Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜੇ ਕਿਸੇ ਮਸੀਹੀ ਦੀ ਪੋਰਨੋਗ੍ਰਾਫੀ ਦੇਖਣ ਦੀ ਆਦਤ ਬਹੁਤ ਵਧ ਗਈ ਹੈ, ਤਾਂ ਕੀ ਉਸ ਨੂੰ ਮੰਡਲੀ ਵਿੱਚੋਂ ਛੇਕਿਆ ਵੀ ਜਾ ਸਕਦਾ ਹੈ?

▪ ਜੀ ਹਾਂ, ਉਸ ਨੂੰ ਛੇਕਿਆ ਜਾ ਸਕਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਤਾਬਾਂ, ਰਸਾਲਿਆਂ ਤੇ ਇੰਟਰਨੈੱਟ ’ਤੇ ਅਸ਼ਲੀਲ ਕਹਾਣੀਆਂ ਨਾ ਪੜ੍ਹੀਏ ਅਤੇ ਅਸ਼ਲੀਲ ਤਸਵੀਰਾਂ, ਫ਼ਿਲਮਾਂ ਤੇ ਵਿਡਿਓ ਨਾ ਦੇਖੀਏ।

ਅੱਜ ਪੋਰਨੋਗ੍ਰਾਫੀ ਪੂਰੀ ਦੁਨੀਆਂ ਵਿਚ ਫੈਲੀ ਹੋਈ ਹੈ। ਇੰਟਰਨੈੱਟ ਉੱਤੇ ਇਸ ਦੀ ਭਰਮਾਰ ਹੈ ਅਤੇ ਇਸ ਲਾਹਨਤ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਦਿਨ-ਬਦਿਨ ਵਧਦੀ ਜਾ ਰਹੀ ਹੈ। ਕਈ ਲੋਕ, ਛੋਟੇ ਤੇ ਵੱਡੇ, ਕਈ ਵਾਰ ਅਣਜਾਣੇ ਵਿਚ ਇੰਟਰਨੈੱਟ ਉੱਤੇ ਪੋਰਨੋਗ੍ਰਾਫੀ ਦੀਆਂ ਸਾਈਟਾਂ ਉੱਤੇ ਚਲੇ ਜਾਂਦੇ ਹਨ। ਪਰ ਕਈ ਜਾਣ-ਬੁੱਝ ਕੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਕੋਈ ਡਰ ਨਹੀਂ ਹੁੰਦਾ ਕਿਉਂਕਿ ਉਹ ਆਪਣੇ ਘਰ ਜਾਂ ਦਫ਼ਤਰ ਵਿਚ ਇਕੱਲੇ ਅਸ਼ਲੀਲ ਸਾਹਿੱਤ ਪੜ੍ਹਦੇ ਜਾਂ ਅਸ਼ਲੀਲ ਪ੍ਰੋਗ੍ਰਾਮ ਦੇਖਦੇ ਹਨ। ਮਸੀਹੀਆਂ ਨੂੰ ਇਸ ਖ਼ਤਰੇ ਤੋਂ ਚੁਕੰਨੇ ਕਿਉਂ ਰਹਿਣਾ ਚਾਹੀਦਾ ਹੈ?

ਇਸ ਦਾ ਜਵਾਬ ਸਾਨੂੰ ਯਿਸੂ ਦੀ ਇਸ ਚੇਤਾਵਨੀ ਤੋਂ ਮਿਲਦਾ ਹੈ: “ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ, ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ।” (ਮੱਤੀ 5:28) ਸਰੀਰਕ ਸੰਬੰਧ ਪਤੀ-ਪਤਨੀ ਵਿਚ ਹੀ ਜਾਇਜ਼ ਹੁੰਦੇ ਹਨ। (ਕਹਾ. 5:15-19; 1 ਕੁਰਿੰ. 7:2-5) ਪਰ ਪੋਰਨੋਗ੍ਰਾਫੀ ਵਿਚ ਨਾਜਾਇਜ਼ ਸਰੀਰਕ ਸੰਬੰਧ ਦਿਖਾਏ ਜਾਂਦੇ ਹਨ ਜਿਨ੍ਹਾਂ ਕਰਕੇ ਮਨ ਵਿਚ ਗੰਦੇ ਖ਼ਿਆਲ ਆਉਂਦੇ ਹਨ ਅਤੇ ਯਿਸੂ ਨੇ ਇਸੇ ਦੇ ਖ਼ਿਲਾਫ਼ ਚੇਤਾਵਨੀ ਦਿੱਤੀ ਸੀ। ਅਸ਼ਲੀਲ ਸਾਹਿੱਤ ਪੜ੍ਹਨਾ ਜਾਂ ਅਸ਼ਲੀਲ ਤਸਵੀਰਾਂ ਵਗੈਰਾ ਦੇਖਣੀਆਂ ਪਰਮੇਸ਼ੁਰ ਦੀ ਇਸ ਸਲਾਹ ਦੇ ਬਿਲਕੁਲ ਉਲਟ ਹੈ: “ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ, ਗੰਦ-ਮੰਦ, ਕਾਮ-ਵਾਸ਼ਨਾ, ਬੁਰੀ ਇੱਛਾ ਅਤੇ ਲੋਭ, ਜੋ ਕਿ ਮੂਰਤੀ-ਪੂਜਾ ਹੈ।”—ਕੁਲੁ. 3:5.

ਉਦੋਂ ਕੀ ਜੇ ਕੋਈ ਮਸੀਹੀ ਇਕ ਜਾਂ ਦੋ ਵਾਰ ਪੋਰਨੋਗ੍ਰਾਫੀ ਦੇਖਦਾ ਹੈ? ਉਹ ਖ਼ਤਰਨਾਕ ਸਥਿਤੀ ਵਿਚ ਹੋ ਸਕਦਾ ਹੈ ਜਿਵੇਂ ਜ਼ਬੂਰਾਂ ਦੇ ਲਿਖਾਰੀ ਆਸਾਫ਼ ਨੇ ਲਿਖਿਆ ਸੀ: “ਮੇਰੇ ਪੈਰ ਫਿਸਲਣ, ਅਤੇ ਮੇਰੇ ਕਦਮ ਤਿਲਕਣ ਲੱਗੇ ਸਨ।” ਜੇ ਕੋਈ ਮਸੀਹੀ ਨੰਗੇ ਆਦਮੀਆਂ ਜਾਂ ਤੀਵੀਆਂ ਦੀਆਂ ਤਸਵੀਰਾਂ ਦੇਖਦਾ ਹੈ ਜਾਂ ਦੋ ਜਣਿਆਂ ਨੂੰ ਹਰਾਮਕਾਰੀ ਕਰਦਿਆਂ ਦੇਖਦਾ ਹੈ, ਤਾਂ ਉਸ ਦੀ ਜ਼ਮੀਰ ਕਿਵੇਂ ਸਾਫ਼ ਰਹਿ ਸਕਦੀ ਹੈ ਅਤੇ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਕਿਵੇਂ ਬਣਿਆ ਰਹਿ ਸਕਦਾ ਹੈ? ਉਹ ਵੀ ਆਸਾਫ਼ ਵਾਂਗ ਮਹਿਸੂਸ ਕਰੇਗਾ: “ਸਾਰਾ ਦਿਨ ਮੈਂ ਮਾਰ ਖਾਂਦਾ ਰਿਹਾ, ਅਤੇ ਹਰ ਸਵੇਰ ਨੂੰ ਮੇਰੀ ਤਾੜਨਾ ਹੋਈ।”—ਜ਼ਬੂ. 73:2, 14.

ਅਜਿਹੀ ਬੁਰਾਈ ਕਰਨ ਵਾਲੇ ਮਸੀਹੀ ਨੂੰ ਹੋਸ਼ ਵਿਚ ਆਉਣਾ ਚਾਹੀਦਾ ਹੈ ਅਤੇ ਮੰਡਲੀ ਦੇ ਬਜ਼ੁਰਗਾਂ ਤੋਂ ਮਦਦ ਲੈਣੀ ਚਾਹੀਦੀ ਹੈ। ਪੌਲੁਸ ਨੇ ਕਿਹਾ: “ਜੇ ਕੋਈ ਇਨਸਾਨ ਅਣਜਾਣੇ ਵਿਚ ਗ਼ਲਤ ਕਦਮ ਉਠਾ ਲਵੇ, ਤਾਂ ਤੁਸੀਂ ਜਿਹੜੇ ਸਮਝਦਾਰ ਹੋ, ਉਸ ਨੂੰ ਨਰਮਾਈ ਨਾਲ ਸੁਧਾਰਨ ਦੀ ਕੋਸ਼ਿਸ਼ ਕਰੋ। ਪਰ ਤੁਸੀਂ ਆਪਣੇ ਉੱਤੇ ਵੀ ਨਜ਼ਰ ਰੱਖੋ।” (ਗਲਾ. 6:1) ਇਕ ਜਾਂ ਦੋ ਬਜ਼ੁਰਗ ਉਸ ਮਸੀਹੀ ਦੀ ਮਦਦ ਕਰ ਸਕਦੇ ਹਨ ਅਤੇ ਉਨ੍ਹਾਂ ਵੱਲੋਂ ‘ਨਿਹਚਾ ਨਾਲ ਪ੍ਰਾਰਥਨਾਵਾਂ ਉਸ ਬੀਮਾਰ ਨੂੰ ਠੀਕ ਕਰ ਦੇਣਗੀਆਂ ਅਤੇ ਉਸ ਦੇ ਪਾਪ ਮਾਫ਼ ਕਰ ਦਿੱਤੇ ਜਾਣਗੇ।’ (ਯਾਕੂ. 5:13-15) ਜਿਨ੍ਹਾਂ ਨੇ ਪੋਰਨੋਗ੍ਰਾਫੀ ਦੀ ਲਾਹਨਤ ਤੋਂ ਬਚਣ ਲਈ ਬਜ਼ੁਰਗਾਂ ਦੀ ਮਦਦ ਲਈ ਹੈ, ਉਨ੍ਹਾਂ ਨੇ ਦੇਖਿਆ ਹੈ ਕਿ ਆਸਾਫ਼ ਵਾਂਗ ਉਨ੍ਹਾਂ ਲਈ ਵੀ ਪਰਮੇਸ਼ੁਰ ਦੇ ਨੇੜੇ ਰਹਿਣਾ ਚੰਗਾ ਹੈ।—ਜ਼ਬੂ. 73:28.

ਪਰ ਪੌਲੁਸ ਰਸੂਲ ਨੇ ਕਿਹਾ ਕਿ ਪਾਪ ਕਰਨ ਵਾਲੇ ਕੁਝ ਲੋਕਾਂ ਨੇ “ਆਪਣੇ ਗੰਦੇ-ਮੰਦੇ ਕੰਮਾਂ, ਹਰਾਮਕਾਰੀ ਅਤੇ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨ ਤੋਂ ਤੋਬਾ ਨਹੀਂ ਕੀਤੀ।” * (2 ਕੁਰਿੰ. 12:21) ‘ਗੰਦੇ-ਮੰਦੇ ਕੰਮ’ ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਬਾਰੇ ਇਕ ਪ੍ਰੋਫ਼ੈਸਰ ਨੇ ਲਿਖਿਆ ਕਿ ਇਸ ਦਾ ਮਤਲਬ ਹੈ “ਬਹੁਤ ਹੀ ਨੀਚ ਕੰਮ।” ਕਈ ਤਰ੍ਹਾਂ ਦੀ ਪੋਰਨੋਗ੍ਰਾਫੀ ਵਿਚ ਸਿਰਫ਼ ਨੰਗਾਪਣ ਜਾਂ ਕਿਸੇ ਆਦਮੀ-ਤੀਵੀਂ ਨੂੰ ਹਰਾਮਕਾਰੀ ਕਰਦੇ ਹੀ ਨਹੀਂ ਦਿਖਾਇਆ ਜਾਂਦਾ। ਨੀਚ ਕਿਸਮ ਦੀ ਪੋਰਨੋਗ੍ਰਾਫੀ ਵਿਚ ਆਦਮੀ-ਆਦਮੀ ਜਾਂ ਤੀਵੀਂ-ਤੀਵੀਂ ਵਿਚ ਸਰੀਰਕ ਸੰਬੰਧ, ਕਈ ਜਣਿਆਂ ਦੁਆਰਾ ਇਕੱਠੇ ਹੋ ਕੇ ਸਰੀਰਕ ਸੰਬੰਧ ਬਣਾਉਣ, ਜਾਨਵਰਾਂ ਨਾਲ ਸੰਭੋਗ ਕਰਨ, ਬੱਚਿਆਂ ਨਾਲ ਬਦਫ਼ੈਲੀ ਕਰਨ, ਸਮੂਹਕ ਬਲਾਤਕਾਰ ਕਰਨ, ਤੀਵੀਆਂ ਨਾਲ ਕਰੂਰਤਾ ਨਾਲ ਪੇਸ਼ ਆਉਣ, ਬੰਨ੍ਹ ਕੇ ਸੰਭੋਗ ਕਰਨ ਜਾਂ ਕਿਸੇ ਉੱਤੇ ਬੇਰਹਿਮੀ ਨਾਲ ਅਤਿਆਚਾਰ ਕਰ ਕੇ ਮਜ਼ਾ ਲੈਣ ਜਿਹੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਹਨ। ਪੌਲੁਸ ਦੇ ਦਿਨਾਂ ਵਿਚ ਜਿਨ੍ਹਾਂ ਲੋਕਾਂ ਦੇ “ਮਨ ਹਨੇਰੇ ਵਿਚ” ਸਨ, ਉਹ ‘ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਸਨ ਅਤੇ ਢੀਠ ਹੋ ਕੇ ਹਰ ਤਰ੍ਹਾਂ ਦੇ ਗੰਦੇ-ਮੰਦੇ ਕੰਮ ਲਾਲਚ ਨਾਲ ਕਰਦੇ ਸਨ।’ਅਫ਼. 4:18, 19.

ਪੌਲੁਸ ਨੇ ਗਲਾਤੀਆਂ 5:19 ਵਿਚ ਵੀ “ਗੰਦ-ਮੰਦ” ਦਾ ਜ਼ਿਕਰ ਕੀਤਾ ਸੀ। ਇਕ ਬ੍ਰਿਟਿਸ਼ ਵਿਦਵਾਨ ਨੇ ਕਿਹਾ ਕਿ “ਇੱਥੇ ਖ਼ਾਸ ਤੌਰ ਤੇ ਇਸ ਦਾ ਅਰਥ ਹਰ ਤਰ੍ਹਾਂ ਦੀ ਗ਼ੈਰ-ਕੁਦਰਤੀ ਕਾਮ-ਵਾਸ਼ਨਾ ਹੋ ਸਕਦਾ ਹੈ।” ਕਿਹੜਾ ਮਸੀਹੀ ਇਸ ਗੱਲ ਤੋਂ ਇਨਕਾਰ ਕਰੇਗਾ ਕਿ ਉੱਪਰ ਦੱਸੇ ਗਏ ਘਿਣਾਉਣੇ ਕੰਮ “ਗ਼ੈਰ-ਕੁਦਰਤੀ ਕਾਮ-ਵਾਸ਼ਨਾ” ਦਾ ਨਤੀਜਾ ਹਨ ਅਤੇ ਬਹੁਤ ਹੀ ਨੀਚ ਕੰਮ ਹਨ। ਪੌਲੁਸ ਨੇ ਗਲਾਤੀਆਂ 5:19-21 ਦੇ ਅਖ਼ੀਰ ਵਿਚ ਕਿਹਾ ਕਿ ‘ਜਿਹੜੇ ਲੋਕ ਇਨ੍ਹਾਂ ਗੰਦੇ-ਮੰਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ, ਉਹ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।’ ਸੋ ਜੇ ਕਿਸੇ ਨੂੰ ਘਿਣਾਉਣੀ ਕਿਸਮ ਦੀ ਪੋਰਨੋਗ੍ਰਾਫੀ ਦੇਖਣ ਦੀ ਬੁਰੀ ਆਦਤ ਪੈ ਜਾਂਦੀ ਹੈ ਅਤੇ ਉਸ ਨੂੰ ਲੰਬੇ ਸਮੇਂ ਤੋਂ ਇਹ ਆਦਤ ਹੈ ਅਤੇ ਉਹ ਤੋਬਾ ਕਰ ਕੇ ਇਹ ਆਦਤ ਨਹੀਂ ਛੱਡਦਾ, ਤਾਂ ਉਹ ਮਸੀਹੀ ਮੰਡਲੀ ਵਿਚ ਰਹਿਣ ਦੇ ਕਾਬਲ ਨਹੀਂ ਹੈ। ਮੰਡਲੀ ਨੂੰ ਸਾਫ਼ ਰੱਖਣ ਅਤੇ ਇਸ ਦੇ ਰਵੱਈਏ ਨੂੰ ਸਹੀ ਰੱਖਣ ਲਈ ਉਸ ਨੂੰ ਛੇਕ ਦਿੱਤਾ ਜਾਣਾ ਚਾਹੀਦਾ ਹੈ।—1 ਕੁਰਿੰ. 5:5, 11.

ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ਕੁਝ ਮਸੀਹੀ, ਜਿਨ੍ਹਾਂ ਨੂੰ ਘਿਣਾਉਣੀ ਪੋਰਨੋਗ੍ਰਾਫੀ ਦੇਖਣ ਦੀ ਆਦਤ ਪੈ ਗਈ ਸੀ, ਬਜ਼ੁਰਗਾਂ ਕੋਲ ਗਏ ਅਤੇ ਉਨ੍ਹਾਂ ਨੂੰ ਇਸ ਆਦਤ ਨੂੰ ਛੱਡਣ ਲਈ ਮਦਦ ਦਿੱਤੀ ਗਈ। ਯਿਸੂ ਨੇ ਸਾਰਦੀਸ ਦੀ ਮੰਡਲੀ ਦੇ ਮਸੀਹੀਆਂ ਨੂੰ ਬੇਨਤੀ ਕੀਤੀ ਸੀ: “ਜੋ ਕੁਝ ਮਰਨ ਕਿਨਾਰੇ ਹੈ, ਉਸ ਨੂੰ ਤਕੜਾ ਕਰ . . . ਤੈਨੂੰ ਬਿਲਕੁਲ ਵੀ ਪਤਾ ਨਹੀਂ ਹੋਵੇਗਾ ਕਿ ਮੈਂ ਕਿਹੜੇ ਵੇਲੇ ਆਵਾਂਗਾ।” (ਪ੍ਰਕਾ. 3:2, 3) ਤੋਬਾ ਕਰਨੀ ਤੇ ਵਿਨਾਸ਼ ਦੀ ਅੱਗ ਵਿੱਚੋਂ ਬਚਣਾ ਮੁਮਕਿਨ ਹੈ।—ਯਹੂ. 22, 23.

ਪਰ ਇਸ ਤੋਂ ਵੀ ਵਧੀਆ ਇਹ ਹੈ ਕਿ ਅਸੀਂ ਸਾਰੇ ਪੱਕਾ ਇਰਾਦਾ ਕਰੀਏ ਕਿ ਅਸੀਂ ਆਪਣੇ ਆਪ ਨੂੰ ਇਸ ਖ਼ਤਰਨਾਕ ਹਾਲਤ ਵਿਚ ਕਦੇ ਨਾ ਪੈਣ ਦੇਈਏ। ਜੀ ਹਾਂ, ਸਾਨੂੰ ਹਰ ਕਿਸਮ ਦੀ ਪੋਰਨੋਗ੍ਰਾਫੀ ਤੋਂ ਦੂਰ ਰਹਿਣ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ।

[ਫੁਟਨੋਟ]

^ ਪੈਰਾ 8 “ਗੰਦੇ-ਮੰਦੇ ਕੰਮਾਂ, ਹਰਾਮਕਾਰੀ ਅਤੇ ਲੁੱਚਪੁਣੇ (ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨ)” ਵਿਚ ਫ਼ਰਕ ਦੇਖਣ ਲਈ ਪਹਿਰਾਬੁਰਜ, 15 ਜੁਲਾਈ 2006 ਸਫ਼ੇ 29-31 ਦੇਖੋ।

[ਸਫ਼ਾ 30 ਉੱਤੇ ਸੁਰਖੀ]

ਅਜਿਹੀ ਬੁਰਾਈ ਕਰਨ ਵਾਲੇ ਮਸੀਹੀ ਨੂੰ ਹੋਸ਼ ਵਿਚ ਆਉਣਾ ਚਾਹੀਦਾ ਹੈ ਅਤੇ ਮੰਡਲੀ ਦੇ ਬਜ਼ੁਰਗਾਂ ਤੋਂ ਮਦਦ ਲੈਣੀ ਚਾਹੀਦੀ ਹੈ