Skip to content

Skip to table of contents

ਤੁਹਾਡੀ ਹਾਂ ਦੀ ਹਾਂ ਹੋਵੇ

ਤੁਹਾਡੀ ਹਾਂ ਦੀ ਹਾਂ ਹੋਵੇ

ਤੁਹਾਡੀ ਹਾਂ ਦੀ ਹਾਂ ਹੋਵੇ

“ਬੱਸ ਤੁਹਾਡੀ ਹਾਂ ਦੀ ਹਾਂ ਅਤੇ ਤੁਹਾਡੀ ਨਾਂਹ ਦੀ ਨਾਂਹ ਹੋਵੇ।”—ਮੱਤੀ 5:37.

ਕੀ ਤੁਸੀਂ ਜਵਾਬ ਦੇ ਸਕਦੇ ਹੋ?

ਯਿਸੂ ਨੇ ਸਹੁੰ ਖਾਣ ਬਾਰੇ ਕੀ ਕਿਹਾ ਸੀ?

ਅਸੀਂ ਕਿਉਂ ਕਹਿ ਸਕਦੇ ਹਾਂ ਕਿ ਆਪਣੀ ਗੱਲ ’ਤੇ ਪੱਕੇ ਰਹਿਣ ਦੇ ਸੰਬੰਧ ਵਿਚ ਯਿਸੂ ਨੇ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ?

ਜ਼ਿੰਦਗੀ ਦੇ ਕਿਹੜੇ ਕੁਝ ਮਾਮਲਿਆਂ ਵਿਚ ਸਾਡੀ ਹਾਂ ਦੀ ਹਾਂ ਹੋਣੀ ਚਾਹੀਦੀ ਹੈ?

1. ਯਿਸੂ ਨੇ ਸਹੁੰ ਖਾਣ ਬਾਰੇ ਕੀ ਕਿਹਾ ਸੀ ਅਤੇ ਕਿਉਂ?

ਆਮ ਤੌਰ ਤੇ ਸੱਚੇ ਮਸੀਹੀਆਂ ਨੂੰ ਸਹੁੰ ਖਾਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਯਿਸੂ ਦੀ ਇਸ ਗੱਲ ਨੂੰ ਮੰਨਦੇ ਹਨ: “ਬੱਸ ਤੁਹਾਡੀ ਹਾਂ ਦੀ ਹਾਂ ਅਤੇ ਤੁਹਾਡੀ ਨਾਂਹ ਦੀ ਨਾਂਹ ਹੋਵੇ।” ਇਸ ਦਾ ਮਤਲਬ ਹੈ ਕਿ ਇਨਸਾਨ ਨੂੰ ਜ਼ਬਾਨ ਦਾ ਪੱਕਾ ਹੋਣਾ ਚਾਹੀਦਾ ਹੈ। ਇਹ ਗੱਲ ਕਹਿਣ ਤੋਂ ਪਹਿਲਾਂ ਯਿਸੂ ਨੇ ਕਿਹਾ ਸੀ: “ਕਦੀ ਸਹੁੰ ਨਾ ਖਾਓ।” ਯਿਸੂ ਨੇ ਉਨ੍ਹਾਂ ਲੋਕਾਂ ਦੀ ਨਿੰਦਿਆ ਕਰਦੇ ਹੋਏ ਇਹ ਗੱਲ ਕਹੀ ਸੀ ਜਿਹੜੇ ਰੋਜ਼ ਛੋਟੀਆਂ-ਛੋਟੀਆਂ ਗੱਲਾਂ ’ਤੇ ਸਹੁੰਆਂ ਖਾਂਦੇ ਸਨ, ਪਰ ਜਿਨ੍ਹਾਂ ਨੂੰ ਪੂਰਾ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੁੰਦਾ ਸੀ। ਇਸ ਤਰ੍ਹਾਂ ਦੇ ਲੋਕ ਦਿਖਾਉਂਦੇ ਹਨ ਕਿ ਉਨ੍ਹਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਉਹ “ਸ਼ੈਤਾਨ” ਦੇ ਪ੍ਰਭਾਵ ਹੇਠ ਹਨ।—ਮੱਤੀ 5:33-37 ਪੜ੍ਹੋ।

2. ਸਮਝਾਓ ਕਿ ਸਹੁੰ ਖਾਣੀ ਹਮੇਸ਼ਾ ਗ਼ਲਤ ਕਿਉਂ ਨਹੀਂ ਹੁੰਦੀ।

2 ਕੀ ਯਿਸੂ ਦੇ ਕਹਿਣ ਦਾ ਇਹ ਮਤਲਬ ਸੀ ਕਿ ਸਹੁੰ ਖਾਣੀ ਬਿਲਕੁਲ ਹੀ ਗ਼ਲਤ ਹੈ? ਨਹੀਂ। ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ, ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਸੱਚੇ ਸੇਵਕ ਅਬਰਾਹਾਮ ਨੇ ਖ਼ਾਸ ਮੌਕਿਆਂ ’ਤੇ ਸਹੁੰਆਂ ਖਾਧੀਆਂ ਸਨ। ਨਾਲੇ ਪਰਮੇਸ਼ੁਰ ਦੁਆਰਾ ਇਜ਼ਰਾਈਲੀਆਂ ਨੂੰ ਦਿੱਤੇ ਕਾਨੂੰਨ ਅਨੁਸਾਰ ਕੁਝ ਖ਼ਾਸ ਮਸਲਿਆਂ ਦਾ ਨਿਪਟਾਰਾ ਕਰਨ ਲਈ ਸਹੁੰ ਖਾਣੀ ਜ਼ਰੂਰੀ ਹੁੰਦੀ ਸੀ। (ਕੂਚ 22:10, 11; ਗਿਣ. 5:21, 22) ਇਸੇ ਤਰ੍ਹਾਂ ਸ਼ਾਇਦ ਕਿਸੇ ਮਸੀਹੀ ਨੂੰ ਵੀ ਅਦਾਲਤ ਵਿਚ ਗਵਾਹੀ ਦਿੰਦੇ ਵੇਲੇ ਸੱਚ ਬੋਲਣ ਦੀ ਸਹੁੰ ਖਾਣੀ ਪਵੇ। ਜਾਂ ਕਦੀ-ਕਦਾਈਂ ਕਿਸੇ ਮਸੀਹੀ ਨੂੰ ਲੱਗੇ ਕਿ ਦੂਸਰਿਆਂ ਨੂੰ ਆਪਣੇ ਸਹੀ ਇਰਾਦਿਆਂ ਦਾ ਭਰੋਸਾ ਦਿਵਾਉਣ ਲਈ ਜਾਂ ਕਿਸੇ ਮਾਮਲੇ ਨੂੰ ਨਿਪਟਾਉਣ ਲਈ ਸਹੁੰ ਖਾਣੀ ਜ਼ਰੂਰੀ ਹੈ। ਜਦੋਂ ਯਹੂਦੀ ਮਹਾਸਭਾ ਨੇ ਯਿਸੂ ਨੂੰ ਸਹੁੰ ਖਿਲਾਈ ਸੀ, ਤਾਂ ਉਸ ਨੇ ਕੋਈ ਇਤਰਾਜ਼ ਨਹੀਂ ਕੀਤਾ ਸੀ, ਪਰ ਸੱਚ-ਸੱਚ ਜਵਾਬ ਦਿੱਤਾ ਸੀ। (ਮੱਤੀ 26:63, 64) ਪਰ ਯਿਸੂ ਨੂੰ ਕਿਸੇ ਸਾਮ੍ਹਣੇ ਸਹੁੰ ਖਾਣ ਦੀ ਲੋੜ ਨਹੀਂ ਸੀ। ਫਿਰ ਵੀ ਉਸ ਨੇ ਲੋਕਾਂ ਦਾ ਆਪਣੇ ਸੰਦੇਸ਼ ’ਤੇ ਵਿਸ਼ਵਾਸ ਪੈਦਾ ਕਰਨ ਲਈ ਕਈ ਵਾਰ ਗੱਲ ਕਰਨ ਲੱਗਿਆਂ ਕਿਹਾ ਸੀ: “ਮੈਂ ਤੁਹਾਨੂੰ ਸਾਰਿਆਂ ਨੂੰ ਸੱਚ-ਸੱਚ ਦੱਸਦਾ ਹਾਂ।” (ਯੂਹੰ. 1:51; 13:16, 20, 21, 38) ਆਓ ਆਪਾਂ ਦੇਖੀਏ ਕਿ ਅਸੀਂ ਯਿਸੂ, ਪੌਲੁਸ ਅਤੇ ਹੋਰ ਲੋਕਾਂ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ ਜਿਹੜੇ ਆਪਣੀ ਜ਼ਬਾਨ ਦੇ ਪੱਕੇ ਰਹੇ।

ਯਿਸੂ—ਸਭ ਤੋਂ ਵਧੀਆ ਮਿਸਾਲ

3. ਯਿਸੂ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਨਾਲ ਕੀ ਵਾਅਦਾ ਕੀਤਾ ਅਤੇ ਉਸ ਦੇ ਸਵਰਗੀ ਪਿਤਾ ਨੇ ਕੀ ਕਿਹਾ?

3“ਦੇਖ! ਮੈਂ ਆਇਆ ਹਾਂ। . . . ਹੇ ਪਰਮੇਸ਼ੁਰ, ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ।” (ਇਬ. 10:7) ਯਿਸੂ ਨੇ ਇਹ ਸ਼ਬਦ ਪਰਮੇਸ਼ੁਰ ਨੂੰ ਪ੍ਰਾਰਥਨਾ ਵਿਚ ਕਹੇ ਸਨ। ਉਸ ਨੇ ਵਾਅਦਾ ਕੀਤਾ ਸੀ ਕਿ ਉਹ ਵਾਅਦਾ ਕੀਤੀ ਹੋਈ ਸੰਤਾਨ ਹੋਣ ਦੇ ਨਾਤੇ ਪਰਮੇਸ਼ੁਰ ਦੀ ਹਰ ਗੱਲ ਪੂਰੀ ਕਰੇਗਾ, ਇੱਥੋਂ ਤਕ ਕਿ ਸ਼ੈਤਾਨ ਦੇ ਹੱਥੋਂ ਮਰੇਗਾ। (ਉਤ. 3:15) ਪਹਿਲਾਂ ਕਦੀ ਕੋਈ ਇਨਸਾਨ ਇੰਨੀ ਵੱਡੀ ਜ਼ਿੰਮੇਵਾਰੀ ਚੁੱਕਣ ਲਈ ਅੱਗੇ ਨਹੀਂ ਆਇਆ। ਯਹੋਵਾਹ ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਸੁਣੀ ਅਤੇ ਸਵਰਗੋਂ ਕਿਹਾ ਕਿ ਉਸ ਨੂੰ ਆਪਣੇ ਪੁੱਤਰ ’ਤੇ ਪੂਰਾ ਭਰੋਸਾ ਸੀ। ਇਸ ਮੌਕੇ ’ਤੇ ਉਸ ਨੇ ਯਿਸੂ ਨੂੰ ਸਹੁੰ ਖਾਣ ਲਈ ਨਹੀਂ ਕਿਹਾ ਸੀ।—ਲੂਕਾ 3:21, 22.

4. ਯਿਸੂ ਕਿਸ ਹੱਦ ਤਕ ਆਪਣੀ ਜ਼ਬਾਨ ਦਾ ਪੱਕਾ ਰਿਹਾ?

4 ਯਿਸੂ ਜਿਨ੍ਹਾਂ ਗੱਲਾਂ ਦਾ ਪ੍ਰਚਾਰ ਕਰਦਾ ਸੀ, ਉਨ੍ਹਾਂ ਗੱਲਾਂ ’ਤੇ ਆਪ ਵੀ ਚੱਲਦਾ ਸੀ। ਉਸ ਨੇ ਕਿਸੇ ਵੀ ਚੀਜ਼ ਕਰ ਕੇ ਪਰਮੇਸ਼ੁਰ ਦੇ ਜ਼ਰੂਰੀ ਕੰਮ ਤੋਂ ਆਪਣਾ ਧਿਆਨ ਭਟਕਣ ਨਹੀਂ ਦਿੱਤਾ। ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਉਨ੍ਹਾਂ ਸਾਰੇ ਲੋਕਾਂ ਦੀ ਚੇਲੇ ਬਣਨ ਵਿਚ ਮਦਦ ਕਰਦਾ ਰਿਹਾ ਜਿਨ੍ਹਾਂ ਨੂੰ ਪਰਮੇਸ਼ੁਰ ਉਸ ਵੱਲ ਖਿੱਚਦਾ ਸੀ। (ਯੂਹੰ. 6:44) ਯਿਸੂ ਆਪਣੀ ਜ਼ਬਾਨ ਦਾ ਕਿੰਨਾ ਪੱਕਾ ਸੀ, ਇਸ ਬਾਰੇ ਬਾਈਬਲ ਦੱਸਦੀ ਹੈ: “ਪਰਮੇਸ਼ੁਰ ਦੇ ਵਾਅਦੇ ਭਾਵੇਂ ਜਿੰਨੇ ਮਰਜ਼ੀ ਹੋਣ, ਉਹ ਸਾਰੇ ਮਸੀਹ ਰਾਹੀਂ ਪੂਰੇ ਹੁੰਦੇ ਹਨ।” (2 ਕੁਰਿੰ. 1:20) ਵਾਕਈ ਯਿਸੂ ਨੇ ਆਪਣੇ ਪਿਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਕੇ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ। ਹੁਣ ਆਪਾਂ ਉਸ ਇਨਸਾਨ ਦੀ ਮਿਸਾਲ ’ਤੇ ਵਿਚਾਰ ਕਰਾਂਗੇ ਜਿਸ ਨੇ ਯਿਸੂ ਦੀ ਨਕਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ।

ਪੌਲੁਸ—ਆਪਣੀ ਗੱਲ ’ਤੇ ਪੱਕਾ ਰਿਹਾ

5. ਪੌਲੁਸ ਨੇ ਸਾਡੇ ਲਈ ਕਿਹੜੀ ਮਿਸਾਲ ਕਾਇਮ ਕੀਤੀ?

5“ਪ੍ਰਭੂ ਮੈਂ ਕੀ ਕਰਾਂ?” (ਰਸੂ. 22:10) ਇਨ੍ਹਾਂ ਸ਼ਬਦਾਂ ਨਾਲ ਪੌਲੁਸ, ਜੋ ਉਸ ਵੇਲੇ ਸੌਲੁਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਨੇ ਮਹਿਮਾਵਾਨ ਯਿਸੂ ਮਸੀਹ ਦੀ ਗੱਲ ਦਾ ਜਵਾਬ ਦਿੱਤਾ। ਉਸ ਵੇਲੇ ਯਿਸੂ ਨੇ ਇਕ ਦਰਸ਼ਣ ਵਿਚ ਉਸ ਨੂੰ ਮਸੀਹ ਦੇ ਚੇਲਿਆਂ ਉੱਤੇ ਜ਼ੁਲਮ ਕਰਨ ਤੋਂ ਰੋਕਿਆ ਸੀ। ਇਸ ਤੋਂ ਬਾਅਦ ਸੌਲੁਸ ਨੇ ਨਿਮਰਤਾ ਨਾਲ ਆਪਣੀ ਪੁਰਾਣੀ ਜ਼ਿੰਦਗੀ ਤੋਂ ਤੋਬਾ ਕੀਤੀ ਅਤੇ ਬਪਤਿਸਮਾ ਲਿਆ। ਨਾਲੇ ਯਿਸੂ ਨੇ ਉਸ ਨੂੰ ਗ਼ੈਰ-ਯਹੂਦੀ ਕੌਮਾਂ ਨੂੰ ਗਵਾਹੀ ਦੇਣ ਦਾ ਜੋ ਕੰਮ ਦਿੱਤਾ ਸੀ, ਉਸ ਕੰਮ ਨੂੰ ਸਵੀਕਾਰ ਕੀਤਾ। ਉਸ ਸਮੇਂ ਤੋਂ ਪੌਲੁਸ ਨੇ ਹਮੇਸ਼ਾ ਯਿਸੂ ਨੂੰ ਆਪਣਾ “ਪ੍ਰਭੂ” ਕਿਹਾ ਅਤੇ ਧਰਤੀ ਉੱਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨ ਤਕ ਆਪਣੇ ਪ੍ਰਭੂ ਦੀ ਗੱਲ ਮੰਨਦਾ ਰਿਹਾ। (ਰਸੂ. 22:6-16; 2 ਕੁਰਿੰ. 4:5; 2 ਤਿਮੋ. 4:8) ਪੌਲੁਸ ਉਨ੍ਹਾਂ ਲੋਕਾਂ ਵਰਗਾ ਨਹੀਂ ਸੀ ਜਿਨ੍ਹਾਂ ਬਾਰੇ ਯਿਸੂ ਨੇ ਕਿਹਾ ਸੀ: “ਤੁਸੀਂ ਮੈਨੂੰ ਪ੍ਰਭੂ ਕਿਉਂ ਕਹਿੰਦੇ ਹੋ, ਜਦ ਕਿ ਮੈਂ ਜੋ ਕਹਿੰਦਾ ਹਾਂ, ਉਹ ਤੁਸੀਂ ਨਹੀਂ ਕਰਦੇ?” (ਲੂਕਾ 6:46) ਜੀ ਹਾਂ, ਜਿਹੜੇ ਲੋਕ ਯਿਸੂ ਨੂੰ ਆਪਣਾ ਪ੍ਰਭੂ ਮੰਨਦੇ ਹਨ, ਉਨ੍ਹਾਂ ਤੋਂ ਯਿਸੂ ਆਸ ਰੱਖਦਾ ਹੈ ਕਿ ਉਹ ਉਸ ਦਾ ਕਹਿਣਾ ਵੀ ਮੰਨਣ, ਜਿਵੇਂ ਪੌਲੁਸ ਰਸੂਲ ਨੇ ਮੰਨਿਆ ਸੀ।

6, 7. (ੳ) ਪੌਲੁਸ ਨੇ ਕੁਰਿੰਥੁਸ ਦੁਬਾਰਾ ਜਾਣ ਦਾ ਪ੍ਰੋਗ੍ਰਾਮ ਕਿਉਂ ਬਦਲਿਆ ਅਤੇ ਕੁਝ ਲੋਕਾਂ ਦਾ ਇਹ ਕਹਿਣਾ ਗ਼ਲਤ ਕਿਉਂ ਸੀ ਕਿ ਪੌਲੁਸ ਭਰੋਸੇ ਦੇ ਲਾਇਕ ਨਹੀਂ ਸੀ? (ਅ) ਜ਼ਿੰਮੇਵਾਰ ਭਰਾਵਾਂ ਪ੍ਰਤੀ ਸਾਡਾ ਨਜ਼ਰੀਆ ਕੀ ਹੋਣਾ ਚਾਹੀਦਾ ਹੈ?

6 ਪੌਲੁਸ ਨੇ ਜੋਸ਼ ਨਾਲ ਏਸ਼ੀਆ ਮਾਈਨਰ ਅਤੇ ਯੂਰਪ ਵਿਚ ਰਾਜ ਦਾ ਸੰਦੇਸ਼ ਸੁਣਾਇਆ ਅਤੇ ਉਸ ਨੇ ਕਈ ਮੰਡਲੀਆਂ ਸਥਾਪਿਤ ਕੀਤੀਆਂ ਅਤੇ ਉਨ੍ਹਾਂ ਨੂੰ ਦੁਬਾਰਾ ਵੀ ਮਿਲਣ ਗਿਆ। ਕਈ ਵਾਰ ਉਸ ਨੂੰ ਇਹ ਸਾਬਤ ਕਰਨ ਲਈ ਸਹੁੰ ਵੀ ਖਾਣੀ ਪਈ ਕਿ ਉਸ ਦੀਆਂ ਲਿਖੀਆਂ ਗੱਲਾਂ ਸੱਚ ਸਨ। (ਗਲਾ. 1:20) ਜਦੋਂ ਕੁਰਿੰਥੁਸ ਦੀ ਮੰਡਲੀ ਵਿਚ ਕੁਝ ਲੋਕਾਂ ਨੇ ਉਸ ਉੱਤੇ ਦੋਸ਼ ਲਾਇਆ ਕਿ ਉਹ ਭਰੋਸੇ ਦੇ ਲਾਇਕ ਨਹੀਂ ਸੀ, ਤਾਂ ਉਸ ਨੇ ਆਪਣੀ ਸਫ਼ਾਈ ਦਿੰਦੇ ਹੋਏ ਲਿਖਿਆ: “ਜਿਵੇਂ ਤੁਸੀਂ ਪਰਮੇਸ਼ੁਰ ’ਤੇ ਭਰੋਸਾ ਕਰ ਸਕਦੇ ਹੋ, ਉਸੇ ਤਰ੍ਹਾਂ ਤੁਸੀਂ ਸਾਡੇ ’ਤੇ ਵੀ ਭਰੋਸਾ ਕਰ ਸਕਦੇ ਹੋ ਕਿ ਜਦੋਂ ਅਸੀਂ ਤੁਹਾਨੂੰ ‘ਹਾਂ’ ਕਹਿੰਦੇ ਹਾਂ, ਤਾਂ ਇਸ ਦਾ ਮਤਲਬ ‘ਨਾਂਹ’ ਨਹੀਂ ਹੁੰਦਾ।” (2 ਕੁਰਿੰ. 1:18) ਜਦੋਂ ਪੌਲੁਸ ਨੇ ਇਹ ਗੱਲ ਲਿਖੀ ਸੀ, ਉਸ ਵੇਲੇ ਉਹ ਅਫ਼ਸੁਸ ਤੋਂ ਤੁਰ ਪਿਆ ਸੀ ਅਤੇ ਮਕਦੂਨੀਆ ਦੇ ਇਲਾਕਿਆਂ ਵਿੱਚੋਂ ਦੀ ਹੁੰਦਾ ਹੋਇਆ ਕੁਰਿੰਥੁਸ ਨੂੰ ਜਾ ਰਿਹਾ ਸੀ। ਉਸ ਦਾ ਇਰਾਦਾ ਸੀ ਕਿ ਉਹ ਮਕਦੂਨੀਆ ਜਾਣ ਤੋਂ ਪਹਿਲਾਂ ਦੁਬਾਰਾ ਕੁਰਿੰਥੁਸ ਜਾਵੇ। (2 ਕੁਰਿੰ. 1:15, 16) ਪਰ ਉਸ ਨੂੰ ਆਪਣਾ ਪ੍ਰੋਗ੍ਰਾਮ ਬਦਲਣਾ ਪਿਆ, ਜਿਵੇਂ ਅੱਜ ਸਫ਼ਰੀ ਨਿਗਾਹਬਾਨਾਂ ਨੂੰ ਕਈ ਵਾਰ ਆਪਣੇ ਦੌਰਿਆਂ ਦੀਆਂ ਤਾਰੀਖ਼ਾਂ ਬਦਲਣੀਆਂ ਪੈਂਦੀਆਂ ਹਨ। ਅਜਿਹੀਆਂ ਤਬਦੀਲੀਆਂ ਛੋਟੀਆਂ-ਛੋਟੀਆਂ ਗੱਲਾਂ ਕਰ ਕੇ ਨਹੀਂ ਕੀਤੀਆਂ ਜਾਂਦੀਆਂ, ਸਗੋਂ ਜ਼ਰੂਰੀ ਕਾਰਨਾਂ ਕਰਕੇ ਕੀਤੀਆਂ ਜਾਂਦੀਆਂ ਹਨ। ਪੌਲੁਸ ਨੇ ਕੁਰਿੰਥੁਸ ਦੀ ਮੰਡਲੀ ਦੇ ਭਲੇ ਲਈ ਹੀ ਉੱਥੇ ਜਾਣ ਦਾ ਆਪਣਾ ਪ੍ਰੋਗ੍ਰਾਮ ਬਦਲਿਆ ਸੀ। ਕੀ ਕਾਰਨ ਸੀ?

7 ਜਦੋਂ ਪੌਲੁਸ ਨੇ ਪਹਿਲਾਂ ਕੁਰਿੰਥੁਸ ਜਾਣ ਦਾ ਪ੍ਰੋਗ੍ਰਾਮ ਬਣਾਇਆ ਸੀ, ਉਸ ਤੋਂ ਕੁਝ ਸਮੇਂ ਬਾਅਦ ਉਸ ਨੂੰ ਖ਼ਬਰ ਮਿਲੀ ਕਿ ਕੁਰਿੰਥੁਸ ਦੀ ਮੰਡਲੀ ਵਿਚ ਲੜਾਈ-ਝਗੜੇ ਹੁੰਦੇ ਸਨ ਅਤੇ ਹਰਾਮਕਾਰੀ ਨੂੰ ਬਰਦਾਸ਼ਤ ਕੀਤਾ ਜਾਂਦਾ ਸੀ। (1 ਕੁਰਿੰ. 1:11; 5:1) ਇਸ ਸਮੱਸਿਆ ਨੂੰ ਹੱਲ ਕਰਨ ਲਈ ਉਸ ਨੇ ਕੁਰਿੰਥੁਸ ਦੀ ਮੰਡਲੀ ਨੂੰ ਪਹਿਲੀ ਚਿੱਠੀ ਲਿਖ ਕੇ ਸਖ਼ਤ ਤਾੜਨਾ ਦਿੱਤੀ। ਫਿਰ ਅਫ਼ਸੁਸ ਤੋਂ ਸਿੱਧਾ ਕੁਰਿੰਥੁਸ ਜਾਣ ਦੀ ਬਜਾਇ ਪੌਲੁਸ ਨੇ ਫ਼ੈਸਲਾ ਕੀਤਾ ਕਿ ਉਹ ਮੰਡਲੀ ਨੂੰ ਉਸ ਦੀ ਸਲਾਹ ਲਾਗੂ ਕਰਨ ਦਾ ਕੁਝ ਸਮਾਂ ਦੇਵੇ ਤਾਂਕਿ ਉਹ ਜਦੋਂ ਕੁਰਿੰਥੁਸ ਪਹੁੰਚੇ, ਤਾਂ ਉਹ ਉਨ੍ਹਾਂ ਨੂੰ ਤਾੜਨਾ ਦੇਣ ਦੀ ਬਜਾਇ ਹੱਲਾਸ਼ੇਰੀ ਦੇ ਸਕੇ। ਪੌਲੁਸ ਨੇ ਆਪਣੀ ਦੂਸਰੀ ਚਿੱਠੀ ਵਿਚ ਦੱਸਿਆ ਕਿ ਉਹ ਇਸੇ ਕਾਰਨ ਕਰਕੇ ਸਿੱਧਾ ਉਨ੍ਹਾਂ ਕੋਲ ਨਹੀਂ ਆਇਆ ਸੀ। ਉਸ ਨੇ ਲਿਖਿਆ: “ਹੁਣ ਮੈਂ ਆਪਣੀ ਜਾਨ ਦੀ ਸਹੁੰ ਖਾਂਦਾ ਹਾਂ ਤੇ ਪਰਮੇਸ਼ੁਰ ਇਸ ਗੱਲ ਵਿਚ ਮੇਰਾ ਗਵਾਹ ਹੈ ਕਿ ਮੈਂ ਇਸ ਕਰਕੇ ਅਜੇ ਤਕ ਕੁਰਿੰਥੁਸ ਨਹੀਂ ਆਇਆ ਤਾਂਕਿ ਮੈਂ ਤੁਹਾਨੂੰ ਹੋਰ ਉਦਾਸ ਨਾ ਕਰਾਂ।” (2 ਕੁਰਿੰ. 1:23) ਆਓ ਆਪਾਂ ਕਦੀ ਉਨ੍ਹਾਂ ਲੋਕਾਂ ਵਰਗੇ ਨਾ ਬਣੀਏ ਜਿਨ੍ਹਾਂ ਨੇ ਪੌਲੁਸ ਦੀ ਨਿੰਦਿਆ ਕੀਤੀ ਸੀ, ਸਗੋਂ ਉਨ੍ਹਾਂ ਜ਼ਿੰਮੇਵਾਰ ਭਰਾਵਾਂ ਦਾ ਦਿਲੋਂ ਆਦਰ ਕਰੀਏ ਜਿਹੜੇ ਸਾਡੀ ਅਗਵਾਈ ਕਰਦੇ ਹਨ। ਪੌਲੁਸ ਨੇ ਹਮੇਸ਼ਾ ਆਪਣੇ ਆਪ ਨੂੰ ਭਰੋਸੇ ਦੇ ਲਾਇਕ ਸਾਬਤ ਕੀਤਾ। ਇਸ ਲਈ ਆਓ ਆਪਾਂ ਉਸ ਦੀ ਮਿਸਾਲ ਉੱਤੇ ਹਮੇਸ਼ਾ ਚੱਲੀਏ ਜਿਵੇਂ ਉਹ ਮਸੀਹ ਦੀ ਮਿਸਾਲ ਉੱਤੇ ਚੱਲਿਆ ਸੀ।—1 ਕੁਰਿੰ. 11:1; ਇਬ. 13:7.

ਹੋਰ ਚੰਗੀਆਂ ਮਿਸਾਲਾਂ

8. ਰਿਬਕਾਹ ਨੇ ਸਾਡੇ ਲਈ ਕਿਹੜੀ ਮਿਸਾਲ ਕਾਇਮ ਕੀਤੀ?

8 ਜਦੋਂ ਰਿਬਕਾਹ ਦੀ ਮਾਂ ਅਤੇ ਭਰਾ ਨੇ ਉਸ ਨੂੰ ਪੁੱਛਿਆ ਸੀ ਕਿ ਉਹ ਉਸੇ ਦਿਨ ਘਰ ਛੱਡ ਕੇ ਇਕ ਅਜਨਬੀ ਨਾਲ 800 ਕਿਲੋਮੀਟਰ (500 ਮੀਲ) ਦੂਰ ਜਾਣ ਅਤੇ ਅਬਰਾਹਾਮ ਦੇ ਪੁੱਤਰ ਇਸਹਾਕ ਦੀ ਪਤਨੀ ਬਣਨ ਲਈ ਤਿਆਰ ਸੀ, ਤਾਂ ਰਿਬਕਾਹ ਨੇ ਜਵਾਬ ਦਿੱਤਾ ਕਿ “ਮੈਂ ਜਾਵਾਂਗੀ।” (ਉਤ. 24:50-58) ਰਿਬਕਾਹ ਆਪਣੀ ਜ਼ਬਾਨ ਦੀ ਪੱਕੀ ਰਹੀ। ਉਸ ਨੇ ਵਫ਼ਾਦਾਰੀ ਨਾਲ ਆਪਣੇ ਪਤੀ ਇਸਹਾਕ ਦਾ ਸਾਥ ਦਿੱਤਾ ਅਤੇ ਪਰਮੇਸ਼ੁਰ ਦੀ ਸੇਵਾ ਕੀਤੀ। ਉਸ ਨੇ ਆਪਣੀ ਬਾਕੀ ਦੀ ਜ਼ਿੰਦਗੀ ਵਾਅਦਾ ਕੀਤੇ ਹੋਏ ਦੇਸ਼ ਵਿਚ ਪਰਦੇਸੀਆਂ ਵਜੋਂ ਤੰਬੂਆਂ ਵਿਚ ਕੱਟੀ। ਉਸ ਦੀ ਵਫ਼ਾਦਾਰੀ ਕਰਕੇ ਉਸ ਨੂੰ ਇਹ ਇਨਾਮ ਮਿਲਿਆ ਕਿ ਵਾਅਦਾ ਕੀਤੀ ਹੋਈ ਸੰਤਾਨ ਯਾਨੀ ਯਿਸੂ ਮਸੀਹ ਉਸ ਦੀ ਪੀੜ੍ਹੀ ਵਿਚ ਪੈਦਾ ਹੋਇਆ।—ਇਬ. 11:9, 13.

9. ਰੂਥ ਕਿਵੇਂ ਆਪਣੀ ਗੱਲ ’ਤੇ ਪੱਕੀ ਰਹੀ?

9 ਜਦੋਂ ਵਿਧਵਾ ਨਾਓਮੀ ਮੋਆਬ ਤੋਂ ਬੈਤਲਹਮ ਨੂੰ ਵਾਪਸ ਮੁੜ ਰਹੀ ਸੀ, ਤਾਂ ਉਸ ਦੀਆਂ ਦੋਵੇਂ ਨੂੰਹਾਂ ਨੇ ਵਾਰ-ਵਾਰ ਉਸ ਨੂੰ ਕਿਹਾ: “ਸੱਚ ਮੁੱਚ ਅਸੀਂ ਤੇਰੇ ਨਾਲ ਤੇਰਿਆਂ ਲੋਕਾਂ ਦੇ ਵਿੱਚ ਜਾਵਾਂਗੀਆਂ।” (ਰੂਥ 1:10) ਰੂਥ ਅਤੇ ਆਰਪਾਹ ਮੋਆਬਣਾਂ ਸਨ ਅਤੇ ਉਹ ਦੋਵੇਂ ਵੀ ਵਿਧਵਾਵਾਂ ਸਨ। ਅਖ਼ੀਰ ਵਿਚ ਨਾਓਮੀ ਦੇ ਜ਼ੋਰ ਪਾਉਣ ’ਤੇ ਆਰਪਾਹ ਆਪਣੇ ਪੇਕਿਆਂ ਨੂੰ ਮੁੜ ਗਈ, ਪਰ ਰੂਥ ਆਪਣੀ ਗੱਲ ’ਤੇ ਪੱਕੀ ਰਹੀ। (ਰੂਥ 1:16, 17 ਪੜ੍ਹੋ।) ਉਸ ਨੇ ਆਪਣੇ ਘਰ-ਪਰਿਵਾਰ ਅਤੇ ਮੋਆਬ ਦੇ ਧਰਮ ਨੂੰ ਹਮੇਸ਼ਾ ਲਈ ਛੱਡ ਦਿੱਤਾ ਅਤੇ ਉਹ ਨਾਓਮੀ ਦੇ ਨਾਲ ਰਹੀ। ਉਸ ਨੇ ਯਹੋਵਾਹ ਦੀ ਭਗਤੀ ਕੀਤੀ ਅਤੇ ਇਸ ਦਾ ਉਸ ਨੂੰ ਇਨਾਮ ਵੀ ਮਿਲਿਆ। ਉਸ ਦਾ ਨਾਂ ਉਨ੍ਹਾਂ ਪੰਜ ਤੀਵੀਆਂ ਵਿਚ ਸ਼ਾਮਲ ਹੈ ਜਿਨ੍ਹਾਂ ਦਾ ਜ਼ਿਕਰ ਮੱਤੀ ਨੇ ਯਿਸੂ ਦੀ ਵੰਸ਼ਾਵਲੀ ਵਿਚ ਕੀਤਾ ਸੀ।—ਮੱਤੀ 1:1, 3, 5, 6, 16.

10. ਯਸਾਯਾਹ ਸਾਡੇ ਲਈ ਚੰਗੀ ਮਿਸਾਲ ਕਿਉਂ ਹੈ?

10“ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾ. 6:8) ਇਹ ਕਹਿਣ ਤੋਂ ਪਹਿਲਾਂ ਯਸਾਯਾਹ ਨੇ ਇਕ ਸ਼ਾਨਦਾਰ ਦਰਸ਼ਣ ਵਿਚ ਯਹੋਵਾਹ ਨੂੰ ਆਪਣੇ ਸਿੰਘਾਸਣ ਉੱਤੇ ਬੈਠਾ ਦੇਖਿਆ ਸੀ ਅਤੇ ਉਸ ਦਾ ਸਿੰਘਾਸਣ ਇਜ਼ਰਾਈਲ ਵਿਚ ਮੰਦਰ ਦੇ ਉੱਪਰ ਸੀ। ਇਹ ਦਰਸ਼ਣ ਦੇਖਦੇ ਹੋਏ ਯਸਾਯਾਹ ਨੇ ਯਹੋਵਾਹ ਦੀ ਇਹ ਗੱਲ ਸੁਣੀ: “ਮੈਂ ਕਿਹ ਨੂੰ ਘੱਲਾਂ ਤੇ ਕੌਣ ਸਾਡੇ ਲਈ ਜਾਵੇਗਾ?” ਯਹੋਵਾਹ ਪੁੱਛ ਰਿਹਾ ਸੀ ਕਿ ਕੌਣ ਉਸ ਦੇ ਅਣਆਗਿਆਕਾਰੀ ਲੋਕਾਂ ਨੂੰ ਉਸ ਦਾ ਸੰਦੇਸ਼ ਸੁਣਾਉਣ ਲਈ ਜਾਵੇਗਾ। ਯਸਾਯਾਹ ਜਾਣ ਲਈ ਤਿਆਰ ਸੀ ਅਤੇ ਉਹ ਆਪਣੀ ਗੱਲ ’ਤੇ ਪੱਕਾ ਰਿਹਾ। ਉਸ ਨੇ ਇਕ ਨਬੀ ਵਜੋਂ 46 ਤੋਂ ਜ਼ਿਆਦਾ ਸਾਲ ਵਫ਼ਾਦਾਰੀ ਨਾਲ ਸੇਵਾ ਕੀਤੀ। ਉਸ ਨੇ ਇਜ਼ਰਾਈਲੀਆਂ ਨੂੰ ਦੱਸਿਆ ਕਿ ਪਰਮੇਸ਼ੁਰ ਉਨ੍ਹਾਂ ਨੂੰ ਸਜ਼ਾ ਦੇਵੇਗਾ ਅਤੇ ਇਹ ਵੀ ਦੱਸਿਆ ਕਿ ਪਰਮੇਸ਼ੁਰ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਲਿਆਵੇਗਾ ਜਿੱਥੇ ਉਹ ਦੁਬਾਰਾ ਉਸ ਦੀ ਭਗਤੀ ਕਰਨਗੇ।

11. (ੳ) ਆਪਣੀ ਗੱਲ ’ਤੇ ਪੱਕੇ ਰਹਿਣਾ ਕਿਉਂ ਜ਼ਰੂਰੀ ਹੈ? (ਅ) ਬਾਈਬਲ ਵਿਚ ਕਿਨ੍ਹਾਂ ਕੁਝ ਝੂਠੇ ਲੋਕਾਂ ਦੀਆਂ ਮਿਸਾਲਾਂ ਦਰਜ ਹਨ?

11 ਯਹੋਵਾਹ ਨੇ ਆਪਣੇ ਬਚਨ ਵਿਚ ਇਹ ਸਾਰੀਆਂ ਮਿਸਾਲਾਂ ਕਿਉਂ ਲਿਖਵਾਈਆਂ ਹਨ? ਆਪਣੀ ਗੱਲ ’ਤੇ ਪੱਕੇ ਰਹਿਣਾ ਕਿੰਨਾ ਕੁ ਗੰਭੀਰ ਹੈ? ਬਾਈਬਲ ਵਿਚ ਸਾਫ਼-ਸਾਫ਼ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜਾਣ-ਬੁੱਝ ਕੇ “ਵਾਅਦੇ ਤੋੜਨ ਵਾਲੇ” ਇਨਸਾਨ “ਮੌਤ ਦੀ ਸਜ਼ਾ ਦੇ ਲਾਇਕ ਹਨ।” (ਰੋਮੀ. 1:31, 32) ਬਾਈਬਲ ਵਿਚ ਮਿਸਰ ਦੇ ਰਾਜੇ ਫ਼ਿਰਊਨ, ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਅੰਨਾਸ ਤੇ ਸਫ਼ੀਰਾ ਦੀਆਂ ਬੁਰੀਆਂ ਮਿਸਾਲਾਂ ਵੀ ਦਰਜ ਹਨ। ਇਨ੍ਹਾਂ ਨੇ ਆਪਣੀ ਹਾਂ ਦੀ ਹਾਂ ਨਹੀਂ ਰੱਖੀ। ਇਨ੍ਹਾਂ ਸਾਰਿਆਂ ਨੂੰ ਸਜ਼ਾ ਮਿਲੀ ਅਤੇ ਇਨ੍ਹਾਂ ਦੀਆਂ ਮਿਸਾਲਾਂ ਸਾਡੇ ਲਈ ਚੇਤਾਵਨੀ ਹਨ।—ਕੂਚ 9:27, 28, 34, 35; ਹਿਜ਼. 17:13-15, 19, 20; ਰਸੂ. 5:1-10.

12. ਆਪਣੀ ਗੱਲ ’ਤੇ ਪੱਕੇ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

12 ਅਸੀਂ “ਆਖ਼ਰੀ ਦਿਨਾਂ” ਵਿਚ ਜੀ ਰਹੇ ਹਾਂ ਅਤੇ ਅਸੀਂ ਅਜਿਹੇ ਲੋਕਾਂ ਨਾਲ ਘਿਰੇ ਹੋਏ ਹਾਂ ਜਿਹੜੇ “ਵਿਸ਼ਵਾਸਘਾਤੀ” ਹਨ ਅਤੇ ਜਿਹੜੇ ‘ਭਗਤੀ ਦਾ ਦਿਖਾਵਾ ਤਾਂ ਕਰਦੇ ਹਨ, ਪਰ ਇਸ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜੀਉਂਦੇ।’ (2 ਤਿਮੋ. 3:1-5) ਜਿੰਨਾ ਹੋ ਸਕੇ, ਸਾਨੂੰ ਅਜਿਹੇ ਲੋਕਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਸਾਨੂੰ ਉਨ੍ਹਾਂ ਲੋਕਾਂ ਨਾਲ ਮਿਲਣਾ-ਗਿਲ਼ਣਾ ਚਾਹੀਦਾ ਹੈ ਜਿਹੜੇ ਹਮੇਸ਼ਾ ਆਪਣੀ ਗੱਲ ’ਤੇ ਪੱਕੇ ਰਹਿਣ ਦੀ ਕੋਸ਼ਿਸ਼ ਕਰਦੇ ਹਨ।—ਇਬ. 10:24, 25.

ਆਪਣਾ ਸਭ ਤੋਂ ਜ਼ਰੂਰੀ ਵਾਅਦਾ ਨਿਭਾਓ

13. ਯਿਸੂ ਮਸੀਹ ਦੇ ਚੇਲਿਆਂ ਲਈ ਕਿਹੜਾ ਵਾਅਦਾ ਸਭ ਤੋਂ ਜ਼ਰੂਰੀ ਹੈ?

13 ਜਦੋਂ ਕੋਈ ਇਨਸਾਨ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦਾ ਹੈ, ਤਾਂ ਉਹ ਉਸ ਦੀ ਸੇਵਾ ਕਰਨ ਦਾ ਵਾਅਦਾ ਕਰਦਾ ਹੈ। ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਵਾਅਦਾ ਹੁੰਦਾ ਹੈ। ਜਿਹੜੇ ਲੋਕ ਆਪਣਾ ਤਿਆਗ ਕਰ ਕੇ ਯਿਸੂ ਦੇ ਚੇਲੇ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਤਿੰਨ ਵਾਰ ‘ਹਾਂ’ ਕਹਿਣ ਦਾ ਮੌਕਾ ਮਿਲਦਾ ਹੈ। (ਮੱਤੀ 16:24) ਜਿਹੜਾ ਵਿਅਕਤੀ ਬਪਤਿਸਮਾ ਲੈਣ ਤੋਂ ਪਹਿਲਾਂ ਪਬਲੀਸ਼ਰ ਬਣਨਾ ਚਾਹੁੰਦਾ ਹੈ, ਉਸ ਨੂੰ ਦੋ ਬਜ਼ੁਰਗ ਮਿਲ ਕੇ ਪੁੱਛਦੇ ਹਨ: “ਕੀ ਤੁਸੀਂ ਸੱਚ-ਮੁੱਚ ਯਹੋਵਾਹ ਦੇ ਗਵਾਹ ਬਣਨਾ ਚਾਹੁੰਦੇ ਹੋ?” ਬਾਅਦ ਵਿਚ ਜਦੋਂ ਉਹ ਹੋਰ ਤਰੱਕੀ ਕਰਦਾ ਹੈ ਅਤੇ ਬਪਤਿਸਮਾ ਲੈਣਾ ਚਾਹੁੰਦਾ ਹੈ, ਤਾਂ ਉਦੋਂ ਵੀ ਬਜ਼ੁਰਗ ਉਸ ਨੂੰ ਮਿਲ ਕੇ ਪੁੱਛਦੇ ਹਨ, “ਕੀ ਤੁਸੀਂ ਦਿਲੋਂ ਪ੍ਰਾਰਥਨਾ ਕਰ ਕੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਚੁੱਕੇ ਹੋ?” ਅਖ਼ੀਰ ਵਿਚ ਬਪਤਿਸਮੇ ਵਾਲੇ ਦਿਨ ਸਾਰੇ ਬਪਤਿਸਮਾ ਲੈਣ ਵਾਲੇ ਉਮੀਦਵਾਰਾਂ ਨੂੰ ਪੁੱਛਿਆ ਜਾਂਦਾ ਹੈ: “ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ’ਤੇ, ਕੀ ਤੁਸੀਂ ਆਪਣੇ ਪਾਪਾਂ ਤੋਂ ਤੋਬਾ ਕਰ ਕੇ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਆਪਣੀ ਜ਼ਿੰਦਗੀ ਉਸ ਨੂੰ ਸਮਰਪਿਤ ਕੀਤੀ ਹੈ?” ਇਸ ਤਰ੍ਹਾਂ ਗਵਾਹਾਂ ਦੇ ਅੱਗੇ ਇਹ ਉਮੀਦਵਾਰ ਯਹੋਵਾਹ ਦੀ ਸੇਵਾ ਹਮੇਸ਼ਾ ਕਰਨ ਲਈ ‘ਹਾਂ’ ਕਹਿੰਦੇ ਹਨ।

14. ਸਾਨੂੰ ਸਮੇਂ-ਸਮੇਂ ’ਤੇ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਕੇ ਆਪਣੀ ਜਾਂਚ ਕਰਨੀ ਚਾਹੀਦੀ ਹੈ?

14 ਚਾਹੇ ਤੁਸੀਂ ਹੁਣੇ-ਹੁਣੇ ਬਪਤਿਸਮਾ ਲਿਆ ਹੈ ਜਾਂ ਫਿਰ ਕਈ ਸਾਲਾਂ ਤੋਂ ਪਰਮੇਸ਼ੁਰ ਦੀ ਸੇਵਾ ਕਰ ਰਹੇ ਹੋ, ਤੁਹਾਨੂੰ ਇਹ ਸਵਾਲ ਪੁੱਛ ਕੇ ਸਮੇਂ-ਸਮੇਂ ’ਤੇ ਆਪਣੀ ਜਾਂਚ ਕਰਨੀ ਚਾਹੀਦੀ ਹੈ: ‘ਯਿਸੂ ਮਸੀਹ ਦੀ ਰੀਸ ਕਰਦੇ ਹੋਏ ਕੀ ਮੈਂ ਆਪਣਾ ਸਭ ਤੋਂ ਜ਼ਰੂਰੀ ਵਾਅਦਾ ਨਿਭਾ ਰਿਹਾ ਹਾਂ? ਕੀ ਮੈਂ ਯਿਸੂ ਦੇ ਹੁਕਮ ਦੀ ਪਾਲਣਾ ਕਰਦਾ ਹੋਇਆ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਰਿਹਾ ਹਾਂ?’—2 ਕੁਰਿੰਥੀਆਂ 13:5 ਪੜ੍ਹੋ।

15. ਜ਼ਿੰਦਗੀ ਦੇ ਕਿਹੜੇ ਕੁਝ ਮਾਮਲਿਆਂ ਵਿਚ ਸਾਡੀ ਹਾਂ ਦੀ ਹਾਂ ਹੋਣੀ ਚਾਹੀਦੀ ਹੈ?

15 ਆਪਣੇ ਸਮਰਪਣ ਦੇ ਵਾਅਦੇ ਨੂੰ ਨਿਭਾਉਣ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਹੋਰ ਮਾਮਲਿਆਂ ਵਿਚ ਵੀ ਵਫ਼ਾਦਾਰ ਰਹੀਏ। ਮਿਸਾਲ ਲਈ: ਕੀ ਤੁਹਾਡਾ ਵਿਆਹ ਹੋਇਆ ਹੈ? ਜੇ ਹਾਂ, ਤਾਂ ਤੁਸੀਂ ਆਪਣੇ ਜੀਵਨ ਸਾਥੀ ਨਾਲ ਪਿਆਰ ਕਰਨ ਅਤੇ ਉਸ ਦਾ ਖ਼ਿਆਲ ਰੱਖਣ ਦਾ ਵਾਅਦਾ ਕੀਤਾ ਸੀ। ਆਪਣੇ ਉਸ ਵਾਅਦੇ ਨੂੰ ਨਿਭਾਓ। ਕੀ ਤੁਸੀਂ ਕਿਸੇ ਨਾਲ ਬਿਜ਼ਨਿਸ ਕਾਨਟ੍ਰੈਕਟ ਕੀਤਾ ਹੈ ਜਾਂ ਬੈਥਲ ਵਿਚ ਸੇਵਾ ਕਰਨ ਜਾਂ ਪਾਇਨੀਅਰਿੰਗ ਵਗੈਰਾ ਕਰਨ ਲਈ ਫ਼ਾਰਮ ਭਰਿਆ ਹੈ? ਜੇ ਹਾਂ, ਤਾਂ ਆਪਣੀ ਹਾਂ ਨੂੰ ਹਾਂ ਰੱਖੋ। ਕੀ ਤੁਸੀਂ ਕਿਸੇ ਗ਼ਰੀਬ ਭਰਾ ਦੇ ਘਰ ਰੋਟੀ ਖਾਣ ਦੇ ਸੱਦੇ ਨੂੰ ਸਵੀਕਾਰ ਕੀਤਾ ਹੈ? ਤਾਂ ਇਸ ਕਰਕੇ ਉੱਥੇ ਜਾਣਾ ਕੈਂਸਲ ਨਾ ਕਰੋ ਕਿ ਤੁਹਾਨੂੰ ਇਸ ਤੋਂ ਵਧੀਆ ਸੱਦਾ ਮਿਲਿਆ ਹੈ। ਜਾਂ ਕੀ ਤੁਸੀਂ ਘਰ-ਘਰ ਪ੍ਰਚਾਰ ਦੌਰਾਨ ਕਿਸੇ ਨਾਲ ਵਾਅਦਾ ਕੀਤਾ ਕਿ ਤੁਸੀਂ ਦੁਬਾਰਾ ਆ ਕੇ ਉਸ ਨੂੰ ਪਰਮੇਸ਼ੁਰ ਬਾਰੇ ਹੋਰ ਸਿਖਾਓਗੇ? ਜੇ ਹਾਂ, ਤਾਂ ਆਪਣੀ ਹਾਂ ਨੂੰ ਹਾਂ ਰੱਖੋ ਅਤੇ ਯਹੋਵਾਹ ਤੁਹਾਡੀ ਸੇਵਕਾਈ ਉੱਤੇ ਬਰਕਤਾਂ ਪਾਵੇਗਾ।—ਲੂਕਾ 16:10 ਪੜ੍ਹੋ।

ਸਾਡੇ ਮਹਾਂ ਪੁਜਾਰੀ ਅਤੇ ਰਾਜੇ ਤੋਂ ਮਦਦ

16. ਜੇ ਅਸੀਂ ਆਪਣਾ ਕੋਈ ਵਾਅਦਾ ਪੂਰਾ ਨਹੀਂ ਕਰਦੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

16 ਬਾਈਬਲ ਵਿਚ ਦੱਸਿਆ ਹੈ ਕਿ ਨਾਮੁਕੰਮਲ ਹੋਣ ਕਰਕੇ “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ,” ਖ਼ਾਸ ਕਰਕੇ ਅਸੀਂ ਬੋਲਣ ਵਿਚ ਗ਼ਲਤੀਆਂ ਕਰਦੇ ਹਾਂ। (ਯਾਕੂ. 3:2) ਜੇ ਅਸੀਂ ਆਪਣਾ ਕੋਈ ਵਾਅਦਾ ਪੂਰਾ ਨਹੀਂ ਕਰਦੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਇਜ਼ਰਾਈਲੀਆਂ ਨੂੰ ਦਿੱਤੇ ਪਰਮੇਸ਼ੁਰ ਦੇ ਕਾਨੂੰਨ ਵਿਚ ਉਹ ਲੋਕ ਦਇਆ ਤੇ ਮਾਫ਼ੀ ਪਾ ਸਕਦੇ ਸਨ ਜਿਹੜੇ ‘ਹੂੜ੍ਹ ਪੁਣੇ ਨਾਲ ਆਪਣਿਆਂ ਹੋਠਾਂ’ ਨਾਲ ਗ਼ਲਤੀ ਕਰਦੇ ਸਨ। (ਲੇਵੀ. 5:4-7, 11) ਇਸੇ ਤਰ੍ਹਾਂ ਅੱਜ ਵੀ ਗ਼ਲਤੀ ਕਰਨ ਵਾਲੇ ਮਸੀਹੀ ਮਾਫ਼ੀ ਪਾ ਸਕਦੇ ਹਨ। ਜੇ ਅਸੀਂ ਯਹੋਵਾਹ ਸਾਮ੍ਹਣੇ ਆਪਣੀ ਗ਼ਲਤੀ ਸਵੀਕਾਰ ਕਰਦੇ ਹਾਂ, ਤਾਂ ਉਹ ਸਾਡੇ ’ਤੇ ਦਇਆ ਕਰ ਕੇ ਸਾਨੂੰ ਮਾਫ਼ ਕਰਦਾ ਹੈ। ਸਾਡਾ ਮਹਾਂ ਪੁਜਾਰੀ ਯਿਸੂ ਮਸੀਹ ਪਰਮੇਸ਼ੁਰ ਤੋਂ ਮਾਫ਼ੀ ਪਾਉਣ ਵਿਚ ਸਾਡੀ ਮਦਦ ਕਰਦਾ ਹੈ। (1 ਯੂਹੰ. 2:1, 2) ਪਰ ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਦੀ ਮਿਹਰ ਹਮੇਸ਼ਾ ਸਾਡੇ ’ਤੇ ਰਹੇ, ਤਾਂ ਸਾਨੂੰ ਤੋਬਾ ਕਰ ਕੇ ਪਾਪ ਕਰਨ ਵਿਚ ਨਹੀਂ ਲੱਗੇ ਰਹਿਣਾ ਚਾਹੀਦਾ। ਮਿਸਾਲ ਲਈ, ਸਾਨੂੰ ਆਪਣੇ ਵਾਅਦੇ ਤੋੜਨ ਦੀ ਆਦਤ ਨਹੀਂ ਪਾਉਣੀ ਚਾਹੀਦੀ। ਜੇ ਅਸੀਂ ਕੋਈ ਵਾਅਦਾ ਤੋੜਿਆ ਹੈ, ਤਾਂ ਸਾਨੂੰ ਉਸ ਗ਼ਲਤੀ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਕਹਾ. 6:2, 3) ਕਿੰਨਾ ਜ਼ਰੂਰੀ ਹੈ ਕਿ ਅਸੀਂ ਕੋਈ ਵੀ ਵਾਅਦਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰੀਏ!—ਉਪਦੇਸ਼ਕ ਦੀ ਪੋਥੀ 5:2 ਪੜ੍ਹੋ।

17, 18. ਜਿਹੜੇ ਲੋਕ ਆਪਣੀ ਗੱਲ ’ਤੇ ਪੱਕੇ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਦਾ ਭਵਿੱਖ ਕਿਹੋ ਜਿਹਾ ਹੈ?

17 ਜਿਹੜੇ ਲੋਕ ਆਪਣੀ ਗੱਲ ’ਤੇ ਪੱਕੇ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਦਾ ਭਵਿੱਖ ਬਹੁਤ ਵਧੀਆ ਹੈ। ਚੁਣੇ ਹੋਏ 1,44,000 ਮਸੀਹੀਆਂ ਨੂੰ ਸਵਰਗ ਵਿਚ ਅਮਰ ਜ਼ਿੰਦਗੀ ਮਿਲੇਗੀ ਜਿੱਥੇ ਉਹ ਯਿਸੂ ਮਸੀਹ ਨਾਲ “ਰਾਜਿਆਂ ਵਜੋਂ 1,000 ਸਾਲ ਰਾਜ ਕਰਨਗੇ।” (ਪ੍ਰਕਾ. 20:6) ਹੋਰ ਅਣਗਿਣਤ ਲੋਕਾਂ ਨੂੰ ਮਸੀਹ ਦੇ ਰਾਜ ਦੀ ਪਰਜਾ ਬਣ ਕੇ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਉਹ ਪੂਰੀ ਤਰ੍ਹਾਂ ਤੰਦਰੁਸਤ ਹੋਣਗੇ ਤੇ ਉਨ੍ਹਾਂ ਦੀ ਸੋਚਣੀ ਹਮੇਸ਼ਾ ਸਹੀ ਹੋਵੇਗੀ।—ਪ੍ਰਕਾ. 21:3-5.

18 ਯਿਸੂ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੇ ਅੰਤ ਵਿਚ ਆਖ਼ਰੀ ਪਰੀਖਿਆ ਵਿਚ ਵਫ਼ਾਦਾਰ ਸਾਬਤ ਹੋਣ ਤੋਂ ਬਾਅਦ ਸਾਨੂੰ ਫਿਰ ਕਦੇ ਕਿਸੇ ਦੀ ਗੱਲ ਉੱਤੇ ਸ਼ੱਕ ਨਹੀਂ ਕਰਨਾ ਪਵੇਗਾ। (ਪ੍ਰਕਾ. 20:7-10) ਹਰ ਕੋਈ ਜਦੋਂ ਹਾਂ ਕਹੇਗਾ, ਤਾਂ ਉਹ ਹਾਂ ਹੋਵੇਗੀ ਅਤੇ ਨਾਂਹ ਨਾਂਹ ਹੋਵੇਗੀ। ਕਿਉਂ? ਕਿਉਂਕਿ ਉਸ ਵੇਲੇ ਸਾਰੇ ਆਪਣੇ ਸਵਰਗੀ ਪਿਤਾ ਅਤੇ “ਸਚਿਆਈ ਦੇ ਪਰਮੇਸ਼ੁਰ” ਯਹੋਵਾਹ ਵਾਂਗ ਆਪਣੀ ਗੱਲ ’ਤੇ ਪੱਕੇ ਰਹਿਣਗੇ।—ਜ਼ਬੂ. 31:5.

[ਸਵਾਲ]

[ਸਫ਼ਾ 28 ਉੱਤੇ ਤਸਵੀਰ]

ਆਪਣੇ ਬਪਤਿਸਮੇ ਤੋਂ ਲੈ ਕੇ ਮੌਤ ਤਕ ਯਿਸੂ ਨੇ ਆਪਣੇ ਪਿਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ

[ਸਫ਼ਾ 30 ਉੱਤੇ ਤਸਵੀਰ]

ਕੀ ਤੁਸੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਵਾਅਦੇ ਨੂੰ ਨਿਭਾਉਂਦੇ ਹੋ?