Skip to content

Skip to table of contents

ਕੀ ਤੁਸੀਂ ਯਹੋਵਾਹ ਦੀ ਮਹਿਮਾ ਝਲਕਾਉਂਦੇ ਹੋ?

ਕੀ ਤੁਸੀਂ ਯਹੋਵਾਹ ਦੀ ਮਹਿਮਾ ਝਲਕਾਉਂਦੇ ਹੋ?

ਕੀ ਤੁਸੀਂ ਯਹੋਵਾਹ ਦੀ ਮਹਿਮਾ ਝਲਕਾਉਂਦੇ ਹੋ?

“ਅਸੀਂ ਸ਼ੀਸ਼ੇ ਵਾਂਗ ਯਹੋਵਾਹ ਦੀ ਮਹਿਮਾ ਝਲਕਾਉਂਦੇ ਹਾਂ।”—2 ਕੁਰਿੰ. 3:18.

ਤੁਸੀਂ ਕੀ ਜਵਾਬ ਦਿਓਗੇ?

ਪਾਪੀ ਹੋਣ ਦੇ ਬਾਵਜੂਦ ਵੀ ਅਸੀਂ ਯਹੋਵਾਹ ਦੀ ਮਹਿਮਾ ਕਿਵੇਂ ਕਰ ਸਕਦੇ ਹਾਂ?

ਪਰਮੇਸ਼ੁਰ ਦੀ ਮਹਿਮਾ ਝਲਕਾਉਣ ਵਿਚ ਪ੍ਰਾਰਥਨਾਵਾਂ ਤੇ ਮੀਟਿੰਗਾਂ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ?

ਕਿਹੜੀ ਗੱਲ ਯਹੋਵਾਹ ਦੀ ਮਹਿਮਾ ਕਰਦੇ ਰਹਿਣ ਵਿਚ ਸਾਡੀ ਮਦਦ ਕਰ ਸਕਦੀ ਹੈ?

1, 2. ਇਹ ਉਮੀਦ ਰੱਖਣੀ ਠੀਕ ਕਿਉਂ ਹੈ ਕਿ ਅਸੀਂ ਯਹੋਵਾਹ ਵਰਗੇ ਗੁਣ ਦਿਖਾ ਸਕਦੇ ਹਾਂ?

ਅਸੀਂ ਸਾਰੇ ਕਿਸੇ-ਨਾ-ਕਿਸੇ ਗੱਲ ਵਿਚ ਆਪਣੇ ਮਾਪਿਆਂ ਵਰਗੇ ਹੁੰਦੇ ਹਾਂ। ਇਸ ਲਈ ਸਾਨੂੰ ਉਦੋਂ ਕੋਈ ਹੈਰਾਨੀ ਨਹੀਂ ਹੁੰਦੀ ਜਦੋਂ ਕੋਈ ਕਿਸੇ ਮੁੰਡੇ ਨੂੰ ਕਹਿੰਦਾ ਹੈ, ‘ਤੂੰ ਤਾਂ ਨਿਰਾ-ਪੁਰਾ ਆਪਣੇ ਡੈਡੀ ’ਤੇ ਗਿਆ ਹੈਂ।’ ਜਾਂ ਕਿਸੇ ਕੁੜੀ ਨੂੰ ਕਹਿੰਦਾ ਹੈ, ‘ਤੈਨੂੰ ਦੇਖ ਕੇ ਤਾਂ ਤੇਰੀ ਮੰਮੀ ਦਾ ਭੁਲੇਖਾ ਪੈਂਦਾ ਹੈ।’ ਬੱਚੇ ਅਕਸਰ ਆਪਣੇ ਮਾਪਿਆਂ ਦੀ ਰੀਸ ਕਰਦੇ ਹਨ। ਪਰ ਸਾਡੇ ਬਾਰੇ ਕੀ? ਕੀ ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਦੀ ਰੀਸ ਕਰਦੇ ਹਾਂ? ਭਾਵੇਂ ਅਸੀਂ ਉਸ ਨੂੰ ਦੇਖਿਆ ਨਹੀਂ ਹੈ, ਪਰ ਅਸੀਂ ਉਸ ਦੇ ਬਚਨ ਦੀ ਸਟੱਡੀ ਕਰ ਕੇ, ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਦੇਖ ਕੇ ਅਤੇ ਬਾਈਬਲ ਵਿਚ ਪੜ੍ਹੀਆਂ ਗੱਲਾਂ ’ਤੇ ਮਨਨ ਕਰ ਕੇ ਉਸ ਦੇ ਗੁਣਾਂ ਬਾਰੇ ਜਾਣ ਸਕਦੇ ਹਾਂ। ਖ਼ਾਸ ਕਰ ਕੇ ਅਸੀਂ ਉਸ ਦੇ ਪੁੱਤਰ ਯਿਸੂ ਮਸੀਹ ਦੀਆਂ ਸਿੱਖਿਆਵਾਂ ਤੇ ਉਸ ਦੇ ਕੰਮਾਂ ਤੋਂ ਪਰਮੇਸ਼ੁਰ ਦੇ ਗੁਣਾਂ ਬਾਰੇ ਸਿੱਖ ਸਕਦੇ ਹਾਂ। (ਯੂਹੰ. 1:18; ਰੋਮੀ. 1:20) ਸਾਡੇ ਲਈ ਯਹੋਵਾਹ ਦੀ ਮਹਿਮਾ ਝਲਕਾਉਣੀ ਮੁਮਕਿਨ ਹੈ।

2 ਆਦਮ ਤੇ ਹੱਵਾਹ ਨੂੰ ਬਣਾਉਣ ਤੋਂ ਪਹਿਲਾਂ ਪਰਮੇਸ਼ੁਰ ਨੂੰ ਯਕੀਨ ਸੀ ਕਿ ਇਨਸਾਨ ਉਸ ਦੀ ਇੱਛਾ ਪੂਰੀ ਕਰਨਗੇ, ਉਸ ਵਰਗੇ ਗੁਣ ਦਿਖਾਉਣਗੇ ਤੇ ਉਸ ਦੀ ਮਹਿਮਾ ਕਰਨਗੇ। (ਉਤਪਤ 1:26, 27 ਪੜ੍ਹੋ।) ਭਗਤੀ ਕਰਦਿਆਂ ਸਾਨੂੰ ਆਪਣੇ ਸਿਰਜਣਹਾਰ ਵਰਗੇ ਗੁਣ ਦਿਖਾਉਣੇ ਚਾਹੀਦੇ ਹਨ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਮਹਿਮਾ ਝਲਕਾਉਣ ਦਾ ਸਨਮਾਨ ਮਿਲੇਗਾ ਭਾਵੇਂ ਅਸੀਂ ਜਿਸ ਮਰਜ਼ੀ ਸਭਿਆਚਾਰ ਜਾਂ ਪਿਛੋਕੜ ਦੇ ਹੋਈਏ ਜਾਂ ਅਸੀਂ ਪੜ੍ਹੇ-ਲਿਖੇ ਹੋਈਏ ਜਾਂ ਅਨਪੜ੍ਹ ਹੋਈਏ। ਕਿਉਂ? ਕਿਉਂਕਿ “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।”—ਰਸੂ. 10:34, 35.

3. ਯਹੋਵਾਹ ਦੀ ਸੇਵਾ ਕਰਦਿਆਂ ਮਸੀਹੀ ਕੀ ਮਹਿਸੂਸ ਕਰਦੇ ਹਨ?

3 ਚੁਣੇ ਹੋਏ ਮਸੀਹੀ ਯਹੋਵਾਹ ਦੀ ਮਹਿਮਾ ਝਲਕਾਉਂਦੇ ਹਨ। ਇਨ੍ਹਾਂ ਵਿੱਚੋਂ ਇਕ ਮਸੀਹੀ ਪੌਲੁਸ ਰਸੂਲ ਨੇ ਲਿਖਿਆ: “ਸਾਡੇ ਸਾਰਿਆਂ ਦੇ ਮੂੰਹ ਉੱਤੇ ਪਰਦਾ ਨਹੀਂ ਪਿਆ ਹੋਇਆ ਹੈ ਅਤੇ ਅਸੀਂ ਸ਼ੀਸ਼ੇ ਵਾਂਗ ਯਹੋਵਾਹ ਦੀ ਮਹਿਮਾ ਝਲਕਾਉਂਦੇ ਹਾਂ। ਇਸ ਤਰ੍ਹਾਂ ਕਰਦੇ ਹੋਏ ਅਸੀਂ ਉਸ ਦੇ ਰੂਪ ਅਨੁਸਾਰ ਬਦਲਦੇ ਜਾਂਦੇ ਹਾਂ ਅਤੇ ਸਾਡੀ ਮਹਿਮਾ ਹੋਰ ਵੀ ਵਧਦੀ ਜਾਂਦੀ ਹੈ।” (2 ਕੁਰਿੰ. 3:18) ਜਦੋਂ ਮੂਸਾ ਸੀਨਈ ਪਹਾੜ ਤੋਂ 10 ਹੁਕਮਾਂ ਦੀਆਂ ਫੱਟੀਆਂ ਲੈ ਕੇ ਥੱਲੇ ਆਇਆ ਸੀ, ਤਾਂ ਉਸ ਦਾ ਚਿਹਰਾ ਚਮਕ ਰਿਹਾ ਸੀ ਕਿਉਂਕਿ ਯਹੋਵਾਹ ਨੇ ਉਸ ਨਾਲ ਗੱਲ ਕੀਤੀ ਸੀ। (ਕੂਚ 34:29, 30) ਭਾਵੇਂ ਮਸੀਹੀਆਂ ਨਾਲ ਇੱਦਾਂ ਨਹੀਂ ਹੋਇਆ ਹੈ ਤੇ ਉਨ੍ਹਾਂ ਦੇ ਚਿਹਰੇ ਨਹੀਂ ਚਮਕਦੇ ਹਨ, ਪਰ ਦੂਜਿਆਂ ਨੂੰ ਯਹੋਵਾਹ, ਉਸ ਦੇ ਗੁਣਾਂ ਤੇ ਮਨੁੱਖਜਾਤੀ ਲਈ ਉਸ ਦੇ ਵਧੀਆ ਮਕਸਦ ਬਾਰੇ ਦੱਸਦੇ ਵੇਲੇ ਉਨ੍ਹਾਂ ਦੇ ਚਿਹਰੇ ਖ਼ੁਸ਼ੀ ਨਾਲ ਖਿੜ ਜਾਂਦੇ ਹਨ। ਪੁਰਾਣੇ ਸਮੇਂ ਦੇ ਧਾਤ ਦੇ ਬਣੇ ਲਿਸ਼ਕਦੇ ਸ਼ੀਸ਼ਿਆਂ ਦੀ ਤਰ੍ਹਾਂ ਚੁਣੇ ਹੋਏ ਮਸੀਹੀ ਤੇ ਵੱਡੀ ਭੀੜ ਦੇ ਮਸੀਹੀ ਆਪਣੀ ਜ਼ਿੰਦਗੀ ਤੇ ਸੇਵਕਾਈ ਦੇ ਜ਼ਰੀਏ ਯਹੋਵਾਹ ਦੀ ਮਹਿਮਾ ਝਲਕਾਉਂਦੇ ਹਨ। (2 ਕੁਰਿੰ. 4:1) ਕੀ ਤੁਸੀਂ ਆਪਣਾ ਚਾਲ-ਚਲਣ ਸ਼ੁੱਧ ਰੱਖ ਕੇ ਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਯਹੋਵਾਹ ਦੀ ਮਹਿਮਾ ਝਲਕਾਉਂਦੇ ਹੋ?

ਯਹੋਵਾਹ ਦੀ ਮਹਿਮਾ ਕਰਨ ਦੀ ਇੱਛਾ

4, 5. (ੳ) ਪੌਲੁਸ ਦੀ ਤਰ੍ਹਾਂ ਅਸੀਂ ਕਿਹੜਾ ਸੰਘਰਸ਼ ਕਰ ਰਹੇ ਹਾਂ? (ਅ) ਪਾਪ ਨੇ ਸਾਡੇ ’ਤੇ ਕੀ ਅਸਰ ਪਾਇਆ ਹੈ?

4 ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਆਪਣੇ ਹਰ ਕੰਮ ਰਾਹੀਂ ਆਪਣੇ ਸਿਰਜਣਹਾਰ ਦੀ ਮਹਿਮਾ ਕਰਨੀ ਚਾਹੁੰਦੇ ਹਾਂ। ਪਰ ਅਕਸਰ ਅਸੀਂ ਉਹ ਨਹੀਂ ਕਰ ਪਾਉਂਦੇ ਜੋ ਅਸੀਂ ਕਰਨਾ ਚਾਹੁੰਦੇ ਹਾਂ। ਪੌਲੁਸ ਨੂੰ ਵੀ ਇਸ ਸਮੱਸਿਆ ਨਾਲ ਲੜਨਾ ਪਿਆ ਸੀ। (ਰੋਮੀਆਂ 7:21-25 ਪੜ੍ਹੋ।) ਉਸ ਨੇ ਸਮਝਾਇਆ ਕਿ ਸਾਨੂੰ ਕਿਉਂ ਸੰਘਰਸ਼ ਕਰਨਾ ਪੈਂਦਾ ਹੈ। ਪੌਲੁਸ ਨੇ ਲਿਖਿਆ: “ਸਾਰਿਆਂ ਨੇ ਪਾਪ ਕੀਤਾ ਹੈ ਅਤੇ ਸਾਰੇ ਪਰਮੇਸ਼ੁਰ ਦੇ ਸ਼ਾਨਦਾਰ ਗੁਣ ਜ਼ਾਹਰ ਕਰਨ ਵਿਚ ਨਾਕਾਮਯਾਬ ਹੋਏ ਹਨ।” (ਰੋਮੀ. 3:23) ਜੀ ਹਾਂ, ਆਦਮ ਤੋਂ ਵਿਰਾਸਤ ਵਿਚ ਮਿਲੇ ਪਾਪ ਕਰਕੇ ਅਸੀਂ ਸਾਰੇ ਪਾਪ ਦੇ ਗ਼ੁਲਾਮ ਹਾਂ।—ਰੋਮੀ. 5:12; 6:12.

5 ਪਾਪ ਕੀ ਹੈ? ਯਹੋਵਾਹ ਦੀ ਸ਼ਖ਼ਸੀਅਤ, ਉਸ ਦੇ ਰਾਹਾਂ, ਅਸੂਲਾਂ ਤੇ ਉਸ ਦੀ ਇੱਛਾ ਤੋਂ ਉਲਟ ਕੀਤਾ ਕੋਈ ਵੀ ਕੰਮ ਪਾਪ ਹੈ। ਪਾਪ ਪਰਮੇਸ਼ੁਰ ਨਾਲ ਇਨਸਾਨ ਦੇ ਰਿਸ਼ਤੇ ਨੂੰ ਵਿਗਾੜਦਾ ਹੈ। ਜਿੱਦਾਂ ਨਿਸ਼ਾਨੇਬਾਜ਼ ਤੀਰ ਨਿਸ਼ਾਨੇ ’ਤੇ ਲਗਾਉਣ ਤੋਂ ਖੁੰਝ ਜਾਂਦਾ ਹੈ, ਉਸੇ ਤਰ੍ਹਾਂ ਪਾਪ ਕਰਨ ਕਰਕੇ ਇਨਸਾਨ ਪਰਮੇਸ਼ੁਰ ਦੀ ਮਹਿਮਾ ਕਰਨ ਤੋਂ ਖੁੰਝ ਜਾਂਦਾ ਹੈ। ਅਸੀਂ ਅਣਜਾਣੇ ਵਿਚ ਜਾਂ ਜਾਣ-ਬੁੱਝ ਕੇ ਪਾਪ ਕਰਦੇ ਹਾਂ। (ਗਿਣ. 15:27-31) ਪਾਪ ਇਨਸਾਨ ਦੀ ਰਗ-ਰਗ ਵਿਚ ਵਸਿਆ ਹੋਇਆ ਹੈ ਅਤੇ ਇਹ ਇਨਸਾਨ ਤੇ ਸਿਰਜਣਹਾਰ ਵਿਚ ਕੰਧ ਵਾਂਗ ਖੜ੍ਹਾ ਹੈ। (ਜ਼ਬੂ. 51:5; ਯਸਾ. 59:2; ਕੁਲੁ. 1:21) ਇਸ ਲਈ ਜ਼ਿਆਦਾਤਰ ਲੋਕ ਪਰਮੇਸ਼ੁਰ ਯਹੋਵਾਹ ਤੋਂ ਬਿਲਕੁਲ ਦੂਰ ਹੋ ਚੁੱਕੇ ਹਨ ਤੇ ਉਸ ਦੀ ਮਹਿਮਾ ਕਰਨ ਦਾ ਅਨਮੋਲ ਮੌਕਾ ਗੁਆ ਰਹੇ ਹਨ। ਬਿਨਾਂ ਸ਼ੱਕ ਪਾਪ ਇਨਸਾਨਾਂ ਨੂੰ ਲੱਗੀ ਸਭ ਤੋਂ ਭੈੜੀ ਬੀਮਾਰੀ ਹੈ।

6. ਪਾਪੀ ਹੋਣ ਦੇ ਬਾਵਜੂਦ ਅਸੀਂ ਪਰਮੇਸ਼ੁਰ ਦੀ ਮਹਿਮਾ ਕਿਉਂ ਕਰ ਸਕਦੇ ਹਾਂ?

6 ਭਾਵੇਂ ਅਸੀਂ ਪਾਪੀ ਹਾਂ, ਪਰ ਯਹੋਵਾਹ ਨੇ ਸਾਨੂੰ ਉਮੀਦ ਦਿੱਤੀ ਹੈ। (ਰੋਮੀ. 15:13) ਉਸ ਨੇ ਯਿਸੂ ਦੀ ਕੁਰਬਾਨੀ ਦੇ ਜ਼ਰੀਏ ਦੁਨੀਆਂ ਵਿੱਚੋਂ ਪਾਪ ਖ਼ਤਮ ਕਰਨ ਦਾ ਪ੍ਰਬੰਧ ਕੀਤਾ ਹੈ। ਯਿਸੂ ਦੀ ਕੁਰਬਾਨੀ ’ਤੇ ਵਿਸ਼ਵਾਸ ਰੱਖਣ ਕਰਕੇ ਹੁਣ ਅਸੀਂ “ਪਾਪ ਦੇ ਗ਼ੁਲਾਮ” ਨਹੀਂ ਰਹੇ, ਪਰ ਅਸੀਂ ਪਰਮੇਸ਼ੁਰ ਦੇ ਦੋਸਤ ਬਣ ਕੇ ਉਸ ਦੀ ਮਹਿਮਾ ਝਲਕਾ ਸਕਦੇ ਹਾਂ। (ਰੋਮੀ. 5:19; 6:6; ਯੂਹੰ. 3:16) ਉਸ ਦੇ ਦੋਸਤ ਬਣੇ ਰਹਿਣ ਨਾਲ ਉਹ ਸਾਨੂੰ ਅੱਜ ਜ਼ਰੂਰ ਬਰਕਤਾਂ ਦੇਵੇਗਾ। ਭਵਿੱਖ ਵਿਚ ਉਹ ਸਾਨੂੰ ਮੁਕੰਮਲ ਬਣਾ ਕੇ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਸਾਡੇ ਲਈ ਇਹ ਕਿੰਨੇ ਮਾਣ ਦੀ ਗੱਲ ਹੈ ਕਿ ਯਹੋਵਾਹ ਸਾਡੇ ਵਰਗੇ ਪਾਪੀ ਇਨਸਾਨਾਂ ਨੂੰ ਆਪਣੀ ਮਹਿਮਾ ਕਰਨ ਦੇ ਕਾਬਲ ਸਮਝਦਾ ਹੈ!

ਪਰਮੇਸ਼ੁਰ ਦੀ ਮਹਿਮਾ ਕਰਨ ਵਿਚ ਮਦਦ

7. ਪਰਮੇਸ਼ੁਰ ਦੀ ਮਹਿਮਾ ਝਲਕਾਉਣ ਲਈ ਸਾਨੂੰ ਕੀ ਪਛਾਣਨ ਦੀ ਲੋੜ ਹੈ?

7 ਪਾਪੀ ਹੋਣ ਕਰਕੇ ਸਾਡੇ ਸਾਰਿਆਂ ਵਿਚ ਕਮੀਆਂ-ਕਮਜ਼ੋਰੀਆਂ ਹਨ। ਜੇ ਅਸੀਂ ਯਹੋਵਾਹ ਦੀ ਮਹਿਮਾ ਝਲਕਾਉਣੀ ਚਾਹੁੰਦੇ ਹਾਂ, ਤਾਂ ਸਾਨੂੰ ਸਾਰਿਆਂ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਪਛਾਣਨ ਦੀ ਲੋੜ ਹੈ। (2 ਇਤ. 6:36) ਨਾਲੇ ਸਾਨੂੰ ਇਨ੍ਹਾਂ ਉੱਤੇ ਕਾਬੂ ਪਾਉਣ ਦਾ ਜਤਨ ਕਰਦੇ ਰਹਿਣਾ ਚਾਹੀਦਾ ਹੈ। ਮਿਸਾਲ ਲਈ, ਜੇ ਸਾਨੂੰ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਵਗੈਰਾ ਦੇਖਣ ਦੀ ਆਦਤ ਹੈ, ਤਾਂ ਸਾਨੂੰ ਬਜ਼ੁਰਗਾਂ ਕੋਲ ਜਾ ਕੇ ਆਪਣੀ ਗ਼ਲਤੀ ਕਬੂਲ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਤੋਂ ਮਦਦ ਮੰਗਣੀ ਚਾਹੀਦੀ ਹੈ। (ਯਾਕੂ. 5:14, 15) ਇਹ ਪਹਿਲਾ ਕਦਮ ਹੈ ਜੇ ਅਸੀਂ ਵਾਕਈ ਯਹੋਵਾਹ ਦੀ ਮਹਿਮਾ ਝਲਕਾਉਣੀ ਚਾਹੁੰਦੇ ਹਾਂ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਜ਼ਿੰਦਗੀ ਵਿਚ ਉਹੀ ਕੁਝ ਕਰੀਏ ਜੋ ਪਰਮੇਸ਼ੁਰ ਸਾਡੇ ਤੋਂ ਆਸ ਰੱਖਦਾ ਹੈ। (ਕਹਾ. 28:18; 1 ਕੁਰਿੰ. 10:12) ਭਾਵੇਂ ਸਾਡੇ ਵਿਚ ਜਿਹੜੀਆਂ ਮਰਜ਼ੀ ਕਮੀਆਂ-ਕਮਜ਼ੋਰੀਆਂ ਹੋਣ, ਪਰ ਸਾਨੂੰ ਇਨ੍ਹਾਂ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਤਾਂਕਿ ਅਸੀਂ ਪਰਮੇਸ਼ੁਰ ਦੀ ਮਹਿਮਾ ਕਰ ਸਕੀਏ।

8. ਭਾਵੇਂ ਅਸੀਂ ਪਾਪੀ ਹਾਂ, ਪਰ ਸਾਨੂੰ ਕੀ ਕਰਨਾ ਚਾਹੀਦਾ ਹੈ?

8 ਯਿਸੂ ਹੀ ਧਰਤੀ ’ਤੇ ਇਸ ਤਰ੍ਹਾਂ ਦਾ ਵਿਅਕਤੀ ਸੀ ਜਿਸ ਨੇ ਹਮੇਸ਼ਾ ਯਹੋਵਾਹ ਨੂੰ ਖ਼ੁਸ਼ ਕੀਤਾ ਅਤੇ ਉਸ ਦੀ ਮਹਿਮਾ ਕੀਤੀ। ਯਿਸੂ ਦੀ ਤਰ੍ਹਾਂ ਅਸੀਂ ਮੁਕੰਮਲ ਨਹੀਂ ਹਾਂ, ਪਰ ਫਿਰ ਵੀ ਸਾਨੂੰ ਉਸ ਦੀ ਮਿਸਾਲ ’ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। (1 ਪਤ. 2:21) ਯਿਸੂ ਦੀ ਮਿਸਾਲ ਉੱਤੇ ਚੱਲ ਕੇ ਅਸੀਂ ਯਹੋਵਾਹ ਦੀ ਮਹਿਮਾ ਕਰਨ ਦੇ ਜੋ ਜਤਨ ਕਰਦੇ ਹਾਂ, ਉਨ੍ਹਾਂ ਨੂੰ ਯਹੋਵਾਹ ਧਿਆਨ ਵਿਚ ਰੱਖਦਾ ਹੈ ਤੇ ਸਾਡੀ ਮਦਦ ਕਰਦਾ ਹੈ।

9. ਜਿਹੜੇ ਮਸੀਹੀ ਪਰਮੇਸ਼ੁਰ ਦੇ ਹੁਕਮਾਂ ਅਨੁਸਾਰ ਚੱਲਣਾ ਚਾਹੁੰਦੇ ਹਨ, ਉਨ੍ਹਾਂ ਦੀ ਬਾਈਬਲ ਕਿਵੇਂ ਮਦਦ ਕਰਦੀ ਹੈ?

9 ਯਹੋਵਾਹ ਦਾ ਬਚਨ ਆਪਣੇ ਆਪ ਨੂੰ ਸੁਧਾਰਨ ਵਿਚ ਸਾਡੀ ਮਦਦ ਕਰਦਾ ਹੈ। ਇਸ ਕਰਕੇ ਬਾਈਬਲ ਦਾ ਡੂੰਘਾ ਅਧਿਐਨ ਕਰਨਾ ਤੇ ਪੜ੍ਹਦੇ ਵੇਲੇ ਇਸ ਦੀਆਂ ਗੱਲਾਂ ’ਤੇ ਮਨਨ ਕਰਨਾ ਜ਼ਰੂਰੀ ਹੈ। (ਜ਼ਬੂ. 1:1-3) ਹਰ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹਨ ਨਾਲ ਸਾਡੇ ਵਿਚ ਸੁਧਾਰ ਹੋਵੇਗਾ। (ਯਾਕੂਬ 1:22-25 ਪੜ੍ਹੋ।) ਸਾਡੀ ਨਿਹਚਾ ਦਾ ਆਧਾਰ ਬਾਈਬਲ ਹੈ ਅਤੇ ਇਸ ਦਾ ਗਿਆਨ ਪਾਪ ਤੋਂ ਦੂਰ ਰਹਿਣ ਤੇ ਯਹੋਵਾਹ ਨੂੰ ਖ਼ੁਸ਼ ਕਰਨ ਦੇ ਸਾਡੇ ਇਰਾਦੇ ਨੂੰ ਪੱਕਾ ਕਰਦਾ ਹੈ।—ਜ਼ਬੂ. 119:11, 47, 48.

10. ਯਹੋਵਾਹ ਦੀ ਸੇਵਾ ਹੋਰ ਚੰਗੀ ਤਰ੍ਹਾਂ ਕਰਨ ਵਿਚ ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

10 ਪਰਮੇਸ਼ੁਰ ਦੀ ਮਹਿਮਾ ਕਰਨ ਲਈ ਸਾਨੂੰ “ਪ੍ਰਾਰਥਨਾ ਲਗਾਤਾਰ ਕਰਦੇ” ਰਹਿਣ ਦੀ ਵੀ ਲੋੜ ਹੈ। (ਰੋਮੀ. 12:12) ਯਹੋਵਾਹ ਦੀ ਭਗਤੀ ਸਹੀ ਤਰੀਕੇ ਨਾਲ ਕਰਨ ਲਈ ਸਾਨੂੰ ਪ੍ਰਾਰਥਨਾ ਕਰ ਕੇ ਉਸ ਤੋਂ ਮਦਦ ਮੰਗਣੀ ਚਾਹੀਦੀ ਹੈ। ਅਸੀਂ ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ, ਹੋਰ ਨਿਹਚਾ, ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਤਾਕਤ ਤੇ ‘ਸੱਚਾਈ ਦੇ ਬਚਨ ਨੂੰ ਸਹੀ ਢੰਗ ਨਾਲ ਸਿਖਾਉਣ ਅਤੇ ਸਮਝਾਉਣ’ ਦੀ ਕਾਬਲੀਅਤ ਮੰਗ ਸਕਦੇ ਹਾਂ। (2 ਤਿਮੋ. 2:15; ਮੱਤੀ 6:13; ਲੂਕਾ 11:13; 17:5) ਜਿੱਦਾਂ ਇਕ ਬੱਚਾ ਆਪਣੇ ਪਿਤਾ ’ਤੇ ਨਿਰਭਰ ਹੁੰਦਾ ਹੈ, ਉੱਦਾਂ ਹੀ ਸਾਨੂੰ ਆਪਣੇ ਸਵਰਗੀ ਪਿਤਾ ਯਹੋਵਾਹ ’ਤੇ ਨਿਰਭਰ ਹੋਣ ਦੀ ਲੋੜ ਹੈ। ਸਾਨੂੰ ਭਰੋਸਾ ਹੈ ਕਿ ਜੇ ਅਸੀਂ ਉਸ ਦੀ ਸੇਵਾ ਹੋਰ ਚੰਗੀ ਤਰ੍ਹਾਂ ਕਰਨ ਲਈ ਮਦਦ ਮੰਗਦੇ ਹਾਂ, ਤਾਂ ਉਹ ਸਾਡੀ ਮਦਦ ਜ਼ਰੂਰ ਕਰੇਗਾ। ਸਾਨੂੰ ਇੱਦਾਂ ਕਦੀ ਵੀ ਨਹੀਂ ਸੋਚਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਨੂੰ ਖੇਚਲ਼ ਦੇ ਰਹੇ ਹਾਂ! ਆਓ ਅਸੀਂ ਪ੍ਰਾਰਥਨਾ ਵਿਚ ਉਸ ਦੀ ਵਡਿਆਈ ਕਰੀਏ, ਉਸ ਦਾ ਸ਼ੁਕਰ ਕਰੀਏ ਤੇ ਖ਼ਾਸ ਕਰਕੇ ਅਜ਼ਮਾਇਸ਼ਾਂ ਦੌਰਾਨ ਉਸ ਦੀ ਸਲਾਹ ਲਈਏ। ਇਸ ਦੇ ਨਾਲ-ਨਾਲ ਸਾਨੂੰ ਉਸ ਦੇ ਪਵਿੱਤਰ ਨਾਂ ਦੀ ਮਹਿਮਾ ਕਰਨ ਲਈ ਮਦਦ ਮੰਗਣੀ ਚਾਹੀਦੀ ਹੈ।—ਜ਼ਬੂ. 86:12; ਯਾਕੂ. 1:5-7.

11. ਮੀਟਿੰਗਾਂ ਯਹੋਵਾਹ ਦੀ ਮਹਿਮਾ ਝਲਕਾਉਣ ਵਿਚ ਸਾਡੀ ਕਿੱਦਾਂ ਮਦਦ ਕਰਦੀਆਂ ਹਨ?

11 ਯਹੋਵਾਹ ਨੇ ਆਪਣੀਆਂ ਅਨਮੋਲ ਭੇਡਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਦਿੱਤੀ ਹੈ। (ਮੱਤੀ 24:45-47; ਜ਼ਬੂ. 100:3) ਯਹੋਵਾਹ ਦੀ ਮਹਿਮਾ ਕਰਨ ਵਿਚ ਸਮਝਦਾਰ ਨੌਕਰ ਸਾਡੀ ਮਦਦ ਕਰਨੀ ਚਾਹੁੰਦਾ ਹੈ। ਉਹ ਮੀਟਿੰਗਾਂ ਦੇ ਜ਼ਰੀਏ ਸਾਡੀ ਮਦਦ ਕਰਦਾ ਹੈ। ਜਿਵੇਂ ਦਰਜ਼ੀ ਸਾਡੇ ਕੱਪੜਿਆਂ ਦੀ ਫਿਟਿੰਗ ਕਰਦਾ ਹੈ ਤਾਂਕਿ ਇਹ ਸਾਡੇ ਪਾਏ ਸੋਹਣੇ ਲੱਗਣ, ਉਸੇ ਤਰ੍ਹਾਂ ਮੀਟਿੰਗਾਂ ਆਪਣੇ ਵਿਚ ਸੁਧਾਰ ਕਰਨ ਅਤੇ ਯਹੋਵਾਹ ਦੀਆਂ ਨਜ਼ਰਾਂ ਵਿਚ ਸੋਹਣੇ ਬਣਨ ਵਿਚ ਸਾਡੀ ਮਦਦ ਕਰਦੀਆਂ ਹਨ। (ਇਬ. 10:24, 25) ਆਓ ਆਪਾਂ ਸਮੇਂ ਸਿਰ ਮੀਟਿੰਗਾਂ ’ਤੇ ਆਈਏ। ਜੇ ਸਾਡੀ ਮੀਟਿੰਗਾਂ ’ਤੇ ਲੇਟ ਆਉਣ ਦੀ ਆਦਤ ਹੈ, ਤਾਂ ਅਸੀਂ ਕੁਝ ਗੱਲਾਂ ਤੋਂ ਖੁੰਝ ਜਾਂਦੇ ਹਾਂ ਜੋ ਯਹੋਵਾਹ ਦੇ ਸੇਵਕਾਂ ਦੇ ਤੌਰ ਤੇ ਆਪਣੇ ਵਿਚ ਸੁਧਾਰ ਕਰਨ ਲਈ ਜਾਣਨੀਆਂ ਜ਼ਰੂਰੀ ਹਨ।

ਆਓ ਪਰਮੇਸ਼ੁਰ ਦੀ ਰੀਸ ਕਰੀਏ

12. ਅਸੀਂ ਪਰਮੇਸ਼ੁਰ ਦੀ ਰੀਸ ਕਿਵੇਂ ਕਰ ਸਕਦੇ ਹਾਂ?

12 ਜੇ ਅਸੀਂ ਯਹੋਵਾਹ ਦੀ ਮਹਿਮਾ ਝਲਕਾਉਣੀ ਚਾਹੁੰਦੇ ਹਾਂ, ਤਾਂ ਸਾਨੂੰ “ਉਸ ਦੀ ਰੀਸ” ਕਰਨੀ ਚਾਹੀਦੀ ਹੈ। (ਅਫ਼. 5:1) ਯਹੋਵਾਹ ਦੀ ਰੀਸ ਕਰਨ ਦਾ ਇਕ ਤਰੀਕਾ ਹੈ ਕਿ ਅਸੀਂ ਉਸ ਦੇ ਵਿਚਾਰਾਂ ਨੂੰ ਅਪਣਾਈਏ। ਪਰਮੇਸ਼ੁਰ ਦੇ ਉਲਟ ਚੱਲ ਕੇ ਅਸੀਂ ਉਸ ਦੇ ਨਾਂ ਦੀ ਬਦਨਾਮੀ ਕਰਦੇ ਹਾਂ ਤੇ ਉਸ ਨਾਲ ਸਾਡਾ ਰਿਸ਼ਤਾ ਖ਼ਰਾਬ ਹੁੰਦਾ ਹੈ। ਸ਼ੈਤਾਨ ਦੀ ਦੁਨੀਆਂ ਵਿਚ ਰਹਿੰਦਿਆਂ ਸਾਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਕਿ ਅਸੀਂ ਉਨ੍ਹਾਂ ਚੀਜ਼ਾਂ ਨਾਲ ਨਫ਼ਰਤ ਕਰੀਏ ਜਿਨ੍ਹਾਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ ਤੇ ਉਨ੍ਹਾਂ ਚੀਜ਼ਾਂ ਨਾਲ ਪਿਆਰ ਕਰੀਏ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। (ਜ਼ਬੂ. 97:10; 1 ਯੂਹੰ. 5:19) ਸਾਡੇ ਮਨ ਵਿਚ ਇਹ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਪਰਮੇਸ਼ੁਰ ਦੀ ਭਗਤੀ ਕਰਨ ਦਾ ਸਹੀ ਤਰੀਕਾ ਇਹੀ ਹੈ ਕਿ ਅਸੀਂ ਸਾਰਾ ਕੁਝ ਉਸ ਦੀ ਮਹਿਮਾ ਲਈ ਕਰੀਏ।—1 ਕੁਰਿੰਥੀਆਂ 10:31 ਪੜ੍ਹੋ।

13. ਸਾਨੂੰ ਪਾਪ ਨਾਲ ਨਫ਼ਰਤ ਕਿਉਂ ਕਰਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

13 ਸਾਨੂੰ ਪਾਪ ਨਾਲ ਨਫ਼ਰਤ ਕਰਨੀ ਚਾਹੀਦੀ ਹੈ ਕਿਉਂਕਿ ਯਹੋਵਾਹ ਪਾਪ ਨਾਲ ਨਫ਼ਰਤ ਕਰਦਾ ਹੈ। ਜੇ ਅਸੀਂ ਪਾਪ ਨਾਲ ਨਫ਼ਰਤ ਕਰਾਂਗੇ, ਤਾਂ ਅਸੀਂ ਉਨ੍ਹਾਂ ਲੋਕਾਂ ਜਾਂ ਚੀਜ਼ਾਂ ਤੋਂ ਦੂਰ ਰਹਾਂਗੇ ਜੋ ਸਾਡੇ ਤੋਂ ਪਾਪ ਕਰਵਾ ਸਕਦੀਆਂ ਹਨ। ਮਿਸਾਲ ਲਈ, ਸਾਨੂੰ ਉਨ੍ਹਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਹੜੇ ਯਹੋਵਾਹ ਦੀ ਸੇਵਾ ਕਰਨੀ ਛੱਡ ਕੇ ਉਸ ਦਾ ਵਿਰੋਧ ਕਰਦੇ ਹਨ। (ਬਿਵ. 13:6-9) ਆਓ ਆਪਾਂ ਅਜਿਹੇ ਲੋਕਾਂ ਨਾਲ ਅਤੇ ਉਨ੍ਹਾਂ ਲੋਕਾਂ ਨਾਲ ਕੋਈ ਵਾਸਤਾ ਨਾ ਰੱਖੀਏ ਜਿਹੜੇ ਆਪਣੇ ਆਪ ਨੂੰ ਭਰਾ ਕਹਿੰਦੇ ਹਨ, ਪਰ ਯਹੋਵਾਹ ਦੀ ਬਦਨਾਮੀ ਕਰਦੇ ਹਨ। ਜੇ ਸਾਡੇ ਪਰਿਵਾਰ ਦਾ ਕੋਈ ਮੈਂਬਰ ਵੀ ਇਸ ਤਰ੍ਹਾਂ ਕਰਦਾ ਹੈ, ਤਾਂ ਸਾਨੂੰ ਉਸ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। (1 ਕੁਰਿੰ. 5:11) ਸਾਨੂੰ ਯਹੋਵਾਹ ਦੇ ਸੰਗਠਨ ਦੀ ਨਿੰਦਿਆ ਕਰਨ ਵਾਲੇ ਲੋਕਾਂ ਨਾਲ ਬਹਿਸ ਨਹੀਂ ਕਰਨੀ ਚਾਹੀਦੀ। ਸਾਨੂੰ ਉਨ੍ਹਾਂ ਦੀ ਕੋਈ ਵੀ ਜਾਣਕਾਰੀ ਪੜ੍ਹਨੀ ਨਹੀਂ ਚਾਹੀਦੀ ਚਾਹੇ ਉਹ ਇੰਟਰਨੈੱਟ ’ਤੇ ਹੋਵੇ ਜਾਂ ਕਿਤਾਬਾਂ ਵਿਚ। ਇਹ ਜਾਣਕਾਰੀ ਪਰਮੇਸ਼ੁਰ ਦੇ ਨਾਲ ਸਾਡਾ ਰਿਸ਼ਤਾ ਤੋੜ ਸਕਦੀ ਹੈ।—ਯਸਾਯਾਹ 5:20; ਮੱਤੀ 7:6 ਪੜ੍ਹੋ।

14. ਪਰਮੇਸ਼ੁਰ ਦੀ ਮਹਿਮਾ ਝਲਕਾਉਣ ਲਈ ਸਾਡੇ ਵਿਚ ਕਿਹੜਾ ਗੁਣ ਹੋਣਾ ਚਾਹੀਦਾ ਹੈ ਤੇ ਕਿਉਂ?

14 ਆਪਣੇ ਸਵਰਗੀ ਪਿਤਾ ਦੀ ਰੀਸ ਕਰਨ ਦਾ ਇਕ ਮੁੱਖ ਤਰੀਕਾ ਹੈ ਦੂਜਿਆਂ ਨਾਲ ਪਿਆਰ ਕਰਨਾ। (1 ਯੂਹੰ. 4:16-19) ਸਾਡੇ ਵਿਚ ਪਿਆਰ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਯਿਸੂ ਦੇ ਚੇਲੇ ਤੇ ਯਹੋਵਾਹ ਦੇ ਸੇਵਕ ਹਾਂ। (ਯੂਹੰ. 13:34, 35) ਪਾਪੀ ਹੋਣ ਕਰਕੇ ਕਈ ਵਾਰ ਸਾਡੇ ਲਈ ਦੂਸਰਿਆਂ ਨਾਲ ਪਿਆਰ ਕਰਨਾ ਔਖਾ ਹੁੰਦਾ ਹੈ, ਪਰ ਸਾਨੂੰ ਹਰ ਵੇਲੇ ਪਿਆਰ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਆਪਣੇ ਅੰਦਰ ਪਿਆਰ ਤੇ ਹੋਰ ਗੁਣ ਪੈਦਾ ਕਰ ਕੇ ਅਸੀਂ ਬੇਰਹਿਮ ਬਣਨ ਤੇ ਗੰਭੀਰ ਗ਼ਲਤੀਆਂ ਕਰਨ ਤੋਂ ਬਚਾਂਗੇ।—2 ਪਤ. 1:5-7.

15. ਪਿਆਰ ਸਾਨੂੰ ਕੀ ਕਰਨ ਦੀ ਪ੍ਰੇਰਣਾ ਦਿੰਦਾ ਹੈ?

15 ਪਿਆਰ ਸਾਨੂੰ ਦੂਜੇ ਲੋਕਾਂ ਦਾ ਭਲਾ ਕਰਨ ਤੇ ਉਨ੍ਹਾਂ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਣ ਦੀ ਪ੍ਰੇਰਣਾ ਦਿੰਦਾ ਹੈ। (ਰੋਮੀ. 13:8-10) ਮਿਸਾਲ ਲਈ, ਆਪਣੇ ਜੀਵਨ ਸਾਥੀ ਲਈ ਪਿਆਰ ਹੋਣ ਕਰਕੇ ਪਤੀ-ਪਤਨੀ ਇਕ-ਦੂਜੇ ਦੇ ਵਫ਼ਾਦਾਰ ਰਹਿਣਗੇ। ਬਜ਼ੁਰਗਾਂ ਲਈ ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ਦੇ ਕੰਮਾਂ ਦੀ ਕਦਰ ਕਰਾਂਗੇ ਤੇ ਉਨ੍ਹਾਂ ਦੇ ਅਧੀਨ ਰਹਾਂਗੇ। ਆਪਣੇ ਮਾਪਿਆਂ ਨੂੰ ਪਿਆਰ ਕਰਨ ਵਾਲੇ ਬੱਚੇ ਉਨ੍ਹਾਂ ਦਾ ਕਹਿਣਾ ਮੰਨਣਗੇ ਤੇ ਉਨ੍ਹਾਂ ਦਾ ਆਦਰ ਕਰਨਗੇ। ਉਹ ਉਨ੍ਹਾਂ ਬਾਰੇ ਬੁਰਾ-ਭਲਾ ਨਹੀਂ ਕਹਿਣਗੇ। ਜੇ ਅਸੀਂ ਲੋਕਾਂ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਕਦੇ ਵੀ ਨੀਵਾਂ ਨਹੀਂ ਦਿਖਾਵਾਂਗੇ ਤੇ ਨਾ ਹੀ ਉਨ੍ਹਾਂ ਦਾ ਅਪਮਾਨ ਕਰਾਂਗੇ। (ਯਾਕੂ. 3:9) ਪਰਮੇਸ਼ੁਰ ਦੇ ਲੋਕਾਂ ਨੂੰ ਪਿਆਰ ਕਰਨ ਵਾਲੇ ਬਜ਼ੁਰਗ ਉਨ੍ਹਾਂ ਦੀ ਕੋਮਲਤਾ ਨਾਲ ਦੇਖ-ਭਾਲ ਕਰਨਗੇ।—ਰਸੂ. 20:28, 29.

16. ਪ੍ਰਚਾਰ ਵਿਚ ਪਿਆਰ ਦਾ ਗੁਣ ਸਾਡੀ ਕਿਵੇਂ ਮਦਦ ਕਰੇਗਾ?

16 ਪ੍ਰਚਾਰ ਕਰਦੇ ਹੋਏ ਵੀ ਸਾਨੂੰ ਪਿਆਰ ਦਾ ਗੁਣ ਦਿਖਾਉਣਾ ਚਾਹੀਦਾ ਹੈ। ਯਹੋਵਾਹ ਨਾਲ ਪਿਆਰ ਹੋਣ ਕਰਕੇ ਅਸੀਂ ਉਦੋਂ ਨਿਰਾਸ਼ ਨਹੀਂ ਹੋਵਾਂਗੇ ਜਦੋਂ ਕੁਝ ਲੋਕ ਬਾਈਬਲ ਦੇ ਸੰਦੇਸ਼ ਵਿਚ ਕੋਈ ਦਿਲਚਸਪੀ ਨਹੀਂ ਲੈਂਦੇ ਜਾਂ ਸਾਨੂੰ ਬੁਰਾ-ਭਲਾ ਕਹਿੰਦੇ ਹਨ। ਇਸ ਦੀ ਬਜਾਇ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਾਂਗੇ। ਪਿਆਰ ਹੋਣ ਕਰਕੇ ਅਸੀਂ ਪ੍ਰਚਾਰ ਲਈ ਚੰਗੀ ਤਿਆਰੀ ਕਰਾਂਗੇ ਤੇ ਦੂਜਿਆਂ ਨੂੰ ਵਧੀਆ ਤਰੀਕੇ ਨਾਲ ਸੰਦੇਸ਼ ਦੇਵਾਂਗੇ। ਜੇ ਅਸੀਂ ਸੱਚ-ਮੁੱਚ ਯਹੋਵਾਹ ਤੇ ਆਪਣੇ ਗੁਆਂਢੀ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਪ੍ਰਚਾਰ ਦੇ ਕੰਮ ਨੂੰ ਸਿਰਫ਼ ਆਪਣੀ ਡਿਊਟੀ ਹੀ ਨਹੀਂ ਸਮਝਾਂਗੇ। ਪਰ ਅਸੀਂ ਇਸ ਨੂੰ ਇਕ ਸਨਮਾਨ ਸਮਝਾਂਗੇ ਤੇ ਇਹ ਕੰਮ ਖ਼ੁਸ਼ੀ-ਖ਼ੁਸ਼ੀ ਕਰਾਂਗੇ।—ਮੱਤੀ 10:7.

ਯਹੋਵਾਹ ਦੀ ਮਹਿਮਾ ਕਰਦੇ ਰਹੋ

17. ਪਾਪ ਦੀ ਗੰਭੀਰਤਾ ਨੂੰ ਸਮਝਣਾ ਫ਼ਾਇਦੇਮੰਦ ਕਿਉਂ ਹੈ?

17 ਦੁਨੀਆਂ ਦੇ ਲੋਕ ਪਾਪ ਦੀ ਗੰਭੀਰਤਾ ਨੂੰ ਨਹੀਂ ਸਮਝਦੇ ਹਨ, ਪਰ ਅਸੀਂ ਸਮਝਦੇ ਹਾਂ। ਇਸ ਕਰਕੇ ਸਾਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ’ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਲਈ ਸਾਨੂੰ ਆਪਣੀ ਜ਼ਮੀਰ ਨੂੰ ਸਿਖਾਉਣ ਦੀ ਲੋੜ ਹੈ ਤਾਂਕਿ ਜਦੋਂ ਸਾਡੇ ਮਨ ਵਿਚ ਕੋਈ ਗ਼ਲਤ ਕੰਮ ਕਰਨ ਦੀ ਇੱਛਾ ਪੈਦਾ ਹੋਵੇ, ਤਾਂ ਜ਼ਮੀਰ ਸਾਨੂੰ ਉਹ ਕੰਮ ਕਰਨ ਤੋਂ ਰੋਕੇ। (ਰੋਮੀ. 7:22, 23) ਇਹ ਸੱਚ ਹੈ ਕਿ ਅਸੀਂ ਕਮਜ਼ੋਰ ਹਾਂ, ਪਰ ਪਰਮੇਸ਼ੁਰ ਸਾਨੂੰ ਤਾਕਤ ਦਿੰਦਾ ਹੈ ਕਿ ਅਸੀਂ ਹਰ ਹਾਲਤ ਵਿਚ ਸਹੀ ਕੰਮ ਕਰੀਏ।—2 ਕੁਰਿੰ. 12:10.

18, 19. (ੳ) ਕਿਹੜੀ ਚੀਜ਼ ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਨਾਲ ਲੜਨ ਵਿਚ ਸਾਡੀ ਮਦਦ ਕਰ ਸਕਦੀ ਹੈ? (ਅ) ਸਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ?

18 ਜੇ ਅਸੀਂ ਯਹੋਵਾਹ ਦੀ ਮਹਿਮਾ ਝਲਕਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਨਾਲ ਵੀ ਲੜਨਾ ਪਵੇਗਾ। ਪਰਮੇਸ਼ੁਰ ਵੱਲੋਂ ਦਿੱਤੇ ਹਥਿਆਰ ਅਤੇ ਬਸਤਰ ਇਹ ਲੜਾਈ ਜਿੱਤਣ ਵਿਚ ਸਾਡੀ ਮਦਦ ਕਰਦੇ ਹਨ। (ਅਫ਼. 6:11-13) ਮਹਿਮਾ ਪਾਉਣ ਦਾ ਹੱਕ ਸਿਰਫ਼ ਯਹੋਵਾਹ ਪਰਮੇਸ਼ੁਰ ਦਾ ਹੀ ਹੈ, ਪਰ ਸ਼ੈਤਾਨ ਇਹ ਮਹਿਮਾ ਲੈਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਨਾਲੇ ਉਹ ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਤੋੜਨ ’ਤੇ ਤੁਲਿਆ ਹੋਇਆ ਹੈ। ਪਰ ਉਦੋਂ ਸ਼ੈਤਾਨ ਦੀ ਹਾਰ ਹੁੰਦੀ ਹੈ ਜਦੋਂ ਅਸੀਂ ਤੇ ਹੋਰ ਲੱਖਾਂ ਪਾਪੀ ਲੋਕ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰਦੇ ਹਨ ਤੇ ਉਸ ਦੀ ਮਹਿਮਾ ਝਲਕਾਉਂਦੇ ਹਨ। ਤਾਂ ਫਿਰ ਆਓ ਆਪਾਂ ਵੀ ਸਵਰਗ ਦੇ ਪ੍ਰਾਣੀਆਂ ਵਾਂਗ ਯਹੋਵਾਹ ਦੀ ਵਡਿਆਈ ਕਰਦੇ ਰਹੀਏ: “ਹੇ ਸਾਡੇ ਸ਼ਕਤੀਸ਼ਾਲੀ ਪਰਮੇਸ਼ੁਰ ਯਹੋਵਾਹ, ਤੂੰ ਹੀ ਮਹਿਮਾ ਤੇ ਆਦਰ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਬਣਾਈਆਂ ਹਨ ਅਤੇ ਸਾਰੀਆਂ ਚੀਜ਼ਾਂ ਤੇਰੀ ਹੀ ਇੱਛਾ ਨਾਲ ਹੋਂਦ ਵਿਚ ਆਈਆਂ ਅਤੇ ਬਣਾਈਆਂ ਗਈਆਂ ਹਨ।”—ਪ੍ਰਕਾ. 4:11.

19 ਆਓ ਆਪਾਂ ਸਾਰੇ ਜਣੇ ਹਮੇਸ਼ਾ ਯਹੋਵਾਹ ਦੀ ਮਹਿਮਾ ਝਲਕਾਉਣ ਦਾ ਦ੍ਰਿੜ੍ਹ ਇਰਾਦਾ ਕਰੀਏ। ਉਹ ਇਹ ਦੇਖ ਕੇ ਬਹੁਤ ਖ਼ੁਸ਼ ਹੈ ਕਿ ਬਹੁਤ ਸਾਰੇ ਵਫ਼ਾਦਾਰ ਲੋਕ ਉਸ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਤੇ ਉਸ ਦੀ ਮਹਿਮਾ ਕਰ ਰਹੇ ਹਨ। (ਕਹਾ. 27:11) ਸਾਨੂੰ ਵੀ ਦਾਊਦ ਵਾਂਗ ਮਹਿਸੂਸ ਕਰਨਾ ਚਾਹੀਦਾ ਹੈ ਜਿਸ ਨੇ ਪੂਰੇ ਦਿਲ ਨਾਲ ਯਹੋਵਾਹ ਦੀ ਮਹਿਮਾ ਕਰਦੇ ਹੋਏ ਕਿਹਾ: “ਹੇ ਪ੍ਰਭੁ, ਮੇਰੇ ਪਰਮੇਸ਼ੁਰ, ਮੈਂ ਆਪਣੇ ਸਾਰੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ, ਅਤੇ ਸਦਾ ਤੀਕ ਤੇਰੇ ਨਾਮ ਦੀ ਵਡਿਆਈ ਕਰਾਂਗਾ।” (ਜ਼ਬੂ. 86:12) ਅਸੀਂ ਉਸ ਦਿਨ ਦੀ ਉਡੀਕ ਕਰ ਰਹੇ ਹਾਂ ਜਦੋਂ ਅਸੀਂ ਪੂਰੀ ਤਰ੍ਹਾਂ ਯਹੋਵਾਹ ਦੀ ਮਹਿਮਾ ਝਲਕਾ ਸਕਾਂਗੇ ਤੇ ਹਮੇਸ਼ਾ ਉਸ ਦੀ ਵਡਿਆਈ ਕਰ ਸਕਾਂਗੇ। ਪਰਮੇਸ਼ੁਰ ਦੇ ਆਗਿਆਕਾਰੀ ਲੋਕ ਹਮੇਸ਼ਾ-ਹਮੇਸ਼ਾ ਲਈ ਇਸ ਤਰ੍ਹਾਂ ਕਰ ਸਕਣਗੇ। ਕੀ ਤੁਸੀਂ ਹੁਣ ਪਰਮੇਸ਼ੁਰ ਦੀ ਮਹਿਮਾ ਝਲਕਾ ਰਹੇ ਹੋ?

[ਸਵਾਲ]

[ਸਫ਼ਾ 27 ਉੱਤੇ ਤਸਵੀਰਾਂ]

ਕੀ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਯਹੋਵਾਹ ਦੀ ਮਹਿਮਾ ਝਲਕਾ ਰਹੇ ਹੋ?