Skip to content

Skip to table of contents

“ਮੈਂ ਕਿਸ ਦਾ ਭੈ ਖਾਵਾਂ?”

“ਮੈਂ ਕਿਸ ਦਾ ਭੈ ਖਾਵਾਂ?”

“ਮੈਂ ਕਿਸ ਦਾ ਭੈ ਖਾਵਾਂ?”

“ਭਾਵੇਂ ਮੇਰੇ ਵਿਰੁੱਧ ਜੁੱਧ ਉੱਠੇ ਏਸ ਵਿੱਚ ਵੀ ਮੈਂ ਆਸਵੰਤ ਹਾਂ।”—ਜ਼ਬੂ. 27:3.

ਹੇਠਾਂ ਦਿੱਤੀਆਂ ਆਇਤਾਂ ਹੌਸਲਾ ਰੱਖਣ ਵਿਚ ਕਿਵੇਂ ਸਾਡੀ ਮਦਦ ਕਰ ਸਕਦੀਆਂ ਹਨ?

ਜ਼ਬੂਰਾਂ ਦੀ ਪੋਥੀ 27:1

ਜ਼ਬੂਰਾਂ ਦੀ ਪੋਥੀ 27:4

ਜ਼ਬੂਰਾਂ ਦੀ ਪੋਥੀ 27:11

1. ਜ਼ਬੂਰ 27 ਤੋਂ ਸਾਨੂੰ ਕਿਨ੍ਹਾਂ ਸਵਾਲਾਂ ਦੇ ਜਵਾਬ ਮਿਲਦੇ ਹਨ?

ਦੁਨੀਆਂ ਦੇ ਹਾਲਾਤ ਦਿਨ-ਬਦਿਨ ਖ਼ਰਾਬ ਹੋਣ ਦੇ ਬਾਵਜੂਦ ਅਸੀਂ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਕਿਉਂ ਲੈ ਰਹੇ ਹਾਂ? ਬਹੁਤ ਸਾਰੇ ਲੋਕਾਂ ਦੀ ਮਾਲੀ ਹਾਲਤ ਖ਼ਰਾਬ ਹੋ ਰਹੀ ਹੈ, ਪਰ ਅਸੀਂ ਇਸ ਕੰਮ ਵਿਚ ਆਪਣਾ ਸਮਾਂ ਤੇ ਤਾਕਤ ਕਿਉਂ ਲਾਉਂਦੇ ਹਾਂ? ਬਹੁਤ ਸਾਰੇ ਲੋਕ ਭਵਿੱਖ ਬਾਰੇ ਸੋਚ ਕੇ ਡਰਦੇ ਹਨ, ਪਰ ਅਸੀਂ ਭਵਿੱਖ ਬਾਰੇ ਚਿੰਤਾ ਕਿਉਂ ਨਹੀਂ ਕਰਦੇ ਤੇ ਹੌਸਲਾ ਕਿਉਂ ਨਹੀਂ ਹਾਰਦੇ? ਰਾਜਾ ਦਾਊਦ ਦੇ ਲਿਖੇ ਜ਼ਬੂਰ 27 ਤੋਂ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਦੇ ਹਨ।

2. ਡਰ ਜਾਂ ਭੈ ਦਾ ਇਨਸਾਨ ’ਤੇ ਕੀ ਅਸਰ ਪੈਂਦਾ ਹੈ, ਪਰ ਅਸੀਂ ਕੀ ਭਰੋਸਾ ਰੱਖ ਸਕਦੇ ਹਾਂ?

2 ਦਾਊਦ ਨੇ ਪਹਿਲੀ ਆਇਤ ਵਿਚ ਕਿਹਾ: “ਯਹੋਵਾਹ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ, ਮੈਂ ਕਿਸ ਤੋਂ ਡਰਾਂ? ਯਹੋਵਾਹ ਮੇਰੇ ਜੀਉਣ ਦਾ ਗੜ੍ਹ ਹੈ, ਮੈਂ ਕਿਸ ਦਾ ਭੈ ਖਾਵਾਂ?” (ਜ਼ਬੂ. 27:1) ਡਰ ਜਾਂ ਭੈ ਇਨਸਾਨ ਨੂੰ ਇੰਨਾ ਕਮਜ਼ੋਰ ਕਰ ਸਕਦਾ ਹੈ ਕਿ ਉਹ ਸ਼ਾਇਦ ਕੁਝ ਨਾ ਕਰ ਪਾਵੇ। ਪਰ ਯਹੋਵਾਹ ’ਤੇ ਭਰੋਸਾ ਰੱਖਣ ਵਾਲੇ ਨੂੰ ਡਰਨ ਦੀ ਲੋੜ ਨਹੀਂ ਹੈ। (1 ਪਤ. 3:14) ਜੇ ਅਸੀਂ ਯਹੋਵਾਹ ਨੂੰ ਆਪਣੀ ਪਨਾਹ ਬਣਾਵਾਂਗੇ, ਤਾਂ ਅਸੀਂ ‘ਸੁਖ ਨਾਲ ਵੱਸਾਂਗੇ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹਾਂਗੇ।’ (ਕਹਾ. 1:33; 3:25) ਅਸੀਂ ਇਹ ਕਿਉਂ ਕਹਿ ਸਕਦੇ ਹਾਂ?

“ਯਹੋਵਾਹ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ”

3. ਯਹੋਵਾਹ ਸਾਡਾ ਚਾਨਣ ਕਿਵੇਂ ਹੈ, ਪਰ ਸਾਨੂੰ ਕੀ ਕਰਨ ਦੀ ਲੋੜ ਹੈ?

3 ਜ਼ਬੂਰ 27:1 ਵਿਚ ਕਿਹਾ ਗਿਆ ਹੈ: “ਯਹੋਵਾਹ ਮੇਰਾ ਚਾਨਣ” ਹੈ। ਇਸ ਦਾ ਮਤਲਬ ਹੈ ਕਿ ਯਹੋਵਾਹ ਨੇ ਸਾਨੂੰ ਦੁਨੀਆਂ ਦੇ ਹਨੇਰੇ ਵਿੱਚੋਂ ਕੱਢ ਕੇ ਸੱਚਾਈ ਦੇ ਚਾਨਣ ਵਿਚ ਲਿਆਂਦਾ ਹੈ। ਚਾਨਣ ਹੋਣ ਕਰਕੇ ਅਸੀਂ ਆਪਣੇ ਰਾਹ ਵਿਚ ਕੋਈ ਖ਼ਤਰਾ ਜਾਂ ਰੁਕਾਵਟ ਦੇਖ ਤਾਂ ਸਕਦੇ ਹਾਂ, ਪਰ ਚਾਨਣ ਉਸ ਨੂੰ ਦੂਰ ਨਹੀਂ ਕਰਦਾ। ਉਸ ਖ਼ਤਰੇ ਤੋਂ ਬਚਣ ਲਈ ਸਾਨੂੰ ਖ਼ੁਦ ਕੁਝ ਕਰਨ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਯਹੋਵਾਹ ਸਾਨੂੰ ਦੱਸਦਾ ਹੈ ਕਿ ਦੁਨੀਆਂ ਦੇ ਹਾਲਾਤ ਇੰਨੇ ਬੁਰੇ ਕਿਉਂ ਹਨ। ਨਾਲੇ ਉਹ ਸਾਨੂੰ ਸ਼ੈਤਾਨ ਦੀ ਦੁਨੀਆਂ ਦੇ ਖ਼ਤਰਿਆਂ ਤੋਂ ਖ਼ਬਰਦਾਰ ਕਰਦਾ ਹੈ। ਉਹ ਸਾਡੇ ਫ਼ਾਇਦੇ ਲਈ ਸਾਨੂੰ ਬਾਈਬਲ ਦੇ ਅਸੂਲ ਸਿਖਾਉਂਦਾ ਹੈ, ਪਰ ਸਾਨੂੰ ਇਨ੍ਹਾਂ ’ਤੇ ਆਪ ਚੱਲਣ ਦੀ ਲੋੜ ਹੁੰਦੀ ਹੈ। ਜਦ ਅਸੀਂ ਇਨ੍ਹਾਂ ’ਤੇ ਚੱਲਦੇ ਹਾਂ, ਤਾਂ ਅਸੀਂ ‘ਆਪਣੇ ਸਾਰੇ ਵੈਰੀਆਂ ਅਤੇ ਗੁਰੂਆਂ ਨਾਲੋਂ’ ਬੁੱਧਵਾਨ ਬਣਦੇ ਹਾਂ।—ਜ਼ਬੂ. 119:98, 99, 130.

4. (ੳ) ਦਾਊਦ ਪੂਰੇ ਯਕੀਨ ਨਾਲ ਕਿਉਂ ਕਹਿ ਸਕਿਆ ਕਿ ‘ਯਹੋਵਾਹ ਮੇਰਾ ਬਚਾਓ ਹੈ’? (ਅ) ਯਹੋਵਾਹ ਖ਼ਾਸ ਕਰਕੇ ਕਦੋਂ ਸਾਨੂੰ ਬਚਾਵੇਗਾ?

4 ਜ਼ਬੂਰ 27:1 ਵਿਚ ਦਾਊਦ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਭੁੱਲਿਆ ਨਹੀਂ ਸੀ ਕਿ ਯਹੋਵਾਹ ਨੇ ਉਸ ਨੂੰ ਕਿਵੇਂ ਬਚਾਇਆ ਸੀ। ਮਿਸਾਲ ਲਈ, ਯਹੋਵਾਹ ਨੇ ਉਸ ਨੂੰ “ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ” ਤੋਂ ਛੁਡਾਇਆ ਸੀ। ਯਹੋਵਾਹ ਦੀ ਮਦਦ ਨਾਲ ਉਹ ਗੋਲਿਅਥ ਨੂੰ ਵੀ ਹਰਾ ਸਕਿਆ। ਬਾਅਦ ਵਿਚ ਰਾਜਾ ਸ਼ਾਊਲ ਨੇ ਦਾਊਦ ਨੂੰ ਬਰਛੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਯਹੋਵਾਹ ਨੇ ਉਸ ਨੂੰ ਹਰ ਵਾਰ ਬਚਾਇਆ। (1 ਸਮੂ. 17:37, 49, 50; 18:11, 12; 19:10) ਇਸੇ ਲਈ ਦਾਊਦ ਪੂਰੇ ਯਕੀਨ ਨਾਲ ਕਹਿ ਸਕਿਆ: ‘ਯਹੋਵਾਹ ਮੇਰਾ ਬਚਾਓ ਹੈ!’ ਯਹੋਵਾਹ ਦਾਊਦ ਵਾਂਗ ਭਵਿੱਖ ਵਿਚ ਆਪਣੇ ਸੇਵਕਾਂ ਨੂੰ ਬਚਾਵੇਗਾ। ਕਿਵੇਂ? ਉਹ ਉਨ੍ਹਾਂ ਨੂੰ “ਮਹਾਂਕਸ਼ਟ” ਵਿੱਚੋਂ ਬਚਾਵੇਗਾ।—ਪ੍ਰਕਾ. 7:14; 2 ਪਤ. 2:9.

ਯਹੋਵਾਹ ਦੀ ਮਦਦ ਨਾ ਭੁੱਲੋ

5, 6. (ੳ) ਹੌਸਲਾ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? (ਅ) ਸਾਨੂੰ ਇਸ ਬਾਰੇ ਕਿਉਂ ਸੋਚਣਾ ਚਾਹੀਦਾ ਹੈ ਕਿ ਪਿਛਲੇ ਸਮਿਆਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ?

5 ਜ਼ਬੂਰ 27:2, 3 (ਪੜ੍ਹੋ।) ਵਿਚ ਅਸੀਂ ਪੜ੍ਹ ਸਕਦੇ ਹਾਂ ਕਿ ਹੌਸਲਾ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਦਾਊਦ ਨੇ ਉਨ੍ਹਾਂ ਸਮਿਆਂ ਨੂੰ ਯਾਦ ਕੀਤਾ ਜਦ ਯਹੋਵਾਹ ਨੇ ਉਸ ਨੂੰ ਬਚਾਇਆ ਸੀ। (1 ਸਮੂ. 17:34-37) ਉਨ੍ਹਾਂ ਯਾਦਾਂ ਦੇ ਸਹਾਰੇ ਦਾਊਦ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਦਾ ਵੀ ਸਾਮ੍ਹਣਾ ਕਰ ਸਕਦਾ ਸੀ। ਕੀ ਤੁਸੀਂ ਵੀ ਦਾਊਦ ਦੀ ਰੀਸ ਕਰਦੇ ਹੋ? ਮਿਸਾਲ ਲਈ, ਕੀ ਤੁਸੀਂ ਯਹੋਵਾਹ ਨੂੰ ਕਿਸੇ ਮੁਸ਼ਕਲ ਬਾਰੇ ਦਿਲੋਂ ਪ੍ਰਾਰਥਨਾ ਕੀਤੀ ਸੀ ਤੇ ਫਿਰ ਦੇਖਿਆ ਕਿ ਯਹੋਵਾਹ ਨੇ ਤੁਹਾਨੂੰ ਉਸ ਮੁਸ਼ਕਲ ਨਾਲ ਨਜਿੱਠਣ ਦੀ ਬੁੱਧ ਤੇ ਤਾਕਤ ਕਿਵੇਂ ਦਿੱਤੀ? ਜਾਂ ਕੀ ਤੁਹਾਨੂੰ ਯਾਦ ਹੈ ਕਿ ਮੁਸ਼ਕਲਾਂ ਕਰਕੇ ਤੁਸੀਂ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਨਹੀਂ ਕਰ ਪਾ ਰਹੇ ਸੀ ਤੇ ਯਹੋਵਾਹ ਨੇ ਉਨ੍ਹਾਂ ਮੁਸ਼ਕਲਾਂ ਨੂੰ ਹੱਲ ਕਿਵੇਂ ਕੀਤਾ ਸੀ? ਜਾਂ ਕੀ ਤੁਹਾਨੂੰ ਯਾਦ ਹੈ ਕਿ ਉਸ ਨੇ ਤੁਹਾਨੂੰ ਸੇਵਾ ਕਰਨ ਦਾ ਵੱਡਾ ਮੌਕਾ ਕਿਵੇਂ ਦਿੱਤਾ ਸੀ? (1 ਕੁਰਿੰ. 16:9) ਇਨ੍ਹਾਂ ਗੱਲਾਂ ਨੂੰ ਯਾਦ ਕਰਨ ਦਾ ਕੀ ਫ਼ਾਇਦਾ ਹੈ? ਅਜਿਹੀਆਂ ਗੱਲਾਂ ਯਕੀਨ ਦਿਵਾਉਂਦੀਆਂ ਹਨ ਕਿ ਯਹੋਵਾਹ ਪਹਿਲਾਂ ਵੀ ਤੁਹਾਡੀ ਮਦਦ ਕਰ ਚੁੱਕਾ ਹੈ ਅਤੇ ਅਗਾਹਾਂ ਨੂੰ ਵੀ ਮੁਸ਼ਕਲਾਂ ਸਹਿਣ ਵਿਚ ਤੁਹਾਡੀ ਮਦਦ ਕਰੇਗਾ।—ਰੋਮੀ. 5:3-5.

6 ਉਦੋਂ ਕੀ ਜੇ ਕੋਈ ਸ਼ਕਤੀਸ਼ਾਲੀ ਸਰਕਾਰ ਯਹੋਵਾਹ ਦੇ ਗਵਾਹਾਂ ਦੇ ਸੰਗਠਨ ਨੂੰ ਤਬਾਹ ਕਰਨ ਦੀ ਸਾਜ਼ਸ਼ ਘੜੇ? ਕਈ ਇਨਸਾਨਾਂ ਨੇ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਨਾਕਾਮ ਰਹੇ ਹਨ। ਜੇ ਅਸੀਂ ਯਾਦ ਰੱਖੀਏ ਕਿ ਯਹੋਵਾਹ ਆਪਣੇ ਲੋਕਾਂ ਦੀ ਮਦਦ ਕਿਵੇਂ ਕਰ ਚੁੱਕਾ ਹੈ, ਤਾਂ ਭਵਿੱਖ ਬਾਰੇ ਸਾਡਾ ਫ਼ਿਕਰ ਘੱਟ ਜਾਵੇਗਾ।—ਦਾਨੀ. 3:28.

ਖ਼ੁਸ਼ੀ ਨਾਲ ਯਹੋਵਾਹ ਦੀ ਭਗਤੀ ਕਰੋ

7, 8. (ੳ) ਜ਼ਬੂਰ 27:4 ਮੁਤਾਬਕ ਦਾਊਦ ਨੇ ਯਹੋਵਾਹ ਨੂੰ ਕੀ ਬੇਨਤੀ ਕੀਤੀ ਸੀ? (ਅ) ਭਗਤੀ ਲਈ ਨਵਾਂ ਇੰਤਜ਼ਾਮ ਕਦੋਂ ਤੇ ਕਿਵੇਂ ਸ਼ੁਰੂ ਹੋਇਆ ਅਤੇ ਇਸ ਮੁਤਾਬਕ ਅਸੀਂ ਕਿਵੇਂ ਭਗਤੀ ਕਰਦੇ ਹਾਂ?

7 ਖ਼ੁਸ਼ੀ ਨਾਲ ਯਹੋਵਾਹ ਦੀ ਭਗਤੀ ਕਰ ਕੇ ਵੀ ਸਾਨੂੰ ਹੌਸਲਾ ਮਿਲਦਾ ਹੈ। (ਜ਼ਬੂਰਾਂ ਦੀ ਪੋਥੀ 27:4 ਪੜ੍ਹੋ।) ਦਾਊਦ ਦੇ ਜ਼ਮਾਨੇ ਵਿਚ ‘ਯਹੋਵਾਹ ਦਾ ਘਰ’ ਡੇਹਰਾ ਜਾਂ ਤੰਬੂ ਸੀ। ਫਿਰ ਦਾਊਦ ਨੇ ਯਹੋਵਾਹ ਦਾ ਸ਼ਾਨਦਾਰ ਮੰਦਰ ਬਣਾਉਣ ਲਈ ਕਈ ਤਿਆਰੀਆਂ ਕੀਤੀਆਂ ਤਾਂਕਿ ਉਸ ਦਾ ਪੁੱਤਰ ਸੁਲੇਮਾਨ ਇਸ ਨੂੰ ਬਣਾ ਸਕੇ। ਕਈ ਸਦੀਆਂ ਬਾਅਦ ਯਿਸੂ ਨੇ ਦੱਸਿਆ ਕਿ ਅਜਿਹਾ ਸਮਾਂ ਆਵੇਗਾ ਜਦ ਲੋਕਾਂ ਨੂੰ ਮੰਦਰ ਵਿਚ ਜਾ ਕੇ ਯਹੋਵਾਹ ਦੀ ਭਗਤੀ ਕਰਨ ਦੀ ਲੋੜ ਨਹੀਂ ਹੋਵੇਗੀ। (ਯੂਹੰ. 4:21-23) ਇਬਰਾਨੀਆਂ ਦੇ 8ਵੇਂ ਤੋਂ 10ਵੇਂ ਅਧਿਆਇ ਵਿਚ ਪੌਲੁਸ ਨੇ ਦੱਸਿਆ ਕਿ ਜਦੋਂ ਯਿਸੂ ਨੇ 29 ਈ. ਵਿਚ ਬਪਤਿਸਮਾ ਲੈ ਕੇ ਆਪਣੇ ਆਪ ਨੂੰ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਪੇਸ਼ ਕੀਤਾ ਸੀ, ਤਾਂ ਉਸ ਵੇਲੇ ਉਸ ਦੀ ਭਗਤੀ ਕਰਨ ਦਾ ਇਕ ਨਵਾਂ ਇੰਤਜ਼ਾਮ ਸ਼ੁਰੂ ਹੋਇਆ। (ਇਬ. 10:10) ਯਹੋਵਾਹ ਸਾਡੀ ਭਗਤੀ ਤੋਂ ਖ਼ੁਸ਼ ਹੋਵੇਗਾ ਜੇ ਅਸੀਂ ਇਸ ਨਵੇਂ ਇੰਤਜ਼ਾਮ ਮੁਤਾਬਕ ਭਗਤੀ ਕਰਦੇ ਹਾਂ। ਇਸ ਵਾਸਤੇ ਸਾਨੂੰ ਯਿਸੂ ਦੇ ਬਲੀਦਾਨ ’ਤੇ ਨਿਹਚਾ ਕਰਨ ਦੀ ਲੋੜ ਹੈ। ਅਸੀਂ ਯਹੋਵਾਹ ਦੀ ਭਗਤੀ ਕਿਵੇਂ ਕਰਦੇ ਹਾਂ? ਅਸੀਂ “ਸੱਚੇ ਦਿਲੋਂ ਤੇ ਪੂਰੀ ਨਿਹਚਾ ਨਾਲ” ਉਸ ਨੂੰ ਪ੍ਰਾਰਥਨਾ ਕਰਦੇ ਹਾਂ। ਅਸੀਂ ਬਿਨਾਂ ਡਗਮਗਾਏ ਸਾਰਿਆਂ ਸਾਮ੍ਹਣੇ ਆਪਣੀ ਉਮੀਦ ਦਾ ਐਲਾਨ ਕਰਦੇ ਹਾਂ। ਅਸੀਂ ਪਰਿਵਾਰਕ ਸਟੱਡੀ ਦੌਰਾਨ ਅਤੇ ਮੀਟਿੰਗਾਂ ਵਿਚ ਦੂਸਰਿਆਂ ਦਾ ਧਿਆਨ ਰੱਖਦੇ ਹਾਂ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਤੇ ਹੌਸਲਾ ਦਿੰਦੇ ਹਾਂ। (ਇਬ. 10:22-25) ਖ਼ੁਸ਼ੀ ਨਾਲ ਯਹੋਵਾਹ ਦੀ ਭਗਤੀ ਕਰਦਿਆਂ ਅਸੀਂ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਹੌਸਲਾ ਨਹੀਂ ਹਾਰਾਂਗੇ।

8 ਦੁਨੀਆਂ ਭਰ ਵਿਚ ਯਹੋਵਾਹ ਦੇ ਵਫ਼ਾਦਾਰ ਸੇਵਕ ਪ੍ਰਚਾਰ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ, ਨਵੀਆਂ ਭਾਸ਼ਾਵਾਂ ਸਿੱਖ ਰਹੇ ਹਨ ਤੇ ਉਨ੍ਹਾਂ ਇਲਾਕਿਆਂ ਵਿਚ ਜਾ ਰਹੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਉਨ੍ਹਾਂ ਦੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਜ਼ਬੂਰਾਂ ਦੇ ਲਿਖਾਰੀ ਦਾਊਦ ਵਾਂਗ ਉਹ ਵੀ ਯਹੋਵਾਹ ਦੀਆਂ ਬਰਕਤਾਂ ਚਾਹੁੰਦੇ ਹਨ ਤੇ ਹਰ ਹਾਲਤ ਵਿਚ ਉਸ ਦੀ ਭਗਤੀ ਕਰਦੇ ਰਹਿਣਾ ਚਾਹੁੰਦੇ ਹਨ।—ਜ਼ਬੂਰਾਂ ਦੀ ਪੋਥੀ 27:6 ਪੜ੍ਹੋ।

ਯਹੋਵਾਹ ’ਤੇ ਭਰੋਸਾ ਰੱਖੋ

9, 10. ਜ਼ਬੂਰ 27:10 ਵਿਚ ਕਿਹੜਾ ਵਾਅਦਾ ਕੀਤਾ ਗਿਆ ਹੈ?

9 ਦਾਊਦ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਯਹੋਵਾਹ ’ਤੇ ਕਿੰਨਾ ਭਰੋਸਾ ਰੱਖਿਆ। ਉਸ ਨੇ ਕਿਹਾ: “ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ।” (ਜ਼ਬੂ. 27:10) ਪਹਿਲੇ ਸਮੂਏਲ ਦੇ 22ਵੇਂ ਅਧਿਆਇ ਤੋਂ ਅਸੀਂ ਜਾਣਦੇ ਹਾਂ ਕਿ ਦਾਊਦ ਦੇ ਮਾਪਿਆਂ ਨੇ ਉਸ ਨੂੰ ਛੱਡਿਆ ਨਹੀਂ ਸੀ। ਪਰ ਅੱਜ ਕਈਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੇ ਠੁਕਰਾਇਆ ਹੈ। ਫਿਰ ਵੀ ਉਨ੍ਹਾਂ ਨੂੰ ਮੰਡਲੀ ਵਿਚ ਭੈਣਾਂ-ਭਰਾਵਾਂ ਤੋਂ ਪਿਆਰ, ਮਦਦ ਤੇ ਹੌਸਲਾ ਮਿਲਿਆ ਹੈ।

10 ਯਹੋਵਾਹ ਆਪਣੇ ਸੇਵਕਾਂ ਨੂੰ ਸਾਂਭਣ ਲਈ ਤਿਆਰ ਹੈ ਚਾਹੇ ਦੂਸਰੇ ਉਨ੍ਹਾਂ ਨੂੰ ਠੁਕਰਾ ਦੇਣ। ਇਸ ਲਈ ਉਹ ਭਰੋਸਾ ਰੱਖ ਸਕਦੇ ਹਨ ਕਿ ਯਹੋਵਾਹ ਹੋਰਨਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਵੀ ਉਨ੍ਹਾਂ ਦੀ ਮਦਦ ਕਰੇਗਾ। ਮਿਸਾਲ ਲਈ, ਜੇ ਅਸੀਂ ਪਰੇਸ਼ਾਨ ਹਾਂ ਕਿ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਤੋਰਾਂਗੇ, ਤਾਂ ਸਾਨੂੰ ਯਕੀਨ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਜ਼ਰੂਰ ਸਾਡੀ ਦੇਖ-ਭਾਲ ਕਰੇਗਾ। (ਇਬ. 13:5, 6) ਯਹੋਵਾਹ ਆਪਣੇ ਹਰੇਕ ਵਫ਼ਾਦਾਰ ਸੇਵਕ ਦੇ ਹਾਲਾਤਾਂ ਤੇ ਲੋੜਾਂ ਨੂੰ ਜਾਣਦਾ ਹੈ।

11. ਜਦ ਅਸੀਂ ਯਹੋਵਾਹ ’ਤੇ ਭਰੋਸਾ ਰੱਖਦੇ ਹਾਂ, ਤਾਂ ਇਸ ਦਾ ਦੂਸਰਿਆਂ ’ਤੇ ਕੀ ਅਸਰ ਪੈਂਦਾ ਹੈ? ਮਿਸਾਲ ਦਿਓ।

11 ਲਾਈਬੀਰੀਆ ਵਿਚ ਰਹਿੰਦੀ ਵਿਕਟੋਰੀਆ ਦੀ ਮਿਸਾਲ ਉੱਤੇ ਗੌਰ ਕਰੋ। ਜਦ ਉਹ ਬਾਈਬਲ ਸਟੱਡੀ ਕਰ ਰਹੀ ਸੀ, ਤਾਂ ਜਿਸ ਆਦਮੀ ਨਾਲ ਉਹ ਰਹਿੰਦੀ ਸੀ ਉਹ ਉਸ ਨੂੰ ਤੇ ਉਸ ਦੇ ਤਿੰਨ ਬੱਚਿਆਂ ਨੂੰ ਛੱਡ ਗਿਆ। ਇਸ ਕਰਕੇ ਉਹ ਬੇਘਰ ਹੋ ਗਈ ਤੇ ਉਸ ਕੋਲ ਨੌਕਰੀ ਨਹੀਂ ਸੀ। ਫਿਰ ਵੀ ਉਹ ਸੱਚਾਈ ਵਿਚ ਤਰੱਕੀ ਕਰਦੀ ਰਹੀ। ਬਪਤਿਸਮਾ ਲੈਣ ਤੋਂ ਬਾਅਦ ਵਿਕਟੋਰੀਆ ਦੀ 13 ਸਾਲਾਂ ਦੀ ਕੁੜੀ ਨੂੰ ਪੈਸਿਆਂ ਨਾਲ ਭਰਿਆ ਇਕ ਬਟੂਆ ਲੱਭਾ। ਉਨ੍ਹਾਂ ਨੇ ਪੈਸੇ ਨਾ ਗਿਣਨ ਦਾ ਫ਼ੈਸਲਾ ਕੀਤਾ ਕਿਉਂਕਿ ਉਹ ਨਹੀਂ ਚਾਹੁੰਦੀਆਂ ਸਨ ਕਿ ਉਨ੍ਹਾਂ ਦਾ ਦਿਲ ਬੇਈਮਾਨ ਹੋ ਜਾਵੇ। ਉਨ੍ਹਾਂ ਨੇ ਉਸ ਫ਼ੌਜੀ ਨੂੰ ਤੁਰੰਤ ਲੱਭਿਆ ਜਿਸ ਦਾ ਬਟੂਆ ਸੀ ਤੇ ਉਸ ਨੂੰ ਬਟੂਆ ਵਾਪਸ ਕਰ ਦਿੱਤਾ। ਫ਼ੌਜੀ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਸਾਰੇ ਲੋਕ ਯਹੋਵਾਹ ਦੇ ਗਵਾਹਾਂ ਵਾਂਗ ਈਮਾਨਦਾਰ ਹੋਣ, ਤਾਂ ਦੁਨੀਆਂ ਹੀ ਬਦਲ ਜਾਵੇ। ਵਿਕਟੋਰੀਆ ਨੇ ਉਸ ਨੂੰ ਬਾਈਬਲ ਵਿੱਚੋਂ ਦਿਖਾਇਆ ਕਿ ਯਹੋਵਾਹ ਨਵੀਂ ਦੁਨੀਆਂ ਲਿਆਵੇਗਾ। ਫ਼ੌਜੀ ਉਸ ਦੀ ਈਮਾਨਦਾਰੀ ਤੇ ਨਿਹਚਾ ਤੋਂ ਇੰਨਾ ਖ਼ੁਸ਼ ਹੋਇਆ ਕਿ ਉਸ ਨੇ ਵਿਕਟੋਰੀਆ ਨੂੰ ਇਨਾਮ ਵਜੋਂ ਬਹੁਤ ਸਾਰੇ ਪੈਸੇ ਦਿੱਤੇ। ਯਹੋਵਾਹ ’ਤੇ ਪੂਰਾ ਭਰੋਸਾ ਰੱਖਣ ਕਰਕੇ ਯਹੋਵਾਹ ਦੇ ਗਵਾਹ ਈਮਾਨਦਾਰ ਹਨ ਅਤੇ ਇਸ ਕਰਕੇ ਉਹ ਦੁਨੀਆਂ ਭਰ ਵਿਚ ਮਸ਼ਹੂਰ ਹਨ।

12. ਤੰਗੀਆਂ ਕੱਟਣ ਦੇ ਬਾਵਜੂਦ ਅਸੀਂ ਯਹੋਵਾਹ ਦੀ ਸੇਵਾ ਕਿਉਂ ਕਰਦੇ ਰਹਿੰਦੇ ਹਾਂ? ਮਿਸਾਲ ਦਿਓ।

12 ਸੀਅਰਾ ਲਿਓਨ ਵਿਚ ਰਹਿੰਦੇ ਟੌਮਸ ਦੀ ਵੀ ਮਿਸਾਲ ਵੱਲ ਧਿਆਨ ਦਿਓ। ਉਹ ਪਬਲੀਸ਼ਰ ਹੈ, ਪਰ ਉਸ ਨੇ ਅਜੇ ਬਪਤਿਸਮਾ ਨਹੀਂ ਲਿਆ ਹੈ। ਉਹ ਸੈਕੰਡਰੀ ਸਕੂਲ ਵਿਚ ਪੜ੍ਹਾਉਣ ਲੱਗ ਪਿਆ, ਪਰ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਰਕੇ ਉਸ ਨੂੰ ਲਗਭਗ ਇਕ ਸਾਲ ਤਕ ਤਨਖ਼ਾਹ ਨਹੀਂ ਮਿਲੀ। ਤਨਖ਼ਾਹ ਲੈਣ ਲਈ ਉਸ ਨੂੰ ਹੋਰ ਕੀ ਕਰਨਾ ਪਿਆ? ਉਸ ਨੂੰ ਸਕੂਲ ਦੇ ਪ੍ਰਬੰਧਕ ਨੂੰ ਮਿਲਣਾ ਪਿਆ ਜੋ ਇਕ ਪਾਦਰੀ ਸੀ। ਪਾਦਰੀ ਨੇ ਦੱਸਿਆ ਕਿ ਸਕੂਲ ਦੇ ਅਧਿਕਾਰੀ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਨਾਲ ਸਹਿਮਤ ਨਹੀਂ ਹਨ। ਉਸ ਨੇ ਟੌਮਸ ਨੂੰ ਇਹ ਫ਼ੈਸਲਾ ਕਰਨ ਲਈ ਮਜਬੂਰ ਕੀਤਾ ਕਿ ਉਹ ਜਾਂ ਤਾਂ ਨੌਕਰੀ ਛੱਡ ਦੇਵੇ ਜਾਂ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨੀ ਛੱਡ ਦੇਵੇ। ਟੌਮਸ ਨੇ ਨੌਕਰੀ ਛੱਡ ਦਿੱਤੀ ਜਿਸ ਕਰਕੇ ਉਹ ਲਗਭਗ ਪੂਰੇ ਸਾਲ ਦੀ ਤਨਖ਼ਾਹ ਤੋਂ ਵੀ ਹੱਥ ਧੋ ਬੈਠਾ। ਉਹ ਰੇਡੀਓ ਤੇ ਮੋਬਾਇਲ ਫ਼ੋਨਾਂ ਦੀ ਮੁਰੰਮਤ ਕਰਨ ਦਾ ਕੰਮ ਕਰਨ ਲੱਗ ਪਿਆ। ਇਸ ਮਿਸਾਲ ਤੋਂ ਅਤੇ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਮਿਸਾਲਾਂ ਤੋਂ ਅਸੀਂ ਕੀ ਸਿੱਖਦੇ ਹਾਂ? ਭਾਵੇਂ ਲੋਕ ਤੰਗੀਆਂ ਕੱਟਣ ਤੋਂ ਡਰਦੇ ਹਨ, ਪਰ ਅਸੀਂ ਨਹੀਂ ਡਰਦੇ ਕਿਉਂਕਿ ਅਸੀਂ ਯਹੋਵਾਹ ’ਤੇ ਭਰੋਸਾ ਰੱਖਦੇ ਹਾਂ। ਸਾਨੂੰ ਪੂਰਾ ਯਕੀਨ ਹੈ ਕਿ ਸਾਰੀ ਦੁਨੀਆਂ ਨੂੰ ਬਣਾਉਣ ਵਾਲਾ ਤੇ ਆਪਣੇ ਲੋਕਾਂ ਦੀ ਰੱਖਿਆ ਕਰਨ ਵਾਲਾ ਪਰਮੇਸ਼ੁਰ ਸਾਡੀ ਦੇਖ-ਭਾਲ ਜ਼ਰੂਰ ਕਰੇਗਾ।

13. ਗ਼ਰੀਬ ਦੇਸ਼ਾਂ ਵਿਚ ਭੈਣ-ਭਰਾ ਪ੍ਰਚਾਰ ਦੇ ਕੰਮ ਵਿਚ ਕਿਉਂ ਲੱਗੇ ਰਹਿੰਦੇ ਹਨ?

13 ਕਈ ਗ਼ਰੀਬ ਦੇਸ਼ਾਂ ਵਿਚ ਹਾਲਾਤ ਬਹੁਤ ਹੀ ਖ਼ਰਾਬ ਹਨ। ਫਿਰ ਵੀ ਯਹੋਵਾਹ ਦੇ ਸੇਵਕ ਪ੍ਰਚਾਰ ਕਰਨ ਵਿਚ ਲੱਗੇ ਰਹਿੰਦੇ ਹਨ। ਕਿਉਂ? ਇਕ ਬ੍ਰਾਂਚ ਆਫ਼ਿਸ ਨੇ ਲਿਖਿਆ: “ਬਹੁਤ ਸਾਰੇ ਲੋਕ ਬੇਰੋਜ਼ਗਾਰ ਹਨ ਜਿਸ ਕਰਕੇ ਉਨ੍ਹਾਂ ਕੋਲ ਬਾਈਬਲ ਦੀ ਸਟੱਡੀ ਕਰਨ ਦਾ ਸਮਾਂ ਹੁੰਦਾ ਹੈ। ਭੈਣਾਂ-ਭਰਾਵਾਂ ਕੋਲ ਵੀ ਪ੍ਰਚਾਰ ਕਰਨ ਲਈ ਜ਼ਿਆਦਾ ਸਮਾਂ ਹੁੰਦਾ ਹੈ। ਬਹੁਤ ਹੀ ਗ਼ਰੀਬ ਇਲਾਕਿਆਂ ਵਿਚ ਲੋਕਾਂ ਨੂੰ ਇਹ ਗੱਲ ਸਮਝਾਉਣ ਦੀ ਲੋੜ ਨਹੀਂ ਪੈਂਦੀ ਕਿ ਅਸੀਂ ਆਖ਼ਰੀ ਦਿਨਾਂ ਵਿਚ ਰਹਿ ਰਹੇ ਹਾਂ ਕਿਉਂਕਿ ਉਹ ਬੁਰੇ ਹਾਲਾਤ ਆਪਣੀ ਅੱਖੀਂ ਦੇਖ ਸਕਦੇ ਹਨ।” ਇਕ ਮਿਸ਼ਨਰੀ 12 ਸਾਲਾਂ ਤੋਂ ਅਜਿਹੇ ਦੇਸ਼ ਵਿਚ ਸੇਵਾ ਕਰ ਰਿਹਾ ਹੈ ਜਿੱਥੇ ਹਰ ਪਬਲੀਸ਼ਰ ਕੋਲ ਤਿੰਨ ਤੋਂ ਜ਼ਿਆਦਾ ਸਟੱਡੀਆਂ ਹਨ। ਉਹ ਦੱਸਦਾ ਹੈ: “ਭੈਣਾਂ-ਭਰਾਵਾਂ ਦੀ ਜ਼ਿੰਦਗੀ ਸਾਦੀ ਹੈ ਜਿਸ ਕਰਕੇ ਉਹ ਆਪਣਾ ਪੂਰਾ ਧਿਆਨ ਪ੍ਰਚਾਰ ਦੇ ਕੰਮ ’ਤੇ ਲਾ ਸਕਦੇ ਹਨ। ਉਨ੍ਹਾਂ ਕੋਲ ਪ੍ਰਚਾਰ ਕਰਨ ਤੇ ਬਾਈਬਲ ਸਟੱਡੀਆਂ ਕਰਾਉਣ ਦਾ ਜ਼ਿਆਦਾ ਸਮਾਂ ਹੁੰਦਾ ਹੈ।”

14. ਯਹੋਵਾਹ ਵੱਡੀ ਭੀੜ ਦੀ ਰਾਖੀ ਕਿਵੇਂ ਕਰੇਗਾ?

14 ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਲੋਕਾਂ ਦੀ ਮਦਦ ਤੇ ਰਾਖੀ ਕਰੇਗਾ ਅਤੇ ਉਨ੍ਹਾਂ ਨੂੰ ਬਚਾਵੇਗਾ। ਸਾਨੂੰ ਉਸ ਦੇ ਵਾਅਦੇ ’ਤੇ ਪੱਕਾ ਯਕੀਨ ਹੈ। (ਜ਼ਬੂ. 37:28; 91:1-3) “ਮਹਾਂਕਸ਼ਟ” ਵਿੱਚੋਂ ਪਰਮੇਸ਼ੁਰ ਦੇ ਲੋਕਾਂ ਦੀ ਵੱਡੀ ਭੀੜ ਜ਼ਰੂਰ ਬਚੇਗੀ। (ਪ੍ਰਕਾ. 7:9, 14) ਯਹੋਵਾਹ ਅੰਤ ਦੇ ਦਿਨਾਂ ਵਿਚ ਇਸ ਵੱਡੀ ਭੀੜ ਨੂੰ ਤਬਾਹ ਨਹੀਂ ਹੋਣ ਦੇਵੇਗਾ। ਉਹ ਆਪਣੇ ਲੋਕਾਂ ਦੀ ਹਰ ਤਰੀਕੇ ਨਾਲ ਮਦਦ ਕਰੇਗਾ ਤਾਂਕਿ ਉਹ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕਣ ਤੇ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖ ਸਕਣ। ਨਾਲੇ ਆਰਮਾਗੇਡਨ ਦੌਰਾਨ ਯਹੋਵਾਹ ਆਪਣੇ ਲੋਕਾਂ ਨੂੰ ਬਚਾਵੇਗਾ।

“ਹੇ ਯਹੋਵਾਹ, ਆਪਣਾ ਰਾਹ ਮੈਨੂੰ ਸਿਖਲਾ”

15, 16. ਯਹੋਵਾਹ ਦੀ ਸਲਾਹ ’ਤੇ ਚੱਲਣ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਮਿਸਾਲ ਦਿਓ।

15 ਹੌਸਲਾ ਨਾ ਹਾਰਨ ਲਈ ਸਾਨੂੰ ਯਹੋਵਾਹ ਦੇ ਰਾਹਾਂ ਬਾਰੇ ਸਿੱਖਦੇ ਰਹਿਣ ਦੀ ਲੋੜ ਹੈ। ਦਾਊਦ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਸੀ: “ਹੇ ਯਹੋਵਾਹ, ਆਪਣਾ ਰਾਹ ਮੈਨੂੰ ਸਿਖਲਾ, ਅਤੇ ਮੇਰੇ ਘਾਤੀਆਂ ਦੇ ਕਾਰਨ ਪੱਧਰੇ ਰਾਹ ਉੱਤੇ ਮੇਰੀ ਅਗਵਾਈ ਕਰ।” (ਜ਼ਬੂ. 27:11) ਇਸ ਬੇਨਤੀ ਮੁਤਾਬਕ ਚੱਲਣ ਲਈ ਸਾਨੂੰ ਯਹੋਵਾਹ ਦੇ ਸੰਗਠਨ ਤੋਂ ਮਿਲੀ ਬਾਈਬਲ ’ਤੇ ਆਧਾਰਿਤ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਉਸ ਨੂੰ ਜਲਦੀ ਤੋਂ ਜਲਦੀ ਲਾਗੂ ਕਰਨਾ ਚਾਹੀਦਾ ਹੈ। ਮਿਸਾਲ ਲਈ, ਕਈਆਂ ਨੇ ਆਪਣੀ ਜ਼ਿੰਦਗੀ ਸਾਦੀ ਰੱਖਣ ਦੀ ਸਲਾਹ ਲਾਗੂ ਕੀਤੀ ਹੈ। ਉਨ੍ਹਾਂ ਨੇ ਆਪਣੇ ਕਰਜ਼ੇ ਚੁਕਾ ਦਿੱਤੇ ਹਨ ਤੇ ਉਨ੍ਹਾਂ ਚੀਜ਼ਾਂ ਨੂੰ ਵੇਚ ਦਿੱਤਾ ਹੈ ਜਿਨ੍ਹਾਂ ਦੀ ਲੋੜ ਨਹੀਂ ਸੀ। ਸੋ ਦੁਨੀਆਂ ਦੀ ਮਾਲੀ ਹਾਲਤ ਖ਼ਰਾਬ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪੈਸਿਆਂ ਦੀ ਬਹੁਤੀ ਚਿੰਤਾ ਨਹੀਂ। ਸਿਰ ’ਤੇ ਵਾਧੂ ਖ਼ਰਚੇ ਨਾ ਹੋਣ ਕਰਕੇ ਉਨ੍ਹਾਂ ਨੂੰ ਜ਼ਿਆਦਾ ਕੰਮ ਕਰਨ ਦੀ ਲੋੜ ਨਹੀਂ ਹੈ। ਇਸ ਕਰਕੇ ਉਹ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾ ਸਕਦੇ ਹਨ। ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਬਾਈਬਲ ਤੇ ਵਫ਼ਾਦਾਰ ਅਤੇ ਸਮਝਦਾਰ ਨੌਕਰ ਵੱਲੋਂ ਪ੍ਰਕਾਸ਼ਨਾਂ ਵਿਚ ਦਿੱਤੀ ਹਰ ਸਲਾਹ ਨੂੰ ਇਕਦਮ ਲਾਗੂ ਕਰਦਾ ਹਾਂ, ਭਾਵੇਂ ਇੱਦਾਂ ਕਰਨਾ ਮੇਰੇ ਲਈ ਔਖਾ ਹੋਵੇ?’—ਮੱਤੀ 24:45.

16 ਜੇ ਅਸੀਂ ਯਹੋਵਾਹ ਦੀ ਸਿੱਖਿਆ ਕਬੂਲ ਕਰਾਂਗੇ ਤੇ ਸਹੀ ਰਾਹ ’ਤੇ ਚੱਲਦੇ ਰਹਾਂਗੇ, ਤਾਂ ਸਾਡੇ ਕੋਲ ਡਰਨ ਦਾ ਕਾਰਨ ਨਹੀਂ ਹੋਵੇਗਾ। ਅਮਰੀਕਾ ਵਿਚ ਇਕ ਭਰਾ ਤੇ ਉਸ ਦਾ ਪੂਰਾ ਪਰਿਵਾਰ ਰੈਗੂਲਰ ਪਾਇਨੀਅਰਿੰਗ ਕਰ ਰਿਹਾ ਸੀ। ਇਸ ਭਰਾ ਨੇ ਆਪਣੀ ਕੰਪਨੀ ਵਿਚ ਇਕ ਨੌਕਰੀ ਲਈ ਅਰਜ਼ੀ ਦਿੱਤੀ ਜਿਸ ਕਰਕੇ ਉਸ ਦਾ ਪੂਰਾ ਪਰਿਵਾਰ ਪਾਇਨੀਅਰਿੰਗ ਜਾਰੀ ਰੱਖ ਸਕਦਾ ਸੀ। ਪਰ ਉਸ ਦੇ ਸੁਪਰਵਾਈਜ਼ਰ ਨੇ ਉਸ ਨੂੰ ਦੱਸਿਆ ਕਿ ਡਿਗਰੀ ਤੋਂ ਬਿਨਾਂ ਉਸ ਨੂੰ ਇਹ ਨੌਕਰੀ ਕਦੇ ਮਿਲ ਹੀ ਨਹੀਂ ਸਕਦੀ ਸੀ। ਜੇ ਇਹ ਗੱਲ ਤੁਹਾਨੂੰ ਕਹੀ ਹੁੰਦੀ, ਤਾਂ ਕੀ ਤੁਹਾਨੂੰ ਦੁੱਖ ਹੁੰਦਾ ਕਿ ਤੁਸੀਂ ਡਿਗਰੀ ਵਗੈਰਾ ਕਰਨ ਦੀ ਬਜਾਇ ਪਾਇਨੀਅਰਿੰਗ ਕੀਤੀ? ਦੋ ਹਫ਼ਤਿਆਂ ਬਾਅਦ ਉਸ ਸੁਪਰਵਾਈਜ਼ਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਨਵੇਂ ਸੁਪਰਵਾਈਜ਼ਰ ਨੇ ਭਰਾ ਨੂੰ ਉਸ ਦੇ ਟੀਚਿਆਂ ਬਾਰੇ ਪੁੱਛਿਆ। ਭਰਾ ਨੇ ਸਮਝਾਇਆ ਕਿ ਉਹ ਤੇ ਉਸ ਦੀ ਪਤਨੀ ਯਹੋਵਾਹ ਦੇ ਗਵਾਹ ਹਨ ਤੇ ਉਹ ਆਪਣਾ ਪੂਰਾ ਸਮਾਂ ਪ੍ਰਚਾਰ ਦੇ ਕੰਮ ਵਿਚ ਲਾਉਂਦੇ ਹਨ। ਭਰਾ ਦੇ ਹੋਰ ਕੁਝ ਕਹਿਣ ਤੋਂ ਪਹਿਲਾਂ ਹੀ ਸੁਪਰਵਾਈਜ਼ਰ ਨੇ ਕਿਹਾ: “ਮੈਂ ਜਾਣਦਾ ਸੀ ਕਿ ਤੂੰ ਦੂਸਰਿਆਂ ਤੋਂ ਵੱਖਰਾ ਹੈਂ! ਜਦ ਮੇਰੇ ਪਿਤਾ ਜੀ ਮਰਨ ਕਿਨਾਰੇ ਸਨ, ਤਾਂ ਦੋ ਯਹੋਵਾਹ ਦੇ ਗਵਾਹ ਰੋਜ਼ ਆ ਕੇ ਉਸ ਨੂੰ ਬਾਈਬਲ ਪੜ੍ਹ ਕੇ ਸੁਣਾਉਂਦੇ ਸਨ। ਮੈਂ ਉਸ ਵੇਲੇ ਵਾਅਦਾ ਕੀਤਾ ਸੀ ਕਿ ਜੇ ਕਦੇ ਮੈਨੂੰ ਯਹੋਵਾਹ ਦੇ ਗਵਾਹਾਂ ਦੀ ਮਦਦ ਕਰਨ ਦਾ ਮੌਕਾ ਮਿਲਿਆ, ਤਾਂ ਮੈਂ ਜ਼ਰੂਰ ਉਨ੍ਹਾਂ ਦੀ ਮਦਦ ਕਰਾਂਗਾ।” ਅਗਲੇ ਦਿਨ ਇਸ ਭਰਾ ਨੂੰ ਉਹੀ ਨੌਕਰੀ ਦੇ ਦਿੱਤੀ ਗਈ। ਵਾਕਈ, ਜਦ ਅਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਹਾਂ, ਤਾਂ ਯਹੋਵਾਹ ਆਪਣਾ ਵਾਅਦਾ ਪੂਰਾ ਕਰਦਾ ਹੈ ਕਿ ਉਹ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ।—ਮੱਤੀ 6:33.

ਵਿਸ਼ਵਾਸ ਤੇ ਉਮੀਦ ਰੱਖਣੀ ਜ਼ਰੂਰੀ

17. ਭਵਿੱਖ ਬਾਰੇ ਚਿੰਤਾ ਨਾ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

17 ਦਾਊਦ ਸਾਡੀ ਇਹ ਸਮਝਣ ਵਿਚ ਮਦਦ ਕਰਦਾ ਹੈ ਕਿ ਵਿਸ਼ਵਾਸ ਅਤੇ ਉਮੀਦ ਰੱਖਣੀ ਕਿੰਨੀ ਜ਼ਰੂਰੀ ਹੈ। ਉਸ ਨੂੰ ਅਹਿਸਾਸ ਸੀ ਕਿ ਜੇ ਉਸ ਨੂੰ “ਯਹੋਵਾਹ ਦੀ ਭਲਿਆਈ ਵੇਖਣ ਦਾ ਵਿਸ਼ਵਾਸ” ਨਾ ਹੁੰਦਾ, ਤਾਂ ਉਸ ਨੂੰ ਕੋਈ ਉਮੀਦ ਨਾ ਹੁੰਦੀ। (ਜ਼ਬੂ. 27:13) ਜ਼ਰਾ ਸੋਚੋ ਕਿ ਸਾਡੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਜੇ ਪਰਮੇਸ਼ੁਰ ਨੇ ਸਾਨੂੰ ਉਮੀਦ ਨਾ ਦਿੱਤੀ ਹੁੰਦੀ ਤੇ ਸਾਨੂੰ ਜ਼ਬੂਰ 27 ਵਿਚ ਦੱਸੀਆਂ ਗੱਲਾਂ ਬਾਰੇ ਪਤਾ ਨਾ ਹੁੰਦਾ। ਆਓ ਆਪਾਂ ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਯਹੋਵਾਹ ਤੋਂ ਪ੍ਰਾਰਥਨਾ ਵਿਚ ਤਾਕਤ ਮੰਗਦੇ ਰਹੀਏ ਅਤੇ ਬੇਨਤੀ ਕਰਦੇ ਰਹੀਏ ਕਿ ਉਹ ਸਾਨੂੰ ਆਰਮਾਗੇਡਨ ਵਿੱਚੋਂ ਬਚਾਵੇ।—ਜ਼ਬੂਰਾਂ ਦੀ ਪੋਥੀ 27:14 ਪੜ੍ਹੋ।

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਦਾਊਦ ਨੂੰ ਉਨ੍ਹਾਂ ਸਮਿਆਂ ਨੂੰ ਯਾਦ ਕਰ ਕੇ ਹੌਸਲਾ ਮਿਲਿਆ ਜਦੋਂ ਯਹੋਵਾਹ ਨੇ ਉਸ ਨੂੰ ਬਚਾਇਆ ਸੀ

[ਸਫ਼ਾ 25 ਉੱਤੇ ਤਸਵੀਰ]

ਕੀ ਅਸੀਂ ਖ਼ਰਾਬ ਮਾਲੀ ਹਾਲਤ ਨੂੰ ਪ੍ਰਚਾਰ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਮੌਕਾ ਸਮਝਦੇ ਹਾਂ?