤੇ ਉਨ੍ਹਾਂ ਤੋਂ ਅਸੀਂ ਦੇਖ ਸਕੇ ਕਿ ਯਹੋਵਾਹ ਦੇ ਸੱਜੇ ਹੱਥ ਵਿਚ ਹਮੇਸ਼ਾ ਖ਼ੁਸ਼ੀਆਂ ਹੁੰਦੀਆਂ ਹਨ। ਇਹ ਖ਼ੁਸ਼ੀ ਉਦੋਂ ਵੀ ਮਿਲੀ ਜਦੋਂ 1977 ਵਿਚ ਅਸੀਂ ਬੈਥਲ ਗਏ। ਚੁਣੇ ਹੋਏ ਮਸੀਹੀਆਂ ਨਾਲ ਸਮਾਂ ਗੁਜ਼ਾਰ ਕੇ ਸਾਨੂੰ ਨਾ ਸਿਰਫ਼ ਉਨ੍ਹਾਂ ਬਾਰੇ ਜਾਣਨ ਦਾ ਮੌਕਾ ਮਿਲਿਆ, ਸਗੋਂ ਅਸੀਂ ਇਹ ਵੀ ਜਾਣ ਸਕੇ ਕਿ ਉਹ ਪਰਮੇਸ਼ੁਰ ਦੇ ਬਚਨ ਦੀ ਕਿੰਨੀ ਕਦਰ ਕਰਦੇ ਹਨ।

ਬੈਥਲ ਵਿਚ ਜ਼ਿੰਦਗੀ ਸਰਕਟ ਕੰਮ ਨਾਲੋਂ ਬਹੁਤ ਵੱਖਰੀ ਸੀ। ਮਿਸਾਲ ਲਈ, ਸਾਡੇ ਕੱਪੜੇ ਹੁਣ ਸੂਟਕੇਸ ਵਿਚ ਨਹੀਂ, ਸਗੋਂ ਅਲਮਾਰੀ ਵਿਚ ਸਨ ਤੇ ਕਈ ਮੰਡਲੀਆਂ ਵਿਚ ਜਾਣ ਦੀ ਬਜਾਇ ਅਸੀਂ ਇਕ ਮੰਡਲੀ ਦੇ ਮੈਂਬਰ ਸੀ। ਬੈਥਲ ਵਿਚ ਕੰਮ ਕਰਨ ਤੋਂ ਇਲਾਵਾ ਮੈਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਬੈਥਲ ਦਿਖਾਉਂਦੀ ਸੀ ਜੋ ਬੈਥਲ ਘੁੰਮਣ ਆਉਂਦੇ ਸਨ। ਮੈਨੂੰ ਇਹ ਬਹੁਤ ਚੰਗਾ ਲੱਗਦਾ ਸੀ। ਮੈਂ ਉਨ੍ਹਾਂ ਨੂੰ ਬੈਥਲ ਵਿਚ ਹੁੰਦੇ ਕੰਮ ਬਾਰੇ ਸਮਝਾਉਂਦੀ ਸੀ, ਉਨ੍ਹਾਂ ਦੀਆਂ ਸ਼ਲਾਘਾ-ਭਰੀਆਂ ਟਿੱਪਣੀਆਂ ਸੁਣਦੀ ਸੀ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੀ ਸੀ।

ਸਮਾਂ ਛੇਤੀ ਲੰਘ ਗਿਆ ਤੇ ਜੌਨ ਨੂੰ 1997 ਵਿਚ ਪੈਟਰਸਨ, ਨਿਊਯਾਰਕ ਵਿਚ ਬ੍ਰਾਂਚ ਕਮੇਟੀ ਦੇ ਮੈਂਬਰਾਂ ਲਈ ਸਕੂਲ ਵਿਚ ਬੁਲਾਇਆ ਗਿਆ। ਇਸ ਤੋਂ ਬਾਅਦ ਸਾਨੂੰ ਯੂਕਰੇਨ ਜਾਣ ਬਾਰੇ ਸੋਚਣ ਲਈ ਕਿਹਾ ਗਿਆ। ਭਰਾਵਾਂ ਨੇ ਸਾਨੂੰ ਸਲਾਹ ਦਿੱਤੀ ਕਿ ਅਸੀਂ ਚੰਗੀ ਤਰ੍ਹਾਂ ਸੋਚ-ਵਿਚਾਰ ਕੇ ਤੇ ਪ੍ਰਾਰਥਨਾ ਕਰ ਕੇ ਕੋਈ ਫ਼ੈਸਲਾ ਕਰੀਏ। ਉਸ ਸ਼ਾਮ ਸੋਚ-ਵਿਚਾਰ ਕਰਨ ਤੋਂ ਬਾਅਦ ਅਸੀਂ ਯੂਕਰੇਨ ਜਾਣ ਦਾ ਫ਼ੈਸਲਾ ਕੀਤਾ।

ਯੂਕਰੇਨ ਵਿਚ ਸੇਵਾ

ਅਸੀਂ 1992 ਵਿਚ ਸੇਂਟ ਪੀਟਰਜ਼ਬਰਗ, ਰੂਸ ਵਿਚ ਤੇ ਫਿਰ 1993 ਵਿਚ ਕੀਵ, ਯੂਕਰੇਨ ਵਿਚ ਅੰਤਰਰਾਸ਼ਟਰੀ ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋਏ ਸੀ। ਇਨ੍ਹਾਂ ਸੰਮੇਲਨਾਂ ਕਰਕੇ ਅਸੀਂ ਪੂਰਬੀ ਯੂਰਪ ਦੇ ਭੈਣਾਂ-ਭਰਾਵਾਂ ਨਾਲ ਪਿਆਰ ਕਰਨ ਲੱਗੇ। ਜਦੋਂ ਅਸੀਂ ਲੈਵੀਫ਼, ਯੂਕਰੇਨ ਦੇ ਬੈਥਲ ਵਿਚ ਆਏ, ਤਾਂ ਅਸੀਂ ਉੱਥੇ ਇਕ ਪੁਰਾਣੇ ਘਰ ਦੀ ਦੂਸਰੀ ਮੰਜ਼ਲ ’ਤੇ ਰਹੇ। ਅਸੀਂ ਆਪਣੇ ਕਮਰੇ ਦੀਆਂ ਤਾਕੀਆਂ ਵਿੱਚੋਂ ਗੁਆਂਢੀਆਂ ਦਾ ਖੁੱਲ੍ਹਾ ਵਿਹੜਾ ਦੇਖ ਸਕਦੇ ਸੀ ਜਿਸ ਵਿਚ ਛੋਟਾ ਜਿਹਾ ਬਗ਼ੀਚਾ ਸੀ। ਵਿਹੜੇ ਵਿਚ ਇਕ ਵੱਡਾ ਦੇਸੀ ਕੁੱਕੜ ਤੇ ਕੁੱਕੜੀਆਂ ਘੁੰਮਦੀਆਂ ਸਨ। ਇਹ ਦੇਖ ਕੇ ਸਾਨੂੰ ਸਸਕੈਚਵਾਨ ਵਿਚ ਆਪਣਾ ਫਾਰਮ ਚੇਤੇ ਆ ਗਿਆ। ਉਸ ਘਰ ਵਿਚ ਅਸੀਂ 12 ਜਣੇ ਰਹਿੰਦੇ ਸੀ। ਅਸੀਂ ਸਵੇਰੇ-ਸਵੇਰੇ ਬੈਥਲ ਜਾਣ ਲਈ ਬੱਸ ਫੜਦੇ ਸੀ।

ਸਾਨੂੰ ਯੂਕਰੇਨ ਵਿਚ ਰਹਿਣਾ ਕਿੱਦਾਂ ਲੱਗਦਾ ਸੀ? ਉੱਥੇ ਦੇ ਭੈਣਾਂ-ਭਰਾਵਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਤੇ ਪਾਬੰਦੀਆਂ ਸਹੀਆਂ ਅਤੇ ਕਈ ਜੇਲ੍ਹ ਵੀ ਜਾ ਚੁੱਕੇ ਸਨ। ਫਿਰ ਵੀ ਉਨ੍ਹਾਂ ਦੀ ਨਿਹਚਾ ਬਹੁਤ ਮਜ਼ਬੂਤ ਸੀ। ਸਾਨੂੰ ਲੱਗਦਾ ਸੀ ਕਿ ਅਸੀਂ ਤਾਂ ਉਨ੍ਹਾਂ ਸਾਮ੍ਹਣੇ ਕੁਝ ਵੀ ਨਹੀਂ। ਜਦੋਂ ਅਸੀਂ ਉਨ੍ਹਾਂ ਦੀ ਤਾਰੀਫ਼ ਕਰਦੇ ਸੀ, ਤਾਂ ਉਹ ਕਹਿੰਦੇ ਸਨ: “ਅਸੀਂ ਇਹ ਯਹੋਵਾਹ ਲਈ ਕੀਤਾ।” ਉਨ੍ਹਾਂ ਨੂੰ ਲੱਗਦਾ ਸੀ ਕਿ ਯਹੋਵਾਹ ਹਮੇਸ਼ਾ ਉਨ੍ਹਾਂ ਦੇ ਨਾਲ ਸੀ। ਹੁਣ ਵੀ ਜੇ ਤੁਸੀਂ ਉਨ੍ਹਾਂ ਦਾ ਧੰਨਵਾਦ ਕਰੋ, ਤਾਂ ਉਹ ਕਹਿਣਗੇ: “ਯਹੋਵਾਹ ਦਾ ਧੰਨਵਾਦ ਕਰੋ” ਜੋ ਸਾਰੀਆਂ ਚੀਜ਼ਾਂ ਦੇਣ ਵਾਲਾ ਹੈ।

ਯੂਕਰੇਨ ਵਿਚ ਕਾਫ਼ੀ ਭੈਣ-ਭਰਾ ਤੁਰ ਕੇ ਮੀਟਿੰਗਾਂ ’ਤੇ ਆਉਂਦੇ ਹਨ, ਇਸ ਕਰਕੇ ਉਨ੍ਹਾਂ ਨੂੰ ਇਕ-ਦੂਜੇ ਨਾਲ ਗੱਲਾਂ ਕਰਨ ਦਾ ਸਮਾਂ ਮਿਲਦਾ ਹੈ। ਤੁਰ ਕੇ ਆਉਣ ਵਿਚ ਸ਼ਾਇਦ ਉਨ੍ਹਾਂ ਨੂੰ ਘੰਟਾ ਜਾਂ ਇਸ ਤੋਂ ਵੱਧ ਸਮਾਂ ਲੱਗਦਾ ਹੈ। ਲੈਵੀਫ਼ ਵਿਚ 50 ਮੰਡਲੀਆਂ ਹਨ ਤੇ ਉਨ੍ਹਾਂ ਵਿੱਚੋਂ 21 ਮੰਡਲੀਆਂ ਇਕ ਬਿਲਡਿੰਗ ਵਿਚ ਮੀਟਿੰਗਾਂ ਕਰਦੀਆਂ ਹਨ ਜਿੱਥੇ ਕਈ ਕਿੰਗਡਮ ਹਾਲ ਹਨ। ਐਤਵਾਰ ਵਾਲੇ ਦਿਨ ਭੈਣਾਂ-ਭਰਾਵਾਂ ਨੂੰ ਆਉਂਦੇ-ਜਾਂਦੇ ਦੇਖਣਾ ਕਿੰਨਾ ਵਧੀਆ ਲੱਗਦਾ ਹੈ।

ਅਸੀਂ ਭੈਣਾਂ-ਭਰਾਵਾਂ ਨਾਲ ਜਲਦੀ ਹੀ ਘੁਲ-ਮਿਲ ਗਏ ਜਿਹੜੇ ਬੜੇ ਹੀ ਨਿਮਰ ਸੁਭਾਅ ਦੇ ਹਨ ਤੇ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਜਦੋਂ ਮੈਨੂੰ ਭਾਸ਼ਾ ਸਮਝਣ ਵਿਚ ਮੁਸ਼ਕਲ ਆਉਂਦੀ ਹੈ, ਤਾਂ ਉਹ ਮੈਨੂੰ ਪਿਆਰ ਤੇ ਧੀਰਜ ਨਾਲ ਗੱਲ ਸਮਝਾ ਦਿੰਦੇ ਹਨ। ਉਹ ਸ਼ਬਦਾਂ ਤੋਂ ਜ਼ਿਆਦਾ ਇਸ਼ਾਰਿਆਂ ਵਿਚ ਹੀ ਗੱਲਾਂ ਸਮਝਾ ਦਿੰਦੇ ਹਨ।

ਸਾਨੂੰ ਭੈਣਾਂ-ਭਰਾਵਾਂ ’ਤੇ ਭਰੋਸਾ ਰੱਖਣ ਦੀ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਅਸੀਂ 2003 ਵਿਚ ਕੀਵ ਵਿਚ ਜ਼ਿਲ੍ਹਾ ਸੰਮੇਲਨ ਵਿਚ ਗਏ ਸੀ। ਅਸੀਂ ਭੀੜ-ਭੜੱਕੇ ਵਾਲੇ ਰੇਲਵੇ ਪਲੇਟਫਾਰਮ ’ਤੇ ਪਹੁੰਚੇ ਹੀ ਸੀ ਕਿ ਇਕ ਛੋਟੀ ਕੁੜੀ ਨੇ ਸਾਡੇ ਕੋਲ ਆ ਕੇ ਕਿਹਾ: “ਮੈਂ ਗੁਆਚ ਗਈ ਹਾਂ। ਮੈਨੂੰ ਮੇਰੀ ਨਾਨੀ ਨਹੀਂ ਲੱਭ ਰਹੀ ਹੈ।” ਕੁੜੀ ਨੇ ਸਾਡੇ ਬੈਜ ਕਾਰਡ ਦੇਖ ਲਏ ਸਨ ਤੇ ਉਸ ਨੂੰ ਪਤਾ ਲੱਗ ਗਿਆ ਕਿ ਅਸੀਂ ਗਵਾਹ ਹਾਂ। ਉਹ ਬਹੁਤ ਬਹਾਦਰ ਸੀ ਤੇ ਉਹ ਰੋਈ ਨਹੀਂ। ਇਕ ਸਰਕਟ ਨਿਗਾਹਬਾਨ ਦੀ ਪਤਨੀ, ਜੋ ਸਾਡੇ ਨਾਲ ਸੀ, ਉਸ ਨੂੰ ਸਟੇਡੀਅਮ ਵਿਚ “ਗੁਆਚਾ ਤੇ ਲੱਭਿਆ ਸਾਮਾਨ ਵਿਭਾਗ” ਵਿਚ ਲੈ ਗਈ। ਜਲਦੀ ਹੀ ਕੁੜੀ ਨੂੰ ਉਸ ਦੀ ਨਾਨੀ ਮਿਲ ਗਈ। ਮੈਨੂੰ ਇਸ ਕੁੜੀ ਦਾ ਗਵਾਹਾਂ ’ਤੇ ਭਰੋਸਾ ਰੱਖਣਾ ਬਹੁਤ ਚੰਗਾ ਲੱਗਾ ਜਦ ਕਿ ਉੱਥੇ ਹਜ਼ਾਰਾਂ ਹੀ ਲੋਕ ਸਨ।

ਮਈ 2001 ਵਿਚ ਬਹੁਤ ਸਾਰੇ ਦੇਸ਼ਾਂ ਤੋਂ ਭੈਣ-ਭਰਾ ਯੂਕਰੇਨ ਦੇ ਨਵੇਂ ਬ੍ਰਾਂਚ ਆਫ਼ਿਸ ਦੇ ਉਦਘਾਟਨ ’ਤੇ ਆਏ। ਇਕ ਸਟੇਡੀਅਮ ਵਿਚ ਐਤਵਾਰ ਨੂੰ ਸਵੇਰੇ ਖ਼ਾਸ ਭਾਸ਼ਣ ਤੋਂ ਬਾਅਦ ਬਹੁਤ ਸਾਰੇ ਭੈਣ-ਭਰਾ ਨਵੀਂ ਬ੍ਰਾਂਚ ਦੇਖਣ ਲਈ ਆਏ। ਭੀੜਾਂ ਦੀਆਂ ਭੀੜਾਂ ਨੂੰ ਤੁਰ ਕੇ ਆਉਂਦਿਆਂ ਦੇਖਣਾ ਕਿੰਨਾ ਹੀ ਵਧੀਆ ਨਜ਼ਾਰਾ ਸੀ! ਮੇਰੇ ਦਿਲ ਨੂੰ ਇਹ ਗੱਲ ਛੂਹ ਗਈ ਕਿ ਇਹ ਭੈਣ-ਭਰਾ ਕਿੰਨੇ ਸ਼ਾਂਤ ਸਨ ਤੇ ਕੋਈ ਧੱਕਾ-ਮੁੱਕੀ ਨਹੀਂ ਕਰ ਰਿਹਾ ਸੀ। ਮੇਰੀ ਇਸ ਗੱਲ ਲਈ ਕਦਰ ਹੋਰ ਵੀ ਵਧ ਗਈ ਕਿ ਰੱਬ ਦੀ ਸੇਵਾ ਕਰਨ ਨਾਲ ਹੀ ਖ਼ੁਸ਼ੀ ਮਿਲਦੀ ਹੈ।

ਦੁੱਖ ਭਰੀ ਘਟਨਾ

ਦੁੱਖ ਦੀ ਗੱਲ ਹੈ ਕਿ ਸਾਨੂੰ 2004 ਵਿਚ ਪਤਾ ਲੱਗਾ ਕਿ ਜੌਨ ਨੂੰ ਕੈਂਸਰ ਸੀ। ਅਸੀਂ ਉਸ ਦੇ ਇਲਾਜ ਲਈ ਕੈਨੇਡਾ ਗਏ। ਪਹਿਲੀ ਵਾਰ ਜਦੋਂ ਕੀਮੋਥੈਰੇਪੀ ਕੀਤੀ ਗਈ, ਤਾਂ ਉਸ ਦਾ ਸਰੀਰ ਉਸ ਨੂੰ ਸਹਾਰ ਨਹੀਂ ਸਕਿਆ। ਇਸ ਲਈ ਉਹ ਕਈ ਹਫ਼ਤੇ ਇਨਟੈਨਸਿਵ ਕੇਅਰ ਯੂਨਿਟ ਵਿਚ ਬੇਹੋਸ਼ ਰਿਹਾ। ਪਰ ਸ਼ੁਕਰ ਕਿ ਉਸ ਨੂੰ ਹੋਸ਼ ਆ ਗਿਆ। ਭਾਵੇਂ ਉਸ ਨੂੰ ਬੋਲਣ ਵਿਚ ਔਖਿਆਈ ਹੁੰਦੀ ਸੀ, ਪਰ ਉਹ ਅੱਖਾਂ ਵਿਚ ਹੀ ਉਨ੍ਹਾਂ ਦਾ ਧੰਨਵਾਦ ਕਰ ਦਿੰਦਾ ਸੀ ਜੋ ਉਸ ਨੂੰ ਮਿਲਣ ਆਉਂਦੇ ਸਨ।

ਪਰ ਉਹ ਠੀਕ ਨਹੀਂ ਹੋਇਆ ਤੇ ਉਸੇ ਸਾਲ ਨਵੰਬਰ ਵਿਚ ਉਸ ਦੀ ਮੌਤ ਹੋ ਗਈ। ਮੈਂ ਉਸ ਤੋਂ ਬਿਨਾਂ ਰਹਿਣ ਬਾਰੇ ਸੋਚ ਹੀ ਨਹੀਂ ਸਕਦੀ ਸੀ। ਸਾਨੂੰ ਦੋਨਾਂ ਨੂੰ ਯਹੋਵਾਹ ਦੀ ਸੇਵਾ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਸੀ। ਹੁਣ ਮੈਂ ਉਹ ਦੇ ਬਿਨਾਂ ਕੀ ਕਰਦੀ? ਮੈਂ ਯੂਕਰੇਨ ਵਾਪਸ ਜਾਣ ਦਾ ਫ਼ੈਸਲਾ ਕੀਤਾ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਬੈਥਲ ਪਰਿਵਾਰ ਤੇ ਮੰਡਲੀ ਦੇ ਭੈਣਾਂ-ਭਰਾਵਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ।

ਸਾਡੀ ਜ਼ਿੰਦਗੀ ਵਿਚ ਕਦੇ ਅਜਿਹਾ ਸਮਾਂ ਨਹੀਂ ਆਇਆ ਜਦੋਂ ਸਾਨੂੰ ਆਪਣੇ ਕੀਤੇ ਫ਼ੈਸਲਿਆਂ ਤੋਂ ਪਛਤਾਵਾ ਹੋਇਆ ਹੋਵੇ। ਸਾਨੂੰ ਜ਼ਿੰਦਗੀ ਵਿਚ ਬਹੁਤ ਖ਼ੁਸ਼ੀਆਂ ਤੇ ਭੈਣਾਂ-ਭਰਾਵਾਂ ਦਾ ਸਾਥ ਮਿਲਿਆ। ਮੈਨੂੰ ਪਤਾ ਹੈ ਕਿ ਯਹੋਵਾਹ ਦੀ ਭਲਾਈ ਬਾਰੇ ਸਿੱਖਣ ਲਈ ਅਜੇ ਵੀ ਬਹੁਤ ਕੁਝ ਹੈ। ਮੈਂ ਪਰਮੇਸ਼ੁਰ ਦੀ ਸੇਵਾ ਹਮੇਸ਼ਾ ਕਰਨੀ ਚਾਹੁੰਦੀ ਹਾਂ ਕਿਉਂਕਿ ਮੈਂ ‘ਯਹੋਵਾਹ ਦੇ ਸੱਜੇ ਹੱਥ ਸਦਾ ਖੁਸ਼ੀਆਂ’ ਪਾਈਆਂ ਹਨ।

[ਸਫ਼ਾ 6 ਉੱਤੇ ਸੁਰਖੀ]

“ਸਾਡੀ ਜ਼ਿੰਦਗੀ ਵਿਚ ਕਦੇ ਅਜਿਹਾ ਸਮਾਂ ਨਹੀਂ ਆਇਆ ਜਦੋਂ ਸਾਨੂੰ ਆਪਣੇ ਕੀਤੇ ਫ਼ੈਸਲਿਆਂ ਤੋਂ ਪਛਤਾਵਾ ਹੋਇਆ ਹੋਵੇ”

[ਸਫ਼ਾ 3 ਉੱਤੇ ਤਸਵੀਰ]

ਜਦੋਂ ਜੌਨ ਨਾਲ ਮੇਰਾ ਵਿਆਹ ਹੋਇਆ

[ਸਫ਼ਾ 4 ਉੱਤੇ ਤਸਵੀਰ]

ਜਦ ਮੈਂ ਰੈੱਡ ਲੇਕ, ਆਂਟੇਰੀਓ ਵਿਚ ਸਪੈਸ਼ਲ ਪਾਇਨੀਅਰ ਸੀ

[ਸਫ਼ਾ 5 ਉੱਤੇ ਤਸਵੀਰ]

2002 ਵਿਚ ਜੌਨ ਨਾਲ ਯੂਕਰੇਨ ਵਿਚ