Skip to content

Skip to table of contents

ਪਰਮੇਸ਼ੁਰ ਵੱਲੋਂ ਕੀਤੇ ਵਿਆਹ ਦੇ ਪ੍ਰਬੰਧ ਦੀ ਕਦਰ ਕਰੋ

ਪਰਮੇਸ਼ੁਰ ਵੱਲੋਂ ਕੀਤੇ ਵਿਆਹ ਦੇ ਪ੍ਰਬੰਧ ਦੀ ਕਦਰ ਕਰੋ

ਪਰਮੇਸ਼ੁਰ ਵੱਲੋਂ ਕੀਤੇ ਵਿਆਹ ਦੇ ਪ੍ਰਬੰਧ ਦੀ ਕਦਰ ਕਰੋ

“ਯਹੋਵਾਹ ਅਜਿਹਾ ਕਰੇ ਜੋ ਤੁਸੀਂ ਆਪੋ ਆਪਣੇ ਪਤੀਆਂ ਦੇ ਘਰ ਵਿੱਚ ਸੁਖ ਪਾਓ।”—ਰੂਥ 1:9.

ਇਨ੍ਹਾਂ ਸਵਾਲਾਂ ਦੇ ਜਵਾਬ ਲੱਭੋ:

ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦੇ ਪੁਰਾਣੇ ਸੇਵਕਾਂ ਨੇ ਵਿਆਹ ਦੇ ਪ੍ਰਬੰਧ ਦੀ ਕਦਰ ਕੀਤੀ ਸੀ?

ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਲਈ ਇਹ ਗੱਲ ਮਾਅਨੇ ਰੱਖਦੀ ਹੈ ਕਿ ਅਸੀਂ ਕਿਹਦੇ ਨਾਲ ਵਿਆਹ ਕਰਾਉਂਦੇ ਹਾਂ?

ਤੁਸੀਂ ਵਿਆਹ ਸੰਬੰਧੀ ਬਾਈਬਲ ਦੀ ਕਿਹੜੀ ਸਲਾਹ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ?

1. ਆਪਣੀ ਹੋਣ ਵਾਲੀ ਪਤਨੀ ਨੂੰ ਦੇਖ ਕੇ ਆਦਮ ਨੇ ਕੀ ਕਿਹਾ?

ਜਦੋਂ ਆਦਮ ਨੇ ਆਪਣੀ ਹੋਣ ਵਾਲੀ ਪਤਨੀ ਨੂੰ ਪਹਿਲੀ ਵਾਰ ਦੇਖਿਆ, ਤਾਂ ਉਸ ਨੇ ਖ਼ੁਸ਼ੀ ਦੇ ਮਾਰੇ ਕਿਹਾ: “ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ ਸੋ ਇਹ ਇਸ ਕਾਰਨ ਨਾਰੀ ਅਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ।” (ਉਤ. 2:23) ਯਹੋਵਾਹ ਨੇ ਆਦਮ ਨੂੰ ਗਹਿਰੀ ਨੀਂਦ ਸੁਲਾ ਕੇ ਉਸ ਦੀ ਇਕ ਪਸਲੀ ਤੋਂ ਇਹ ਖੂਬਸੂਰਤ ਤੀਵੀਂ ਬਣਾਈ। ਬਾਅਦ ਵਿਚ ਆਦਮ ਨੇ ਉਸ ਦਾ ਨਾਂ ਹੱਵਾਹ ਰੱਖਿਆ। ਫਿਰ ਪਰਮੇਸ਼ੁਰ ਨੇ ਉਨ੍ਹਾਂ ਦਾ ਵਿਆਹ ਕਰਾਇਆ। ਆਦਮ ਦੀ ਪਸਲੀ ਤੋਂ ਹੱਵਾਹ ਨੂੰ ਬਣਾਇਆ ਗਿਆ ਸੀ ਜਿਸ ਕਰਕੇ ਉਨ੍ਹਾਂ ਦਾ ਰਿਸ਼ਤਾ ਹੋਰ ਕਿਸੇ ਵੀ ਪਤੀ-ਪਤਨੀ ਨਾਲੋਂ ਨਜ਼ਦੀਕੀ ਸੀ।

2. ਕੁੜੀਆਂ-ਮੁੰਡੇ ਇਕ-ਦੂਜੇ ਵੱਲ ਕਿਉਂ ਖਿੱਚੇ ਜਾਂਦੇ ਹਨ?

2 ਜਦ ਯਹੋਵਾਹ ਨੇ ਇਨਸਾਨਾਂ ਨੂੰ ਆਪਣੀ ਬੇਮਿਸਾਲ ਬੁੱਧ ਨਾਲ ਬਣਾਇਆ, ਤਾਂ ਉਸ ਨੇ ਉਨ੍ਹਾਂ ਵਿਚ ਰੋਮਾਂਟਿਕ ਪਿਆਰ ਪਾਇਆ ਜਿਸ ਕਰਕੇ ਕੁੜੀ-ਮੁੰਡਾ ਇਕ-ਦੂਜੇ ਵੱਲ ਖਿੱਚੇ ਜਾਂਦੇ ਹਨ। ਇਹ ਪਿਆਰ ਪਤੀ-ਪਤਨੀ ਨੂੰ ਇਕ ਕਰਦਾ ਹੈ। ਆਮ ਤੌਰ ਤੇ ਲੋਕ ਇਹੀ ਚਾਹੁੰਦੇ ਹਨ ਕਿ ਵਿਆਹ ਤੋਂ ਬਾਅਦ ਉਨ੍ਹਾਂ ਦਾ ਪਿਆਰ ਉਮਰ ਭਰ ਰਹੇ।

ਉਹ ਵਿਆਹ ਦੇ ਪ੍ਰਬੰਧ ਲਈ ਧੰਨਵਾਦੀ ਸਨ

3. ਇਸਹਾਕ ਦਾ ਵਿਆਹ ਕਿਵੇਂ ਹੋਇਆ ਸੀ?

3 ਪਰਮੇਸ਼ੁਰ ਦਾ ਵਫ਼ਾਦਾਰ ਭਗਤ ਅਬਰਾਹਾਮ ਵਿਆਹ ਦੇ ਪ੍ਰਬੰਧ ਦੀ ਬਹੁਤ ਕਦਰ ਕਰਦਾ ਸੀ। ਇਸ ਲਈ ਉਸ ਨੇ ਇਸਹਾਕ ਲਈ ਕੁੜੀ ਲੱਭਣ ਵਾਸਤੇ ਆਪਣੇ ਸਮਝਦਾਰ ਅਤੇ ਉਮਰ ਵਿਚ ਸਿਆਣੇ ਨੌਕਰ ਨੂੰ ਮਸੋਪੋਤਾਮੀਆ ਭੇਜਿਆ। ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਇਸ ਨੌਕਰ ਨੇ ਪ੍ਰਾਰਥਨਾ ਕੀਤੀ ਤੇ ਉਸ ਦੀ ਸੁਣੀ ਗਈ। ਰਿਬਕਾਹ ਯਹੋਵਾਹ ਦੀ ਸੇਵਾ ਕਰਦੀ ਸੀ ਤੇ ਉਹ ਇਸਹਾਕ ਦੀ ਪਿਆਰੀ ਪਤਨੀ ਬਣੀ। ਨਾਲੇ ਯਹੋਵਾਹ ਦੇ ਮਕਸਦ ਅਨੁਸਾਰ ਉਸ ਨੇ ਅਬਰਾਹਾਮ ਦੀ ਪੀੜ੍ਹੀ ਨੂੰ ਅੱਗੇ ਤੋਰਿਆ। (ਉਤ. 22:18; 24:12-14, 67) ਪਰ ਇਸ ਬਿਰਤਾਂਤ ਤੋਂ ਸਾਨੂੰ ਇਹ ਸਿੱਟਾ ਨਹੀਂ ਕੱਢਣਾ ਚਾਹੀਦਾ ਹੈ ਕਿ ਕੋਈ ਵੀ ਮਲੋ-ਮੱਲੀ ਕਿਸੇ ਦਾ ਵਿਚੋਲਾ ਬਣ ਸਕਦਾ ਹੈ। ਅੱਜ ਬਹੁਤ ਸਾਰੇ ਲੋਕ ਆਪ ਫ਼ੈਸਲਾ ਕਰਦੇ ਹਨ ਕਿ ਉਨ੍ਹਾਂ ਨੇ ਕਿਸ ਨਾਲ ਵਿਆਹ ਕਰਾਉਣਾ ਹੈ। ਭਾਵੇਂ ਇਹ ਸੱਚ ਨਹੀਂ ਹੈ ਕਿ ਜੋੜੀਆਂ ਸਵਰਗ ਵਿਚ ਬਣਦੀਆਂ ਹਨ, ਫਿਰ ਵੀ ਪਰਮੇਸ਼ੁਰ ਉਨ੍ਹਾਂ ਮਸੀਹੀਆਂ ਦੀ ਮਦਦ ਕਰਦਾ ਹੈ ਜੋ ਇਸ ਮਾਮਲੇ ਵਿਚ ਤੇ ਹੋਰ ਮਾਮਲਿਆਂ ਵਿਚ ਉਸ ਦੀ ਸੇਧ ਲਈ ਪ੍ਰਾਰਥਨਾ ਕਰਦੇ ਹਨ ਅਤੇ ਉਸ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਦੇ ਹਨ।—ਗਲਾ 5:18, 25.

4, 5. ਸਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਸ਼ੂਲੰਮੀਥ ਕੁੜੀ ਤੇ ਚਰਵਾਹਾ ਇਕ-ਦੂਜੇ ਨੂੰ ਸੱਚਾ ਪਿਆਰ ਕਰਦੇ ਸਨ?

4 ਪ੍ਰਾਚੀਨ ਇਜ਼ਰਾਈਲ ਵਿਚ ਖੂਬਸੂਰਤ ਸ਼ੂਲੰਮੀਥ ਕੁੜੀ ਨਹੀਂ ਚਾਹੁੰਦੀ ਸੀ ਕਿ ਕੋਈ ਵੀ ਉਸ ਉੱਤੇ ਰਾਜਾ ਸੁਲੇਮਾਨ ਦੀ ਪਤਨੀ ਬਣਨ ਦਾ ਦਬਾਅ ਪਾਵੇ ਜੋ ਪਹਿਲਾਂ ਹੀ ਕਈ ਵਾਰ ਵਿਆਹਿਆ ਹੋਇਆ ਸੀ। ਉਸ ਕੁੜੀ ਨੇ ਕਿਹਾ: “ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸੁਗੰਦ ਦਿੰਦੀ ਹਾਂ, ਤੁਸੀਂ ਕਿਉਂ ਪ੍ਰੀਤ ਨੂੰ ਉਕਸਾਓ ਤੇ ਜਗਾਓ?” (ਸਰੇ. 8:4) ਇਹ ਕੁੜੀ ਇਕ ਚਰਵਾਹੇ ਨੂੰ ਪਿਆਰ ਕਰਦੀ ਸੀ। ਜਦ ਉਸ ਨੇ ਆਪਣੀ ਤੁਲਨਾ ਜੰਗਲੀ ਫੁੱਲਾਂ ਨਾਲ ਕੀਤੀ, ਤਾਂ ਚਰਵਾਹੇ ਨੇ ਉਸ ਦੀ ਖੂਬਸੂਰਤੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਝਾੜੀਆਂ ਦੇ ਵਿਚ ਉੱਗੇ ਸੋਹਣੇ ਫੁੱਲ ਵਰਗੀ ਸੀ। (ਸਰੇ. 2:1, 2) ਉਹ ਇਕ-ਦੂਜੇ ਨੂੰ ਸੱਚਾ ਪਿਆਰ ਕਰਦੇ ਸਨ।

5 ਸ਼ੂਲੰਮੀਥ ਕੁੜੀ ਤੇ ਚਰਵਾਹਾ ਸਭ ਤੋਂ ਵੱਧ ਪਰਮੇਸ਼ੁਰ ਨੂੰ ਪਿਆਰ ਕਰਦੇ ਸਨ, ਇਸ ਕਰਕੇ ਉਨ੍ਹਾਂ ਦੇ ਰਿਸ਼ਤੇ ਦੀ ਨੀਂਹ ਪੱਕੀ ਸੀ। ਕੁੜੀ ਨੇ ਆਪਣੇ ਪ੍ਰੇਮੀ ਨੂੰ ਕਿਹਾ ਸੀ: “ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਙੁ ਰੱਖ, ਆਪਣੀ ਬਾਂਹ ਉੱਤੇ ਮੋਹਰ ਵਾਂਙੁ, ਕਿਉਂ ਜੋ ਪ੍ਰੇਮ ਮੌਤ ਵਰਗਾ ਬਲਵਾਨ ਹੈ, . . . ਉਹ ਦੀਆਂ ਲਾਟਾਂ ਅੱਗ ਦੀਆਂ ਲਾਟਾਂ, ਸਗੋਂ ਅੱਤ ਤੇਜ ਲੰਬਾਂ ਹਨ [“ਯਾਹ ਦੀ ਲਾਟ ਹੈ,” NW]! ਬਹੁਤ ਪਾਣੀ ਪ੍ਰੇਮ ਨੂੰ ਬੁਝਾ ਨਹੀਂ ਸੱਕਦੇ, ਨਾ ਹੜ੍ਹ ਉਹ ਨੂੰ ਦੱਬ ਸੱਕਦੇ ਹਨ।” (ਸਰੇ. 8:6, 7) ਉਨ੍ਹਾਂ ਦਾ ਪਿਆਰ ਅੱਜ ਯਹੋਵਾਹ ਦੇ ਸੇਵਕਾਂ ਲਈ ਮਿਸਾਲ ਹੈ। ਕੀ ਸਾਨੂੰ ਵੀ ਅਜਿਹੇ ਹੀ ਕਿਸੇ ਯਹੋਵਾਹ ਦੇ ਭਗਤ ਨੂੰ ਆਪਣਾ ਜੀਵਨ ਸਾਥੀ ਨਹੀਂ ਬਣਾਉਣਾ ਚਾਹੀਦਾ?

ਤੁਹਾਡਾ ਫ਼ੈਸਲਾ ਯਹੋਵਾਹ ਲਈ ਮਾਅਨੇ ਰੱਖਦਾ ਹੈ

6, 7. ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਲਈ ਇਹ ਗੱਲ ਮਾਅਨੇ ਰੱਖਦੀ ਹੈ ਕਿ ਅਸੀਂ ਕਿਹਦੇ ਨਾਲ ਵਿਆਹ ਕਰਾਉਂਦੇ ਹਾਂ?

6 ਯਹੋਵਾਹ ਲਈ ਇਹ ਗੱਲ ਮਾਅਨੇ ਰੱਖਦੀ ਹੈ ਕਿ ਤੁਸੀਂ ਕਿਹਦੇ ਨਾਲ ਵਿਆਹ ਕਰਾਉਂਦੇ ਹੋ। ਕਨਾਨ ਦੇ ਵਾਸੀਆਂ ਬਾਰੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਗਿਆ ਸੀ: “ਨਾ ਓਹਨਾਂ ਨਾਲ ਵਿਆਹ ਕਰੋ, ਨਾ ਕੋਈ ਉਸ ਦੇ ਪੁੱਤ੍ਰ ਨੂੰ ਆਪਣੀ ਧੀ ਦੇਵੇ, ਨਾ ਕੋਈ ਆਪਣੇ ਪੁੱਤ੍ਰ ਲਈ ਉਸ ਦੀ ਧੀ ਲਵੇ। ਕਿਉਂ ਜੋ ਓਹ ਤੁਹਾਡੇ ਪੁੱਤ੍ਰਾਂ ਨੂੰ ਮੇਰੇ ਪਿੱਛੇ ਚੱਲਣ ਤੋਂ ਹਟਾ ਦੇਣਗੀਆਂ ਤਾਂ ਜੋ ਓਹ ਹੋਰਨਾਂ ਦੇਵਤਿਆਂ ਦੀ ਪੂਜਾ ਕਰਨ ਅਤੇ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇ ਅਤੇ ਉਹ ਤੁਹਾਨੂੰ ਝੱਟ ਪੱਟ ਨਾਸ ਕਰ ਦੇਵੇ।” (ਬਿਵ. 7:3, 4) ਕਈ ਸਦੀਆਂ ਬਾਅਦ ਅਜ਼ਰਾ ਪੁਜਾਰੀ ਨੇ ਇਜ਼ਰਾਈਲੀਆਂ ਨੂੰ ਕਿਹਾ: “ਤੁਸੀਂ ਪਰਮੇਸ਼ੁਰ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਪਰਾਈਆਂ ਜਾਤਾਂ ਦੀਆਂ ਔਰਤਾਂ ਨਾਲ ਵਿਆਹ ਕਰਕੇ ਇਸਰਾਈਲ ਨੂੰ ਅਪਰਾਧੀ ਠਹਿਰਾਇਆ ਹੈ।” (ਅਜ਼. 10:10, CL) ਨਾਲੇ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਦੱਸਿਆ: “ਪਤੀ ਦੇ ਜੀਉਂਦੇ-ਜੀ ਪਤਨੀ ਉਸ ਨਾਲ ਬੰਧਨ ਵਿਚ ਬੱਝੀ ਹੁੰਦੀ ਹੈ। ਪਰ ਜੇ ਉਸ ਦਾ ਪਤੀ ਮਰ ਜਾਵੇ, ਤਾਂ ਉਹ ਜਿਸ ਨਾਲ ਚਾਹੇ ਵਿਆਹ ਕਰਾ ਸਕਦੀ ਹੈ, ਪਰ ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ।”1 ਕੁਰਿੰ. 7:39.

7 ਜੇ ਯਹੋਵਾਹ ਦਾ ਕੋਈ ਸੇਵਕ ਕਿਸੇ ਅਵਿਸ਼ਵਾਸੀ ਨਾਲ ਵਿਆਹ ਕਰਾਉਂਦਾ ਹੈ, ਤਾਂ ਉਹ ਪਰਮੇਸ਼ੁਰ ਦੇ ਕਹਿਣੇ ਦੇ ਖ਼ਿਲਾਫ਼ ਜਾਂਦਾ ਹੈ। ਅਜ਼ਰਾ ਦੇ ਜ਼ਮਾਨੇ ਵਿਚ ਇਜ਼ਰਾਈਲੀਆਂ ਨੇ ਹੋਰ ਧਰਮਾਂ ਦੀਆਂ ਔਰਤਾਂ ਨਾਲ ਵਿਆਹ ਕਰਾ ਕੇ ਯਹੋਵਾਹ ਦੇ ਹੁਕਮ ਦੀ ਉਲੰਘਣਾ ਕੀਤੀ ਸੀ। ਪਰ ਸਾਨੂੰ ਯਹੋਵਾਹ ਦੇ ਹੁਕਮ ਤੋੜਨ ਦੇ ਬਹਾਨੇ ਨਹੀਂ ਲੱਭਣੇ ਚਾਹੀਦੇ। (ਅਜ਼. 10:10; 2 ਕੁਰਿੰ. 6:14, 15) ਜਿਹੜਾ ਮਸੀਹੀ ਸੱਚਾਈ ਤੋਂ ਬਾਹਰ ਵਿਆਹ ਕਰਾਉਂਦਾ ਹੈ ਉਹ ਦੂਸਰਿਆਂ ਲਈ ਚੰਗੀ ਮਿਸਾਲ ਨਹੀਂ ਹੈ ਅਤੇ ਉਹ ਪਰਮੇਸ਼ੁਰ ਵੱਲੋਂ ਕੀਤੇ ਵਿਆਹ ਦੇ ਪ੍ਰਬੰਧ ਦੀ ਕਦਰ ਨਹੀਂ ਕਰਦਾ। ਜੇ ਕੋਈ ਭੈਣ ਜਾਂ ਭਰਾ ਇਸ ਤਰ੍ਹਾਂ ਕਰਦਾ ਹੈ, ਤਾਂ ਮੰਡਲੀ ਵਿਚ ਉਸ ਤੋਂ ਕੁਝ ਸਨਮਾਨ ਵਾਪਸ ਲਏ ਜਾ ਸਕਦੇ ਹਨ। ਅਜਿਹਾ ਕੰਮ ਕਰਨ ਵਾਲਾ ਭੈਣ ਜਾਂ ਭਰਾ ਆਪ ਸੋਚੇ ਕਿ ਉਹ ਯਹੋਵਾਹ ਤੋਂ ਬਰਕਤ ਦੀ ਆਸ ਕਿੱਦਾਂ ਰੱਖ ਸਕਦਾ ਹੈ ਤੇ ਪ੍ਰਾਰਥਨਾ ਵਿਚ ਇਹ ਕਿੱਦਾਂ ਕਹਿ ਸਕਦਾ ਹੈ, ‘ਯਹੋਵਾਹ ਮੈਂ ਜਾਣ-ਬੁੱਝ ਕੇ ਤੇਰਾ ਕਹਿਣਾ ਨਹੀਂ ਮੰਨਿਆ, ਪਰ ਫਿਰ ਵੀ ਮੈਨੂੰ ਬਰਕਤ ਦੇ।’

ਯਹੋਵਾਹ ਦੀ ਸਲਾਹ ਸਭ ਤੋਂ ਵਧੀਆ ਹੈ

8. ਸਮਝਾਓ ਕਿ ਸਾਨੂੰ ਵਿਆਹ ਬਾਰੇ ਯਹੋਵਾਹ ਤੋਂ ਮਿਲੀਆਂ ਹਿਦਾਇਤਾਂ ਅਨੁਸਾਰ ਕਿਉਂ ਚੱਲਣਾ ਚਾਹੀਦਾ ਹੈ।

8 ਕੱਪੜੇ ਧੋਣ ਵਾਲੀ ਮਸ਼ੀਨ ਬਣਾਉਣ ਵਾਲੀ ਕੰਪਨੀ ਨੂੰ ਪਤਾ ਹੁੰਦਾ ਹੈ ਕਿ ਮਸ਼ੀਨ ਕਿੱਦਾਂ ਕੰਮ ਕਰਦੀ ਹੈ ਤੇ ਇਸ ਨੂੰ ਕਿਵੇਂ ਚਲਾਇਆ ਜਾਣਾ ਚਾਹੀਦਾ ਹੈ। ਜੇ ਅਸੀਂ ਇਸ ਨਾਲ ਮਿਲੀ ਹਿਦਾਇਤਾਂ ਦੀ ਕਿਤਾਬ ਅਨੁਸਾਰ ਮਸ਼ੀਨ ਨੂੰ ਨਾ ਚਲਾਈਏ, ਤਾਂ ਮਸ਼ੀਨ ਖ਼ਰਾਬ ਹੋ ਸਕਦੀ ਹੈ। ਯਹੋਵਾਹ ਨੇ ਵਿਆਹ ਦਾ ਪ੍ਰਬੰਧ ਕੀਤਾ ਹੈ, ਇਸ ਲਈ ਸਾਨੂੰ ਵਿਆਹੁਤਾ ਜੀਵਨ ਵਿਚ ਖ਼ੁਸ਼ੀਆਂ ਪਾਉਣ ਲਈ ਉਸ ਦੀਆਂ ਦਿੱਤੀਆਂ ਹਿਦਾਇਤਾਂ ਅਨੁਸਾਰ ਚੱਲਣ ਦੀ ਲੋੜ ਹੈ।

9. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਇਨਸਾਨਾਂ ਬਾਰੇ ਅਤੇ ਵਿਆਹ ਬਾਰੇ ਸਭ ਕੁਝ ਜਾਣਦਾ ਹੈ?

9 ਯਹੋਵਾਹ ਇਨਸਾਨਾਂ ਬਾਰੇ ਅਤੇ ਵਿਆਹ ਬਾਰੇ ਸਭ ਕੁਝ ਜਾਣਦਾ ਹੈ। ਉਸ ਨੇ ਇਨਸਾਨਾਂ ਵਿਚ ਸਰੀਰਕ ਸੰਬੰਧਾਂ ਦੀ ਲੋੜ ਪੈਦਾ ਕੀਤੀ ਤਾਂਕਿ ਉਹ ‘ਫਲਣ ਅਰ ਵਧਣ।’ (ਉਤ. 1:28) ਪਰਮੇਸ਼ੁਰ ਇਸ ਗੱਲ ਨੂੰ ਸਮਝਦਾ ਹੈ ਕਿ ਇਨਸਾਨ ਨੂੰ ਸਾਥ ਦੀ ਕਿੰਨੀ ਲੋੜ ਹੈ। ਇਸ ਲਈ ਪਹਿਲੀ ਤੀਵੀਂ ਬਣਾਉਣ ਤੋਂ ਪਹਿਲਾਂ ਉਸ ਨੇ ਕਿਹਾ ਸੀ: “ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ।” (ਉਤ. 2:18) ਯਹੋਵਾਹ ਇਹ ਵੀ ਜਾਣਦਾ ਹੈ ਕਿ ਪਤੀ-ਪਤਨੀ ਨੂੰ ਆਪਣੇ ਰਿਸ਼ਤੇ ਤੋਂ ਕਿੰਨੀ ਖ਼ੁਸ਼ੀ ਮਿਲ ਸਕਦੀ ਹੈ।—ਕਹਾਉਤਾਂ 5:15-18 ਪੜ੍ਹੋ।

10. ਸਰੀਰਕ ਸੰਬੰਧਾਂ ਦੇ ਮਾਮਲੇ ਵਿਚ ਪਤੀ-ਪਤਨੀ ਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

10 ਸਾਨੂੰ ਪਾਪੀ ਆਦਮ ਤੋਂ ਵਿਰਸੇ ਵਿਚ ਪਾਪ ਅਤੇ ਕਮੀਆਂ-ਕਮਜ਼ੋਰੀਆਂ ਮਿਲੀਆਂ ਹਨ ਜਿਸ ਕਰਕੇ ਹਰ ਵਿਆਹੁਤਾ ਜੀਵਨ ਵਿਚ ਸਮੱਸਿਆਵਾਂ ਹੁੰਦੀਆਂ ਹਨ। ਪਰ ਯਹੋਵਾਹ ਦੇ ਸੇਵਕ ਬਾਈਬਲ ਦੀ ਸਲਾਹ ਅਨੁਸਾਰ ਚੱਲ ਕੇ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆ ਸਕਦੇ ਹਨ। ਮਿਸਾਲ ਲਈ, ਸਰੀਰਕ ਸੰਬੰਧਾਂ ਬਾਰੇ ਪੌਲੁਸ ਦੀ ਸਲਾਹ ’ਤੇ ਗੌਰ ਕਰੋ। (1 ਕੁਰਿੰਥੀਆਂ 7:1-5 ਪੜ੍ਹੋ।) ਬਾਈਬਲ ਇਹ ਨਹੀਂ ਕਹਿੰਦੀ ਕਿ ਬੱਚੇ ਪੈਦਾ ਕਰਨ ਲਈ ਹੀ ਸਰੀਰਕ ਸੰਬੰਧ ਬਣਾਏ ਜਾਣੇ ਚਾਹੀਦੇ ਹਨ। ਇਸ ਨਾਲ ਪਤੀ-ਪਤਨੀ ਨੂੰ ਇਕ-ਦੂਜੇ ਦਾ ਪਿਆਰ ਮਿਲਦਾ ਹੈ। ਪਰ ਜੇ ਪਤੀ-ਪਤਨੀ ਗ਼ੈਰ-ਕੁਦਰਤੀ ਸਰੀਰਕ ਸੰਬੰਧ ਬਣਾਉਂਦੇ ਹਨ, ਤਾਂ ਪਰਮੇਸ਼ੁਰ ਨੂੰ ਖ਼ੁਸ਼ੀ ਨਹੀਂ ਹੁੰਦੀ। ਪਤੀ-ਪਤਨੀ ਵਿਚ ਸਰੀਰਕ ਰਿਸ਼ਤਾ ਪਿਆਰ ਭਰਿਆ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਅਜਿਹਾ ਕੋਈ ਗ਼ਲਤ ਕੰਮ ਨਹੀਂ ਕਰਨਾ ਚਾਹੀਦਾ ਜੋ ਯਹੋਵਾਹ ਨੂੰ ਨਾਰਾਜ਼ ਕਰੇ।

11. ਯਹੋਵਾਹ ਦੀਆਂ ਹਿਦਾਇਤਾਂ ਮੁਤਾਬਕ ਚੱਲ ਕੇ ਰੂਥ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

11 ਪਤੀ-ਪਤਨੀ ਦੇ ਰਿਸ਼ਤੇ ਵਿਚ ਖ਼ੁਸ਼ੀਆਂ ਹੋਣੀਆਂ ਚਾਹੀਦੀਆਂ ਹਨ, ਨਾ ਕਿ ਗਮ ਤੇ ਉਦਾਸੀ। ਮਸੀਹੀਆਂ ਦਾ ਘਰ ਇਕ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਉਹ ਸ਼ਾਂਤੀ ਤੇ ਆਰਾਮ ਪਾ ਸਕਣ। ਜ਼ਰਾ ਸੋਚੋ ਕਿ 3,000 ਸਾਲ ਪਹਿਲਾਂ ਕੀ ਹੋਇਆ ਸੀ ਜਦ ਵਿਧਵਾ ਨਾਓਮੀ ਤੇ ਉਸ ਦੀਆਂ ਦੋ ਵਿਧਵਾ ਨੂੰਹਾਂ, ਆਰਪਾਹ ਤੇ ਰੂਥ, ਮੋਆਬ ਤੋਂ ਯਹੂਦਾਹ ਨੂੰ ਜਾ ਰਹੀਆਂ ਸਨ। ਨਾਓਮੀ ਨੇ ਉਨ੍ਹਾਂ ਦੋਵਾਂ ਜਵਾਨ ਤੀਵੀਆਂ ਨੂੰ ਆਪਣੇ ਪਰਿਵਾਰਾਂ ਕੋਲ ਮੁੜ ਜਾਣ ਲਈ ਕਿਹਾ। ਪਰ ਮੋਆਬਣ ਰੂਥ ਨੇ ਨਾ ਤਾਂ ਨਾਓਮੀ ਦਾ ਤੇ ਨਾ ਹੀ ਸੱਚੇ ਪਰਮੇਸ਼ੁਰ ਦਾ ਸਾਥ ਛੱਡਿਆ। ਇਸ ਕਰਕੇ ਉਸ ਨੂੰ ਇਹ ਭਰੋਸਾ ਦਿੱਤਾ ਗਿਆ, ‘ਯਹੋਵਾਹ ਵੱਲੋਂ ਜਿਹ ਦੇ ਖੰਭਾਂ ਹੇਠ ਪਰਤੀਤ ਕਰ ਕੇ ਤੂੰ ਆਈ ਹੈਂ ਤੈਨੂੰ ਪੂਰਾ ਵੱਟਾ ਦਿੱਤਾ ਜਾਵੇ।’ (ਰੂਥ 1:9; 2:12) ਰੂਥ ਨੇ ਪਰਮੇਸ਼ੁਰ ਵੱਲੋਂ ਕੀਤੇ ਵਿਆਹ ਦੇ ਪ੍ਰਬੰਧ ਦੀ ਕਦਰ ਕਰਦੇ ਹੋਏ ਯਹੋਵਾਹ ਦੇ ਭਗਤ ਬੋਅਜ਼ ਨਾਲ ਵਿਆਹ ਕਰਾਇਆ, ਚਾਹੇ ਉਹ ਉਮਰ ਵਿਚ ਉਸ ਤੋਂ ਬਹੁਤ ਵੱਡਾ ਸੀ। ਜਦੋਂ ਉਹ ਨਵੀਂ ਦੁਨੀਆਂ ਵਿਚ ਦੁਬਾਰਾ ਜੀਉਂਦੀ ਹੋਵੇਗੀ, ਤਾਂ ਉਸ ਨੂੰ ਇਹ ਜਾਣ ਕੇ ਖ਼ੁਸ਼ੀ ਮਿਲੇਗੀ ਕਿ ਉਸ ਦੀ ਪੀੜ੍ਹੀ ਵਿੱਚੋਂ ਯਿਸੂ ਮਸੀਹ ਦਾ ਜਨਮ ਹੋਇਆ ਸੀ। (ਮੱਤੀ 1:1, 5, 6; ਲੂਕਾ 3:23, 32) ਯਹੋਵਾਹ ਦੀਆਂ ਹਿਦਾਇਤਾਂ ਮੁਤਾਬਕ ਚੱਲ ਕੇ ਉਸ ਨੂੰ ਕਿੰਨੀਆਂ ਬਰਕਤਾਂ ਮਿਲੀਆਂ!

ਪਤੀ-ਪਤਨੀ ਲਈ ਵਧੀਆ ਸਲਾਹ

12. ਪਤੀ-ਪਤਨੀਆਂ ਨੂੰ ਵਧੀਆ ਸਲਾਹ ਕਿੱਥੋਂ ਮਿਲ ਸਕਦੀ ਹੈ?

12 ਵਿਆਹ ਦਾ ਪ੍ਰਬੰਧ ਕਰਨ ਵਾਲਾ ਪਰਮੇਸ਼ੁਰ ਜਾਣਦਾ ਹੈ ਕਿ ਵਿਆਹੁਤਾ ਜ਼ਿੰਦਗੀ ਵਿਚ ਕਿਵੇਂ ਖ਼ੁਸ਼ੀ ਮਿਲ ਸਕਦੀ ਹੈ। ਕੋਈ ਵੀ ਇਨਸਾਨ ਪਰਮੇਸ਼ੁਰ ਜਿੰਨਾ ਨਹੀਂ ਜਾਣਦਾ। ਬਾਈਬਲ ਦੀ ਸਲਾਹ ਹਮੇਸ਼ਾ ਸਹੀ ਹੁੰਦੀ ਹੈ ਤੇ ਜਿਹੜਾ ਵੀ ਇਨਸਾਨ ਵਿਆਹ ਸੰਬੰਧੀ ਸਲਾਹ ਦਿੰਦਾ ਹੈ, ਉਸ ਨੂੰ ਬਾਈਬਲ ਤੋਂ ਸਲਾਹ ਦੇਣੀ ਚਾਹੀਦੀ ਹੈ। ਮਿਸਾਲ ਲਈ, ਪੌਲੁਸ ਨੇ ਪਵਿੱਤਰ ਸ਼ਕਤੀ ਅਧੀਨ ਲਿਖਿਆ: “ਤੁਸੀਂ ਸਾਰੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਨਾਲ ਪਿਆਰ ਕਰਦੇ ਹੋ; ਨਾਲੇ ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।” (ਅਫ਼. 5:33) ਬਾਈਬਲ ਦੀ ਸਲਾਹ ਸਾਫ਼ ਹੈ ਤੇ ਸਾਰੇ ਸਿਆਣੇ ਮਸੀਹੀ ਇਸ ਨੂੰ ਸਮਝ ਸਕਦੇ ਹਨ। ਪਰ ਸਵਾਲ ਇਹ ਹੈ, ਕੀ ਉਹ ਬਾਈਬਲ ਦੀ ਸਲਾਹ ਲਾਗੂ ਕਰਨਗੇ ਜਾਂ ਨਹੀਂ? ਜੇ ਉਹ ਸੱਚ-ਮੁੱਚ ਵਿਆਹ ਦੇ ਪ੍ਰਬੰਧ ਦੀ ਕਦਰ ਕਰਦੇ ਹਨ, ਤਾਂ ਉਹ ਜ਼ਰੂਰ ਇਸ ਨੂੰ ਲਾਗੂ ਕਰਨਗੇ। *

13. ਪਹਿਲਾ ਪਤਰਸ 3:7 ਦੀ ਸਲਾਹ ਮੁਤਾਬਕ ਨਾ ਚੱਲਣ ਦਾ ਕੀ ਨਤੀਜਾ ਨਿਕਲ ਸਕਦਾ ਹੈ?

13 ਮਸੀਹੀ ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਪਤਰਸ ਰਸੂਲ ਨੇ ਲਿਖਿਆ: “ਪਤੀਓ, ਆਪਣੀਆਂ ਪਤਨੀਆਂ ਨਾਲ ਸਮਝਦਾਰੀ ਨਾਲ ਵੱਸੋ। ਉਹ ਨਾਜ਼ੁਕ ਹਨ, ਇਸ ਲਈ ਜਿਵੇਂ ਤੁਸੀਂ ਕਿਸੇ ਨਾਜ਼ੁਕ ਚੀਜ਼ ਦਾ ਖ਼ਿਆਲ ਰੱਖਦੇ ਹੋ, ਉਸੇ ਤਰ੍ਹਾਂ ਤੁਸੀਂ ਉਨ੍ਹਾਂ ਦਾ ਖ਼ਿਆਲ ਰੱਖੋ ਤੇ ਉਨ੍ਹਾਂ ਦੀ ਇੱਜ਼ਤ ਕਰੋ ਕਿਉਂਕਿ ਤੁਹਾਡੇ ਨਾਲ ਤੁਹਾਡੀਆਂ ਪਤਨੀਆਂ ਵੀ ਉਸ ਜ਼ਿੰਦਗੀ ਦੀਆਂ ਵਾਰਸ ਹਨ ਜੋ ਪਰਮੇਸ਼ੁਰ ਦੀ ਅਪਾਰ ਕਿਰਪਾ ਸਦਕਾ ਮਿਲੇਗੀ, ਤਾਂਕਿ ਤੁਹਾਡੀਆਂ ਪ੍ਰਾਰਥਨਾਵਾਂ ਵਿਚ ਕੋਈ ਰੁਕਾਵਟ ਨਾ ਆਵੇ।” (1 ਪਤ. 3:7) ਇਕ ਪਤੀ ਦੀਆਂ ਪ੍ਰਾਰਥਨਾਵਾਂ ਵਿਚ ਰੁਕਾਵਟ ਆ ਸਕਦੀ ਹੈ ਜੇ ਉਹ ਯਹੋਵਾਹ ਵੱਲੋਂ ਦਿੱਤੀ ਸਲਾਹ ਮੁਤਾਬਕ ਨਹੀਂ ਚੱਲਦਾ। ਨਤੀਜੇ ਵਜੋਂ ਪਤੀ-ਪਤਨੀ ਦਾ ਯਹੋਵਾਹ ਨਾਲ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਨਾਲੇ ਘਰ ਵਿਚ ਤਣਾਅ ਤੇ ਕਲੇਸ਼ ਹੋ ਸਕਦਾ ਹੈ।

14. ਇਕ ਬੁੱਧਵਾਨ ਪਤਨੀ ਆਪਣੇ ਵਿਆਹੁਤਾ ਰਿਸ਼ਤੇ ’ਤੇ ਕੀ ਅਸਰ ਪਾ ਸਕਦੀ ਹੈ?

14 ਪਰਮੇਸ਼ੁਰ ਦੇ ਬਚਨ ਤੇ ਉਸ ਦੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਣ ਵਾਲੀ ਪਤਨੀ ਆਪਣੇ ਘਰ ਵਿਚ ਸੁੱਖ-ਸ਼ਾਂਤੀ ਬਣਾਈ ਰੱਖਣ ਲਈ ਕਾਫ਼ੀ ਕੁਝ ਕਰ ਸਕਦੀ ਹੈ। ਰੱਬ ਦਾ ਡਰ ਰੱਖਣ ਵਾਲਾ ਪਤੀ ਆਪਣੀ ਪਤਨੀ ਨੂੰ ਪਿਆਰ ਕਰਦਾ ਤੇ ਉਸ ਦੀ ਦੇਖ-ਭਾਲ ਕਰਦਾ ਹੈ। ਪਤਨੀ ਚਾਹੁੰਦੀ ਹੈ ਕਿ ਉਸ ਨੂੰ ਆਪਣੇ ਪਤੀ ਦਾ ਪਿਆਰ ਮਿਲੇ। ਇਸ ਕਰਕੇ ਉਸ ਨੂੰ ਵੀ ਆਪਣੇ ਵਿਚ ਅਜਿਹੇ ਗੁਣ ਪੈਦਾ ਕਰਨੇ ਚਾਹੀਦੇ ਹਨ ਜਿਨ੍ਹਾਂ ਕਰਕੇ ਉਸ ਦਾ ਪਤੀ ਉਸ ਨੂੰ ਪਿਆਰ ਕਰੇ। ਕਹਾਉਤਾਂ 14:1 ਵਿਚ ਲਿਖਿਆ ਹੈ: “ਬੁੱਧਵਾਨ ਤੀਵੀਂ ਤਾਂ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖਣੀ ਆਪਣੀਂ ਹੀ ਹੱਥੀਂ ਉਹ ਨੂੰ ਢਾਹ ਦਿੰਦੀ ਹੈ।” ਇਕ ਬੁੱਧਵਾਨ ਤੇ ਪਿਆਰ ਕਰਨ ਵਾਲੀ ਪਤਨੀ ਆਪਣੇ ਘਰ ਵਿਚ ਖ਼ੁਸ਼ੀਆਂ ਲਿਆਉਣ ਦਾ ਜਤਨ ਕਰਦੀ ਹੈ। ਇਸ ਤਰ੍ਹਾਂ ਉਹ ਦਿਖਾਉਂਦੀ ਹੈ ਕਿ ਉਹ ਪਰਮੇਸ਼ੁਰ ਵੱਲੋਂ ਕੀਤੇ ਵਿਆਹ ਦੇ ਪ੍ਰਬੰਧ ਦੀ ਕਦਰ ਕਰਦੀ ਹੈ।

15. ਅਫ਼ਸੀਆਂ 5:22-25 ਵਿਚ ਕਿਹੜੀ ਸਲਾਹ ਦਿੱਤੀ ਗਈ ਹੈ?

15 ਯਿਸੂ ਮੰਡਲੀ ਦੀ ਦੇਖ-ਭਾਲ ਕਰਦਾ ਹੈ ਤੇ ਜਿਹੜੇ ਪਤੀ-ਪਤਨੀ ਉਸ ਦੀ ਰੀਸ ਕਰਦੇ ਹਨ ਉਹ ਵਿਆਹ ਦੇ ਪ੍ਰਬੰਧ ਲਈ ਕਦਰ ਦਿਖਾਉਂਦੇ ਹਨ। (ਅਫ਼ਸੀਆਂ 5:22-25 ਪੜ੍ਹੋ।) ਜੇ ਪਤੀ-ਪਤਨੀ ਇਕ-ਦੂਜੇ ਨੂੰ ਪਿਆਰ ਕਰਦੇ ਹਨ ਤੇ ਨਿਮਰ ਹਨ, ਤਾਂ ਉਹ ਲੜਾਈ-ਝਗੜਾ ਕਰ ਕੇ ਇਕ-ਦੂਜੇ ਨੂੰ ਬੁਲਾਉਣਾ ਨਹੀਂ ਛੱਡਣਗੇ ਜਾਂ ਹੋਰ ਮਾੜੀਆਂ ਗੱਲਾਂ ਕਰਕੇ ਆਪਣੀ ਵਿਆਹੁਤਾ ਜ਼ਿੰਦਗੀ ਖ਼ਰਾਬ ਨਹੀਂ ਕਰਨਗੇ।

ਕੋਈ ਉਨ੍ਹਾਂ ਨੂੰ ਅੱਡ ਨਾ ਕਰੇ

16. ਕੁਝ ਮਸੀਹੀ ਕੁਆਰੇ ਕਿਉਂ ਰਹਿੰਦੇ ਹਨ?

16 ਭਾਵੇਂ ਕਿ ਜ਼ਿਆਦਾਤਰ ਲੋਕ ਕਿਸੇ-ਨਾ-ਕਿਸੇ ਦਿਨ ਵਿਆਹ ਕਰਾਉਣ ਦੀ ਸੋਚਦੇ ਹਨ, ਪਰ ਯਹੋਵਾਹ ਦੇ ਕੁਝ ਸੇਵਕ ਕੁਆਰੇ ਹੀ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਅਜਿਹਾ ਸਾਥੀ ਨਹੀਂ ਮਿਲਦਾ ਜੋ ਉਨ੍ਹਾਂ ਨੂੰ ਤੇ ਯਹੋਵਾਹ ਨੂੰ ਪਸੰਦ ਹੁੰਦਾ ਹੈ। ਕੁਝ ਭੈਣਾਂ-ਭਰਾਵਾਂ ਨੇ ਵਿਆਹ ਨਾ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਉਹ ਵਿਆਹੁਤਾ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਤੋਂ ਬਗੈਰ ਪੂਰਾ ਧਿਆਨ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ। ਪਰ ਯਾਦ ਰੱਖੋ ਕਿ ਕੁਆਰੇ ਲੋਕ ਯਹੋਵਾਹ ਵੱਲੋਂ ਠਹਿਰਾਈਆਂ ਹੱਦਾਂ ਵਿਚ ਰਹਿ ਕੇ ਹੀ ਖ਼ੁਸ਼ ਹੋ ਸਕਦੇ ਹਨ।—ਮੱਤੀ 19:10-12; 1 ਕੁਰਿੰ. 7:1, 6, 7, 17.

17. (ੳ) ਸਾਨੂੰ ਯਿਸੂ ਦੇ ਕਿਹੜੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ? (ਅ) ਜੇ ਕੋਈ ਮਸੀਹੀ ਕਿਸੇ ਹੋਰ ਦੇ ਜੀਵਨ-ਸਾਥੀ ਦੀ ਲਾਲਸਾ ਕਰਨ ਲੱਗ ਪਵੇ, ਤਾਂ ਉਸ ਨੂੰ ਬਿਨਾਂ ਦੇਰ ਕੀਤੇ ਕੀ ਕਰਨਾ ਚਾਹੀਦਾ ਹੈ?

17 ਚਾਹੇ ਅਸੀਂ ਕੁਆਰੇ ਹਾਂ ਜਾਂ ਵਿਆਹੇ, ਸਾਨੂੰ ਸਾਰਿਆਂ ਨੂੰ ਯਿਸੂ ਦੇ ਸ਼ਬਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ: “ਕੀ ਤੁਸੀਂ ਨਹੀਂ ਪੜ੍ਹਿਆ ਕਿ ਪਰਮੇਸ਼ੁਰ ਨੇ ਇਨਸਾਨਾਂ ਨੂੰ ਬਣਾਇਆ ਸੀ ਅਤੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਆਦਮੀ ਅਤੇ ਤੀਵੀਂ ਦੇ ਤੌਰ ਤੇ ਬਣਾਇਆ ਸੀ? ਅਤੇ ਕੀ ਤੁਸੀਂ ਇਹ ਵੀ ਨਹੀਂ ਪੜ੍ਹਿਆ: ‘ਇਸੇ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ’? ਇਸ ਲਈ, ਉਹ ਦੋ ਨਹੀਂ, ਸਗੋਂ ਇਕ ਸਰੀਰ ਹਨ। ਇਸ ਕਰਕੇ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।” (ਮੱਤੀ 19:4-6) ਕਿਸੇ ਹੋਰ ਦੇ ਜੀਵਨ-ਸਾਥੀ ਦੀ ਲਾਲਸਾ ਕਰਨੀ ਪਾਪ ਹੈ। (ਬਿਵ. 5:21) ਜੇ ਕੋਈ ਮਸੀਹੀ ਅਜਿਹੀ ਬੁਰੀ ਇੱਛਾ ਕਰਨ ਲੱਗ ਪਵੇ, ਤਾਂ ਉਸ ਨੂੰ ਬਿਨਾਂ ਦੇਰ ਕੀਤੇ ਇਸ ਨੂੰ ਆਪਣੇ ਦਿਲ-ਦਿਮਾਗ਼ ਵਿੱਚੋਂ ਕੱਢ ਦੇਣਾ ਚਾਹੀਦਾ ਹੈ, ਭਾਵੇਂ ਉਸ ਲਈ ਇਸ ਤਰ੍ਹਾਂ ਕਰਨਾ ਬਹੁਤ ਔਖਾ ਹੋਵੇ। (ਮੱਤੀ 5:27-30) ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੀ ਗ਼ਲਤ ਸੋਚਣੀ ਸੁਧਾਰੇ ਤੇ ਆਪਣੇ ਧੋਖੇਬਾਜ਼ ਦਿਲ ਦੀ ਨਾ ਸੁਣੇ।—ਯਿਰ. 17:9.

18. ਤੁਹਾਡੇ ਖ਼ਿਆਲ ਵਿਚ ਸਾਨੂੰ ਵਿਆਹ ਦੇ ਪ੍ਰਬੰਧ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ?

18 ਜਿਹੜੇ ਲੋਕ ਯਹੋਵਾਹ ਨੂੰ ਤੇ ਉਸ ਵੱਲੋਂ ਕੀਤੇ ਵਿਆਹ ਦੇ ਪ੍ਰਬੰਧ ਨੂੰ ਜਾਣਦੇ ਤਕ ਨਹੀਂ, ਉਹ ਵੀ ਕੁਝ ਹੱਦ ਤਕ ਵਿਆਹ ਦੇ ਪ੍ਰਬੰਧ ਦੀ ਕਦਰ ਕਰਦੇ ਹਨ। ਸੋ ਕਿੰਨਾ ਜ਼ਰੂਰੀ ਹੈ ਕਿ ਅਸੀਂ “ਖ਼ੁਸ਼ਦਿਲ ਪਰਮੇਸ਼ੁਰ” ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਵਿਆਹ ਦੇ ਪ੍ਰਬੰਧ ਦੀ ਹੋਰ ਜ਼ਿਆਦਾ ਕਦਰ ਕਰੀਏ!—1 ਤਿਮੋ. 1:11.

[ਫੁਟਨੋਟ]

[ਸਵਾਲ]

[ਸਫ਼ਾ 6 ਉੱਤੇ ਸੁਰਖੀ]

ਸੁਖੀ ਵਿਆਹੁਤਾ ਜ਼ਿੰਦਗੀ ਕਰਕੇ ਯਹੋਵਾਹ ਦੀ ਮਹਿਮਾ ਹੁੰਦੀ ਹੈ ਤੇ ਸਾਰਿਆਂ ਨੂੰ ਖ਼ੁਸ਼ੀ ਮਿਲਦੀ ਹੈ

[ਸਫ਼ਾ 5 ਉੱਤੇ ਤਸਵੀਰ]

ਰੂਥ ਨੇ ਪਰਮੇਸ਼ੁਰ ਵੱਲੋਂ ਕੀਤੇ ਵਿਆਹ ਦੇ ਪ੍ਰਬੰਧ ਦੀ ਕਦਰ ਕੀਤੀ

[ਸਫ਼ਾ 7 ਉੱਤੇ ਤਸਵੀਰ]

ਕੀ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਪਰਮੇਸ਼ੁਰ ਵੱਲੋਂ ਕੀਤੇ ਵਿਆਹ ਦੇ ਪ੍ਰਬੰਧ ਦੀ ਕਦਰ ਕਰਦੇ ਹੋ?