Skip to content

Skip to table of contents

ਸ਼ੈਤਾਨ ਦਾ ਡਟ ਕੇ ਮੁਕਾਬਲਾ ਕਰੋ!

ਸ਼ੈਤਾਨ ਦਾ ਡਟ ਕੇ ਮੁਕਾਬਲਾ ਕਰੋ!

ਸ਼ੈਤਾਨ ਦਾ ਡਟ ਕੇ ਮੁਕਾਬਲਾ ਕਰੋ!

‘ਤੁਸੀਂ ਸ਼ੈਤਾਨ ਦੀਆਂ ਚਾਲਾਂ ਦਾ ਡਟ ਕੇ ਮੁਕਾਬਲਾ ਕਰੋ।’—ਅਫ਼. 6:11.

ਤੁਸੀਂ ਕੀ ਜਵਾਬ ਦਿਓਗੇ?

ਯਹੋਵਾਹ ਦੇ ਸੇਵਕ ਧਨ-ਦੌਲਤ ਦੇ ਫੰਦੇ ਵਿਚ ਫਸਣ ਤੋਂ ਕਿਵੇਂ ਬਚ ਸਕਦੇ ਹਨ?

ਵਿਆਹੁਤਾ ਮਸੀਹੀ ਹਰਾਮਕਾਰੀ ਦੇ ਟੋਏ ਵਿਚ ਡਿਗਣ ਤੋਂ ਕਿਵੇਂ ਬਚ ਸਕਦੇ ਹਨ?

ਤੁਸੀਂ ਕਿਉਂ ਯਕੀਨ ਰੱਖਦੇ ਹੋ ਕਿ ਧਨ-ਦੌਲਤ ਤੇ ਹਰਾਮਕਾਰੀ ਦੇ ਫੰਦਿਆਂ ਦਾ ਡਟ ਕੇ ਮੁਕਾਬਲਾ ਕਰਨ ਦਾ ਤੁਹਾਨੂੰ ਫ਼ਾਇਦਾ ਹੋਵੇਗਾ?

1, 2. (ੳ) ਸ਼ੈਤਾਨ ਚੁਣੇ ਹੋਏ ਮਸੀਹੀਆਂ ਤੇ “ਹੋਰ ਭੇਡਾਂ” ਨਾਲ ਨਫ਼ਰਤ ਕਿਉਂ ਕਰਦਾ ਹੈ? (ਅ) ਇਸ ਲੇਖ ਵਿਚ ਅਸੀਂ ਸ਼ੈਤਾਨ ਦੇ ਕਿਨ੍ਹਾਂ ਫੰਦਿਆਂ ਬਾਰੇ ਦੇਖਾਂਗੇ?

ਸ਼ੈਤਾਨ ਇਨਸਾਨਾਂ ਨਾਲ ਨਫ਼ਰਤ ਕਰਦਾ ਹੈ, ਖ਼ਾਸ ਕਰਕੇ ਯਹੋਵਾਹ ਦੇ ਸੇਵਕਾਂ ਨਾਲ। ਦਰਅਸਲ ਸ਼ੈਤਾਨ ਚੁਣੇ ਹੋਏ ਮਸੀਹੀਆਂ ਨਾਲ ਲੜਾਈ ਕਰ ਰਿਹਾ ਹੈ। (ਪ੍ਰਕਾ. 12:17) ਇਨ੍ਹਾਂ ਮਸੀਹੀਆਂ ਨੇ ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰ ਦੀ ਅਗਵਾਈ ਦਲੇਰੀ ਨਾਲ ਕੀਤੀ ਹੈ ਤੇ ਲੋਕਾਂ ਨੂੰ ਦੱਸਿਆ ਹੈ ਕਿ ਸ਼ੈਤਾਨ ਇਸ ਦੁਨੀਆਂ ਦਾ ਰਾਜਾ ਹੈ। ਸ਼ੈਤਾਨ ਨੂੰ “ਹੋਰ ਭੇਡਾਂ” ਨਾਲ ਵੀ ਕੋਈ ਪਿਆਰ ਨਹੀਂ ਹੈ ਜੋ ਚੁਣੇ ਹੋਏ ਮਸੀਹੀਆਂ ਦਾ ਸਾਥ ਦਿੰਦੀਆਂ ਹਨ। (ਯੂਹੰ. 10:16) ਇਨ੍ਹਾਂ ਲੋਕਾਂ ਨੂੰ ਆਸ ਹੈ ਕਿ ਉਹ ਇਸ ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ। ਸ਼ੈਤਾਨ ਹਮੇਸ਼ਾ ਲਈ ਜੀਉਣ ਦਾ ਮੌਕਾ ਗੁਆ ਚੁੱਕਾ ਹੈ। ਇਸੇ ਕਰਕੇ ਉਸ ਨੂੰ ਇੰਨਾ ਗੁੱਸਾ ਹੈ। ਚਾਹੇ ਸਾਡੀ ਆਸ ਸਵਰਗ ਜਾਣ ਦੀ ਹੈ ਜਾਂ ਧਰਤੀ ’ਤੇ ਹਮੇਸ਼ਾ ਰਹਿਣ ਦੀ, ਸ਼ੈਤਾਨ ਨੂੰ ਇਸ ਨਾਲ ਕੋਈ ਮਤਲਬ ਨਹੀਂ ਹੈ। ਉਸ ਦਾ ਮਕਸਦ ਤਾਂ ਸਾਨੂੰ ਆਪਣੇ ਸ਼ਿਕਾਰ ਬਣਾਉਣਾ ਹੈ।—1 ਪਤ. 5:8.

2 ਆਪਣੇ ਮਕਸਦ ਨੂੰ ਪੂਰਾ ਕਰਨ ਲਈ ਉਹ ਅਲੱਗ-ਅਲੱਗ ਤਰੀਕੇ ਵਰਤਦਾ ਹੈ। ਉਸ ਨੇ ਅਵਿਸ਼ਵਾਸੀ ਲੋਕਾਂ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ ਹੋਈਆਂ ਹਨ ਜਿਸ ਕਰਕੇ ਉਹ ਰਾਜ ਦੇ ਸੰਦੇਸ਼ ਨੂੰ ਕਬੂਲ ਨਹੀਂ ਕਰਦੇ ਹਨ। ਉਹ ਸ਼ੈਤਾਨ ਦੇ ਫੰਦਿਆਂ ਨੂੰ ਦੇਖ ਨਹੀਂ ਸਕਦੇ। ਇਸ ਦੇ ਨਾਲ-ਨਾਲ ਉਹ ਉਨ੍ਹਾਂ ਲੋਕਾਂ ਨੂੰ ਵੀ ਆਪਣੇ ਫੰਦੇ ਵਿਚ ਫਸਾਉਂਦਾ ਹੈ ਜਿਨ੍ਹਾਂ ਨੇ ਰਾਜ ਦਾ ਸੰਦੇਸ਼ ਕਬੂਲ ਕੀਤਾ ਹੈ। (2 ਕੁਰਿੰ. 4:3, 4) ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਅਸੀਂ ਸ਼ੈਤਾਨ ਦੇ ਤਿੰਨ ਫੰਦਿਆਂ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ। ਇਹ ਫੰਦੇ ਹਨ: (1) ਬੇਲਗਾਮ ਜ਼ਬਾਨ, (2) ਡਰ ਤੇ ਦਬਾਅ ਅਤੇ (3) ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨਾ। ਆਓ ਅਸੀਂ ਹੁਣ ਦੇਖੀਏ ਕਿ ਅਸੀਂ ਸ਼ੈਤਾਨ ਦੇ ਹੋਰ ਦੋ ਫੰਦਿਆਂ ਦਾ ਕਿਵੇਂ ਸਾਮ੍ਹਣਾ ਕਰ ਸਕਦੇ ਹਾਂ। ਇਹ ਫੰਦੇ ਹਨ: ਧਨ-ਦੌਲਤ ਨਾਲ ਪਿਆਰ ਤੇ ਹਰਾਮਕਾਰੀ।

ਧਨ-ਦੌਲਤ ਦਾ ਫੰਦਾ

3, 4. ਕਈ ਮਸੀਹੀ ਧਨ-ਦੌਲਤ ਕਮਾਉਣ ਵਿਚ ਕਿਉਂ ਲੱਗ ਗਏ ਹਨ?

3 ਯਿਸੂ ਨੇ ਆਪਣੀ ਇਕ ਮਿਸਾਲ ਵਿਚ ਉਸ ਬੀਜ ਬਾਰੇ ਗੱਲ ਕੀਤੀ ਜੋ ਕੰਡਿਆਲ਼ੀਆਂ ਝਾੜੀਆਂ ਵਿਚ ਡਿਗਿਆ ਸੀ। ਉਸ ਨੇ ਦੱਸਿਆ ਕਿ ਕੋਈ ਇਨਸਾਨ ਸ਼ਾਇਦ ਪਰਮੇਸ਼ੁਰ ਦਾ ਬਚਨ ਸੁਣੇ, “ਪਰ ਇਸ ਜ਼ਮਾਨੇ ਦੀਆਂ ਚਿੰਤਾਵਾਂ ਅਤੇ ਧਨ ਦੀ ਧੋਖਾ ਦੇਣ ਵਾਲੀ ਤਾਕਤ ਬਚਨ ਨੂੰ ਦਬਾ ਦਿੰਦੀ ਹੈ ਅਤੇ ਉਹ ਕੋਈ ਫਲ ਨਹੀਂ ਦਿੰਦਾ।” (ਮੱਤੀ 13:22) ਜੀ ਹਾਂ, ਸਾਡਾ ਦੁਸ਼ਮਣ ਸ਼ੈਤਾਨ ਸਾਨੂੰ ਫਸਾਉਣ ਲਈ ਧਨ-ਦੌਲਤ ਨੂੰ ਫੰਦੇ ਵਜੋਂ ਵਰਤਦਾ ਹੈ।

4 ਧਿਆਨ ਦਿਓ ਕਿ ਦੋ ਚੀਜ਼ਾਂ ਮਿਲ ਕੇ ਬਚਨ ਨੂੰ ਦਬਾਉਂਦੀਆਂ ਹਨ। ਇਕ ਚੀਜ਼ ਹੈ: “ਜ਼ਮਾਨੇ ਦੀਆਂ ਚਿੰਤਾਵਾਂ।” ਇਨ੍ਹਾਂ ‘ਮੁਸੀਬਤ ਭਰੇ ਸਮਿਆਂ’ ਵਿਚ ਸਾਨੂੰ ਬਹੁਤ ਸਾਰੀਆਂ ਗੱਲਾਂ ਕਰਕੇ ਚਿੰਤਾ ਹੋ ਸਕਦੀ ਹੈ। (2 ਤਿਮੋ. 3:1) ਵਧਦੀ ਮਹਿੰਗਾਈ ਤੇ ਬੇਰੋਜ਼ਗਾਰੀ ਕਰਕੇ ਸਾਡੇ ਲਈ ਰੋਜ਼ੀ-ਰੋਟੀ ਕਮਾਉਣੀ ਔਖੀ ਹੋਵੇ। ਸਾਨੂੰ ਸ਼ਾਇਦ ਇਸ ਗੱਲ ਦਾ ਵੀ ਫ਼ਿਕਰ ਹੋਵੇ: ‘ਕੀ ਮੇਰੇ ਕੋਲ ਬੁਢਾਪੇ ਵਿਚ ਗੁਜ਼ਾਰਾ ਤੋਰਨ ਲਈ ਪੈਸਾ ਹੋਵੇਗਾ?’ ਇਸ ਚਿੰਤਾ ਕਰਕੇ ਕਈ ਮਸੀਹੀ ਧਨ-ਦੌਲਤ ਕਮਾਉਣ ਵਿਚ ਲੱਗ ਗਏ ਹਨ। ਉਹ ਸੋਚਦੇ ਹਨ ਕਿ ਜੇ ਉਨ੍ਹਾਂ ਕੋਲ ਪੈਸਾ ਹੋਵੇਗਾ, ਤਾਂ ਉਹ ਆਰਾਮ ਨਾਲ ਆਪਣੀ ਜ਼ਿੰਦਗੀ ਜੀ ਸਕਣਗੇ।

5. ‘ਧਨ ਦੀ ਤਾਕਤ’ ਧੋਖਾ ਕਿਵੇਂ ਦੇ ਸਕਦੀ ਹੈ?

5 ਯਿਸੂ ਨੇ ਇਕ ਹੋਰ ਚੀਜ਼ ਦੀ ਗੱਲ ਕੀਤੀ। ਉਹ ਹੈ: “ਧਨ ਦੀ ਧੋਖਾ ਦੇਣ ਵਾਲੀ ਤਾਕਤ।” ਚਿੰਤਾ ਦੇ ਨਾਲ-ਨਾਲ ਧਨ ਦਾ ਧੋਖਾ ਬਚਨ ਨੂੰ ਦਬਾ ਸਕਦਾ ਹੈ। ਬਾਈਬਲ ਵਿਚ ਕਿਹਾ ਗਿਆ ਹੈ ਕਿ ‘ਧਨ ਸੁਰੱਖਿਆ ਦਿੰਦਾ ਹੈ।’ (ਉਪ. 7:12, CL) ਪਰ ਧਨ-ਦੌਲਤ ਦੇ ਪਿੱਛੇ ਭੱਜਣਾ ਮੂਰਖਤਾ ਹੈ। ਬਹੁਤ ਸਾਰੇ ਮਸੀਹੀਆਂ ਨੇ ਦੇਖਿਆ ਹੈ ਕਿ ਜਿੰਨਾ ਜ਼ਿਆਦਾ ਉਹ ਪੈਸੇ ਕਮਾਉਣ ਦੇ ਚੱਕਰਾਂ ਵਿਚ ਪੈਂਦੇ ਹਨ, ਉੱਨਾ ਜ਼ਿਆਦਾ ਹੀ ਉਹ ਇਸ ਫੰਦੇ ਵਿਚ ਫਸਦੇ ਜਾਂਦੇ ਹਨ। ਕਈ ਤਾਂ ਇਸ ਦੇ ਗ਼ੁਲਾਮ ਬਣ ਗਏ ਹਨ।—ਮੱਤੀ 6:24.

6, 7. (ੳ) ਤੁਸੀਂ ਕੰਮ ’ਤੇ ਧਨ-ਦੌਲਤ ਦੇ ਫੰਦੇ ਵਿਚ ਕਿਵੇਂ ਫਸ ਸਕਦੇ ਹੋ? (ਅ) ਓਵਰਟਾਈਮ ਕਰਨ ਸੰਬੰਧੀ ਤੁਹਾਨੂੰ ਕਿਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

6 ਸਾਡੇ ਦਿਲ ਵਿਚ ਅਮੀਰ ਬਣਨ ਦੀ ਇੱਛਾ ਅਣਜਾਣੇ ਵਿਚ ਹੀ ਪੈਦਾ ਹੋ ਸਕਦੀ ਹੈ। ਜ਼ਰਾ ਕਲਪਨਾ ਕਰੋ ਕਿ ਤੁਹਾਡਾ ਬਾਸ ਆ ਕੇ ਤੁਹਾਨੂੰ ਕਹਿੰਦਾ ਹੈ: “ਮੈਂ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣੀ ਚਾਹੁੰਦਾ ਹਾਂ! ਸਾਡੀ ਕੰਪਨੀ ਨੂੰ ਇਕ ਵੱਡਾ ਠੇਕਾ ਮਿਲਿਆ ਹੈ। ਇਸ ਕਰਕੇ ਅਗਲੇ ਕੁਝ ਮਹੀਨਿਆਂ ਵਿਚ ਤੁਹਾਨੂੰ ਬਹੁਤ ਸਾਰਾ ਓਵਰਟਾਈਮ ਕਰਨਾ ਪਵੇਗਾ। ਪਰ ਇਸ ਲਈ ਤੁਹਾਨੂੰ ਚੰਗੇ ਪੈਸੇ ਦਿੱਤੇ ਜਾਣਗੇ।” ਤੁਸੀਂ ਕੀ ਕਰੋਗੇ? ਇਹ ਸੱਚ ਹੈ ਕਿ ਤੁਹਾਡੇ ਉੱਤੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਹੈ, ਪਰ ਤੁਹਾਡੀ ਸਿਰਫ਼ ਇਹੀ ਜ਼ਿੰਮੇਵਾਰੀ ਨਹੀਂ ਹੈ। (1 ਤਿਮੋ. 5:8) ਤੁਹਾਨੂੰ ਹੋਰ ਗੱਲਾਂ ’ਤੇ ਵੀ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਤੁਹਾਨੂੰ ਕਿੰਨਾ ਕੁ ਓਵਰਟਾਈਮ ਕਰਨਾ ਪਵੇਗਾ? ਕੀ ਓਵਰਟਾਈਮ ਕਰਨ ਕਰਕੇ ਤੁਸੀਂ ਸਾਰੀਆਂ ਮੀਟਿੰਗਾਂ ਵਿਚ ਹਾਜ਼ਰ ਹੋ ਸਕੋਗੇ ਅਤੇ ਆਪਣੇ ਪਰਿਵਾਰ ਨਾਲ ਸਟੱਡੀ ਕਰ ਸਕੋਗੇ?

7 ਫ਼ੈਸਲਾ ਕਰਦੇ ਹੋਏ ਸੋਚੋ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਕਿਸ ਚੀਜ਼ ਨੂੰ ਪਹਿਲ ਦਿਓਗੇ? ਕੀ ਤੁਸੀਂ ਓਵਰਟਾਈਮ ਕਰ ਕੇ ਆਪਣੀਆਂ ਜੇਬਾਂ ਪੈਸੇ ਨਾਲ ਭਰਨ ਬਾਰੇ ਸੋਚੋਗੇ ਜਾਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਬਾਰੇ ਸੋਚੋਗੇ? ਕੀ ਹੋਰ ਪੈਸੇ ਕਮਾਉਣ ਦੀ ਖ਼ਾਤਰ ਤੁਸੀਂ ਕਿਤੇ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣੀ ਛੱਡ ਤਾਂ ਨਹੀਂ ਦਿਓਗੇ? ਕੀ ਤੁਸੀਂ ਦੇਖ ਸਕਦੇ ਹੋ ਕਿ ਪੈਸੇ ਪਿੱਛੇ ਭੱਜਣ ਕਰਕੇ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਪਰਮੇਸ਼ੁਰ ਨਾਲ ਰਿਸ਼ਤਾ ਕਮਜ਼ੋਰ ਪੈ ਸਕਦਾ ਹੈ? ਜੇ ਤੁਹਾਡੇ ਨਾਲ ਇਸ ਤਰ੍ਹਾਂ ਹੋ ਰਿਹਾ ਹੈ, ਤਾਂ ਤੁਸੀਂ ਕਿਸ ਤਰ੍ਹਾਂ ਧਨ-ਦੌਲਤ ਦੇ ਫੰਦੇ ਤੋਂ ਬਚ ਕੇ ਨਿਕਲ ਸਕਦੇ ਹੋ?—1 ਤਿਮੋਥਿਉਸ 6:9, 10 ਪੜ੍ਹੋ।

8. ਬਾਈਬਲ ਦੀਆਂ ਕਿਨ੍ਹਾਂ ਮਿਸਾਲਾਂ ’ਤੇ ਗੌਰ ਕਰ ਕੇ ਅਸੀਂ ਆਪਣੀ ਜਾਂਚ ਕਰ ਸਕਦੇ ਹਾਂ?

8 ਇਸ ਫੰਦੇ ਤੋਂ ਬਚਣ ਲਈ ਤੁਹਾਨੂੰ ਸਮੇਂ-ਸਮੇਂ ’ਤੇ ਆਪਣੀ ਜਾਂਚ ਕਰਨੀ ਚਾਹੀਦੀ ਹੈ। ਤੁਸੀਂ ਕਦੀ ਵੀ ਏਸਾਓ ਵਰਗੇ ਨਹੀਂ ਬਣਨਾ ਚਾਹੋਗੇ ਜਿਸ ਨੇ ਆਪਣੇ ਕੰਮਾਂ ਨਾਲ ਦਿਖਾਇਆ ਕਿ ਉਹ ਪਰਮੇਸ਼ੁਰ ਦੇ ਵਾਅਦਿਆਂ ਨਾਲ ਨਫ਼ਰਤ ਕਰਦਾ ਸੀ। (ਉਤ. 25:34; ਇਬ. 12:16) ਨਾ ਹੀ ਤੁਸੀਂ ਉਸ ਅਮੀਰ ਆਦਮੀ ਵਰਗੇ ਬਣਨਾ ਚਾਹੋਗੇ ਜਿਸ ਨੂੰ ਯਿਸੂ ਨੇ ਕਿਹਾ ਸੀ ਕਿ ਉਹ ਆਪਣਾ ਸਭ ਕੁਝ ਵੇਚ ਕੇ ਪੈਸਾ ਗ਼ਰੀਬਾਂ ਵਿਚ ਵੰਡ ਦੇਵੇ ਤੇ ਉਸ ਦਾ ਚੇਲਾ ਬਣ ਜਾਵੇ। ਇਸ ਤਰ੍ਹਾਂ ਕਰਨ ਦੀ ਬਜਾਇ ਉਹ ਆਦਮੀ “ਉਦਾਸ ਹੋ ਕੇ ਚਲਾ ਗਿਆ ਕਿਉਂਕਿ ਉਸ ਕੋਲ ਬਹੁਤ ਧਨ-ਦੌਲਤ ਸੀ।” (ਮੱਤੀ 19:21, 22) ਉਸ ਅਮੀਰ ਆਦਮੀ ਨੇ ਧਨ-ਦੌਲਤ ਦੀ ਖ਼ਾਤਰ ਯਿਸੂ ਦਾ ਚੇਲਾ ਬਣਨ ਦਾ ਸਨਮਾਨ ਗੁਆ ਲਿਆ! ਜੇ ਤੁਸੀਂ ਵੀ ਸਾਵਧਾਨ ਨਹੀਂ ਰਹਿੰਦੇ, ਤਾਂ ਤੁਸੀਂ ਵੀ ਯਿਸੂ ਦੇ ਚੇਲੇ ਹੋਣ ਦਾ ਸਨਮਾਨ ਗੁਆ ਬੈਠੋਗੇ।

9, 10. ਬਾਈਬਲ ਅਨੁਸਾਰ ਸਾਨੂੰ ਧਨ-ਦੌਲਤ ਪ੍ਰਤੀ ਕੀ ਨਜ਼ਰੀਆ ਰੱਖਣਾ ਚਾਹੀਦਾ ਹੈ?

9 ਜੇ ਅਸੀਂ ਧਨ ਦੇ ਧੋਖੇ ਵਿਚ ਨਹੀਂ ਫਸਣਾ ਚਾਹੁੰਦੇ, ਤਾਂ ਸਾਨੂੰ ਯਿਸੂ ਦੀ ਸਲਾਹ ’ਤੇ ਧਿਆਨ ਦੇਣ ਦੀ ਲੋੜ ਹੈ। ਉਸ ਨੇ ਕਿਹਾ: “ਤੁਸੀਂ ਕਦੇ ਚਿੰਤਾ ਨਾ ਕਰੋ ਅਤੇ ਇਹ ਨਾ ਕਹੋ, ‘ਅਸੀਂ ਕੀ ਖਾਵਾਂਗੇ?’ ਜਾਂ ‘ਅਸੀਂ ਕੀ ਪੀਵਾਂਗੇ?’ ਜਾਂ ‘ਅਸੀਂ ਕੀ ਪਹਿਨਾਂਗੇ?’ ਕਿਉਂਕਿ ਦੁਨੀਆਂ ਦੇ ਲੋਕ ਇਨ੍ਹਾਂ ਸਭ ਚੀਜ਼ਾਂ ਦੇ ਪਿੱਛੇ ਭੱਜਦੇ ਹਨ। ਤੁਹਾਡੇ ਸਵਰਗੀ ਪਿਤਾ ਨੂੰ ਪਤਾ ਹੈ ਕਿ ਤੁਹਾਨੂੰ ਇਨ੍ਹਾਂ ਸਭ ਚੀਜ਼ਾਂ ਦੀ ਲੋੜ ਹੈ।”—ਮੱਤੀ 6:31, 32; ਲੂਕਾ 21:34, 35.

10 ਧਨ ਦੇ ਧੋਖੇ ਤੋਂ ਬਚਣ ਲਈ ਸਾਨੂੰ ਬਾਈਬਲ ਦੇ ਲਿਖਾਰੀ ਆਗੂਰ ਵਰਗਾ ਨਜ਼ਰੀਆ ਅਪਣਾਉਣਾ ਚਾਹੀਦਾ ਹੈ। ਉਸ ਨੇ ਲਿਖਿਆ: “ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇਹ, ਮੇਰੀ ਲੋੜ ਜੋਗੀ ਰੋਟੀ ਮੈਨੂੰ ਖਿਲਾ।” (ਕਹਾ. 30:8) ਆਗੂਰ ਨੂੰ ਪਤਾ ਸੀ ਕਿ ਉਸ ਨੂੰ ਜੀਉਣ ਲਈ ਪੈਸੇ ਦੀ ਲੋੜ ਸੀ, ਪਰ ਉਹ ਧਨ ਦੇ ਧੋਖੇ ਨੂੰ ਵੀ ਸਮਝਦਾ ਸੀ। ਸਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਜ਼ਮਾਨੇ ਦੀਆਂ ਚਿੰਤਾਵਾਂ ਤੇ ਧਨ ਦਾ ਧੋਖਾ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਵਿਗਾੜ ਸਕਦਾ ਹੈ। ਬੇਵਜ੍ਹਾ ਚਿੰਤਾ ਕਰਨ ਕਰਕੇ ਸ਼ਾਇਦ ਸਾਡੇ ਕੋਲ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦੇਣ ਲਈ ਸਮਾਂ ਤੇ ਤਾਕਤ ਨਾ ਹੋਵੇ ਜਾਂ ਸਾਡੇ ਵਿਚ ਇਹ ਕੰਮ ਕਰਨ ਦੀ ਇੱਛਾ ਹੀ ਨਾ ਰਹੇ। ਇਸ ਲਈ ਧਨ-ਦੌਲਤ ਦੇ ਫੰਦੇ ਵਿਚ ਨਾ ਫਸਣ ਦਾ ਪੱਕਾ ਇਰਾਦਾ ਕਰੋ।—ਇਬਰਾਨੀਆਂ 13:5 ਪੜ੍ਹੋ।

ਹਰਾਮਕਾਰੀ ਦਾ ਟੋਆ

11, 12. ਇਕ ਮਸੀਹੀ ਕੰਮ ਦੀ ਥਾਂ ’ਤੇ ਕਿਵੇਂ ਹਰਾਮਕਾਰੀ ਦੇ ਟੋਏ ਵਿਚ ਡਿਗ ਸਕਦਾ ਹੈ?

11 ਕਈ ਵਾਰ ਸ਼ਿਕਾਰੀ ਕਿਸੇ ਤਾਕਤਵਰ ਜਾਨਵਰ ਨੂੰ ਫੜਨ ਲਈ ਰਾਹ ਵਿਚ ਡੂੰਘਾ ਟੋਆ ਪੁੱਟਦੇ ਹਨ। ਇਹ ਟੋਆ ਲੱਕੜੀਆਂ ਤੇ ਮਿੱਟੀ ਨਾਲ ਲੁਕਾਇਆ ਹੁੰਦਾ ਹੈ। ਸ਼ੈਤਾਨ ਵੀ ਇਸ ਤਰ੍ਹਾਂ ਦਾ ਇਕ ਫੰਦਾ ਇਸਤੇਮਾਲ ਕਰਦਾ ਹੈ ਜੋ ਬਹੁਤ ਕਾਮਯਾਬ ਸਾਬਤ ਹੋਇਆ ਹੈ। ਇਹ ਹੈ ਹਰਾਮਕਾਰੀ ਦਾ ਟੋਆ। (ਕਹਾ. 22:14; 23:27) ਕਈ ਹਾਲਾਤਾਂ ਵਿਚ ਹਰਾਮਕਾਰੀ ਦੇ ਟੋਏ ਵਿਚ ਡਿਗਣਾ ਆਸਾਨ ਹੁੰਦਾ ਹੈ। ਬਹੁਤ ਸਾਰੇ ਮਸੀਹੀ ਇਸ ਤਰ੍ਹਾਂ ਦੇ ਹਾਲਾਤਾਂ ਵਿਚ ਪੈ ਜਾਂਦੇ ਹਨ। ਕਈ ਵਿਆਹੇ ਮਸੀਹੀਆਂ ਨੇ ਕਿਸੇ ਗ਼ੈਰ ਆਦਮੀ ਜਾਂ ਔਰਤ ਨਾਲ ਨਜ਼ਦੀਕੀਆਂ ਵਧਾ ਕੇ ਹਰਾਮਕਾਰੀ ਕੀਤੀ ਹੈ।

12 ਕੰਮ ਦੀ ਥਾਂ ’ਤੇ ਇਸ ਤਰ੍ਹਾਂ ਹੋ ਸਕਦਾ ਹੈ। ਇਕ ਰਿਪੋਰਟ ਅਨੁਸਾਰ ਅੱਧੀਆਂ ਤੋਂ ਜ਼ਿਆਦਾ ਔਰਤਾਂ ਤੇ ਜ਼ਿਆਦਾਤਰ ਆਦਮੀਆਂ ਨੇ ਆਪਣੇ ਨਾਲ ਕੰਮ ਕਰਨ ਵਾਲਿਆਂ ਨਾਲ ਹਰਾਮਕਾਰੀ ਕੀਤੀ ਹੈ। ਤੁਹਾਡੇ ਬਾਰੇ ਕੀ? ਤੁਸੀਂ ਜਿੱਥੇ ਕੰਮ ਕਰਦੇ ਹੋ, ਉੱਥੇ ਸ਼ਾਇਦ ਕੁਝ ਤੀਵੀਆਂ ਕੰਮ ਕਰਦੀਆਂ ਹੋਣ। ਤੁਸੀਂ ਕੰਮ ’ਤੇ ਉਨ੍ਹਾਂ ਨਾਲ ਕਿਵੇਂ ਪੇਸ਼ ਆਉਂਦੇ ਹੋ? ਕੀ ਤੁਸੀਂ ਹੱਦ ਵਿਚ ਰਹਿ ਕੇ ਉਨ੍ਹਾਂ ਨਾਲ ਗੱਲਬਾਤ ਕਰਦੇ ਹੋ ਤੇ ਆਪਣੇ ਕੰਮ ਨਾਲ ਹੀ ਮਤਲਬ ਰੱਖਦੇ ਹੋ? ਮਿਸਾਲ ਲਈ, ਇਕ ਮਸੀਹੀ ਭਰਾ ਆਪਣੇ ਨਾਲ ਕੰਮ ਕਰਨ ਵਾਲੀ ਔਰਤ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਲੱਗ ਪਵੇ। ਸ਼ਾਇਦ ਉਹ ਸੋਚੇ: “ਉਹ ਮੇਰੀ ਰਾਇ ਦੀ ਕਦਰ ਕਰਦੀ ਹੈ ਅਤੇ ਮੇਰੀ ਗੱਲ ਸੁਣਦੀ ਹੈ। ਉਹ ਮੈਨੂੰ ਚੰਗੀ ਤਰ੍ਹਾਂ ਸਮਝਦੀ ਵੀ ਹੈ। ਕਾਸ਼ ਮੇਰੀ ਪਤਨੀ ਵੀ ਮੇਰੀ ਇੰਨੀ ਇੱਜ਼ਤ ਕਰਦੀ!” ਜਾਂ ਫਿਰ ਕੰਮ ’ਤੇ ਇਕ ਮਸੀਹੀ ਭੈਣ ਕਿਸੇ ਆਦਮੀ ਨਾਲ ਹਰ ਰੋਜ਼ ਗੱਲਬਾਤ ਕਰਦੀ ਹੈ। ਪਰ ਹੌਲੀ-ਹੌਲੀ ਉਹ ਉਸ ਆਦਮੀ ਨਾਲ ਆਪਣੀਆਂ ਦਿਲ ਦੀਆਂ ਗੱਲਾਂ ਕਰਨ ਲੱਗ ਪਵੇ। ਉਹ ਉਸ ਨੂੰ ਦੱਸਣ ਲੱਗ ਪਵੇ ਕਿ ਉਸ ਦੀ ਆਪਣੇ ਪਤੀ ਨਾਲ ਨਹੀਂ ਬਣਦੀ। ਕੀ ਤੁਸੀਂ ਦੇਖ ਸਕਦੇ ਹੋ ਕਿ ਅਜਿਹੇ ਹਾਲਾਤਾਂ ਵਿਚ ਮਸੀਹੀ ਹਰਾਮਕਾਰੀ ਦੇ ਟੋਏ ਵਿਚ ਡਿਗ ਸਕਦੇ ਹਨ?

13. ਮੰਡਲੀ ਵਿਚ ਵੀ ਕਿਸੇ ਗ਼ੈਰ ਮਰਦ ਜਾਂ ਔਰਤ ਨਾਲ ਨਜ਼ਦੀਕੀਆਂ ਕਿਵੇਂ ਵਧ ਸਕਦੀਆਂ ਹਨ?

13 ਇਸ ਤਰ੍ਹਾਂ ਮਸੀਹੀ ਮੰਡਲੀ ਵਿਚ ਵੀ ਹੋ ਸਕਦਾ ਹੈ। ਇਕ ਸੱਚੀ ਮਿਸਾਲ ’ਤੇ ਗੌਰ ਕਰੋ। ਡੈਨਿਅਲ ਤੇ ਉਸ ਦੀ ਪਤਨੀ ਸੇਰਾਹ * ਦੋਨੋਂ ਰੈਗੂਲਰ ਪਾਇਨੀਅਰ ਸਨ। ਡੈਨਿਅਲ ਮੰਡਲੀ ਵਿਚ ਕਿਸੇ ਕੰਮ ਨੂੰ ਨਾਂਹ ਨਹੀਂ ਕਹਿੰਦਾ ਸੀ। ਉਹ ਹਰ ਜ਼ਿੰਮੇਵਾਰੀ ਲਈ ਝੱਟ ਹਾਂ ਕਹਿ ਦਿੰਦਾ ਸੀ। ਉਹ ਪੰਜ ਮੁੰਡਿਆਂ ਨੂੰ ਬਾਈਬਲ ਸਟੱਡੀ ਵੀ ਕਰਾਉਂਦਾ ਸੀ ਜਿਨ੍ਹਾਂ ਵਿੱਚੋਂ ਤਿੰਨ ਜਣਿਆਂ ਨੇ ਬਪਤਿਸਮਾ ਲੈ ਲਿਆ। ਬਪਤਿਸਮੇ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੂੰ ਬਹੁਤ ਮਦਦ ਦੀ ਲੋੜ ਸੀ। ਜਦੋਂ ਡੈਨਿਅਲ ਮੰਡਲੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਬਿਜ਼ੀ ਹੁੰਦਾ ਸੀ, ਤਾਂ ਸੇਰਾਹ ਉਨ੍ਹਾਂ ਦੀ ਮਦਦ ਕਰਦੀ ਹੁੰਦੀ ਸੀ। ਫਿਰ ਇਸ ਤਰ੍ਹਾਂ ਹਮੇਸ਼ਾ ਹੋਣ ਲੱਗ ਪਿਆ: ਜਦੋਂ ਵੀ ਉਨ੍ਹਾਂ ਨੌਜਵਾਨਾਂ ਨੂੰ ਹੌਸਲੇ ਦੀ ਜ਼ਰੂਰਤ ਹੁੰਦੀ ਸੀ, ਤਾਂ ਸੇਰਾਹ ਉਨ੍ਹਾਂ ਨੂੰ ਹੌਸਲਾ ਦਿੰਦੀ ਸੀ। ਉਹ ਵੀ ਚਾਹੁੰਦੀ ਸੀ ਕਿ ਕੋਈ ਆ ਕੇ ਉਸ ਦਾ ਹਾਲ-ਚਾਲ ਪੁੱਛੇ ਅਤੇ ਉਹ ਨੌਜਵਾਨ ਉਸ ਦਾ ਹਾਲ-ਚਾਲ ਪੁੱਛਦੇ ਸਨ। ਟੋਆ ਪੁੱਟਿਆ ਜਾ ਚੁੱਕਾ ਸੀ। ਡੈਨਿਅਲ ਕਹਿੰਦਾ ਹੈ: “ਕਈ ਮਹੀਨਿਆਂ ਤੋਂ ਮੇਰੀ ਪਤਨੀ ਦੂਸਰਿਆਂ ਦੀ ਮਦਦ ਕਰ ਰਹੀ ਸੀ, ਪਰ ਉਸ ਨੂੰ ਵੀ ਸਹਾਰੇ ਦੀ ਲੋੜ ਸੀ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਵੀ ਕਮਜ਼ੋਰ ਹੁੰਦਾ ਜਾ ਰਿਹਾ ਸੀ। ਇਸ ਸਮੇਂ ਦੌਰਾਨ ਮੈਂ ਉਸ ਦੀ ਕੋਈ ਮਦਦ ਨਹੀਂ ਕੀਤੀ ਤੇ ਇਸ ਦਾ ਨਤੀਜਾ ਬਹੁਤ ਭਿਆਨਕ ਨਿਕਲਿਆ। ਮੇਰੀ ਪਤਨੀ ਨੇ ਉਨ੍ਹਾਂ ਨੌਜਵਾਨਾਂ ਵਿੱਚੋਂ ਇਕ ਨਾਲ ਹਰਾਮਕਾਰੀ ਕੀਤੀ। ਮੈਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਇੰਨਾ ਖੁੱਭਿਆ ਹੋਇਆ ਸੀ ਕਿ ਮੈਂ ਆਪਣੀ ਪਤਨੀ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ।” ਤੁਸੀਂ ਇਸ ਤਰ੍ਹਾਂ ਦੀ ਦੁੱਖ ਭਰੀ ਘਟਨਾ ਤੋਂ ਕਿਵੇਂ ਬਚ ਸਕਦੇ ਹੋ?

14, 15. ਹਰਾਮਕਾਰੀ ਦੇ ਟੋਏ ਵਿਚ ਡਿਗਣ ਤੋਂ ਬਚਣ ਲਈ ਕਿਹੜੀਆਂ ਗੱਲਾਂ ਵਿਆਹੁਤਾ ਮਸੀਹੀਆਂ ਦੀ ਮਦਦ ਕਰ ਸਕਦੀਆਂ ਹਨ?

14 ਹਰਾਮਕਾਰੀ ਦੇ ਟੋਏ ਤੋਂ ਬਚਣ ਲਈ ਤੁਹਾਡੇ ਲਈ ਇਹ ਸੋਚਣਾ ਜ਼ਰੂਰੀ ਹੈ ਕਿ ਤੁਹਾਨੂੰ ਆਪਣੇ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਕਿਉਂ ਰਹਿਣਾ ਚਾਹੀਦਾ ਹੈ। ਯਿਸੂ ਨੇ ਕਿਹਾ: “ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।” (ਮੱਤੀ 19:6) ਮੰਡਲੀ ਵਿਚ ਮਿਲੇ ਸਨਮਾਨਾਂ ਨੂੰ ਕਦੀ ਵੀ ਆਪਣੇ ਜੀਵਨ ਸਾਥੀ ਤੋਂ ਜ਼ਿਆਦਾ ਅਹਿਮ ਨਾ ਸਮਝੋ। ਇਸ ਤੋਂ ਇਲਾਵਾ, ਜੇ ਤੁਸੀਂ ਆਪਣੇ ਜੀਵਨ ਸਾਥੀ ਨਾਲ ਸਮਾਂ ਬਿਤਾਉਣ ਦੀ ਬਜਾਇ ਗ਼ੈਰ-ਜ਼ਰੂਰੀ ਕੰਮਾਂ ਵਿਚ ਬਿਤਾਉਂਦੇ ਹੋ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਹਾਡਾ ਵਿਆਹੁਤਾ ਰਿਸ਼ਤਾ ਕਮਜ਼ੋਰ ਹੈ। ਇਸ ਕਾਰਨ ਫੰਦੇ ਵਿਚ ਫਸ ਕੇ ਤੁਹਾਡੇ ਤੋਂ ਗੰਭੀਰ ਪਾਪ ਹੋ ਸਕਦਾ ਹੈ।

15 ਪਰ ਕੀ ਬਜ਼ੁਰਗ ਹੋਣ ਦੇ ਨਾਤੇ ਤੁਹਾਨੂੰ ਮੰਡਲੀ ਦੀ ਦੇਖ-ਭਾਲ ਨਹੀਂ ਕਰਨੀ ਚਾਹੀਦੀ? ਪਤਰਸ ਰਸੂਲ ਨੇ ਲਿਖਿਆ: “ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰੋ ਜਿਨ੍ਹਾਂ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਗਈ ਹੈ। ਇਹ ਕੰਮ ਮਜਬੂਰੀ ਨਾਲ ਨਹੀਂ, ਸਗੋਂ ਖ਼ੁਸ਼ੀ-ਖ਼ੁਸ਼ੀ ਕਰੋ; ਅਤੇ ਬੇਈਮਾਨੀ ਨਾਲ ਕੁਝ ਹਾਸਲ ਕਰਨ ਦੇ ਲਾਲਚ ਨਾਲ ਨਹੀਂ, ਸਗੋਂ ਜੋਸ਼ ਨਾਲ ਕਰੋ।” (1 ਪਤ. 5:2) ਇਹ ਠੀਕ ਹੈ ਕਿ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ। ਪਰ ਤੁਹਾਨੂੰ ਬਜ਼ੁਰਗ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਲਈ ਆਪਣੀ ਪਤਨੀ ਦੀਆਂ ਲੋੜਾਂ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ। ਕੀ ਮੰਡਲੀ ਦੀ ਖ਼ਾਤਰ ਆਪਣੇ ਵਿਆਹੁਤਾ ਰਿਸ਼ਤੇ ਨੂੰ ਦਾਅ ’ਤੇ ਲਾਉਣਾ ਠੀਕ ਹੋਵੇਗਾ? ਡੈਨਿਅਲ ਨੇ ਕਿਹਾ: “ਮੰਡਲੀ ਵਿਚ ਮਿਲੇ ਸਨਮਾਨਾਂ ਦੀ ਖ਼ਾਤਰ ਆਪਣੇ ਪਰਿਵਾਰ ਨੂੰ ਭੁੱਲ ਜਾਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ।”

16, 17. (ੳ) ਕੰਮ ਦੀ ਥਾਂ ’ਤੇ ਇਕ ਮਸੀਹੀ ਕਿਹੜੇ ਕਦਮ ਚੁੱਕ ਕੇ ਦਿਖਾ ਸਕਦਾ ਹੈ ਕਿ ਉਹ ਕਿਸੇ ਨਾਲ ਵੀ ਨਾਜਾਇਜ਼ ਰਿਸ਼ਤਾ ਨਹੀਂ ਜੋੜਨਾ ਚਾਹੁੰਦਾ? (ਅ) ਦੱਸੋ ਕਿ ਹਰਾਮਕਾਰੀ ਤੋਂ ਬਚਣ ਵਾਸਤੇ ਕਿਤਾਬਾਂ-ਰਸਾਲਿਆਂ ਵਿਚ ਮਸੀਹੀਆਂ ਨੂੰ ਕਿਹੜੀ ਜਾਣਕਾਰੀ ਦਿੱਤੀ ਗਈ ਹੈ।

16 ਵਿਆਹੇ ਮਸੀਹੀਆਂ ਲਈ ਹਰਾਮਕਾਰੀ ਦੇ ਫੰਦੇ ਤੋਂ ਬਚਣ ਲਈ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲਿਆਂ ਵਿਚ ਬਹੁਤ ਵਧੀਆ ਸਲਾਹ ਦਿੱਤੀ ਗਈ ਹੈ। ਮਿਸਾਲ ਲਈ, 15 ਸਤੰਬਰ 2006 ਦੇ ਪਹਿਰਾਬੁਰਜ ਵਿਚ ਇਹ ਸਲਾਹ ਦਿੱਤੀ ਗਈ ਸੀ: ‘ਕੰਮ ’ਤੇ ਕਿਸੇ ਪਰਾਏ ਮਰਦ ਜਾਂ ਔਰਤ ਨਾਲ ਨਜ਼ਦੀਕੀਆਂ ਕਾਇਮ ਕਰਨ ਦੇ ਫੰਦੇ ਤੋਂ ਸਾਵਧਾਨ ਰਹੋ। ਮਿਸਾਲ ਲਈ, ਦਫ਼ਤਰ ਵਿਚ ਓਵਰਟਾਈਮ ਕਰਨ ਵੇਲੇ ਕਿਸੇ ਨਾਲ ਜ਼ਿਆਦਾ ਸਮਾਂ ਬਿਤਾਉਣ ਨਾਲ ਅਸੀਂ ਪਰਤਾਵੇ ਵਿਚ ਪੈ ਸਕਦੇ ਹਾਂ। ਤੁਹਾਡੀ ਬੋਲੀ ਤੇ ਚਾਲ-ਚਲਣ ਤੋਂ ਸਾਫ਼ ਪਤਾ ਲੱਗਣਾ ਚਾਹੀਦਾ ਹੈ ਕਿ ਤੁਸੀਂ ਕਿਸੇ ਪਰਾਏ ਮਰਦ ਜਾਂ ਔਰਤ ਨਾਲ ਰੋਮਾਂਟਿਕ ਰਿਸ਼ਤਾ ਨਹੀਂ ਜੋੜਨਾ ਚਾਹੁੰਦੇ। ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ ਤੁਸੀਂ ਅੱਖ-ਮਟੱਕਾ ਕਰ ਕੇ ਜਾਂ ਗ਼ਲਤ ਢੰਗ ਦੇ ਕੱਪੜੇ ਪਾ ਕੇ ਕਿਸੇ ਦਾ ਧਿਆਨ ਆਪਣੇ ਵੱਲ ਨਹੀਂ ਖਿੱਚੋਗੇ। ਜੇ ਤੁਸੀਂ ਕੰਮ ’ਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਰੱਖੋਗੇ, ਤਾਂ ਇਨ੍ਹਾਂ ਨੂੰ ਦੇਖ ਕੇ ਤੁਹਾਨੂੰ ਤੇ ਹੋਰਨਾਂ ਨੂੰ ਯਾਦ ਰਹੇਗਾ ਕਿ ਤੁਹਾਨੂੰ ਆਪਣਾ ਪਰਿਵਾਰ ਬਹੁਤ ਪਿਆਰਾ ਹੈ। ਜਦ ਕੋਈ ਤੁਹਾਡੇ ’ਤੇ ਡੋਰੇ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਹਾਨੂੰ ਕਦੀ ਵੀ ਉਸ ਨੂੰ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ ਜਾਂ ਉਸ ਦੀਆਂ ਗੰਦੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ।’

17 ਜੁਲਾਈ-ਸਤੰਬਰ 2009 ਦੇ ਜਾਗਰੂਕ ਬਣੋ! ਵਿਚ “ਜੀਵਨ-ਸਾਥੀ ਦੇ ਵਫ਼ਾਦਾਰ ਰਹਿਣ ਦਾ ਕੀ ਮਤਲਬ ਹੈ?” ਨਾਂ ਦੇ ਲੇਖ ਵਿਚ ਆਪਣੇ ਜੀਵਨ ਸਾਥੀ ਤੋਂ ਇਲਾਵਾ ਹੋਰ ਕਿਸੇ ਦੇ ਸੁਪਨੇ ਦੇਖਣ ਬਾਰੇ ਚੇਤਾਵਨੀ ਦਿੱਤੀ ਗਈ ਸੀ। ਇਸ ਲੇਖ ਵਿਚ ਦੱਸਿਆ ਗਿਆ ਸੀ ਕਿ ਅਜਿਹੇ ਗ਼ਲਤ ਵਿਚਾਰਾਂ ਕਰਕੇ ਤੁਸੀਂ ਹਰਾਮਕਾਰੀ ਕਰਨ ਵੱਲ ਖਿੱਚੇ ਜਾ ਸਕਦੇ ਹੋ। (ਯਾਕੂ. 1:14, 15) ਜੇ ਤੁਸੀਂ ਵਿਆਹੇ ਹੋ, ਤਾਂ ਆਪਣੇ ਜੀਵਨ ਸਾਥੀ ਨਾਲ ਮਿਲ ਕੇ ਸਮੇਂ-ਸਮੇਂ ’ਤੇ ਅਜਿਹੇ ਲੇਖਾਂ ਉੱਤੇ ਚਰਚਾ ਕਰੋ। ਵਿਆਹ ਦਾ ਪ੍ਰਬੰਧ ਯਹੋਵਾਹ ਨੇ ਕੀਤਾ ਹੈ ਤੇ ਇਹ ਬੰਧਨ ਪਵਿੱਤਰ ਹੈ। ਤੁਸੀਂ ਆਪਣੇ ਜੀਵਨ ਸਾਥੀ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰ ਕੇ ਦਿਖਾਉਂਦੇ ਹੋ ਕਿ ਤੁਸੀਂ ਵਿਆਹ ਦੇ ਪਵਿੱਤਰ ਬੰਧਨ ਦੀ ਕਦਰ ਕਰਦੇ ਹੋ।—ਉਤ. 2:21-24.

18, 19. (ੳ) ਹਰਾਮਕਾਰੀ ਕਰਨ ਦੇ ਕਿਹੜੇ ਨੁਕਸਾਨ ਹੁੰਦੇ ਹਨ? (ਅ) ਆਪਣੇ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਰਹਿਣ ਦੇ ਕਿਹੜੇ ਫ਼ਾਇਦੇ ਹੁੰਦੇ ਹਨ?

18 ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਨਾਲ ਨਜ਼ਦੀਕੀਆਂ ਵਧਾਉਣ ਦੇ ਫੰਦੇ ਵਿਚ ਫਸ ਰਹੇ ਹੋ, ਤਾਂ ਹਰਾਮਕਾਰੀ ਦੇ ਬੁਰੇ ਨਤੀਜਿਆਂ ਬਾਰੇ ਸੋਚੋ। (ਕਹਾ. 7:22, 23; ਗਲਾ. 6:7) ਜਿਹੜੇ ਮਸੀਹੀ ਹਰਾਮਕਾਰੀ ਕਰਦੇ ਹਨ, ਉਹ ਪਰਮੇਸ਼ੁਰ ਨੂੰ ਨਾਖ਼ੁਸ਼ ਕਰਦੇ ਹਨ ਅਤੇ ਆਪਣੇ ਆਪ ਨੂੰ ਤੇ ਆਪਣੇ ਜੀਵਨ ਸਾਥੀ ਨੂੰ ਦੁੱਖ ਪਹੁੰਚਾਉਂਦੇ ਹਨ। (ਮਲਾਕੀ 2:13, 14 ਪੜ੍ਹੋ।) ਇਸ ਦੇ ਉਲਟ, ਚੰਗਾ ਚਾਲ-ਚਲਣ ਰੱਖਣ ਦੇ ਫ਼ਾਇਦਿਆਂ ਬਾਰੇ ਸੋਚੋ। ਜਿਹੜੇ ਮਸੀਹੀ ਚੰਗਾ ਚਾਲ-ਚਲਣ ਰੱਖਦੇ ਹਨ ਉਨ੍ਹਾਂ ਨੂੰ ਭਵਿੱਖ ਵਿਚ ਨਾ ਸਿਰਫ਼ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ, ਸਗੋਂ ਅੱਜ ਵੀ ਉਨ੍ਹਾਂ ਨੂੰ ਯਹੋਵਾਹ ਦੀਆਂ ਬਰਕਤਾਂ ਮਿਲਦੀਆਂ ਹਨ ਤੇ ਉਨ੍ਹਾਂ ਦੀ ਜ਼ਮੀਰ ਵੀ ਸਾਫ਼ ਰਹਿੰਦੀ ਹੈ।—ਕਹਾਉਤਾਂ 3:1, 2 ਪੜ੍ਹੋ।

19 ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: ‘ਪਰਮੇਸ਼ੁਰ ਦੀ ਬਿਵਸਥਾ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਹੈ, ਅਤੇ ਉਨ੍ਹਾਂ ਨੂੰ ਕੋਈ ਠੋਕਰ ਨਹੀਂ ਲੱਗਦੀ।’ (ਜ਼ਬੂ. 119:165) ਸੋ ਇਸ ਬੁਰੇ ਸਮੇਂ ਵਿਚ ਤੁਸੀਂ ਸੱਚਾਈ ਨਾਲ ਪਿਆਰ ਕਰੋ ਤੇ “ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਮੂਰਖਾਂ ਵਾਂਗ ਨਹੀਂ, ਸਗੋਂ ਬੁੱਧੀਮਾਨ ਇਨਸਾਨਾਂ ਵਾਂਗ ਚੱਲਦੇ ਹੋ।” (ਅਫ਼. 5:15, 16) ਅਸੀਂ ਜਿਸ ਰਾਹ ’ਤੇ ਚੱਲ ਰਹੇ ਹਾਂ, ਉਸ ਰਾਹ ਉੱਤੇ ਸ਼ੈਤਾਨ ਨੇ ਪਰਮੇਸ਼ੁਰ ਦੇ ਸੇਵਕਾਂ ਨੂੰ ਫਸਾਉਣ ਲਈ ਥਾਂ-ਥਾਂ ਫੰਦੇ ਲਾਏ ਹੋਏ ਹਨ। ਪਰ ਯਹੋਵਾਹ ਨੇ ਇਨ੍ਹਾਂ ਫੰਦਿਆਂ ਤੋਂ ਬਚਣ ਲਈ ਸਾਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਹੈ। ਇਸ ਕਰਕੇ ਅਸੀਂ ਸ਼ੈਤਾਨ ਦੀਆਂ “ਚਾਲਾਂ ਦਾ ਡਟ ਕੇ ਮੁਕਾਬਲਾ” ਕਰ ਸਕਦੇ ਹਾਂ ਅਤੇ ‘ਉਸ ਦੇ ਬਲ਼ਦੇ ਹੋਏ ਸਾਰੇ ਤੀਰਾਂ ਨੂੰ ਬੁਝਾ ਸਕਦੇ ਹਾਂ।’—ਅਫ਼. 6:11, 16.

[ਫੁਟਨੋਟ]

^ ਪੈਰਾ 13 ਨਾਂ ਬਦਲੇ ਗਏ ਹਨ।

[ਸਵਾਲ]

[ਸਫ਼ਾ 26 ਉੱਤੇ ਤਸਵੀਰ]

ਚਿੰਤਾ ਅਤੇ ਧਨ ਦੇ ਧੋਖੇ ਕਰਕੇ ਇਨਸਾਨ ਦਾ ਪਰਮੇਸ਼ੁਰ ਨਾਲ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਤੁਸੀਂ ਆਪਣੇ ਨਾਲ ਇੱਦਾਂ ਨਾ ਹੋਣ ਦਿਓ

[ਸਫ਼ਾ 29 ਉੱਤੇ ਤਸਵੀਰ]

ਕਿਸੇ ਨਾਲ ਨਜ਼ਦੀਕੀਆਂ ਵਧਾਉਣ ਨਾਲ ਹਰਾਮਕਾਰੀ ਦੇ ਟੋਏ ਵਿਚ ਡਿਗਣ ਦਾ ਖ਼ਤਰਾ ਹੈ