Skip to content

Skip to table of contents

“ਸਮਿਆਂ ਤੇ ਵੇਲਿਆਂ” ਦੇ ਪਰਮੇਸ਼ੁਰ ਯਹੋਵਾਹ ਉੱਤੇ ਭਰੋਸਾ ਰੱਖੋ

“ਸਮਿਆਂ ਤੇ ਵੇਲਿਆਂ” ਦੇ ਪਰਮੇਸ਼ੁਰ ਯਹੋਵਾਹ ਉੱਤੇ ਭਰੋਸਾ ਰੱਖੋ

“ਸਮਿਆਂ ਤੇ ਵੇਲਿਆਂ” ਦੇ ਪਰਮੇਸ਼ੁਰ ਯਹੋਵਾਹ ਉੱਤੇ ਭਰੋਸਾ ਰੱਖੋ

“ਉਹੀ ਸਮਿਆਂ ਤੇ ਵੇਲਿਆਂ ਨੂੰ ਬਦਲਦਾ ਹੈ, ਉਹੀ ਰਾਜਿਆਂ ਨੂੰ ਹਟਾਉਂਦਾ ਤੇ ਅਸਥਾਪਦਾ ਹੈ।”—ਦਾਨੀ. 2:21.

ਤੁਸੀਂ ਕੀ ਜਵਾਬ ਦਿਓਗੇ?

ਸ੍ਰਿਸ਼ਟੀ ਅਤੇ ਪੂਰੀਆਂ ਹੋਈਆਂ ਭਵਿੱਖਬਾਣੀਆਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਮੇਂ ਦਾ ਪਾਬੰਦ ਹੈ?

ਇਹ ਗੱਲ ਜਾਣਨ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ ਕਿ ਯਹੋਵਾਹ “ਸਮਿਆਂ ਤੇ ਵੇਲਿਆਂ” ਦਾ ਪਰਮੇਸ਼ੁਰ ਹੈ?

ਯਹੋਵਾਹ ਨੇ ਆਪਣੇ ਕੰਮ ਦਾ ਜੋ ਸਮਾਂ ਮਿਥਿਆ ਹੈ ਉਸ ’ਤੇ ਦੁਨੀਆਂ ਦੀਆਂ ਘਟਨਾਵਾਂ ਅਤੇ ਇਨਸਾਨਾਂ ਦੀਆਂ ਸਕੀਮਾਂ ਦਾ ਅਸਰ ਕਿਉਂ ਨਹੀਂ ਪੈਂਦਾ ਹੈ?

1, 2. ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਮੇਂ ਦਾ ਮਤਲਬ ਸਮਝਦਾ ਹੈ?

ਇਨਸਾਨ ਨੂੰ ਬਣਾਉਣ ਤੋਂ ਬਹੁਤ ਪਹਿਲਾਂ ਹੀ ਯਹੋਵਾਹ ਪਰਮੇਸ਼ੁਰ ਨੇ ਸਮੇਂ ਦੇ ਬੀਤਣ ਦਾ ਅੰਦਾਜ਼ਾ ਲਾਉਣ ਦਾ ਜ਼ਰੀਆ ਦਿੱਤਾ ਸੀ। ਸ੍ਰਿਸ਼ਟੀ ਦੇ ਚੌਥੇ ਦਿਨ ਪਰਮੇਸ਼ੁਰ ਨੇ ਕਿਹਾ: “ਅਕਾਸ਼ ਦੇ ਅੰਬਰ ਵਿੱਚ ਜੋਤਾਂ ਹੋਣ ਤਾਂਜੋ ਓਹ ਦਿਨ ਨੂੰ ਰਾਤ ਤੋਂ ਅੱਡ ਕਰਨ, ਨਾਲੇ ਓਹ ਨਿਸ਼ਾਨਾਂ ਤੇ ਰੁੱਤਾਂ ਤੇ ਦਿਨਾਂ ਤੇ ਵਰਿਹਾਂ ਲਈ ਹੋਣ।” (ਉਤ. 1:14, 19, 26) ਯਹੋਵਾਹ ਦੀ ਇੱਛਾ ਮੁਤਾਬਕ ਉਸੇ ਤਰ੍ਹਾਂ ਹੋਇਆ।

2 ਪਰ ਸਾਇੰਸਦਾਨਾਂ ਨੂੰ ਅਜੇ ਤਕ ਸਮਝ ਨਹੀਂ ਆਈ ਕਿ ਸਮਾਂ ਕੀ ਹੈ। ਇਕ ਕਿਤਾਬ ਵਿਚ ਕਿਹਾ ਗਿਆ ਹੈ: “ਸਮਾਂ ਦੁਨੀਆਂ ਦੀ ਸਭ ਤੋਂ ਔਖੀ ਬੁਝਾਰਤ ਹੈ। ਕੋਈ ਨਹੀਂ ਜਾਣਦਾ ਕਿ ਸਮਾਂ ਅਸਲ ਵਿਚ ਹੈ ਕੀ।” ਪਰ ਯਹੋਵਾਹ ਜਾਣਦਾ ਹੈ ਕਿ ਸਮਾਂ ਕੀ ਹੈ ਕਿਉਂਕਿ ਉਹ ਹੀ ‘ਅਕਾਸ਼ ਦਾ ਕਰਤਾ ਹੈ, ਉਹੀ ਪਰਮੇਸ਼ੁਰ ਹੈ ਜਿਸ ਧਰਤੀ ਨੂੰ ਸਾਜਿਆ, ਜਿਸ ਉਹ ਨੂੰ ਬਣਾਇਆ।’ ਨਾਲੇ ਯਹੋਵਾਹ ਹੀ ‘ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹੈ।’ (ਯਸਾ. 45:18; 46:10) ਉਸ ਉੱਤੇ ਅਤੇ ਉਸ ਦੇ ਬਚਨ ਬਾਈਬਲ ਉੱਤੇ ਆਪਣੀ ਨਿਹਚਾ ਹੋਰ ਵਧਾਉਣ ਲਈ ਆਓ ਆਪਾਂ ਦੇਖੀਏ ਕਿ ਸ੍ਰਿਸ਼ਟੀ ਅਤੇ ਪੂਰੀਆਂ ਹੋਈਆਂ ਭਵਿੱਖਬਾਣੀਆਂ ਕਿਵੇਂ ਸਾਬਤ ਕਰਦੀਆਂ ਹਨ ਕਿ ਯਹੋਵਾਹ ਸਮੇਂ ਦਾ ਪਾਬੰਦ ਹੈ।

ਸ੍ਰਿਸ਼ਟੀ ਰਾਹੀਂ ਯਹੋਵਾਹ ਵਿਚ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ

3. ਸ੍ਰਿਸ਼ਟੀ ਵਿਚ ਕਿਹੜੀਆਂ ਕੁਝ ਚੀਜ਼ਾਂ ਹਨ ਜਿਹੜੀਆਂ ਸਮੇਂ ਮੁਤਾਬਕ ਕੰਮ ਕਰਦੀਆਂ ਹਨ?

3 ਸ੍ਰਿਸ਼ਟੀ ਵਿਚ ਹਰ ਛੋਟੀ ਤੇ ਵੱਡੀ ਚੀਜ਼ ਸਮੇਂ ਮੁਤਾਬਕ ਕੰਮ ਕਰਦੀ ਹੈ। ਸੂਰਜ, ਚੰਦ, ਤਾਰੇ, ਧਰਤੀ ਅਤੇ ਹੋਰ ਗ੍ਰਹਿ ਸਾਰੇ ਆਪੋ ਆਪਣੇ ਸਮੇਂ ਮੁਤਾਬਕ ਚੱਲਦੇ ਹਨ। ਇਨਸਾਨ ਦੇਖ ਸਕਦੇ ਹਨ ਕਿ ਗ੍ਰਹਿ ਜਾਂ ਤਾਰੇ ਕਿਸੇ ਸਮੇਂ ’ਤੇ ਕਿੱਥੇ ਹੋਣਗੇ। ਇਸ ਤੋਂ ਉਹ ਰੁੱਤ ਦਾ ਅੰਦਾਜ਼ਾ ਲਾਉਂਦੇ ਹਨ ਅਤੇ ਸਫ਼ਰ ਕਰਨ ਵੇਲੇ ਮੁਸਾਫ਼ਰ ਇਨ੍ਹਾਂ ਦੀ ਮਦਦ ਨਾਲ ਆਪਣਾ ਰਾਹ ਲੱਭਦੇ ਹਨ। ਸਹੀ-ਸਹੀ ਸਮਾਂ ਦੱਸਣ ਵਾਲੀਆਂ ਇਨ੍ਹਾਂ ਚੀਜ਼ਾਂ ਦੇ ਸਿਰਜਣਹਾਰ ਯਹੋਵਾਹ ਵਿਚ “ਵੱਡੀ ਸ਼ਕਤੀ” ਹੈ। ਇਸ ਕਰਕੇ ਉਹ ਮਹਿਮਾ ਪਾਉਣ ਦਾ ਹੱਕਦਾਰ ਹੈ।—ਯਸਾਯਾਹ 40:26 ਪੜ੍ਹੋ।

4. ਜਾਨਦਾਰ ਚੀਜ਼ਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਮੇਂ ਦਾ ਪਾਬੰਦ ਅਤੇ ਬੁੱਧੀਮਾਨ ਹੈ?

4 ਬਹੁਤ ਸਾਰੇ ਪੇੜ-ਪੌਦਿਆਂ ਤੇ ਜਾਨਵਰਾਂ ਦੀ ਜ਼ਿੰਦਗੀ ਵੀ ਸਮੇਂ ਮੁਤਾਬਕ ਚੱਲਦੀ ਹੈ। ਪਰਮੇਸ਼ੁਰ ਨੇ ਉਨ੍ਹਾਂ ਸਾਰਿਆਂ ਅੰਦਰ ਇਕ ਤਰ੍ਹਾਂ ਦੀ ਘੜੀ ਫਿੱਟ ਕੀਤੀ ਹੈ। ਪੇੜ-ਪੌਦੇ ਇਸ ਘੜੀ ਮੁਤਾਬਕ ਫਲ-ਫੁੱਲ ਦਿੰਦੇ ਹਨ। ਪਰਵਾਸੀ ਪੰਛੀਆਂ ਨੂੰ ਪਤਾ ਹੁੰਦਾ ਹੈ ਕਿ ਹਰ ਸਾਲ ਕਦੋਂ ਉਨ੍ਹਾਂ ਨੇ ਇਕ ਜਗ੍ਹਾ ਤੋਂ ਹਜ਼ਾਰਾਂ ਮੀਲ ਦੂਰ ਉੱਡ ਕੇ ਦੂਜੀ ਜਗ੍ਹਾ ਜਾਣਾ ਹੈ। (ਯਿਰ. 8:7) ਇਨਸਾਨਾਂ ਦੇ ਅੰਦਰ ਵੀ ਇਕ ਤਰ੍ਹਾਂ ਦੀ ਘੜੀ ਫਿੱਟ ਹੈ ਜੋ ਕਿ 24 ਘੰਟਿਆਂ ਵਾਲੇ ਦਿਨ-ਰਾਤ ਮੁਤਾਬਕ ਚੱਲਦੀ ਹੈ। ਜਦੋਂ ਕੋਈ ਇਨਸਾਨ ਸੈਂਕੜੇ ਮੀਲ ਸਫ਼ਰ ਕਰ ਕੇ ਕਿਸੇ ਹੋਰ ਦੇਸ਼ ਜਾਂਦਾ ਹੈ ਜਿੱਥੇ ਘੰਟਿਆਂ ਦਾ ਫ਼ਰਕ ਹੁੰਦਾ ਹੈ, ਤਾਂ ਉਸ ਦੇ ਸਰੀਰ ਨੂੰ ਉੱਥੇ ਦੇ ਸਮੇਂ ਮੁਤਾਬਕ ਢਲ਼ਣ ਨੂੰ ਕਈ ਦਿਨ ਲੱਗ ਸਕਦੇ ਹਨ। ਇਹ ਸਾਰੀਆਂ ਮਿਸਾਲਾਂ ਦਿਖਾਉਂਦੀਆਂ ਹਨ ਕਿ “ਸਮਿਆਂ ਤੇ ਵੇਲਿਆਂ” ਦਾ ਪਰਮੇਸ਼ੁਰ ਸਾਰਿਆਂ ਤੋਂ ਸ਼ਕਤੀਸ਼ਾਲੀ ਅਤੇ ਬੁੱਧੀਮਾਨ ਹੈ। (ਜ਼ਬੂਰਾਂ ਦੀ ਪੋਥੀ 104:24 ਪੜ੍ਹੋ।) ਇਸ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਉਹ ਜੋ ਚਾਹੁੰਦਾ ਹੈ, ਕਰਦਾ ਹੈ!

ਸਮੇਂ ’ਤੇ ਪੂਰੀਆਂ ਹੋਈਆਂ ਭਵਿੱਖਬਾਣੀਆਂ

5. (ੳ) ਇਨਸਾਨ ਦਾ ਭਵਿੱਖ ਜਾਣਨ ਦਾ ਇੱਕੋ-ਇਕ ਜ਼ਰੀਆ ਕੀ ਹੈ? (ਅ) ਯਹੋਵਾਹ ਕਿਉਂ ਦੱਸ ਸਕਦਾ ਹੈ ਕਿ ਕਦੋਂ ਕੀ ਹੋਵੇਗਾ?

5 ਅਸੀਂ ਯਹੋਵਾਹ ਨੂੰ ਦੇਖ ਨਹੀਂ ਸਕਦੇ, ਫਿਰ ਵੀ ਅਸੀਂ ਸ੍ਰਿਸ਼ਟੀ ਤੋਂ ਉਸ ਦੇ ਗੁਣਾਂ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਪਰ ਸ੍ਰਿਸ਼ਟੀ ਤੋਂ ਅਹਿਮ ਸਵਾਲਾਂ ਦੇ ਜਵਾਬ ਨਹੀਂ ਮਿਲਦੇ, ਜਿਵੇਂ ਕਿ ਇਨਸਾਨ ਦਾ ਭਵਿੱਖ ਕੀ ਹੈ। (ਰੋਮੀ. 1:20) ਇਨ੍ਹਾਂ ਸਵਾਲਾਂ ਦੇ ਜਵਾਬਾਂ ਲਈ ਸਾਨੂੰ ਜਾਣਨਾ ਪਵੇਗਾ ਕਿ ਪਰਮੇਸ਼ੁਰ ਨੇ ਆਪਣੇ ਬਚਨ ਬਾਈਬਲ ਵਿਚ ਕੀ ਦੱਸਿਆ ਹੈ। ਬਾਈਬਲ ਵਿਚ ਕਈ ਭਵਿੱਖਬਾਣੀਆਂ ਦਰਜ ਹਨ ਜਿਹੜੀਆਂ ਸਹੀ ਸਮੇਂ ’ਤੇ ਪੂਰੀਆਂ ਹੋਈਆਂ! ਯਹੋਵਾਹ ਜਾਣਦਾ ਹੈ ਕਿ ਭਵਿੱਖ ਵਿਚ ਕੀ ਹੋਵੇਗਾ। ਨਾਲੇ ਬਾਈਬਲ ਵਿਚ ਦਰਜ ਭਵਿੱਖਬਾਣੀਆਂ ਇਸ ਕਰਕੇ ਸਮੇਂ ’ਤੇ ਪੂਰੀਆਂ ਹੁੰਦੀਆਂ ਹਨ ਕਿਉਂਕਿ ਦੁਨੀਆਂ ਵਿਚ ਜੋ ਵੀ ਹੁੰਦਾ ਹੈ, ਉਸ ਨੂੰ ਯਹੋਵਾਹ ਪਰਮੇਸ਼ੁਰ ਆਪਣੇ ਮਕਸਦ ਅਤੇ ਮਿਥੇ ਸਮੇਂ ਮੁਤਾਬਕ ਕੰਟ੍ਰੋਲ ਕਰ ਸਕਦਾ ਹੈ।

6. ਸਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਬਾਈਬਲ ਵਿਚ ਦਰਜ ਭਵਿੱਖਬਾਣੀਆਂ ਨੂੰ ਸਮਝੀਏ?

6 ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਭਵਿੱਖਬਾਣੀਆਂ ਨੂੰ ਸਮਝਣ ਤੇ ਉਨ੍ਹਾਂ ਤੋਂ ਫ਼ਾਇਦਾ ਲੈਣ। ਸਮੇਂ ਬਾਰੇ ਸਾਡੀ ਸਮਝ ਬਹੁਤ ਹੀ ਸੀਮਿਤ ਹੈ, ਪਰ ਯਹੋਵਾਹ ਦੀ ਸਮਝ ਸੀਮਿਤ ਨਹੀਂ ਹੈ। ਫਿਰ ਵੀ ਜਦੋਂ ਉਹ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਦੇ ਸਮੇਂ ਬਾਰੇ ਦੱਸਦਾ ਹੈ, ਤਾਂ ਉਹ ਸਮੇਂ ਨਾਲ ਸੰਬੰਧਿਤ ਅਜਿਹੇ ਸ਼ਬਦ ਵਰਤਦਾ ਹੈ ਜਿਨ੍ਹਾਂ ਨੂੰ ਅਸੀਂ ਸਮਝ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 90:4 ਪੜ੍ਹੋ।) ਮਿਸਾਲ ਲਈ, ਪ੍ਰਕਾਸ਼ ਦੀ ਕਿਤਾਬ ਵਿਚ ‘ਚਾਰ ਦੂਤਾਂ’ ਬਾਰੇ ਦੱਸਿਆ ਗਿਆ ਹੈ ਜਿਹੜੇ “ਇਸ ਘੜੀ, ਦਿਨ, ਮਹੀਨੇ ਅਤੇ ਸਾਲ ਲਈ ਤਿਆਰ ਕੀਤੇ ਗਏ ਹਨ।” ਇਨਸਾਨ ਹੋਣ ਦੇ ਨਾਤੇ ਅਸੀਂ ਸਮਝ ਸਕਦੇ ਹਾਂ ਕਿ ਘੜੀ, ਦਿਨ, ਮਹੀਨੇ ਤੇ ਸਾਲ ਕਿੰਨੇ ਲੰਬੇ ਹੁੰਦੇ ਹਨ। (ਪ੍ਰਕਾ. 9:14, 15) ਮਿਥੇ ਸਮੇਂ ’ਤੇ ਭਵਿੱਖਬਾਣੀਆਂ ਦੀ ਪੂਰਤੀ ਦੇਖ ਕੇ “ਸਮਿਆਂ ਤੇ ਵੇਲਿਆਂ” ਦੇ ਪਰਮੇਸ਼ੁਰ ਅਤੇ ਉਸ ਦੇ ਬਚਨ ਉੱਤੇ ਸਾਡੀ ਨਿਹਚਾ ਹੋਰ ਵਧਣੀ ਚਾਹੀਦੀ ਹੈ। ਆਓ ਕੁਝ ਭਵਿੱਖਬਾਣੀਆਂ ਉੱਤੇ ਗੌਰ ਕਰੀਏ।

7. ਯਰੂਸ਼ਲਮ ਅਤੇ ਯਹੂਦਾਹ ਬਾਰੇ ਯਿਰਮਿਯਾਹ ਦੀ ਭਵਿੱਖਬਾਣੀ ਦੀ ਪੂਰਤੀ ਕਿਵੇਂ ਦਿਖਾਉਂਦੀ ਹੈ ਕਿ ਯਹੋਵਾਹ ਸਮੇਂ ਦਾ ਪਾਬੰਦ ਹੈ?

7 ਪਹਿਲਾਂ ਆਪਾਂ ਦੇਖਦੇ ਹਾਂ ਕਿ ਮਸੀਹ ਦੇ ਆਉਣ ਤੋਂ ਲਗਭਗ 700 ਸਾਲ ਪਹਿਲਾਂ ਕੀ ਹੋਇਆ ਸੀ। “ਯਹੂਦਾਹ ਦੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤ੍ਰ ਯਹੋਯਾਕੀਮ ਦੇ ਚੌਥੇ ਵਰ੍ਹੇ ਵਿੱਚ” ਯਹੋਵਾਹ ਦਾ ‘ਬਚਨ ਯਿਰਮਿਯਾਹ ਨੂੰ ਯਹੂਦਾਹ ਦੀ ਸਾਰੀ ਪਰਜਾ ਵਿਖੇ ਆਇਆ।’ (ਯਿਰ. 25:1) ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਯਰੂਸ਼ਲਮ ਸ਼ਹਿਰ ਨੂੰ ਤਬਾਹ ਕਰ ਦਿੱਤਾ ਜਾਵੇਗਾ ਅਤੇ ਯਹੂਦੀਆਂ ਨੂੰ ਗ਼ੁਲਾਮ ਬਣਾ ਕੇ ਯਹੂਦਾਹ ਤੋਂ ਬਾਬਲ ਲਿਜਾਇਆ ਜਾਵੇਗਾ। ਉੱਥੇ ਉਹ ‘ਸੱਤਰ ਵਰ੍ਹਿਆਂ ਤੀਕ ਬਾਬਲ ਦੇ ਪਾਤਸ਼ਾਹ ਦੀ ਟਹਿਲ ਕਰਨਗੇ।’ ਯਰੂਸ਼ਲਮ 607 ਈ. ਪੂ. ਵਿਚ ਬਾਬਲੀਆਂ ਦੇ ਹੱਥੋਂ ਵਾਕਈ ਤਬਾਹ ਹੋਇਆ ਸੀ ਅਤੇ ਯਹੂਦੀਆਂ ਨੂੰ ਬਾਬਲ ਲਿਜਾਇਆ ਗਿਆ ਸੀ। ਪਰ 70 ਸਾਲ ਖ਼ਤਮ ਹੋਣ ਤੋਂ ਬਾਅਦ ਕੀ ਹੋਣਾ ਸੀ? ਯਿਰਮਿਯਾਹ ਨੇ ਭਵਿੱਖਬਾਣੀ ਕੀਤੀ ਸੀ: “ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਜਦ ਬਾਬਲ ਲਈ ਸੱਤਰ ਵਰ੍ਹੇ ਪੂਰੇ ਹੋ ਜਾਣਗੇ ਮੈਂ ਤੁਹਾਡੀ ਖ਼ਬਰ ਲਵਾਂਗਾ ਅਤੇ ਮੈਂ ਤੁਹਾਨੂੰ ਏਸ ਅਸਥਾਨ ਉੱਤੇ ਫੇਰ ਲਿਆ ਕੇ ਆਪਣੀ ਭਲਿਆਈ ਦੀ ਗੱਲ ਪੂਰੀ ਕਰਾਂਗਾ।” (ਯਿਰ. 25:11, 12; 29:10) ਇਹ ਭਵਿੱਖਬਾਣੀ 537 ਈ. ਪੂ. ਵਿਚ ਸਮੇਂ ਸਿਰ ਪੂਰੀ ਹੋਈ ਜਦੋਂ ਮਾਦੀ-ਫ਼ਾਰਸੀ ਹਕੂਮਤ ਨੇ ਯਹੂਦੀਆਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਇਆ ਸੀ।

8, 9. ਦਾਨੀਏਲ ਦੁਆਰਾ ਮਸੀਹ ਦੇ ਆਉਣ ਅਤੇ ਉਸ ਦੇ ਰਾਜ ਦੇ ਸ਼ੁਰੂ ਹੋਣ ਬਾਰੇ ਕੀਤੀਆਂ ਗਈਆਂ ਭਵਿੱਖਬਾਣੀਆਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ “ਸਮਿਆਂ ਤੇ ਵੇਲਿਆਂ” ਦਾ ਪਰਮੇਸ਼ੁਰ ਹੈ?

8 ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਲੋਕਾਂ ਦੇ ਸੰਬੰਧ ਵਿਚ ਕੀਤੀ ਗਈ ਇਕ ਹੋਰ ਭਵਿੱਖਬਾਣੀ ’ਤੇ ਵੀ ਗੌਰ ਕਰੋ। ਯਹੂਦੀਆਂ ਦੇ ਬਾਬਲ ਤੋਂ ਚਲੇ ਜਾਣ ਤੋਂ ਲਗਭਗ ਦੋ ਸਾਲ ਪਹਿਲਾਂ ਪਰਮੇਸ਼ੁਰ ਨੇ ਦਾਨੀਏਲ ਨਬੀ ਨੂੰ ਮਸੀਹ ਦੇ ਪ੍ਰਗਟ ਹੋਣ ਬਾਰੇ ਦੱਸਿਆ ਸੀ। ਉਸ ਨੂੰ ਦੱਸਿਆ ਗਿਆ ਕਿ ਯਰੂਸ਼ਲਮ ਦੇ ਦੁਬਾਰਾ ਬਣਾਏ ਜਾਣ ਦਾ ਹੁਕਮ ਦਿੱਤੇ ਜਾਣ ਤੋਂ 483 ਸਾਲ ਬਾਅਦ ਮਸੀਹ ਪ੍ਰਗਟ ਹੋਵੇਗਾ। ਮਾਦੀ-ਫ਼ਾਰਸੀ ਰਾਜੇ ਨੇ 455 ਈ. ਪੂ. ਵਿਚ ਇਹ ਹੁਕਮ ਦਿੱਤਾ ਸੀ। ਇਸ ਤੋਂ ਠੀਕ 483 ਸਾਲ ਬਾਅਦ 29 ਈ. ਵਿਚ ਬਪਤਿਸਮਾ ਲੈਣ ਤੋਂ ਬਾਅਦ ਯਿਸੂ ਨਾਸਰੀ ਉੱਤੇ ਪਵਿੱਤਰ ਸ਼ਕਤੀ ਪਾਈ ਗਈ ਅਤੇ ਉਸ ਵੇਲੇ ਉਹ ਮਸੀਹ ਬਣਿਆ। *ਨਹ. 2:1, 5-8; ਦਾਨੀ. 9:24, 25; ਲੂਕਾ 3:1, 2, 21, 22.

9 ਹੁਣ ਧਿਆਨ ਦਿਓ ਕਿ ਬਾਈਬਲ ਵਿਚ ਮਸੀਹ ਦੇ ਰਾਜ ਬਾਰੇ ਪਹਿਲਾਂ ਹੀ ਕੀ ਦੱਸਿਆ ਗਿਆ ਸੀ। ਬਾਈਬਲ ਵਿਚ ਦਰਜ ਭਵਿੱਖਬਾਣੀਆਂ ਮੁਤਾਬਕ ਮਸੀਹ ਦਾ ਰਾਜ ਸਵਰਗ ਵਿਚ 1914 ਵਿਚ ਸ਼ੁਰੂ ਹੋਣਾ ਸੀ। ਮਿਸਾਲ ਲਈ, ਇਕ ਭਵਿੱਖਬਾਣੀ ਵਿਚ ਯਿਸੂ ਦੀ ਮੌਜੂਦਗੀ ਦੀ “ਨਿਸ਼ਾਨੀ” ਦਿੱਤੀ ਗਈ ਸੀ। ਨਾਲੇ ਸ਼ੈਤਾਨ ਨੂੰ ਸਵਰਗੋਂ ਕੱਢ ਕੇ ਧਰਤੀ ਉੱਤੇ ਸੁੱਟੇ ਜਾਣ ਦੇ ਸਮੇਂ ਵੱਲ ਇਸ਼ਾਰਾ ਕੀਤਾ ਗਿਆ ਸੀ ਤੇ ਦੱਸਿਆ ਗਿਆ ਸੀ ਕਿ ਇਸ ਕਰਕੇ ਧਰਤੀ ਉੱਤੇ ਹਾਲਾਤ ਬਹੁਤ ਹੀ ਵਿਗੜ ਜਾਣਗੇ। (ਮੱਤੀ 24:3-14; ਪ੍ਰਕਾ. 12:9, 12) ਇਸ ਤੋਂ ਇਲਾਵਾ, ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ 1914 ਵਿਚ “ਕੌਮਾਂ ਦਾ ਮਿਥਿਆ ਸਮਾਂ ਪੂਰਾ” ਹੋਣਾ ਸੀ ਅਤੇ ਸਵਰਗ ਵਿਚ ਮਸੀਹ ਦਾ ਰਾਜ ਸ਼ੁਰੂ ਹੋਣਾ ਸੀ।—ਲੂਕਾ 21:24; ਦਾਨੀ. 4:10-17. *

10. ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ?

10 ਯਿਸੂ ਦੀ ਭਵਿੱਖਬਾਣੀ ਮੁਤਾਬਕ ਆਉਣ ਵਾਲੇ ਸਮੇਂ ਵਿਚ “ਮਹਾਂਕਸ਼ਟ” ਆਵੇਗਾ। ਇਸ ਤੋਂ ਬਾਅਦ ਉਸ ਦਾ ਇਕ ਹਜ਼ਾਰ ਸਾਲ ਦਾ ਰਾਜ ਸ਼ੁਰੂ ਹੋਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਭ ਕੁਝ ਮਿਥੇ ਸਮੇਂ ’ਤੇ ਹੋਵੇਗਾ। ਯਿਸੂ ਦੇ ਧਰਤੀ ਉੱਤੇ ਆਉਣ ਤੋਂ ਪਹਿਲਾਂ ਹੀ ਯਹੋਵਾਹ ਨੇ ਇਨ੍ਹਾਂ ਘਟਨਾਵਾਂ ਦਾ ‘ਦਿਨ ਜਾਂ ਵੇਲਾ’ ਤੈਅ ਕਰ ਲਿਆ ਸੀ।—ਮੱਤੀ 24:21, 36; ਪ੍ਰਕਾ. 20:6.

“ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ”

11. ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ, ਇਸ ਗੱਲ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?

11 ਸਾਨੂੰ ਪਤਾ ਹੈ ਕਿ ਮਸੀਹ ਦਾ ਰਾਜ ਸ਼ੁਰੂ ਹੋ ਚੁੱਕਾ ਹੈ ਅਤੇ ਅਸੀਂ “ਓੜਕ ਦੇ ਸਮੇਂ” ਯਾਨੀ ਆਖ਼ਰੀ ਦਿਨਾਂ ਵਿਚ ਰਹਿ ਰਹੇ ਹਾਂ। (ਦਾਨੀ. 12:4) ਇਸ ਗੱਲ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? ਬਹੁਤ ਸਾਰੇ ਲੋਕ ਦੇਖਦੇ ਹਨ ਕਿ ਦੁਨੀਆਂ ਦੇ ਹਾਲਾਤ ਕਿੰਨੇ ਵਿਗੜ ਰਹੇ ਹਨ, ਪਰ ਉਹ ਇਹ ਗੱਲ ਨਹੀਂ ਮੰਨਦੇ ਕਿ ਇਹ ਸਭ ਕੁਝ ਅੰਤ ਦੇ ਦਿਨਾਂ ਬਾਰੇ ਬਾਈਬਲ ਦੀਆਂ ਭਵਿੱਖਬਾਣੀਆਂ ਮੁਤਾਬਕ ਹੋ ਰਿਹਾ ਹੈ। ਉਹ ਸੋਚਦੇ ਹਨ ਕਿ ਇਹ ਦੁਨੀਆਂ ਇਕ ਦਿਨ ਤਬਾਹ ਹੋ ਜਾਵੇਗੀ ਜਾਂ ਫਿਰ ਇਨਸਾਨ ਕਿਸੇ-ਨਾ-ਕਿਸੇ ਤਰੀਕੇ ਨਾਲ ਦੁਨੀਆਂ ਵਿਚ “ਸ਼ਾਂਤੀ ਅਤੇ ਸੁਰੱਖਿਆ” ਕਾਇਮ ਕਰ ਲੈਣਗੇ। (1 ਥੱਸ. 5:3) ਸਾਡੇ ਬਾਰੇ ਕੀ? ਜੇ ਅਸੀਂ ਮੰਨਦੇ ਹਾਂ ਕਿ ਅਸੀਂ ਸ਼ੈਤਾਨ ਦੀ ਦੁਨੀਆਂ ਦੇ ਅਖ਼ੀਰਲੇ ਸਮੇਂ ਵਿਚ ਜੀ ਰਹੇ ਹਾਂ, ਤਾਂ ਕੀ ਸਾਨੂੰ “ਸਮਿਆਂ ਤੇ ਵੇਲਿਆਂ” ਦੇ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਉਸ ਬਾਰੇ ਦੂਸਰਿਆਂ ਨੂੰ ਦੱਸਣ ਵਿਚ ਬਾਕੀ ਰਹਿੰਦਾ ਸਮਾਂ ਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ? (2 ਤਿਮੋ. 3:1) ਸਾਨੂੰ ਸਮਝਦਾਰੀ ਨਾਲ ਆਪਣੇ ਸਮੇਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ।—ਅਫ਼ਸੀਆਂ 5:15-17 ਪੜ੍ਹੋ।

12. ਯਿਸੂ ਨੇ ਨੂਹ ਦੇ ਦਿਨਾਂ ਬਾਰੇ ਜੋ ਕਿਹਾ ਸੀ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

12 ਅੱਜ ਦੁਨੀਆਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਸਾਡਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਇਸ ਲਈ ‘ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤਣਾ’ ਸੌਖਾ ਨਹੀਂ ਹੈ। ਯਿਸੂ ਨੇ ਚੇਤਾਵਨੀ ਦਿੱਤੀ ਸੀ: “ਜਿਵੇਂ ਨੂਹ ਦੇ ਦਿਨਾਂ ਵਿਚ ਹੋਇਆ ਸੀ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੀ ਮੌਜੂਦਗੀ ਦੌਰਾਨ ਹੋਵੇਗਾ।” ਨੂਹ ਦੇ ਦਿਨਾਂ ਵਿਚ ਕੀ ਹੋਇਆ ਸੀ? ਉਸ ਵੇਲੇ ਲੋਕਾਂ ਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਇਕ ਵੱਡੀ ਜਲ-ਪਰਲੋ ਵਿਚ ਸਾਰੇ ਬੁਰੇ ਲੋਕ ਖ਼ਤਮ ਹੋ ਜਾਣਗੇ। “ਧਾਰਮਿਕਤਾ ਦੇ ਪ੍ਰਚਾਰਕ” ਨੂਹ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦਾ ਸੰਦੇਸ਼ ਲੋਕਾਂ ਨੂੰ ਸੁਣਾਇਆ। (ਮੱਤੀ 24:37; 2 ਪਤ. 2:5) ਪਰ “ਜਲ-ਪਰਲੋ ਤੋਂ ਪਹਿਲਾਂ ਦੇ ਦਿਨਾਂ ਵਿਚ ਲੋਕ ਖਾਂਦੇ-ਪੀਂਦੇ ਸਨ, ਆਦਮੀ ਵਿਆਹ ਕਰਾਉਂਦੇ ਸਨ ਤੇ ਤੀਵੀਆਂ ਵਿਆਹੀਆਂ ਜਾਂਦੀਆਂ ਸਨ। . . . ਲੋਕਾਂ ਨੇ ਉਦੋਂ ਤਕ ਕੋਈ ਧਿਆਨ ਨਾ ਦਿੱਤਾ ਜਦ ਤਕ ਜਲ-ਪਰਲੋ ਆ ਕੇ ਉਨ੍ਹਾਂ ਸਾਰਿਆਂ ਨੂੰ ਰੋੜ੍ਹ ਕੇ ਨਾ ਲੈ ਗਈ।” ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ਬਰਦਾਰ ਕੀਤਾ ਸੀ: “ਤੁਸੀਂ ਵੀ ਹਮੇਸ਼ਾ ਤਿਆਰ ਰਹੋ, ਕਿਉਂਕਿ ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਤੁਸੀਂ ਉਸ ਦੇ ਆਉਣ ਦੀ ਆਸ ਨਾ ਰੱਖੋਗੇ।” (ਮੱਤੀ 24:38, 39, 44) ਸਾਨੂੰ ਨੂਹ ਵਰਗੇ ਬਣਨਾ ਚਾਹੀਦਾ ਹੈ, ਨਾ ਕਿ ਉਸ ਦੇ ਜ਼ਮਾਨੇ ਦੇ ਲੋਕਾਂ ਵਰਗੇ। ਕਿਹੜੀ ਗੱਲ ਤਿਆਰ ਰਹਿਣ ਵਿਚ ਸਾਡੀ ਮਦਦ ਕਰੇਗੀ?

13, 14. ਮਨੁੱਖ ਦੇ ਪੁੱਤਰ ਨੂੰ ਉਡੀਕਦਿਆਂ ਕਿਹੜੀ ਗੱਲ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਨ ਵਿਚ ਸਾਡੀ ਮਦਦ ਕਰੇਗੀ?

13 ਭਾਵੇਂ ਅਸੀਂ ਨਹੀਂ ਜਾਣਦੇ ਕਿ ਮਨੁੱਖ ਦਾ ਪੁੱਤਰ ਕਿਸ ਵੇਲੇ ਆਵੇਗਾ, ਪਰ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਆਪਣੇ ਮਿਥੇ ਸਮੇਂ ਮੁਤਾਬਕ ਸਭ ਕੁਝ ਕਰੇਗਾ। ਯਹੋਵਾਹ ਨੇ ਆਪਣੇ ਕੰਮ ਕਰਨ ਦਾ ਜੋ ਵੀ ਸਮਾਂ ਮਿਥਿਆ ਹੈ, ਉਸ ਉੱਤੇ ਦੁਨੀਆਂ ਦੀਆਂ ਘਟਨਾਵਾਂ ਜਾਂ ਇਨਸਾਨਾਂ ਦੀਆਂ ਸਕੀਮਾਂ ਦਾ ਕੋਈ ਅਸਰ ਨਹੀਂ ਪੈਂਦਾ। ਇਸ ਦੇ ਉਲਟ ਯਹੋਵਾਹ ਆਪਣੇ ਮਕਸਦ ਨੂੰ ਮਿਥੇ ਸਮੇਂ ’ਤੇ ਪੂਰਾ ਕਰਨ ਲਈ ਦੁਨੀਆਂ ਦੀਆਂ ਘਟਨਾਵਾਂ ਨੂੰ ਕੰਟ੍ਰੋਲ ਕਰਦਾ ਹੈ। (ਦਾਨੀਏਲ 2:21 ਪੜ੍ਹੋ।) ਕਹਾਉਤਾਂ 21:1 ਵਿਚ ਦੱਸਿਆ ਗਿਆ ਹੈ: “ਪਾਤਸ਼ਾਹ ਦਾ ਮਨ ਯਹੋਵਾਹ ਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਙੁ ਹੈ, ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ।”

14 ਯਹੋਵਾਹ ਆਪਣੇ ਮਕਸਦ ਨੂੰ ਮਿਥੇ ਸਮੇਂ ਉੱਤੇ ਪੂਰਾ ਕਰਨ ਲਈ ਘਟਨਾਵਾਂ ਦਾ ਰੁੱਖ ਮੋੜ ਸਕਦਾ ਹੈ। ਦੁਨੀਆਂ ਵਿਚ ਕਈ ਵੱਡੀਆਂ-ਵੱਡੀਆਂ ਤਬਦੀਲੀਆਂ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਕਰ ਰਹੀਆਂ ਹਨ, ਖ਼ਾਸ ਤੌਰ ਤੇ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੇ ਸੰਬੰਧ ਵਿਚ ਭਵਿੱਖਬਾਣੀਆਂ। ਮਿਸਾਲ ਲਈ, ਸਾਬਕਾ ਸੋਵੀਅਤ ਸੰਘ (ਰੂਸ ਅਧੀਨ ਕੁਝ ਦੇਸ਼ਾਂ ਦਾ ਗੁੱਟ) ਦੇ ਢਹਿ-ਢੇਰੀ ਹੋਣ ਬਾਰੇ ਸੋਚੋ। ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਉੱਥੇ ਇੰਨੀ ਜਲਦੀ ਇੰਨੀਆਂ ਵੱਡੀਆਂ ਰਾਜਨੀਤਿਕ ਤਬਦੀਲੀਆਂ ਹੋਣਗੀਆਂ। ਪਰ ਇਨ੍ਹਾਂ ਤਬਦੀਲੀਆਂ ਕਰਕੇ ਬਹੁਤ ਸਾਰੇ ਦੇਸ਼ਾਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋ ਰਿਹਾ ਹੈ ਜਿੱਥੇ ਪਹਿਲਾਂ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ। ਇਸ ਲਈ ਆਓ ਆਪਾਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰ ਕੇ “ਸਮਿਆਂ ਤੇ ਵੇਲਿਆਂ” ਦੇ ਪਰਮੇਸ਼ੁਰ ਦੀ ਸੇਵਾ ਵਫ਼ਾਦਾਰੀ ਨਾਲ ਕਰੀਏ।

ਯਹੋਵਾਹ ਦੇ ਮਿਥੇ ਸਮੇਂ ’ਤੇ ਨਿਹਚਾ ਰੱਖੋ

15. ਸੰਸਥਾ ਦੁਆਰਾ ਕੀਤੀਆਂ ਤਬਦੀਲੀਆਂ ਦੇ ਸੰਬੰਧ ਵਿਚ ਅਸੀਂ ਆਪਣੀ ਨਿਹਚਾ ਦਾ ਸਬੂਤ ਕਿਵੇਂ ਦੇ ਸਕਦੇ ਹਾਂ?

15 ਇਨ੍ਹਾਂ ਅੰਤ ਦੇ ਦਿਨਾਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਮਿਥੇ ਸਮੇਂ ’ਤੇ ਨਿਹਚਾ ਰੱਖੀਏ। ਦੁਨੀਆਂ ਦੇ ਹਾਲਾਤ ਲਗਾਤਾਰ ਬਦਲ ਰਹੇ ਹਨ, ਜਿਸ ਕਰਕੇ ਚੇਲੇ ਬਣਾਉਣ ਦੇ ਕੰਮ ਵਿਚ ਸ਼ਾਇਦ ਸਾਨੂੰ ਕੁਝ ਤਬਦੀਲੀਆਂ ਕਰਨੀਆਂ ਪੈਣ। ਸੰਸਥਾ ਕਦੇ-ਕਦੇ ਕੁਝ ਤਬਦੀਲੀਆਂ ਕਰਦੀ ਹੈ ਤਾਂਕਿ ਪ੍ਰਚਾਰ ਦਾ ਕੰਮ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ। ਅਸੀਂ ‘ਮੰਡਲੀ ਦੇ ਸਿਰ’ ਯਿਸੂ ਮਸੀਹ ਦੀ ਅਗਵਾਈ ਅਧੀਨ ਵਫ਼ਾਦਾਰੀ ਨਾਲ ਸੇਵਾ ਕਰਦਿਆਂ ਇਨ੍ਹਾਂ ਤਬਦੀਲੀਆਂ ਮੁਤਾਬਕ ਪ੍ਰਚਾਰ ਦਾ ਕੰਮ ਕਰ ਕੇ “ਸਮਿਆਂ ਤੇ ਵੇਲਿਆਂ” ਦੇ ਪਰਮੇਸ਼ੁਰ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ।—ਅਫ਼. 5:23.

16. ਅਸੀਂ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਯਹੋਵਾਹ ਲੋੜ ਪੈਣ ਤੇ ਸਾਡੀ ਮਦਦ ਜ਼ਰੂਰ ਕਰੇਗਾ?

16 ਯਹੋਵਾਹ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ “ਜਦੋਂ ਸਾਨੂੰ ਮਦਦ ਦੀ ਲੋੜ ਹੋਵੇ,” ਤਾਂ ਉਹ ਸਾਡੀ ਮਦਦ ਜ਼ਰੂਰ ਕਰੇਗਾ। ਉਹ ਚਾਹੁੰਦਾ ਹੈ ਕਿ ਅਸੀਂ ਬੇਝਿਜਕ ਹੋ ਕੇ ਉਸ ਨੂੰ ਪ੍ਰਾਰਥਨਾ ਕਰੀਏ। (ਇਬ. 4:16) ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਸਾਡਾ ਸਾਰਿਆਂ ਦਾ ਫ਼ਿਕਰ ਹੈ। (ਮੱਤੀ 6:8; 10:29-31) ਅਸੀਂ ਯਹੋਵਾਹ ਪਰਮੇਸ਼ੁਰ ’ਤੇ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ ਜਦੋਂ ਅਸੀਂ ਮਦਦ ਲਈ ਉਸ ਨੂੰ ਪ੍ਰਾਰਥਨਾ ਕਰਦੇ ਹਾਂ ਅਤੇ ਫਿਰ ਆਪਣੀਆਂ ਪ੍ਰਾਰਥਨਾਵਾਂ ਅਤੇ ਉਸ ਦੀ ਅਗਵਾਈ ਮੁਤਾਬਕ ਚੱਲਦੇ ਹਾਂ। ਇਸ ਤੋਂ ਇਲਾਵਾ, ਸਾਨੂੰ ਆਪਣੇ ਭੈਣਾਂ-ਭਰਾਵਾਂ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ।

17, 18. (ੳ) ਯਹੋਵਾਹ ਜਲਦੀ ਆਪਣੇ ਦੁਸ਼ਮਣਾਂ ਦੇ ਖ਼ਿਲਾਫ਼ ਕਿਹੜੀ ਕਾਰਵਾਈ ਕਰੇਗਾ? (ਅ) ਸਾਨੂੰ ਕਿਹੜੀ ਗ਼ਲਤਫ਼ਹਿਮੀ ਤੋਂ ਬਚਣਾ ਚਾਹੀਦਾ ਹੈ?

17 ਹੁਣ “ਸ਼ੱਕ” ਕਰਨ ਦਾ ਸਮਾਂ ਨਹੀਂ ਹੈ, ਸਗੋਂ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ। (ਰੋਮੀ. 4:20) ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਦਾ ਕੰਮ ਕਰਨ ਲਈ ਦਿੱਤਾ ਹੈ, ਪਰ ਪਰਮੇਸ਼ੁਰ ਦੇ ਦੁਸ਼ਮਣ ਸ਼ੈਤਾਨ ਅਤੇ ਉਸ ਦੇ ਪ੍ਰਭਾਵ ਹੇਠ ਸਾਰੇ ਦੁਸ਼ਟ ਦੂਤ ਤੇ ਲੋਕ ਇਸ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। (ਮੱਤੀ 28:19, 20) ਸ਼ੈਤਾਨ ਦੇ ਹਮਲਿਆਂ ਦੇ ਬਾਵਜੂਦ ਅਸੀਂ ਜਾਣਦੇ ਹਾਂ ਕਿ ਯਹੋਵਾਹ ‘ਜੀਉਂਦਾ ਪਰਮੇਸ਼ੁਰ ਹੈ ਜੋ ਹਰ ਤਰ੍ਹਾਂ ਦੇ ਇਨਸਾਨਾਂ ਦਾ ਮੁਕਤੀਦਾਤਾ ਹੈ, ਖ਼ਾਸ ਕਰਕੇ ਵਫ਼ਾਦਾਰ ਸੇਵਕਾਂ ਦਾ।’ ਉਹ “ਭਗਤੀ ਕਰਨ ਵਾਲੇ ਲੋਕਾਂ ਨੂੰ ਅਜ਼ਮਾਇਸ਼ਾਂ ਵਿੱਚੋਂ ਕੱਢਣਾ ਜਾਣਦਾ ਹੈ।”—1 ਤਿਮੋ. 4:10; 2 ਪਤ. 2:9.

18 ਜਲਦੀ ਯਹੋਵਾਹ ਇਸ ਬੁਰੀ ਦੁਨੀਆਂ ਨੂੰ ਖ਼ਤਮ ਕਰ ਦੇਵੇਗਾ। ਭਾਵੇਂ ਸਾਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਦੁਨੀਆਂ ਦਾ ਅੰਤ ਕਦੋਂ ਤੇ ਕਿਵੇਂ ਹੋਵੇਗਾ, ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਮਸੀਹ ਸਹੀ ਸਮੇਂ ’ਤੇ ਪਰਮੇਸ਼ੁਰ ਦੇ ਦੁਸ਼ਮਣਾਂ ਨੂੰ ਖ਼ਤਮ ਕਰੇਗਾ ਅਤੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਿੱਧ ਕਰੇਗਾ। ਇਸ ਲਈ ਇਨ੍ਹਾਂ ਅੰਤ ਦੇ “ਸਮਿਆਂ ਤੇ ਵੇਲਿਆਂ” ਦੀ ਅਹਿਮੀਅਤ ਨਾ ਸਮਝਣੀ ਕਿੰਨੀ ਵੱਡੀ ਭੁੱਲ ਹੋਵੇਗੀ! ਆਓ ਆਪਾਂ ਕਦੀ ਇਸ ਗ਼ਲਤਫ਼ਹਿਮੀ ਵਿਚ ਨਾ ਪਈਏ ਕਿ “ਦੁਨੀਆਂ ਦੇ ਬਣਨ ਤੋਂ ਹੁਣ ਤਕ ਸਭ ਕੁਝ ਉਸੇ ਤਰ੍ਹਾਂ ਚੱਲਦਾ ਆ ਰਿਹਾ ਹੈ।”—1 ਥੱਸ. 5:1; 2 ਪਤ. 3:3, 4.

‘ਪਰਮੇਸ਼ੁਰ ਦੀ ਉਡੀਕ ਕਰੋ’

19, 20. ਸਾਨੂੰ ਯਹੋਵਾਹ ਦੀ ਉਡੀਕ ਕਿਉਂ ਕਰਨੀ ਚਾਹੀਦੀ ਹੈ?

19 ਇਨਸਾਨਾਂ ਲਈ ਯਹੋਵਾਹ ਦੇ ਮਕਸਦ ਵਿਚ ਇਹ ਵੀ ਸ਼ਾਮਲ ਸੀ ਕਿ ਇਨਸਾਨਾਂ ਕੋਲ ਉਸ ਬਾਰੇ ਅਤੇ ਉਸ ਦੀ ਸ੍ਰਿਸ਼ਟੀ ਬਾਰੇ ਸਿੱਖਣ ਦਾ ਬੇਅੰਤ ਸਮਾਂ ਹੋਵੇ। ਉਪਦੇਸ਼ਕ ਦੀ ਪੋਥੀ 3:11 ਵਿਚ ਕਿਹਾ ਗਿਆ ਹੈ: “[ਯਹੋਵਾਹ] ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ।”

20 ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਨੇ ਇਨਸਾਨਾਂ ਲਈ ਆਪਣਾ ਮਕਸਦ ਕਦੀ ਬਦਲਿਆ ਨਹੀਂ! (ਮਲਾ. 3:6) ਪਰਮੇਸ਼ੁਰ “ਕਦੀ ਬਦਲਦਾ ਨਹੀਂ, ਜਿਵੇਂ ਪਰਛਾਵੇਂ ਬਦਲ ਜਾਂਦੇ ਹਨ।” (ਯਾਕੂ. 1:17) ਪਰਮੇਸ਼ੁਰ ਇਨਸਾਨਾਂ ਦੇ ਸਮੇਂ ਅਨੁਸਾਰ ਨਹੀਂ ਚੱਲਦਾ। ਯਹੋਵਾਹ “ਯੁਗਾਂ-ਯੁਗਾਂ ਦਾ ਰਾਜਾ” ਹੈ। (1 ਤਿਮੋ. 1:17) ਇਸ ਲਈ ਆਓ ਆਪਾਂ ‘ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰੀਏ।’ (ਮੀਕਾ. 7:7) ਨਾਲੇ “ਹੇ ਸਾਰੇ ਯਹੋਵਾਹ ਦੀ ਆਸ ਰੱਖਣ ਵਾਲਿਓ, ਤਕੜੇ ਹੋਵੋ ਅਤੇ ਤੁਹਾਡਾ ਮਨ ਦਿਲੇਰ ਹੋਵੇ!”—ਜ਼ਬੂ. 31:24.

[ਫੁਟਨੋਟ]

[ਸਵਾਲ]

[ਸਫ਼ਾ 19 ਉੱਤੇ ਤਸਵੀਰ]

ਦਾਨੀਏਲ ਨੂੰ ਯਹੋਵਾਹ ਉੱਤੇ ਨਿਹਚਾ ਸੀ ਕਿ ਉਹ ਆਪਣੀਆਂ ਭਵਿੱਖਬਾਣੀਆਂ ਜ਼ਰੂਰ ਪੂਰੀਆਂ ਕਰੇਗਾ

[ਸਫ਼ਾ 21 ਉੱਤੇ ਤਸਵੀਰ]

ਕੀ ਤੁਸੀਂ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਦੇ ਹੋ?