ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
ਕੀ ਸਮਸੂਨ ਦੇ ਵਾਲ਼ਾਂ ਵਿਚ ਸ਼ਕਤੀ ਸੀ?
ਸਮਸੂਨ ਦੇ ਵਾਲ਼ਾਂ ਵਿਚ ਕੋਈ ਸ਼ਕਤੀ ਨਹੀਂ ਸੀ, ਸਗੋਂ ਨਜ਼ੀਰ ਹੋਣ ਕਰਕੇ ਯਹੋਵਾਹ ਨਾਲ ਉਸ ਦਾ ਖ਼ਾਸ ਰਿਸ਼ਤਾ ਸੀ ਜਿਸ ਕਰਕੇ ਉਸ ਨੂੰ ਇਹ ਸ਼ਕਤੀ ਮਿਲੀ ਸੀ। ਇਸ ਖ਼ਾਸ ਰਿਸ਼ਤੇ ’ਤੇ ਉਦੋਂ ਅਸਰ ਪਿਆ ਜਦੋਂ ਦਲੀਲਾਹ ਨੇ ਸਮਸੂਨ ਦੇ ਵਾਲ਼ ਕਟਵਾ ਦਿੱਤੇ।—4/15, ਸਫ਼ਾ 9.
ਸਾਡੇ ਦਿਲ ’ਤੇ ਚੰਗਾ ਅਸਰ ਪਾਉਣ ਵਾਲੀਆਂ ਤਿੰਨ ਗੱਲਾਂ ਕੀ ਹਨ?
(1) ਚੰਗੀ ਖ਼ੁਰਾਕ। ਦਿਲ ਨੂੰ ਸਿਹਤਮੰਦ ਰੱਖਣ ਲਈ ਚੰਗੀ ਖ਼ੁਰਾਕ ਦੀ ਲੋੜ ਪੈਂਦੀ ਹੈ। ਪਰਮੇਸ਼ੁਰ ਦੇ ਬਚਨ ਦਾ ਗਿਆਨ ਵੀ ਸਾਡੇ ਲਈ ਭੋਜਨ ਵਾਂਗ ਹੈ। (2) ਕਸਰਤ। ਸਿਹਤਮੰਦ ਦਿਲ ਵਾਸਤੇ ਕਸਰਤ ਕਰਨ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਸਾਨੂੰ ਵੀ ਜੋਸ਼ ਨਾਲ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨਾ ਚਾਹੀਦਾ ਹੈ। (3) ਮਾਹੌਲ। ਭੈਣਾਂ-ਭਰਾਵਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾ ਕੇ ਅਸੀਂ ਮਨ ਦੇ ਬੋਝ ਨੂੰ ਘੱਟ ਕਰ ਸਕਦੇ ਹਾਂ ਕਿਉਂਕਿ ਉਹ ਸਾਡੀ ਪਰਵਾਹ ਕਰਦੇ ਹਨ।—4/15, ਸਫ਼ਾ 16.
ਜਦੋਂ ਇਕ ਮਸੀਹੀ ਦੀ ਮੌਤ ’ਤੇ ਭਾਸ਼ਣ ਦਿੱਤਾ ਜਾਂਦਾ ਹੈ, ਤਾਂ ਭਜਨ 116:15 (CL) ਦੀ ਆਇਤ ਉਸ ਮਸੀਹੀ ਲਈ ਵਰਤਣੀ ਸਹੀ ਕਿਉਂ ਨਹੀਂ ਹੈ?
ਇਸ ਵਿਚ ਲਿਖਿਆ ਹੈ: “ਭਗਤਾਂ ਦੀ ਮੌਤ, ਪ੍ਰਭੂ ਦੀਆਂ ਨਜ਼ਰਾਂ ਵਿਚ ਬਹੁਤ ਕੀਮਤੀ ਹੈ।” ਇਸ ਦਾ ਮਤਲਬ ਹੈ ਕਿ ਯਹੋਵਾਹ ਲਈ ਆਪਣੇ ਸਾਰੇ ਭਗਤਾਂ ਦੀ ਜਾਨ ਕੀਮਤੀ ਹੈ। ਪਰਮੇਸ਼ੁਰ ਕਦੇ ਵੀ ਧਰਤੀ ਉੱਤੋਂ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਦਾ ਨਾਮੋ-ਨਿਸ਼ਾਨ ਨਹੀਂ ਮਿਟਣ ਦੇਵੇਗਾ।—5/15, ਸਫ਼ਾ 22.
ਕੋਲਪੋਰਟਰ ਕੌਣ ਸਨ?
ਸੰਨ 1931 ਤੋਂ “ਕੋਲਪੋਰਟਰ” ਸ਼ਬਦ ਦੀ ਜਗ੍ਹਾ “ਪਾਇਨੀਅਰ” ਸ਼ਬਦ ਵਰਤਿਆ ਜਾਣ ਲੱਗਾ।—5/15, ਸਫ਼ਾ 31.
ਦਾਨੀਏਲ 2:44 ਵਿਚ “ਏਹਨਾਂ ਸਾਰੀਆਂ ਪਾਤਸ਼ਾਹੀਆਂ” ਵਿਚ ਕੌਣ-ਕੌਣ ਹੈ?
ਇਸ ਭਵਿੱਖਬਾਣੀ ਵਿਚ ਸਿਰਫ਼ ਉਨ੍ਹਾਂ ਸਰਕਾਰਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੂੰ ਮੂਰਤ ਦੇ ਵੱਖੋ-ਵੱਖਰੇ ਹਿੱਸਿਆਂ ਦੁਆਰਾ ਦਰਸਾਇਆ ਗਿਆ ਹੈ।—6/15, ਸਫ਼ਾ 17.
ਬਾਈਬਲ ਦੀਆਂ ਭਵਿੱਖਬਾਣੀਆਂ ਅਨੁਸਾਰ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਕਦੋਂ ਸੱਤਵੀਂ ਵਿਸ਼ਵ ਸ਼ਕਤੀ ਬਣੀ ਸੀ?
ਇਹ ਉਦੋਂ ਵਿਸ਼ਵ ਸ਼ਕਤੀ ਬਣੀ ਜਦੋਂ ਇੰਗਲੈਂਡ ਅਤੇ ਅਮਰੀਕਾ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਰਲ਼ ਕੇ ਇਕ ਖ਼ਾਸ ਕੰਮ ਕੀਤਾ ਸੀ।—6/15, ਸਫ਼ਾ 19.
ਕਿਹੜੀਆਂ ਘਟਨਾਵਾਂ ਵਾਪਰਨ ’ਤੇ ਆਰਮਾਗੇਡਨ ਆਵੇਗਾ?
ਕੌਮਾਂ “ਸ਼ਾਂਤੀ ਅਤੇ ਸੁਰੱਖਿਆ” ਕਾਇਮ ਹੋਣ ਦਾ ਐਲਾਨ ਕਰਨਗੀਆਂ। (1 ਥੱਸ. 5:3) ਸਰਕਾਰਾਂ ਦੁਨੀਆਂ ਦੇ ਸਾਰੇ ਧਰਮਾਂ ਦੇ ਖ਼ਿਲਾਫ਼ ਕਦਮ ਉਠਾਉਣਗੀਆਂ। (ਪ੍ਰਕਾ. 17:15-18) ਯਹੋਵਾਹ ਪਰਮੇਸ਼ੁਰ ਦੇ ਭਗਤਾਂ ਉੱਤੇ ਹਮਲਾ ਕੀਤਾ ਜਾਵੇਗਾ। ਫਿਰ ਅੰਤ ਆਵੇਗਾ।—7/1, ਸਫ਼ਾ 9.
ਪਰਮੇਸ਼ੁਰ ਨੇ ਅਬਰਾਹਾਮ ਨੂੰ ਆਪਣੇ ਪੁੱਤਰ ਦੀ ਬਲ਼ੀ ਦੇਣ ਲਈ ਕਿਉਂ ਕਿਹਾ ਸੀ?
ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਨੇ ਅਬਰਾਹਾਮ ਨੂੰ ਆਪਣੇ ਪੁੱਤਰ ਦੀ ਬਲ਼ੀ ਨਹੀਂ ਦੇਣ ਦਿੱਤੀ। ਇਸ ਘਟਨਾ ਦੇ ਜ਼ਰੀਏ ਯਹੋਵਾਹ ਪਰਮੇਸ਼ੁਰ ਨੇ ਦਿਖਾਇਆ ਕਿ ਕਈ ਸਦੀਆਂ ਬਾਅਦ ਸਾਡੀ ਖ਼ਾਤਰ ਉਹ ਆਪ ਆਪਣੇ ਪੁੱਤਰ ਯਿਸੂ ਦੀ ਕੁਰਬਾਨੀ ਦੇਵੇਗਾ। ਯਹੋਵਾਹ ਸਾਨੂੰ ਦਿਖਾਉਣਾ ਚਾਹੁੰਦਾ ਸੀ ਕਿ ਇਹ ਕੁਰਬਾਨੀ ਦੇਣ ਨਾਲ ਉਸ ਨੂੰ ਕਿੰਨਾ ਦੁੱਖ ਸਹਿਣਾ ਪੈਣਾ ਸੀ!—7/1, ਸਫ਼ਾ 20.