Skip to content

Skip to table of contents

ਇਤਿਹਾਸ ਦੇ ਪੰਨਿਆਂ ਤੋਂ

“ਮੈਨੂੰ ਕੋਲਪੋਰਟਰ ਦਾ ਕੰਮ ਕਰਨ ਵਿਚ ਮਜ਼ਾ ਆਉਣ ਲੱਗ ਪਿਆ ਹੈ”

“ਮੈਨੂੰ ਕੋਲਪੋਰਟਰ ਦਾ ਕੰਮ ਕਰਨ ਵਿਚ ਮਜ਼ਾ ਆਉਣ ਲੱਗ ਪਿਆ ਹੈ”

ਸੰਨ 1886 ਵਿਚ ਭਰਾ ਚਾਰਲਜ਼ ਟੇਜ਼ ਰਸਲ ਮਲੈਨਿਅਲ ਡੌਨ ਨਾਂ ਦੀ ਨਵੀਂ ਕਿਤਾਬ ਨੂੰ ਦੁਕਾਨਾਂ ਵਿਚ ਪਹੁੰਚਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਬਾਈਬਲ ਹਾਊਸ * ਤੋਂ ਇਸ ਕਿਤਾਬ ਦੀ ਪਹਿਲੀ ਜਿਲਦ ਦੀਆਂ ਸੌ ਕਾਪੀਆਂ ਇਲੀਨਾਇ ਦੇ ਸ਼ਹਿਰ ਸ਼ਿਕਾਗੋ ਘੱਲੀਆਂ। ਅਮਰੀਕਾ ਵਿਚ ਧਾਰਮਿਕ ਕਿਤਾਬਾਂ ਵੇਚਣ ਵਾਲੀ ਇਕ ਬਹੁਤ ਵੱਡੀ ਕੰਪਨੀ ਇਸ ਕਿਤਾਬ ਨੂੰ ਵੰਡਣ ਲਈ ਤਿਆਰ ਹੋ ਗਈ। ਪਰ ਦੋ ਹਫ਼ਤਿਆਂ ਬਾਅਦ ਕਿਤਾਬ ਦੀਆਂ ਸਾਰੀਆਂ ਕਾਪੀਆਂ ਵਾਪਸ ਬਾਈਬਲ ਹਾਊਸ ਪਹੁੰਚ ਗਈਆਂ।

ਕਿਹਾ ਜਾਂਦਾ ਹੈ ਕਿ ਇਕ ਮਸ਼ਹੂਰ ਪਾਦਰੀ ਦੁਕਾਨਾਂ ਵਿਚ ਆਪਣੀਆਂ ਕਿਤਾਬਾਂ ਦੇ ਨਾਲ ਮਲੈਨਿਅਲ ਡੌਨ ਕਿਤਾਬ ਦੇਖ ਕੇ ਸੜ-ਬਲ਼ ਗਿਆ। ਉਸ ਨੇ ਅੱਗ-ਭਬੂਕਾ ਹੁੰਦੇ ਹੋਏ ਧਮਕੀ ਦਿੱਤੀ ਕਿ ਜੇ ਇਹ ਕਿਤਾਬ ਨਾ ਹਟਾਈ ਗਈ, ਤਾਂ ਉਹ ਅਤੇ ਹੋਰ ਮਸ਼ਹੂਰ ਪਾਦਰੀ ਆਪਣੀਆਂ ਕਿਤਾਬਾਂ ਵੇਚਣ ਲਈ ਕਿਸੇ ਹੋਰ ਕੰਪਨੀ ਨੂੰ ਦੇ ਦੇਣਗੇ। ਉਸ ਕੰਪਨੀ ਨੇ ਨਾ ਚਾਹੁੰਦੇ ਹੋਏ ਵੀ ਮਲੈਨਿਅਲ ਡੌਨ ਕਿਤਾਬ ਦੀਆਂ ਕਾਪੀਆਂ ਵਾਪਸ ਘੱਲ ਦਿੱਤੀਆਂ। ਇਸ ਤੋਂ ਇਲਾਵਾ, ਅਖ਼ਬਾਰਾਂ ਵਿਚ ਇਸ ਕਿਤਾਬ ਦੀ ਮਸ਼ਹੂਰੀ ਲਈ ਇਸ਼ਤਿਹਾਰ ਛਾਪੇ ਗਏ ਸਨ। ਪਰ ਵਿਰੋਧੀਆਂ ਕਰਕੇ ਅਖ਼ਬਾਰਾਂ ਨੇ ਇਹ ਇਸ਼ਤਿਹਾਰ ਛਾਪਣੇ ਬੰਦ ਕਰ ਦਿੱਤੇ। ਤਾਂ ਫਿਰ ਇਹ ਕਿਤਾਬ ਸੱਚਾਈ ਦੀ ਖੋਜ ਕਰਨ ਵਾਲਿਆਂ ਦੇ ਹੱਥਾਂ ਵਿਚ ਕਿਵੇਂ ਪਹੁੰਚੀ?

ਕੋਲਪੋਰਟਰਾਂ ਨੇ ਇਸ ਕੰਮ ਵਿਚ ਮਦਦ ਕੀਤੀ। * ਸੰਨ 1881 ਵਿਚ ਜ਼ਾਇਨਸ ਵਾਚ ਟਾਵਰ ਨੇ 1,000 ਪ੍ਰਚਾਰਕਾਂ ਲਈ ਬੇਨਤੀ ਕੀਤੀ ਜਿਹੜੇ ਬਾਈਬਲ ਸਾਹਿੱਤ ਵੰਡਣ ਲਈ ਆਪਣਾ ਪੂਰਾ ਸਮਾਂ ਲਾ ਸਕਣ। ਭਾਵੇਂ ਕੋਲਪੋਰਟਰਾਂ ਦੀ ਗਿਣਤੀ ਕੁਝ ਕੁ ਸੌ ਹੀ ਸੀ, ਫਿਰ ਵੀ ਉਨ੍ਹਾਂ ਨੇ ਬਾਈਬਲ ਸਾਹਿੱਤ ਵੰਡ ਕੇ ਦੂਰ-ਦੂਰ ਤਕ ਸੱਚਾਈ ਦੇ ਬੀ ਖਿਲਾਰੇ। ਸੰਨ 1897 ਤਕ, ਮਲੈਨਿਅਲ ਡੌਨ ਕਿਤਾਬ ਦੀਆਂ ਲਗਭਗ ਦਸ ਲੱਖ ਕਿਤਾਬਾਂ ਵੰਡੀਆਂ ਜਾ ਚੁੱਕੀਆਂ ਸਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਕਾਪੀਆਂ ਕੋਲਪੋਰਟਰਾਂ ਨੇ ਵੰਡੀਆਂ ਸਨ। ਜ਼ਿਆਦਾਤਰ ਕੋਲਪੋਰਟਰ ਪਹਿਰਾਬੁਰਜ ਸਬਸਕ੍ਰਿਪਸ਼ਨਾਂ ਜਾਂ ਕਿਤਾਬਾਂ ਦੇ ਵੱਟੇ ਮਿਲਣ ਵਾਲੇ ਥੋੜ੍ਹੇ ਜਿਹੇ ਪੈਸਿਆਂ ਨਾਲ ਹੀ ਆਪਣਾ ਗੁਜ਼ਾਰਾ ਕਰਦੇ ਸਨ।

ਇਹ ਦਲੇਰ ਕੋਲਪੋਰਟਰ ਕੌਣ ਸਨ? ਹਰ ਉਮਰ ਦੇ ਭੈਣ-ਭਰਾ ਕੋਲਪੋਰਟਰ ਬਣੇ। ਇਨ੍ਹਾਂ ਵਿੱਚੋਂ ਬਹੁਤ ਸਾਰੇ ਭੈਣ-ਭਰਾ ਕੁਆਰੇ ਸਨ ਜਾਂ ਫਿਰ ਵਿਆਹੇ ਹੋਏ ਸਨ, ਪਰ ਇਨ੍ਹਾਂ ਦੇ ਬੱਚੇ ਨਹੀਂ ਸਨ। ਬਹੁਤ ਸਾਰੇ ਪਰਿਵਾਰ ਵੀ ਇਹ ਕੰਮ ਕਰਦੇ ਸਨ। ਰੈਗੂਲਰ ਕੋਲਪੋਰਟਰ ਰੋਜ਼ ਕਈ-ਕਈ ਘੰਟੇ ਤੇ ਔਗਜ਼ੀਲਰੀ ਕੋਲਪੋਰਟਰ ਰੋਜ਼ ਇਕ-ਦੋ ਘੰਟੇ ਪ੍ਰਚਾਰ ਕਰਦੇ ਸਨ। ਪਰ ਕਈ ਆਪਣੀ ਸਿਹਤ ਜਾਂ ਆਪਣੇ ਹਾਲਾਤਾਂ ਕਰਕੇ ਇਹ ਕੰਮ ਨਹੀਂ ਕਰ ਸਕਦੇ ਸਨ। ਫਿਰ ਵੀ ਜਿਹੜੇ ਇਹ ਕੰਮ ਕਰ ਸਕਦੇ ਸਨ, ਉਨ੍ਹਾਂ ਨੂੰ 1906 ਵਿਚ ਹੋਏ ਇਕ ਸੰਮੇਲਨ ਵਿਚ ਕਿਹਾ ਗਿਆ ਕਿ ਉਨ੍ਹਾਂ ਨੂੰ “ਬਹੁਤ ਪੜ੍ਹੇ-ਲਿਖੇ ਜਾਂ ਹੁਨਰਮੰਦ ਜਾਂ ਵਧੀਆ ਭਾਸ਼ਣਕਾਰ” ਹੋਣ ਦੀ ਲੋੜ ਨਹੀਂ।

ਤਕਰੀਬਨ ਹਰ ਮਹਾਂਦੀਪ ਵਿਚ ਆਮ ਲੋਕ ਹੀ ਇਹ ਕਮਾਲ ਦਾ ਕੰਮ ਕਰ ਰਹੇ ਸਨ। ਇਕ ਭਰਾ ਨੇ ਕਿਹਾ ਕਿ ਉਸ ਨੇ ਸੱਤਾਂ ਸਾਲਾਂ ਵਿਚ ਤਕਰੀਬਨ 15,000 ਕਿਤਾਬਾਂ ਵੰਡੀਆਂ ਸਨ। ਪਰ ਉਸ ਨੇ ਅੱਗੇ ਕਿਹਾ, “ਮੈਂ ਕਿਤਾਬਾਂ ਵੇਚਣ ਲਈ ਕੋਲਪੋਰਟਰ ਨਹੀਂ ਬਣਿਆ, ਸਗੋਂ ਯਹੋਵਾਹ ਅਤੇ ਉਸ ਬਾਰੇ ਸੱਚਾਈ ਦੀ ਗਵਾਹੀ ਦੇਣ ਲਈ ਬਣਿਆ।” ਜਿੱਥੇ ਕਿਤੇ ਵੀ ਕੋਲਪੋਰਟਰ ਗਏ, ਉੱਥੇ ਸੱਚਾਈ ਦੇ ਬੀ ਵਧੇ-ਫੁੱਲੇ ਅਤੇ ਬਾਈਬਲ ਸਟੂਡੈਂਟਸ ਦੇ ਗਰੁੱਪਾਂ ਵਿਚ ਵਾਧਾ ਹੋਇਆ।

ਪਾਦਰੀ ਕੋਲਪੋਰਟਰਾਂ ਨਾਲ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ਨੂੰ ਕਿਤਾਬਾਂ ਵੇਚਣ ਵਾਲੇ ਕਹਿੰਦੇ ਸਨ। ਸੰਨ 1892 ਵਿਚ ਪਹਿਰਾਬੁਰਜ ਨੇ ਕਿਹਾ: “ਬਹੁਤ ਘੱਟ ਲੋਕ ਜਾਣਦੇ ਹਨ ਕਿ ਕੋਲਪੋਰਟਰ ਪ੍ਰਭੂ ਦੇ ਘੱਲੇ ਹੋਏ ਬੰਦੇ ਹਨ। ਉਹ ਇਹ ਨਹੀਂ ਜਾਣਦੇ ਕਿ ਇਨ੍ਹਾਂ ਦੀ ਨਿਮਰਤਾ ਅਤੇ ਕੁਰਬਾਨੀ ਦੇਖ ਕੇ ਪ੍ਰਭੂ ਇਨ੍ਹਾਂ ’ਤੇ ਕਿੰਨਾ ਮਾਣ ਕਰਦਾ ਹੈ।” ਜਿਵੇਂ ਇਕ ਕੋਲਪੋਰਟਰ ਨੇ ਕਿਹਾ, ਉਨ੍ਹਾਂ ਦੀ ਜ਼ਿੰਦਗੀ “ਫੁੱਲਾਂ ਦੀ ਸੇਜ” ਨਹੀਂ ਸੀ। ਉਹ ਹਰ ਜਗ੍ਹਾ ਤੁਰ ਕੇ ਜਾਂ ਸਾਈਕਲਾਂ ’ਤੇ ਜਾਂਦੇ ਸਨ। ਜੇ ਕੋਈ ਕਿਤਾਬਾਂ ਬਦਲੇ ਪੈਸੇ ਨਹੀਂ ਦੇ ਸਕਦਾ ਸੀ, ਤਾਂ ਕੋਲਪੋਰਟਰ ਕਿਤਾਬਾਂ ਵੱਟੇ ਖਾਣ-ਪੀਣ ਦੀਆਂ ਚੀਜ਼ਾਂ ਲੈ ਲੈਂਦੇ ਸਨ। ਪੂਰਾ ਦਿਨ ਪ੍ਰਚਾਰ ਕਰਨ ਤੋਂ ਬਾਅਦ ਉਹ ਆਪਣੇ ਟੈਂਟਾਂ ਜਾਂ ਕਿਰਾਏ ਦੇ ਕਮਰਿਆਂ ਵਿਚ ਮੁੜ ਆਉਂਦੇ ਸਨ। ਥੱਕੇ ਹੋਣ ਦੇ ਬਾਵਜੂਦ ਵੀ ਉਹ ਖ਼ੁਸ਼ ਹੁੰਦੇ ਸਨ। ਫਿਰ ਉਨ੍ਹਾਂ ਨੇ ਘੋੜਾ ਗੱਡੀਆਂ ਵਰਤਣੀਆਂ ਸ਼ੁਰੂ ਕੀਤੀਆਂ। ਉਹ ਇਨ੍ਹਾਂ ਵਿਚ ਹੀ ਰਹਿੰਦੇ ਸਨ ਜਿਸ ਕਰਕੇ ਸਮੇਂ ਅਤੇ ਪੈਸੇ ਦੀ ਬੱਚਤ ਹੁੰਦੀ ਸੀ। *

ਸੰਨ 1893 ਤੋਂ ਸੰਮੇਲਨਾਂ ਵਿਚ ਕੋਲਪੋਰਟਰਾਂ ਲਈ ਖ਼ਾਸ ਪ੍ਰੋਗ੍ਰਾਮ ਰੱਖਿਆ ਜਾਣ ਲੱਗਾ। ਇਸ ਤਰ੍ਹਾਂ ਦਾ ਸਭ ਤੋਂ ਪਹਿਲਾ ਪ੍ਰੋਗ੍ਰਾਮ ਸ਼ਿਕਾਗੋ ਵਿਚ ਰੱਖਿਆ ਗਿਆ। ਇਸ ਦੌਰਾਨ ਕੋਲਪੋਰਟਰ ਆਪਣੇ ਤਜਰਬੇ ਦੱਸਦੇ ਸਨ ਤੇ ਪ੍ਰਚਾਰ ਕਰਨ ਦੇ ਤਰੀਕਿਆਂ ਬਾਰੇ ਦੱਸਿਆ ਜਾਂਦਾ ਸੀ ਅਤੇ ਵਧੀਆ ਸਲਾਹਾਂ ਦਿੱਤੀਆਂ ਜਾਂਦੀਆਂ ਸਨ। ਭਰਾ ਰਸਲ ਨੇ ਇਕ ਵਾਰ ਇਨ੍ਹਾਂ ਮਿਹਨਤੀ ਪ੍ਰਚਾਰਕਾਂ ਨੂੰ ਸਲਾਹ ਦਿੱਤੀ ਕਿ ਉਹ ਸਵੇਰ ਨੂੰ ਰੱਜ ਕੇ ਖਾਣ, ਫਿਰ ਪ੍ਰਚਾਰ ਕਰਨ ਤੋਂ ਕੁਝ ਸਮੇਂ ਬਾਅਦ ਦੁੱਧ ਦਾ ਗਲਾਸ ਪੀਣ ਤੇ ਜਿਸ ਦਿਨ ਜ਼ਿਆਦਾ ਗਰਮੀ ਹੋਵੇ, ਉਸ ਦਿਨ ਆਈਸ-ਕ੍ਰੀਮ ਸੋਡਾ ਪੀਣ।

ਜਿਹੜੇ ਕੋਲਪੋਰਟਰਾਂ ਨੂੰ ਪ੍ਰਚਾਰ ਲਈ ਸਾਥੀ ਦੀ ਲੋੜ ਹੁੰਦੀ ਸੀ, ਉਹ ਸੰਮੇਲਨਾਂ ਵਿਚ ਪੀਲ਼ਾ ਰੀਬਨ ਲਾਉਂਦੇ ਸਨ। ਨਵੇਂ ਕੋਲਪੋਰਟਰਾਂ ਨੂੰ ਤਜਰਬੇਕਾਰ ਕੋਲਪੋਰਟਰਾਂ ਨਾਲ ਕੰਮ ਕਰਨ ਲਈ ਘੱਲਿਆ ਜਾਂਦਾ ਸੀ। ਨਵਿਆਂ ਨੂੰ ਸਿਖਲਾਈ ਦੀ ਲੋੜ ਸੀ ਕਿਉਂਕਿ ਇਕ ਵਾਰ ਇਕ ਨਵੀਂ ਕੋਲਪੋਰਟਰ ਕਿਤਾਬਾਂ ਪੇਸ਼ ਕਰਨ ਵੇਲੇ ਘਬਰਾ ਗਈ ਅਤੇ ਉਸ ਨੇ ਇਕ ਤੀਵੀਂ ਨੂੰ ਕਿਹਾ, “ਤੁਸੀਂ ਤਾਂ ਇਹ ਕਿਤਾਬਾਂ ਲੈਣੀਆਂ ਨਹੀਂ ਹੋਣੀਆਂ?” ਖ਼ੁਸ਼ੀ ਦੀ ਗੱਲ ਹੈ ਕਿ ਉਸ ਤੀਵੀਂ ਨੇ ਕਿਤਾਬਾਂ ਲੈ ਲਈਆਂ ਅਤੇ ਬਾਅਦ ਵਿਚ ਉਹ ਸਾਡੀ ਮਸੀਹੀ ਭੈਣ ਬਣ ਗਈ।

ਇਕ ਭਰਾ ਨੇ ਪੁੱਛਿਆ, ‘ਕੀ ਮੈਂ ਕੰਮ ਕਰ ਕੇ ਕਮਾਈ ਕਰੀ ਜਾਵਾਂ ਤੇ ਪ੍ਰਚਾਰ ਦੇ ਕੰਮ ਲਈ ਹਰ ਸਾਲ ਇਕ ਹਜ਼ਾਰ ਡਾਲਰ (ਅਮਰੀਕਨ) ਦਾਨ ਕਰਦਾ ਰਹਾਂ ਜਾਂ ਫਿਰ ਮੈਂ ਆਪ ਕੋਲਪੋਰਟਰ ਬਣ ਜਾਵਾਂ?’ ਉਸ ਨੂੰ ਦੱਸਿਆ ਗਿਆ ਕਿ ਪਰਮੇਸ਼ੁਰ ਨੂੰ ਇਨ੍ਹਾਂ ਦੋਵਾਂ ਤੋਂ ਖ਼ੁਸ਼ੀ ਹੋਵੇਗੀ, ਪਰ ਜੇ ਉਹ ਕੋਲਪੋਰਟਰ ਬਣੇਗਾ, ਤਾਂ ਪਰਮੇਸ਼ੁਰ ਉਸ ਨੂੰ ਜ਼ਿਆਦਾ ਬਰਕਤਾਂ ਦੇਵੇਗਾ। ਮੈਰੀ ਹਾਈਂਡਸ ਨੇ ਕਿਹਾ ਕਿ ਕੋਲਪੋਰਟਰ ਦਾ ਕੰਮ “ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।” ਐਲਬ੍ਰਟਾ ਕ੍ਰੋਸਬੀ ਸ਼ਰਮਾਕਲ ਸੁਭਾਅ ਦੀ ਸੀ। ਉਸ ਨੇ ਕਿਹਾ, “ਮੈਨੂੰ ਕੋਲਪੋਰਟਰ ਦਾ ਕੰਮ ਕਰਨ ਵਿਚ ਮਜ਼ਾ ਆਉਣ ਲੱਗ ਪਿਆ ਹੈ।”

ਕਈ ਪਰਿਵਾਰਾਂ ਵਿਚ ਪੀੜ੍ਹੀ-ਦਰ-ਪੀੜ੍ਹੀ ਕੋਲਪੋਰਟਰਾਂ ਦਾ ਕੰਮ ਜਾਰੀ ਰਿਹਾ ਅਤੇ ਜਿਨ੍ਹਾਂ ਨੂੰ ਪਹਿਲਾਂ ਕੋਲਪੋਰਟਰਾਂ ਨੇ ਬਾਈਬਲ ਸਟੱਡੀ ਕਰਾਈ ਸੀ, ਉਹ ਵੀ ਅੱਗੋਂ ਕੋਲਪੋਰਟਰ ਬਣ ਗਏ। ਜੇ ਤੁਹਾਡੇ ਪਰਿਵਾਰ ਵਿਚ ਪਹਿਲਾਂ ਕੋਈ ਕੋਲਪੋਰਟਰ ਜਾਂ ਪਾਇਨੀਅਰ ਨਹੀਂ ਬਣਿਆ ਹੈ, ਤਾਂ ਕਿਉਂ ਨਾ ਤੁਸੀਂ ਇਹ ਰੀਤ ਸ਼ੁਰੂ ਕਰੋ? ਤੁਹਾਨੂੰ ਵੀ ਇਹ ਕੰਮ ਕਰ ਕੇ ਮਜ਼ਾ ਆਵੇਗਾ।

[ਫੁਟਨੋਟ]

^ ਪੈਰਾ 3 ਇਹ ਬਾਈਬਲ ਹਾਊਸ ਅਮਰੀਕਾ ਵਿਚ ਪੈਨਸਿਲਵੇਨੀਆ ਰਾਜ ਦੇ ਐਲੇਗੇਨੀ ਸ਼ਹਿਰ ਵਿਚ ਸੀ।

^ ਪੈਰਾ 5 ਸੰਨ 1931 ਤੋਂ “ਕੋਲਪੋਰਟਰ” ਸ਼ਬਦ ਦੀ ਜਗ੍ਹਾ “ਪਾਇਨੀਅਰ” ਸ਼ਬਦ ਵਰਤਿਆ ਜਾਣ ਲੱਗਾ।

^ ਪੈਰਾ 8 ਇਨ੍ਹਾਂ ਗੱਡੀਆਂ ਬਾਰੇ ਹੋਰ ਜਾਣਕਾਰੀ ਆਉਣ ਵਾਲੇ ਕਿਸੇ ਅੰਕ ਵਿਚ ਦਿੱਤੀ ਜਾਵੇਗੀ।

[ਸਫ਼ਾ 32 ਉੱਤੇ ਸੁਰਖੀ]

ਉਨ੍ਹਾਂ ਨੂੰ “ਬਹੁਤ ਪੜ੍ਹੇ-ਲਿਖੇ ਜਾਂ ਹੁਨਰਮੰਦ ਜਾਂ ਵਧੀਆ ਭਾਸ਼ਣਕਾਰ” ਹੋਣ ਦੀ ਲੋੜ ਨਹੀਂ ਸੀ

[ਸਫ਼ਾ 31 ਉੱਤੇ ਤਸਵੀਰ]

ਲਗਭਗ 1930 ਵਿਚ ਘਾਨਾ ਵਿਚ ਕੋਲਪੋਰਟਰ ਐਲਫ੍ਰੈਡ ਵਿਨਫ੍ਰੈਡ ਓਸੇ

[ਸਫ਼ਾ 32 ਉੱਤੇ ਤਸਵੀਰਾਂ]

ਉੱਪਰ: ਲਗਭਗ 1918 ਵਿਚ ਇੰਗਲੈਂਡ ਵਿਚ ਕੋਲਪੋਰਟਰ ਈਡਥ ਕੀਨ ਅਤੇ ਗਰਟਰੂਡ ਮੌਰਿਸ; ਥੱਲੇ: ਅਮਰੀਕਾ ਵਿਚ ਸਟੈਨਲੀ ਕੋਸਾਬੂਮ ਅਤੇ ਹੈਨਰੀ ਨੋਨਕੀਸ ਅਤੇ ਖਾਲੀ ਡੱਬਿਆਂ ਦਾ ਢੇਰ ਜਿਨ੍ਹਾਂ ਵਿਚ ਪਹਿਲਾਂ ਉਨ੍ਹਾਂ ਦੁਆਰਾ ਵੰਡੀਆਂ ਕਿਤਾਬਾਂ ਸਨ