Skip to content

Skip to table of contents

ਯਹੋਵਾਹ ਦੀ ਸੇਵਾ ਨੂੰ ਪਹਿਲ ਕਿਉਂ ਦੇਈਏ?

ਯਹੋਵਾਹ ਦੀ ਸੇਵਾ ਨੂੰ ਪਹਿਲ ਕਿਉਂ ਦੇਈਏ?

ਯਹੋਵਾਹ ਦੀ ਸੇਵਾ ਨੂੰ ਪਹਿਲ ਕਿਉਂ ਦੇਈਏ?

“ਮੇਰਾ ਮੂੰਹ ਸਾਰੇ ਦਿਨ ਤੇਰੇ ਧਰਮ ਅਰ ਤੇਰੀ ਮੁਕਤੀ ਦਾ ਵਰਨਣ ਕਰੇਗਾ।”—ਜ਼ਬੂ. 71:15.

ਤੁਸੀਂ ਕੀ ਜਵਾਬ ਦਿਓਗੇ?

ਨੂਹ, ਮੂਸਾ, ਯਿਰਮਿਯਾਹ ਤੇ ਪੌਲੁਸ ਨੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਕਿਉਂ ਪਹਿਲ ਦਿੱਤੀ?

ਕਿਹੜੀ ਚੀਜ਼ ਤੁਹਾਡੀ ਇਹ ਫ਼ੈਸਲਾ ਕਰਨ ਵਿਚ ਮਦਦ ਕਰੇਗੀ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਹੈ?

ਤੁਸੀਂ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਦਾ ਇਰਾਦਾ ਕਿਉਂ ਕੀਤਾ ਹੈ?

1, 2. (ੳ) ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਇਕ ਇਨਸਾਨ ਕੀ ਦਿਖਾਉਂਦਾ ਹੈ? (ਅ) ਨੂਹ, ਮੂਸਾ, ਯਿਰਮਿਯਾਹ ਤੇ ਪੌਲੁਸ ਦੀਆਂ ਉਦਾਹਰਣਾਂ ’ਤੇ ਗੌਰ ਕਰਨ ਦਾ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹੋ ਤੇ ਬਪਤਿਸਮਾ ਲੈ ਕੇ ਯਿਸੂ ਦੇ ਚੇਲੇ ਬਣਦੇ ਹੋ, ਉਦੋਂ ਤੁਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਗੰਭੀਰ ਫ਼ੈਸਲਾ ਕਰਦੇ ਹੋ। ਇਹ ਇਵੇਂ ਹੈ ਜਿਵੇਂ ਤੁਸੀਂ ਕਹਿੰਦੇ ਹੋ: ‘ਯਹੋਵਾਹ ਤੂੰ ਮੇਰਾ ਮਾਲਕ ਹੈਂ ਤੇ ਮੈਂ ਤੇਰਾ ਸੇਵਕ ਹਾਂ। ਮੈਂ ਚਾਹੁੰਦਾ ਹਾਂ ਕਿ ਤੂੰ ਮੈਨੂੰ ਦੱਸੇਂ ਕਿ ਮੈਂ ਆਪਣਾ ਸਮਾਂ ਕਿਵੇਂ ਬਿਤਾਵਾਂ, ਕਿਸ ਚੀਜ਼ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਵਾਂ ਤੇ ਆਪਣੀਆਂ ਚੀਜ਼ਾਂ ਤੇ ਕਾਬਲੀਅਤਾਂ ਨੂੰ ਕਿਵੇਂ ਵਰਤਾਂ।’

2 ਜੇ ਤੁਸੀਂ ਯਹੋਵਾਹ ਦੇ ਸਮਰਪਿਤ ਸੇਵਕ ਹੋ, ਤਾਂ ਤੁਸੀਂ ਯਹੋਵਾਹ ਨਾਲ ਇਹ ਵਾਅਦਾ ਕਰ ਚੁੱਕੇ ਹੋ। ਤੁਹਾਡੇ ਇਸ ਫ਼ੈਸਲੇ ਕਰਕੇ ਤੁਹਾਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ। ਤੁਸੀਂ ਇਹ ਫ਼ੈਸਲਾ ਕਰ ਕੇ ਆਪਣੀ ਸਮਝ ਦਾ ਸਬੂਤ ਦਿੱਤਾ ਹੈ। ਤੁਸੀਂ ਯਹੋਵਾਹ ਨੂੰ ਆਪਣਾ ਮਾਲਕ ਮੰਨਿਆ ਹੈ, ਇਸ ਕਰਕੇ ਤੁਸੀਂ ਆਪਣਾ ਸਮਾਂ ਕਿਵੇਂ ਵਰਤਦੇ ਹੋ? ਨੂਹ, ਮੂਸਾ, ਯਿਰਮਿਯਾਹ ਤੇ ਪੌਲੁਸ ਰਸੂਲ ਦੀਆਂ ਮਿਸਾਲਾਂ ਸਾਨੂੰ ਆਪਣੀ ਜਾਂਚ ਕਰਨ ਵਿਚ ਮਦਦ ਕਰ ਸਕਦੀਆਂ ਹਨ। ਇਨ੍ਹਾਂ ਸਾਰਿਆਂ ਨੇ ਯਹੋਵਾਹ ਦੀ ਸੇਵਾ ਤਨ-ਮਨ ਨਾਲ ਕੀਤੀ ਸੀ। ਉਨ੍ਹਾਂ ਨੇ ਜਿਹੜੇ ਫ਼ੈਸਲੇ ਕੀਤੇ ਸਨ ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕਿਨ੍ਹਾਂ ਚੀਜ਼ਾਂ ਨੂੰ ਪਹਿਲ ਦਿੱਤੀ ਸੀ। ਸਾਡੇ ਹਾਲਾਤ ਉਨ੍ਹਾਂ ਵਰਗੇ ਹਨ। ਇਨ੍ਹਾਂ ਉਦਾਹਰਣਾਂ ’ਤੇ ਗੌਰ ਕਰ ਕੇ ਅਸੀਂ ਆਪਣੀ ਜਾਂਚ ਕਰ ਸਕਦੇ ਹਾਂ ਕਿ ਅਸੀਂ ਆਪਣੇ ਸਮੇਂ ਨੂੰ ਕਿਵੇਂ ਵਰਤਦੇ ਹਾਂ।—ਮੱਤੀ 28:19, 20; 2 ਤਿਮੋ. 3:1.

ਜਲ-ਪਰਲੋ ਤੋਂ ਪਹਿਲਾਂ

3. ਸਾਡੇ ਦਿਨ ਨੂਹ ਦੇ ਦਿਨਾਂ ਵਰਗੇ ਕਿਵੇਂ ਹਨ?

3 ਯਿਸੂ ਨੇ ਸਾਡੇ ਦਿਨਾਂ ਦੀ ਤੁਲਨਾ ਨੂਹ ਦੇ ਦਿਨਾਂ ਨਾਲ ਕੀਤੀ ਸੀ। ਉਸ ਨੇ ਕਿਹਾ: “ਜਿਵੇਂ ਨੂਹ ਦੇ ਦਿਨਾਂ ਵਿਚ ਹੋਇਆ ਸੀ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੀ ਮੌਜੂਦਗੀ ਦੌਰਾਨ ਹੋਵੇਗਾ।” ਉਸ ਨੇ ਅੱਗੇ ਕਿਹਾ: “ਲੋਕ ਖਾਂਦੇ-ਪੀਂਦੇ ਸਨ, ਆਦਮੀ ਵਿਆਹ ਕਰਾਉਂਦੇ ਸਨ ਤੇ ਤੀਵੀਆਂ ਵਿਆਹੀਆਂ ਜਾਂਦੀਆਂ ਸਨ। ਇਹ ਸਭ ਕੁਝ ਨੂਹ ਦੇ ਕਿਸ਼ਤੀ ਵਿਚ ਵੜਨ ਦੇ ਦਿਨ ਤਕ ਹੁੰਦਾ ਰਿਹਾ, ਅਤੇ ਲੋਕਾਂ ਨੇ ਉਦੋਂ ਤਕ ਕੋਈ ਧਿਆਨ ਨਾ ਦਿੱਤਾ ਜਦ ਤਕ ਜਲ-ਪਰਲੋ ਆ ਕੇ ਉਨ੍ਹਾਂ ਸਾਰਿਆਂ ਨੂੰ ਰੋੜ੍ਹ ਕੇ ਨਾ ਲੈ ਗਈ।” (ਮੱਤੀ 24:37-39) ਅੱਜ ਵੀ ਜ਼ਿਆਦਾਤਰ ਲੋਕ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਇਸ ਦੁਨੀਆਂ ਦਾ ਅੰਤ ਨੇੜੇ ਹੈ। ਉਹ ਪਰਮੇਸ਼ੁਰ ਦੇ ਸੇਵਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਚੇਤਾਵਨੀਆਂ ਵੱਲ ਕੋਈ ਧਿਆਨ ਨਹੀਂ ਦਿੰਦੇ। ਨੂਹ ਦੇ ਦਿਨਾਂ ਵਾਂਗ ਅੱਜ ਵੀ ਲੋਕ ਇਸ ਗੱਲ ਦਾ ਮਜ਼ਾਕ ਉਡਾਉਂਦੇ ਹਨ ਕਿ ਪਰਮੇਸ਼ੁਰ ਬੁਰੇ ਲੋਕਾਂ ਦਾ ਨਾਸ਼ ਕਰੇਗਾ। (2 ਪਤ. 3:3-7) ਇਨ੍ਹਾਂ ਔਖੇ ਹਾਲਾਤਾਂ ਵਿਚ ਨੂਹ ਨੇ ਆਪਣਾ ਸਮਾਂ ਕਿਵੇਂ ਵਰਤਿਆ?

4. ਯਹੋਵਾਹ ਵੱਲੋਂ ਕੰਮ ਮਿਲਣ ਤੋਂ ਬਾਅਦ ਨੂਹ ਨੇ ਆਪਣਾ ਸਮਾਂ ਕਿਵੇਂ ਵਰਤਿਆ ਤੇ ਕਿਉਂ?

4 ਪਰਮੇਸ਼ੁਰ ਨੇ ਨੂਹ ਨੂੰ ਦੱਸਿਆ ਕਿ ਉਹ ਦੁਸ਼ਟ ਲੋਕਾਂ ਦਾ ਨਾਸ਼ ਕਰਨ ਵਾਲਾ ਸੀ ਤੇ ਉਸ ਨੇ ਨੂਹ ਨੂੰ ਇਕ ਖ਼ਾਸ ਕੰਮ ਕਰਨ ਨੂੰ ਦਿੱਤਾ। ਨੂਹ ਨੇ ਇਨਸਾਨਾਂ ਤੇ ਜਾਨਵਰਾਂ ਨੂੰ ਬਚਾਉਣ ਲਈ ਕਿਸ਼ਤੀ ਬਣਾਈ। (ਉਤ. 6:13, 14, 22) ਉਸ ਨੇ ਲੋਕਾਂ ਨੂੰ ਪਰਮੇਸ਼ੁਰ ਵੱਲੋਂ ਦਿੱਤੀ ਜਾਣ ਵਾਲੀ ਸਜ਼ਾ ਬਾਰੇ ਵੀ ਦੱਸਿਆ। ਪਤਰਸ ਰਸੂਲ ਨੇ ਨੂਹ ਨੂੰ ‘ਧਾਰਮਿਕਤਾ ਦਾ ਪ੍ਰਚਾਰਕ’ ਕਿਹਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀ ਜਾਨ ਖ਼ਤਰੇ ਵਿਚ ਸੀ। (2 ਪਤਰਸ 2:5 ਪੜ੍ਹੋ।) ਨੂਹ ਤੇ ਉਸ ਦਾ ਪਰਿਵਾਰ ਕੋਈ ਬਿਜ਼ਨਿਸ ਕਰ ਕੇ ਹੋਰ ਲੋਕਾਂ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਸਕਦਾ ਸੀ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀ ਸਕਦਾ ਸੀ। ਕੀ ਤੁਹਾਡੇ ਖ਼ਿਆਲ ਵਿਚ ਉਨ੍ਹਾਂ ਲਈ ਇੱਦਾਂ ਕਰਨਾ ਸਹੀ ਹੁੰਦਾ? ਬਿਲਕੁਲ ਨਹੀਂ। ਉਨ੍ਹਾਂ ਨੂੰ ਪਤਾ ਸੀ ਕਿ ਅੱਗੇ ਕੀ ਹੋਣਾ ਸੀ। ਇਸ ਲਈ ਉਨ੍ਹਾਂ ਨੇ ਕਿਸੇ ਵੀ ਚੀਜ਼ ਕਰਕੇ ਆਪਣਾ ਧਿਆਨ ਭਟਕਣ ਨਹੀਂ ਦਿੱਤਾ।

ਇਕ ਮਿਸਰੀ ਰਾਜਕੁਮਾਰ ਦਾ ਫ਼ੈਸਲਾ

5, 6. (ੳ) ਮੂਸਾ ਨੂੰ ਮਿਸਰੀਆਂ ਦਾ ਗਿਆਨ ਕਿਉਂ ਦਿੱਤਾ ਗਿਆ? (ਅ) ਮੂਸਾ ਨੇ ਉਹ ਸਭ ਕੁਝ ਕਿਉਂ ਠੁਕਰਾਇਆ ਜੋ ਉਸ ਨੂੰ ਮਿਸਰ ਵਿਚ ਮਿਲਣ ਵਾਲਾ ਸੀ?

5 ਆਓ ਆਪਾਂ ਮੂਸਾ ਦੀ ਮਿਸਾਲ ’ਤੇ ਗੌਰ ਕਰੀਏ। ਮਿਸਰ ਦੇ ਰਾਜੇ ਦੀ ਧੀ ਨੇ ਉਸ ਨੂੰ ਗੋਦ ਲਿਆ ਸੀ, ਇਸ ਲਈ ਉਸ ਦਾ ਪਾਲਣ-ਪੋਸ਼ਣ ਮਿਸਰੀ ਮਹਿਲ ਵਿਚ ਹੋਇਆ ਸੀ। ਛੋਟੀ ਉਮਰ ਤੋਂ ਹੀ ਉਸ ਨੂੰ “ਮਿਸਰੀਆਂ ਦਾ ਹਰ ਤਰ੍ਹਾਂ ਦਾ ਗਿਆਨ ਦਿੱਤਾ ਗਿਆ।” (ਰਸੂ. 7:22; ਕੂਚ 2:9, 10) ਇਸ ਪੜ੍ਹਾਈ ਕਰਕੇ ਉਹ ਫਿਰਊਨ ਦੇ ਦਰਬਾਰ ਵਿਚ ਉੱਚੀ ਪਦਵੀ ਸੰਭਾਲਣ ਦੇ ਯੋਗ ਬਣ ਸਕਦਾ ਸੀ। ਉਸ ਸਮੇਂ ਦੀ ਸਭ ਤੋਂ ਸ਼ਕਤੀਸ਼ਾਲੀ ਸਰਕਾਰ ਵਿਚ ਉਸ ਕੋਲ ਉੱਚਾ ਦਰਜਾ ਪਾਉਣ ਦਾ ਮੌਕਾ ਸੀ। ਨਾਲੇ ਉਸ ਕੋਲ ਸ਼ਾਨੋ-ਸ਼ੌਕਤ ਤੇ ਹਰ ਐਸ਼ੋ-ਆਰਾਮ ਦੀ ਚੀਜ਼ ਹੋਣੀ ਸੀ। ਪਰ ਕੀ ਮੂਸਾ ਇਹ ਸਭ ਕੁਝ ਪਾਉਣਾ ਚਾਹੁੰਦਾ ਸੀ?

6 ਬਚਪਨ ਵਿਚ ਉਸ ਦੇ ਅਸਲੀ ਮਾਪਿਆਂ ਨੇ ਉਸ ਨੂੰ ਯਹੋਵਾਹ ਬਾਰੇ ਦੱਸਿਆ ਸੀ ਜਿਸ ਕਰਕੇ ਉਸ ਨੂੰ ਅਬਰਾਹਾਮ, ਇਸਹਾਕ ਤੇ ਯਾਕੂਬ ਨਾਲ ਕੀਤੇ ਯਹੋਵਾਹ ਦੇ ਵਾਅਦਿਆਂ ਬਾਰੇ ਪਤਾ ਹੋਣਾ। ਮੂਸਾ ਨੇ ਉਨ੍ਹਾਂ ਵਾਅਦਿਆਂ ’ਤੇ ਵਿਸ਼ਵਾਸ ਕੀਤਾ। ਉਸ ਨੇ ਆਪਣੇ ਭਵਿੱਖ ਤੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਬਾਰੇ ਵੀ ਗੰਭੀਰਤਾ ਨਾਲ ਸੋਚ-ਵਿਚਾਰ ਕੀਤਾ ਹੋਣਾ। ਸੋ ਜਦੋਂ ਫ਼ੈਸਲਾ ਕਰਨ ਦਾ ਸਮਾਂ ਆਇਆ ਕਿ ਉਹ ਮਿਸਰ ਦੇ ਮਹਿਲ ਵਿਚ ਆਪਣੀ ਜ਼ਿੰਦਗੀ ਕੱਟੇਗਾ ਜਾਂ ਇਜ਼ਰਾਈਲੀਆਂ ਨਾਲ ਗ਼ੁਲਾਮੀ ਕਰੇਗਾ, ਤਾਂ ਉਸ ਨੇ ਕੀ ਫ਼ੈਸਲਾ ਕੀਤਾ? ਮੂਸਾ ਨੇ “ਥੋੜ੍ਹੇ ਚਿਰ ਲਈ ਪਾਪ ਦਾ ਮਜ਼ਾ ਲੈਣ ਨਾਲੋਂ ਪਰਮੇਸ਼ੁਰ ਦੇ ਲੋਕਾਂ ਨਾਲ ਬਦਸਲੂਕੀ ਸਹਿਣੀ ਚੰਗੀ ਸਮਝੀ।” (ਇਬਰਾਨੀਆਂ 11:24-26 ਪੜ੍ਹੋ।) ਬਾਅਦ ਵਿਚ ਵੀ ਉਸ ਨੇ ਆਪਣੀ ਜ਼ਿੰਦਗੀ ਪਰਮੇਸ਼ੁਰ ਦੀ ਇੱਛਾ ਮੁਤਾਬਕ ਬਿਤਾਈ। (ਕੂਚ 3:2, 6-10) ਮੂਸਾ ਨੇ ਇੱਦਾਂ ਕਿਉਂ ਕੀਤਾ? ਕਿਉਂਕਿ ਉਸ ਨੂੰ ਯਹੋਵਾਹ ਦੇ ਵਾਅਦਿਆਂ ’ਤੇ ਭਰੋਸਾ ਸੀ। ਇਸ ਕਰਕੇ ਉਸ ਨੇ ਫ਼ੈਸਲਾ ਕੀਤਾ ਕਿ ਉਹ ਮਿਸਰ ਵਿਚ ਆਪਣੀ ਜ਼ਿੰਦਗੀ ਨਹੀਂ ਬਣਾਵੇਗਾ। ਜਲਦੀ ਹੀ ਪਰਮੇਸ਼ੁਰ ਨੇ ਮਿਸਰੀ ਕੌਮ ’ਤੇ 10 ਬਿਪਤਾਵਾਂ ਲਿਆ ਕੇ ਇਸ ਨੂੰ ਖ਼ਤਮ ਕਰ ਦਿੱਤਾ। ਇਸ ਤੋਂ ਯਹੋਵਾਹ ਦੇ ਸਮਰਪਿਤ ਸੇਵਕ ਕੀ ਸਬਕ ਸਿੱਖ ਸਕਦੇ ਹਨ? ਸਾਨੂੰ ਆਪਣਾ ਧਿਆਨ ਇਸ ਦੁਨੀਆਂ ਵਿਚ ਆਪਣੀ ਜ਼ਿੰਦਗੀ ਬਣਾਉਣ ਜਾਂ ਹੋਰ ਸੁੱਖ-ਸਹੂਲਤਾਂ ’ਤੇ ਲਾਉਣ ਦੀ ਬਜਾਇ ਯਹੋਵਾਹ ਤੇ ਉਸ ਦੀ ਸੇਵਾ ’ਤੇ ਲਾਉਣਾ ਚਾਹੀਦਾ ਹੈ।

ਯਿਰਮਿਯਾਹ ਜਾਣਦਾ ਸੀ ਕਿ ਕੀ ਹੋਣ ਵਾਲਾ ਸੀ

7. ਯਿਰਮਿਯਾਹ ਦੇ ਹਾਲਾਤ ਸਾਡੇ ਹਾਲਾਤਾਂ ਵਰਗੇ ਕਿਵੇਂ ਸਨ?

7 ਇਕ ਹੋਰ ਆਦਮੀ ਜਿਸ ਨੇ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੱਤੀ ਉਹ ਸੀ ਯਿਰਮਿਯਾਹ ਨਬੀ। ਯਿਰਮਿਯਾਹ ਦੇ ਦਿਨਾਂ ਵਿਚ ਯਰੂਸ਼ਲਮ ਤੇ ਯਹੂਦਾਹ ਦੇ ਲੋਕ ਹੋਰ ਦੇਵੀ-ਦੇਵਤਿਆਂ ਦੀ ਭਗਤੀ ਕਰ ਰਹੇ ਸਨ, ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਸਜ਼ਾ ਦੇਣ ਦਾ ਫ਼ੈਸਲਾ ਕੀਤਾ। ਉਸ ਨੇ ਯਿਰਮਿਯਾਹ ਨੂੰ ਆਪਣਾ ਨਬੀ ਬਣਾ ਕੇ ਲੋਕਾਂ ਨੂੰ ਇਸ ਸਜ਼ਾ ਬਾਰੇ ਦੱਸਣ ਦਾ ਕੰਮ ਦਿੱਤਾ ਸੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਯਿਰਮਿਯਾਹ “ਓੜਕ ਦੇ ਦਿਨਾਂ ਵਿੱਚ” ਯਾਨੀ ਆਖ਼ਰੀ ਦਿਨਾਂ ਵਿਚ ਰਹਿੰਦਾ ਸੀ। (ਯਿਰ. 23:19, 20) ਉਸ ਨੂੰ ਪਤਾ ਸੀ ਕਿ ਜਿਸ ਸਮਾਜ ਵਿਚ ਉਹ ਰਹਿੰਦਾ ਸੀ ਉਹ ਖ਼ਤਮ ਹੋਣ ਵਾਲਾ ਸੀ।

8, 9. (ੳ) ਬਾਰੂਕ ਦੀ ਸੋਚਣੀ ਸੁਧਾਰਨ ਦੀ ਕਿਉਂ ਲੋੜ ਸੀ? (ਅ) ਆਪਣੀ ਜ਼ਿੰਦਗੀ ਬਾਰੇ ਯੋਜਨਾਵਾਂ ਬਣਾਉਂਦੇ ਸਮੇਂ ਸਾਨੂੰ ਕੀ ਖ਼ਿਆਲ ਰੱਖਣਾ ਚਾਹੀਦਾ ਹੈ?

8 ਇਸ ਕਰਕੇ ਯਿਰਮਿਯਾਹ ਨੇ ਖ਼ਤਮ ਹੋਣ ਵਾਲੇ ਸਮਾਜ ਵਿਚ ਆਪਣੀ ਜ਼ਿੰਦਗੀ ਨਹੀਂ ਬਣਾਈ। ਇੱਦਾਂ ਕਰਨ ਦਾ ਉਸ ਨੂੰ ਕੋਈ ਫ਼ਾਇਦਾ ਨਹੀਂ ਸੀ ਹੋਣਾ। ਇਕ ਸਮੇਂ ਤੇ ਉਸ ਦਾ ਸੈਕਟਰੀ ਬਾਰੂਕ ਉਸ ਸਮਾਜ ਵਿਚ ਆਪਣੀ ਜ਼ਿੰਦਗੀ ਬਣਾਉਣ ਬਾਰੇ ਸੋਚਣ ਲੱਗ ਪਿਆ ਸੀ। ਇਸ ਲਈ ਯਹੋਵਾਹ ਨੇ ਯਿਰਮਿਯਾਹ ਨੂੰ ਬਾਰੂਕ ਨੂੰ ਦੱਸਣ ਲਈ ਕਿਹਾ: “ਵੇਖ, ਜੋ ਮੈਂ ਬਣਾਇਆ ਮੈਂ ਉਹ ਨੂੰ ਡੇਗ ਦਿਆਂਗਾ ਅਤੇ ਜੋ ਮੈਂ ਲਾਇਆ ਉਹ ਨੂੰ ਪੁੱਟ ਸੁੱਟਾਂਗਾ ਅਰਥਾਤ ਏਹ ਸਾਰੇ ਦੇਸ ਨੂੰ। ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ? ਤੂੰ ਨਾ ਲੱਭ ਕਿਉਂ ਜੋ ਵੇਖ . . . ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ। ਪਰ ਤੇਰੀ ਜਾਨ ਨੂੰ ਸਾਰਿਆਂ ਅਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ।”—ਯਿਰ. 45:4, 5.

9 ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਬਾਰੂਕ ਕਿਹੜੀਆਂ “ਵੱਡੀਆਂ ਚੀਜ਼ਾਂ” ਹਾਸਲ ਕਰਨੀਆਂ ਚਾਹੁੰਦਾ ਸੀ। * ਪਰ ਸਾਨੂੰ ਪਤਾ ਹੈ ਕਿ ਇਹ ਉਹ ਚੀਜ਼ਾਂ ਸਨ ਜੋ ਹਮੇਸ਼ਾ ਨਹੀਂ ਰਹਿਣੀਆਂ ਸਨ। ਇਹ ਚੀਜ਼ਾਂ 607 ਈ. ਪੂ. ਵਿਚ ਖ਼ਤਮ ਹੋ ਗਈਆਂ ਜਦੋਂ ਬਾਬਲੀਆਂ ਨੇ ਯਰੂਸ਼ਲਮ ਨੂੰ ਤਬਾਹ ਕੀਤਾ ਸੀ। ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ? ਜ਼ਿੰਦਗੀ ਵਿਚ ਜ਼ਰੂਰੀ ਚੀਜ਼ਾਂ ਪਾਉਣ ਲਈ ਸਾਨੂੰ ਭਵਿੱਖ ਲਈ ਕੁਝ ਯੋਜਨਾਵਾਂ ਬਣਾਉਣ ਦੀ ਲੋੜ ਹੈ। (ਕਹਾ. 6:6-11) ਪਰ ਕੀ ਖ਼ਤਮ ਹੋਣ ਵਾਲੀਆਂ ਚੀਜ਼ਾਂ ਨੂੰ ਹਾਸਲ ਕਰਨ ਲਈ ਹੱਦੋਂ ਵੱਧ ਸਮਾਂ ਤੇ ਤਾਕਤ ਲਾਉਣੀ ਬੁੱਧੀਮਤਾ ਦੀ ਗੱਲ ਹੋਵੇਗੀ? ਇਹ ਸੱਚ ਹੈ ਕਿ ਯਹੋਵਾਹ ਦਾ ਸੰਗਠਨ ਹਮੇਸ਼ਾ ਨਵੇਂ ਕਿੰਗਡਮ ਹਾਲ ਜਾਂ ਬੈਥਲ ਘਰ ਬਣਾਉਣ ਜਾਂ ਹੋਰ ਕੰਮਾਂ ਦੀਆਂ ਯੋਜਨਾਵਾਂ ਬਣਾਉਂਦਾ ਹੈ। ਪਰ ਯਾਦ ਰੱਖੋ ਕਿ ਇਹ ਸਾਰੇ ਕੰਮ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਪਹਿਲ ਦੇਣ ਲਈ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਆਪਣੀ ਜ਼ਿੰਦਗੀ ਬਾਰੇ ਯੋਜਨਾਵਾਂ ਬਣਾਉਂਦੇ ਸਮੇਂ ਯਹੋਵਾਹ ਦੇ ਸਾਰੇ ਸਮਰਪਿਤ ਸੇਵਕਾਂ ਨੂੰ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਕੀ ਤੁਸੀਂ ਦਿਲੋਂ ਮੰਨਦੇ ਹੋ ਕਿ ਤੁਸੀਂ ‘ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿੰਦੇ ਹੋ ਅਤੇ ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ ਉਹੀ ਕਰਦੇ ਹੋ’?—ਮੱਤੀ 6:33.

“ਮੈਂ ਇਨ੍ਹਾਂ ਨੂੰ ਕੂੜੇ ਦਾ ਢੇਰ ਸਮਝਦਾ ਹਾਂ”

10, 11. (ੳ) ਮਸੀਹੀ ਬਣਨ ਤੋਂ ਪਹਿਲਾਂ ਪੌਲੁਸ ਕਿਹੜੀਆਂ ਚੀਜ਼ਾਂ ਨੂੰ ਜ਼ਰੂਰੀ ਸਮਝਦਾ ਸੀ? (ਅ) ਪੌਲੁਸ ਦੀ ਜ਼ਿੰਦਗੀ ਦਾ ਮਕਸਦ ਕਿਉਂ ਬਦਲ ਗਿਆ?

10 ਆਓ ਅਖ਼ੀਰ ਵਿਚ ਅਸੀਂ ਪੌਲੁਸ ਦੀ ਮਿਸਾਲ ’ਤੇ ਗੌਰ ਕਰੀਏ। ਮਸੀਹੀ ਬਣਨ ਤੋਂ ਪਹਿਲਾਂ ਉਹ ਫ਼ਰੀਸੀ ਹੁੰਦਾ ਸੀ ਅਤੇ ਉਸ ਨੇ ਆਪਣੇ ਸਮੇਂ ਦੇ ਸਭ ਤੋਂ ਮੰਨੇ-ਪ੍ਰਮੰਨੇ ਗੁਰੂ ਤੋਂ ਯਹੂਦੀ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਉਸ ਨੂੰ ਯਹੂਦੀ ਮਹਾਂ ਪੁਜਾਰੀ ਤੋਂ ਇਕ ਖ਼ਾਸ ਕੰਮ ਕਰਨ ਦਾ ਅਧਿਕਾਰ ਵੀ ਮਿਲਿਆ ਹੋਇਆ ਸੀ। ਉਹ ਯਹੂਦੀ ਧਰਮ ਵਿਚ ਆਪਣੀ ਕੌਮ ਦੇ ਬਹੁਤ ਸਾਰੇ ਹਮਉਮਰ ਲੋਕਾਂ ਨਾਲੋਂ ਜ਼ਿਆਦਾ ਤਰੱਕੀ ਕਰ ਰਿਹਾ ਸੀ। ਇਸ ਲਈ ਲੱਗਦਾ ਸੀ ਕਿ ਉਸ ਦਾ ਭਵਿੱਖ ਬਹੁਤ ਵਧੀਆ ਸੀ। (ਰਸੂ. 9:1, 2; 22:3; 26:10; ਗਲਾ. 1:13, 14) ਪਰ ਉਸ ਦੀ ਜ਼ਿੰਦਗੀ ਬਦਲ ਗਈ ਜਦੋਂ ਪੌਲੁਸ ਨੂੰ ਪਤਾ ਲੱਗਾ ਕਿ ਯਹੂਦੀ ਕੌਮ ’ਤੇ ਯਹੋਵਾਹ ਦੀ ਕੋਈ ਬਰਕਤ ਨਹੀਂ ਰਹੀ।

11 ਪੌਲੁਸ ਨੇ ਇਹ ਵੀ ਜਾਣਿਆ ਕਿ ਯਹੂਦੀ ਕੌਮ ’ਤੇ ਆਫ਼ਤ ਆਉਣ ਵਾਲੀ ਸੀ, ਜਿਸ ਕਰਕੇ ਯਹੋਵਾਹ ਦੀਆਂ ਨਜ਼ਰਾਂ ਵਿਚ ਉਸ ਕੌਮ ਵਿਚ ਉੱਚੀ ਪਦਵੀ ਹਾਸਲ ਕਰਨ ਅਤੇ ਨਾਂ ਕਮਾਉਣ ਦਾ ਕੋਈ ਫ਼ਾਇਦਾ ਨਹੀਂ ਸੀ। (ਮੱਤੀ 24:2) ਪੌਲੁਸ ਨੇ ਪਰਮੇਸ਼ੁਰ ਦੇ ਮਕਸਦਾਂ ਨੂੰ ਸਮਝਿਆ ਤੇ ਇਹ ਜਾਣਿਆ ਕਿ ਪ੍ਰਚਾਰ ਕਰਨਾ ਕਿੰਨੇ ਸਨਮਾਨ ਦੀ ਗੱਲ ਹੈ। ਇਕ ਸਮੇਂ ’ਤੇ ਉਹ ਜਿਹੜੀਆਂ ਚੀਜ਼ਾਂ ਨੂੰ ਜ਼ਰੂਰੀ ਸਮਝਦਾ ਸੀ ਉਹ ਹੁਣ ਉਸ ਲਈ “ਕੂੜੇ ਦਾ ਢੇਰ” ਸਨ। ਪੌਲੁਸ ਨੇ ਯਹੂਦੀ ਧਰਮ ਨੂੰ ਛੱਡ ਦਿੱਤਾ ਤੇ ਆਪਣੀ ਬਾਕੀ ਦੀ ਜ਼ਿੰਦਗੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਲਾਈ।—ਫ਼ਿਲਿੱਪੀਆਂ 3:4-8, 15 ਪੜ੍ਹੋ; ਰਸੂ. 9:15.

ਦੇਖੋ ਕਿ ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੀ ਹੈ

12. ਯਿਸੂ ਨੇ ਬਪਤਿਸਮਾ ਲੈਣ ਤੋਂ ਬਾਅਦ ਕਿਸ ਗੱਲ ’ਤੇ ਧਿਆਨ ਦਿੱਤਾ?

12 ਨੂਹ, ਮੂਸਾ, ਯਿਰਮਿਯਾਹ, ਪੌਲੁਸ ਤੇ ਹੋਰ ਬਹੁਤ ਸਾਰੇ ਵਫ਼ਾਦਾਰ ਸੇਵਕਾਂ ਨੇ ਆਪਣਾ ਜ਼ਿਆਦਾ ਸਮਾਂ ਤੇ ਤਾਕਤ ਪਰਮੇਸ਼ੁਰ ਦੇ ਕੰਮ ਕਰਨ ਵਿਚ ਲਾਈ। ਇਹ ਸਾਡੇ ਲਈ ਚੰਗੀਆਂ ਮਿਸਾਲਾਂ ਹਨ। ਪਰ ਸਾਡੇ ਲਈ ਸਭ ਤੋਂ ਵਧੀਆ ਮਿਸਾਲ ਯਿਸੂ ਦੀ ਹੈ। (1 ਪਤ. 2:21) ਬਪਤਿਸਮਾ ਲੈਣ ਤੋਂ ਬਾਅਦ ਯਿਸੂ ਨੇ ਆਪਣੀ ਬਾਕੀ ਦੀ ਜ਼ਿੰਦਗੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਤੇ ਪਰਮੇਸ਼ੁਰ ਦੀ ਵਡਿਆਈ ਕਰਨ ਵਿਚ ਲਾਈ। ਜਿਸ ਮਸੀਹੀ ਨੇ ਯਹੋਵਾਹ ਨੂੰ ਆਪਣਾ ਮਾਲਕ ਮੰਨਿਆ ਹੈ ਉਸ ਨੂੰ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣੀ ਚਾਹੀਦੀ ਹੈ। ਕੀ ਤੁਸੀਂ ਇੱਦਾਂ ਕਰਦੇ ਹੋ? ਅਸੀਂ ਯਹੋਵਾਹ ਦੀ ਸੇਵਾ ਕਰਨ ਦੇ ਨਾਲ-ਨਾਲ ਆਪਣੀਆਂ ਹੋਰ ਜ਼ਿੰਮੇਵਾਰੀਆਂ ਨੂੰ ਕਿਵੇਂ ਪੂਰਾ ਕਰ ਸਕਦੇ ਹਾਂ?—ਜ਼ਬੂਰਾਂ ਦੀ ਪੋਥੀ 71:15; 145:2 ਪੜ੍ਹੋ।

13, 14. (ੳ) ਸਾਰੇ ਸਮਰਪਿਤ ਮਸੀਹੀਆਂ ਨੂੰ ਕਿਸ ਗੱਲ ਬਾਰੇ ਸੋਚ-ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ? (ਅ) ਪਰਮੇਸ਼ੁਰ ਦੇ ਲੋਕਾਂ ਨੂੰ ਕਿਸ ਗੱਲ ਤੋਂ ਖ਼ੁਸ਼ੀ ਮਿਲਦੀ ਹੈ?

13 ਸਾਲਾਂ ਤੋਂ ਯਹੋਵਾਹ ਦਾ ਸੰਗਠਨ ਮਸੀਹੀਆਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਕਿ ਉਹ ਪਾਇਨੀਅਰਿੰਗ ਕਰਨ ਬਾਰੇ ਸੋਚ-ਵਿਚਾਰ ਅਤੇ ਪ੍ਰਾਰਥਨਾ ਕਰਨ। ਕਈ ਕਾਰਨਾਂ ਜਾਂ ਹਾਲਾਤਾਂ ਕਰਕੇ ਯਹੋਵਾਹ ਦੇ ਬਹੁਤ ਸਾਰੇ ਵਫ਼ਾਦਾਰ ਸੇਵਕ ਹਰ ਮਹੀਨੇ 70 ਘੰਟੇ ਪ੍ਰਚਾਰ ਨਹੀਂ ਕਰ ਸਕਦੇ। ਉਨ੍ਹਾਂ ਨੂੰ ਇਸ ਕਰਕੇ ਉਦਾਸ ਨਹੀਂ ਹੋਣਾ ਚਾਹੀਦਾ। (1 ਤਿਮੋ. 5:8) ਪਰ ਤੁਹਾਡੇ ਬਾਰੇ ਕੀ? ਕੀ ਤੁਹਾਡੇ ਲਈ ਪਾਇਨੀਅਰਿੰਗ ਕਰਨੀ ਬਿਲਕੁਲ ਨਾਮੁਮਕਿਨ ਹੈ?

14 ਪਰਮੇਸ਼ੁਰ ਦੇ ਬਹੁਤ ਸਾਰੇ ਲੋਕਾਂ ਨੂੰ ਇਸ ਸਾਲ ਮੈਮੋਰੀਅਲ ਤੋਂ ਪਹਿਲਾਂ ਮਾਰਚ ਮਹੀਨੇ ਵਿਚ ਕਿੰਨੀ ਖ਼ੁਸ਼ੀ ਮਿਲੀ। ਮਾਰਚ ਦੇ ਮਹੀਨੇ ਦੌਰਾਨ ਇਹ ਖ਼ਾਸ ਪ੍ਰਬੰਧ ਕੀਤਾ ਗਿਆ ਸੀ ਕਿ ਉਹ ਔਗਜ਼ੀਲਰੀ ਪਾਇਨੀਅਰਿੰਗ ਕਰਨ ਲਈ ਪ੍ਰਚਾਰ ਵਿਚ 30 ਜਾਂ 50 ਘੰਟੇ ਲਾ ਸਕਦੇ ਸਨ। (ਜ਼ਬੂ. 110:3) ਲੱਖਾਂ ਹੀ ਭੈਣਾਂ-ਭਰਾਵਾਂ ਨੇ ਔਗਜ਼ੀਲਰੀ ਪਾਇਨੀਅਰਿੰਗ ਕੀਤੀ ਤੇ ਮੰਡਲੀ ਵਿਚ ਸਾਰਿਆਂ ਨੂੰ ਖ਼ੁਸ਼ੀ ਮਿਲੀ। ਤੁਸੀਂ ਉਸ ਖ਼ੁਸ਼ੀ ਨੂੰ ਯਾਦ ਕਰੋ। ਕੀ ਤੁਸੀਂ ਆਪਣੇ ਕੰਮ-ਧੰਦਿਆਂ ਵਿਚ ਤਬਦੀਲੀਆਂ ਕਰ ਸਕਦੇ ਹੋ ਤਾਂਕਿ ਤੁਸੀਂ ਔਗਜ਼ੀਲਰੀ ਪਾਇਨੀਅਰਿੰਗ ਕਰ ਕੇ ਖ਼ੁਸ਼ੀ ਪਾਉਂਦੇ ਰਹੋ? ਰਾਤ ਨੂੰ ਸੌਣ ਲੱਗਿਆਂ ਹਰ ਮਸੀਹੀ ਖ਼ੁਸ਼ ਹੋ ਕੇ ਯਹੋਵਾਹ ਨੂੰ ਕਹਿ ਸਕਦਾ ਹੈ, “ਯਹੋਵਾਹ ਮੈਂ ਤੇਰੀ ਸੇਵਾ ਵਿਚ ਜੋ ਕਰ ਸਕਦਾ ਸੀ ਉਹ ਕੀਤਾ।”

15. ਇਕ ਮਸੀਹੀ ਨੂੰ ਕਿਸ ਮਕਸਦ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ?

15 ਨੌਜਵਾਨੋ, ਜੇ ਤੁਹਾਡੀ ਪੜ੍ਹਾਈ ਖ਼ਤਮ ਹੋਣ ਵਾਲੀ ਹੈ ਤੇ ਤੁਹਾਡੀ ਸਿਹਤ ਚੰਗੀ ਹੈ ਤੇ ਤੁਹਾਡੇ ’ਤੇ ਜ਼ਿੰਮੇਵਾਰੀਆਂ ਦਾ ਬੋਝ ਨਹੀਂ ਹੈ, ਤਾਂ ਕੀ ਤੁਸੀਂ ਰੈਗੂਲਰ ਪਾਇਨੀਅਰਿੰਗ ਕਰਨ ਬਾਰੇ ਗੰਭੀਰਤਾ ਨਾਲ ਸੋਚ ਸੋਚਿਆ ਹੈ? ਤੁਹਾਡੇ ਅਧਿਆਪਕ ਸ਼ਾਇਦ ਤੁਹਾਨੂੰ ਹੋਰ ਪੜ੍ਹਨ ਤੇ ਚੰਗਾ ਕੈਰੀਅਰ ਬਣਾਉਣ ਦੀ ਸਲਾਹ ਦੇਣ। ਉਨ੍ਹਾਂ ਦਾ ਭਰੋਸਾ ਪੈਸੇ ਅਤੇ ਇਸ ਦੁਨੀਆਂ ’ਤੇ ਹੈ ਜੋ ਖ਼ਤਮ ਹੋਣ ਵਾਲੀ ਹੈ। ਇਸ ਦੇ ਉਲਟ, ਪਰਮੇਸ਼ੁਰ ਦੀ ਸੇਵਾ ਕਰਨ ਨਾਲ ਤੁਸੀਂ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰੋਗੇ ਤੇ ਇਸ ਨਾਲ ਤੁਹਾਨੂੰ ਹਮੇਸ਼ਾ ਲਈ ਫ਼ਾਇਦਾ ਹੋਵੇਗਾ। ਇੱਦਾਂ ਕਰ ਕੇ ਤੁਸੀਂ ਯਿਸੂ ਦੀ ਮਿਸਾਲ ’ਤੇ ਚੱਲ ਰਹੇ ਹੋਵੋਗੇ। ਇਸ ਫ਼ੈਸਲੇ ਤੋਂ ਤੁਹਾਨੂੰ ਖ਼ੁਸ਼ੀ ਹੋਵੇਗੀ ਅਤੇ ਤੁਹਾਡੀ ਸੁਰੱਖਿਆ ਹੋਵੇਗੀ। ਨਾਲੇ ਇਹ ਫ਼ੈਸਲਾ ਦਿਖਾਵੇਗਾ ਕਿ ਤੁਸੀਂ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਦਾ ਪੱਕਾ ਇਰਾਦਾ ਕੀਤਾ ਹੈ।—ਮੱਤੀ 6:19-21; 1 ਤਿਮੋ. 6:9-12.

16, 17. ਮਸੀਹੀਆਂ ਨੂੰ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

16 ਯਹੋਵਾਹ ਦੇ ਬਹੁਤ ਸਾਰੇ ਸੇਵਕ ਆਪਣੇ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਘੰਟਿਆਂ-ਬੱਧੀ ਕੰਮ ਕਰਦੇ ਹਨ। ਪਰ ਕਈ ਸ਼ਾਇਦ ਲੋੜੋਂ ਵੱਧ ਕੰਮ ਕਰਨ। (1 ਤਿਮੋ. 6:8) ਦੁਨੀਆਂ ਦੇ ਵਪਾਰੀ ਸਾਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਬਾਜ਼ਾਰ ਵਿਚ ਆਉਂਦੀਆਂ ਨਵੀਆਂ ਤੋਂ ਨਵੀਆਂ ਚੀਜ਼ਾਂ ਦੀ ਸਾਨੂੰ ਲੋੜ ਹੈ। ਪਰ ਸੱਚੇ ਮਸੀਹੀ ਸ਼ੈਤਾਨ ਦੀ ਦੁਨੀਆਂ ਦੀਆਂ ਗੱਲਾਂ ਵਿਚ ਆ ਕੇ ਇਹ ਫ਼ੈਸਲਾ ਨਹੀਂ ਕਰਦੇ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਚੀਜ਼ ਕੀ ਹੈ। (1 ਯੂਹੰ. 2:15-17) ਜਿਹੜੇ ਮਸੀਹੀ ਕੰਮ ਤੋਂ ਰੀਟਾਇਰ ਹੋ ਚੁੱਕੇ ਹਨ, ਉਨ੍ਹਾਂ ਬਾਰੇ ਕੀ? ਕੀ ਉਹ ਪਾਇਨੀਅਰਿੰਗ ਕਰ ਕੇ ਆਪਣੇ ਸਮੇਂ ਦੀ ਸਹੀ ਵਰਤੋਂ ਕਰ ਸਕਦੇ ਹਨ ਤੇ ਯਹੋਵਾਹ ਦੀ ਸੇਵਾ ਨੂੰ ਪਹਿਲ ਦੇ ਸਕਦੇ ਹਨ?

17 ਯਹੋਵਾਹ ਦੇ ਸਾਰੇ ਸਮਰਪਿਤ ਸੇਵਕ ਆਪਣੇ ਆਪ ਤੋਂ ਇਹ ਸਵਾਲ ਪੁੱਛ ਸਕਦੇ ਹਨ: ਮੇਰੀ ਜ਼ਿੰਦਗੀ ਦਾ ਕੀ ਮਕਸਦ ਹੈ? ਕੀ ਮੈਂ ਰਾਜ ਦੇ ਕੰਮਾਂ ਨੂੰ ਪਹਿਲ ਦਿੰਦਾ ਹਾਂ? ਕੀ ਮੈਂ ਯਿਸੂ ਦੀ ਰੀਸ ਕਰਦਾ ਹੋਇਆ ਆਪਣਾ ਸਮਾਂ ਤੇ ਤਾਕਤ ਯਹੋਵਾਹ ਦੀ ਸੇਵਾ ਵਿਚ ਲਾਉਂਦਾ ਹਾਂ? ਕੀ ਮੈਂ ਯਿਸੂ ਦਾ ਕਹਿਣਾ ਮੰਨ ਕੇ ਉਸ ਦੇ ਪਿੱਛੇ-ਪਿੱਛੇ ਚੱਲਦਾ ਹਾਂ? ਕੀ ਮੈਂ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਕੇ ਰਾਜ ਦੇ ਕੰਮਾਂ ਵਿਚ ਹੋਰ ਸਮਾਂ ਲਾ ਸਕਦਾ ਹਾਂ? ਭਾਵੇਂ ਮੈਂ ਆਪਣੇ ਹਾਲਾਤਾਂ ਕਰਕੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਨਹੀਂ ਲਾ ਸਕਦਾ, ਫਿਰ ਵੀ ਕੀ ਮੈਂ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕਰਦਾ ਹਾਂ?

ਕੰਮ ਕਰਨ ਦੀ ਇੱਛਾ ਅਤੇ ਤਾਕਤ

18, 19. ਤੁਸੀਂ ਕਿਸ ਬਾਰੇ ਪ੍ਰਾਰਥਨਾ ਕਰ ਸਕਦੇ ਹੋ ਤੇ ਇਸ ਤੋਂ ਯਹੋਵਾਹ ਨੂੰ ਕਿਉਂ ਖ਼ੁਸ਼ੀ ਹੋਵੇਗੀ?

18 ਯਹੋਵਾਹ ਦੇ ਲੋਕਾਂ ਦਾ ਜੋਸ਼ ਦੇਖ ਕੇ ਕਿੰਨਾ ਚੰਗਾ ਲੱਗਦਾ ਹੈ। ਭਾਵੇਂ ਕੁਝ ਭੈਣਾਂ-ਭਰਾਵਾਂ ਦੇ ਹਾਲਾਤ ਉਨ੍ਹਾਂ ਨੂੰ ਪਾਇਨੀਅਰਿੰਗ ਕਰਨ ਦੀ ਇਜਾਜ਼ਤ ਤਾਂ ਦੇਣ, ਪਰ ਉਹ ਸ਼ਾਇਦ ਪਾਇਨੀਅਰਿੰਗ ਨਾ ਕਰਨੀ ਚਾਹੁਣ ਜਾਂ ਉਹ ਆਪਣੇ ਆਪ ਨੂੰ ਇਸ ਦੇ ਕਾਬਲ ਨਾ ਸਮਝਣ। (ਕੂਚ 4:10; ਯਿਰ. 1:6) ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਨੂੰ ਇਸ ਬਾਰੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪੌਲੁਸ ਨੇ ਮਸੀਹੀਆਂ ਨੂੰ ਕਿਹਾ ਕਿ ਯਹੋਵਾਹ “ਆਪਣੀ ਖ਼ੁਸ਼ੀ ਲਈ ਤੁਹਾਨੂੰ ਤਕੜਾ ਕਰਦਾ ਹੈ ਅਤੇ ਤੁਹਾਡੇ ਵਿਚ ਕੰਮ ਕਰਨ ਦੀ ਇੱਛਾ ਪੈਦਾ ਕਰਦਾ ਹੈ ਅਤੇ ਤੁਹਾਨੂੰ ਕੰਮ ਕਰਨ ਦੀ ਤਾਕਤ ਬਖ਼ਸ਼ਦਾ ਹੈ।” (ਫ਼ਿਲਿ. 2:13) ਸੋ ਜਦੋਂ ਤੁਹਾਡੇ ਵਿਚ ਜ਼ਿਆਦਾ ਪ੍ਰਚਾਰ ਕਰਨ ਦੀ ਇੱਛਾ ਨਾ ਹੋਵੇ, ਤਾਂ ਕਿਉਂ ਨਾ ਯਹੋਵਾਹ ਕੋਲੋਂ ਇਹ ਕੰਮ ਕਰਨ ਦੀ ਇੱਛਾ ਤੇ ਤਾਕਤ ਮੰਗੋ?—2 ਪਤ. 3:9, 11.

19 ਨੂਹ, ਮੂਸਾ, ਯਿਰਮਿਯਾਹ, ਪੌਲੁਸ ਤੇ ਯਿਸੂ ਸਾਰੇ ਯਹੋਵਾਹ ਦੇ ਸੇਵਕ ਸਨ। ਉਨ੍ਹਾਂ ਨੇ ਆਪਣਾ ਸਮਾਂ ਤੇ ਆਪਣੀ ਤਾਕਤ ਯਹੋਵਾਹ ਦੀਆਂ ਚੇਤਾਵਨੀਆਂ ਦੇਣ ਵਿਚ ਲਾਈ। ਉਨ੍ਹਾਂ ਨੇ ਕਿਸੇ ਵੀ ਚੀਜ਼ ਕਰਕੇ ਆਪਣਾ ਧਿਆਨ ਭਟਕਣ ਨਹੀਂ ਦਿੱਤਾ। ਇਸ ਦੁਨੀਆਂ ਦਾ ਅੰਤ ਨੇੜੇ ਹੈ। ਇਸ ਲਈ ਪਰਮੇਸ਼ੁਰ ਦੇ ਸਮਰਪਿਤ ਸੇਵਕ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਵਧੀਆ ਮਿਸਾਲਾਂ ’ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਮੱਤੀ 24:42; 2 ਤਿਮੋ. 2:15) ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਾਂਗੇ ਤੇ ਉਹ ਸਾਨੂੰ ਬਰਕਤਾਂ ਦੇਵੇਗਾ।—ਮਲਾਕੀ 3:10 ਪੜ੍ਹੋ।

[ਫੁਟਨੋਟ]

^ ਪੈਰਾ 9 ਪਹਿਰਾਬੁਰਜ 15 ਅਗਸਤ 2006, ਸਫ਼ੇ 16-19 ਅਤੇ 15 ਅਕਤੂਬਰ 2008, ਸਫ਼ੇ 8, 9 ਪੈਰੇ 7-9 ਦੇਖੋ।

[ਸਵਾਲ]

[ਸਫ਼ਾ 21 ਉੱਤੇ ਤਸਵੀਰ]

ਲੋਕਾਂ ਨੇ ਨੂਹ ਦੀ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ

[ਸਫ਼ਾ 24 ਉੱਤੇ ਤਸਵੀਰ]

ਕੀ ਤੁਸੀਂ ਰੈਗੂਲਰ ਪਾਇਨੀਅਰ ਬਣਨ ਬਾਰੇ ਗੰਭੀਰਤਾ ਨਾਲ ਸੋਚ-ਵਿਚਾਰ ਕੀਤਾ ਹੈ?