Skip to content

Skip to table of contents

ਨਿਆਣਿਆਂ ਦੇ ਮੂੰਹੋਂ ਹੌਸਲਾ ਦੇਣ ਵਾਲੀਆਂ ਗੱਲਾਂ

ਨਿਆਣਿਆਂ ਦੇ ਮੂੰਹੋਂ ਹੌਸਲਾ ਦੇਣ ਵਾਲੀਆਂ ਗੱਲਾਂ

ਨਿਆਣਿਆਂ ਦੇ ਮੂੰਹੋਂ ਹੌਸਲਾ ਦੇਣ ਵਾਲੀਆਂ ਗੱਲਾਂ

ਦਸੰਬਰ 2009 ਵਿਚ ਰੂਸ ਦੀ ਸੁਪਰੀਮ ਕੋਰਟ ਨੇ ਟੈਗਨਰੋਗ ਵਿਚ ਯਹੋਵਾਹ ਦੇ ਗਵਾਹਾਂ ਦੀ ਮੰਡਲੀ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਤੇ ਉਨ੍ਹਾਂ ਦਾ ਕਿੰਗਡਮ ਹਾਲ ਲੈ ਲਿਆ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਗਵਾਹਾਂ ਦੇ 34 ਪ੍ਰਕਾਸ਼ਨ ਲੋਕਾਂ ਲਈ ਪੜ੍ਹਨੇ ਖ਼ਤਰਨਾਕ ਹਨ। ਯਹੋਵਾਹ ਦੇ ਗਵਾਹਾਂ ਦੀ ਓਫਿਸ਼ਲ ਵੈੱਬਸਾਈਟ ’ਤੇ ਇਸ ਸੰਬੰਧੀ ਰਿਪੋਰਟ ਪਾਈ ਗਈ ਅਤੇ ਇਸ ਵਿਚ ਟੈਗਨਰੋਗ ਦੇ ਗਵਾਹਾਂ ਦੀਆਂ, ਜਿਨ੍ਹਾਂ ਵਿਚ ਬੱਚੇ ਵੀ ਹਨ, ਫੋਟੋਆਂ ਪਾਈਆਂ ਗਈਆਂ।

ਕੁਝ ਮਹੀਨੇ ਬਾਅਦ ਰੂਸ ਦੇ ਬ੍ਰਾਂਚ ਆਫ਼ਿਸ ਨੂੰ ਕੁਈਨਜ਼ਲੈਂਡ, ਆਸਟ੍ਰੇਲੀਆ ਵਿਚ ਰਹਿੰਦੇ ਇਕ ਪਰਿਵਾਰ ਤੋਂ ਇਕ ਬਕਸਾ ਤੇ ਚਿੱਠੀ ਮਿਲੀ। ਇਸ ਪਰਿਵਾਰ ਨੇ ਕੋਰਟ ਵੱਲੋਂ ਸੁਣਾਏ ਫ਼ੈਸਲੇ ਨੂੰ ਪੜ੍ਹਿਆ ਸੀ। ਇਸ ਚਿੱਠੀ ਵਿਚ ਲਿਖਿਆ ਸੀ: “ਪਿਆਰੇ ਭਰਾਵੋ, ਸਾਡੇ ਬੱਚਿਆਂ, ਕੋਡੀ ਤੇ ਲਰੀਸਾ ’ਤੇ ਇਸ ਗੱਲ ਦਾ ਬਹੁਤ ਅਸਰ ਪਿਆ ਹੈ ਕਿ ਰੂਸ ਵਿਚ ਗਵਾਹਾਂ ਨੂੰ ਆਪਣੀ ਨਿਹਚਾ ਕਰਕੇ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਸਾਡੇ ਬੱਚਿਆਂ ਨੇ ਕਾਰਡ ਤੇ ਚਿੱਠੀਆਂ ਲਿਖੀਆਂ ਹਨ ਤੇ ਅਸੀਂ ਟੈਗਨਰੋਗ ਦੇ ਬੱਚਿਆਂ ਲਈ ਕੁਝ ਤੋਹਫ਼ੇ ਭੇਜ ਰਹੇ ਹਾਂ। ਅਸੀਂ ਉਨ੍ਹਾਂ ਬੱਚਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਤੋਂ ਬਹੁਤ ਦੂਰ ਹੋਰ ਵੀ ਬੱਚੇ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ ਤੇ ਉਨ੍ਹਾਂ ਬਾਰੇ ਸੋਚਦੇ ਹਨ। ਸਾਡੇ ਬੱਚਿਆਂ ਵੱਲੋਂ ਉਨ੍ਹਾਂ ਨੂੰ ਢੇਰ ਸਾਰਾ ਪਿਆਰ।”

ਜਦੋਂ ਟੈਗਨਰੋਗ ਦੇ ਬੱਚਿਆਂ ਨੂੰ ਤੋਹਫ਼ੇ ਮਿਲੇ, ਤਾਂ ਉਨ੍ਹਾਂ ਨੇ ਆਸਟ੍ਰੇਲੀਆ ਦੇ ਪਰਿਵਾਰ ਦਾ ਚਿੱਠੀਆਂ ਲਿਖ ਕੇ ਧੰਨਵਾਦ ਕੀਤਾ। ‘ਨਿਆਣਿਆਂ ਦੇ ਮੂੰਹ ਤੋਂ’ ਹੌਸਲਾ ਦੇਣ ਵਾਲੀਆਂ ਗੱਲਾਂ ਸੁਣ ਕੇ ਰੂਸ ਦੇ ਬ੍ਰਾਂਚ ਆਫ਼ਿਸ ਵਿਚ ਰਹਿੰਦੇ ਇਕ ਭਰਾ ਨੇ ਕੋਡੀ ਤੇ ਲਰੀਸਾ ਨੂੰ ਚਿੱਠੀ ਲਿਖੀ: “ਜ਼ਰਾ ਸੋਚੋ, ਬੱਚਿਆਂ ਤੇ ਵੱਡਿਆਂ ਨੂੰ ਕਿੰਨਾ ਦੁੱਖ ਲੱਗਦਾ ਹੈ ਜਦੋਂ ਉਨ੍ਹਾਂ ਨੂੰ ਉਸ ਗ਼ਲਤੀ ਦੀ ਸਜ਼ਾ ਦਿੱਤੀ ਜਾਂਦੀ ਹੈ ਜੋ ਉਨ੍ਹਾਂ ਨੇ ਕੀਤੀ ਹੀ ਨਹੀਂ। ਟੈਗਨਰੋਗ ਦੇ ਭੈਣਾਂ-ਭਰਾਵਾਂ ਨੇ ਕੋਈ ਗ਼ਲਤੀ ਨਹੀਂ ਕੀਤੀ, ਪਰ ਫਿਰ ਵੀ ਉਨ੍ਹਾਂ ਦਾ ਕਿੰਗਡਮ ਹਾਲ ਉਨ੍ਹਾਂ ਤੋਂ ਲੈ ਲਿਆ ਗਿਆ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਦੁੱਖ ਲੱਗਾ। ਉਨ੍ਹਾਂ ਨੂੰ ਇਸ ਗੱਲ ਤੋਂ ਬਹੁਤ ਹੌਸਲਾ ਮਿਲੇਗਾ ਕਿ ਦੁਨੀਆਂ ਦੇ ਦੂਜੇ ਕੋਨੇ ਵਿਚ ਕੋਈ ਉਨ੍ਹਾਂ ਬਾਰੇ ਸੋਚ ਰਿਹਾ ਹੈ। ਤੁਹਾਡੇ ਪਿਆਰ ਤੇ ਤੋਹਫ਼ਿਆਂ ਲਈ ਬਹੁਤ-ਬਹੁਤ ਧੰਨਵਾਦ।”—ਜ਼ਬੂ. 8:2.

ਸਾਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ ਇਕ-ਦੂਜੇ ਨੂੰ ਪਿਆਰ ਕਰਦੇ ਹਨ ਅਤੇ ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਇਕ-ਦੂਜੇ ਦੀ ਮਦਦ ਕਰਦੇ ਹਨ। ਭਾਵੇਂ ਅਦਾਲਤ ਵਿਚ ਬਹਿਸ ਹੁੰਦੀ ਹੈ ਕਿ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨ ਨਫ਼ਰਤ ਪੈਦਾ ਕਰਦੇ ਹਨ ਜਾਂ ਨਹੀਂ, ਪਰ ਸਾਡੇ ਬੱਚੇ ਕੌਮੀ ਤੇ ਸਭਿਆਚਾਰ ਦੀਆਂ ਦੀਵਾਰਾਂ ਤੋੜ ਕੇ ਇਕ-ਦੂਜੇ ਲਈ ਪਿਆਰ ਦਿਖਾਉਂਦੇ ਹਨ। ਇਸ ਤਰ੍ਹਾਂ ਉਹ ਯਿਸੂ ਦੇ ਸ਼ਬਦਾਂ ਨੂੰ ਸੱਚ ਸਾਬਤ ਕਰਦੇ ਹਨ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”—ਯੂਹੰ. 13:35.

[ਸਫ਼ਾ 32 ਉੱਤੇ ਤਸਵੀਰਾਂ]

ਰੂਸ ਵਿਚ ਬੱਚੇ (ਖੱਬੇ ਪਾਸੇ) ਜਿਨ੍ਹਾਂ ਨੂੰ ਆਸਟ੍ਰੇਲੀਆ ਵਿਚ ਰਹਿੰਦੇ ਬੱਚਿਆਂ (ਸੱਜੇ ਪਾਸੇ) ਤੋਂ ਤੋਹਫ਼ੇ ਮਿਲੇ