ਜੀਵਨੀ
ਮੈਂ ਸਿਆਣੇ ਭੈਣਾਂ-ਭਰਾਵਾਂ ਨਾਲ ਦੋਸਤੀ ਕੀਤੀ
ਐਲਵਾ ਜਰਡੀ ਦੀ ਜ਼ਬਾਨੀ
ਲਗਭਗ 70 ਸਾਲ ਪਹਿਲਾਂ ਸਾਡੇ ਘਰ ਆਏ ਇਕ ਅਜਨਬੀ ਨੇ ਮੇਰੇ ਪਿਤਾ ਜੀ ਨਾਲ ਜੋ ਗੱਲਬਾਤ ਕੀਤੀ, ਉਸ ਨਾਲ ਮੇਰੀ ਜ਼ਿੰਦਗੀ ਬਦਲ ਗਈ। ਉਸ ਦਿਨ ਤੋਂ ਬਾਅਦ ਹੋਰ ਬਹੁਤ ਸਾਰੇ ਲੋਕਾਂ ਨੇ ਮੇਰੀ ਜ਼ਿੰਦਗੀ ’ਤੇ ਪ੍ਰਭਾਵ ਪਾਇਆ। ਇਸ ਦੇ ਨਾਲ-ਨਾਲ ਮੈਂ ਯਹੋਵਾਹ ਦੀ ਦੋਸਤ ਬਣੀ ਤੇ ਇਹ ਦੋਸਤੀ ਮੇਰੇ ਲਈ ਹੋਰ ਕਿਸੇ ਵੀ ਚੀਜ਼ ਨਾਲੋਂ ਅਨਮੋਲ ਹੈ। ਆਓ ਮੈਂ ਤੁਹਾਨੂੰ ਦੱਸਾਂ।
ਮੇਰਾ ਜਨਮ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ 1932 ਵਿਚ ਹੋਇਆ ਸੀ। ਮੇਰੇ ਮਾਪੇ ਰੱਬ ਨੂੰ ਮੰਨਦੇ ਸਨ, ਪਰ ਉਹ ਚਰਚ ਨਹੀਂ ਜਾਂਦੇ ਸਨ। ਮੇਰੇ ਮੰਮੀ ਜੀ ਨੇ ਮੇਰੇ ਮਨ ਵਿਚ ਇਹ ਗੱਲ ਬਿਠਾਈ ਹੋਈ ਸੀ ਕਿ ਰੱਬ ਸਾਡੇ ਸਾਰਿਆਂ ’ਤੇ ਨਜ਼ਰ ਰੱਖਦਾ ਹੈ ਤੇ ਜੇ ਮੈਂ ਕੋਈ ਸ਼ਰਾਰਤ ਕੀਤੀ, ਤਾਂ ਉਹ ਮੈਨੂੰ ਸਜ਼ਾ ਦੇਵੇਗਾ। ਇਸ ਕਰਕੇ ਮੈਂ ਰੱਬ ਕੋਲੋਂ ਡਰਦੀ ਸੀ। ਪਰ ਮੈਨੂੰ ਬਾਈਬਲ ਦੀਆਂ ਗੱਲਾਂ ਵਿਚ ਦਿਲਚਸਪੀ ਸੀ। ਜਦੋਂ ਮੇਰੇ ਮਾਸੀ ਜੀ ਸ਼ਨੀ-ਐਤਵਾਰ ਨੂੰ ਸਾਡੇ ਘਰ ਆਉਂਦੇ ਸਨ, ਤਾਂ ਉਹ ਮੈਨੂੰ ਬਾਈਬਲ ਵਿੱਚੋਂ ਕਹਾਣੀਆਂ ਸੁਣਾਉਂਦੇ ਹੁੰਦੇ ਸਨ। ਮੈਂ ਹਮੇਸ਼ਾ ਉਨ੍ਹਾਂ ਦੇ ਆਉਣ ਦਾ ਇੰਤਜ਼ਾਰ ਕਰਦੀ ਹੁੰਦੀ ਸੀ।
ਜਦੋਂ ਮੈਂ 13-14 ਸਾਲਾਂ ਦੀ ਸੀ, ਤਾਂ ਮੇਰੇ ਮੰਮੀ ਜੀ ਨੂੰ ਇਕ ਸਿਆਣੀ ਔਰਤ ਨੇ ਕਿਤਾਬਾਂ ਦਾ ਇਕ ਸੈੱਟ ਦਿੱਤਾ ਜੋ ਯਹੋਵਾਹ ਦੀ ਗਵਾਹ ਸੀ। ਮੇਰੇ ਪਿਤਾ ਜੀ ਨੇ ਇਨ੍ਹਾਂ ਕਿਤਾਬਾਂ ਨੂੰ ਪੜ੍ਹਿਆ। ਕਿਤਾਬਾਂ ਪੜ੍ਹ ਕੇ ਉਨ੍ਹਾਂ ’ਤੇ ਇੰਨਾ ਅਸਰ ਹੋਇਆ ਕਿ ਉਹ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਏ। ਇਕ ਸ਼ਾਮ ਜਦੋਂ ਪਿਤਾ ਜੀ ਇਕ ਭਰਾ ਨਾਲ ਬਾਈਬਲ ਸਟੱਡੀ ਕਰ ਰਹੇ ਸਨ, ਤਾਂ ਪਿਤਾ ਜੀ ਨੇ ਮੈਨੂੰ ਚੋਰੀ-ਚੋਰੀ ਉਨ੍ਹਾਂ ਦੀਆਂ ਗੱਲਾਂ ਸੁਣਦੇ ਦੇਖ ਲਿਆ। ਉਨ੍ਹਾਂ ਨੇ ਮੈਨੂੰ ਜਾ ਕੇ ਸੌਣ ਲਈ ਕਿਹਾ, ਪਰ ਉਸ ਭਰਾ ਨੇ ਕਿਹਾ: “ਤੁਸੀਂ ਕਿਉਂ ਨਾ ਐਲਵਾ ਨੂੰ ਵੀ ਸਟੱਡੀ ਵਿਚ ਬੈਠਣ ਦਿਓ?” ਇਸ ਗੱਲ ਨੇ ਮੇਰੀ ਜ਼ਿੰਦਗੀ ਵਿਚ ਨਵਾਂ ਮੋੜ ਲਿਆਂਦਾ ਤੇ ਸੱਚੇ ਪਰਮੇਸ਼ੁਰ ਯਹੋਵਾਹ ਨਾਲ ਮੇਰੀ ਦੋਸਤੀ ਦੀ ਸ਼ੁਰੂਆਤ ਹੋਈ।
ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਮੈਂ ਤੇ ਪਿਤਾ ਜੀ ਨੇ ਮੀਟਿੰਗਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਮੀਟਿੰਗਾਂ ਵਿਚ ਉਨ੍ਹਾਂ ਨੇ ਜੋ ਵੀ ਸੁਣਿਆ ਉਸ ਨੂੰ ਲਾਗੂ ਕਰ ਕੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕੀਤੀਆਂ। ਉਨ੍ਹਾਂ ਨੇ ਆਪਣੇ ਗੁੱਸੇ ’ਤੇ ਵੀ ਕਾਬੂ ਪਾਉਣਾ ਸਿੱਖਿਆ। ਇਸ ਗੱਲ ਕਰਕੇ ਮੰਮੀ ਜੀ ਤੇ ਵੱਡਾ ਭਰਾ ਫ੍ਰੈਂਕ ਮੀਟਿੰਗਾਂ ਵਿਚ ਜਾਣ ਲੱਗ ਪਏ। * ਅਸੀਂ ਚਾਰਾਂ ਨੇ ਸੱਚਾਈ ਵਿਚ ਤਰੱਕੀ ਕੀਤੀ ਤੇ ਅਖ਼ੀਰ ਅਸੀਂ ਸਾਰਿਆਂ ਨੇ ਯਹੋਵਾਹ ਦੇ ਗਵਾਹਾਂ ਦੇ ਤੌਰ ਤੇ ਬਪਤਿਸਮਾ ਲੈ ਲਿਆ। ਉਸ ਸਮੇਂ ਤੋਂ ਜ਼ਿੰਦਗੀ ਦੇ ਹਰ ਮੋੜ ’ਤੇ ਬਹੁਤ ਸਾਰੇ ਸਿਆਣੇ ਭੈਣਾਂ-ਭਰਾਵਾਂ ਨੇ ਮੇਰੇ ’ਤੇ ਚੰਗਾ ਪ੍ਰਭਾਵ ਪਾਇਆ।
ਜ਼ਿੰਦਗੀ ਦਾ ਮਹੱਤਵਪੂਰਣ ਫ਼ੈਸਲਾ
13-14 ਸਾਲ ਦੀ ਉਮਰ ਤੋਂ ਹੀ ਮੈਂ ਮੰਡਲੀ ਦੇ ਸਿਆਣੇ ਭੈਣਾਂ-ਭਰਾਵਾਂ ਨਾਲ ਦੋਸਤੀ ਕਰਨ ਲੱਗ ਪਈ ਸੀ। ਉਨ੍ਹਾਂ ਵਿੱਚੋਂ ਇਕ ਭੈਣ ਐਲਿਸ ਪਲੇਸ ਸੀ ਜਿਸ ਨੇ ਸਭ ਤੋਂ ਪਹਿਲਾਂ ਸਾਡੇ ਪਰਿਵਾਰ ਨੂੰ ਯਹੋਵਾਹ ਬਾਰੇ ਦੱਸਿਆ ਸੀ। ਉਹ ਮੇਰੇ ਲਈ ਮੇਰੀ ਦਾਦੀ ਵਾਂਗ ਸੀ। ਉਸ ਨੇ ਮੈਨੂੰ ਪ੍ਰਚਾਰ ਕਰਨ ਦੀ ਟ੍ਰੇਨਿੰਗ ਦਿੱਤੀ ਤੇ ਮੈਨੂੰ ਬਪਤਿਸਮਾ ਲੈਣ ਦੀ ਹੱਲਾਸ਼ੇਰੀ ਦਿੱਤੀ। ਮੈਂ 15 ਸਾਲ ਦੀ ਉਮਰ ਵਿਚ ਬਪਤਿਸਮਾ ਲੈ ਲਿਆ।
ਮੇਰੀ ਇਕ ਹੋਰ ਬਜ਼ੁਰਗ ਜੋੜੇ ਪਰਸੀ ਤੇ ਮੈਜ ਡਨਮ ਨਾਲ ਵੀ ਦੋਸਤੀ ਹੋ ਗਈ। 1930 ਦੇ ਦਹਾਕੇ ਦੌਰਾਨ ਪਰਸੀ ਤੇ ਮੈਜ ਲਾਤਵੀਆ ਵਿਚ ਮਿਸ਼ਨਰੀਆਂ ਦੇ ਤੌਰ ਤੇ ਸੇਵਾ ਕਰਦੇ ਸਨ। ਜਦੋਂ ਯੂਰਪ ਵਿਚ ਦੂਜਾ ਵਿਸ਼ਵ ਯੁੱਧ ਲੱਗਾ, ਤਾਂ ਉਨ੍ਹਾਂ ਨੂੰ ਆਸਟ੍ਰੇਲੀਆ ਦੇ
ਸਿਡਨੀ ਸ਼ਹਿਰ ਵਿਚ ਬੈਥਲ ਆਉਣ ਦਾ ਸੱਦਾ ਮਿਲਿਆ। ਉਨ੍ਹਾਂ ਨੇ ਮੇਰੇ ਵਿਚ ਦਿਲਚਸਪੀ ਲਈ ਤੇ ਉਨ੍ਹਾਂ ਦੀ ਦੋਸਤੀ ਦਾ ਮੇਰੇ ਭਵਿੱਖ ’ਤੇ ਬਹੁਤ ਅਸਰ ਪਿਆ। ਮੈਨੂੰ ਮੈਥਸ (ਹਿਸਾਬ) ਬਹੁਤ ਪਸੰਦ ਸੀ ਜਿਸ ਕਰਕੇ ਮੈਂ ਮੈਥਸ ਦੀ ਟੀਚਰ ਬਣਨ ਦਾ ਮਨ ਬਣਾਇਆ ਹੋਇਆ ਸੀ। ਉਨ੍ਹਾਂ ਨੇ ਮੈਨੂੰ ਮਿਸ਼ਨਰੀ ਸੇਵਾ ਦੌਰਾਨ ਹੋਏ ਵਧੀਆ-ਵਧੀਆ ਤਜਰਬੇ ਦੱਸੇ। ਮੈਂ ਉਨ੍ਹਾਂ ਦੇ ਤਜਰਬੇ ਤੋਂ ਦੇਖ ਸਕਦੀ ਸੀ ਕਿ ਮੈਥਸ ਪੜ੍ਹਾਉਣ ਨਾਲੋਂ ਬਾਈਬਲ ਬਾਰੇ ਸਿਖਾਉਣ ਵਿਚ ਜ਼ਿਆਦਾ ਖ਼ੁਸ਼ੀ ਮਿਲੇਗੀ। ਇਸ ਲਈ ਮੈਂ ਮਿਸ਼ਨਰੀ ਬਣਨ ਦਾ ਫ਼ੈਸਲਾ ਕੀਤਾ।ਪਰਸੀ ਤੇ ਮੈਜ ਨੇ ਮੈਨੂੰ ਮਿਸ਼ਨਰੀ ਸੇਵਾ ਦੀ ਤਿਆਰੀ ਕਰਨ ਲਈ ਪਾਇਨੀਅਰਿੰਗ ਕਰਨ ਦਾ ਉਤਸ਼ਾਹ ਦਿੱਤਾ। ਸਾਡੀ ਮੰਡਲੀ ਵਿਚ 10 ਨੌਜਵਾਨ ਭੈਣ-ਭਰਾ ਪਾਇਨੀਅਰਿੰਗ ਕਰ ਰਹੇ ਸਨ। ਮੈਂ ਵੀ 1948 ਵਿਚ 16 ਸਾਲ ਦੀ ਉਮਰ ਵਿਚ ਉਨ੍ਹਾਂ ਨਾਲ ਰਲ਼ ਕੇ ਪਾਇਨੀਅਰਿੰਗ ਕਰਨ ਲੱਗ ਪਈ।
ਅਗਲੇ ਚਾਰ ਸਾਲਾਂ ਦੌਰਾਨ ਮੈਂ ਚਾਰ ਹੋਰ ਸ਼ਹਿਰਾਂ ਵਿਚ ਪਾਇਨੀਅਰਿੰਗ ਕੀਤੀ। ਇਹ ਸ਼ਹਿਰ ਨਿਊ ਸਾਊਥ ਵੇਲਜ਼ ਤੇ ਕੁਈਨਜ਼ਲੈਂਡ ਦੇ ਵਿਚ ਸਨ। ਪਹਿਲਾਂ-ਪਹਿਲ ਮੈਂ ਬੈਟੀ ਲਾਅ (ਹੁਣ ਰੈਮਨੈਂਟ) ਨਾਂ ਦੀ ਇਕ ਕੁੜੀ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਬੈਟੀ ਮੇਰੇ ਤੋਂ ਦੋ ਸਾਲ ਵੱਡੀ ਸੀ ਤੇ ਉਹ ਦੂਜਿਆਂ ਦੀ ਬਹੁਤ ਪਰਵਾਹ ਕਰਦੀ ਸੀ। ਬਾਅਦ ਵਿਚ ਅਸੀਂ ਦੋਵਾਂ ਨੇ ਰਲ਼ ਕੇ ਕਾਉਰਾ ਸ਼ਹਿਰ ਵਿਚ ਪਾਇਨੀਅਰਿੰਗ ਕੀਤੀ। ਇਹ ਸ਼ਹਿਰ ਸਿਡਨੀ ਤੋਂ 230 ਕਿਲੋਮੀਟਰ (145 ਮੀਲ) ਦੂਰ ਸੀ। ਭਾਵੇਂ ਅਸੀਂ ਥੋੜ੍ਹੇ ਸਮੇਂ ਲਈ ਇਕੱਠਿਆਂ ਨੇ ਪਾਇਨੀਅਰਿੰਗ ਕੀਤੀ ਸੀ, ਪਰ ਅਸੀਂ ਅੱਜ ਤਕ ਸਹੇਲੀਆਂ ਹਾਂ।
ਸਪੈਸ਼ਲ ਪਾਇਨੀਅਰ ਬਣਨ ਤੋਂ ਬਾਅਦ ਮੈਂ ਨਰੈਂਡਰਾ ਸ਼ਹਿਰ ਚਲੀ ਗਈ ਜੋ ਕਾਉਰਾ ਤੋਂ 220 ਕਿਲੋਮੀਟਰ (137 ਮੀਲ) ਦੂਰ ਸੀ। ਮੇਰੀ ਨਵੀਂ ਪਾਇਨੀਅਰ ਸਾਥਣ ਜੋਏ ਲੈਨੱਕਸ (ਹੁਣ ਹੰਟਰ) ਸੀ ਜੋ ਕਿ ਜੋਸ਼ੀਲੀ ਪਾਇਨੀਅਰ ਸੀ ਤੇ ਮੇਰੇ ਤੋਂ ਦੋ ਸਾਲ ਵੱਡੀ ਸੀ। ਉਸ ਸ਼ਹਿਰ ਵਿਚ ਸਾਡੇ ਤੋਂ ਇਲਾਵਾ ਹੋਰ ਕੋਈ ਗਵਾਹ ਨਹੀਂ ਸੀ। ਅਸੀਂ ਇਕ ਜੋੜੇ ਰੇਅ ਤੇ ਐਸਤਰ ਆਇਨਜ਼ ਦੇ ਘਰ ਕਿਰਾਏ ’ਤੇ ਰਹਿੰਦੀਆਂ ਸੀ ਜਿਹੜੇ ਬੜੇ ਪਰਾਹੁਣਚਾਰੀ ਕਰਨ ਵਾਲੇ ਸਨ। ਉਹ ਤੇ ਉਨ੍ਹਾਂ ਦੇ ਬੱਚੇ ਸੱਚਾਈ ਬਾਰੇ ਜਾਣਨਾ ਚਾਹੁੰਦੇ ਸਨ। ਰੇਅ ਤੇ ਉਸ ਦਾ ਮੁੰਡਾ ਪੂਰਾ ਹਫ਼ਤਾ ਸ਼ਹਿਰ ਤੋਂ ਬਾਹਰ ਭੇਡਾਂ ਦੇ ਵਾੜੇ ਤੇ ਖੇਤਾਂ ਵਿਚ ਕੰਮ ਕਰਦੇ ਸਨ। ਉਸ ਦੀ ਪਤਨੀ ਤੇ ਤਿੰਨ ਕੁੜੀਆਂ ਸ਼ਹਿਰ ਵਿਚ ਛੋਟਾ ਜਿਹਾ ਹੋਟਲ ਚਲਾਉਂਦੀਆਂ ਸਨ ਜਿਸ ਵਿਚ ਰੇਲਵੇ ਦੇ ਲਗਭਗ 12 ਮਜ਼ਦੂਰ ਰਹਿੰਦੇ ਸਨ। ਉਹ ਕਮਰਿਆਂ ਦੇ ਕਿਰਾਏ ਦੇ ਨਾਲ-ਨਾਲ ਖਾਣੇ ਦਾ ਬਿਲ ਵੀ ਦਿੰਦੇ ਸਨ। ਹਰ ਐਤਵਾਰ ਮੈਂ ਤੇ ਜੋਏ ਉਸ ਪਰਿਵਾਰ ਲਈ ਤੇ ਉਨ੍ਹਾਂ ਮਜ਼ਦੂਰਾਂ ਲਈ ਬਹੁਤ ਸਾਰਾ ਖਾਣਾ ਪਕਾਉਂਦੀਆਂ ਸੀ। ਇਸ ਤਰ੍ਹਾਂ ਸਾਨੂੰ ਥੋੜ੍ਹਾ ਘੱਟ ਕਿਰਾਇਆ ਦੇਣਾ ਪੈਂਦਾ ਸੀ। ਭਾਂਡੇ ਵਗੈਰਾ ਧੋ ਕੇ ਅਸੀਂ ਰੇਅ, ਐਸਤਰ ਤੇ ਉਨ੍ਹਾਂ ਦੇ ਬੱਚਿਆਂ ਨਾਲ ਪਹਿਰਾਬੁਰਜ ਦਾ ਅਧਿਐਨ ਕਰਦੀਆਂ ਸੀ। ਉਹ ਪਰਿਵਾਰ ਸੱਚਾਈ ਵਿਚ ਆ ਗਿਆ ਤੇ ਉਹ ਨਰੈਂਡਰਾ ਮੰਡਲੀ ਦੇ ਪਹਿਲੇ ਮੈਂਬਰ ਬਣੇ।
1951 ਵਿਚ ਮੈਂ ਸਿਡਨੀ ਵਿਚ ਯਹੋਵਾਹ ਦੇ ਗਵਾਹਾਂ ਦੇ ਜ਼ਿਲ੍ਹਾ ਸੰਮੇਲਨ ਵਿਚ ਗਈ। ਉੱਥੇ ਮੈਂ ਪਾਇਨੀਅਰਾਂ ਲਈ ਰੱਖੀ ਖ਼ਾਸ ਮੀਟਿੰਗ ਵਿਚ ਹਾਜ਼ਰ ਹੋਈ ਜੋ ਮਿਸ਼ਨਰੀ ਸੇਵਾ ਕਰਨੀ ਚਾਹੁੰਦੇ ਸਨ। ਇਹ ਮੀਟਿੰਗ ਇਕ ਵੱਡੇ ਟੈਂਟ ਵਿਚ ਹੋਈ ਜਿਸ ਵਿਚ 300 ਤੋਂ ਜ਼ਿਆਦਾ ਜਣੇ ਹਾਜ਼ਰ ਸਨ। ਬਰੁਕਲਿਨ ਬੈਥਲ ਤੋਂ ਆਏ ਭਰਾ ਨੇਥਨ ਨੌਰ ਨੇ ਧਰਤੀ ਦੇ ਕੋਨੇ-ਕੋਨੇ ਤਕ ਪ੍ਰਚਾਰ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਅਸੀਂ ਸਾਰੇ ਜਣੇ ਉਸ ਦਾ ਕਿਹਾ ਹਰ ਸ਼ਬਦ ਧਿਆਨ ਨਾਲ ਸੁਣ ਰਹੇ ਸੀ। ਉੱਥੇ ਮੌਜੂਦ ਕੁਝ ਪਾਇਨੀਅਰਾਂ ਨੇ ਬਾਅਦ ਵਿਚ ਸ਼ਾਂਤ ਮਹਾਂਸਾਗਰ ਵਿਚ ਪੈਂਦੇ ਟਾਪੂਆਂ ਤੇ ਦੁਨੀਆਂ ਦੇ ਹੋਰ ਇਲਾਕਿਆਂ ਵਿਚ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ। ਮੈਂ ਬਹੁਤ ਖ਼ੁਸ਼ ਹੋਈ ਜਦੋਂ ਆਸਟ੍ਰੇਲੀਆ ਦੇ ਹੋਰ 16 ਪਾਇਨੀਅਰਾਂ ਨਾਲ ਮੈਨੂੰ 1952 ਵਿਚ ਗਿਲਿਅਡ ਦੀ 19ਵੀਂ ਕਲਾਸ ਵਿਚ ਜਾਣ ਦਾ ਸੱਦਾ ਮਿਲਿਆ। ਮੇਰਾ ਮਿਸ਼ਨਰੀ ਬਣਨ ਦਾ ਸੁਪਨਾ ਸਿਰਫ਼ 20 ਸਾਲ ਦੀ ਉਮਰ ਵਿਚ ਪੂਰਾ ਹੋਣ ਵਾਲਾ ਸੀ।
ਸੁਧਾਰ ਦੀ ਲੋੜ
ਗਿਲਿਅਡ ਦੀ ਸਿਖਲਾਈ ਤੇ ਭੈਣਾਂ-ਭਰਾਵਾਂ ਦੀ ਸੰਗਤ ਕਰਕੇ ਬਾਈਬਲ ਦਾ ਗਿਆਨ ਵਧਣ ਦੇ ਨਾਲ-ਨਾਲ ਮੇਰੀ ਨਿਹਚਾ ਵੀ ਮਜ਼ਬੂਤ ਹੋਈ। ਇਸ ਤੋਂ ਇਲਾਵਾ ਮੇਰੀ ਸ਼ਖ਼ਸੀਅਤ ਵਿਚ ਵੀ ਸੁਧਾਰ ਹੋਇਆ। ਮੈਂ ਜਵਾਨ ਸੀ ਤੇ ਮੇਰੇ ਆਪਣੇ ਅਸੂਲ ਸਨ। ਮੈਂ ਚਾਹੁੰਦੀ ਸੀ ਕਿ ਮੈਂ ਜਿਹੜਾ ਵੀ ਕੰਮ ਕਰਾਂ ਉਹ ਬਿਲਕੁਲ ਸਹੀ ਹੋਵੇ ਤੇ ਮੈਂ ਦੂਜਿਆਂ ਤੋਂ ਵੀ ਇਹੀ ਆਸ ਰੱਖਦੀ ਸੀ। ਮੇਰੇ ਵਿਚਾਰ ਬਹੁਤ ਸਖ਼ਤ ਸਨ। ਮਿਸਾਲ ਲਈ, ਜਦੋਂ ਮੈਂ ਬੈਥਲ ਦੇ ਜ਼ਿੰਮੇਵਾਰ ਭਰਾ ਨੌਰ ਨੂੰ ਕੁਝ ਨੌਜਵਾਨ ਭਰਾਵਾਂ ਨਾਲ ਖੇਡਦਿਆਂ ਦੇਖਿਆ, ਤਾਂ ਮੈਂ ਬਹੁਤ ਹੈਰਾਨ ਹੋਈ।
ਗਿਲਿਅਡ ਦੀ ਟ੍ਰੇਨਿੰਗ ਦੇਣ ਵਾਲੇ ਸਮਝਦਾਰ ਭਰਾਵਾਂ ਨੇ ਦੇਖਿਆ ਕਿ ਮੈਨੂੰ ਆਪਣੇ ਸਖ਼ਤ ਸੁਭਾਅ ਕਰਕੇ ਕਈ ਮੁਸ਼ਕਲਾਂ ਆ ਰਹੀਆਂ ਸਨ। ਉਨ੍ਹਾਂ ਨੇ ਮੇਰੇ ਵਿਚ ਦਿਲਚਸਪੀ ਲਈ ਤੇ ਆਪਣੀ ਸੋਚਣੀ ਨੂੰ ਸੁਧਾਰਨ ਵਿਚ ਮੇਰੀ ਮਦਦ ਕੀਤੀ। ਹੌਲੀ-ਹੌਲੀ ਮੈਨੂੰ ਅਹਿਸਾਸ ਹੋਣ
ਲੱਗਾ ਕਿ ਯਹੋਵਾਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ ਜੋ ਸਾਡੀ ਕਦਰ ਕਰਦਾ ਹੈ। ਉਹ ਸਾਡੇ ਨਾਲ ਸਖ਼ਤੀ ਨਾਲ ਪੇਸ਼ ਨਹੀਂ ਆਉਂਦਾ ਤੇ ਨਾ ਹੀ ਸਾਡੇ ਤੋਂ ਹੱਦੋਂ ਵੱਧ ਆਸ ਰੱਖਦਾ ਹੈ। ਕਲਾਸ ਦੇ ਹੋਰ ਭੈਣਾਂ-ਭਰਾਵਾਂ ਨੇ ਵੀ ਮੇਰੀ ਮਦਦ ਕੀਤੀ। ਮੈਨੂੰ ਇਕ ਭੈਣ ਦੀ ਗੱਲ ਅਜੇ ਵੀ ਯਾਦ ਹੈ। ਉਸ ਨੇ ਕਿਹਾ ਸੀ: “ਐਲਵਾ, ਯਹੋਵਾਹ ਸੋਟੀ ਲੈ ਕੇ ਨਹੀਂ ਬੈਠਾ। ਆਪਣੇ ਨਾਲ ਇੰਨੀ ਸਖ਼ਤੀ ਨਾ ਵਰਤ।” ਸਿੱਧੇ-ਸਾਦੇ ਸ਼ਬਦਾਂ ਵਿਚ ਕਹੀ ਉਸ ਦੀ ਗੱਲ ਮੇਰੇ ਦਿਲ ਨੂੰ ਛੂਹ ਗਈ।ਗਿਲਿਅਡ ਤੋਂ ਬਾਅਦ ਮੈਨੂੰ ਤੇ ਚਾਰ ਹੋਰਾਂ ਨੂੰ ਨਮੀਬੀਆ, ਅਫ਼ਰੀਕਾ ਭੇਜਿਆ ਗਿਆ। ਜਲਦੀ ਹੀ ਅਸੀਂ ਪੰਜੇ ਜਣੇ 80 ਬਾਈਬਲ ਸਟੱਡੀਆਂ ਕਰਾਉਣ ਲੱਗ ਪਏ। ਮੈਨੂੰ ਨਮੀਬੀਆ ਅਤੇ ਮਿਸ਼ਨਰੀ ਸੇਵਾ ਬਹੁਤ ਪਸੰਦ ਸੀ, ਪਰ ਗਿਲਿਅਡ ਸਕੂਲ ਦੌਰਾਨ ਮੈਨੂੰ ਇਕ ਮੁੰਡੇ ਨਾਲ ਪਿਆਰ ਹੋ ਗਿਆ ਸੀ ਜਿਸ ਨੂੰ ਸੇਵਾ ਕਰਨ ਲਈ ਸਵਿਟਜ਼ਰਲੈਂਡ ਭੇਜਿਆ ਗਿਆ ਸੀ। ਨਮੀਬੀਆ ਵਿਚ ਇਕ ਸਾਲ ਰਹਿਣ ਤੋਂ ਬਾਅਦ ਮੈਂ ਉਸ ਕੋਲ ਸਵਿਟਜ਼ਰਲੈਂਡ ਚਲੀ ਗਈ। ਵਿਆਹ ਤੋਂ ਬਾਅਦ ਮੈਂ ਉਸ ਨਾਲ ਸਰਕਟ ਕੰਮ ਕਰਨ ਲੱਗ ਪਈ।
ਪਤੀ ਦੀ ਬੇਵਫ਼ਾਈ
ਸਰਕਟ ਵਿਚ ਖ਼ੁਸ਼ੀਆਂ-ਭਰੇ ਪੰਜ ਸਾਲ ਗੁਜ਼ਾਰਨ ਤੋਂ ਬਾਅਦ ਸਾਨੂੰ ਸਵਿਟਜ਼ਰਲੈਂਡ ਦੇ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਮੈਂ ਬੈਥਲ ਆ ਕੇ ਬਹੁਤ ਖ਼ੁਸ਼ ਸੀ ਕਿਉਂਕਿ ਇੱਥੇ ਸੱਚਾਈ ਵਿਚ ਮਜ਼ਬੂਤ ਬਹੁਤ ਸਾਰੇ ਸਿਆਣੇ ਭੈਣ-ਭਰਾ ਸਨ।
ਬੈਥਲ ਆਉਣ ਤੋਂ ਕੁਝ ਸਮੇਂ ਬਾਅਦ ਹੀ ਮੈਨੂੰ ਇਕ ਸਦਮਾ ਲੱਗਾ। ਮੈਨੂੰ ਪਤਾ ਲੱਗਾ ਕਿ ਮੇਰਾ ਪਤੀ ਨਾ ਤਾਂ ਮੇਰੇ ਪ੍ਰਤੀ ਵਫ਼ਾਦਾਰ ਸੀ ਤੇ ਨਾ ਹੀ ਯਹੋਵਾਹ ਪ੍ਰਤੀ। ਫਿਰ ਉਹ ਮੈਨੂੰ ਛੱਡ ਕੇ ਚਲਾ ਗਿਆ। ਮੈਂ ਪੂਰੀ ਤਰ੍ਹਾਂ ਟੁੱਟ ਗਈ! ਬੈਥਲ ਵਿਚ ਸਿਆਣੇ ਭੈਣਾਂ-ਭਰਾਵਾਂ ਦੇ ਪਿਆਰ ਤੇ ਮਦਦ ਤੋਂ ਬਗੈਰ ਮੇਰੇ ਲਈ ਇਹ ਸਦਮਾ ਸਹਾਰਨਾ ਮੁਸ਼ਕਲ ਹੁੰਦਾ। ਜਦੋਂ ਮੈਂ ਗੱਲ ਕਰਨਾ ਚਾਹੁੰਦੀ ਸੀ, ਤਾਂ ਉਹ ਮੇਰੀ ਗੱਲ ਸੁਣਦੇ ਸਨ, ਪਰ ਉਹ ਮੈਨੂੰ ਉਦੋਂ ਇਕੱਲਾ ਛੱਡ ਦਿੰਦੇ ਸਨ ਜਦੋਂ ਮੈਂ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ। ਉਨ੍ਹਾਂ ਨੇ ਮੇਰਾ ਬੜਾ ਧਿਆਨ ਰੱਖਿਆ ਤੇ ਉਨ੍ਹਾਂ ਦੇ ਦਿਲਾਸੇ-ਭਰੇ ਸ਼ਬਦਾਂ ਨੇ ਦੁੱਖ ਦੀਆਂ ਘੜੀਆਂ ਵਿਚ ਮੈਨੂੰ ਬਹੁਤ ਸਹਾਰਾ ਦਿੱਤਾ ਤੇ ਯਹੋਵਾਹ ਦੇ ਹੋਰ ਨੇੜੇ ਜਾਣ ਵਿਚ ਵੀ ਮੇਰੀ ਮਦਦ ਕੀਤੀ।
ਕਈ ਸਾਲ ਪਹਿਲਾਂ ਸਿਆਣੇ ਭੈਣਾਂ-ਭਰਾਵਾਂ ਵੱਲੋਂ ਕਹੇ ਸ਼ਬਦ ਮੈਨੂੰ ਯਾਦ ਆਏ ਜਿਨ੍ਹਾਂ ਨੇ ਆਪ ਵੀ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਸੀ। ਮੈਨੂੰ ਮੈਜ ਦੀ ਇਹ ਗੱਲ ਯਾਦ ਆਈ: “ਐਲਵਾ, ਯਹੋਵਾਹ ਦੀ ਸੇਵਾ ਕਰਦਿਆਂ ਤੈਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ, ਪਰ ਸਭ ਤੋਂ ਮੁਸ਼ਕਲ ਪਰੀਖਿਆ ਤੇਰੇ ਆਪਣਿਆਂ ਵੱਲੋਂ ਆਵੇਗੀ। ਉਨ੍ਹਾਂ ਪਰੀਖਿਆਵਾਂ ਦੌਰਾਨ ਯਹੋਵਾਹ ਦਾ ਹੱਥ ਫੜੀ ਰੱਖੀਂ। ਯਾਦ ਰੱਖ ਤੂੰ ਯਹੋਵਾਹ ਦੀ ਸੇਵਾ ਕਰਦੀ ਹੈਂ, ਨਾ ਕਿ ਕਿਸੇ ਇਨਸਾਨ ਦੀ!” ਮੈਜ ਦੀ ਸਲਾਹ ਨੇ ਮੁਸ਼ਕਲ ਘੜੀਆਂ ਵਿਚ ਮੇਰੀ ਮਦਦ ਕੀਤੀ। ਮੈਂ ਪੱਕਾ ਇਰਾਦਾ ਕੀਤਾ ਕਿ ਆਪਣੇ ਪਤੀ ਦੀਆਂ ਗ਼ਲਤੀਆਂ ਕਰਕੇ ਮੈਂ ਯਹੋਵਾਹ ਤੋਂ ਦੂਰ ਨਹੀਂ ਹੋਵਾਂਗੀ।
ਬਾਅਦ ਵਿਚ ਮੈਂ ਆਸਟ੍ਰੇਲੀਆ ਜਾ ਕੇ ਪਾਇਨੀਅਰਿੰਗ ਕਰਨ ਦਾ ਫ਼ੈਸਲਾ ਕਰ ਲਿਆ ਜਿੱਥੇ ਮੇਰਾ ਪਰਿਵਾਰ ਰਹਿੰਦਾ ਸੀ। ਸਮੁੰਦਰੀ ਜਹਾਜ਼ ਵਿਚ ਸਫ਼ਰ ਕਰਦਿਆਂ ਮੈਂ ਆਪਣੇ ਨਾਲ ਦੇ ਯਾਤਰੀਆਂ ਨਾਲ ਕਈ ਵਾਰ ਬਾਈਬਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਯਾਤਰੀਆਂ ਵਿਚ ਨਾਰਵੇ ਦਾ ਇਕ ਆਦਮੀ ਸੀ ਜਿਹੜਾ ਚੁੱਪ-ਚਾਪ ਰਹਿੰਦਾ ਸੀ। ਉਸ ਦਾ ਨਾਂ ਆਰਨ ਜਰਡੀ ਸੀ। ਉਸ ਨੂੰ ਬਾਈਬਲ ਦੀਆਂ ਗੱਲਾਂ ਸੁਣ ਕੇ ਖ਼ੁਸ਼ੀ ਹੋਈ। ਬਾਅਦ ਵਿਚ ਆਰਨ ਸਿਡਨੀ ਵਿਚ ਮੈਨੂੰ ਤੇ ਮੇਰੇ ਪਰਿਵਾਰ ਨੂੰ ਮਿਲਣ ਆਇਆ। ਉਸ ਨੇ ਸੱਚਾਈ ਵਿਚ ਬਹੁਤ ਜਲਦੀ ਤਰੱਕੀ ਕੀਤੀ ਤੇ ਬਪਤਿਸਮਾ ਲੈ ਲਿਆ। 1963 ਵਿਚ ਮੇਰਾ ਤੇ ਆਰਨ ਦਾ ਵਿਆਹ ਹੋ ਗਿਆ ਤੇ ਉਸ ਤੋਂ ਦੋ ਸਾਲ ਬਾਅਦ ਸਾਡੇ ਮੁੰਡੇ ਗੈਰੀ ਦਾ ਜਨਮ ਹੋਇਆ।
ਇਕ ਹੋਰ ਸਦਮਾ
ਮੈਂ, ਆਰਨ ਤੇ ਗੈਰੀ ਖ਼ੁਸ਼ੀ-ਖ਼ੁਸ਼ੀ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਸੀ। ਮੇਰੇ ਸਿਆਣੇ ਮਾਪਿਆਂ ਨੂੰ ਆਪਣੇ ਨਾਲ ਰੱਖਣ ਲਈ ਅਸੀਂ ਘਰ ਵਿਚ ਹੋਰ ਕਮਰੇ ਪਾਏ। ਵਿਆਹ ਤੋਂ ਛੇ ਸਾਲ ਬਾਅਦ ਸਾਨੂੰ ਇਕ ਹੋਰ ਸਦਮਾ ਲੱਗਾ। ਆਰਨ ਦੇ ਦਿਮਾਗ਼ ਵਿਚ ਕੈਂਸਰ ਸੀ। ਰੇਡੀਏਸ਼ਨ ਦਿੱਤੀ ਜਾਣ ਕਰਕੇ ਉਸ ਨੂੰ ਹਸਪਤਾਲ ਵਿਚ ਲੰਬਾ ਸਮਾਂ ਰਹਿਣਾ ਪਿਆ ਤੇ ਮੈਂ ਹਰ ਰੋਜ਼ ਉਸ ਨੂੰ ਹਸਪਤਾਲ ਮਿਲਣ ਜਾਂਦੀ ਸੀ। ਥੋੜ੍ਹੇ ਚਿਰ ਲਈ ਉਸ ਦੀ ਹਾਲਤ ਵਿਚ ਸੁਧਾਰ ਹੋਇਆ, ਪਰ ਫਿਰ ਉਸ
ਦੀ ਹਾਲਤ ਵਿਗੜ ਗਈ ਤੇ ਉਸ ਨੂੰ ਸਟ੍ਰੋਕ ਹੋ ਗਿਆ। ਮੈਨੂੰ ਦੱਸਿਆ ਗਿਆ ਕਿ ਉਹ ਕੁਝ ਹੀ ਹਫ਼ਤਿਆਂ ਦਾ ਮਹਿਮਾਨ ਸੀ। ਪਰ ਆਰਨ ਬਚ ਗਿਆ। ਅਖ਼ੀਰ ਉਹ ਘਰ ਆ ਗਿਆ ਜਿੱਥੇ ਮੈਂ ਉਸ ਦੀ ਸੇਵਾ ਕੀਤੀ। ਹੌਲੀ-ਹੌਲੀ ਉਹ ਤੁਰਨ-ਫਿਰਨ ਲੱਗ ਪਿਆ ਤੇ ਉਸ ਨੇ ਮੰਡਲੀ ਦੇ ਬਜ਼ੁਰਗ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਦੁਬਾਰਾ ਤੋਂ ਸੰਭਾਲ ਲਈਆਂ। ਉਹ ਬੜਾ ਖ਼ੁਸ਼-ਮਿਜ਼ਾਜ ਇਨਸਾਨ ਸੀ ਜਿਸ ਦਾ ਉਸ ਦੀ ਸਿਹਤ ’ਤੇ ਚੰਗਾ ਅਸਰ ਪਿਆ ਤੇ ਮੇਰੇ ਲਈ ਉਸ ਦੀ ਦੇਖ-ਭਾਲ ਕਰਨੀ ਸੌਖੀ ਸੀ।ਕਈ ਸਾਲਾਂ ਬਾਅਦ 1986 ਵਿਚ ਆਰਨ ਦੀ ਸਿਹਤ ਫਿਰ ਵਿਗੜ ਗਈ। ਮੇਰੇ ਮਾਪਿਆਂ ਦੇ ਗੁਜ਼ਰਨ ਤੋਂ ਬਾਅਦ ਅਸੀਂ ਸਿਡਨੀ ਤੋਂ ਬਾਹਰ ਪੈਂਦੇ ਬਲਿਊ ਮਾਊਂਟਨਸ ਨਾਂ ਦੇ ਸੋਹਣੇ ਇਲਾਕੇ ਵਿਚ ਘਰ ਲੈ ਲਿਆ। ਸਾਡੇ ਦੋਸਤ ਵੀ ਨੇੜੇ-ਤੇੜੇ ਰਹਿੰਦੇ ਸਨ। ਗੈਰੀ ਨੇ ਯਹੋਵਾਹ ਨਾਲ ਪਿਆਰ ਕਰਨ ਵਾਲੀ ਭੈਣ ਕਾਰੀਨ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਨੇ ਸਾਨੂੰ ਆਪਣੇ ਨਾਲ ਰਹਿਣ ਲਈ ਕਿਹਾ। ਕੁਝ ਮਹੀਨਿਆਂ ਵਿਚ ਹੀ ਅਸੀਂ ਸਾਰੇ ਜਣੇ ਹੋਰ ਘਰ ਵਿਚ ਚਲੇ ਗਏ ਜੋ ਸਾਡੇ ਪੁਰਾਣੇ ਘਰ ਤੋਂ ਥੋੜ੍ਹੀ ਹੀ ਦੂਰ ਸੀ।
ਆਪਣੀ ਜ਼ਿੰਦਗੀ ਦੇ ਆਖ਼ਰੀ 18 ਮਹੀਨੇ ਆਰਨ ਮੰਜੇ ਤੋਂ ਨਾ ਉੱਠ ਸਕਿਆ ਤੇ ਉਸ ਨੂੰ ਹਰ ਵੇਲੇ ਦੇਖ-ਭਾਲ ਦੀ ਲੋੜ ਪੈਂਦੀ ਸੀ। ਇਸ ਲਈ ਮੈਨੂੰ ਜ਼ਿਆਦਾ ਕਰਕੇ ਘਰ ਵਿਚ ਹੀ ਰਹਿਣਾ ਪੈਂਦਾ ਸੀ। ਸੋ ਮੈਂ ਹਰ ਰੋਜ਼ ਦੋ ਘੰਟੇ ਬਾਈਬਲ ਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਦੀ ਸੀ। ਇਸ ਸਟੱਡੀ ਦੌਰਾਨ ਮੈਨੂੰ ਆਪਣੇ ਹਾਲਾਤਾਂ ਨਾਲ ਸਿੱਝਣ ਲਈ ਬਹੁਤ ਹੀ ਵਧੀਆ ਸਲਾਹ ਮਿਲੀ। ਮੰਡਲੀ ਦੇ ਸਿਆਣੇ ਭੈਣ-ਭਰਾ ਸਾਨੂੰ ਮਿਲਣ ਆਉਂਦੇ ਸਨ ਜਿਨ੍ਹਾਂ ਵਿੱਚੋਂ ਕਈਆਂ ਨੇ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ। ਉਨ੍ਹਾਂ ਦੇ ਘਰ ਆਉਣ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਸੀ। ਆਰਨ ਅਪ੍ਰੈਲ 2003 ਵਿਚ ਗੁਜ਼ਰ ਗਿਆ। ਉਸ ਨੂੰ ਪੱਕੀ ਨਿਹਚਾ ਸੀ ਕਿ ਉਹ ਦੁਬਾਰਾ ਜੀਉਂਦਾ ਹੋਵੇਗਾ।
ਸਭ ਤੋਂ ਵੱਡਾ ਸਹਾਰਾ
ਜਦੋਂ ਮੈਂ ਜਵਾਨ ਸੀ, ਉਦੋਂ ਮੇਰੇ ਆਪਣੇ ਅਸੂਲ ਸਨ। ਪਰ ਮੈਂ ਜਾਣਿਆ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਿ ਕਦੋਂ ਕੀ ਹੋ ਜਾਵੇ। ਮੈਂ ਅਣਗਿਣਤ ਬਰਕਤਾਂ ਦਾ ਆਨੰਦ ਮਾਣਿਆ, ਪਰ ਇਸ ਦੇ ਨਾਲ-ਨਾਲ ਮੈਨੂੰ ਦੋ ਸਦਮੇ ਵੀ ਸਹਾਰਨੇ ਪਏ। ਉਹ ਸਨ ਪਹਿਲੇ ਪਤੀ ਦੀ ਬੇਵਫ਼ਾਈ ਤੇ ਦੂਜੇ ਪਤੀ ਦੀ ਬੀਮਾਰੀ ਕਰਕੇ ਮੌਤ। ਜ਼ਿੰਦਗੀ ਵਿਚ ਮੈਂ ਕਈ ਜਣਿਆਂ ਤੋਂ ਸਲਾਹ ਤੇ ਦਿਲਾਸਾ ਪਾਇਆ। ਮੇਰਾ ਸਭ ਤੋਂ ਵੱਡਾ ਸਹਾਰਾ “ਅੱਤ ਪਰਾਚੀਨ” ਯਹੋਵਾਹ ਪਰਮੇਸ਼ੁਰ ਰਿਹਾ ਹੈ। (ਦਾਨੀ. 7:9) ਉਸ ਦੀ ਸਲਾਹ ਨੇ ਮੇਰੀ ਸ਼ਖ਼ਸੀਅਤ ਵਿਚ ਤਬਦੀਲੀਆਂ ਕੀਤੀਆਂ ਜਿਸ ਕਰਕੇ ਮਿਸ਼ਨਰੀ ਕੰਮ ਵਿਚ ਮੈਨੂੰ ਵਧੀਆ ਤਜਰਬੇ ਹੋਏ। ਜਦੋਂ ਮੁਸ਼ਕਲਾਂ ਆਉਂਦੀਆਂ ਸਨ, ਤਾਂ ‘ਯਹੋਵਾਹ ਦੀ ਦਯਾ ਮੈਨੂੰ ਸਮਾਲ੍ਹਦੀ ਸੀ ਤੇ ਉਸ ਦੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਸਨ।’ (ਜ਼ਬੂ. 94:18, 19) ਮੈਨੂੰ ਆਪਣੇ ਪਰਿਵਾਰ ਤੋਂ ਵੀ ਪਿਆਰ ਤੇ ਮਦਦ ਮਿਲੀ ਅਤੇ ਮੇਰੇ ਦੋਸਤਾਂ ਨੇ “ਬਿਪਤਾ ਦੇ ਦਿਨ” ਵਿਚ ਮੈਨੂੰ ਸਹਾਰਾ ਦਿੱਤਾ। (ਕਹਾ. 17:17) ਇਨ੍ਹਾਂ ਵਿੱਚੋਂ ਬਹੁਤ ਸਾਰੇ ਸਿਆਣੇ ਭੈਣ-ਭਰਾ ਸਨ।
ਅੱਯੂਬ ਨੇ ਕਿਹਾ: “ਬੁੱਢਿਆਂ ਵਿੱਚ ਬੁੱਧੀ ਹੁੰਦੀ ਹੈ, ਅਤੇ ਦਿਨਾਂ ਦੀ ਲੰਮਾਈ ਵਿੱਚ ਸਮਝ ਹੈ।” (ਅੱਯੂ. 12:12) ਆਪਣੀ ਜ਼ਿੰਦਗੀ ’ਤੇ ਝਾਤ ਮਾਰਦਿਆਂ ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਸਿਆਣਿਆਂ ਦੀ ਸਲਾਹ ਨਾਲ ਮੈਨੂੰ ਫ਼ਾਇਦਾ ਹੋਇਆ, ਉਨ੍ਹਾਂ ਦੇ ਦਿਲਾਸੇ ਤੋਂ ਮੈਨੂੰ ਸਹਾਰਾ ਮਿਲਿਆ ਤੇ ਉਨ੍ਹਾਂ ਦੀ ਦੋਸਤੀ ਕਰਕੇ ਮੇਰੀ ਜ਼ਿੰਦਗੀ ਬਿਹਤਰ ਬਣੀ। ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਉਨ੍ਹਾਂ ਨਾਲ ਦੋਸਤੀ ਕੀਤੀ।
ਹੁਣ ਮੈਂ ਆਪ 80 ਸਾਲਾਂ ਦੀ ਹਾਂ। ਆਪਣੇ ਖ਼ੁਦ ਦੇ ਤਜਰਬੇ ਕਰਕੇ ਮੈਂ ਬਜ਼ੁਰਗ ਭੈਣਾਂ-ਭਰਾਵਾਂ ਦੀਆਂ ਲੋੜਾਂ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ। ਮੈਨੂੰ ਅਜੇ ਵੀ ਉਨ੍ਹਾਂ ਨੂੰ ਮਿਲਣਾ ਤੇ ਉਨ੍ਹਾਂ ਦੀ ਮਦਦ ਕਰਨਾ ਚੰਗਾ ਲੱਗਦਾ ਹੈ। ਪਰ ਇਸ ਦੇ ਨਾਲ-ਨਾਲ ਮੈਂ ਜਵਾਨ ਭੈਣਾਂ-ਭਰਾਵਾਂ ਦੀ ਸੰਗਤ ਦਾ ਵੀ ਆਨੰਦ ਮਾਣਦੀ ਹਾਂ। ਉਨ੍ਹਾਂ ਦਾ ਜੋਸ਼ ਦੇਖ ਕੇ ਮੇਰੇ ਵਿਚ ਵੀ ਜੋਸ਼ ਆ ਜਾਂਦਾ ਹੈ। ਜਦੋਂ ਜਵਾਨ ਭੈਣ-ਭਰਾ ਮੇਰੇ ਤੋਂ ਸਲਾਹ ਜਾਂ ਮਦਦ ਮੰਗਦੇ ਹਨ, ਤਾਂ ਉਨ੍ਹਾਂ ਦੀ ਮਦਦ ਕਰ ਕੇ ਮੈਨੂੰ ਖ਼ੁਸ਼ੀ ਮਿਲਦੀ ਹੈ।
[ਫੁਟਨੋਟ]
^ ਪੈਰਾ 7 ਐਲਵਾ ਦਾ ਭਰਾ ਫ੍ਰੈਂਕ ਲੈਮਬਰਟ ਬਾਅਦ ਵਿਚ ਜੋਸ਼ੀਲਾ ਪਾਇਨੀਅਰ ਬਣਿਆ ਅਤੇ ਉਸ ਨੇ ਆਸਟ੍ਰੇਲੀਆ ਵਿਚ ਦੂਰ-ਦੂਰ ਜਾ ਕੇ ਉਜਾੜ ਤੇ ਬੀਆਬਾਨ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਪ੍ਰਚਾਰ ਕੀਤਾ।
[ਸਫ਼ਾ 14 ਉੱਤੇ ਤਸਵੀਰ]
ਨਰੈਂਡਰਾ ਵਿਚ ਜੋਏ ਲੈਨੱਕਸ ਨਾਲ ਪਾਇਨੀਅਰਿੰਗ ਕਰਦਿਆਂ
[ਸਫ਼ਾ 15 ਉੱਤੇ ਤਸਵੀਰ]
1960 ਵਿਚ ਐਲਵਾ ਸਵਿਟਜ਼ਰਲੈਂਡ ਦੇ ਬੈਥਲ ਪਰਿਵਾਰ ਦੇ ਮੈਂਬਰਾਂ ਨਾਲ
[ਸਫ਼ਾ 16 ਉੱਤੇ ਤਸਵੀਰ]
ਬੀਮਾਰ ਆਰਨ ਦੀ ਦੇਖ-ਭਾਲ ਕਰਦਿਆਂ