Skip to content

Skip to table of contents

‘ਫ਼ਰੀਸੀਆਂ ਦੇ ਖਮੀਰ ਤੋਂ ਬਚ ਕੇ ਰਹੋ’

‘ਫ਼ਰੀਸੀਆਂ ਦੇ ਖਮੀਰ ਤੋਂ ਬਚ ਕੇ ਰਹੋ’

‘ਫ਼ਰੀਸੀਆਂ ਦੇ ਖਮੀਰ ਤੋਂ ਬਚ ਕੇ ਰਹੋ’

ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ਬਰਦਾਰ ਕੀਤਾ ਸੀ: “ਫ਼ਰੀਸੀਆਂ ਦੇ ਖਮੀਰ ਯਾਨੀ ਪਖੰਡ ਤੋਂ ਬਚ ਕੇ ਰਹੋ।” (ਲੂਕਾ 12:1) ਮੱਤੀ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਯਿਸੂ ਇੱਥੇ ਫ਼ਰੀਸੀਆਂ ਦੀਆਂ “ਸਿੱਖਿਆਵਾਂ” ਦੀ ਨਿੰਦਿਆ ਕਰ ਰਿਹਾ ਸੀ।—ਮੱਤੀ 16:12.

ਬਾਈਬਲ ਵਿਚ ਕਈ ਵਾਰ “ਖਮੀਰ” ਮਾੜੇ ਪ੍ਰਭਾਵ ਨੂੰ ਦਰਸਾਉਂਦਾ ਹੈ। ਫ਼ਰੀਸੀਆਂ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਰਵੱਈਏ ਦਾ ਲੋਕਾਂ ਉੱਤੇ ਮਾੜਾ ਪ੍ਰਭਾਵ ਪਿਆ ਸੀ। ਫ਼ਰੀਸੀਆਂ ਦੀਆਂ ਸਿੱਖਿਆਵਾਂ ਖ਼ਤਰਨਾਕ ਕਿਉਂ ਸਨ?

1 ਫ਼ਰੀਸੀ ਇਸ ਗੱਲ ’ਤੇ ਹੰਕਾਰ ਕਰਦੇ ਸਨ ਕਿ ਉਹ ਦੂਜਿਆਂ ਨਾਲੋਂ ਜ਼ਿਆਦਾ ਧਰਮੀ ਹਨ ਅਤੇ ਆਮ ਲੋਕਾਂ ਨੂੰ ਆਪਣੇ ਪੈਰਾਂ ਦੀ ਜੁੱਤੀ ਸਮਝਦੇ ਸਨ।

ਯਿਸੂ ਨੇ ਇਕ ਮਿਸਾਲ ਵਿਚ ਫ਼ਰੀਸੀਆਂ ਦੇ ਇਸ ਰਵੱਈਏ ਦੀ ਗੱਲ ਕੀਤੀ ਸੀ। ਉਸ ਨੇ ਕਿਹਾ: “[ਇਕ] ਫ਼ਰੀਸੀ ਇਕ ਜਗ੍ਹਾ ਖੜ੍ਹਾ ਹੋ ਕੇ ਆਪਣੇ ਮਨ ਵਿਚ ਇਹ ਕਹਿੰਦਾ ਹੋਇਆ ਪ੍ਰਾਰਥਨਾ ਕਰਨ ਲੱਗਾ, ‘ਰੱਬਾ, ਸ਼ੁਕਰ ਹੈ ਤੇਰਾ ਕਿ ਮੈਂ ਬਾਕੀ ਲੋਕਾਂ ਵਰਗਾ ਨਹੀਂ ਹਾਂ ਜਿਹੜੇ ਲੁਟੇਰੇ, ਕੁਧਰਮੀ ਤੇ ਹਰਾਮਕਾਰ ਹਨ, ਨਾ ਹੀ ਮੈਂ ਇਸ ਟੈਕਸ ਵਸੂਲਣ ਵਾਲੇ ਵਰਗਾ ਹਾਂ। ਮੈਂ ਹਫ਼ਤੇ ਵਿਚ ਦੋ ਵਾਰ ਵਰਤ ਰੱਖਦਾ ਹਾਂ ਅਤੇ ਮੈਨੂੰ ਜੋ ਵੀ ਮਿਲਦਾ ਹੈ, ਉਸ ਵਿੱਚੋਂ ਦਸਵਾਂ ਹਿੱਸਾ ਦਿੰਦਾ ਹਾਂ।’ ਪਰ ਟੈਕਸ ਵਸੂਲਣ ਵਾਲਾ ਥੋੜ੍ਹੀ ਦੂਰ ਖੜ੍ਹ ਗਿਆ ਅਤੇ ਉਸ ਨੇ ਆਕਾਸ਼ ਵੱਲ ਆਪਣੀਆਂ ਨਜ਼ਰਾਂ ਚੁੱਕਣ ਦਾ ਵੀ ਹੀਆ ਨਾ ਕੀਤਾ, ਪਰ ਵਾਰ-ਵਾਰ ਆਪਣੀ ਛਾਤੀ ਪਿੱਟਦਾ ਹੋਇਆ ਕਹਿਣ ਲੱਗਾ, ‘ਰੱਬਾ, ਮੈਂ ਪਾਪੀ ਹਾਂ, ਮੇਰੇ ’ਤੇ ਦਇਆ ਕਰ।’”—ਲੂਕਾ 18:11-13.

ਯਿਸੂ ਨੇ ਟੈਕਸ ਵਸੂਲ ਕਰਨ ਵਾਲੇ ਦੀ ਸ਼ਲਾਘਾ ਕੀਤੀ ਕਿਉਂਕਿ ਉਹ ਨਿਮਰ ਸੀ: “ਮੈਂ ਤੁਹਾਨੂੰ ਕਹਿੰਦਾ ਹਾਂ: ਇਹ ਆਦਮੀ ਉਸ ਫ਼ਰੀਸੀ ਨਾਲੋਂ ਵੱਧ ਧਰਮੀ ਸਾਬਤ ਹੋ ਕੇ ਆਪਣੇ ਘਰ ਗਿਆ, ਕਿਉਂਕਿ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ ਉਸ ਨੂੰ ਨੀਵਾਂ ਕੀਤਾ ਜਾਵੇਗਾ, ਪਰ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਸ ਨੂੰ ਉੱਚਾ ਕੀਤਾ ਜਾਵੇਗਾ।” (ਲੂਕਾ 18:14) ਬੇਈਮਾਨੀ ਕਰਨ ਕਰਕੇ ਟੈਕਸ ਵਸੂਲਣ ਵਾਲੇ ਲੋਕ ਬਦਨਾਮ ਸਨ। ਪਰ ਜਿਨ੍ਹਾਂ ਟੈਕਸ ਵਸੂਲਣ ਵਾਲਿਆਂ ਨੇ ਯਿਸੂ ਦੀ ਗੱਲ ਸੁਣੀ, ਉਸ ਨੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਘੱਟੋ-ਘੱਟ ਦੋ ਟੈਕਸ ਵਸੂਲਣ ਵਾਲੇ ਆਦਮੀ ਮੱਤੀ ਤੇ ਜ਼ੱਕੀ ਉਸ ਦੇ ਚੇਲੇ ਬਣੇ।

ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਅਸੀਂ ਆਪਣੇ ਆਪ ਨੂੰ ਦੂਜਿਆਂ ਨਾਲੋਂ ਜ਼ਿਆਦਾ ਸਮਝਦੇ ਹਾਂ ਕਿਉਂਕਿ ਸਾਡੇ ਵਿਚ ਕੁਦਰਤੀ ਕਾਬਲੀਅਤਾਂ ਹਨ ਜਾਂ ਸਾਨੂੰ ਯਹੋਵਾਹ ਦੀ ਸੇਵਾ ਵਿਚ ਜ਼ਿੰਮੇਵਾਰੀਆਂ ਮਿਲੀਆਂ ਹਨ ਜਾਂ ਅਸੀਂ ਦੂਜਿਆਂ ਵਿਚ ਕਮੀਆਂ-ਕਮਜ਼ੋਰੀਆਂ ਦੇਖਦੇ ਹਾਂ? ਸਾਨੂੰ ਇਹੋ ਜਿਹੇ ਵਿਚਾਰ ਝੱਟ ਆਪਣੇ ਮਨ ਵਿੱਚੋਂ ਕੱਢ ਦੇਣੇ ਚਾਹੀਦੇ ਹਨ ਕਿਉਂਕਿ ਬਾਈਬਲ ਵਿਚ ਲਿਖਿਆ ਹੈ: “ਪਿਆਰ ਧੀਰਜਵਾਨ ਅਤੇ ਦਿਆਲੂ ਹੈ। ਪਿਆਰ ਈਰਖਾ ਨਹੀਂ ਕਰਦਾ, ਸ਼ੇਖ਼ੀਆਂ ਨਹੀਂ ਮਾਰਦਾ, ਘਮੰਡ ਨਾਲ ਫੁੱਲਦਾ ਨਹੀਂ, ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਂਦਾ, ਆਪਣੇ ਬਾਰੇ ਹੀ ਨਹੀਂ ਸੋਚਦਾ, ਖਿਝਦਾ ਨਹੀਂ। ਇਹ ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ। ਇਹ ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ, ਪਰ ਸੱਚਾਈ ਤੋਂ ਖ਼ੁਸ਼ ਹੁੰਦਾ ਹੈ।”—1 ਕੁਰਿੰ. 13:4-6.

ਸਾਡਾ ਰਵੱਈਆ ਪੌਲੁਸ ਰਸੂਲ ਵਰਗਾ ਹੋਣਾ ਚਾਹੀਦਾ ਹੈ। ਇਹ ਕਹਿਣ ਤੋਂ ਬਾਅਦ ਕਿ “ਯਿਸੂ ਮਸੀਹ ਪਾਪੀਆਂ ਨੂੰ ਬਚਾਉਣ ਲਈ ਦੁਨੀਆਂ ਵਿਚ ਆਇਆ ਸੀ,” ਪੌਲੁਸ ਨੇ ਅੱਗੇ ਕਿਹਾ: “ਸਭ ਤੋਂ ਵੱਡਾ ਪਾਪੀ ਮੈਂ ਹਾਂ।”—1 ਤਿਮੋ. 1:15.

ਇਨ੍ਹਾਂ ਸਵਾਲਾਂ ’ਤੇ ਸੋਚ-ਵਿਚਾਰ ਕਰੋ:

ਕੀ ਮੈਂ ਮੰਨਦਾ ਹਾਂ ਕਿ ਮੈਂ ਪਾਪੀ ਹਾਂ ਅਤੇ ਮੈਨੂੰ ਯਹੋਵਾਹ ਦੀ ਅਪਾਰ ਕਿਰਪਾ ਕਰਕੇ ਹੀ ਮੁਕਤੀ ਮਿਲ ਸਕਦੀ ਹੈ? ਜਾਂ ਕੀ ਮੈਂ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਸਮਝਦਾ ਹਾਂ ਕਿਉਂਕਿ ਮੈਂ ਕਈ ਸਾਲਾਂ ਤੋਂ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਹਾਂ ਜਾਂ ਮੈਨੂੰ ਪਰਮੇਸ਼ੁਰ ਦੀ ਸੰਸਥਾ ਵਿਚ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਹਨ ਜਾਂ ਮੇਰੇ ਵਿਚ ਕੁਦਰਤੀ ਕਾਬਲੀਅਤਾਂ ਹਨ?

2 ਫ਼ਰੀਸੀਆਂ ਨੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਆਪਣੀ ਧਾਰਮਿਕਤਾ ਦਾ ਦਿਖਾਵਾ ਕੀਤਾ। ਉਹ ਚਾਹੁੰਦੇ ਸਨ ਕਿ ਉਹ ਵੱਡੇ ਬਣਨ ਅਤੇ ਲੋਕ ਉਨ੍ਹਾਂ ਦੀਆਂ ਤਾਰੀਫ਼ਾਂ ਕਰਨ।

ਪਰ ਯਿਸੂ ਨੇ ਚੇਤਾਵਨੀ ਦਿੱਤੀ ਸੀ: “ਉਹ ਜਿਹੜੇ ਵੀ ਕੰਮ ਕਰਦੇ ਹਨ, ਦਿਖਾਵੇ ਲਈ ਕਰਦੇ ਹਨ, ਉਹ ਉਨ੍ਹਾਂ ਤਵੀਤਾਂ ਨੂੰ ਵੱਡਾ ਕਰਦੇ ਹਨ ਜਿਨ੍ਹਾਂ ਨੂੰ ਉਹ ਆਪਣੀ ਰਾਖੀ ਲਈ ਬੰਨ੍ਹਦੇ ਹਨ ਅਤੇ ਆਪਣੇ ਚੋਗਿਆਂ ਦੀਆਂ ਝਾਲਰਾਂ ਲੰਬੀਆਂ ਕਰਦੇ ਹਨ। ਉਹ ਸਭਾ ਘਰਾਂ ਅਤੇ ਦਾਅਵਤਾਂ ਵਿਚ ਮੋਹਰੇ ਹੋ-ਹੋ ਕੇ ਬੈਠਣਾ ਪਸੰਦ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਬਾਜ਼ਾਰਾਂ ਵਿਚ ਲੋਕ ਉਨ੍ਹਾਂ ਨੂੰ ਸਲਾਮਾਂ ਕਰਨ ਅਤੇ ਗੁਰੂ ਜੀ ਕਹਿ ਕੇ ਸਤਿਕਾਰਨ।” (ਮੱਤੀ 23:5-7) ਇਨ੍ਹਾਂ ਤੋਂ ਉਲਟ ਯਿਸੂ ਦੇ ਰਵੱਈਏ ਉੱਤੇ ਗੌਰ ਕਰੋ। ਭਾਵੇਂ ਉਹ ਪਰਮੇਸ਼ੁਰ ਦਾ ਪੁੱਤਰ ਸੀ ਅਤੇ ਮੁਕੰਮਲ ਇਨਸਾਨ ਸੀ, ਫਿਰ ਵੀ ਉਹ ਨਿਮਰ ਸੀ। ਇਕ ਵਾਰ ਜਦੋਂ ਇਕ ਆਦਮੀ ਨੇ ਉਸ ਨੂੰ “ਚੰਗਾ” ਕਿਹਾ, ਤਾਂ ਯਿਸੂ ਨੇ ਜਵਾਬ ਦਿੱਤਾ: “ਤੂੰ ਮੈਨੂੰ ਚੰਗਾ ਕਿਉਂ ਕਹਿੰਦਾ ਹੈਂ? ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ।” (ਮਰ. 10:18) ਨਾਲੇ ਇਕ ਵਾਰ ਯਿਸੂ ਨੇ ਆਪਣੇ ਚੇਲਿਆਂ ਦੇ ਪੈਰ ਧੋ ਕੇ ਸਾਰੇ ਚੇਲਿਆਂ ਲਈ ਨਿਮਰਤਾ ਦੀ ਮਿਸਾਲ ਰੱਖੀ।—ਯੂਹੰ. 13:1-15.

ਸੱਚੇ ਮਸੀਹੀਆਂ ਨੂੰ ਆਪਣੇ ਭੈਣਾਂ-ਭਰਾਵਾਂ ਦੀ ਸੇਵਾ ਕਰਨੀ ਚਾਹੀਦੀ ਹੈ। (ਗਲਾ. 5:13) ਖ਼ਾਸ ਕਰਕੇ ਉਨ੍ਹਾਂ ਭਰਾਵਾਂ ਨੂੰ ਜਿਹੜੇ ਮੰਡਲੀ ਵਿਚ ਨਿਗਾਹਬਾਨ ਬਣਨਾ ਚਾਹੁੰਦੇ ਹਨ। ਇਹ ਚੰਗੀ ਗੱਲ ਹੈ ਜੇ ਕੋਈ ਭਰਾ “ਨਿਗਾਹਬਾਨ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼ ਕਰਦਾ ਹੈ,” ਪਰ ਉਸ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਦੂਜਿਆਂ ਦੀ ਸੇਵਾ ਕਰਨੀ ਹੀ ਨਿਗਾਹਬਾਨ ਦਾ ਮਕਸਦ ਹੁੰਦਾ ਹੈ। ਜਦੋਂ ਕੋਈ ਨਿਗਾਹਬਾਨ ਬਣ ਜਾਂਦਾ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਦੂਜਿਆਂ ਨਾਲੋਂ ਵੱਡਾ ਬਣ ਜਾਂਦਾ ਹੈ ਜਾਂ ਉਹ ਆਪਣੀ ਮਨ-ਮਰਜ਼ੀ ਕਰ ਸਕਦਾ ਹੈ। ਨਿਗਾਹਬਾਨਾਂ ਨੂੰ ਯਿਸੂ ਵਾਂਗ ‘ਮਨ ਦੇ ਹਲੀਮ’ ਬਣਨਾ ਚਾਹੀਦਾ ਹੈ।—1 ਤਿਮੋ. 3:1, 6; ਮੱਤੀ 11:29.

ਇਨ੍ਹਾਂ ਸਵਾਲਾਂ ’ਤੇ ਸੋਚ-ਵਿਚਾਰ ਕਰੋ:

ਕੀ ਮੈਂ ਮੰਡਲੀ ਦੇ ਜ਼ਿੰਮੇਵਾਰ ਭਰਾਵਾਂ ਦੇ ਪਿੱਛੇ-ਪਿੱਛੇ ਇਸ ਆਸ ਨਾਲ ਘੁੰਮਦਾ ਹਾਂ ਕਿ ਮੈਨੂੰ ਮੰਡਲੀ ਵਿਚ ਹੋਰ ਜ਼ਿੰਮੇਵਾਰੀਆਂ ਮਿਲਣ ਜਾਂ ਮੈਂ ਦੂਜਿਆਂ ਦੀਆਂ ਨਜ਼ਰਾਂ ਵਿਚ ਵੱਡਾ ਬਣਾਂ? ਕੀ ਮੈਂ ਪਰਮੇਸ਼ੁਰ ਦੀ ਸੇਵਾ ਵਿਚ ਸਿਰਫ਼ ਉਨ੍ਹਾਂ ਕੰਮਾਂ ਨੂੰ ਹੀ ਪਹਿਲ ਦਿੰਦਾ ਹਾਂ ਜਿਨ੍ਹਾਂ ਕਰਕੇ ਮੈਂ ਲੋਕਾਂ ਦੀਆਂ ਨਜ਼ਰਾਂ ਵਿਚ ਆਵਾਂ ਤੇ ਉਹ ਮੇਰੀ ਤਾਰੀਫ਼ ਕਰਨ? ਕੀ ਮੈਂ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਕਰਨ ਦੀ ਕੋਸ਼ਿਸ਼ ਕਰਦਾ ਹਾਂ?

3 ਫ਼ਰੀਸੀਆਂ ਦੇ ਨਿਯਮਾਂ ਅਤੇ ਰੀਤਾਂ-ਰਿਵਾਜਾਂ ਕਰਕੇ ਆਮ ਲੋਕਾਂ ਲਈ ਮੂਸਾ ਦੇ ਕਾਨੂੰਨ ਉੱਤੇ ਚੱਲਣਾ ਬੋਝ ਬਣ ਗਿਆ ਸੀ।

ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਇਜ਼ਰਾਈਲੀਆਂ ਨੇ ਯਹੋਵਾਹ ਦੀ ਭਗਤੀ ਕਿਵੇਂ ਕਰਨੀ ਸੀ। ਪਰ ਹਰ ਛੋਟੀ-ਛੋਟੀ ਗੱਲ ਨਹੀਂ ਦੱਸੀ ਗਈ ਸੀ। ਮਿਸਾਲ ਲਈ, ਇਸ ਕਾਨੂੰਨ ਵਿਚ ਸਬਤ ਦੇ ਦਿਨ ਕੰਮ ਕਰਨ ਤੋਂ ਮਨ੍ਹਾ ਕੀਤਾ ਗਿਆ ਸੀ, ਪਰ ਇਹ ਨਹੀਂ ਦੱਸਿਆ ਗਿਆ ਸੀ ਕਿ ਕਿਹੜੇ ਕੰਮ ਕਰਨੇ ਸਨ ਤੇ ਕਿਹੜੇ ਨਹੀਂ। (ਕੂਚ 20:10) ਫ਼ਰੀਸੀਆਂ ਨੇ ਸੋਚਿਆ ਕਿ ਇਸ ਕਾਨੂੰਨ ਵਿਚ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਕਰਕੇ ਉਨ੍ਹਾਂ ਨੇ ਆਪਣੇ ਨਿਯਮ ਤੇ ਰੀਤੀ-ਰਿਵਾਜ ਬਣਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਬਤ ਦੇ ਦਿਨ ਕੀ ਕੀਤਾ ਜਾਣਾ ਚਾਹੀਦਾ ਹੈ ਅਤੇ ਕੀ ਨਹੀਂ। ਯਿਸੂ ਨੇ ਫ਼ਰੀਸੀਆਂ ਦੇ ਬਣਾਏ ਨਿਯਮਾਂ ਦੀ ਨਹੀਂ, ਪਰ ਮੂਸਾ ਦੇ ਕਾਨੂੰਨ ਦੀ ਪਾਲਣਾ ਕੀਤੀ। (ਮੱਤੀ 5:17, 18; 23:23) ਉਸ ਨੇ ਫ਼ਰੀਸੀਆਂ ਵਾਂਗ ਕਾਨੂੰਨ ਵਿਚ ਹਰ ਨਿੱਕੀ-ਨਿੱਕੀ ਗੱਲ ਦੀ ਘੋਖ-ਪੜਤਾਲ ਨਹੀਂ ਕੀਤੀ, ਸਗੋਂ ਉਸ ਨੇ ਦੇਖਿਆ ਕਿ ਮੂਸਾ ਦਾ ਕਾਨੂੰਨ ਕਿਉਂ ਦਿੱਤਾ ਗਿਆ ਸੀ ਅਤੇ ਇਸ ਵਿਚ ਦੂਜਿਆਂ ਨਾਲ ਦਇਆ ਅਤੇ ਹਮਦਰਦੀ ਨਾਲ ਪੇਸ਼ ਆਉਣ ਦੀ ਹੱਲਾਸ਼ੇਰੀ ਦਿੱਤੀ ਗਈ ਸੀ। ਉਹ ਅੜਬ ਨਹੀਂ ਸੀ ਤੇ ਉਹ ਦੂਜਿਆਂ ਨਾਲ ਸਮਝਦਾਰੀ ਨਾਲ ਪੇਸ਼ ਆਇਆ, ਉਦੋਂ ਵੀ ਜਦੋਂ ਉਸ ਦੇ ਚੇਲਿਆਂ ਨੇ ਉਸ ਨੂੰ ਨਿਰਾਸ਼ ਕੀਤਾ। ਉਦਾਹਰਣ ਲਈ, ਆਪਣੀ ਗਿਰਫ਼ਤਾਰੀ ਦੀ ਰਾਤ ਯਿਸੂ ਨੇ ਆਪਣੇ ਤਿੰਨ ਰਸੂਲਾਂ ਨੂੰ ਜਾਗਦੇ ਰਹਿਣ ਲਈ ਵਾਰ-ਵਾਰ ਕਿਹਾ, ਪਰ ਉਹ ਸੌਂ ਗਏ। ਫਿਰ ਵੀ ਯਿਸੂ ਨੇ ਉਨ੍ਹਾਂ ਦੀ ਹਾਲਤ ਨੂੰ ਸਮਝਦੇ ਹੋਏ ਕਿਹਾ: “ਦਿਲ ਤਾਂ ਤਿਆਰ ਹੈ, ਪਰ ਪਾਪੀ ਸਰੀਰ ਕਮਜ਼ੋਰ ਹੈ।”—ਮਰ. 14:34-42.

ਇਨ੍ਹਾਂ ਸਵਾਲਾਂ ’ਤੇ ਸੋਚ-ਵਿਚਾਰ ਕਰੋ:

ਕੀ ਮੈਂ ਹਰ ਗੱਲ ਵਿਚ ਆਪਣੇ ਹੀ ਨਿਯਮ ਬਣਾਉਂਦਾ ਹਾਂ ਤੇ ਦੂਜਿਆਂ ’ਤੇ ਇਨ੍ਹਾਂ ਮੁਤਾਬਕ ਚੱਲਣ ਦਾ ਜ਼ੋਰ ਪਾਉਂਦਾ ਹਾਂ? ਜਾਂ ਕੀ ਮੈਂ ਦੂਜਿਆਂ ਤੋਂ ਉੱਨੇ ਦੀ ਹੀ ਆਸ ਰੱਖਦਾ ਹਾਂ ਜਿੰਨਾ ਉਹ ਕਰ ਸਕਦੇ ਹਨ?

ਧਿਆਨ ਨਾਲ ਸੋਚੋ ਕਿ ਯਿਸੂ ਦੀਆਂ ਸਿੱਖਿਆਵਾਂ ਅਤੇ ਫ਼ਰੀਸੀਆਂ ਦੀਆਂ ਸਿੱਖਿਆਵਾਂ ਵਿਚ ਕੀ ਫ਼ਰਕ ਹੈ। ਇਸ ਬਾਰੇ ਸੋਚਣ ਤੋਂ ਬਾਅਦ ਕੀ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਕਿਨ੍ਹਾਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ? ਕਿਉਂ ਨਾ ਆਪਣੇ ਵਿਚ ਸੁਧਾਰ ਕਰਨ ਦਾ ਪੱਕਾ ਇਰਾਦਾ ਕਰੋ?

[ਸਫ਼ਾ 28 ਉੱਤੇ ਤਸਵੀਰ]

ਫ਼ਰੀਸੀ ਤਵੀਤ ਬੰਨ੍ਹਦੇ ਹੁੰਦੇ ਸਨ ਜਿਨ੍ਹਾਂ ਵਿਚ ਮੂਸਾ ਦੇ ਕਾਨੂੰਨ ਦੇ ਕੁਝ ਹਿੱਸੇ ਰੱਖੇ ਹੁੰਦੇ ਸਨ।—ਮੱਤੀ 23:2, 5

[ਸਫ਼ਾ 29 ਉੱਤੇ ਤਸਵੀਰਾਂ]

ਹੰਕਾਰੀ ਫ਼ਰੀਸੀਆਂ ਤੋਂ ਉਲਟ ਬਜ਼ੁਰਗ ਹਲੀਮੀ ਨਾਲ ਦੂਜਿਆਂ ਦੀ ਸੇਵਾ ਕਰਦੇ ਹਨ

[ਸਫ਼ਾ 30 ਉੱਤੇ ਤਸਵੀਰ]

ਯਿਸੂ ਵਾਂਗ ਕੀ ਤੁਸੀਂ ਦੂਜਿਆਂ ਤੋਂ ਉੱਨੇ ਦੀ ਹੀ ਆਸ ਰੱਖਦੇ ਹੋ ਜਿੰਨਾ ਉਹ ਕਰ ਸਕਦੇ ਹਨ?