Skip to content

Skip to table of contents

ਪਰਮੇਸ਼ੁਰ ਦਾ ਕਹਿਣਾ ਮੰਨੋ ਅਤੇ ਉਸ ਦੇ ਵਾਅਦੇ ਪੂਰੇ ਹੁੰਦੇ ਦੇਖੋ

ਪਰਮੇਸ਼ੁਰ ਦਾ ਕਹਿਣਾ ਮੰਨੋ ਅਤੇ ਉਸ ਦੇ ਵਾਅਦੇ ਪੂਰੇ ਹੁੰਦੇ ਦੇਖੋ

ਪਰਮੇਸ਼ੁਰ ਦਾ ਕਹਿਣਾ ਮੰਨੋ ਅਤੇ ਉਸ ਦੇ ਵਾਅਦੇ ਪੂਰੇ ਹੁੰਦੇ ਦੇਖੋ

‘ਪਰਮੇਸ਼ੁਰ ਕਿਸੇ ਹੋਰ ਦੀ ਸਹੁੰ ਨਹੀਂ ਖਾ ਸਕਦਾ ਸੀ ਜਿਹੜਾ ਉਸ ਤੋਂ ਵੱਡਾ ਹੋਵੇ, ਇਸ ਲਈ ਉਸ ਨੇ ਆਪਣੀ ਹੀ ਸਹੁੰ ਖਾਧੀ।’—ਇਬ. 6:13.

ਕੀ ਤੁਸੀਂ ਜਵਾਬ ਦੇ ਸਕਦੇ ਹੋ?

ਅਸੀਂ ਕਿਉਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦੇ ਮਕਸਦ ਜ਼ਰੂਰ ਪੂਰੇ ਹੋਣਗੇ?

ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ ਪਰਮੇਸ਼ੁਰ ਨੇ ਕੀ ਵਾਅਦਾ ਕੀਤਾ ਸੀ?

ਅਬਰਾਹਾਮ ਨਾਲ ਕੀਤੇ ਪਰਮੇਸ਼ੁਰ ਦੇ ਵਾਅਦੇ ਤੋਂ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

1. ਯਹੋਵਾਹ ਅਤੇ ਪਾਪੀ ਇਨਸਾਨਾਂ ਵਿਚ ਇਕ ਫ਼ਰਕ ਕੀ ਹੈ?

ਯਹੋਵਾਹ ‘ਸਚਿਆਈ ਦਾ ਪਰਮੇਸ਼ੁਰ’ ਹੈ। (ਜ਼ਬੂ. 31:5) ਪਾਪੀ ਇਨਸਾਨਾਂ ’ਤੇ ਹਮੇਸ਼ਾ ਭਰੋਸਾ ਨਹੀਂ ਕੀਤਾ ਜਾ ਸਕਦਾ, ਪਰ “ਪਰਮੇਸ਼ੁਰ ਲਈ ਝੂਠ ਬੋਲਣਾ ਨਾਮੁਮਕਿਨ ਹੈ।” (ਇਬ. 6:18; ਗਿਣਤੀ 23:19 ਪੜ੍ਹੋ।) ਪਰਮੇਸ਼ੁਰ ਇਨਸਾਨਾਂ ਦੇ ਭਲੇ ਲਈ ਜੋ ਵੀ ਸੋਚਦਾ ਹੈ, ਉਹ ਹਮੇਸ਼ਾ ਕਰਦਾ ਹੈ। ਮਿਸਾਲ ਲਈ, ਯਹੋਵਾਹ ਨੇ ਛੇ ਦਿਨਾਂ ਦੇ ਅੰਦਰ-ਅੰਦਰ ਧਰਤੀ ਉਤਲੀਆਂ ਚੀਜ਼ਾਂ ਬਣਾਈਆਂ ਸਨ। ਇਹ ਦਿਨ 24 ਘੰਟਿਆਂ ਵਾਲੇ ਦਿਨ ਨਹੀਂ ਸਨ। ਹਰ ਦਿਨ ਦੇ ਸ਼ੁਰੂ ਵਿਚ ਉਸ ਨੇ ਦੱਸਿਆ ਕਿ ਉਹ ਉਸ ਦਿਨ ਕੀ ਬਣਾਵੇਗਾ ਅਤੇ ਫਿਰ ਦਿਨ ਦੇ ਅਖ਼ੀਰ ਵਿਚ “ਓਵੇਂ ਹੀ ਹੋ ਗਿਆ।” ਇਸ ਤਰ੍ਹਾਂ ਛੇਵੇਂ ਦਿਨ ਦੇ ਅਖ਼ੀਰ ’ਤੇ “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।”—ਉਤ. 1:6, 7, 30, 31.

2. ਪਰਮੇਸ਼ੁਰ ਦੇ ਆਰਾਮ ਦਾ ਦਿਨ ਕੀ ਹੈ ਅਤੇ ਉਸ ਨੇ ਇਸ ਨੂੰ ਕਿਉਂ “ਪਵਿੱਤ੍ਰ ਠਹਿਰਾਇਆ”?

2 ਆਪਣੀ ਸ੍ਰਿਸ਼ਟੀ ਨੂੰ ਚੰਗਾ ਕਹਿਣ ਤੋਂ ਬਾਅਦ ਯਹੋਵਾਹ ਪਰਮੇਸ਼ੁਰ ਨੇ ਸੱਤਵੇਂ ਦਿਨ ਦੇ ਸ਼ੁਰੂ ਹੋਣ ਦਾ ਐਲਾਨ ਕੀਤਾ। ਇਹ ਦਿਨ ਵੀ 24 ਘੰਟਿਆਂ ਦਾ ਦਿਨ ਨਹੀਂ, ਸਗੋਂ ਬਹੁਤ ਲੰਬਾ ਸਮਾਂ ਹੈ ਜਿਸ ਦੌਰਾਨ ਉਸ ਨੇ ਧਰਤੀ ਉੱਤੇ ਸ੍ਰਿਸ਼ਟੀ ਦੇ ਕੰਮਾਂ ਤੋਂ ਆਰਾਮ ਕੀਤਾ। (ਉਤ. 2:2) ਪਰਮੇਸ਼ੁਰ ਦੇ ਆਰਾਮ ਦਾ ਦਿਨ ਅਜੇ ਵੀ ਚੱਲ ਰਿਹਾ ਹੈ। (ਇਬ. 4:9, 10) ਬਾਈਬਲ ਵਿਚ ਇਹ ਨਹੀਂ ਦੱਸਿਆ ਹੈ ਕਿ ਇਹ ਦਿਨ ਕਦੋਂ ਸ਼ੁਰੂ ਹੋਇਆ ਸੀ। ਇਹ ਸ਼ਾਇਦ ਲਗਭਗ 6,000 ਸਾਲ ਪਹਿਲਾਂ ਆਦਮ ਦੀ ਪਤਨੀ ਹੱਵਾਹ ਦੇ ਬਣਾਏ ਜਾਣ ਤੋਂ ਕੁਝ ਸਮੇਂ ਬਾਅਦ ਸ਼ੁਰੂ ਹੋਇਆ ਸੀ। ਜਲਦੀ ਹੀ ਯਿਸੂ ਮਸੀਹ ਦਾ ਇਕ ਹਜ਼ਾਰ ਸਾਲ ਦਾ ਰਾਜ ਸ਼ੁਰੂ ਹੋਵੇਗਾ ਜਿਸ ਵਿਚ ਪਰਮੇਸ਼ੁਰ ਦਾ ਇਹ ਮਕਸਦ ਪੂਰਾ ਹੋਵੇਗਾ ਕਿ ਸਾਰੀ ਧਰਤੀ ਹਮੇਸ਼ਾ ਲਈ ਖ਼ੂਬਸੂਰਤ ਬਣ ਜਾਵੇ ਅਤੇ ਮੁਕੰਮਲ ਇਨਸਾਨਾਂ ਨਾਲ ਭਰ ਜਾਵੇ। (ਉਤ. 1:27, 28; ਪ੍ਰਕਾ. 20:6) ਤੁਸੀਂ ਪੂਰਾ ਭਰੋਸਾ ਰੱਖ ਸਕਦੇ ਹੋ ਕਿ ਤੁਹਾਡਾ ਭਵਿੱਖ ਬਹੁਤ ਵਧੀਆ ਹੋਵੇਗਾ ਕਿਉਂਕਿ ‘ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਹ ਨੂੰ ਪਵਿੱਤ੍ਰ ਠਹਿਰਾਇਆ।’ ਇਹ ਸ਼ਬਦ ਗਾਰੰਟੀ ਦਿੰਦੇ ਹਨ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ, ਪਰਮੇਸ਼ੁਰ ਆਪਣੇ ਆਰਾਮ ਦਾ ਦਿਨ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਆਪਣਾ ਮਕਸਦ ਜ਼ਰੂਰ ਪੂਰਾ ਕਰੇਗਾ।—ਉਤ. 2:3.

3. (ੳ) ਪਰਮੇਸ਼ੁਰ ਦੇ ਆਰਾਮ ਦਾ ਦਿਨ ਸ਼ੁਰੂ ਹੋਣ ਤੋਂ ਬਾਅਦ ਕੀ ਹੋਇਆ? (ਅ) ਯਹੋਵਾਹ ਨੇ ਬਗਾਵਤ ਨੂੰ ਖ਼ਤਮ ਕਰਨ ਬਾਰੇ ਕੀ ਦੱਸਿਆ?

3 ਪਰ ਪਰਮੇਸ਼ੁਰ ਦੇ ਆਰਾਮ ਦਾ ਦਿਨ ਸ਼ੁਰੂ ਹੋਣ ਤੋਂ ਬਾਅਦ ਮੁਸੀਬਤ ਖੜ੍ਹੀ ਹੋ ਗਈ। ਸ਼ੈਤਾਨ, ਜੋ ਪਰਮੇਸ਼ੁਰ ਦਾ ਇਕ ਦੂਤ ਸੀ, ਨੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਮੁਕਾਬਲੇ ਖੜ੍ਹਾ ਕੀਤਾ। ਉਸ ਨੇ ਪਹਿਲਾ ਝੂਠ ਬੋਲਿਆ ਅਤੇ ਹੱਵਾਹ ਨੂੰ ਭਰਮਾਇਆ ਤਾਂਕਿ ਉਹ ਯਹੋਵਾਹ ਦਾ ਹੁਕਮ ਤੋੜੇ। (1 ਤਿਮੋ. 2:14) ਬਾਅਦ ਵਿਚ ਹੱਵਾਹ ਨੇ ਬਗਾਵਤ ਵਿਚ ਆਪਣੇ ਪਤੀ ਆਦਮ ਨੂੰ ਵੀ ਰਲ਼ਾ ਲਿਆ। (ਉਤ. 3:1-6) ਸ਼ੈਤਾਨ ਨੇ ਯਹੋਵਾਹ ’ਤੇ ਝੂਠਾ ਹੋਣ ਦਾ ਦੋਸ਼ ਲਾਇਆ ਸੀ। ਇਸ ਮੁਸ਼ਕਲ ਸਮੇਂ ਵਿਚ ਵੀ ਪਰਮੇਸ਼ੁਰ ਨੇ ਸਹੁੰ ਖਾਣ ਦੀ ਲੋੜ ਨਹੀਂ ਸਮਝੀ ਕਿ ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ। ਇਸ ਦੀ ਬਜਾਇ, ਉਸ ਨੇ ਇਕ ਵਾਅਦਾ ਕੀਤਾ ਜਿਸ ਦਾ ਮਤਲਬ ਬਾਅਦ ਵਿਚ ਪਤਾ ਲੱਗਾ। ਉਸ ਨੇ ਸਿਰਫ਼ ਇਹੀ ਦੱਸਿਆ ਕਿ ਉਹ ਇਸ ਬਗਾਵਤ ਨੂੰ ਕਿਵੇਂ ਖ਼ਤਮ ਕਰੇਗਾ। ਉਸ ਨੇ ਕਿਹਾ ਸੀ ਕਿ “ਤੇਰੇ [ਯਾਨੀ ਸ਼ੈਤਾਨ] ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ।” ਵਾਅਦਾ ਕੀਤੀ ਹੋਈ ਸੰਤਾਨ ਸ਼ੈਤਾਨ ਦੇ ਸਿਰ ਨੂੰ ਫੇਵੇਗੀ ਅਤੇ ਸ਼ੈਤਾਨ “ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।”—ਉਤ. 3:15; ਪ੍ਰਕਾ. 12:9.

ਸਹੁੰ ਖਾਣੀ—ਇਕ ਕਾਨੂੰਨੀ ਗਾਰੰਟੀ

4, 5. ਵਾਅਦਾ ਕਰਨ ਵੇਲੇ ਅਬਰਾਹਾਮ ਨੇ ਕੀ ਕੀਤਾ ਸੀ?

4 ਇਹ ਸੱਚ ਹੈ ਕਿ ਜੇ ਸਾਰੇ ਇਨਸਾਨ ਮੁਕੰਮਲ ਹੁੰਦੇ, ਤਾਂ ਉਨ੍ਹਾਂ ਨੂੰ ਸਹੁੰ ਖਾਣ ਦੀ ਲੋੜ ਨਾ ਪੈਂਦੀ। ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਉਹ ਹਮੇਸ਼ਾ ਸੱਚ ਬੋਲਦੇ ਅਤੇ ਇਕ-ਦੂਜੇ ਉੱਤੇ ਪੂਰਾ ਭਰੋਸਾ ਰੱਖਦੇ। ਇਸੇ ਲਈ ਬਗਾਵਤ ਤੋਂ ਪਹਿਲਾਂ ਇਹ ਦੱਸਣ ਲਈ ਸਹੁੰ ਖਾਣ ਦੀ ਲੋੜ ਨਹੀਂ ਪੈਂਦੀ ਸੀ ਕਿ ਕੋਈ ਗੱਲ ਸੱਚੀ ਸੀ। ਪਰ ਬਗਾਵਤ ਤੋਂ ਬਾਅਦ ਇਨਸਾਨ ਪਾਪੀ ਤੇ ਨਾਮੁਕੰਮਲ ਬਣ ਗਏ ਜਿਸ ਕਰਕੇ ਉਹ ਇਕ-ਦੂਜੇ ਨਾਲ ਝੂਠ ਬੋਲਣ ਤੇ ਧੋਖਾ ਕਰਨ ਲੱਗ ਪਏ। ਇਸ ਕਰਕੇ ਜ਼ਰੂਰੀ ਮਾਮਲਿਆਂ ਵਿਚ ਸਹੁੰ ਖਾਣ ਦੀ ਲੋੜ ਪਈ।

5 ਅਬਰਾਹਾਮ ਨੇ ਵੀ ਘੱਟੋ-ਘੱਟ ਤਿੰਨ ਮੌਕਿਆਂ ’ਤੇ ਸਹੁੰ ਖਾਧੀ ਸੀ। (ਉਤ. 21:22-24; 24:2-4, 9) ਮਿਸਾਲ ਲਈ, ਜਦੋਂ ਉਹ ਏਲਾਮ ਦੇ ਰਾਜੇ ਤੇ ਉਸ ਦੇ ਸਾਥੀ ਰਾਜਿਆਂ ਨੂੰ ਹਰਾਉਣ ਤੋਂ ਬਾਅਦ ਵਾਪਸ ਮੁੜ ਰਿਹਾ ਸੀ, ਤਾਂ ਉਸ ਵੇਲੇ ਉਸ ਨੇ ਸਹੁੰ ਖਾਧੀ ਸੀ। ਸ਼ਾਲੇਮ ਦਾ ਰਾਜਾ ਤੇ ਸਦੂਮ ਦਾ ਰਾਜਾ ਅਬਰਾਹਾਮ ਨੂੰ ਮਿਲਣ ਆਏ। ਸ਼ਾਲੇਮ ਦਾ ਰਾਜਾ ਮਲਕਿ-ਸਿਦਕ “ਅੱਤ ਮਹਾਂ ਪਰਮੇਸ਼ੁਰ ਦਾ ਜਾਜਕ ਸੀ।” ਉਸ ਨੇ ਅਬਰਾਹਾਮ ਨੂੰ ਅਸੀਸ ਦਿੱਤੀ ਅਤੇ ਪਰਮੇਸ਼ੁਰ ਦੀ ਮਹਿਮਾ ਕੀਤੀ ਕਿ ਉਸ ਨੇ ਅਬਰਾਹਾਮ ਦੀ ਆਪਣੇ ਦੁਸ਼ਮਣਾਂ ਨੂੰ ਹਰਾਉਣ ਵਿਚ ਮਦਦ ਕੀਤੀ। (ਉਤ. 14:17-20) ਫਿਰ ਸਦੂਮ ਦੇ ਲੋਕਾਂ ਨੂੰ ਬਚਾਉਣ ਲਈ ਸਦੂਮ ਦਾ ਰਾਜਾ ਅਬਰਾਹਾਮ ਨੂੰ ਇਨਾਮ ਦੇਣਾ ਚਾਹੁੰਦਾ ਸੀ, ਪਰ ਅਬਰਾਹਾਮ ਨੇ ਸਹੁੰ ਖਾ ਕੇ ਕਿਹਾ: “ਮੈਂ ਪਰਮ ਪਰਧਾਨ ਪਰਮੇਸ਼ਰ, ਸਵਰਗ ਤੇ ਧਰਤੀ ਦੇ ਰਚਨਾਹਾਰੇ ਦੀ ਸੌਂਹ ਚੁੱਕ ਕੇ ਕਹਿੰਦਾ ਹੈ, ਕਿ ਮੈਂ ਕੋਈ ਚੀਜ਼ ਵੀ ਨਹੀਂ ਰੱਖਾਂਗਾ . . . ਨਹੀਂ ਤਾਂ, ਹੋ ਸਕਦਾ ਹੈ ਕਿ ਤੂੰ ਕਹੇਂ; ‘ਮੈਂ ਅਬਰਾਮ ਨੂੰ ਧਨੀ ਬਣਾ ਦਿੱਤਾ।’”—ਉਤ. 14:21-23, CL.

ਯਹੋਵਾਹ ਨੇ ਅਬਰਾਹਾਮ ਨਾਲ ਵਾਅਦੇ ਕੀਤੇ

6. (ੳ) ਅਬਰਾਹਾਮ ਨੇ ਸਾਡੇ ਲਈ ਕਿਹੜੀ ਮਿਸਾਲ ਕਾਇਮ ਕੀਤੀ? (ਅ) ਸਾਨੂੰ ਅਬਰਾਹਾਮ ਦੀ ਆਗਿਆਕਾਰੀ ਤੋਂ ਕੀ ਫ਼ਾਇਦਾ ਹੋਵੇਗਾ?

6 ਯਹੋਵਾਹ ਪਰਮੇਸ਼ੁਰ ਨੇ ਵੀ ਸਹੁੰਆਂ ਖਾਧੀਆਂ ਤਾਂਕਿ ਪਾਪੀ ਇਨਸਾਨਾਂ ਨੂੰ ਉਸ ਦੇ ਵਾਅਦਿਆਂ ’ਤੇ ਭਰੋਸਾ ਹੋਵੇ। ਉਸ ਨੇ ਕਈ ਵਾਰ ਅਜਿਹੇ ਸ਼ਬਦ ਵਰਤੇ: “ਪ੍ਰਭੁ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸੌਂਹ!” (ਹਿਜ਼. 17:16) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਪਰਮੇਸ਼ੁਰ ਨੇ 40 ਤੋਂ ਜ਼ਿਆਦਾ ਮੌਕਿਆਂ ’ਤੇ ਸਹੁੰਆਂ ਖਾਧੀਆਂ। ਮਿਸਾਲ ਲਈ, ਉਸ ਨੇ ਅਬਰਾਹਾਮ ਨਾਲ ਵਾਅਦੇ ਕਰਨ ਵੇਲੇ ਇਸ ਤਰ੍ਹਾਂ ਕੀਤਾ। ਯਹੋਵਾਹ ਨੇ ਅਬਰਾਹਾਮ ਨਾਲ ਕਈ ਇਕਰਾਰ ਕੀਤੇ ਸਨ ਜਿਨ੍ਹਾਂ ਤੋਂ ਅਬਰਾਹਾਮ ਨੂੰ ਪਤਾ ਲੱਗਾ ਕਿ ਵਾਅਦਾ ਕੀਤੀ ਹੋਈ ਸੰਤਾਨ ਉਸ ਦੀ ਪੀੜ੍ਹੀ ਵਿਚ ਉਸ ਦੇ ਪੁੱਤਰ ਇਸਹਾਕ ਰਾਹੀਂ ਪੈਦਾ ਹੋਵੇਗੀ। (ਉਤ. 12:1-3, 7; 13:14-17; 15:5, 18; 21:12) ਫਿਰ ਯਹੋਵਾਹ ਨੇ ਅਬਰਾਹਾਮ ਦੀ ਇਕ ਔਖੀ ਪਰੀਖਿਆ ਲਈ ਕਿ ਉਹ ਆਪਣੇ ਪਿਆਰੇ ਪੁੱਤਰ ਦੀ ਬਲ਼ੀ ਦੇਵੇ। ਅਬਰਾਹਾਮ ਨੇ ਬਿਨਾਂ ਦੇਰ ਕੀਤਿਆਂ ਪਰਮੇਸ਼ੁਰ ਦੀ ਗੱਲ ਮੰਨੀ। ਜਦੋਂ ਉਹ ਆਪਣੇ ਪੁੱਤਰ ਦੀ ਬਲ਼ੀ ਦੇਣ ਹੀ ਵਾਲਾ ਸੀ, ਤਾਂ ਪਰਮੇਸ਼ੁਰ ਦੇ ਦੂਤ ਨੇ ਉਸ ਨੂੰ ਰੋਕ ਦਿੱਤਾ। ਫਿਰ ਪਰਮੇਸ਼ੁਰ ਨੇ ਇਹ ਸਹੁੰ ਖਾ ਕੇ ਉਸ ਨਾਲ ਵਾਅਦਾ ਕੀਤਾ: “ਮੈਂ ਆਪ ਆਪਣੀ ਸੌਂਹ ਖਾਧੀ ਹੈ . . . ਕਿਉਂਜੋ ਤੈਂ ਇਹ ਕੰਮ ਕੀਤਾ ਅਤੇ ਆਪਣੇ ਪੁੱਤ੍ਰ ਸਗੋਂ ਆਪਣੇ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ। ਸੋ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਰ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ ਅੱਤ ਵਧਾਵਾਂਗਾ ਅਰ ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ। ਅਤੇ ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ।”—ਉਤ. 22:1-3, 9-12, 15-18.

7, 8. (ੳ) ਪਰਮੇਸ਼ੁਰ ਨੇ ਅਬਰਾਹਾਮ ਨਾਲ ਸਹੁੰ ਕਿਉਂ ਖਾਧੀ ਸੀ? (ਅ) ਪਰਮੇਸ਼ੁਰ ਦੇ ਵਾਅਦਿਆਂ ਤੋਂ ਯਿਸੂ ਦੀਆਂ “ਹੋਰ ਭੇਡਾਂ” ਨੂੰ ਕੀ ਫ਼ਾਇਦਾ ਹੋਵੇਗਾ?

7 ਯਹੋਵਾਹ ਨੇ ਅਬਰਾਹਾਮ ਨਾਲ ਇਹ ਸਹੁੰ ਕਿਉਂ ਖਾਧੀ ਕਿ ਉਸ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ? ਉਸ ਨੇ ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਉਣ ਤੇ ਉਨ੍ਹਾਂ ਦੀ ਨਿਹਚਾ ਪੱਕੀ ਕਰਨ ਲਈ ਸਹੁੰ ਖਾਧੀ ਸੀ ਜਿਹੜੇ ਮਸੀਹ ਦੇ ਨਾਲ ਰਾਜ ਕਰਨਗੇ ਅਤੇ ਵਾਅਦਾ ਕੀਤੀ ਹੋਈ “ਸੰਤਾਨ” ਦਾ ਹਿੱਸਾ ਬਣਨਗੇ। (ਇਬਰਾਨੀਆਂ 6:13-18 ਪੜ੍ਹੋ; ਗਲਾ. 3:29) ਜਿਵੇਂ ਪੌਲੁਸ ਰਸੂਲ ਨੇ ਸਮਝਾਇਆ ਸੀ, ਯਹੋਵਾਹ ਨੇ “ਇਸ ਲਈ ਸਹੁੰ ਖਾਧੀ ਤਾਂਕਿ ਸਾਨੂੰ . . . ਉਨ੍ਹਾਂ ਦੋ ਨਾ ਬਦਲਣ ਵਾਲੀਆਂ ਚੀਜ਼ਾਂ [ਉਸ ਦਾ ਵਾਅਦਾ ਅਤੇ ਸਹੁੰ] ਦੇ ਰਾਹੀਂ ਜਿਨ੍ਹਾਂ ਦੇ ਸੰਬੰਧ ਵਿਚ ਪਰਮੇਸ਼ੁਰ ਲਈ ਝੂਠ ਬੋਲਣਾ ਨਾਮੁਮਕਿਨ ਹੈ, ਜ਼ਬਰਦਸਤ ਹੱਲਾਸ਼ੇਰੀ ਮਿਲੇ ਕਿ ਅਸੀਂ ਉਸ ਉਮੀਦ ਨੂੰ ਮਜ਼ਬੂਤੀ ਨਾਲ ਫੜੀ ਰੱਖੀਏ ਜਿਹੜੀ ਸਾਡੇ ਸਾਮ੍ਹਣੇ ਰੱਖੀ ਗਈ ਹੈ।”

8 ਅਬਰਾਹਾਮ ਨਾਲ ਕੀਤੇ ਵਾਅਦਿਆਂ ਤੋਂ ਸਿਰਫ਼ ਚੁਣੇ ਹੋਏ ਮਸੀਹੀਆਂ ਨੂੰ ਹੀ ਫ਼ਾਇਦਾ ਨਹੀਂ ਹੋਵੇਗਾ। ਯਹੋਵਾਹ ਨੇ ਸਹੁੰ ਖਾਧੀ ਸੀ ਕਿ ਅਬਰਾਹਾਮ ਦੀ “ਅੰਸ” ਦੇ ਜ਼ਰੀਏ “ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।” (ਉਤ. 22:18) ਇਨ੍ਹਾਂ ਲੋਕਾਂ ਵਿਚ ਮਸੀਹ ਦੀਆਂ “ਹੋਰ ਭੇਡਾਂ” ਵੀ ਹਨ ਜਿਹੜੀਆਂ ਉਸ ਦੇ ਹੁਕਮਾਂ ਦੀ ਪਾਲਣਾ ਕਰਦੀਆਂ ਹਨ। ਇਨ੍ਹਾਂ ਨੂੰ ਧਰਤੀ ਉੱਤੇ ਹਮੇਸ਼ਾ ਜੀਉਣ ਦੀ ਉਮੀਦ ਦਿੱਤੀ ਗਈ ਹੈ। (ਯੂਹੰ. 10:16) ਭਾਵੇਂ ਤੁਹਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਫਿਰ ਧਰਤੀ ਉੱਤੇ ਜੀਉਣ ਦੀ ਹੈ, ਆਓ ਆਪਾਂ ਪਰਮੇਸ਼ੁਰ ਦੀ ਆਗਿਆਕਾਰੀ ਕਰ ਕੇ ਇਸ ਉਮੀਦ ਨੂੰ “ਮਜ਼ਬੂਤੀ ਨਾਲ ਫੜੀ ਰੱਖੀਏ।”—ਇਬਰਾਨੀਆਂ 6:11, 12 ਪੜ੍ਹੋ।

ਪਰਮੇਸ਼ੁਰ ਦੀਆਂ ਹੋਰ ਸਹੁੰਆਂ

9. ਜਦੋਂ ਇਜ਼ਰਾਈਲੀ ਮਿਸਰੀਆਂ ਦੇ ਗ਼ੁਲਾਮ ਸਨ, ਉਦੋਂ ਪਰਮੇਸ਼ੁਰ ਨੇ ਕਿਹੜੀ ਸਹੁੰ ਖਾਧੀ ਸੀ?

9 ਸਦੀਆਂ ਬਾਅਦ ਯਹੋਵਾਹ ਨੇ ਉੱਪਰ ਦੱਸੇ ਵਾਅਦਿਆਂ ਦੇ ਸੰਬੰਧ ਵਿਚ ਦੁਬਾਰਾ ਸਹੁੰ ਖਾਧੀ ਜਦੋਂ ਉਸ ਨੇ ਮੂਸਾ ਨੂੰ ਅਬਰਾਹਾਮ ਦੀ ਔਲਾਦ ਇਜ਼ਰਾਈਲੀਆਂ ਨਾਲ ਗੱਲ ਕਰਨ ਲਈ ਘੱਲਿਆ ਸੀ। ਉਸ ਵੇਲੇ ਇਜ਼ਰਾਈਲੀ ਮਿਸਰੀਆਂ ਦੇ ਗ਼ੁਲਾਮ ਸਨ। (ਕੂਚ 6:6-8) ਇਸ ਬਾਰੇ ਬਾਅਦ ਵਿਚ ਗੱਲ ਕਰਦੇ ਹੋਏ ਪਰਮੇਸ਼ੁਰ ਨੇ ਕਿਹਾ: “ਜਿਸ ਦਿਨ ਤੋਂ ਮੈਂ ਇਸਰਾਏਲ ਨੂੰ ਚੁਣ ਲਿਆ . . . ਮੈਂ ਉਨ੍ਹਾਂ ਨਾਲ ਸੌਂਹ ਖਾਧੀ ਤਾਂ ਜੋ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਉਸ ਦੇਸ ਵਿੱਚ ਲਿਆਵਾਂ ਜੋ ਮੈਂ ਉਨ੍ਹਾਂ ਦੇ ਲਈ ਤੱਕਿਆ ਸੀ, ਜਿਸ ਵਿੱਚ ਦੁੱਧ ਤੇ ਸ਼ਹਿਦ ਵਗਦਾ ਹੈ।”—ਹਿਜ਼. 20:5, 6.

10. ਮਿਸਰ ਤੋਂ ਆਜ਼ਾਦ ਹੋਣ ਤੋਂ ਬਾਅਦ ਇਜ਼ਰਾਈਲੀਆਂ ਨਾਲ ਪਰਮੇਸ਼ੁਰ ਨੇ ਕਿਹੜਾ ਵਾਅਦਾ ਕੀਤਾ ਸੀ?

10 ਫਿਰ ਇਜ਼ਰਾਈਲੀਆਂ ਨੂੰ ਮਿਸਰ ਤੋਂ ਆਜ਼ਾਦ ਕਰਾਉਣ ਤੋਂ ਬਾਅਦ ਯਹੋਵਾਹ ਨੇ ਸਹੁੰ ਖਾ ਕੇ ਉਨ੍ਹਾਂ ਨਾਲ ਇਕ ਹੋਰ ਵਾਅਦਾ ਕੀਤਾ: “ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ। ਅਤੇ ਤੁਸੀਂ ਮੇਰੇ ਲਈ ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ ਹੋਵੋਗੇ।” (ਕੂਚ 19:5, 6) ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਕਿੰਨਾ ਵੱਡਾ ਸਨਮਾਨ ਬਖ਼ਸ਼ਿਆ! ਜੇ ਉਹ ਪਰਮੇਸ਼ੁਰ ਦਾ ਕਹਿਣਾ ਮੰਨਦੇ, ਤਾਂ ਪਰਮੇਸ਼ੁਰ ਮਨੁੱਖਜਾਤੀ ਨੂੰ ਬਰਕਤਾਂ ਦੇਣ ਲਈ ਕੌਮ ਵਿੱਚੋਂ ਕੁਝ ਲੋਕਾਂ ਨੂੰ ਚੁਣ ਕੇ ਉਨ੍ਹਾਂ ਨੂੰ ਰਾਜਿਆਂ ਤੇ ਪੁਜਾਰੀਆਂ ਵਜੋਂ ਸੇਵਾ ਕਰਨ ਦਾ ਮੌਕਾ ਦਿੰਦਾ। ਯਹੋਵਾਹ ਨੇ ਉਸ ਵੇਲੇ ਇਜ਼ਰਾਈਲੀਆਂ ਲਈ ਜੋ ਕੀਤਾ ਸੀ, ਬਾਅਦ ਵਿਚ ਉਸ ਬਾਰੇ ਗੱਲ ਕਰਦੇ ਹੋਏ ਉਸ ਨੇ ਕਿਹਾ: ‘ਮੈਂ ਸੌਂਹ ਖਾ ਕੇ ਤੇਰੇ ਨਾਲ ਨੇਮ ਬੰਨ੍ਹਿਆ।’—ਹਿਜ਼. 16:8.

11. ਜਦੋਂ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਉਸ ਦੀ ਚੁਣੀ ਹੋਈ ਕੌਮ ਬਣਨ ਅਤੇ ਉਸ ਨਾਲ ਰਿਸ਼ਤਾ ਜੋੜਨ ਲਈ ਕਿਹਾ, ਤਾਂ ਇਜ਼ਰਾਈਲੀਆਂ ਨੇ ਕੀ ਜਵਾਬ ਦਿੱਤਾ?

11 ਉਸ ਸਮੇਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਜਬੂਰ ਨਹੀਂ ਕੀਤਾ ਕਿ ਉਹ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਜਾਂ ਉਸ ਨਾਲ ਰਿਸ਼ਤਾ ਜੋੜਨ। ਇਸ ਦੀ ਬਜਾਇ, ਇਜ਼ਰਾਈਲੀਆਂ ਨੇ ਆਪਣੀ ਮਰਜ਼ੀ ਨਾਲ ਕਿਹਾ ਸੀ: “ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।” (ਕੂਚ 19:8) ਤਿੰਨਾਂ ਦਿਨਾਂ ਬਾਅਦ ਯਹੋਵਾਹ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਦੱਸਿਆ ਕਿ ਚੁਣੀ ਹੋਈ ਕੌਮ ਹੋਣ ਦੇ ਨਾਤੇ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ। ਪਹਿਲਾਂ, ਉਨ੍ਹਾਂ ਨੂੰ ਦਸ ਹੁਕਮ ਸੁਣਾਏ ਗਏ ਅਤੇ ਫਿਰ ਮੂਸਾ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਹੋਰ ਹੁਕਮ ਦੱਸੇ ਜਿਹੜੇ ਕੂਚ 20:22 ਤੋਂ ਲੈ ਕੇ ਕੂਚ 23:33 ਵਿਚ ਦਰਜ ਹਨ। ਹੁਕਮ ਸੁਣਨ ਤੋਂ ਬਾਅਦ ਇਜ਼ਰਾਈਲੀਆਂ ਨੇ ਕੀ ਕਿਹਾ? “ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।” (ਕੂਚ 24:3) ਫਿਰ ਮੂਸਾ ਨੇ ਸਾਰੇ ਹੁਕਮ “ਨੇਮ ਦੀ ਪੋਥੀ” ਵਿਚ ਲਿਖ ਦਿੱਤੇ ਅਤੇ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਏ ਤਾਂਕਿ ਪੂਰੀ ਕੌਮ ਉਨ੍ਹਾਂ ਨੂੰ ਦੁਬਾਰਾ ਸੁਣੇ। ਇਸ ਤੋਂ ਬਾਅਦ ਤੀਸਰੀ ਵਾਰ ਲੋਕਾਂ ਨੇ ਵਾਅਦਾ ਕੀਤਾ: “ਅਸੀਂ ਸਭ ਕੁਝ ਜੋ ਯਹੋਵਾਹ ਬੋਲਿਆ ਹੈ ਕਰਾਂਗੇ ਅਤੇ ਮੰਨਾਂਗੇ।”—ਕੂਚ 24:4, 7, 8.

12. ਇਕਰਾਰ ਹੋਣ ਤੋਂ ਬਾਅਦ ਯਹੋਵਾਹ ਨੇ ਕੀ ਕੀਤਾ ਅਤੇ ਇਜ਼ਰਾਈਲੀਆਂ ਨੇ ਕੀ ਕੀਤਾ?

12 ਆਪਣੇ ਇਕਰਾਰ ਨੂੰ ਪੂਰਾ ਕਰਨ ਲਈ ਯਹੋਵਾਹ ਨੇ ਤਾਂ ਤੁਰੰਤ ਕਦਮ ਚੁੱਕਿਆ। ਉਸ ਨੇ ਭਗਤੀ ਲਈ ਡੇਰੇ ਅਤੇ ਪੁਜਾਰੀਆਂ ਦਾ ਪ੍ਰਬੰਧ ਕੀਤਾ ਤਾਂਕਿ ਪਾਪੀ ਇਨਸਾਨ ਉਸ ਨੂੰ ਪ੍ਰਾਰਥਨਾ ਕਰ ਸਕਣ। ਪਰ ਦੂਜੇ ਪਾਸੇ, ਇਜ਼ਰਾਈਲੀ ਛੇਤੀ ਭੁੱਲ ਗਏ ਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਹੁਕਮਾਂ ਉੱਤੇ ਚੱਲਣ ਦਾ ਵਾਅਦਾ ਕੀਤਾ ਸੀ ਅਤੇ ਇਸ ਤਰ੍ਹਾਂ ਉਨ੍ਹਾਂ ਨੇ “ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।” (ਜ਼ਬੂ. 78:41) ਮਿਸਾਲ ਲਈ, ਜਦੋਂ ਮੂਸਾ ਯਹੋਵਾਹ ਤੋਂ ਹੋਰ ਹਿਦਾਇਤਾਂ ਲੈਣ ਲਈ ਸੀਨਈ ਪਹਾੜ ਉੱਤੇ ਗਿਆ ਹੋਇਆ ਸੀ, ਤਾਂ ਇਜ਼ਰਾਈਲੀ ਬੇਸਬਰੇ ਹੋ ਗਏ ਅਤੇ ਉਨ੍ਹਾਂ ਨੇ ਪਰਮੇਸ਼ੁਰ ਉੱਤੇ ਨਿਹਚਾ ਕਰਨੀ ਛੱਡ ਦਿੱਤੀ ਅਤੇ ਸੋਚਣ ਲੱਗ ਪਏ ਕਿ ਮੂਸਾ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਸੀ। ਇਸ ਲਈ ਉਨ੍ਹਾਂ ਨੇ ਸੋਨੇ ਦਾ ਇਕ ਵੱਛਾ ਬਣਾਇਆ ਅਤੇ ਕਿਹਾ: “ਹੇ ਇਸਰਾਏਲ ਏਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ।” (ਕੂਚ 32:1, 4) ਫਿਰ ਉਹ ਉਸ ਮੂਰਤੀ ਅੱਗੇ ਬਲ਼ੀਆਂ ਚੜ੍ਹਾਉਣ ਲੱਗ ਪਏ ਤੇ ਕਿਹਾ ਕਿ ਉਹ “ਯਹੋਵਾਹ ਦਾ ਪਰਬ” ਮਨਾ ਰਹੇ ਸਨ। ਇਹ ਦੇਖ ਕੇ ਯਹੋਵਾਹ ਨੇ ਮੂਸਾ ਨੂੰ ਕਿਹਾ: “ਓਹ ਉਸ ਰਾਹ ਤੋਂ ਛੇਤੀ ਨਾਲ ਫਿਰ ਗਏ ਹਨ ਜਿਹ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ।” (ਕੂਚ 32:5, 6, 8) ਦੁੱਖ ਦੀ ਗੱਲ ਹੈ ਕਿ ਉਸ ਸਮੇਂ ਤੋਂ ਇਜ਼ਰਾਈਲੀਆਂ ਦੀ ਇਹ ਆਦਤ ਬਣ ਗਈ ਕਿ ਉਹ ਪਰਮੇਸ਼ੁਰ ਨਾਲ ਵਾਅਦੇ ਕਰਦੇ ਸਨ ਤੇ ਫਿਰ ਉਨ੍ਹਾਂ ਵਾਅਦਿਆਂ ਨੂੰ ਤੋੜ ਦਿੰਦੇ ਸਨ।—ਗਿਣ. 30:2.

ਹੋਰ ਦੋ ਸਹੁੰਆਂ

13. ਪਰਮੇਸ਼ੁਰ ਨੇ ਰਾਜਾ ਦਾਊਦ ਨਾਲ ਕੀ ਸਹੁੰ ਖਾਧੀ ਸੀ ਅਤੇ ਇਸ ਦਾ ਵਾਅਦਾ ਕੀਤੀ ਹੋਈ ਸੰਤਾਨ ਨਾਲ ਕੀ ਸੰਬੰਧ ਸੀ?

13 ਰਾਜਾ ਦਾਊਦ ਦੇ ਰਾਜ ਦੌਰਾਨ ਯਹੋਵਾਹ ਨੇ ਆਗਿਆਕਾਰੀ ਲੋਕਾਂ ਦੇ ਫ਼ਾਇਦੇ ਲਈ ਦੋ ਹੋਰ ਸਹੁੰਆਂ ਖਾਧੀਆਂ। ਪਹਿਲਾਂ, ਉਸ ਨੇ ਦਾਊਦ ਨਾਲ ਸਹੁੰ ਖਾਧੀ ਕਿ ਉਸ ਦੀ ਰਾਜ-ਗੱਦੀ ਹਮੇਸ਼ਾ ਰਹੇਗੀ। (ਜ਼ਬੂ. 89:35, 36; 132:11, 12) ਇਸ ਦਾ ਮਤਲਬ ਸੀ ਕਿ ਵਾਅਦਾ ਕੀਤੀ ਹੋਈ ਸੰਤਾਨ “ਦਾਊਦ ਦੀ ਪੀੜ੍ਹੀ” ਵਿੱਚੋਂ ਆਉਣੀ ਸੀ। (ਮੱਤੀ 1:1; 21:9) ਭਵਿੱਖ ਵਿਚ ਪੈਦਾ ਹੋਣ ਵਾਲੀ ਇਸ ਸੰਤਾਨ ਨੂੰ ਦਾਊਦ ਨੇ ਨਿਮਰਤਾ ਨਾਲ ਆਪਣਾ “ਪ੍ਰਭੂ” ਕਿਹਾ ਕਿਉਂਕਿ ਮਸੀਹ ਦੀ ਪਦਵੀ ਉਸ ਨਾਲੋਂ ਉੱਚੀ ਹੋਣੀ ਸੀ।—ਮੱਤੀ 22:42-44.

14. ਵਾਅਦਾ ਕੀਤੀ ਹੋਈ ਸੰਤਾਨ ਦੇ ਸੰਬੰਧ ਵਿਚ ਯਹੋਵਾਹ ਨੇ ਕੀ ਵਾਅਦਾ ਕੀਤਾ ਸੀ ਅਤੇ ਇਸ ਤੋਂ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

14 ਫਿਰ ਯਹੋਵਾਹ ਨੇ ਦਾਊਦ ਨੂੰ ਇਹ ਭਵਿੱਖਬਾਣੀ ਕਰਨ ਲਈ ਪ੍ਰੇਰਿਆ ਕਿ ਇਹ ਰਾਜਾ ਮਨੁੱਖਜਾਤੀ ਲਈ ਮਹਾਂ ਪੁਜਾਰੀ ਵਜੋਂ ਸੇਵਾ ਕਰੇਗਾ। ਇਜ਼ਰਾਈਲ ਵਿਚ ਰਾਜਾ ਪੁਜਾਰੀ ਨਹੀਂ ਬਣ ਸਕਦਾ ਸੀ ਅਤੇ ਪੁਜਾਰੀ ਰਾਜਾ ਨਹੀਂ ਬਣ ਸਕਦਾ ਸੀ। ਪੁਜਾਰੀ ਹਮੇਸ਼ਾ ਲੇਵੀ ਦੇ ਗੋਤ ਵਿੱਚੋਂ ਹੁੰਦੇ ਸਨ ਅਤੇ ਰਾਜੇ ਯਹੂਦਾਹ ਦੇ ਗੋਤ ਵਿੱਚੋਂ। ਪਰ ਆਪਣੇ ਇਸ ਮਹਾਨ ਵਾਰਸ ਬਾਰੇ ਗੱਲ ਕਰਦੇ ਹੋਏ ਦਾਊਦ ਨੇ ਭਵਿੱਖਬਾਣੀ ਕੀਤੀ ਸੀ: “ਯਹੋਵਾਹ ਦਾ ਮੇਰੇ ਪ੍ਰਭੁ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੀਕੁਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ। ਯਹੋਵਾਹ ਨੇ ਸੌਂਹ ਖਾਧੀ ਅਤੇ ਉਹ ਨਹੀਂ ਮੁਕਰੇਗਾ, ਤੂੰ ਮਲਕਿ-ਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ ਦਾ ਜਾਜਕ ਹੈਂ।” (ਜ਼ਬੂ. 110:1, 4) ਇਸ ਭਵਿੱਖਬਾਣੀ ਦੀ ਪੂਰਤੀ ਅਨੁਸਾਰ ਵਾਅਦਾ ਕੀਤੀ ਹੋਈ ਸੰਤਾਨ ਯਾਨੀ ਯਿਸੂ ਮਸੀਹ ਹੁਣ ਸਵਰਗ ਵਿਚ ਰਾਜ ਕਰ ਰਿਹਾ ਹੈ। ਨਾਲੇ ਉਹ ਮਨੁੱਖਜਾਤੀ ਲਈ ਮਹਾਂ ਪੁਜਾਰੀ ਵਜੋਂ ਸੇਵਾ ਕਰ ਰਿਹਾ ਹੈ ਅਤੇ ਤੋਬਾ ਕਰਨ ਵਾਲੇ ਲੋਕਾਂ ਦੀ ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਵਿਚ ਮਦਦ ਕਰ ਰਿਹਾ ਹੈ।—ਇਬਰਾਨੀਆਂ 7:21, 25, 26 ਪੜ੍ਹੋ।

ਪਰਮੇਸ਼ੁਰ ਦਾ ਨਵਾਂ ਇਜ਼ਰਾਈਲ

15, 16. (ੳ) ਬਾਈਬਲ ਵਿਚ ਕਿਹੜੇ ਦੋ ਤਰ੍ਹਾਂ ਦੇ ਇਜ਼ਰਾਈਲ ਦੀ ਗੱਲ ਕੀਤੀ ਗਈ ਹੈ ਅਤੇ ਅੱਜ ਯਹੋਵਾਹ ਕਿਸ ਇਜ਼ਰਾਈਲ ਨੂੰ ਬਰਕਤਾਂ ਦੇ ਰਿਹਾ ਹੈ? (ਅ) ਸਹੁੰ ਖਾਣ ਦੇ ਸੰਬੰਧ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਹੁਕਮ ਦਿੱਤਾ ਸੀ?

15 ਯਿਸੂ ਮਸੀਹ ਨੂੰ ਠੁਕਰਾਉਣ ਕਰਕੇ ਇਜ਼ਰਾਈਲ ਕੌਮ ਯਹੋਵਾਹ ਦੀ ਚੁਣੀ ਹੋਈ ਕੌਮ ਹੋਣ ਦਾ ਸਨਮਾਨ ਅਤੇ “ਜਾਜਕਾਂ ਦੀ ਬਾਦਸ਼ਾਹੀ” ਬਣਨ ਦਾ ਮੌਕਾ ਗੁਆ ਬੈਠੀ। ਯਿਸੂ ਨੇ ਯਹੂਦੀ ਆਗੂਆਂ ਨੂੰ ਕਿਹਾ ਸੀ: “ਪਰਮੇਸ਼ੁਰ ਦਾ ਰਾਜ ਤੁਹਾਡੇ ਤੋਂ ਲੈ ਲਿਆ ਜਾਵੇਗਾ ਅਤੇ ਉਸ ਕੌਮ ਨੂੰ ਦਿੱਤਾ ਜਾਵੇਗਾ ਜਿਹੜੀ ਇਸ ਰਾਜ ਵਿਚ ਜਾਣ ਦੇ ਯੋਗ ਫਲ ਪੈਦਾ ਕਰਦੀ ਹੈ।” (ਮੱਤੀ 21:43) ਇਹ ਨਵੀਂ ਕੌਮ ਪੰਤੇਕੁਸਤ 33 ਈਸਵੀ ਵਿਚ ਬਣੀ ਸੀ ਜਦੋਂ ਯਰੂਸ਼ਲਮ ਵਿਚ ਇਕੱਠੇ ਹੋਏ ਯਿਸੂ ਦੇ 120 ਚੇਲਿਆਂ ਉੱਤੇ ਪਵਿੱਤਰ ਸ਼ਕਤੀ ਪਾਈ ਗਈ ਸੀ। ਇਹ ਚੇਲੇ ‘ਪਰਮੇਸ਼ੁਰ ਦਾ ਇਜ਼ਰਾਈਲ’ ਬਣੇ ਅਤੇ ਜਲਦੀ ਹੀ ਵੱਖ-ਵੱਖ ਕੌਮਾਂ ਵਿੱਚੋਂ ਹਜ਼ਾਰਾਂ ਲੋਕ ਇਸ ਨਵੀਂ ਕੌਮ ਦਾ ਹਿੱਸਾ ਬਣ ਗਏ।—ਗਲਾ. 6:16.

16 ਪੈਦਾਇਸ਼ੀ ਇਜ਼ਰਾਈਲੀਆਂ ਤੋਂ ਉਲਟ, ਪਰਮੇਸ਼ੁਰ ਦੀ ਇਹ ਨਵੀਂ ਕੌਮ ਉਸ ਦੇ ਹੁਕਮਾਂ ਉੱਤੇ ਲਗਾਤਾਰ ਚੱਲ ਕੇ ਚੰਗੇ ਫਲ ਪੈਦਾ ਕਰਦੀ ਹੈ। ਇਕ ਹੁਕਮ ਜਿਸ ਦੀ ਇਹ ਪਾਲਣਾ ਕਰਦੀ ਹੈ, ਉਹ ਹੈ ਸਹੁੰ ਨਾ ਖਾਣ ਦਾ ਹੁਕਮ। ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਲੋਕ ਆਮ ਹੀ ਝੂਠੀਆਂ ਸਹੁੰਆਂ ਖਾਂਦੇ ਸਨ ਜਾਂ ਮਾੜੀਆਂ-ਮਾੜੀਆਂ ਗੱਲਾਂ ’ਤੇ ਸਹੁੰਆਂ ਖਾਂਦੇ ਸਨ। (ਮੱਤੀ 23:16-22) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਕਦੀ ਸਹੁੰ ਨਾ ਖਾਓ, . . . ਬੱਸ ਤੁਹਾਡੀ ਹਾਂ ਦੀ ਹਾਂ ਅਤੇ ਤੁਹਾਡੀ ਨਾਂਹ ਦੀ ਨਾਂਹ ਹੋਵੇ; ਇਸ ਤੋਂ ਜ਼ਿਆਦਾ ਜੋ ਵੀ ਕਿਹਾ ਜਾਂਦਾ ਹੈ ਉਹ ਸ਼ੈਤਾਨ ਵੱਲੋਂ ਹੁੰਦਾ ਹੈ।”—ਮੱਤੀ 5:34, 37.

17. ਅਗਲੇ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?

17 ਕੀ ਇਸ ਦਾ ਇਹ ਮਤਲਬ ਹੈ ਕਿ ਸਹੁੰ ਖਾਣੀ ਹਮੇਸ਼ਾ ਗ਼ਲਤ ਹੁੰਦੀ ਹੈ? ਇਸ ਤੋਂ ਜ਼ਰੂਰੀ ਸਵਾਲ ਇਹ ਹੈ ਕਿ ‘ਸਾਡੀ ਹਾਂ ਦੀ ਹਾਂ’ ਹੋਣ ਦਾ ਕੀ ਮਤਲਬ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ। ਪਰਮੇਸ਼ੁਰ ਦੇ ਬਚਨ ਉੱਤੇ ਸੋਚ-ਵਿਚਾਰ ਕਰਦੇ ਰਹਿਣ ਨਾਲ ਸਾਨੂੰ ਹਮੇਸ਼ਾ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਪ੍ਰੇਰਣਾ ਮਿਲੇਗੀ। ਯਹੋਵਾਹ ਪਰਮੇਸ਼ੁਰ ਆਪਣੇ ਵਾਅਦਿਆਂ ਮੁਤਾਬਕ ਖ਼ੁਸ਼ੀ-ਖ਼ੁਸ਼ੀ ਸਾਨੂੰ ਹਮੇਸ਼ਾ ਬਰਕਤਾਂ ਦਿੰਦਾ ਰਹੇਗਾ।

[ਸਵਾਲ]

[ਸਫ਼ਾ 26 ਉੱਤੇ ਸੁਰਖੀ]

ਯਹੋਵਾਹ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹੈ

[ਸਫ਼ਾ 24 ਉੱਤੇ ਤਸਵੀਰ]

ਜਲਦੀ ਹੀ ਅਬਰਾਹਾਮ ਦੇਖੇਗਾ ਕਿ ਯਹੋਵਾਹ ਦੇ ਵਾਅਦੇ ਪੂਰੇ ਹੋ ਗਏ ਹਨ