Skip to content

Skip to table of contents

‘ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ’

‘ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ’

‘ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ’

“ਬਹੁਤ ਸਾਰੇ ਲੋਕ ਸੱਚੇ ਗਿਆਨ ਲਈ ਇੱਧਰ-ਉੱਧਰ ਭਟਕਣਗੇ। ਅਤੇ ਸੱਚਾ ਗਿਆਨ ਵਧੇ ਫ਼ੁੱਲੇਗਾ।”—ਦਾਨੀ. 12:4, ERV.

ਤੁਸੀਂ ਕੀ ਜਵਾਬ ਦਿਓਗੇ?

ਮੌਜੂਦਾ ਸਮਿਆਂ ਵਿਚ ਲੋਕਾਂ ਨੂੰ “ਸੱਚਾ ਗਿਆਨ” ਕਿਵੇਂ ਮਿਲਿਆ ਹੈ?

‘ਬਹੁਤ ਸਾਰੇ ਲੋਕਾਂ’ ਤਕ ਸੱਚਾਈ ਦਾ ਗਿਆਨ ਕਿਵੇਂ ਪਹੁੰਚਿਆ ਹੈ?

ਕਿਨ੍ਹਾਂ ਤਰੀਕਿਆਂ ਨਾਲ ਸਹੀ ਗਿਆਨ ‘ਵਧਿਆ-ਫ਼ੁੱਲਿਆ’ ਹੈ?

1, 2. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਯਿਸੂ ਅੱਜ ਆਪਣੀ ਪਰਜਾ ਦੇ ਨਾਲ ਹੈ ਅਤੇ ਭਵਿੱਖ ਵਿਚ ਵੀ ਹੋਵੇਗਾ? (ਅ) ਦਾਨੀਏਲ 12:4 ਮੁਤਾਬਕ ਪਰਮੇਸ਼ੁਰ ਦੇ ਬਚਨ ਦੀ ਧਿਆਨ ਨਾਲ ਜਾਂਚ ਕਰਨ ਦਾ ਕੀ ਨਤੀਜਾ ਨਿਕਲੇਗਾ?

ਕਲਪਨਾ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਹੋ। ਰੋਜ਼ ਸਵੇਰੇ ਜਦੋਂ ਤੁਸੀਂ ਉੱਠਦੇ ਹੋ, ਤੁਸੀਂ ਥੱਕੇ ਹੋਏ ਮਹਿਸੂਸ ਨਹੀਂ ਕਰਦੇ। ਤੁਹਾਡੇ ਸਰੀਰ ਵਿਚ ਕੋਈ ਦਰਦ ਨਹੀਂ ਹੈ, ਕੋਈ ਜੋੜ ਨਹੀਂ ਦੁੱਖਦਾ। ਸਾਰੀਆਂ ਬੀਮਾਰੀਆਂ ਠੀਕ ਹੋ ਗਈਆਂ ਹਨ। ਤੁਹਾਡੀ ਨਜ਼ਰ ਬਿਲਕੁਲ ਠੀਕ ਹੈ, ਕੰਨਾਂ ਤੋਂ ਪੂਰੀ ਤਰ੍ਹਾਂ ਸੁਣਦਾ ਹੈ ਤੇ ਤੁਸੀਂ ਹਰ ਚੀਜ਼ ਸੁਆਦ ਲੈ ਕੇ ਖਾ ਸਕਦੇ ਹੋ। ਤੁਸੀਂ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਕਰਦੇ ਹੋ। ਤੁਹਾਡੇ ਸਰੀਰ ਵਿਚ ਜਾਨ ਹੈ ਤੇ ਤੁਹਾਨੂੰ ਕੰਮ ਕਰ ਕੇ ਮਜ਼ਾ ਆਉਂਦਾ ਹੈ। ਤੁਹਾਡੇ ਬਹੁਤ ਸਾਰੇ ਦੋਸਤ ਹਨ। ਤੁਹਾਨੂੰ ਕੋਈ ਫ਼ਿਕਰ ਨਹੀਂ ਹੈ। ਤੁਸੀਂ ਪਰਮੇਸ਼ੁਰ ਦੇ ਰਾਜ ਵਿਚ ਇਹ ਸਾਰੀਆਂ ਬਰਕਤਾਂ ਦਾ ਆਨੰਦ ਮਾਣ ਸਕਦੇ ਹੋ। ਇਸ ਰਾਜ ਦਾ ਰਾਜਾ ਯਿਸੂ ਮਸੀਹ ਆਪਣੀ ਪਰਜਾ ਨੂੰ ਬਰਕਤਾਂ ਅਤੇ ਯਹੋਵਾਹ ਦਾ ਗਿਆਨ ਦੇਵੇਗਾ।

2 ਜਦੋਂ ਯਹੋਵਾਹ ਦੇ ਵਫ਼ਾਦਾਰ ਸੇਵਕ ਭਵਿੱਖ ਵਿਚ ਉਸ ਸਮੇਂ ਦੂਸਰਿਆਂ ਨੂੰ ਗਿਆਨ ਦੇਣ ਦਾ ਕੰਮ ਕਰਨਗੇ, ਤਾਂ ਯਹੋਵਾਹ ਉਨ੍ਹਾਂ ਦੇ ਨਾਲ ਹੋਵੇਗਾ। ਪਰਮੇਸ਼ੁਰ ਅਤੇ ਉਸ ਦਾ ਪੁੱਤਰ ਸਦੀਆਂ ਤੋਂ ਆਪਣੇ ਵਫ਼ਾਦਾਰ ਸੇਵਕਾਂ ਨਾਲ ਰਹੇ ਹਨ। ਸਵਰਗ ਨੂੰ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਨ੍ਹਾਂ ਦੇ ਨਾਲ ਰਹੇਗਾ। (ਮੱਤੀ 28:19, 20 ਪੜ੍ਹੋ।) ਯਿਸੂ ਦੇ ਇਸ ਵਾਅਦੇ ਉੱਤੇ ਆਪਣੇ ਭਰੋਸੇ ਨੂੰ ਮਜ਼ਬੂਤ ਕਰਨ ਲਈ ਆਓ ਆਪਾਂ 2,500 ਤੋਂ ਜ਼ਿਆਦਾ ਸਾਲ ਪਹਿਲਾਂ ਬਾਬਲ ਸ਼ਹਿਰ ਵਿਚ ਲਿਖੀ ਗਈ ਇਕ ਭਵਿੱਖਬਾਣੀ ਦੀ ਇਕ ਗੱਲ ਉੱਤੇ ਗੌਰ ਕਰੀਏ। “ਅੰਤ ਕਾਲ” ਦੇ ਸਮੇਂ ਬਾਰੇ, ਜਿਸ ਵਿਚ ਅਸੀਂ ਹੁਣ ਰਹਿ ਰਹੇ ਹਾਂ, ਨਬੀ ਦਾਨੀਏਲ ਨੇ ਲਿਖਿਆ ਸੀ: “ਬਹੁਤ ਸਾਰੇ ਲੋਕ ਸੱਚੇ ਗਿਆਨ ਲਈ ਇੱਧਰ-ਉੱਧਰ ਭਟਕਣਗੇ। ਅਤੇ ਸੱਚਾ ਗਿਆਨ ਵਧੇ ਫ਼ੁੱਲੇਗਾ।” (ਦਾਨੀ. 12:4) ਇੱਥੇ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਇੱਧਰ-ਉੱਧਰ ਭਟਕਣਗੇ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਧਿਆਨ ਨਾਲ ਜਾਂਚ ਕਰਨੀ। ਇਸ ਤਰ੍ਹਾਂ ਜਾਂਚ ਕਰਨ ਦਾ ਕਿੰਨਾ ਫ਼ਾਇਦਾ ਹੋਇਆ ਹੈ! ਇਸ ਭਵਿੱਖਬਾਣੀ ਅਨੁਸਾਰ, ਜਿਹੜੇ ਲੋਕ ਪਰਮੇਸ਼ੁਰ ਦੇ ਬਚਨ ਦੀ ਧਿਆਨ ਨਾਲ ਜਾਂਚ ਕਰਨਗੇ, ਉਨ੍ਹਾਂ ਨੂੰ ਉਸ ਦਾ ਸਹੀ ਗਿਆਨ ਮਿਲੇਗਾ ਅਤੇ ਉਹ ਦੂਜਿਆਂ ਨੂੰ ਇਹ ਗਿਆਨ ਦੇਣਗੇ। ਭਵਿੱਖਬਾਣੀ ਵਿਚ ਇਹ ਵੀ ਕਿਹਾ ਗਿਆ ਸੀ ਕਿ ਬਹੁਤ ਸਾਰੇ ਲੋਕ “ਸੱਚਾ ਗਿਆਨ” ਲੈਣਗੇ। ਇਸ ਤੋਂ ਇਲਾਵਾ, ਇਹ ਗਿਆਨ ਵਧੇ-ਫੁੱਲੇਗਾ। ਇਹ ਹਰ ਜਗ੍ਹਾ ਵੰਡਿਆ ਜਾਵੇਗਾ ਅਤੇ ਸਾਰੇ ਇਹ ਗਿਆਨ ਆਸਾਨੀ ਨਾਲ ਲੈ ਸਕਣਗੇ। ਜਦੋਂ ਅਸੀਂ ਦੇਖਾਂਗੇ ਕਿ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ ਹੈ, ਤਾਂ ਸਾਨੂੰ ਯਕੀਨ ਹੋਵੇਗਾ ਕਿ ਯਿਸੂ ਅੱਜ ਆਪਣੇ ਚੇਲਿਆਂ ਨਾਲ ਹੈ ਅਤੇ ਯਹੋਵਾਹ ਆਪਣੇ ਸਾਰੇ ਵਾਅਦੇ ਪੂਰੇ ਕਰਨ ਦੇ ਕਾਬਲ ਹੈ।

“ਸੱਚਾ ਗਿਆਨ” ਵਧੇ-ਫੁੱਲੇਗਾ

3. ਰਸੂਲਾਂ ਦੀ ਮੌਤ ਤੋਂ ਬਾਅਦ ‘ਸੱਚੇ ਗਿਆਨ’ ਨਾਲ ਕੀ ਹੋਇਆ?

3 ਪੌਲੁਸ ਰਸੂਲ ਦੀ ਭਵਿੱਖਬਾਣੀ ਅਨੁਸਾਰ ਰਸੂਲਾਂ ਦੀ ਮੌਤ ਤੋਂ ਬਾਅਦ ਕੁਝ ਲੋਕ ਮਸੀਹੀ ਧਰਮ ਦੀਆਂ ਸਹੀ ਸਿੱਖਿਆਵਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਲੱਗ ਪਏ ਅਤੇ ਕਈ ਮਸੀਹੀਆਂ ਨੂੰ ਗੁਮਰਾਹ ਕੀਤਾ। (ਰਸੂ. 20:28-30; 2 ਥੱਸ. 2:1-3) ਇਸ ਤੋਂ ਬਾਅਦ ਕਈ ਸਦੀਆਂ ਤਕ ਲੋਕਾਂ ਨੂੰ “ਸੱਚਾ ਗਿਆਨ” ਨਹੀਂ ਮਿਲਿਆ। ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਨੂੰ ਵੀ ਸਹੀ ਗਿਆਨ ਨਹੀਂ ਸੀ। ਭਾਵੇਂ ਚਰਚ ਦੇ ਆਗੂ ਬਾਈਬਲ ’ਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਸਨ, ਪਰ ਉਹ ਗ਼ਲਤ ਸਿੱਖਿਆਵਾਂ ਦਿੰਦੇ ਸਨ। ਪਰਮੇਸ਼ੁਰ ਦਾ ਅਪਮਾਨ ਕਰਨ ਵਾਲੀਆਂ ਅਜਿਹੀਆਂ ਸਿੱਖਿਆਵਾਂ ਨੂੰ ਬਾਈਬਲ ਵਿਚ “ਦੁਸ਼ਟ ਦੂਤਾਂ ਦੀਆਂ ਸਿੱਖਿਆਵਾਂ” ਕਿਹਾ ਗਿਆ ਹੈ। (1 ਤਿਮੋ. 4:1) ਅਜਿਹੀਆਂ ਕੁਝ ਸਿੱਖਿਆਵਾਂ ਸਨ: ਪਰਮੇਸ਼ੁਰ ਤ੍ਰਿਏਕ ਹੈ, ਆਤਮਾ ਅਮਰ ਹੈ ਅਤੇ ਕੁਝ ਲੋਕਾਂ ਨੂੰ ਨਰਕ ਦੀ ਅੱਗ ਵਿਚ ਹਮੇਸ਼ਾ ਲਈ ਤੜਫਾਇਆ ਜਾਂਦਾ ਹੈ। ਇਸ ਤਰ੍ਹਾਂ ਲੋਕਾਂ ਨੂੰ ਹਨੇਰੇ ਵਿਚ ਰੱਖਿਆ ਗਿਆ।

4. 1870 ਦੇ ਦਹਾਕੇ ਵਿਚ ਕੁਝ ਮਸੀਹੀਆਂ ਨੇ ਇਕੱਠੇ ਹੋ ਕੇ ‘ਸੱਚੇ ਗਿਆਨ’ ਦੀ ਭਾਲ ਕਰਨੀ ਕਿਵੇਂ ਸ਼ੁਰੂ ਕੀਤੀ?

4 ਪਰ “ਆਖ਼ਰੀ ਦਿਨ” ਸ਼ੁਰੂ ਹੋਣ ਤੋਂ ਤਕਰੀਬਨ 40 ਸਾਲ ਪਹਿਲਾਂ, 1870 ਦੇ ਦਹਾਕੇ ਵਿਚ ਅਮਰੀਕਾ ਦੇ ਪੈਨਸਿਲਵੇਨੀਆ ਰਾਜ ਵਿਚ ਕੁਝ ਮਸੀਹੀਆਂ ਨੇ ਇਕੱਠੇ ਹੋ ਕੇ ਧਿਆਨ ਨਾਲ ਬਾਈਬਲ ਦਾ ਅਧਿਐਨ ਕਰਨਾ ਅਤੇ ‘ਸੱਚੇ ਗਿਆਨ’ ਦੀ ਭਾਲ ਕਰਨੀ ਸ਼ੁਰੂ ਕੀਤੀ। (2 ਤਿਮੋ. 3:1) ਇਸ ਕਰਕੇ ਉਹ ਆਪਣੇ ਆਪ ਨੂੰ ਬਾਈਬਲ ਸਟੂਡੈਂਟਸ ਕਹਿੰਦੇ ਸਨ। ਉਹ ਉਨ੍ਹਾਂ “ਬੁੱਧੀਮਾਨਾਂ ਅਤੇ ਗਿਆਨਵਾਨਾਂ” ਵਰਗੇ ਨਹੀਂ ਸਨ ਜਿਨ੍ਹਾਂ ਤੋਂ ਸਹੀ ਗਿਆਨ ਲੁਕਾ ਕੇ ਰੱਖਿਆ ਗਿਆ ਸੀ। (ਮੱਤੀ 11:25) ਉਹ ਨਿਮਰ ਲੋਕ ਸਨ ਜਿਹੜੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਸਨ। ਉਹ ਪ੍ਰਾਰਥਨਾ ਕਰ ਕੇ ਧਿਆਨ ਨਾਲ ਬਾਈਬਲ ਪੜ੍ਹਦੇ ਸਨ, ਇਸ ’ਤੇ ਚਰਚਾ ਕਰਦੇ ਸਨ ਅਤੇ ਇਸ ਦੀਆਂ ਗੱਲਾਂ ’ਤੇ ਡੂੰਘਾਈ ਨਾਲ ਸੋਚ-ਵਿਚਾਰ ਕਰਦੇ ਸਨ। ਉਹ ਆਇਤਾਂ ਦੀ ਆਪਸ ਵਿਚ ਤੁਲਨਾ ਕਰਦੇ ਸਨ। ਉਹ ਬਾਈਬਲ ਦੀ ਜਾਂਚ ਕਰਨ ਵਾਲੇ ਹੋਰ ਲੋਕਾਂ ਦੀਆਂ ਕਿਤਾਬਾਂ ਵਗੈਰਾ ਵੀ ਪੜ੍ਹਦੇ ਸਨ। ਹੌਲੀ-ਹੌਲੀ ਉਨ੍ਹਾਂ ਬਾਈਬਲ ਸਟੂਡੈਂਟਸ ਨੂੰ ਕਈ ਸੱਚਾਈਆਂ ਪਤਾ ਲੱਗਣੀਆਂ ਸ਼ੁਰੂ ਹੋ ਗਈਆਂ ਜਿਨ੍ਹਾਂ ਬਾਰੇ ਕਈ ਸਦੀਆਂ ਤੋਂ ਲੋਕਾਂ ਨੂੰ ਪਤਾ ਨਹੀਂ ਸੀ।

5. ਪੁਰਾਣੀਆਂ ਸਿੱਖਿਆਵਾਂ ਨਾਂ ਦਾ ਲੜੀਵਾਰ ਟ੍ਰੈਕਟ ਕਿਉਂ ਛਾਪਿਆ ਗਿਆ ਸੀ?

5 ਉਨ੍ਹਾਂ ਬਾਈਬਲ ਸਟੂਡੈਂਟਸ ਨੂੰ ਖ਼ੁਸ਼ੀ ਸੀ ਕਿ ਉਹ ਸੱਚਾ ਗਿਆਨ ਲੈ ਰਹੇ ਸਨ, ਪਰ ਉਹ ਇਸ ਕਰਕੇ ਘਮੰਡ ਨਾਲ ਫੁੱਲੇ ਨਹੀਂ ਤੇ ਨਾ ਹੀ ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਉਹ ਲੋਕਾਂ ਨੂੰ ਨਵੀਆਂ ਗੱਲਾਂ ਦਾ ਗਿਆਨ ਦੇ ਰਹੇ ਸਨ। (1 ਕੁਰਿੰ. 8:1) ਇਸ ਦੀ ਬਜਾਇ, ਉਨ੍ਹਾਂ ਨੇ ਪੁਰਾਣੀਆਂ ਸਿੱਖਿਆਵਾਂ (ਅੰਗ੍ਰੇਜ਼ੀ) ਨਾਂ ਦਾ ਇਕ ਲੜੀਵਾਰ ਟ੍ਰੈਕਟ ਛਾਪਣਾ ਸ਼ੁਰੂ ਕੀਤਾ। ਇਸ ਟ੍ਰੈਕਟ ਦੇ ਰਾਹੀਂ ਉਹ ਲੋਕਾਂ ਨੂੰ ਬਾਈਬਲ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਾਉਣਾ ਚਾਹੁੰਦੇ ਸਨ। ਪਹਿਲੇ ਕੁਝ ਟ੍ਰੈਕਟਾਂ ਵਿਚ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਕਿਹਾ ਗਿਆ ਸੀ। ਪਹਿਲੇ ਟ੍ਰੈਕਟ ਵਿਚ ਕਿਹਾ ਗਿਆ ਸੀ ਕਿ ਇਸ ਜਾਣਕਾਰੀ ਦੀ ਮਦਦ ਨਾਲ “ਇਨਸਾਨਾਂ ਦੀਆਂ ਗ਼ਲਤ ਸਿੱਖਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਸਾਡੇ ਪ੍ਰਭੂ ਅਤੇ ਰਸੂਲਾਂ ਦੀਆਂ ਪੁਰਾਣੀਆਂ ਸਿੱਖਿਆਵਾਂ ਦੁਬਾਰਾ ਤੋਂ ਲਈਆਂ ਜਾ ਸਕਦੀਆਂ ਹਨ।”—ਪੁਰਾਣੀਆਂ ਸਿੱਖਿਆਵਾਂ, ਨੰ. 1, ਅਪ੍ਰੈਲ 1889, ਸਫ਼ਾ 32.

6, 7. (ੳ) 1870 ਦੇ ਦਹਾਕੇ ਤੋਂ ਹੁਣ ਤਕ ਕਿਹੜੀਆਂ ਸੱਚਾਈਆਂ ਪਤਾ ਲੱਗੀਆਂ ਹਨ? (ਅ) ਤੁਹਾਨੂੰ ਖ਼ਾਸ ਤੌਰ ਤੇ ਕਿਹੜੀ ਸੱਚਾਈ ਜਾਣ ਕੇ ਖ਼ੁਸ਼ੀ ਹੋਈ ਹੈ?

6 ਪਿਛਲੇ ਸੌ ਤੋਂ ਜ਼ਿਆਦਾ ਸਾਲਾਂ ਦੌਰਾਨ ਬਾਈਬਲ ਦੀਆਂ ਕਿੰਨੀਆਂ ਵਧੀਆ-ਵਧੀਆ ਸੱਚਾਈਆਂ ਪਤਾ ਲੱਗੀਆਂ ਹਨ! * ਇਹ ਸਭ ਕੁਝ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਹੈ ਜਿਸ ਦਾ ਆਮ ਜ਼ਿੰਦਗੀ ਵਿਚ ਕੋਈ ਫ਼ਾਇਦਾ ਨਹੀਂ ਹੈ। ਇਨ੍ਹਾਂ ਸੱਚਾਈਆਂ ਨੂੰ ਜਾਣ ਕੇ ਸਾਨੂੰ ਖ਼ੁਸ਼ੀ ਮਿਲੀ ਹੈ, ਸਾਡੀ ਜ਼ਿੰਦਗੀ ਨੂੰ ਮਕਸਦ ਮਿਲਿਆ ਹੈ ਅਤੇ ਸਾਨੂੰ ਉਮੀਦ ਵੀ ਮਿਲੀ ਹੈ। ਇਨ੍ਹਾਂ ਰਾਹੀਂ ਅਸੀਂ ਯਹੋਵਾਹ ਬਾਰੇ, ਉਸ ਦੇ ਗੁਣਾਂ ਬਾਰੇ ਅਤੇ ਉਸ ਦੇ ਮਕਸਦ ਬਾਰੇ ਵੀ ਸਿੱਖਿਆ ਹੈ। ਸਾਨੂੰ ਯਿਸੂ ਦੇ ਕੰਮ ਬਾਰੇ ਵੀ ਪਤਾ ਲੱਗਾ ਹੈ, ਉਹ ਧਰਤੀ ’ਤੇ ਕਿਉਂ ਆਇਆ ਅਤੇ ਆਪਣੀ ਜਾਨ ਕਿਉਂ ਦਿੱਤੀ ਅਤੇ ਉਹ ਹੁਣ ਕੀ ਕਰ ਰਿਹਾ ਹੈ। ਸਾਨੂੰ ਇਹ ਵੀ ਪਤਾ ਲੱਗਾ ਕਿ ਪਰਮੇਸ਼ੁਰ ਨੇ ਅਜੇ ਤਕ ਬੁਰਾਈ ਨੂੰ ਖ਼ਤਮ ਕਿਉਂ ਨਹੀਂ ਕੀਤਾ ਹੈ, ਅਸੀਂ ਕਿਉਂ ਮਰਦੇ ਹਾਂ, ਸਾਨੂੰ ਪ੍ਰਾਰਥਨਾ ਕਿਵੇਂ ਕਰਨੀ ਚਾਹੀਦੀ ਹੈ ਅਤੇ ਅਸੀਂ ਸੱਚੀ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ।

7 ਅਸੀਂ ਭਵਿੱਖਬਾਣੀਆਂ ਦਾ ਮਤਲਬ ਸਮਝ ਸਕਦੇ ਹਾਂ ਜਿਹੜੀਆਂ ਹਜ਼ਾਰਾਂ ਸਾਲਾਂ ਤਕ “ਭੇਤ” ਬਣੀਆਂ ਰਹੀਆਂ, ਪਰ ਹੁਣ ਇਸ ਅੰਤ ਦੇ ਸਮੇਂ ਵਿਚ ਪੂਰੀਆਂ ਹੋ ਰਹੀਆਂ ਹਨ। (ਦਾਨੀ. 12:9) ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਭਵਿੱਖਬਾਣੀਆਂ ਇੰਜੀਲ ਦੀਆਂ ਕਿਤਾਬਾਂ ਅਤੇ ਪ੍ਰਕਾਸ਼ ਦੀ ਕਿਤਾਬ ਵਿਚ ਦਰਜ ਹਨ। ਯਹੋਵਾਹ ਨੇ ਸਾਨੂੰ ਉਨ੍ਹਾਂ ਘਟਨਾਵਾਂ ਦੀ ਵੀ ਜਾਣਕਾਰੀ ਅਤੇ ਸਮਝ ਦਿੱਤੀ ਹੈ ਜਿਹੜੀਆਂ ਸਾਡੀਆਂ ਨਜ਼ਰਾਂ ਤੋਂ ਦੂਰ ਸਵਰਗ ਵਿਚ ਪੂਰੀਆਂ ਹੋਈਆਂ ਸਨ ਜਿਵੇਂ ਕਿ ਯਿਸੂ ਦਾ ਰਾਜਾ ਬਣਨਾ, ਸਵਰਗ ਵਿਚ ਯੁੱਧ ਹੋਣਾ ਅਤੇ ਸ਼ੈਤਾਨ ਨੂੰ ਧਰਤੀ ਉੱਤੇ ਸੁੱਟਿਆ ਜਾਣਾ। (ਪ੍ਰਕਾ. 12:7-12) ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਗੱਲਾਂ ਦੀ ਵੀ ਜਾਣਕਾਰੀ ਤੇ ਸਮਝ ਦਿੱਤੀ ਹੈ ਜੋ ਸਾਡੀਆਂ ਨਜ਼ਰਾਂ ਸਾਮ੍ਹਣੇ ਪੂਰੀਆਂ ਹੋ ਰਹੀਆਂ ਹਨ ਜਿਵੇਂ ਕਿ ਅੱਜ ਇੰਨੇ ਯੁੱਧ, ਭੁਚਾਲ਼, ਬੀਮਾਰੀਆਂ, ਭੁੱਖਮਰੀ ਤੇ ਬੁਰੇ ਲੋਕ ਕਿਉਂ ਹਨ ਜਿਨ੍ਹਾਂ ਕਰਕੇ ਅੱਜ ਦਾ ਸਮਾਂ ‘ਮੁਸੀਬਤਾਂ ਨਾਲ ਭਰਿਆ ਹੋਇਆ ਹੈ।’—2 ਤਿਮੋ. 3:1-5; ਲੂਕਾ 21:10, 11.

8. ਸਾਨੂੰ ਸੱਚਾਈ ਦੇ ਸਹੀ ਗਿਆਨ ਲਈ ਕਿਸ ਦਾ ਧੰਨਵਾਦ ਕਰਨਾ ਚਾਹੀਦਾ ਹੈ?

8 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਖ਼ੁਸ਼ ਹਨ ਉਹ ਲੋਕ ਜਿਹੜੇ ਉਹ ਚੀਜ਼ਾਂ ਦੇਖਦੇ ਹਨ ਜੋ ਤੁਸੀਂ ਦੇਖ ਰਹੇ ਹੋ। ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ, ਉਨ੍ਹਾਂ ਚੀਜ਼ਾਂ ਨੂੰ ਬਹੁਤ ਸਾਰੇ ਨਬੀ ਅਤੇ ਰਾਜੇ ਦੇਖਣਾ ਚਾਹੁੰਦੇ ਸਨ, ਪਰ ਦੇਖ ਨਹੀਂ ਸਕੇ, ਅਤੇ ਜੋ ਗੱਲਾਂ ਤੁਸੀਂ ਸੁਣਦੇ ਹੋ, ਉਨ੍ਹਾਂ ਨੂੰ ਸੁਣਨਾ ਚਾਹੁੰਦੇ ਸਨ, ਪਰ ਸੁਣ ਨਹੀਂ ਸਕੇ।” (ਲੂਕਾ 10:23, 24) ਅੱਜ ਅਸੀਂ ਵੀ ਸੱਚਾ ਗਿਆਨ ਲੈ ਕੇ ਖ਼ੁਸ਼ ਹਾਂ ਅਤੇ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਅਤੇ ਸੁਣਦੇ ਹਾਂ, ਉਨ੍ਹਾਂ ਲਈ ਅਸੀਂ ਯਹੋਵਾਹ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ। ਅਸੀਂ ਇਸ ਗੱਲ ਲਈ ਵੀ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਯਿਸੂ ਦੇ ਚੇਲਿਆਂ ਦੀ “ਸੱਚਾਈ ਨੂੰ ਚੰਗੀ ਤਰ੍ਹਾਂ ਸਮਝਣ” ਵਿਚ ਮਦਦ ਕਰ ਰਹੀ ਹੈ। (ਯੂਹੰਨਾ 16:7, 13 ਪੜ੍ਹੋ।) ਆਓ ਆਪਾਂ ਇਹ ਕਦੀ ਨਾ ਭੁੱਲੀਏ ਕਿ ਸੱਚਾਈ ਦਾ ਗਿਆਨ ਕਿੰਨਾ ਅਨਮੋਲ ਹੈ। ਨਾਲੇ ਇਹ ਗਿਆਨ ਹਮੇਸ਼ਾ ਦੂਸਰਿਆਂ ਨੂੰ ਵੀ ਦਿੰਦੇ ਰਹੀਏ।

‘ਬਹੁਤ ਸਾਰੇ ਲੋਕ ਸੱਚਾ ਗਿਆਨ’ ਲੈਣਗੇ

9. ਅਪ੍ਰੈਲ 1881 ਵਿਚ ਇਸ ਰਸਾਲੇ ਵਿਚ ਕੀ ਬੇਨਤੀ ਕੀਤੀ ਗਈ ਸੀ?

9 ਅੰਗ੍ਰੇਜ਼ੀ ਵਿਚ ਪਹਿਰਾਬੁਰਜ ਦਾ ਪਹਿਲਾ ਅੰਕ ਛਪਣ ਤੋਂ ਲਗਭਗ ਦੋ ਸਾਲਾਂ ਬਾਅਦ ਅਪ੍ਰੈਲ 1881 ਵਿਚ ਇਸ ਰਸਾਲੇ ਵਿਚ 1,000 ਪ੍ਰਚਾਰਕਾਂ ਲਈ ਬੇਨਤੀ ਕੀਤੀ ਗਈ। ਇਸ ਵਿਚ ਕਿਹਾ ਗਿਆ ਸੀ: ‘ਜਿਹੜੇ ਲੋਕ ਆਪਣਾ ਜ਼ਿਆਦਾ ਸਮਾਂ ਪ੍ਰਭੂ ਦੇ ਕੰਮ ਲਈ ਦੇ ਸਕਦੇ ਹਨ, ਉਹ ਕੋਲਪੋਰਟਰ (ਜਾਂ ਪਾਇਨੀਅਰ) ਬਣ ਕੇ ਵੱਡੇ-ਛੋਟੇ ਸ਼ਹਿਰਾਂ ਵਿਚ ਜਾਣ ਅਤੇ ਬਾਈਬਲ ਨੂੰ ਮੰਨਣ ਵਾਲੇ ਲੋਕਾਂ ਦੀ ਭਾਲ ਕਰਨ। ਤੁਹਾਨੂੰ ਅਜਿਹੇ ਕਈ ਲੋਕ ਮਿਲਣਗੇ ਜਿਨ੍ਹਾਂ ਵਿਚ ਪਰਮੇਸ਼ੁਰ ਦੀ ਭਗਤੀ ਲਈ ਜੋਸ਼ ਹੈ, ਪਰ ਸਹੀ ਗਿਆਨ ਦੇ ਮੁਤਾਬਕ ਨਹੀਂ। ਉਨ੍ਹਾਂ ਨੂੰ ਲੱਭ ਕੇ ਸਾਡੇ ਪਿਤਾ ਅਤੇ ਬਾਈਬਲ ਦਾ ਗਿਆਨ ਦਿਓ।’

10. ਕਈ ਲੋਕਾਂ ਨੇ ਪੂਰਾ ਸਮਾਂ ਪ੍ਰਚਾਰ ਕਰਨ ਦਾ ਸੱਦਾ ਸੁਣ ਕੇ ਕੀ ਕੀਤਾ?

10 ਇਸ ਬੇਨਤੀ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਸਟੂਡੈਂਟਸ ਜਾਣਦੇ ਸਨ ਕਿ ਸੱਚੇ ਮਸੀਹੀਆਂ ਨੂੰ ਦੁਨੀਆਂ ਭਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਲੋੜ ਹੈ। ਉਸ ਵੇਲੇ ਕੁਝ ਕੁ ਸੌ ਲੋਕ ਬਾਈਬਲ ਸਟੂਡੈਂਟਸ ਦੀਆਂ ਸਭਾਵਾਂ ਵਿਚ ਆਉਂਦੇ ਸਨ। ਇਸ ਲਈ ਆਸ ਨਾਲੋਂ ਥੋੜ੍ਹੇ ਲੋਕਾਂ ਨੇ ਇਸ ਸੱਦੇ ਨੂੰ ਸਵੀਕਾਰ ਕੀਤਾ। ਪਰ ਕੋਈ ਟ੍ਰੈਕਟ ਜਾਂ ਪਹਿਰਾਬੁਰਜ ਰਸਾਲਾ ਪੜ੍ਹਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਸੱਚਾਈ ਮਿਲ ਗਈ ਸੀ ਅਤੇ ਉਨ੍ਹਾਂ ਨੇ ਇਸ ਸੱਦੇ ਨੂੰ ਸਵੀਕਾਰ ਕੀਤਾ। ਮਿਸਾਲ ਲਈ, 1882 ਵਿਚ ਪਹਿਰਾਬੁਰਜ ਦਾ ਇਕ ਅੰਕ ਅਤੇ ਬਾਈਬਲ ਸਟੂਡੈਂਟਸ ਦੁਆਰਾ ਛਾਪੀ ਇਕ ਛੋਟੀ ਕਿਤਾਬ ਪੜ੍ਹਨ ਤੋਂ ਬਾਅਦ ਇਕ ਆਦਮੀ ਨੇ ਲੰਡਨ, ਇੰਗਲੈਂਡ ਤੋਂ ਲਿਖਿਆ: “ਕਿਰਪਾ ਕਰ ਕੇ ਮੈਨੂੰ ਦੱਸੋ ਕਿ ਪਰਮੇਸ਼ੁਰ ਦਾ ਕੰਮ ਕਰਨ ਲਈ ਮੈਂ ਕਿਵੇਂ ਅਤੇ ਕੀ ਪ੍ਰਚਾਰ ਕਰਾਂ।”

11, 12. (ੳ) ਕੋਲਪੋਰਟਰਾਂ ਵਾਂਗ ਅਸੀਂ ਕਿਸ ਮਕਸਦ ਨਾਲ ਪ੍ਰਚਾਰ ਕਰਦੇ ਹਾਂ? (ਅ) ਕੋਲਪੋਰਟਰ “ਕਲਾਸਾਂ” ਜਾਂ ਮੰਡਲੀਆਂ ਕਿਵੇਂ ਸ਼ੁਰੂ ਕਰਦੇ ਸਨ?

11 ਸੰਨ 1885 ਤਕ ਲਗਭਗ 300 ਬਾਈਬਲ ਸਟੂਡੈਂਟਸ ਕੋਲਪੋਰਟਰਾਂ ਵਜੋਂ ਸੇਵਾ ਕਰ ਰਹੇ ਸਨ। ਉਹ ਯਿਸੂ ਮਸੀਹ ਦੇ ਚੇਲੇ ਬਣਾਉਣ ਦੇ ਮਕਸਦ ਨਾਲ ਪ੍ਰਚਾਰ ਕਰਦੇ ਸਨ ਤੇ ਅੱਜ ਸਾਡਾ ਵੀ ਇਹੀ ਮਕਸਦ ਹੈ। ਪਰ ਸਾਡੇ ਪ੍ਰਚਾਰ ਕਰਨ ਦੇ ਤਰੀਕਿਆਂ ਵਿਚ ਫ਼ਰਕ ਹੈ। ਅੱਜ ਅਸੀਂ ਆਮ ਤੌਰ ਤੇ ਇਕ ਸਮੇਂ ਤੇ ਇਕ ਜਣੇ ਨਾਲ ਬਾਈਬਲ ਸਟੱਡੀ ਕਰਦੇ ਹਾਂ। ਫਿਰ ਅਸੀਂ ਉਸ ਨੂੰ ਮੰਡਲੀ ਵਿਚ ਆਉਣ ਦਾ ਸੱਦਾ ਦਿੰਦੇ ਹਾਂ। ਪਰ ਪੁਰਾਣੇ ਦਿਨਾਂ ਵਿਚ ਕੋਲਪੋਰਟਰ ਲੋਕਾਂ ਵਿਚ ਕਿਤਾਬਾਂ ਵੰਡਦੇ ਸਨ ਤੇ ਫਿਰ ਦਿਲਚਸਪੀ ਰੱਖਣ ਵਾਲਿਆਂ ਨੂੰ ਇਕੱਠਾ ਕਰ ਕੇ ਉਨ੍ਹਾਂ ਨਾਲ ਬਾਈਬਲ ਸਟੱਡੀ ਕਰਦੇ ਸਨ। ਇਕੱਲੇ-ਇਕੱਲੇ ਨਾਲ ਸਟੱਡੀ ਕਰਨ ਦੀ ਬਜਾਇ ਉਹ “ਕਲਾਸਾਂ” ਲਾਉਂਦੇ ਸਨ ਜਿਨ੍ਹਾਂ ਨੂੰ ਅੱਜ ਮੰਡਲੀਆਂ ਕਿਹਾ ਜਾਂਦਾ ਹੈ।

12 ਮਿਸਾਲ ਲਈ, ਸੰਨ 1907 ਵਿਚ ਕੁਝ ਕੋਲਪੋਰਟਰਾਂ ਨੇ ਇਕ ਸ਼ਹਿਰ ਵਿਚ ਜਾ ਕੇ ਉਨ੍ਹਾਂ ਲੋਕਾਂ ਦੀ ਭਾਲ ਕੀਤੀ ਜਿਨ੍ਹਾਂ ਨੇ ਪਹਿਲਾਂ ਮਲੈਨਿਅਲ ਡੌਨ (ਇਸ ਨੂੰ ਸ਼ਾਸਤਰ ਦਾ ਅਧਿਐਨ [ਅੰਗ੍ਰੇਜ਼ੀ] ਵੀ ਕਿਹਾ ਜਾਂਦਾ ਹੈ) ਨਾਂ ਦੀ ਕਿਤਾਬ ਲਈ ਸੀ। ਪਹਿਰਾਬੁਰਜ ਵਿਚ ਕਿਹਾ ਗਿਆ ਸੀ: ‘ਦਿਲਚਸਪੀ ਰੱਖਣ ਵਾਲਿਆਂ ਨੂੰ ਐਤਵਾਰ ਨੂੰ ਕਿਸੇ ਇਕ ਦੇ ਘਰ ਮੀਟਿੰਗ ਕਰਨ ਲਈ ਇਕੱਠਾ ਕੀਤਾ ਗਿਆ। ਫਿਰ ਕੋਲਪੋਰਟਰ ਨੇ ਪੂਰਾ ਦਿਨ ਪਰਮੇਸ਼ੁਰ ਦੇ ਮਕਸਦ ਬਾਰੇ ਸਮਝਾਇਆ ਅਤੇ ਫਿਰ ਅਗਲੇ ਐਤਵਾਰ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਸੇ ਤਰ੍ਹਾਂ ਬਾਕਾਇਦਾ ਮੀਟਿੰਗਾਂ ਕਰਨ।’ 1911 ਵਿਚ ਭਰਾਵਾਂ ਨੇ ਪ੍ਰਚਾਰ ਕਰਨ ਦਾ ਤਰੀਕਾ ਬਦਲਿਆ। 58 ਭਰਾਵਾਂ ਨੂੰ ਚੁਣਿਆ ਗਿਆ ਜਿਹੜੇ ਅਮਰੀਕਾ ਅਤੇ ਕੈਨੇਡਾ ਦੇ ਵੱਖੋ-ਵੱਖਰੇ ਸ਼ਹਿਰਾਂ ਵਿਚ ਜਾ ਕੇ ਪਬਲਿਕ ਭਾਸ਼ਣ ਦਿੰਦੇ ਸਨ। ਉਹ ਭਾਸ਼ਣ ਸੁਣਨ ਆਏ ਲੋਕਾਂ ਦੇ ਨਾਂ ਅਤੇ ਪਤੇ ਲੈ ਲੈਂਦੇ ਸਨ ਤੇ ਫਿਰ ਉਨ੍ਹਾਂ ਨੂੰ ਕਿਸੇ ਇਕ ਦੇ ਘਰ ਇਕੱਠੇ ਕਰ ਕੇ ਨਵੀਆਂ “ਕਲਾਸਾਂ” ਸ਼ੁਰੂ ਕਰਦੇ ਸਨ। 1914 ਤਕ ਦੁਨੀਆਂ ਭਰ ਵਿਚ ਬਾਈਬਲ ਸਟੂਡੈਂਟਸ ਦੀਆਂ 1,200 ਮੰਡਲੀਆਂ ਸਨ।

13. ਪ੍ਰਚਾਰ ਦੇ ਕੰਮ ਬਾਰੇ ਕਿਹੜੀ ਗੱਲ ਜਾਣ ਕੇ ਤੁਹਾਨੂੰ ਹੈਰਾਨੀ ਹੁੰਦੀ ਹੈ?

13 ਅੱਜ ਦੁਨੀਆਂ ਭਰ ਵਿਚ ਤਕਰੀਬਨ 1,09,400 ਮੰਡਲੀਆਂ ਹਨ ਅਤੇ ਲਗਭਗ 8,95,800 ਭੈਣ-ਭਰਾ ਪਾਇਨੀਅਰਾਂ ਵਜੋਂ ਸੇਵਾ ਕਰਦੇ ਹਨ। ਤਕਰੀਬਨ 80 ਲੱਖ ਲੋਕਾਂ ਨੇ “ਸੱਚਾ ਗਿਆਨ” ਲਿਆ ਹੈ ਅਤੇ ਇਸ ਅਨੁਸਾਰ ਆਪਣੀ ਜ਼ਿੰਦਗੀ ਜੀਉਂਦੇ ਹਨ। (ਯਸਾਯਾਹ 60:22 ਪੜ੍ਹੋ।) * ਇਹ ਬਹੁਤ ਹੀ ਅਨੋਖੀ ਗੱਲ ਹੈ ਕਿਉਂਕਿ ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਦੇ ਚੇਲੇ ‘ਸਾਰੇ ਲੋਕਾਂ ਦੀ ਨਫ਼ਰਤ ਦੇ ਸ਼ਿਕਾਰ ਬਣਨਗੇ।’ ਉਸ ਨੇ ਇਹ ਵੀ ਕਿਹਾ ਸੀ ਕਿ ਉਸ ਦੇ ਚੇਲਿਆਂ ਉੱਤੇ ਅਤਿਆਚਾਰ ਕੀਤੇ ਜਾਣਗੇ, ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾਵੇਗਾ ਤੇ ਜਾਨੋਂ ਵੀ ਮਾਰਿਆ ਜਾਵੇਗਾ। (ਲੂਕਾ 21:12-17) ਸ਼ੈਤਾਨ, ਉਸ ਦੇ ਦੁਸ਼ਟ ਦੂਤਾਂ ਅਤੇ ਇਨਸਾਨਾਂ ਦੇ ਵਿਰੋਧ ਦੇ ਬਾਵਜੂਦ ਯਹੋਵਾਹ ਦੇ ਲੋਕਾਂ ਨੂੰ ਚੇਲੇ ਬਣਾਉਣ ਦੇ ਕੰਮ ਵਿਚ ਬਹੁਤ ਸਫ਼ਲਤਾ ਮਿਲ ਰਹੀ ਹੈ। ਅੱਜ “ਪੂਰੀ ਦੁਨੀਆਂ” ਵਿਚ ਇਹ ਕੰਮ ਕੀਤਾ ਜਾ ਰਿਹਾ ਹੈ। ਉਹ ਸ਼ਹਿਰਾਂ, ਪਿੰਡਾਂ, ਜੰਗਲੀ ਇਲਾਕਿਆਂ, ਪਹਾੜੀ ਇਲਾਕਿਆਂ, ਗਰਮ ਤੋਂ ਗਰਮ ਤੇ ਠੰਢੇ ਤੋਂ ਠੰਢੇ ਇਲਾਕਿਆਂ ਤੇ ਰੇਗਿਸਤਾਨੀ ਇਲਾਕਿਆਂ ਵਿਚ ਪ੍ਰਚਾਰ ਕਰ ਰਹੇ ਹਨ। (ਮੱਤੀ 24:14) ਪਰਮੇਸ਼ੁਰ ਦੀ ਮਦਦ ਤੋਂ ਬਿਨਾਂ ਇਹ ਕੰਮ ਨਾਮੁਮਕਿਨ ਹੋਣਾ ਸੀ।

‘ਸੱਚਾ ਗਿਆਨ ਵਧਿਆ-ਫ਼ੁੱਲਿਆ ਹੈ’

14. ਕਿਤਾਬਾਂ-ਰਸਾਲਿਆਂ ਰਾਹੀਂ ਸੱਚਾ ਗਿਆਨ ਕਿਵੇਂ ਵਧਿਆ ਹੈ?

14 ਅੱਜ ਬਹੁਤ ਸਾਰੇ ਲੋਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ, ਇਸ ਕਰਕੇ ਸੱਚਾ ਗਿਆਨ ਵਧਿਆ-ਫੁੱਲਿਆ ਹੈ। ਕਿਤਾਬਾਂ-ਰਸਾਲਿਆਂ ਰਾਹੀਂ ਵੀ ਇਹ ਗਿਆਨ ਵਧਿਆ ਹੈ। ਜੁਲਾਈ 1879 ਵਿਚ ਬਾਈਬਲ ਸਟੂਡੈਂਟਸ ਨੇ ਇਸ ਰਸਾਲੇ ਦਾ ਪਹਿਲਾ ਅੰਕ ਛਾਪਿਆ ਸੀ ਅਤੇ ਇਸ ਦਾ ਨਾਂ ਸੀ ਸੀਓਨ ਦਾ ਪਹਿਰਾਬੁਰਜ ਅਤੇ ਮਸੀਹ ਦੀ ਮੌਜੂਦਗੀ ਦਾ ਐਲਾਨ। ਇਕ ਬਾਹਰਲੀ ਕੰਪਨੀ ਨੇ ਇਹ ਅੰਕ ਛਾਪਿਆ ਸੀ ਅਤੇ ਇਸ ਦੀਆਂ ਸਿਰਫ਼ ਅੰਗ੍ਰੇਜ਼ੀ ਵਿਚ 6,000 ਕਾਪੀਆਂ ਛਾਪੀਆਂ ਗਈਆਂ ਸਨ। 27 ਸਾਲਾਂ ਦੇ ਚਾਰਲਜ਼ ਟੇਜ਼ ਰਸਲ ਨੂੰ ਇਸ ਰਸਾਲੇ ਦਾ ਸੰਪਾਦਕ ਬਣਾਇਆ ਗਿਆ ਸੀ ਅਤੇ ਪੰਜ ਹੋਰ ਸਮਝਦਾਰ ਭਰਾ ਇਸ ਰਸਾਲੇ ਲਈ ਲੇਖ ਲਿਖਦੇ ਸਨ। ਪਹਿਰਾਬੁਰਜ ਹੁਣ 195 ਭਾਸ਼ਾਵਾਂ ਵਿਚ ਛਪਦਾ ਹੈ। ਇਸ ਦੇ ਹਰ ਅੰਕ ਦੀਆਂ 4,21,82,000 ਕਾਪੀਆਂ ਵੰਡੀਆਂ ਜਾਂਦੀਆਂ ਹਨ, ਇਸ ਲਈ ਇਹ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਵੰਡਿਆ ਜਾਣ ਵਾਲਾ ਰਸਾਲਾ ਹੈ। ਅਤੇ ਦੂਜਾ ਸਭ ਤੋਂ ਜ਼ਿਆਦਾ ਵੰਡਿਆ ਜਾਣ ਵਾਲਾ ਰਸਾਲਾ ਹੈ ਜਾਗਰੂਕ ਬਣੋ! ਜਿਸ ਦੀਆਂ 84 ਭਾਸ਼ਾਵਾਂ ਵਿਚ 4,10,42,000 ਕਾਪੀਆਂ ਵੰਡੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ਹਰ ਸਾਲ ਲਗਭਗ 10 ਕਰੋੜ ਕਿਤਾਬਾਂ ਅਤੇ ਬਾਈਬਲਾਂ ਛਾਪੀਆਂ ਜਾਂਦੀਆਂ ਹਨ।

15. ਛਪਾਈ ਦੇ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ?

15 ਛਪਾਈ ਦਾ ਇੰਨਾ ਜ਼ਿਆਦਾ ਕੰਮ ਦਾਨ ਦੇ ਸਿਰ ’ਤੇ ਚਲਾਇਆ ਜਾਂਦਾ ਹੈ। (ਮੱਤੀ 10:8 ਪੜ੍ਹੋ।) ਦੁਨੀਆਂ ਵਿਚ ਜਿਹੜੇ ਲੋਕ ਛਪਾਈ ਦਾ ਕੰਮ ਕਰਦੇ ਹਨ, ਉਨ੍ਹਾਂ ਲਈ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿਉਂਕਿ ਉਹ ਜਾਣਦੇ ਹਨ ਕਿ ਛਪਾਈ ਦੀਆਂ ਮਸ਼ੀਨਾਂ, ਕਾਗਜ਼, ਸਿਆਹੀ ਤੇ ਹੋਰ ਚੀਜ਼ਾਂ ਖ਼ਰੀਦਣ ਲਈ ਕਿੰਨਾ ਸਾਰਾ ਪੈਸਾ ਚਾਹੀਦਾ ਹੈ। ਦੁਨੀਆਂ ਦੇ ਵੱਖੋ-ਵੱਖਰੇ ਬੈਥਲ ਘਰਾਂ ਲਈ ਸਾਮਾਨ ਖ਼ਰੀਦਣ ਵਾਲੇ ਇਕ ਭਰਾ ਨੇ ਕਿਹਾ: “ਜਦੋਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਲੋਕ ਆ ਕੇ ਦੇਖਦੇ ਹਨ ਕਿ ਬੈਥਲ ਵਿਚ ਵਧੀਆ ਤੋਂ ਵਧੀਆ ਛਪਾਈ ਮਸ਼ੀਨਾਂ ਉੱਤੇ ਇੰਨੀ ਛਪਾਈ ਹੁੰਦੀ ਹੈ, ਤਾਂ ਉਹ ਹੱਕੇ-ਬੱਕੇ ਰਹਿ ਜਾਂਦੇ ਹਨ। ਉਨ੍ਹਾਂ ਨੂੰ ਇਹ ਦੇਖ ਕੇ ਵੀ ਹੈਰਾਨੀ ਹੁੰਦੀ ਹੈ ਕਿ ਬੈਥਲ ਵਿਚ ਇੰਨੇ ਨੌਜਵਾਨ ਕੰਮ ਕਰਦੇ ਹਨ ਅਤੇ ਸਾਰੇ ਖ਼ੁਸ਼ ਹਨ।”

ਧਰਤੀ ਪਰਮੇਸ਼ੁਰ ਦੇ ਗਿਆਨ ਨਾਲ ਭਰ ਜਾਵੇਗੀ

16. ਯਹੋਵਾਹ ਨੇ ਕਿਸ ਮਕਸਦ ਨਾਲ ਇੰਨਾ ਸਾਰਾ “ਸੱਚਾ ਗਿਆਨ” ਦਿੱਤਾ ਹੈ?

16 ਯਹੋਵਾਹ ਨੇ ਇਕ ਚੰਗੇ ਮਕਸਦ ਨਾਲ ਇੰਨਾ ਸਾਰਾ “ਸੱਚਾ ਗਿਆਨ” ਦਿੱਤਾ ਹੈ। ਉਸ ਦੀ ਇੱਛਾ ਹੈ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” (1 ਤਿਮੋ. 2:3, 4) ਯਹੋਵਾਹ ਚਾਹੁੰਦਾ ਹੈ ਕਿ ਲੋਕ ਸੱਚਾਈ ਜਾਣਨ ਤਾਂਕਿ ਉਹ ਸਹੀ ਤਰੀਕੇ ਨਾਲ ਉਸ ਦੀ ਭਗਤੀ ਕਰ ਸਕਣ ਅਤੇ ਉਸ ਤੋਂ ਬਰਕਤਾਂ ਪਾਉਣ। “ਸੱਚਾ ਗਿਆਨ” ਦੇ ਕੇ ਯਹੋਵਾਹ ਨੇ ਚੁਣੇ ਹੋਏ ਮਸੀਹੀਆਂ ਨੂੰ ਇਕੱਠਾ ਕੀਤਾ ਹੈ। ਨਾਲੇ ਉਹ “ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਬੋਲੀਆਂ ਦੇ ਲੋਕਾਂ ਦੀ ਇਕ ਵੱਡੀ ਭੀੜ” ਇਕੱਠੀ ਕਰ ਰਿਹਾ ਹੈ ਜਿਨ੍ਹਾਂ ਕੋਲ ਧਰਤੀ ’ਤੇ ਹਮੇਸ਼ਾ ਰਹਿਣ ਦੀ ਉਮੀਦ ਹੈ।—ਪ੍ਰਕਾ. 7:9.

17. ਯਹੋਵਾਹ ਦੇ ਸੇਵਕਾਂ ਦੀ ਗਿਣਤੀ ਵਿਚ ਵਾਧਾ ਕਿਨ੍ਹਾਂ ਗੱਲਾਂ ਦਾ ਸਬੂਤ ਹੈ?

17 ਪਿਛਲੇ 130 ਸਾਲਾਂ ਦੌਰਾਨ ਯਹੋਵਾਹ ਦੀ ਸੇਵਾ ਕਰਨ ਵਾਲਿਆਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ ਹੈ। ਇਹ ਵਾਧਾ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਯਹੋਵਾਹ ਅਤੇ ਰਾਜਾ ਯਿਸੂ ਮਸੀਹ ਧਰਤੀ ਉੱਤੇ ਪਰਮੇਸ਼ੁਰ ਦੇ ਸੇਵਕਾਂ ਨਾਲ ਹਨ ਅਤੇ ਉਨ੍ਹਾਂ ਨੂੰ ਸੇਧ ਅਤੇ ਗਿਆਨ ਦੇ ਰਹੇ ਹਨ ਅਤੇ ਉਨ੍ਹਾਂ ਦੀ ਰਾਖੀ ਕਰ ਰਹੇ ਹਨ। ਇਸ ਵਾਧੇ ਕਰਕੇ ਸਾਨੂੰ ਯਹੋਵਾਹ ’ਤੇ ਹੋਰ ਵੀ ਜ਼ਿਆਦਾ ਯਕੀਨ ਹੁੰਦਾ ਹੈ ਕਿ ਉਹ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ। “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।” (ਯਸਾ. 11:9) ਉਸ ਵੇਲੇ ਮਨੁੱਖਜਾਤੀ ਨੂੰ ਕਿੰਨੀਆਂ ਬਰਕਤਾਂ ਮਿਲਣਗੀਆਂ!

[ਫੁਟਨੋਟ]

^ ਪੈਰਾ 6 ਤੁਹਾਨੂੰ ਜਿਹੋਵਾਹਜ਼ ਵਿਟਨਸਿਜ਼—ਫੇਥ ਇਨ ਐਕਸ਼ਨ ਪਾਰਟ 1 ਐਂਡ ਪਾਰਟ 2 ਡੀ. ਵੀ. ਡੀਜ਼ ਦੇਖ ਕੇ ਫ਼ਾਇਦਾ ਹੋਵੇਗਾ।

[ਸਵਾਲ]

[ਸਫ਼ਾ 6 ਉੱਤੇ ਤਸਵੀਰ]

ਬਾਈਬਲ ਸਟੂਡੈਂਟਸ ਨਿਮਰ ਲੋਕ ਸਨ ਜਿਹੜੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਸਨ

[ਸਫ਼ਾ 7 ਉੱਤੇ ਤਸਵੀਰ]

“ਸੱਚਾ ਗਿਆਨ” ਫੈਲਾਉਣ ਦੇ ਤੁਹਾਡੇ ਜਤਨਾਂ ਦੀ ਯਹੋਵਾਹ ਬਹੁਤ ਕਦਰ ਕਰਦਾ ਹੈ