Skip to content

Skip to table of contents

ਦਇਆ ਦਿਖਾ ਕੇ ਰੁੱਖਾ ਸੁਭਾਅ ਬਦਲਿਆ

ਦਇਆ ਦਿਖਾ ਕੇ ਰੁੱਖਾ ਸੁਭਾਅ ਬਦਲਿਆ

ਦਇਆ ਦਿਖਾ ਕੇ ਰੁੱਖਾ ਸੁਭਾਅ ਬਦਲਿਆ

ਜੋਰਜ ਤੇ ਮੈਨਨ ਯਹੋਵਾਹ ਦੇ ਗਵਾਹ ਹਨ ਜੋ ਨੀਦਰਲੈਂਡਜ਼ ਵਿਚ ਰਹਿੰਦੇ ਹਨ। ਜਦੋਂ ਉਨ੍ਹਾਂ ਨੇ ਇਕ ਬਜ਼ੁਰਗ ਔਰਤ ਨਾਲ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਗੱਲ ਕੀਤੀ, ਤਾਂ ਉਹ ਔਰਤ ਬੜੇ ਰੁੱਖੇ ਢੰਗ ਨਾਲ ਉਨ੍ਹਾਂ ਨਾਲ ਬੋਲੀ। ਗੱਲਬਾਤ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਦੋ ਪਤੀਆਂ ਤੇ ਇਕ ਮੁੰਡੇ ਦੀ ਮੌਤ ਹੋ ਚੁੱਕੀ ਸੀ। ਨਾਲੇ ਉਸ ਨੂੰ ਗਠੀਏ ਕਰਕੇ ਦਰਦ ਰਹਿੰਦਾ ਸੀ। ਭਾਵੇਂ ਕਿ ਗੱਲਬਾਤ ਦੌਰਾਨ ਉਹ ਸ਼ਾਂਤ ਹੋ ਗਈ, ਪਰ ਫਿਰ ਵੀ ਉਸ ਦਾ ਵਤੀਰਾ ਰੁੱਖਾ ਹੀ ਰਿਹਾ।

ਬਾਅਦ ਵਿਚ ਜੋਰਜ ਨੇ ਮੈਨਨ ਨੂੰ ਕਿਹਾ ਕਿ ਉਹ ਫੁੱਲਾਂ ਦਾ ਗੁਲਦਸਤਾ ਲੈ ਕੇ ਉਸ ਔਰਤ ਨੂੰ ਦੁਬਾਰਾ ਮਿਲਣ ਜਾਣਗੇ ਕਿਉਂਕਿ ਇੱਦਾਂ ਲੱਗਦਾ ਸੀ ਕਿ ਉਹ ਆਪਣੇ ਆਪ ਨੂੰ ਇਕੱਲੀ ਮਹਿਸੂਸ ਕਰਦੀ ਸੀ ਅਤੇ ਉਹ ਦੇ ਮਨ ਵਿਚ ਗੁੱਸਾ ਭਰਿਆ ਹੋਇਆ ਸੀ। ਜਦੋਂ ਉਹ ਉਸ ਔਰਤ ਨੂੰ, ਜਿਸ ਦਾ ਨਾਂ ਰੀਅ ਸੀ, ਮਿਲਣ ਗਏ, ਤਾਂ ਉਹ ਖ਼ੁਸ਼ ਹੋਈ। ਔਰਤ ਕੋਲ ਉਸ ਸਮੇਂ ਗੱਲ ਕਰਨ ਦਾ ਸਮਾਂ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੇ ਕਿਸੇ ਹੋਰ ਦਿਨ ਆਉਣ ਦਾ ਪ੍ਰੋਗ੍ਰਾਮ ਬਣਾਇਆ। ਜਦੋਂ ਜੋਰਜ ਤੇ ਮੈਨਨ ਤੈਅ ਕੀਤੇ ਸਮੇਂ ਤੇ ਉਸ ਨੂੰ ਮਿਲਣ ਗਏ, ਤਾਂ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲ੍ਹਿਆ। ਉਨ੍ਹਾਂ ਨੇ ਅਲੱਗ-ਅਲੱਗ ਸਮਿਆਂ ਤੇ ਉਸ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਘਰ ਨਹੀਂ ਮਿਲੀ। ਉਹ ਸੋਚਣ ਲੱਗ ਪਏ ਕਿ ਔਰਤ ਉਨ੍ਹਾਂ ਨੂੰ ਮਿਲਣਾ ਨਹੀਂ ਚਾਹੁੰਦੀ ਸੀ।

ਅਖ਼ੀਰ ਇਕ ਦਿਨ ਰੀਅ ਜੋਰਜ ਨੂੰ ਘਰ ਮਿਲ ਗਈ। ਉਸ ਨੇ ਜੋਰਜ ਤੋਂ ਘਰ ਨਾ ਮਿਲਣ ਲਈ ਮਾਫ਼ੀ ਮੰਗੀ ਤੇ ਦੱਸਿਆ ਕਿ ਉਹ ਹਸਪਤਾਲ ਵਿਚ ਦਾਖ਼ਲ ਸੀ। ਉਸ ਨੇ ਦੱਸਿਆ: “ਪਰ ਤੁਹਾਨੂੰ ਯਕੀਨ ਨਹੀਂ ਹੋਣਾ ਕਿ ਤੁਹਾਡੇ ਜਾਣ ਤੋਂ ਬਾਅਦ ਮੈਂ ਕੀ ਕੀਤਾ। ਮੈਂ ਬਾਈਬਲ ਪੜ੍ਹਨੀ ਸ਼ੁਰੂ ਕੀਤੀ!” ਉਨ੍ਹਾਂ ਨੇ ਇਸ ਬਾਰੇ ਹੋਰ ਗੱਲਬਾਤ ਕੀਤੀ ਤੇ ਬਾਈਬਲ ਸਟੱਡੀ ਸ਼ੁਰੂ ਹੋ ਗਈ।

ਜਿੱਦਾਂ-ਜਿੱਦਾਂ ਰੀਅ ਬਾਈਬਲ ਸਟੱਡੀ ਕਰਦੀ ਗਈ, ਉੱਦਾਂ-ਉੱਦਾਂ ਉਹ ਦੇ ਸੁਭਾਅ ਵਿਚ ਬਦਲਾਅ ਆਉਂਦਾ ਗਿਆ। ਉਹ ਖ਼ੁਸ਼ ਰਹਿਣ ਲੱਗ ਪਈ ਤੇ ਉਹ ਦੂਜਿਆਂ ਨਾਲ ਪਿਆਰ ਨਾਲ ਪੇਸ਼ ਆਉਣ ਲੱਗ ਪਈ। ਭਾਵੇਂ ਉਹ ਕਿਤੇ ਆ-ਜਾ ਨਹੀਂ ਸਕਦੀ ਸੀ, ਪਰ ਉਸ ਨੇ ਉਨ੍ਹਾਂ ਲੋਕਾਂ ਨਾਲ ਪਰਮੇਸ਼ੁਰ ਬਾਰੇ ਗੱਲਬਾਤ ਕਰਨੀ ਸ਼ੁਰੂ ਕੀਤੀ ਜੋ ਉਸ ਨੂੰ ਮਿਲਣ ਆਉਂਦੇ ਸਨ। ਆਪਣੀ ਸਿਹਤ ਕਰਕੇ ਉਹ ਅਕਸਰ ਮੀਟਿੰਗਾਂ ਵਿਚ ਨਹੀਂ ਜਾ ਸਕਦੀ ਸੀ, ਪਰ ਉਹ ਉਦੋਂ ਖ਼ੁਸ਼ ਹੁੰਦੀ ਸੀ ਜਦੋਂ ਭੈਣ-ਭਰਾ ਉਸ ਨੂੰ ਮਿਲਣ ਆਉਂਦੇ ਸਨ। ਜਿਸ ਦਿਨ ਉਹ 82 ਸਾਲਾਂ ਦੀ ਹੋਈ, ਉਸ ਦਿਨ ਉਸ ਨੇ ਸਰਕਟ ਅਸੈਂਬਲੀ ਵਿਚ ਬਪਤਿਸਮਾ ਲਿਆ।

ਉਸ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ ਉਸ ਦੀ ਲਿਖੀ ਇਕ ਕਵਿਤਾ ਮਿਲੀ। ਉਸ ਵਿਚ ਉਸ ਨੇ ਬੁਢਾਪੇ ਦੇ ਦਿਨਾਂ ਵਿਚ ਇਕੱਲੇਪਣ ਬਾਰੇ ਤੇ ਦਇਆ ਦਿਖਾਉਣ ਦੀ ਮਹੱਤਤਾ ਬਾਰੇ ਦੱਸਿਆ। ਮੈਨਨ ਦੱਸਦੀ ਹੈ: “ਕਵਿਤਾ ਸੱਚ-ਮੁੱਚ ਮੇਰੇ ਦਿਲ ਨੂੰ ਛੋਹ ਗਈ ਤੇ ਮੈਂ ਖ਼ੁਸ਼ ਹਾਂ ਕਿ ਯਹੋਵਾਹ ਨੇ ਉਸ ਨਾਲ ਦਇਆ ਨਾਲ ਪੇਸ਼ ਆਉਣ ਵਿਚ ਸਾਡੀ ਮਦਦ ਕੀਤੀ।”

ਜੀ ਹਾਂ, ਯਹੋਵਾਹ ਦੀ ਖ਼ੁਦ ਦੀ ਮਿਸਾਲ ਸਾਨੂੰ ਪਿਆਰ ਤੇ ਦਇਆ ਦਿਖਾਉਣ ਲਈ ਪ੍ਰੇਰਦੀ ਹੈ। (ਅਫ਼. 5:1, 2) ਸਾਡੇ ਪ੍ਰਚਾਰ ਦੇ ਚੰਗੇ ਨਤੀਜੇ ਨਿਕਲਣਗੇ ਜਦੋਂ ਅਸੀਂ ਪਰਮੇਸ਼ੁਰ ਦੇ ਸੇਵਕਾਂ ਵਜੋਂ ਦੂਜਿਆਂ ਨਾਲ ਦਇਆ ਨਾਲ ਪੇਸ਼ ਆਵਾਂਗੇ।—2 ਕੁਰਿੰ. 6:4, 6.