Skip to content

Skip to table of contents

ਜੀਵਨੀ

ਜੀਵਨੀ ਮੈਂ ਯਹੋਵਾਹ ਦੀ ਇੱਛਾ ਪੂਰੀ ਕਰਨੀ ਸਿੱਖੀ

ਜੀਵਨੀ ਮੈਂ ਯਹੋਵਾਹ ਦੀ ਇੱਛਾ ਪੂਰੀ ਕਰਨੀ ਸਿੱਖੀ

ਮੈਕਸ ਲੋਇਡ ਦੀ ਜ਼ਬਾਨੀ

“ਸਾਡਾ ਦੇਵਤਾ ਖ਼ੂਨ ਦਾ ਪਿਆਸਾ ਹੈ ਤੇ ਉਹ ਇਨ੍ਹਾਂ ਗੋਰਿਆਂ ਦਾ ਖ਼ੂਨ ਪੀਣਾ ਚਾਹੁੰਦਾ ਹੈ।” ਗੁੱਸੇ ਨਾਲ ਭੜਕੀ ਹੋਈ ਭੀੜ ਅੱਧੀ ਰਾਤ ਨੂੰ ਜ਼ੋਰ-ਜ਼ੋਰ ਨਾਲ ਚਿਲਾ ਰਹੀ ਸੀ। ਲੋਕਾਂ ਨੇ ਉਸ ਘਰ ਨੂੰ ਘੇਰਿਆ ਹੋਇਆ ਸੀ ਜਿੱਥੇ ਮੈਂ ਤੇ ਇਕ ਹੋਰ ਮਿਸ਼ਨਰੀ ਆਏ ਹੋਏ ਸੀ। ਇਹ 1955 ਦੀ ਗੱਲ ਹੈ। ਆਓ ਮੈਂ ਤੁਹਾਨੂੰ ਦੱਸਾਂ ਕਿ ਅਸੀਂ ਗੋਰੇ ਦੱਖਣੀ ਅਮਰੀਕਾ ਦੇ ਦੇਸ਼ ਪੈਰਾਗੂਵਾਏ ਕਿੱਦਾਂ ਪਹੁੰਚੇ।

ਮੇਰੀ ਕਹਾਣੀ ਕਈ ਸਾਲ ਪਹਿਲਾਂ ਆਸਟ੍ਰੇਲੀਆ ਵਿਚ ਸ਼ੁਰੂ ਹੋਈ ਜਿੱਥੇ ਮੇਰਾ ਜਨਮ ਹੋਇਆ ਸੀ। ਉੱਥੇ ਮੈਂ ਯਹੋਵਾਹ ਦੀ ਇੱਛਾ ਪੂਰੀ ਕਰਨੀ ਸਿੱਖੀ। 1938 ਵਿਚ ਮੇਰੇ ਡੈਡੀ ਜੀ ਨੇ ਯਹੋਵਾਹ ਦੇ ਗਵਾਹਾਂ ਤੋਂ ਵੈਰੀ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਲਈ। ਮੇਰੇ ਮਾਪੇ ਪਹਿਲਾਂ ਤੋਂ ਹੀ ਪਾਦਰੀ ਦੀਆਂ ਸਿੱਖਿਆਵਾਂ ਤੋਂ ਖ਼ੁਸ਼ ਨਹੀਂ ਸਨ ਕਿਉਂਕਿ ਉਹ ਬਾਈਬਲ ਨੂੰ ਮਨ-ਘੜਤ ਕਹਾਣੀਆਂ ਹੀ ਸਮਝਦਾ ਸੀ। ਤਕਰੀਬਨ ਇਕ ਸਾਲ ਬਾਅਦ ਮੰਮੀ-ਡੈਡੀ ਦੋਹਾਂ ਨੇ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈ ਲਿਆ। ਉਸ ਸਮੇਂ ਤੋਂ ਲੈ ਕੇ ਸਾਡੇ ਪਰਿਵਾਰ ਲਈ ਯਹੋਵਾਹ ਦੀ ਇੱਛਾ ਪੂਰੀ ਕਰਨੀ ਸਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਗੱਲ ਬਣ ਗਈ। ਮੇਰੀ ਭੈਣ ਲੈਸਲੀ ਮੈਥੋਂ ਪੰਜ ਸਾਲ ਵੱਡੀ ਸੀ ਤੇ ਉਸ ਨੇ ਵੀ ਬਪਤਿਸਮਾ ਲੈ ਲਿਆ। ਫਿਰ 1940 ਵਿਚ ਜਦ ਮੈਂ ਨੌਂ ਸਾਲਾਂ ਦਾ ਸੀ, ਮੈਂ ਵੀ ਬਪਤਿਸਮਾ ਲੈ ਲਿਆ।

ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਆਸਟ੍ਰੇਲੀਆ ਵਿਚ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ਨੂੰ ਛਾਪਣ ਅਤੇ ਵੰਡਣ ’ਤੇ ਪਾਬੰਦੀ ਲਾ ਦਿੱਤੀ। ਸੋ ਛੋਟੀ ਉਮਰ ਵਿਚ ਹੀ ਮੈਂ ਸਿਰਫ਼ ਬਾਈਬਲ ਵਰਤਦੇ ਹੋਏ ਆਪਣੇ ਵਿਸ਼ਵਾਸਾਂ ਨੂੰ ਸਮਝਾਉਣਾ ਸਿੱਖਿਆ। ਮੈਂ ਰੋਜ਼ ਸਕੂਲੇ ਬਾਈਬਲ ਲੈ ਕੇ ਜਾਂਦਾ ਸੀ ਤਾਂਕਿ ਮੈਂ ਉਸ ਵਿੱਚੋਂ ਦਿਖਾ ਸਕਾਂ ਕਿ ਮੈਂ ਝੰਡੇ ਨੂੰ ਸਲਾਮੀ ਕਿਉਂ ਨਹੀਂ ਦਿੰਦਾ ਸੀ ਜਾਂ ਯੁੱਧ ਦਾ ਸਮਰਥਨ ਕਿਉਂ ਨਹੀਂ ਕਰਦਾ ਸੀ।—ਕੂਚ 20:4, 5; ਮੱਤੀ 4:10; ਯੂਹੰ. 17:16; 1 ਯੂਹੰ. 5:21.

ਸਕੂਲ ਵਿਚ ਕਈ ਬੱਚੇ ਮੇਰੇ ਨਾਲ ਦੋਸਤੀ ਨਹੀਂ ਕਰਦੇ ਸਨ ਕਿਉਂਕਿ ਉਹ ਮੈਨੂੰ ਜਰਮਨੀ ਦਾ ਜਾਸੂਸ ਸਮਝਦੇ ਸਨ। ਉਸ ਸਮੇਂ ਸਕੂਲ ਵਿਚ ਸਾਨੂੰ ਫ਼ਿਲਮਾਂ ਦਿਖਾਉਂਦੇ ਸਨ। ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਸਾਰਿਆਂ ਨੂੰ ਖੜ੍ਹੇ ਹੋ ਕੇ ਰਾਸ਼ਟਰੀ ਗੀਤ ਗਾਉਣਾ ਪੈਂਦਾ ਸੀ। ਜਦ ਮੈਂ ਬੈਠਾ ਰਹਿੰਦਾ ਸੀ, ਤਾਂ ਦੋ-ਤਿੰਨ ਮੁੰਡੇ ਮੇਰੇ ਵਾਲ਼ ਖਿੱਚ ਕੇ ਮੈਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਸਨ। ਅਖ਼ੀਰ ਵਿਚ ਮੈਨੂੰ ਸਕੂਲੋਂ ਕੱਢ ਦਿੱਤਾ ਗਿਆ ਕਿਉਂਕਿ ਮੈਂ ਬਾਈਬਲ ਦੇ ਅਸੂਲਾਂ ਉੱਤੇ ਚੱਲਦਾ ਸੀ। ਪਰ ਮੈਂ ਘਰ ਵਿਚ ਹੀ ਪੜ੍ਹਾਈ ਪੂਰੀ ਕਰ ਸਕਿਆ।

ਮੇਰਾ ਸੁਪਨਾ ਸਾਕਾਰ ਹੋਇਆ

ਮੈਂ ਟੀਚਾ ਰੱਖਿਆ ਸੀ ਕਿ ਜਦ ਮੈਂ 14 ਸਾਲਾਂ ਦਾ ਹੋਵਾਂਗਾ, ਤਾਂ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕਰਾਂਗਾ। ਸੋ ਮੈਂ ਬਹੁਤ ਨਿਰਾਸ਼ ਹੋਇਆ ਜਦ ਮੇਰੇ ਮਾਪਿਆਂ ਨੇ ਕਿਹਾ ਕਿ ਪਹਿਲਾਂ ਮੈਨੂੰ ਕੋਈ ਨੌਕਰੀ ਕਰਨੀ ਪਵੇਗੀ। ਉਨ੍ਹਾਂ ਨੇ ਜ਼ੋਰ ਪਾਇਆ ਕਿ ਮੈਂ ਘਰ ਵਿਚ ਰਹਿਣ ਤੇ ਖਾਣ-ਪੀਣ ਦਾ ਖ਼ਰਚਾ ਦੇਵਾਂ। ਪਰ ਉਨ੍ਹਾਂ ਨੇ ਵਾਅਦਾ ਕੀਤਾ ਕਿ ਜਦ ਮੈਂ 18 ਸਾਲਾਂ ਦਾ ਹੋਵਾਂਗਾ, ਤਾਂ ਮੈਂ ਉਦੋਂ ਪਾਇਨੀਅਰਿੰਗ ਸ਼ੁਰੂ ਕਰ ਸਕਦਾ ਹਾਂ। ਘਰ ਵਿਚ ਮੇਰੀ ਕਮਾਈ ਬਾਰੇ ਗੱਲਬਾਤ ਹੁੰਦੀ ਰਹਿੰਦੀ ਸੀ। ਮੈਂ ਬਹਿਸ ਕਰਦਾ ਹੁੰਦਾ ਸੀ ਕਿ ਮੈਂ ਆਪਣੇ ਪੈਸੇ ਪਾਇਨੀਅਰਿੰਗ ਕਰਨ ਲਈ ਬਚਾ ਕੇ ਰੱਖਣਾ ਚਾਹੁੰਦਾ, ਪਰ ਉਹ ਮੈਥੋਂ ਸਾਰੇ ਪੈਸੇ ਲੈ ਲੈਂਦੇ ਸਨ!

ਜਦ ਪਾਇਨੀਅਰਿੰਗ ਸ਼ੁਰੂ ਕਰਨ ਦਾ ਸਮਾਂ ਆਇਆ, ਤਾਂ ਮੰਮੀ-ਡੈਡੀ ਨੇ ਮੈਨੂੰ ਬਿਠਾ ਕੇ ਸਮਝਾਇਆ ਕਿ ਉਨ੍ਹਾਂ ਨੇ ਮੇਰੇ ਸਾਰੇ ਪੈਸੇ ਬੈਂਕ ਵਿਚ ਜਮ੍ਹਾ ਕੀਤੇ ਸਨ। ਉਨ੍ਹਾਂ ਨੇ ਮੈਨੂੰ ਸਾਰੇ ਪੈਸੇ ਵਾਪਸ ਦੇ ਦਿੱਤੇ ਤਾਂਕਿ ਮੈਂ ਪਾਇਨੀਅਰਿੰਗ ਕਰਨ ਵਾਸਤੇ ਆਪਣੇ ਲਈ ਕੱਪੜੇ ਤੇ ਹੋਰ ਜ਼ਰੂਰੀ ਚੀਜ਼ਾਂ ਖ਼ਰੀਦ ਸਕਾਂ। ਦਰਅਸਲ ਉਹ ਮੈਨੂੰ ਆਪਣੀ ਦੇਖ-ਭਾਲ ਆਪ ਕਰਨੀ ਤੇ ਦੂਸਰਿਆਂ ਤੋਂ ਉਮੀਦ ਨਾ ਰੱਖਣੀ ਸਿਖਾ ਰਹੇ ਸਨ। ਹੁਣ ਮੈਂ ਸਮਝਦਾ ਹਾਂ ਕਿ ਇਹ ਸਿਖਲਾਈ ਮੇਰੇ ਕਿੰਨੀ ਕੰਮ ਆਈ।

ਜਦ ਮੈਂ ਤੇ ਲੈਸਲੀ ਛੋਟੇ ਹੁੰਦੇ ਸੀ, ਤਾਂ ਉਦੋਂ ਕਈ ਪਾਇਨੀਅਰ ਸਾਡੇ ਘਰ ਅਕਸਰ ਰਹਿੰਦੇ ਸਨ ਤੇ ਅਸੀਂ ਉਨ੍ਹਾਂ ਨਾਲ ਪ੍ਰਚਾਰ ਕਰਨ ਜਾਂਦੇ ਸੀ। ਸਾਨੂੰ ਇਸ ਤੋਂ ਬਹੁਤ ਖ਼ੁਸ਼ੀ ਹੁੰਦੀ ਸੀ। ਸ਼ਨੀਵਾਰ ਤੇ ਐਤਵਾਰ ਅਸੀਂ ਘਰ-ਘਰ ਪ੍ਰਚਾਰ ਕਰਨ ਤੋਂ ਇਲਾਵਾ, ਸੜਕ ’ਤੇ ਵੀ ਲੋਕਾਂ ਨਾਲ ਗੱਲਬਾਤ ਕਰਦੇ ਸੀ ਤੇ ਲੋਕਾਂ ਨੂੰ ਬਾਈਬਲ ਸਟੱਡੀ ਵੀ ਕਰਾਉਂਦੇ ਸੀ। ਉਨ੍ਹੀਂ ਦਿਨੀਂ ਮੰਡਲੀ ਦੇ ਸਾਰੇ ਪਬਲੀਸ਼ਰਾਂ ਲਈ ਹਰ ਮਹੀਨੇ 60 ਘੰਟੇ ਪ੍ਰਚਾਰ ਕਰਨ ਦਾ ਟੀਚਾ ਰੱਖਿਆ ਜਾਂਦਾ ਸੀ। ਮੰਮੀ ਜੀ ਤਕਰੀਬਨ ਹਰ ਮਹੀਨੇ ਇੰਨੇ ਘੰਟੇ ਕਰ ਪਾਉਂਦੇ ਸਨ ਤੇ ਇਸ ਤਰ੍ਹਾਂ ਉਨ੍ਹਾਂ ਨੇ ਮੇਰੇ ਤੇ ਲੈਸਲੀ ਲਈ ਚੰਗੀ ਮਿਸਾਲ ਰੱਖੀ।

ਤਸਮਾਨੀਆ ਵਿਚ ਪਾਇਨੀਅਰਿੰਗ

ਪਾਇਨੀਅਰ ਬਣਨ ਤੋਂ ਬਾਅਦ ਮੈਨੂੰ ਆਸਟ੍ਰੇਲੀਆ ਦੇ ਤਸਮਾਨੀਆ ਨਾਂ ਦੇ ਟਾਪੂ ’ਤੇ ਪ੍ਰਚਾਰ ਕਰਨ ਲਈ ਘੱਲਿਆ ਗਿਆ। ਉੱਥੇ ਮੇਰੀ ਭੈਣ ਤੇ ਜੀਜਾ ਜੀ ਪਹਿਲਾਂ ਹੀ ਸੇਵਾ ਕਰ ਰਹੇ ਸਨ। ਪਰ ਮੇਰੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਹ ਗਿਲਿਅਡ ਸਕੂਲ ਦੀ 15ਵੀਂ ਕਲਾਸ ਵਿਚ ਟ੍ਰੇਨਿੰਗ ਲੈਣ ਲਈ ਚਲੇ ਗਏ। ਮੈਂ ਬੜੇ ਸ਼ਰਮੀਲੇ ਸੁਭਾਅ ਦਾ ਸੀ ਤੇ ਪਹਿਲਾਂ ਕਦੇ ਘਰੋਂ ਬਾਹਰ ਨਹੀਂ ਰਿਹਾ ਸੀ। ਕਈ ਭੈਣਾਂ-ਭਰਾਵਾਂ ਨੇ ਸੋਚਿਆ ਕਿ ਮੇਰੇ ਕੋਲੋਂ ਉੱਥੇ ਤਿੰਨ ਮਹੀਨੇ ਵੀ ਨਹੀਂ ਕੱਟ ਹੋਣੇ। ਪਰ 1950 ਵਿਚ ਇਕ ਸਾਲ ਦੇ ਅੰਦਰ-ਅੰਦਰ ਮੈਨੂੰ ਕੰਪਨੀ ਸਰਵੈਂਟ ਬਣਾਇਆ ਗਿਆ। (ਹੁਣ ਕੰਪਨੀ ਸਰਵੈਂਟ ਨੂੰ ਬਜ਼ੁਰਗਾਂ ਦੇ ਸਮੂਹ ਦਾ ਸਹਾਇਕ ਕਿਹਾ ਜਾਂਦਾ ਹੈ।) ਬਾਅਦ ਵਿਚ ਮੈਨੂੰ ਸਪੈਸ਼ਲ ਪਾਇਨੀਅਰ ਬਣਾਇਆ ਗਿਆ ਤੇ ਇਕ ਹੋਰ ਨੌਜਵਾਨ ਭਰਾ ਮੇਰੇ ਨਾਲ ਪਾਇਨੀਅਰਿੰਗ ਕਰਨ ਆਇਆ।

ਸਾਨੂੰ ਦੋਹਾਂ ਨੂੰ ਅਜਿਹੇ ਸ਼ਹਿਰ ਘੱਲਿਆ ਗਿਆ ਜਿੱਥੇ ਕੋਈ ਗਵਾਹ ਨਹੀਂ ਸੀ। ਉੱਥੇ ਦੇ ਜ਼ਿਆਦਾਤਰ ਲੋਕ ਤਾਂਬੇ ਦੀ ਖਾਣ ਵਿਚ ਕੰਮ ਕਰਦੇ ਸਨ। ਅਸੀਂ ਉੱਥੇ ਦੁਪਹਿਰੋਂ ਬਾਅਦ ਬੱਸ ਵਿਚ ਪਹੁੰਚੇ। ਪਹਿਲੀ ਰਾਤ ਅਸੀਂ ਇਕ ਪੁਰਾਣੇ ਹੋਟਲ ਵਿਚ ਰਹੇ। ਅਗਲੇ ਦਿਨ ਘਰ-ਘਰ ਪ੍ਰਚਾਰ ਕਰਦੇ ਹੋਏ ਅਸੀਂ ਲੋਕਾਂ ਨੂੰ ਰਹਿਣ ਲਈ ਕਿਸੇ ਜਗ੍ਹਾ ਬਾਰੇ ਪੁੱਛਦੇ ਰਹੇ। ਸ਼ਾਮ ਨੂੰ ਕਿਸੇ ਆਦਮੀ ਨੇ ਸਾਨੂੰ ਦੱਸਿਆ ਕਿ ਚਰਚ ਨਾਲ ਲੱਗਦਾ ਪਾਦਰੀ ਦਾ ਘਰ ਖਾਲੀ ਪਿਆ ਹੋਇਆ ਸੀ। ਉਸ ਨੇ ਸਾਨੂੰ ਛੋਟੇ ਪਾਦਰੀ ਨਾਲ ਗੱਲ ਕਰਨ ਲਈ ਕਿਹਾ। ਛੋਟੇ ਪਾਦਰੀ ਨੇ ਸਾਡੇ ਨਾਲ ਖ਼ੁਸ਼ ਹੋ ਕੇ ਗੱਲ ਕੀਤੀ ਅਤੇ ਸਾਨੂੰ ਘਰ ਦੇ ਦਿੱਤਾ। ਸਾਨੂੰ ਅਜੀਬ ਲੱਗਦਾ ਸੀ ਜਦ ਅਸੀਂ ਰੋਜ਼ ਪਾਦਰੀ ਦੇ ਘਰੋਂ ਨਿਕਲ ਕੇ ਪ੍ਰਚਾਰ ਕਰਨ ਜਾਂਦੇ ਸੀ।

ਪ੍ਰਚਾਰ ਦਾ ਕੰਮ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ। ਲੋਕ ਸਾਡੀ ਗੱਲ ਸੁਣਨ ਲਈ ਤਿਆਰ ਸਨ ਤੇ ਅਸੀਂ ਕਈ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਜਦ ਤਸਮਾਨੀਆ ਦੀ ਰਾਜਧਾਨੀ ਵਿਚ ਚਰਚ ਦੇ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਾ ਅਤੇ ਉਨ੍ਹਾਂ ਨੇ ਸੁਣਿਆ ਕਿ ਯਹੋਵਾਹ ਦੇ ਗਵਾਹ ਪਾਦਰੀ ਦੇ ਘਰ ਵਿਚ ਰਹਿ ਰਹੇ ਸਨ, ਤਾਂ ਉਨ੍ਹਾਂ ਨੇ ਉਸੇ ਵੇਲੇ ਹੁਕਮ ਚਾੜ੍ਹ ਦਿੱਤਾ ਕਿ ਛੋਟਾ ਪਾਦਰੀ ਸਾਨੂੰ ਉਸੇ ਵੇਲੇ ਘਰੋਂ ਬਾਹਰ ਕੱਢ ਦੇਵੇ। ਇਕ ਵਾਰ ਫਿਰ ਅਸੀਂ ਬੇਘਰ ਹੋ ਗਏ।

ਅਗਲੇ ਦਿਨ ਅਸੀਂ ਦੁਪਹਿਰੋਂ ਬਾਅਦ ਤਕ ਪ੍ਰਚਾਰ ਕਰਦੇ ਰਹੇ ਤੇ ਫਿਰ ਰਾਤ ਕੱਟਣ ਲਈ ਜਗ੍ਹਾ ਲੱਭਣ ਚਲੇ ਗਏ। ਸਟੇਡੀਅਮ ਤੋਂ ਇਲਾਵਾ ਸਾਨੂੰ ਹੋਰ ਕੋਈ ਜਗ੍ਹਾ ਨਾ ਮਿਲੀ। ਅਸੀਂ ਉੱਥੇ ਆਪਣੇ ਸੂਟਕੇਸ ਲੁਕਾ ਦਿੱਤੇ ਅਤੇ ਦੁਬਾਰਾ ਪ੍ਰਚਾਰ ਕਰਨ ਲੱਗ ਪਏ। ਹਨੇਰਾ ਹੋ ਰਿਹਾ ਸੀ, ਪਰ ਅਸੀਂ ਗਲੀ ਵਿਚ ਬਾਕੀ ਰਹਿੰਦੇ ਘਰ ਕਰਨ ਦਾ ਫ਼ੈਸਲਾ ਕੀਤਾ। ਇਕ ਆਦਮੀ ਨੇ ਸਾਨੂੰ ਆਪਣੇ ਘਰ ਦੇ ਪਿੱਛੇ ਦੋ ਛੋਟੇ ਕਮਰੇ ਰਹਿਣ ਲਈ ਦੇ ਦਿੱਤੇ!

ਸਰਕਟ ਕੰਮ ਅਤੇ ਗਿਲਿਅਡ

ਇਸ ਇਲਾਕੇ ਵਿਚ ਅੱਠ ਮਹੀਨੇ ਪ੍ਰਚਾਰ ਕਰਨ ਤੋਂ ਬਾਅਦ ਮੈਨੂੰ ਆਸਟ੍ਰੇਲੀਆ ਦੇ ਬ੍ਰਾਂਚ ਆਫ਼ਿਸ ਤੋਂ ਸਰਕਟ ਓਵਰਸੀਅਰ ਬਣਨ ਦੀ ਚਿੱਠੀ ਮਿਲੀ। ਮੈਂ ਚਿੱਠੀ ਪੜ੍ਹ ਕੇ ਹੱਕਾ-ਬੱਕਾ ਰਹਿ ਗਿਆ ਕਿਉਂਕਿ ਮੈਂ ਸਿਰਫ਼ 20 ਸਾਲਾਂ ਦਾ ਸੀ। ਦੋ ਹਫ਼ਤਿਆਂ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਮੈਂ ਮੰਡਲੀਆਂ ਦਾ ਦੌਰਾ ਕਰਨ ਲੱਗ ਪਿਆ। ਮੰਡਲੀ ਦੇ ਤਕਰੀਬਨ ਸਾਰੇ ਭੈਣ-ਭਰਾ ਉਮਰ ਵਿਚ ਮੈਥੋਂ ਵੱਡੇ ਸਨ, ਫਿਰ ਵੀ ਉਨ੍ਹਾਂ ਨੇ ਮੇਰੀ ਛੋਟੀ ਉਮਰ ਦੇ ਬਾਵਜੂਦ ਮੇਰਾ ਆਦਰ ਕੀਤਾ ਤੇ ਮੈਨੂੰ ਸਹਿਯੋਗ ਦਿੱਤਾ।

ਮੰਡਲੀਆਂ ਨੂੰ ਜਾਣ ਲਈ ਕਦੇ ਬੱਸ ਵਿਚ, ਕਦੇ ਟ੍ਰਾਮ ਵਿਚ, ਕਦੇ ਕਾਰ ਵਿਚ ਤੇ ਹੱਥ ਵਿਚ ਸੂਟਕੇਸ ਤੇ ਪ੍ਰੀਚਿੰਗ ਬੈਗ ਫੜ੍ਹੀ ਕਦੇ ਮੋਟਰ-ਸਾਈਕਲ ਪਿੱਛੇ ਬੈਠ ਕੇ ਸਫ਼ਰ ਕਰਨਾ ਪੈਂਦਾ ਸੀ। ਭੈਣਾਂ-ਭਰਾਵਾਂ ਦੇ ਘਰੀਂ ਰਹਿ ਕੇ ਬਹੁਤ ਮਜ਼ਾ ਆਉਂਦਾ ਸੀ। ਇਕ ਬਜ਼ੁਰਗ ਨੇ ਜ਼ੋਰ ਲਾਇਆ ਕਿ ਮੈਂ ਉਸ ਦੇ ਘਰ ਰਹਾਂ, ਭਾਵੇਂ ਅਜੇ ਉਸ ਦਾ ਘਰ ਪੂਰਾ ਬਣਿਆ ਨਹੀਂ ਸੀ। ਉਸ ਹਫ਼ਤੇ ਮੇਰਾ ਬਿਸਤਰਾ ਬਾਥ-ਟੱਬ ਵਿਚ ਲਾਇਆ ਗਿਆ! ਪਰ ਉਸ ਭਰਾ ਨਾਲ ਰਹਿ ਕੇ ਬੜਾ ਚੰਗਾ ਲੱਗਾ ਤੇ ਉਸ ਹਫ਼ਤੇ ਸਾਨੂੰ ਦੋਵਾਂ ਨੂੰ ਯਹੋਵਾਹ ਦੀ ਸੇਵਾ ਵਿਚ ਬਹੁਤ ਮਜ਼ਾ ਆਇਆ।

ਸੰਨ 1953 ਵਿਚ ਮੈਨੂੰ ਉਦੋਂ ਹੈਰਾਨੀ ਹੋਈ ਜਦ ਮੈਨੂੰ ਗਿਲਿਅਡ ਸਕੂਲ ਦੀ 22ਵੀਂ ਕਲਾਸ ਵਿਚ ਜਾਣ ਦਾ ਫ਼ਾਰਮ ਮਿਲਿਆ। ਪਰ ਖ਼ੁਸ਼ ਹੋਣ ਦੇ ਨਾਲ-ਨਾਲ ਮੈਂ ਕੁਝ ਪਰੇਸ਼ਾਨ ਵੀ ਸੀ। ਗੱਲ ਇਹ ਸੀ, 30 ਜੁਲਾਈ 1950 ਵਿਚ ਗਿਲਿਅਡ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਮੇਰੀ ਭੈਣ ਤੇ ਉਸ ਦੇ ਪਤੀ ਨੂੰ ਪਾਕਿਸਤਾਨ ਘੱਲਿਆ ਗਿਆ। ਪਰ ਸਾਲ ਦੇ ਅੰਦਰ-ਅੰਦਰ ਹੀ ਲੈਸਲੀ ਉੱਥੇ ਬੀਮਾਰ ਹੋ ਗਈ ਤੇ ਉਸ ਦੀ ਮੌਤ ਹੋ ਗਈ। ਸੋ ਮੈਨੂੰ ਡਰ ਸੀ ਕਿ ਮੇਰੇ ਮਾਪੇ ਕੀ ਸੋਚਣਗੇ ਜੇ ਮੈਂ ਕਿਸੇ ਹੋਰ ਦੇਸ਼ ਚਲੇ ਜਾਵਾਂ। ਪਰ ਉਨ੍ਹਾਂ ਨੇ ਕਿਹਾ: “ਜਿੱਥੇ ਵੀ ਯਹੋਵਾਹ ਤੈਨੂੰ ਭੇਜਦਾ ਹੈ, ਉੱਥੇ ਜਾ ਕੇ ਉਸ ਦੀ ਸੇਵਾ ਕਰ।” ਮੈਂ ਆਪਣੇ ਡੈਡੀ ਜੀ ਨੂੰ ਫਿਰ ਕਦੇ ਨਹੀਂ ਦੇਖਿਆ ਕਿਉਂਕਿ 1957 ਵਿਚ ਉਨ੍ਹਾਂ ਦੀ ਮੌਤ ਹੋ ਗਈ।

ਸੰਨ 1953 ਵਿਚ ਮੈਂ ਹੋਰ ਪੰਜ ਆਸਟ੍ਰੇਲੀਅਨ ਭੈਣਾਂ-ਭਰਾਵਾਂ ਨਾਲ ਸਮੁੰਦਰੀ ਜਹਾਜ਼ ’ਤੇ ਚੜ੍ਹ ਕੇ ਨਿਊਯਾਰਕ ਸਿਟੀ ਲਈ ਰਵਾਨਾ ਹੋਇਆ। ਛੇ ਹਫ਼ਤਿਆਂ ਦੇ ਸਫ਼ਰ ਦੌਰਾਨ ਅਸੀਂ ਬਾਈਬਲ ਪੜ੍ਹੀ, ਸਟੱਡੀ ਕੀਤੀ ਤੇ ਹੋਰਨਾਂ ਮੁਸਾਫ਼ਰਾਂ ਨੂੰ ਪ੍ਰਚਾਰ ਕੀਤਾ। ਸਾਊਥ ਲੈਂਸਿੰਗ, ਨਿਊਯਾਰਕ ਵਿਚ ਗਿਲਿਅਡ ਸਕੂਲ ਵਿਚ ਜਾਣ ਤੋਂ ਪਹਿਲਾਂ ਅਸੀਂ ਜੁਲਾਈ 1953 ਵਿਚ ਨਿਊਯਾਰਕ ਦੇ ਯੈਂਕੀ ਸਟੇਡੀਅਮ ਵਿਚ ਅੰਤਰਰਾਸ਼ਟਰੀ ਸੰਮੇਲਨ ਵਿਚ ਹਾਜ਼ਰ ਹੋਏ। ਸੰਮੇਲਨ ਵਿਚ 1,65,829 ਲੋਕ ਆਏ ਹੋਏ ਸਨ!

ਸਾਡੀ ਗਿਲਿਅਡ ਕਲਾਸ ਦੇ 120 ਵਿਦਿਆਰਥੀ ਧਰਤੀ ਦੇ ਹਰ ਕੋਨੇ ਤੋਂ ਆਏ ਹੋਏ ਸਨ। ਸਾਨੂੰ ਗ੍ਰੈਜੂਏਸ਼ਨ ਦੇ ਦਿਨ ਹੀ ਪਤਾ ਲੱਗਾ ਕਿ ਸਾਨੂੰ ਕਿਸ ਦੇਸ਼ ਵਿਚ ਘੱਲਿਆ ਜਾ ਰਿਹਾ ਸੀ। ਜਿੱਦਾਂ ਹੀ ਸਾਨੂੰ ਪਤਾ ਲੱਗਾ ਅਸੀਂ ਗਿਲਿਅਡ ਦੀ ਲਾਇਬ੍ਰੇਰੀ ਨੂੰ ਦੌੜੇ ਗਏ ਤਾਂਕਿ ਅਸੀਂ ਉਨ੍ਹਾਂ ਦੇਸ਼ਾਂ ਬਾਰੇ ਜਾਣਕਾਰੀ ਲੈ ਸਕੀਏ ਜਿੱਥੇ ਸਾਨੂੰ ਘੱਲਿਆ ਜਾ ਰਿਹਾ ਸੀ। ਮੈਨੂੰ ਪਤਾ ਲੱਗਾ ਕਿ ਮੈਂ ਪੈਰਾਗੂਵਾਏ ਜਾ ਰਿਹਾ ਸੀ ਜਿੱਥੇ ਲੰਬੇ ਸਮੇਂ ਤੋਂ ਰਾਜਨੀਤਿਕ ਉਥਲ-ਪੁਥਲ ਸੀ। ਮੈਨੂੰ ਅਜੇ ਪੈਰਾਗੂਵਾਏ ਪਹੁੰਚੇ ਨੂੰ ਬਹੁਤਾ ਸਮਾਂ ਨਹੀਂ ਹੋਇਆ ਸੀ ਜਦ ਇਕ ਦਿਨ ਮੈਂ ਦੂਜੇ ਮਿਸ਼ਨਰੀਆਂ ਤੋਂ ਪੁੱਛਿਆ ਕਿ ਰਾਤ ਵੇਲੇ ਇੰਨਾ ਰੌਲ਼ਾ-ਰੱਪਾ ਕਿਉਂ ਪੈ ਰਿਹਾ ਸੀ। ਉਨ੍ਹਾਂ ਨੇ ਕਿਹਾ: “ਇਹ ਸਾਰਾ ਰੌਲ਼ਾ-ਰੱਪਾ ਕ੍ਰਾਂਤੀਕਾਰੀਆਂ ਦਾ ਸੀ। ਜ਼ਰਾ ਬਾਹਰ ਦੇਖ।” ਜਦ ਮੈਂ ਦੇਖਿਆ, ਤਾਂ ਹਰ ਪਾਸੇ ਫ਼ੌਜੀ ਹੀ ਫ਼ੌਜੀ ਸਨ!

ਇਕ ਯਾਦਗਾਰੀ ਤਜਰਬਾ

ਇਕ ਵਾਰ ਮੈਂ ਸਰਕਟ ਓਵਰਸੀਅਰ ਦੇ ਨਾਲ ਇਕ ਦੂਰ-ਦੁਰਾਡੇ ਇਲਾਕੇ ਵਿਚ ਇਕ ਮੰਡਲੀ ਨੂੰ ਗਿਆ। ਅਸੀਂ ਉਨ੍ਹਾਂ ਨੂੰ ਦ ਨਿਊ ਵਰਲਡ ਸੋਸਾਇਟੀ ਇਨ ਐਕਸ਼ਨ ਨਾਂ ਦੀ ਫ਼ਿਲਮ ਦਿਖਾਉਣੀ ਸੀ। ਉੱਥੇ ਪਹੁੰਚਣ ਲਈ ਸਾਨੂੰ ਅੱਠ-ਨੌਂ ਘੰਟੇ ਲੱਗ ਗਏ। ਪਹਿਲਾਂ ਅਸੀਂ ਟ੍ਰੇਨ ਫੜੀ, ਫਿਰ ਟਾਂਗਾ ਲਿਆ ਤੇ ਅਖ਼ੀਰ ਵਿਚ ਗੱਡੇ ’ਤੇ ਗਏ। ਸਾਡੇ ਕੋਲ ਜੈਨਰੇਟਰ ਤੇ ਫ਼ਿਲਮ ਦਿਖਾਉਣ ਲਈ ਪ੍ਰੋਜੈਕਟਰ ਸੀ। ਅਸੀਂ ਸ਼ਾਮ ਨੂੰ ਉੱਥੇ ਪਹੁੰਚੇ ਤੇ ਦੂਜੇ ਦਿਨ ਅਸੀਂ ਖੇਤਾਂ ਵਿਚ ਕੰਮ ਕਰਨ ਵਾਲਿਆਂ ਨੂੰ ਮਿਲੇ ਤੇ ਉਨ੍ਹਾਂ ਨੂੰ ਉਸ ਸ਼ਾਮ ਫ਼ਿਲਮ ਦੇਖਣ ਲਈ ਬੁਲਾਇਆ। ਲਗਭਗ 15 ਜਣੇ ਆਏ।

ਫ਼ਿਲਮ ਚੱਲਦੀ ਨੂੰ ਅਜੇ 20 ਮਿੰਟ ਹੀ ਹੋਏ ਸਨ ਜਦ ਲੋਕਾਂ ਨੇ ਸਾਨੂੰ ਜਲਦੀ-ਜਲਦੀ ਘਰ ਦੇ ਅੰਦਰ ਜਾਣ ਲਈ ਕਿਹਾ। ਅਸੀਂ ਪ੍ਰੋਜੈਕਟਰ ਲੈ ਕੇ ਅੰਦਰ ਭੱਜ ਗਏ। ਫਿਰ ਕੁਝ ਆਦਮੀ ਉੱਚੀ-ਉੱਚੀ ਰੌਲ਼ਾ ਪਾਉਂਦੇ ਹੋਏ ਤੇ ਗੋਲੀਆਂ ਚਲਾਉਂਦੇ ਹੋਏ ਕਹਿਣ ਲੱਗੇ: “ਸਾਡਾ ਦੇਵਤਾ ਖ਼ੂਨ ਦਾ ਪਿਆਸਾ ਹੈ ਤੇ ਉਹ ਇਨ੍ਹਾਂ ਗੋਰਿਆਂ ਦਾ ਖ਼ੂਨ ਚਾਹੁੰਦਾ ਹੈ।” ਉੱਥੇ ਸਿਰਫ਼ ਦੋ ਹੀ ਗੋਰੇ ਸਨ ਜਿਨ੍ਹਾਂ ਵਿੱਚੋਂ ਇਕ ਮੈਂ ਸੀ! ਫ਼ਿਲਮ ਦੇਖਣ ਆਏ ਲੋਕਾਂ ਨੇ ਭੀੜ ਨੂੰ ਘਰ ਵਿਚ ਵੜਨ ਨਹੀਂ ਦਿੱਤਾ। ਪਰ ਇਹ ਆਦਮੀ ਸਵੇਰ ਦੇ ਤਿੰਨ ਵਜੇ ਗੋਲੀਆਂ ਚਲਾਉਂਦੇ ਹੋਏ ਵਾਪਸ ਆਏ ਤੇ ਉਨ੍ਹਾਂ ਨੇ ਧਮਕੀ ਦਿੱਤੀ ਕਿ ਉਹ ਸਾਨੂੰ ਸ਼ਹਿਰ ਨੂੰ ਜਾਂਦੇ ਹੋਏ ਰਾਹ ਵਿਚ ਘੇਰਨਗੇ।

ਭਰਾਵਾਂ ਨੇ ਪੁਲਸ ਅਫ਼ਸਰ ਨਾਲ ਗੱਲ ਕੀਤੀ ਤੇ ਉਹ ਸਾਨੂੰ ਦੁਪਹਿਰ ਨੂੰ ਸ਼ਹਿਰ ਲਿਜਾਣ ਲਈ ਦੋ ਘੋੜੇ ਲੈ ਕੇ ਆਇਆ। ਰਾਹ ਵਿਚ ਜਦ ਵੀ ਝਾੜੀਆਂ ਜਾਂ ਦਰਖ਼ਤ ਹੁੰਦੇ ਸਨ, ਤਾਂ ਉਹ ਆਪਣੀ ਬੰਦੂਕ ਕੱਢ ਕੇ ਦੇਖਣ ਲਈ ਸਾਡੇ ਮੋਹਰੇ-ਮੋਹਰੇ ਜਾਂਦਾ ਸੀ ਕਿ ਕੋਈ ਲੁਕਿਆ ਨਾ ਹੋਵੇ। ਮੈਂ ਦੇਖਿਆ ਕਿ ਆਉਣ-ਜਾਣ ਲਈ ਘੋੜਾ ਕਿੰਨਾ ਜ਼ਰੂਰੀ ਹੈ, ਇਸ ਲਈ ਮੈਂ ਵੀ ਘੋੜਾ ਲੈ ਲਿਆ।

ਹੋਰ ਮਿਸ਼ਨਰੀ ਪਹੁੰਚੇ

ਪਾਦਰੀਆਂ ਦੀ ਲਗਾਤਾਰ ਵਿਰੋਧਤਾ ਦੇ ਬਾਵਜੂਦ ਪ੍ਰਚਾਰ ਦਾ ਕੰਮ ਵਧਦਾ ਗਿਆ। 1955 ਵਿਚ ਪੰਜ ਹੋਰ ਮਿਸ਼ਨਰੀ ਆਏ ਤੇ ਉਨ੍ਹਾਂ ਵਿਚ ਇਕ ਭੈਣ ਐਲਸੀ ਸਵੰਨਸਨ ਕੈਨੇਡਾ ਤੋਂ ਸੀ। ਉਹ ਗਿਲਿਅਡ ਦੀ 25ਵੀਂ ਕਲਾਸ ਵਿਚ ਗ੍ਰੈਜੂਏਟ ਹੋਈ ਸੀ। ਅਸੀਂ ਬ੍ਰਾਂਚ ਆਫ਼ਿਸ ਵਿਚ ਥੋੜ੍ਹੇ ਸਮੇਂ ਲਈ ਇਕੱਠੇ ਸੀ ਤੇ ਫਿਰ ਉਸ ਨੂੰ ਕਿਸੇ ਹੋਰ ਸ਼ਹਿਰ ਘੱਲਿਆ ਗਿਆ। ਭਾਵੇਂ ਉਸ ਦੇ ਮਾਪੇ ਸੱਚਾਈ ਵਿਚ ਨਹੀਂ ਸਨ, ਪਰ ਉਸ ਨੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। 31 ਦਸੰਬਰ 1957 ਵਿਚ ਮੇਰਾ ਤੇ ਐਲਸੀ ਦਾ ਵਿਆਹ ਹੋ ਗਿਆ ਤੇ ਅਸੀਂ ਪੈਰਾਗੂਵਾਏ ਦੇ ਦੱਖਣ ਵਿਚ ਇਕ ਮਿਸ਼ਨਰੀ ਘਰ ਵਿਚ ਰਹਿਣ ਲੱਗ ਪਏ।

ਸਾਡੇ ਘਰ ਟੂਟੀਆਂ ਨਹੀਂ ਲੱਗੀਆਂ ਹੋਈਆਂ ਸਨ, ਸਗੋਂ ਵਿਹੜੇ ਵਿਚ ਖੂਹ ਸੀ। ਨਾਲੇ ਘਰ ਦੇ ਅੰਦਰ ਗੁਸਲਖ਼ਾਨਾ ਤੇ ਟਾਇਲਟ ਨਹੀਂ ਸੀ ਤੇ ਨਾ ਹੀ ਸਾਡੇ ਕੋਲ ਕੱਪੜੇ ਧੋਣ ਵਾਲੀ ਮਸ਼ੀਨ ਤੇ ਫਰਿੱਜ ਸੀ। ਅਸੀਂ ਰੋਜ਼ ਤਾਜ਼ੀਆਂ ਸਬਜ਼ੀਆਂ ਵਗੈਰਾ ਖ਼ਰੀਦਦੇ ਸੀ। ਪਰ ਉਸ ਵੇਲੇ ਜ਼ਿੰਦਗੀ ਬਹੁਤ ਸਾਦੀ ਸੀ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਸਾਡਾ ਬੜਾ ਪਿਆਰ ਸੀ, ਇਸ ਕਰਕੇ ਉਹ ਸਮਾਂ ਸਾਡੀ ਵਿਆਹੁਤਾ ਜ਼ਿੰਦਗੀ ਦਾ ਸਭ ਤੋਂ ਖ਼ੁਸ਼ੀਆਂ-ਭਰਿਆ ਸਮਾਂ ਸੀ।

1963 ਵਿਚ ਅਸੀਂ ਮੰਮੀ ਜੀ ਨੂੰ ਮਿਲਣ ਆਸਟ੍ਰੇਲੀਆ ਗਏ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਸ਼ਾਇਦ ਆਪਣੇ ਪੁੱਤ ਨੂੰ ਦਸਾਂ ਸਾਲਾਂ ਬਾਅਦ ਦੇਖਣ ਦੀ ਖ਼ੁਸ਼ੀ ਨਾਲ ਇਹ ਦੌਰਾ ਪਿਆ। ਸਾਡਾ ਪੈਰਾਗੂਵਾਏ ਵਾਪਸ ਜਾਣ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਸੀ ਅਤੇ ਅਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਫ਼ੈਸਲਾ ਕਰਨਾ ਸੀ। ਕੀ ਅਸੀਂ ਆਪਣੇ ਮੰਮੀ ਜੀ ਨੂੰ ਇਸ ਆਸ ਨਾਲ ਹਸਪਤਾਲ ਵਿਚ ਹੀ ਛੱਡ ਜਾਈਏ ਕਿ ਕੋਈ ਹੋਰ ਉਨ੍ਹਾਂ ਦੀ ਦੇਖ-ਭਾਲ ਕਰ ਲਵੇਗਾ ਅਤੇ ਅਸੀਂ ਵਾਪਸ ਪੈਰਾਗੂਵਾਏ ਜਾ ਕੇ ਆਪਣੀ ਖ਼ੁਸ਼ੀਆਂ-ਭਰੀ ਮਿਸ਼ਨਰੀ ਸੇਵਾ ਜਾਰੀ ਰੱਖੀਏ? ਅਸੀਂ ਯਹੋਵਾਹ ਨੂੰ ਇਸ ਬਾਰੇ ਕਈ ਵਾਰ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀ ਅਤੇ ਮੈਂ ਤੇ ਐਲਸੀ ਨੇ ਆਸਟ੍ਰੇਲੀਆ ਰਹਿ ਕੇ ਮੰਮੀ ਜੀ ਦੀ ਦੇਖ-ਭਾਲ ਕਰਨ ਦਾ ਫ਼ੈਸਲਾ ਕੀਤਾ। ਅਸੀਂ 1966 ਵਿਚ ਮੰਮੀ ਜੀ ਦੇ ਮਰਨ ਤਕ ਉਨ੍ਹਾਂ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਪਾਇਨੀਅਰਿੰਗ ਵੀ ਕਰਦੇ ਰਹੇ।

ਮੈਨੂੰ ਆਸਟ੍ਰੇਲੀਆ ਵਿਚ ਕਈ ਸਾਲ ਸਰਕਟ ਤੇ ਡਿਸਟ੍ਰਿਕਟ ਓਵਰਸੀਅਰ ਵਜੋਂ ਸੇਵਾ ਕਰਨ ਅਤੇ ਬਜ਼ੁਰਗਾਂ ਲਈ ਕਿੰਗਡਮ ਮਿਨਿਸਟ੍ਰੀ ਸਕੂਲ ਵਿਚ ਸਿਖਾਉਣ ਦਾ ਸਨਮਾਨ ਮਿਲਿਆ। ਫਿਰ ਸਾਡੀ ਜ਼ਿੰਦਗੀ ਵਿਚ ਇਕ ਹੋਰ ਤਬਦੀਲੀ ਆਈ। ਮੈਨੂੰ ਆਸਟ੍ਰੇਲੀਆ ਦੀ ਪਹਿਲੀ ਬ੍ਰਾਂਚ ਕਮੇਟੀ ਦਾ ਇਕ ਮੈਂਬਰ ਬਣਾਇਆ ਗਿਆ। ਫਿਰ ਜਦੋਂ ਨਵੇਂ ਬ੍ਰਾਂਚ ਆਫ਼ਿਸ ਦੀ ਉਸਾਰੀ ਹੋਣੀ ਸੀ, ਤਾਂ ਮੈਨੂੰ ਉਸਾਰੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਬਹੁਤ ਸਾਰੇ ਤਜਰਬੇਕਾਰ ਤੇ ਸਹਿਯੋਗੀ ਭੈਣਾਂ-ਭਰਾਵਾਂ ਦੀ ਮਦਦ ਨਾਲ ਸੋਹਣੀ ਬ੍ਰਾਂਚ ਬਣਾਈ ਗਈ।

ਫਿਰ ਮੈਨੂੰ ਸੇਵਾ ਵਿਭਾਗ ਵਿਚ ਕੰਮ ਦਿੱਤਾ ਗਿਆ। ਇਹ ਵਿਭਾਗ ਪੂਰੇ ਦੇਸ਼ ਵਿਚ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਦਾ ਹੈ। ਮੈਨੂੰ ਜ਼ੋਨ ਓਵਰਸੀਅਰ ਵਜੋਂ ਹੋਰ ਬ੍ਰਾਂਚਾਂ ਵਿਚ ਜਾ ਕੇ ਉੱਥੇ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਅਤੇ ਹੌਸਲਾ ਦੇਣ ਦਾ ਸਨਮਾਨ ਵੀ ਮਿਲਿਆ। ਕੁਝ ਦੇਸ਼ਾਂ ਵਿਚ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਮਿਲੇ ਜਿਨ੍ਹਾਂ ਨੇ ਯਹੋਵਾਹ ਪ੍ਰਤੀ ਆਗਿਆਕਾਰ ਰਹਿਣ ਕਰਕੇ ਕਈ-ਕਈ ਸਾਲ ਜਾਂ ਦਹਾਕੇ ਜੇਲ੍ਹਾਂ ਜਾਂ ਤਸੀਹੇ ਕੈਂਪਾਂ ਵਿਚ ਕੱਟੇ ਸਨ। ਉਨ੍ਹਾਂ ਨੂੰ ਮਿਲ ਕੇ ਮੇਰੀ ਨਿਹਚਾ ਵੀ ਮਜ਼ਬੂਤ ਹੋਈ।

ਹੁਣ ਸਾਡਾ ਕੰਮ

2001 ਵਿਚ ਜਦੋਂ ਜ਼ੋਨ ਓਵਰਸੀਅਰ ਵਜੋਂ ਦੌਰਾ ਕਰਨ ਤੋਂ ਬਾਅਦ ਅਸੀਂ ਘਰ ਵਾਪਸ ਆਏ, ਤਾਂ ਇਕ ਚਿੱਠੀ ਸਾਡੀ ਉਡੀਕ ਕਰ ਰਹੀ ਸੀ। ਮੈਨੂੰ ਬਰੁਕਲਿਨ, ਨਿਊਯਾਰਕ ਵਿਚ ਅਮਰੀਕਾ ਬੈਥਲ ਦੀ ਨਵੀਂ ਬ੍ਰਾਂਚ ਕਮੇਟੀ ਦਾ ਮੈਂਬਰ ਬਣਨ ਦਾ ਸੱਦਾ ਦਿੱਤਾ ਗਿਆ ਸੀ। ਮੈਂ ਤੇ ਐਲਸੀ ਨੇ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਅਸੀਂ ਖ਼ੁਸ਼ੀ-ਖ਼ੁਸ਼ੀ ਇਸ ਸੱਦੇ ਨੂੰ ਸਵੀਕਾਰ ਕਰ ਲਿਆ। ਬਰੁਕਲਿਨ ਵਿਚ ਸੇਵਾ ਕਰਦਿਆਂ ਹੁਣ ਸਾਨੂੰ 11 ਸਾਲ ਹੋ ਗਏ ਹਨ।

ਮੈਨੂੰ ਬਹੁਤ ਖ਼ੁਸ਼ੀ ਹੈ ਕਿ ਮੇਰੀ ਪਤਨੀ ਯਹੋਵਾਹ ਦਾ ਹਰ ਕੰਮ ਕਰਨ ਲਈ ਤਿਆਰ ਰਹਿੰਦੀ ਹੈ। ਮੇਰੀ ਤੇ ਐਲਸੀ ਦੀ ਉਮਰ ਹੁਣ ਅੱਸੀਆਂ ਤੋਂ ਉੱਤੇ ਹੈ ਅਤੇ ਸਾਡੀ ਸਿਹਤ ਅਜੇ ਵੀ ਕਾਫ਼ੀ ਚੰਗੀ ਹੈ। ਅਸੀਂ ਬੜੀ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੇ ਹਾਂ ਜਦੋਂ ਅਸੀਂ ਹਮੇਸ਼ਾ ਯਹੋਵਾਹ ਬਾਰੇ ਸਿੱਖਦੇ ਰਹਾਂਗੇ ਅਤੇ ਉਸ ਦੀ ਇੱਛਾ ਪੂਰੀ ਕਰਨ ਕਰਕੇ ਸਾਨੂੰ ਭਰਪੂਰ ਬਰਕਤਾਂ ਮਿਲਣਗੀਆਂ।

[ਸਫ਼ਾ 19 ਉੱਤੇ ਸੁਰਖੀ]

ਮੰਡਲੀਆਂ ਨੂੰ ਜਾਣ ਲਈ ਕਦੇ ਬੱਸ ਵਿਚ, ਕਦੇ ਟ੍ਰਾਮ ਵਿਚ, ਕਦੇ ਕਾਰ ਵਿਚ ਤੇ ਹੱਥ ਵਿਚ ਸੂਟਕੇਸ ਤੇ ਪ੍ਰੀਚਿੰਗ ਬੈਗ ਫੜ੍ਹੀ ਕਦੇ ਮੋਟਰ-ਸਾਈਕਲ ਪਿੱਛੇ ਬੈਠ ਕੇ ਜਾਣਾ ਪੈਂਦਾ ਸੀ

[ਸਫ਼ਾ 21 ਉੱਤੇ ਸੁਰਖੀ]

ਅਸੀਂ ਬੜੀ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੇ ਹਾਂ ਜਦੋਂ ਅਸੀਂ ਹਮੇਸ਼ਾ ਯਹੋਵਾਹ ਬਾਰੇ ਸਿੱਖਦੇ ਰਹਾਂਗੇ

[ਸਫ਼ਾ 18 ਉੱਤੇ ਤਸਵੀਰਾਂ]

ਖੱਬੇ: ਆਸਟ੍ਰੇਲੀਆ ਵਿਚ ਸਰਕਟ ਕੰਮ ਕਰਦੇ ਹੋਏ

ਸੱਜੇ: ਮੈਂ ਤੇ ਮੰਮੀ-ਡੈਡੀ

[ਸਫ਼ਾ 20 ਉੱਤੇ ਤਸਵੀਰ]

31 ਦਸੰਬਰ 1957 ਨੂੰ ਸਾਡੇ ਵਿਆਹ ਵਾਲੇ ਦਿਨ