Skip to content

Skip to table of contents

ਯਹੋਵਾਹ ਆਪਣੇ ਲੋਕਾਂ ਨੂੰ ਇਕੱਠਾ ਕਰਦਾ ਹੈ

ਯਹੋਵਾਹ ਆਪਣੇ ਲੋਕਾਂ ਨੂੰ ਇਕੱਠਾ ਕਰਦਾ ਹੈ

“ਪਰਜਾ ਨੂੰ ਇਕੱਠਾ ਕਰੋ, ਮਨੁੱਖਾਂ, ਤੀਵੀਆਂ ਅਤੇ ਨਿਆਣਿਆਂ ਨੂੰ ਅਤੇ ਅਪਣੇ ਪਰਦੇਸੀ ਨੂੰ।”—ਬਿਵ. 31:12.

1, 2. ਅਸੀਂ ਇਸ ਲੇਖ ਵਿਚ ਸੰਮੇਲਨਾਂ ਬਾਰੇ ਕੀ ਸਿੱਖਾਂਗੇ?

ਕਈ ਸਾਲਾਂ ਤੋਂ ਯਹੋਵਾਹ ਦੇ ਗਵਾਹ ਅੰਤਰਰਾਸ਼ਟਰੀ ਅਤੇ ਜ਼ਿਲ੍ਹਾ ਸੰਮੇਲਨਾਂ ਲਈ ਇਕੱਠੇ ਹੋਏ ਹਨ। ਸਾਡੇ ਵਿੱਚੋਂ ਕਈ ਜਣੇ ਸਾਲਾਂ ਤੋਂ ਇਨ੍ਹਾਂ ਖ਼ੁਸ਼ੀ ਦੇ ਮੌਕਿਆਂ ਤੇ ਹਾਜ਼ਰ ਹੋਏ ਹਨ।

2 ਹਜ਼ਾਰਾਂ ਸਾਲ ਪਹਿਲਾਂ ਪਰਮੇਸ਼ੁਰ ਦੇ ਲੋਕ ਪਵਿੱਤਰ ਸੰਮੇਲਨ ਕਰਦੇ ਸਨ। ਅਸੀਂ ਬਾਈਬਲ ਵਿੱਚੋਂ ਇਨ੍ਹਾਂ ਸੰਮੇਲਨਾਂ ਬਾਰੇ ਦੇਖਾਂਗੇ ਅਤੇ ਸਿੱਖਾਂਗੇ ਕਿ ਇਹ ਅੱਜ ਸਾਡੇ ਸੰਮੇਲਨਾਂ ਨਾਲ ਕਿਵੇਂ ਮੇਲ ਖਾਂਦੇ ਹਨ। ਅਸੀਂ ਇਹ ਵੀ ਸਿੱਖਾਂਗੇ ਕਿ ਇਨ੍ਹਾਂ ਵਿਚ ਜਾਣ ਨਾਲ ਸਾਨੂੰ ਕੀ ਫ਼ਾਇਦੇ ਹੋਣਗੇ।—ਜ਼ਬੂ. 44:1; ਰੋਮੀ. 15:4.

ਬਾਈਬਲ ਦੇ ਅਤੇ ਸਾਡੇ ਜ਼ਮਾਨੇ ਦੇ ਖ਼ਾਸ ਸੰਮੇਲਨ

3. (ੳ) ਬਾਈਬਲ ਵਿਚ ਦੱਸੇ ਯਹੋਵਾਹ ਦੇ ਲੋਕਾਂ ਦੇ ਪਹਿਲੇ ਸੰਮੇਲਨ ’ਤੇ ਕੀ ਹੋਇਆ ਸੀ? (ਅ) ਇਜ਼ਰਾਈਲੀਆਂ ਨੂੰ ਇਕੱਠੇ ਕਿਵੇਂ ਕੀਤਾ ਜਾਂਦਾ ਸੀ?

3 ਬਾਈਬਲ ਅਨੁਸਾਰ ਪਰਮੇਸ਼ੁਰ ਦੇ ਲੋਕਾਂ ਦਾ ਪਹਿਲਾ ਵੱਡਾ ਸੰਮੇਲਨ ਸੀਨਈ ਪਹਾੜ ਨੇੜੇ ਹੋਇਆ ਸੀ। ਉਸ ਵੇਲੇ ਯਹੋਵਾਹ ਨੇ ਆਪਣੇ ਲੋਕਾਂ ਨੂੰ ਭਗਤੀ ਲਈ ਇਕੱਠਾ ਕੀਤਾ ਸੀ। ਇਹ ਇਜ਼ਰਾਈਲ ਕੌਮ ਲਈ ਇਕ ਖ਼ਾਸ ਘਟਨਾ ਸੀ। ਉਸ ਸਮੇਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਾਨੂੰਨ ਦਿੰਦੇ ਹੋਏ ਆਪਣੀ ਸ਼ਕਤੀ ਦਿਖਾਈ ਸੀ। ਉਹ ਇਹ ਸਮਾਂ ਕਦੀ ਨਹੀਂ ਭੁੱਲੇ ਹੋਣਗੇ। (ਕੂਚ 19:2-9, 16-19; ਕੂਚ 20:18; ਬਿਵਸਥਾ ਸਾਰ 4:9, 10 ਪੜ੍ਹੋ।) ਉਸ ਦਿਨ ਇਜ਼ਰਾਈਲ ਕੌਮ ਯਹੋਵਾਹ ਦੀ ਖ਼ਾਸ ਪਰਜਾ ਬਣ ਗਈ। ਇਸ ਸੰਮੇਲਨ ਤੋਂ ਥੋੜ੍ਹੀ ਦੇਰ ਬਾਅਦ ਯਹੋਵਾਹ ਨੇ ਲੋਕਾਂ ਨੂੰ ਇਕੱਠੇ ਕਰਨ ਦਾ ਪ੍ਰਬੰਧ ਕੀਤਾ। ਉਸ ਨੇ ਮੂਸਾ ਨੂੰ ਚਾਂਦੀ ਦੀਆਂ ਦੋ ਤੁਰ੍ਹੀਆਂ ਬਣਾਉਣ ਦਾ ਹੁਕਮ ਦਿੱਤਾ ਜਿਨ੍ਹਾਂ ਦੇ ਵਜਾਉਣ ਨਾਲ “ਸਾਰੀ ਮੰਡਲੀ” ਨੂੰ ਪਤਾ ਲੱਗ ਜਾਂਦਾ ਸੀ ਕਿ ਉਹ “ਮੰਡਲੀ ਦੇ ਤੰਬੂ ਦੇ ਦਰਵੱਜੇ ਕੋਲ ਇਕੱਠੀ ਹੋ ਜਾਵੇ।” (ਗਿਣ. 10:1-4) ਜ਼ਰਾ ਸੋਚੋ ਕਿ ਲੋਕ ਕਿੰਨੇ ਖ਼ੁਸ਼ ਹੋ ਕੇ ਜਾਂਦੇ ਹੋਣਗੇ!

4, 5. ਮੂਸਾ ਤੇ ਯਹੋਸ਼ੁਆ ਨੇ ਜਿਨ੍ਹਾਂ ਸੰਮੇਲਨਾਂ ਦਾ ਪ੍ਰਬੰਧ ਕੀਤਾ ਸੀ, ਉਹ ਖ਼ਾਸ ਕਿਉਂ ਸਨ?

4 ਜਦ ਇਜ਼ਰਾਈਲੀਆਂ ਨੂੰ ਉਜਾੜ ਵਿਚ ਫਿਰਦੇ ਹੋਏ ਤਕਰੀਬਨ 40 ਸਾਲ ਹੋ ਗਏ ਸਨ, ਤਾਂ ਮੂਸਾ ਨੇ ਪੂਰੀ ਕੌਮ ਲਈ ਇਕ ਸੰਮੇਲਨ ਦਾ ਪ੍ਰਬੰਧ ਕੀਤਾ ਸੀ। ਇਹ ਉਨ੍ਹਾਂ ਦੇ ਇਤਿਹਾਸ ਵਿਚ ਇਕ ਅਹਿਮ ਸਮਾਂ ਸੀ ਕਿਉਂਕਿ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਹੀ ਵਾਲੇ ਸਨ। ਇਸ ਜ਼ਰੂਰੀ ਮੌਕੇ ਤੇ ਮੂਸਾ ਨੇ ਲੋਕਾਂ ਨੂੰ ਯਾਦ ਕਰਾਇਆ ਕਿ ਯਹੋਵਾਹ ਨੇ ਉਨ੍ਹਾਂ ਲਈ ਕੀ-ਕੀ ਕੀਤਾ ਸੀ ਤੇ ਅਗਾਹਾਂ ਨੂੰ ਕੀ ਕਰੇਗਾ।—ਬਿਵ. 29:1-15; 30:15-20; 31:30.

5 ਸ਼ਾਇਦ ਇਸੇ ਸੰਮੇਲਨ ’ਤੇ ਮੂਸਾ ਨੇ ਲੋਕਾਂ ਨੂੰ ਦੱਸਿਆ ਸੀ ਕਿ ਪਰਮੇਸ਼ੁਰ ਉਨ੍ਹਾਂ ਨੂੰ ਸਿੱਖਿਆ ਦੇਣ ਲਈ ਇਕੱਠੇ ਕਰਦਾ ਰਹੇਗਾ। ਹਰ ਸੱਤੀਂ ਸਾਲੀਂ ਡੇਰਿਆਂ ਦੇ ਤਿਉਹਾਰ ਦੌਰਾਨ ਯਹੋਵਾਹ ਵੱਲੋਂ ਦੱਸੀ ਜਗ੍ਹਾ ’ਤੇ ਇਜ਼ਰਾਈਲੀ ਆਦਮੀਆਂ, ਤੀਵੀਆਂ, ਨਿਆਣਿਆਂ ਤੇ ਪਰਦੇਸੀਆਂ ਨੇ ਇਕੱਠੇ ਹੋਣਾ ਸੀ ‘ਤਾਂ ਜੋ ਓਹ ਸੁਣਨ ਅਤੇ ਸਿੱਖਣ ਅਤੇ ਯਹੋਵਾਹ ਉਨ੍ਹਾਂ ਦੇ ਪਰਮੇਸ਼ੁਰ ਤੋਂ ਡਰਨ ਅਤੇ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ।’ (ਬਿਵਸਥਾ ਸਾਰ 31:1, 10-12 ਪੜ੍ਹੋ।) ਇਸ ਲਈ ਸ਼ੁਰੂ ਤੋਂ ਪਰਮੇਸ਼ੁਰ ਦੇ ਲੋਕਾਂ ਨੂੰ ਸਾਫ਼ ਪਤਾ ਸੀ ਕਿ ਉਨ੍ਹਾਂ ਨੇ ਯਹੋਵਾਹ ਦੇ ਬਚਨ ਅਤੇ ਮਕਸਦ ’ਤੇ ਗੌਰ ਕਰਨ ਲਈ ਅਕਸਰ ਇਕੱਠੇ ਹੋਣਾ ਸੀ। ਭਾਵੇਂ ਇਜ਼ਰਾਈਲੀਆਂ ਨੇ ਵਾਅਦਾ ਕੀਤੇ ਹੋਏ ਦੇਸ਼ ’ਤੇ ਕਬਜ਼ਾ ਕਰ ਲਿਆ ਸੀ, ਪਰ ਉਨ੍ਹਾਂ ਦੇ ਆਲੇ-ਦੁਆਲੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੇ ਲੋਕ ਰਹਿੰਦੇ ਸਨ। ਇਸ ਲਈ ਯਹੋਸ਼ੁਆ ਨੇ ਸਾਰੇ ਇਜ਼ਰਾਈਲੀਆਂ ਨੂੰ ਇਕੱਠਾ ਕੀਤਾ ਤਾਂਕਿ ਉਹ ਉਨ੍ਹਾਂ ਦੇ ਇਰਾਦੇ ਨੂੰ ਪੱਕਾ ਕਰ ਸਕੇ ਕਿ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ। ਨਤੀਜੇ ਵਜੋਂ ਲੋਕਾਂ ਨੇ ਯਹੋਵਾਹ ਦੀ ਭਗਤੀ ਕਰਨ ਦੀ ਸਹੁੰ ਖਾਧੀ।—ਯਹੋ. 23:1, 2; 24:1, 15, 21-24.

6, 7. ਸਾਡੇ ਜ਼ਮਾਨੇ ਵਿਚ ਕਿਹੜੇ ਖ਼ਾਸ ਸੰਮੇਲਨ ਹੋਏ ਹਨ?

6 ਸਾਡੇ ਜ਼ਮਾਨੇ ਵਿਚ ਵੀ ਯਹੋਵਾਹ ਦੇ ਲੋਕਾਂ ਦੇ ਖ਼ਾਸ ਸੰਮੇਲਨ ਹੋਏ ਹਨ। ਇਨ੍ਹਾਂ ਸੰਮੇਲਨਾਂ ਵਿਚ ਦੱਸਿਆ ਗਿਆ ਕਿ ਸੰਸਥਾ ਵਿਚ ਅਤੇ ਬਾਈਬਲ ਦੀ ਸਮਝ ਵਿਚ ਕਿਹੜੀਆਂ ਨਵੀਆਂ ਤਬਦੀਲੀਆਂ ਕੀਤੀਆਂ ਗਈਆਂ ਸਨ। (ਕਹਾ. 4:18) ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਬਾਈਬਲ ਸਟੂਡੈਂਟਸ ਨੇ ਪਹਿਲਾ ਵੱਡਾ ਸੰਮੇਲਨ 1919 ਵਿਚ ਅਮਰੀਕਾ ਵਿਚ ਸੀਡਰ ਪਾਇੰਟ, ਓਹੀਓ ਵਿਚ ਕੀਤਾ ਸੀ। ਉੱਥੇ ਤਕਰੀਬਨ 7,000 ਲੋਕ ਆਏ ਸਨ ਤੇ ਦੁਨੀਆਂ ਭਰ ਵਿਚ ਪ੍ਰਚਾਰ ਕਰਨ ’ਤੇ ਜ਼ੋਰ ਦਿੱਤਾ ਗਿਆ। 1922 ਵਿਚ ਉਸੇ ਜਗ੍ਹਾ ਨੌਂ ਦਿਨਾਂ ਦਾ ਸੰਮੇਲਨ ਕੀਤਾ ਗਿਆ ਤੇ ਭਰਾ ਰਦਰਫ਼ਰਡ ਨੇ ਪ੍ਰਚਾਰ ਦੇ ਕੰਮ ’ਤੇ ਜ਼ੋਰ ਦਿੰਦੇ ਹੋਏ ਕਿਹਾ: “ਪ੍ਰਭੂ ਦੇ ਵਫ਼ਾਦਾਰ ਅਤੇ ਸੱਚੇ ਗਵਾਹ ਬਣੋ। ਜਦ ਤਕ ਮਹਾਂ ਬਾਬਲ ਦਾ ਹਰ ਹਿੱਸਾ ਤਬਾਹ ਨਹੀਂ ਹੋ ਜਾਂਦਾ ਉਦੋਂ ਤਕ ਲੜਦੇ ਰਹੋ। ਸੰਦੇਸ਼ ਦਾ ਦੂਰ-ਦੂਰ ਤਕ ਐਲਾਨ ਕਰੋ। ਦੁਨੀਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਯਹੋਵਾਹ ਹੀ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਇਹ ਮਹਾਨ ਦਿਨ ਹੈ। ਦੇਖੋ, ਰਾਜਾ ਰਾਜ ਕਰ ਰਿਹਾ ਹੈ! ਤੁਸੀਂ ਉਸ ਦੇ ਪ੍ਰਚਾਰਕ ਹੋ। ਇਸ ਲਈ ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰੋ, ਘੋਸ਼ਣਾ ਕਰੋ, ਘੋਸ਼ਣਾ ਕਰੋ।” ਉੱਥੇ ਹਾਜ਼ਰ ਭੈਣ-ਭਰਾ ਅਤੇ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਲੋਕ ਨਵੇਂ ਜੋਸ਼ ਨਾਲ ਪ੍ਰਚਾਰ ਕਰਨ ਲੱਗ ਪਏ।

7 1931 ਨੂੰ ਕਲੰਬਸ, ਓਹੀਓ ਵਿਚ ਬਾਈਬਲ ਸਟੂਡੈਂਟਸ ਖ਼ੁਸ਼ੀ ਨਾਲ ਝੂਮ ਉੱਠੇ ਜਦੋਂ ਉਨ੍ਹਾਂ ਨੇ ਆਪਣਾ ਨਾਂ ਯਹੋਵਾਹ ਦੇ ਗਵਾਹ ਰੱਖਿਆ। ਫਿਰ 1935 ਵਿਚ ਵਾਸ਼ਿੰਗਟਨ ਡੀ.ਸੀ. ਵਿਚ ਭਰਾ ਰਦਰਫ਼ਰਡ ਨੇ ਦੱਸਿਆ ਕਿ ‘ਸਿੰਘਾਸਣ ਦੇ ਸਾਮ੍ਹਣੇ ਅਤੇ ਲੇਲੇ ਦੇ ਸਾਮ੍ਹਣੇ ਖੜ੍ਹੀ ਵੱਡੀ ਭੀੜ’ ਕੌਣ ਹੈ ਜਿਸ ਦਾ ਜ਼ਿਕਰ ਪ੍ਰਕਾਸ਼ ਦੀ ਕਿਤਾਬ ਵਿਚ ਕੀਤਾ ਗਿਆ ਹੈ। (ਪ੍ਰਕਾ. 7:9-17) 1942 ਵਿਚ ਦੂਜੇ ਵਿਸ਼ਵ ਯੁੱਧ ਦੌਰਾਨ ਭਰਾ ਨੇਥਨ ਨੌਰ ਨੇ ਭਾਸ਼ਣ ਦਿੱਤਾ, “ਸ਼ਾਂਤੀ—ਕੀ ਇਹ ਸਦਾ ਕਾਇਮ ਰਹੇਗੀ?” ਇਸ ਭਾਸ਼ਣ ਵਿਚ ਉਸ ਨੇ ਸਮਝਾਇਆ ਕਿ ਪ੍ਰਕਾਸ਼ ਦੀ ਕਿਤਾਬ ਦੇ 17ਵੇਂ ਅਧਿਆਇ ਵਿਚ ਦੱਸਿਆ ਗਿਆ ‘ਗੂੜ੍ਹੇ ਲਾਲ ਰੰਗ ਦਾ ਵਹਿਸ਼ੀ ਦਰਿੰਦਾ’ ਕਿਸ ਨੂੰ ਦਰਸਾਉਂਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਯੁੱਧ ਤੋਂ ਬਾਅਦ ਪ੍ਰਚਾਰ ਦਾ ਬਹੁਤ ਕੰਮ ਹੋਵੇਗਾ।

8, 9. ਕਈ ਸੰਮੇਲਨ ਬੜੇ ਖ਼ੁਸ਼ੀ ਦੇ ਮੌਕੇ ਕਿਉਂ ਸਨ?

8 1946 ਵਿਚ ਓਹੀਓ ਦੇ ਕਲੀਵਲੈਂਡ ਸ਼ਹਿਰ ਵਿਚ ਹੋਏ ਸੰਮੇਲਨ ਵਿਚ ਭਰਾ ਨੌਰ ਨੇ ਬ੍ਰਾਂਚ ਆਫ਼ਿਸਾਂ ਦੀ ਉਸਾਰੀ ਤੇ ਪ੍ਰਚਾਰ ਦੇ ਕੰਮ ਵਿਚ ਵਾਧੇ ਬਾਰੇ ਇਕ ਭਾਸ਼ਣ ਦਿੱਤਾ। ਇਕ ਭਰਾ ਨੇ ਦੱਸਿਆ ਕਿ ਭਾਸ਼ਣ ਸੁਣ ਕੇ ਭੈਣ-ਭਰਾ ਕਿੰਨੇ ਖ਼ੁਸ਼ ਹੋਏ: ‘ਉਸ ਸ਼ਾਮ ਮੈਂ ਸਟੇਜ ’ਤੇ ਭਰਾ ਨੌਰ ਦੇ ਪਿੱਛੇ ਖੜ੍ਹਾ ਸੀ ਜਦ ਉਸ ਨੇ ਪ੍ਰਚਾਰ ਦੇ ਕੰਮ ਵਿਚ ਵਾਧੇ ਬਾਰੇ ਅਤੇ ਬਰੁਕਲਿਨ ਵਿਚ ਬੈਥਲ ਨੂੰ ਵੱਡਾ ਕਰਨ ਦੀ ਯੋਜਨਾ ਬਾਰੇ ਦੱਸਿਆ। ਭੈਣ-ਭਰਾ ਵਾਰ-ਵਾਰ ਤਾੜੀਆਂ ਮਾਰ ਰਹੇ ਸਨ। ਸਟੇਜ ਤੋਂ ਕਿਸੇ ਦਾ ਚਿਹਰਾ ਤਾਂ ਸਾਫ਼ ਨਜ਼ਰ ਨਹੀਂ ਆ ਰਿਹਾ ਸੀ, ਪਰ ਸਾਰਿਆਂ ਦੀ ਖ਼ੁਸ਼ੀ ਦੇਖੀ ਜਾ ਸਕਦੀ ਸੀ।’ 1950 ਵਿਚ ਨਿਊਯਾਰਕ ਸਿਟੀ ਵਿਚ ਅੰਤਰ-ਰਾਸ਼ਟਰੀ ਸੰਮੇਲਨ ਹੋਇਆ ਜਿਸ ਵਿਚ ਪਵਿੱਤਰ ਬਾਈਬਲ—ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ (ਨਵੀਂ ਦੁਨੀਆਂ ਅਨੁਵਾਦ) ਰਿਲੀਸ ਕੀਤੀ ਗਈ। ਇਸ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਉੱਥੇ ਪਾਇਆ ਗਿਆ ਜਿੱਥੇ ਹੋਣਾ ਚਾਹੀਦਾ ਹੈ।—ਯਿਰ. 16:21.

9 ਕਈ ਸੰਮੇਲਨ ਉਨ੍ਹਾਂ ਦੇਸ਼ਾਂ ਵਿਚ ਕੀਤੇ ਗਏ ਹਨ ਜਿੱਥੇ ਪਹਿਲਾਂ ਯਹੋਵਾਹ ਦੇ ਗਵਾਹਾਂ ’ਤੇ ਜ਼ੁਲਮ ਕੀਤੇ ਜਾਂਦੇ ਸਨ ਜਾਂ ਉਨ੍ਹਾਂ ਦੇ ਪ੍ਰਚਾਰ ਦੇ ਕੰਮ ’ਤੇ ਪਾਬੰਦੀ ਲੱਗੀ ਹੋਈ ਸੀ। ਇਹ ਭੈਣਾਂ-ਭਰਾਵਾਂ ਲਈ ਬੜੇ ਖ਼ੁਸ਼ੀ ਦੇ ਮੌਕੇ ਸਨ। ਮਿਸਾਲ ਲਈ, ਜਰਮਨੀ ਵਿਚ ਅਡੌਲਫ਼ ਹਿਟਲਰ ਨੇ ਯਹੋਵਾਹ ਦੇ ਗਵਾਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦਾ ਵਾਅਦਾ ਕੀਤਾ ਸੀ। ਪਰ 1955 ਵਿਚ ਨਰਮਬਰਗ ਵਿਚ ਉਸ ਸਟੇਡੀਅਮ ਵਿਚ ਸੰਮੇਲਨ ਕੀਤਾ ਗਿਆ ਜਿੱਥੇ ਹਿਟਲਰ ਦੀ ਫ਼ੌਜ ਇਕੱਠੀ ਹੁੰਦੀ ਸੀ। ਇਸ ਸੰਮੇਲਨ ਵਿਚ 1,07,000 ਲੋਕ ਆਏ ਸਨ ਤੇ ਕਈ ਭੈਣ-ਭਰਾ ਖ਼ੁਸ਼ੀ ਦੇ ਹੰਝੂ ਨਾ ਰੋਕ ਸਕੇ! 1989 ਵਿਚ ਪੋਲੈਂਡ ਵਿਚ “ਪਰਮੇਸ਼ੁਰ ਦੀ ਭਗਤੀ” ਨਾਂ ਦੇ ਤਿੰਨ ਸੰਮੇਲਨਾਂ ਦਾ ਪ੍ਰਬੰਧ ਕੀਤਾ ਗਿਆ ਜਿਨ੍ਹਾਂ ਵਿਚ 1,66,518 ਭੈਣ-ਭਰਾ ਆਏ ਹੋਏ ਸਨ। ਕਈ ਜਣੇ ਰੂਸ, ਚੈਕੋਸਲੋਵਾਕੀਆ ਤੇ ਪੂਰਬੀ ਯੂਰਪ ਦੇ ਹੋਰ ਦੇਸ਼ਾਂ ਤੋਂ ਆਏ ਹੋਏ ਸਨ। ਕਈਆਂ ਨੇ ਤਾਂ ਪਹਿਲੀ ਵਾਰ ਇੰਨੀ ਵੱਡੀ ਭੀੜ ਦੇਖੀ ਸੀ। ਉਹ ਪਹਿਲਾਂ ਸਿਰਫ਼ 15 ਜਾਂ 20 ਭੈਣਾਂ-ਭਰਾਵਾਂ ਨਾਲ ਹੀ ਇਕੱਠੇ ਹੋਏ ਸਨ। ਜ਼ਰਾ 1993 ਵਿਚ ਭੈਣਾਂ-ਭਰਾਵਾਂ ਦੀ ਖ਼ੁਸ਼ੀ ਦਾ ਅੰਦਾਜ਼ਾ ਲਾਓ ਜਦ ਉਹ “ਪਰਮੇਸ਼ੁਰੀ ਸਿੱਖਿਆ” ਅੰਤਰਰਾਸ਼ਟਰੀ ਸੰਮੇਲਨ ਲਈ ਕੀਵ, ਯੂਕਰੇਨ ਵਿਚ ਇਕੱਠੇ ਹੋਏ। ਉੱਥੇ 7,402 ਜਣਿਆਂ ਨੇ ਬਪਤਿਸਮਾ ਲਿਆ! ਇਹ ਸ਼ਾਇਦ ਇੱਕੋ ਦਿਨ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈਣ ਵਾਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ।—ਯਸਾ. 60:22; ਹੱਜ. 2:7.

10. ਤੁਹਾਨੂੰ ਖ਼ਾਸ ਕਰਕੇ ਕਿਹੜੇ ਸੰਮੇਲਨ ਯਾਦ ਹਨ ਅਤੇ ਕਿਉਂ?

10 ਸ਼ਾਇਦ ਤੁਹਾਨੂੰ ਖ਼ਾਸ ਕਰਕੇ ਕੋਈ ਜ਼ਿਲ੍ਹਾ ਜਾਂ ਅੰਤਰਰਾਸ਼ਟਰੀ ਸੰਮੇਲਨ ਯਾਦ ਹੋਵੇ। ਕੀ ਤੁਹਾਨੂੰ ਆਪਣਾ ਪਹਿਲਾ ਸੰਮੇਲਨ ਯਾਦ ਹੈ? ਜਾਂ ਉਹ ਸੰਮੇਲਨ ਜਿਸ ਵਿਚ ਤੁਸੀਂ ਬਪਤਿਸਮਾ ਲਿਆ ਸੀ? ਇਹ ਯਹੋਵਾਹ ਦੀ ਭਗਤੀ ਵਿਚ ਤੁਹਾਡੇ ਲਈ ਖ਼ਾਸ ਮੌਕੇ ਸਨ ਤੇ ਤੁਹਾਨੂੰ ਇਨ੍ਹਾਂ ਨੂੰ ਭੁੱਲਣਾ ਨਹੀਂ ਚਾਹੀਦਾ। ਇਨ੍ਹਾਂ ਯਾਦਾਂ ਨੂੰ ਸੰਭਾਲ ਕੇ ਰੱਖੋ!—ਜ਼ਬੂ. 42:4.

ਖ਼ੁਸ਼ੀ ਦੇ ਸਮੇਂ

11. ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਹਰ ਸਾਲ ਕਿਹੜੇ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ਸੀ?

11 ਯਹੋਵਾਹ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਕਿ ਉਹ ਸਾਲ ਵਿਚ ਤਿੰਨ ਵਾਰ ਤਿਉਹਾਰ ਮਨਾਉਣ ਲਈ ਯਰੂਸ਼ਲਮ ਜਾਣ। ਇਹ ਤਿਉਹਾਰ ਸਨ ਪਤੀਰੀ (ਜਾਂ ਬੇਖਮੀਰੀ) ਰੋਟੀ ਦਾ ਤਿਉਹਾਰ, ਹਫ਼ਤਿਆਂ ਦਾ ਤਿਉਹਾਰ (ਬਾਅਦ ਵਿਚ ਇਸ ਦਾ ਨਾਂ ਪੰਤੇਕੁਸਤ ਰੱਖਿਆ ਗਿਆ) ਅਤੇ ਡੇਰਿਆਂ ਦਾ ਤਿਉਹਾਰ। ਇਨ੍ਹਾਂ ਸੰਬੰਧੀ ਪਰਮੇਸ਼ੁਰ ਨੇ ਹੁਕਮ ਦਿੱਤਾ: “ਵਰਹੇ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਨਰ ਪ੍ਰਭੁ ਯਹੋਵਾਹ ਅੱਗੇ ਹਾਜਰ ਹੋਣ।” (ਕੂਚ 23:14-17) ਕਈ ਆਦਮੀ ਜਾਣਦੇ ਸਨ ਕਿ ਯਹੋਵਾਹ ਦੀ ਭਗਤੀ ਕਰਨ ਲਈ ਇਹ ਤਿਉਹਾਰ ਕਿੰਨੇ ਜ਼ਰੂਰੀ ਸਨ, ਇਸ ਲਈ ਉਹ ਆਪਣਾ ਪੂਰਾ ਪਰਿਵਾਰ ਲੈ ਕੇ ਯਰੂਸ਼ਲਮ ਜਾਂਦੇ ਸਨ।—1 ਸਮੂ. 1:1-7; ਲੂਕਾ 2:41, 42.

12, 13. ਹਰ ਸਾਲ ਤਿਉਹਾਰ ਮਨਾਉਣ ਲਈ ਕਈ ਇਜ਼ਰਾਈਲੀਆਂ ਨੂੰ ਕੀ ਕਰਨਾ ਪੈਂਦਾ ਸੀ?

12 ਜ਼ਰਾ ਸੋਚੋ ਕਿ ਇਜ਼ਰਾਈਲੀ ਪਰਿਵਾਰਾਂ ਲਈ ਯਰੂਸ਼ਲਮ ਜਾਣ ਦਾ ਸਫ਼ਰ ਕਿੱਦਾਂ ਦਾ ਹੁੰਦਾ ਸੀ। ਮਿਸਾਲ ਲਈ, ਯੂਸੁਫ਼ ਤੇ ਮਰੀਅਮ ਨਾਸਰਤ ਤੋਂ ਯਰੂਸ਼ਲਮ ਤਕ 100 ਕਿਲੋਮੀਟਰ (60 ਮੀਲ) ਸਫ਼ਰ ਕਰਦੇ ਸਨ। ਤੁਹਾਡੇ ਖ਼ਿਆਲ ਵਿਚ ਛੋਟੇ ਬੱਚਿਆਂ ਨਾਲ ਤੁਰ ਕੇ ਇਹ ਸਫ਼ਰ ਤੈਅ ਕਰਨ ਵਿਚ ਕਿੰਨਾ ਕੁ ਸਮਾਂ ਲੱਗਦਾ ਹੋਣਾ? ਬਾਈਬਲ ਵਿਚ ਦੱਸਿਆ ਹੈ ਕਿ ਜਦੋਂ ਯਿਸੂ 12 ਸਾਲਾਂ ਦਾ ਸੀ, ਤਾਂ ਉਹ ਆਪਣੇ ਪਰਿਵਾਰ, ਰਿਸ਼ਤੇਦਾਰਾਂ ਤੇ ਆਂਢੀਆਂ-ਗੁਆਂਢੀਆਂ ਨਾਲ ਯਰੂਸ਼ਲਮ ਗਿਆ ਸੀ। ਕਿੰਨਾ ਮਜ਼ਾ ਆਉਂਦਾ ਹੋਣਾ ਜਦ ਉਹ ਇਕੱਠੇ ਜਾਂਦੇ ਸਨ, ਰਲ਼ ਕੇ ਰੋਟੀ-ਪਾਣੀ ਤਿਆਰ ਕਰਦੇ ਸਨ ਤੇ ਵੱਖ-ਵੱਖ ਜਗ੍ਹਾ ਰੁਕ ਕੇ ਰਾਤ ਕੱਟਦੇ ਸਨ। ਯਿਸੂ ਦੀ ਉਮਰ ਦੇ ਬੱਚਿਆਂ ਨੂੰ ਇੱਧਰ-ਉੱਧਰ ਜਾਣ ਦੀ ਕੁਝ ਹੱਦ ਤਕ ਆਜ਼ਾਦੀ ਦਿੱਤੀ ਜਾਂਦੀ ਸੀ ਕਿਉਂਕਿ ਨਿਆਣਿਆਂ ਨੂੰ ਜ਼ਿਆਦਾ ਖ਼ਤਰਾ ਨਹੀਂ ਹੁੰਦਾ ਸੀ। ਇਹ ਸਫ਼ਰ ਖ਼ਾਸ ਕਰਕੇ ਨਿਆਣਿਆਂ ਲਈ ਬੜਾ ਮਜ਼ੇਦਾਰ ਹੁੰਦਾ ਸੀ।—ਲੂਕਾ 2:44-46.

13 ਜਦ ਇਜ਼ਰਾਈਲੀ ਹੋਰ ਦੇਸ਼ਾਂ ਵਿਚ ਰਹਿੰਦੇ ਸਨ, ਤਾਂ ਉਹ ਤਿਉਹਾਰ ਮਨਾਉਣ ਲਈ ਦੂਰੋਂ-ਦੂਰੋਂ ਆਉਂਦੇ ਸਨ। ਪੰਤੇਕੁਸਤ 33 ਈ. ਵਿਚ ਯਹੂਦੀ ਤੇ ਯਹੂਦੀ ਧਰਮ ਨੂੰ ਅਪਣਾਉਣ ਵਾਲੇ ਲੋਕ ਇਟਲੀ, ਲਿਬੀਆ, ਕ੍ਰੀਟ, ਏਸ਼ੀਆ ਮਾਈਨਰ ਤੇ ਮਸੋਪੋਤਾਮੀਆ ਵਰਗੇ ਥਾਵਾਂ ਤੋਂ ਯਰੂਸ਼ਲਮ ਆਏ ਸਨ।—ਰਸੂ. 2:5-11; 20:16.

14. ਹਰ ਸਾਲ ਤਿਉਹਾਰ ਮਨਾਉਣ ਦਾ ਇਜ਼ਰਾਈਲੀਆਂ ਨੂੰ ਕੀ ਫ਼ਾਇਦਾ ਹੁੰਦਾ ਸੀ?

14 ਵਫ਼ਾਦਾਰ ਇਜ਼ਰਾਈਲੀਆਂ ਲਈ ਯਰੂਸ਼ਲਮ ਜਾਣ ਦਾ ਖ਼ਾਸ ਮਕਸਦ ਇਹੀ ਸੀ ਕਿ ਉਹ ਹਜ਼ਾਰਾਂ ਹੋਰ ਲੋਕਾਂ ਨਾਲ ਯਹੋਵਾਹ ਦੀ ਭਗਤੀ ਕਰਨ। ਇਨ੍ਹਾਂ ਤਿਉਹਾਰਾਂ ਦਾ ਲੋਕਾਂ ’ਤੇ ਕੀ ਅਸਰ ਪਿਆ? ਧਿਆਨ ਦਿਓ ਕਿ ਡੇਰਿਆਂ ਦਾ ਤਿਉਹਾਰ ਮਨਾਉਣ ਲਈ ਯਹੋਵਾਹ ਨੇ ਆਪਣੇ ਲੋਕਾਂ ਨੂੰ ਕੀ ਕਿਹਾ ਸੀ: “ਉਸ ਆਪਣੇ ਪਰਬ ਵਿੱਚ ਤੁਸੀਂ ਅਨੰਦ ਕਰੋ, ਤੁਸੀਂ, ਤੁਹਾਡਾ ਪੁੱਤ੍ਰ, ਤੁਹਾਡੀ ਧੀ, ਤੁਹਾਡਾ ਗੋੱਲਾ, ਤੁਹਾਡੀ ਗੋੱਲੀ, ਲੇਵੀ, ਪਰਦੇਸੀ, ਯਤੀਮ ਅਤੇ ਵਿਧਵਾ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹੋਣ। ਸੱਤਾਂ ਦਿਨਾਂ ਤੀਕ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਉਸ ਅਸਥਾਨ ਵਿੱਚ ਜਿਹੜਾ ਯਹੋਵਾਹ ਚੁਣੇਗਾ ਪਰਬ ਮਨਾਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸਾਰੇ ਵਾਧੇ ਵਿੱਚ ਅਤੇ ਤੁਹਾਡੇ ਹੱਥ ਦੇ ਸਾਰੇ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ ਤਾਂ ਤੁਸੀਂ ਪੂਰਾ ਪੂਰਾ ਅਨੰਦ ਕਰੋ।”—ਬਿਵ. 16:14, 15; ਮੱਤੀ 5:3 ਪੜ੍ਹੋ।

ਅਸੀਂ ਅੱਜ ਸੰਮੇਲਨਾਂ ਦੀ ਕਿਉਂ ਕਦਰ ਕਰੀਏ?

15, 16. ਸੰਮੇਲਨਾਂ ਵਿਚ ਜਾਣ ਲਈ ਤੁਹਾਨੂੰ ਕਿਹੋ ਜਿਹਾ ਜਤਨ ਕਰਨਾ ਪਿਆ ਹੈ? ਜਤਨ ਕਰਨ ਦਾ ਤੁਹਾਨੂੰ ਕੀ ਫਲ ਮਿਲਿਆ ਹੈ?

15 ਯਰੂਸ਼ਲਮ ਵਿਚ ਮਨਾਏ ਜਾਂਦੇ ਤਿਉਹਾਰਾਂ ਤੋਂ ਅੱਜ ਪਰਮੇਸ਼ੁਰ ਦੇ ਲੋਕ ਬਹੁਤ ਕੁਝ ਸਿੱਖ ਸਕਦੇ ਹਨ। ਭਾਵੇਂ ਸਦੀਆਂ ਦੌਰਾਨ ਸੰਮੇਲਨਾਂ ਸੰਬੰਧੀ ਕਈ ਗੱਲਾਂ ਬਦਲੀਆਂ ਹਨ, ਪਰ ਕਈ ਮੁੱਖ ਗੱਲਾਂ ਨਹੀਂ ਬਦਲੀਆਂ। ਪੁਰਾਣੇ ਜ਼ਮਾਨੇ ਵਿਚ ਸੰਮੇਲਨਾਂ ਵਿਚ ਜਾਣ ਲਈ ਲੋਕਾਂ ਨੂੰ ਕਾਫ਼ੀ ਜਤਨ ਕਰਨਾ ਪੈਂਦਾ ਸੀ। ਇਹ ਗੱਲ ਅੱਜ ਵੀ ਸੱਚ ਹੈ। ਫਿਰ ਵੀ ਸੰਮੇਲਨਾਂ ਵਿਚ ਜਾਣ ਦੇ ਫ਼ਾਇਦੇ ਵੀ ਬਹੁਤ ਹਨ। ਇਹ ਸੰਮੇਲਨ ਯਹੋਵਾਹ ਦੀ ਭਗਤੀ ਕਰਨ ਦੇ ਖ਼ਾਸ ਮੌਕੇ ਹਨ। ਇਨ੍ਹਾਂ ਵਿਚ ਸਾਨੂੰ ਅਜਿਹੀ ਜਾਣਕਾਰੀ ਤੇ ਸਮਝ ਦਿੱਤੀ ਜਾਂਦੀ ਹੈ ਜੋ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਰੱਖਣ ਲਈ ਜ਼ਰੂਰੀ ਹੈ। ਸਾਨੂੰ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਪ੍ਰੇਰਣਾ ਮਿਲਦੀ ਹੈ, ਮੁਸ਼ਕਲਾਂ ਤੋਂ ਬਚਣ ਲਈ ਸਲਾਹ ਦਿੱਤੀ ਜਾਂਦੀ ਹੈ ਅਤੇ ਸਾਨੂੰ ਹੌਸਲਾ ਮਿਲਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਨੂੰ ਪਹਿਲ ਦੇ ਕੇ ਖ਼ੁਸ਼ੀ ਪਾਈਏ ਤੇ ਉਨ੍ਹਾਂ ਚੀਜ਼ਾਂ ਤੋਂ ਬਚੀਏ ਜੋ ਸਾਡੇ ’ਤੇ ਬੋਝ ਪਾਉਂਦੀਆਂ ਹਨ।—ਜ਼ਬੂ. 122:1-4.

16 ਸੰਮੇਲਨਾਂ ਵਿਚ ਜਾਣ ਵਾਲਿਆਂ ਨੂੰ ਹਮੇਸ਼ਾ ਖ਼ੁਸ਼ੀ ਮਿਲਦੀ ਹੈ। 1946 ਵਿਚ ਹੋਏ ਇਕ ਵੱਡੇ ਸੰਮੇਲਨ ਬਾਰੇ ਇਕ ਰਿਪੋਰਟ ਵਿਚ ਕਿਹਾ ਗਿਆ: “ਹਜ਼ਾਰਾਂ ਹੀ ਯਹੋਵਾਹ ਦੇ ਗਵਾਹਾਂ ਨੂੰ ਦੇਖ ਕੇ ਦਿਲ ਖ਼ੁਸ਼ ਹੁੰਦਾ ਸੀ। ਨਾਲੇ ਸਾਰਿਆਂ ਨੂੰ ਯਹੋਵਾਹ ਦੀ ਮਹਿਮਾ ਲਈ ਗੀਤ ਗਾਉਂਦੇ ਹੋਏ ਸੁਣ ਕੇ ਵੀ ਬਹੁਤ ਖ਼ੁਸ਼ੀ ਹੁੰਦੀ ਸੀ।” ਰਿਪੋਰਟ ਵਿਚ ਅੱਗੇ ਕਿਹਾ ਗਿਆ: “ਵਲੰਟੀਅਰ ਸੇਵਾ ਵਿਭਾਗ ਵਿਚ ਕਈ ਭੈਣਾਂ-ਭਰਾਵਾਂ ਨੇ ਮਦਦ ਕੀਤੀ ਤੇ ਉਨ੍ਹਾਂ ਨੂੰ ਇਸ ਗੱਲ ਤੋਂ ਖ਼ੁਸ਼ੀ ਮਿਲੀ ਕਿ ਉਹ ਆਪਣੇ ਭੈਣਾਂ-ਭਰਾਵਾਂ ਦੀ ਸੇਵਾ ਕਰ ਸਕਦੇ ਸਨ।” ਕੀ ਤੁਹਾਨੂੰ ਵੀ ਕਿਸੇ ਜ਼ਿਲ੍ਹਾ ਜਾਂ ਅੰਤਰਰਾਸ਼ਟਰੀ ਸੰਮੇਲਨ ਵਿਚ ਜਾ ਕੇ ਅਜਿਹੀ ਖ਼ੁਸ਼ੀ ਹੋਈ ਹੈ?—ਜ਼ਬੂ. 110:3; ਯਸਾ. 42:10-12.

17. ਸੰਮੇਲਨਾਂ ਦੇ ਪ੍ਰਬੰਧ ਵਿਚ ਕਿਹੜੀਆਂ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ?

17 ਸੰਮੇਲਨਾਂ ਦੇ ਪ੍ਰਬੰਧ ਵਿਚ ਕੁਝ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। ਮਿਸਾਲ ਲਈ, ਪਰਮੇਸ਼ੁਰ ਦੇ ਕੁਝ ਸੇਵਕਾਂ ਨੂੰ ਯਾਦ ਹੈ ਜਦ ਸੰਮੇਲਨ ਅੱਠਾਂ ਦਿਨਾਂ ਦੇ ਹੁੰਦੇ ਸਨ! ਸਵੇਰ ਨੂੰ, ਦੁਪਹਿਰ ਨੂੰ ਤੇ ਸ਼ਾਮ ਨੂੰ ਵੀ ਪ੍ਰੋਗ੍ਰਾਮ ਹੁੰਦਾ ਸੀ। ਪ੍ਰਚਾਰ ਕਰਨਾ ਵੀ ਪ੍ਰੋਗ੍ਰਾਮ ਦਾ ਹਿੱਸਾ ਹੁੰਦਾ ਸੀ। ਕਈ ਵਾਰ ਪ੍ਰੋਗ੍ਰਾਮ ਸਵੇਰ ਦੇ ਨੌਂ ਵਜੇ ਸ਼ੁਰੂ ਹੁੰਦਾ ਸੀ ਤੇ ਕਈ ਵਾਰ ਰਾਤ ਦੇ ਨੌਂ ਵਜੇ ਖ਼ਤਮ ਹੁੰਦਾ ਸੀ। ਭੈਣ-ਭਰਾ ਨਾਸ਼ਤਾ, ਦੁਪਹਿਰ ਤੇ ਸ਼ਾਮ ਦਾ ਖਾਣਾ ਤਿਆਰ ਕਰਨ ਲਈ ਦਿਨ-ਰਾਤ ਮਿਹਨਤ ਕਰਦੇ ਸਨ। ਹੁਣ ਸੰਮੇਲਨਾਂ ਦੇ ਦਿਨ ਘਟਾ ਦਿੱਤੇ ਗਏ ਹਨ ਤੇ ਸਾਰੇ ਜਣੇ ਘਰੋਂ ਖਾਣਾ ਤਿਆਰ ਕਰ ਕੇ ਨਾਲ ਲੈ ਆਉਂਦੇ ਹਨ। ਇਸ ਤਰ੍ਹਾਂ ਸਾਰਿਆਂ ਨੂੰ ਪੂਰਾ ਪ੍ਰੋਗ੍ਰਾਮ ਸੁਣਨ ਦਾ ਮੌਕਾ ਮਿਲਦਾ ਹੈ।

18, 19. ਤੁਹਾਨੂੰ ਸੰਮੇਲਨਾਂ ਵਿਚ ਕੀ ਪਸੰਦ ਹੈ ਤੇ ਕਿਉਂ?

18 ਪ੍ਰੋਗ੍ਰਾਮ ਦੇ ਕਈ ਹਿੱਸੇ ਕਈ ਸਾਲਾਂ ਤੋਂ ਚੱਲਦੇ ਆਏ ਹਨ ਤੇ ਸਾਰਿਆਂ ਨੂੰ ਇਨ੍ਹਾਂ ਤੋਂ ਖ਼ੁਸ਼ੀ ਹੁੰਦੀ ਹੈ। ਭਾਸ਼ਣਾਂ ਦੇ ਨਾਲ-ਨਾਲ ਨਵੇਂ ਪ੍ਰਕਾਸ਼ਨਾਂ ਰਾਹੀਂ ਵੀ ਸਾਨੂੰ “ਸਹੀ ਸਮੇਂ ਤੇ ਭੋਜਨ” ਦਿੱਤਾ ਜਾਂਦਾ ਹੈ। ਇਨ੍ਹਾਂ ਵਿਚ ਬਾਈਬਲ ਦੀਆਂ ਭਵਿੱਖਬਾਣੀਆਂ ਤੇ ਸਿੱਖਿਆਵਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ। (ਮੱਤੀ 24:45) ਨਵੇਂ ਪ੍ਰਕਾਸ਼ਨਾਂ ਦੀ ਮਦਦ ਨਾਲ ਅਸੀਂ ਦੂਸਰਿਆਂ ਨੂੰ ਵੀ ਬਾਈਬਲ ਦੀਆਂ ਸੱਚਾਈਆਂ ਸਮਝਾ ਸਕਦੇ ਹਾਂ। ਬਾਈਬਲ ’ਤੇ ਆਧਾਰਿਤ ਡਰਾਮੇ ਵੀ ਹੁੰਦੇ ਹਨ ਜਿਨ੍ਹਾਂ ਰਾਹੀਂ ਨਿਆਣਿਆਂ-ਸਿਆਣਿਆਂ ਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਉਹ ਸਹੀ ਇਰਾਦੇ ਨਾਲ ਯਹੋਵਾਹ ਦੀ ਸੇਵਾ ਕਰਨ ਤੇ ਦੁਨੀਆਂ ਦੀ ਸੋਚਣੀ ਤੋਂ ਆਪਣੇ ਆਪ ਨੂੰ ਬਚਾਉਣ। ਬਪਤਿਸਮੇ ਦਾ ਭਾਸ਼ਣ ਵੀ ਸਾਨੂੰ ਸਾਰਿਆਂ ਨੂੰ ਇਹ ਦੇਖਣ ਦਾ ਮੌਕਾ ਦਿੰਦਾ ਹੈ ਕਿ ਸਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੀ ਹੈ ਅਤੇ ਦੂਸਰਿਆਂ ਨੂੰ ਬਪਤਿਸਮਾ ਲੈਂਦੇ ਹੋਏ ਦੇਖ ਕੇ ਸਾਨੂੰ ਖ਼ੁਸ਼ੀ ਹੁੰਦੀ ਹੈ।

19 ਹਜ਼ਾਰਾਂ ਸਾਲਾਂ ਤੋਂ ਸੰਮੇਲਨ ਯਹੋਵਾਹ ਦੀ ਭਗਤੀ ਕਰਨ ਦਾ ਵੱਡਾ ਹਿੱਸਾ ਰਹੇ ਹਨ। ਇਹ ਸਾਨੂੰ ਖ਼ੁਸ਼ ਰਹਿਣ ਅਤੇ ਮੁਸ਼ਕਲ ਸਮਿਆਂ ਦੌਰਾਨ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਮਦਦ ਕਰਦੇ ਹਨ। ਇਨ੍ਹਾਂ ਸੰਮੇਲਨਾਂ ਵਿਚ ਸਾਨੂੰ ਨਵੇਂ ਦੋਸਤ ਬਣਾਉਣ ਦਾ ਮੌਕਾ ਮਿਲਦਾ ਹੈ ਤੇ ਅਹਿਸਾਸ ਹੁੰਦਾ ਹੈ ਕਿ ਅਸੀਂ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਹਾਂ। ਇਨ੍ਹਾਂ ਇਕੱਠਾਂ ਰਾਹੀਂ ਸਾਨੂੰ ਯਹੋਵਾਹ ਵੱਲੋਂ ਬਰਕਤਾਂ ਮਿਲਦੀਆਂ ਹਨ ਜੋ ਉਸ ਦੇ ਪਿਆਰ ਦਾ ਸਬੂਤ ਹਨ। ਬਿਨਾਂ ਸ਼ੱਕ ਸਾਨੂੰ ਪੂਰਾ ਜਤਨ ਕਰ ਕੇ ਹਰ ਸੰਮੇਲਨ ਦੇ ਪੂਰੇ ਪ੍ਰੋਗ੍ਰਾਮ ਤੋਂ ਫ਼ਾਇਦਾ ਲੈਣ ਲਈ ਹਾਜ਼ਰ ਹੋਣਾ ਚਾਹੀਦਾ ਹੈ।—ਕਹਾ. 10:22.

[ਸਫ਼ਾ 30 ਉੱਤੇ ਤਸਵੀਰ]

1950 ਵਿਚ ਨਿਊਯਾਰਕ ਸਿਟੀ ਵਿਚ ਅੰਤਰਰਾਸ਼ਟਰੀ ਸੰਮੇਲਨ

[ਸਫ਼ਾ 32 ਉੱਤੇ ਤਸਵੀਰ]

ਮੋਜ਼ਾਮਬੀਕ

[ਸਫ਼ਾ 32 ਉੱਤੇ ਤਸਵੀਰਾਂ]

ਦੱਖਣੀ ਕੋਰੀਆ