Skip to content

Skip to table of contents

ਹਿੰਮਤ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰੋ

ਹਿੰਮਤ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰੋ

ਹਿੰਮਤ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰੋ

“ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ।”—ਜ਼ਬੂ. 46:1.

ਕੀ ਤੁਸੀਂ ਜਵਾਬ ਦੇ ਸਕਦੇ ਹੋ?

ਅਸੀਂ ਮੁਸੀਬਤਾਂ ਕਾਰਨ ਨਿਰਾਸ਼ਾ ਵਿਚ ਡੁੱਬਣ ਤੋਂ ਕਿਵੇਂ ਬਚ ਸਕਦੇ ਹਾਂ?

ਅਸੀਂ ਹਿੰਮਤ ਕਿਉਂ ਰੱਖ ਸਕਦੇ ਹਾਂ?

ਯਹੋਵਾਹ ਨੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰਨ ਲਈ ਕਿਹੜੇ ਪ੍ਰਬੰਧ ਕੀਤੇ ਹਨ?

1, 2. ਅੱਜ ਕਈਆਂ ਨੇ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ, ਪਰ ਯਹੋਵਾਹ ਦੇ ਲੋਕ ਕੀ ਚਾਹੁੰਦੇ ਹਨ?

ਅਸੀਂ ਮੁਸ਼ਕਲਾਂ ਭਰੇ ਸਮੇਂ ਵਿਚ ਰਹਿੰਦੇ ਹਾਂ। ਧਰਤੀ ’ਤੇ ਇਕ ਤੋਂ ਬਾਅਦ ਇਕ ਆਫ਼ਤ ਆਉਂਦੀ ਹੈ। ਭੁਚਾਲ਼ ਆਉਣ, ਸੁਨਾਮੀ ਲਹਿਰਾਂ ਆਉਣ, ਜੰਗਲਾਂ ਨੂੰ ਅੱਗ ਲੱਗਣ, ਹੜ੍ਹ ਆਉਣ, ਜੁਆਲਾਮੁਖੀ ਫਟਣ ਅਤੇ ਤੇਜ਼ ਤੂਫ਼ਾਨ ਆਉਣ ਕਰਕੇ ਤਬਾਹੀ ਮਚੀ ਹੈ। ਇਸ ਤੋਂ ਇਲਾਵਾ, ਘਰਾਂ ਵਿਚ ਜਾਂ ਜ਼ਿੰਦਗੀਆਂ ਵਿਚ ਮੁਸ਼ਕਲਾਂ ਕਰਕੇ ਪਰੇਸ਼ਾਨੀਆਂ ਤੇ ਦੁੱਖ ਆਉਂਦੇ ਹਨ। ਇਹ ਗੱਲ ਸੱਚ ਸਾਬਤ ਹੋਈ ਹੈ ਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।”—ਉਪ. 9:11, CL.

2 ਪਰਮੇਸ਼ੁਰ ਦੇ ਲੋਕਾਂ ਨੇ ਅਜਿਹੀਆਂ ਮੁਸੀਬਤਾਂ ਦਾ ਹਿੰਮਤ ਨਾਲ ਸਾਮ੍ਹਣਾ ਕੀਤਾ ਹੈ। ਫਿਰ ਵੀ, ਅਸੀਂ ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਰਹਿਣਾ ਚਾਹੁੰਦੇ ਹਾਂ। ਅਸੀਂ ਹੁਣ ਅਤੇ ਆਉਣ ਵਾਲੇ ਸਮੇਂ ਵਿਚ ਹਿੰਮਤ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? ਮੁਸ਼ਕਲਾਂ ਸਹਿਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ?

ਹਿੰਮਤ ਨਾਲ ਮੁਸ਼ਕਲਾਂ ਸਹਿਣ ਵਾਲਿਆਂ ਤੋਂ ਸਿੱਖੋ

3. ਰੋਮੀਆਂ 15:4 ਮੁਤਾਬਕ ਸਾਨੂੰ ਮੁਸ਼ਕਲਾਂ ਦੌਰਾਨ ਦਿਲਾਸਾ ਕਿਵੇਂ ਮਿਲ ਸਕਦਾ ਹੈ?

3 ਭਾਵੇਂ ਕਿ ਅੱਜ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਨੂੰ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ, ਪਰ ਮੁਸ਼ਕਲਾਂ ਆਉਣੀਆਂ ਕੋਈ ਨਵੀਂ ਗੱਲ ਨਹੀਂ ਹੈ। ਆਓ ਆਪਾਂ ਦੇਖੀਏ ਕਿ ਅਸੀਂ ਪਰਮੇਸ਼ੁਰ ਦੇ ਪੁਰਾਣੇ ਸਮੇਂ ਦੇ ਸੇਵਕਾਂ ਤੋਂ ਕੀ ਸਿੱਖ ਸਕਦੇ ਹਾਂ ਜਿਨ੍ਹਾਂ ਨੇ ਹਿੰਮਤ ਨਾਲ ਮੁਸ਼ਕਲਾਂ ਸਹੀਆਂ ਸਨ।—ਰੋਮੀ. 15:4.

4. ਦਾਊਦ ਦੀ ਜ਼ਿੰਦਗੀ ਵਿਚ ਕਿਹੋ ਜਿਹੀਆਂ ਮੁਸ਼ਕਲਾਂ ਆਈਆਂ ਸਨ ਤੇ ਉਹ ਇਨ੍ਹਾਂ ਨੂੰ ਕਿਵੇਂ ਸਹਿ ਸਕਿਆ?

4 ਦਾਊਦ ਦੀ ਮਿਸਾਲ ਉੱਤੇ ਗੌਰ ਕਰੋ। ਦਾਊਦ ਨੂੰ ਕਈ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਿਆ ਜਿਵੇਂ ਰਾਜਾ ਸ਼ਾਊਲ ਉਸ ਨੂੰ ਮਾਰਨਾ ਚਾਹੁੰਦਾ ਸੀ, ਦੁਸ਼ਮਣ ਉਸ ਨਾਲ ਲੜਦੇ ਸਨ, ਇਕ ਵਾਰ ਉਸ ਦੀਆਂ ਪਤਨੀਆਂ ਨੂੰ ਅਗਵਾ ਕਰ ਲਿਆ ਗਿਆ ਅਤੇ ਉਸ ਦੇ ਆਪਣਿਆਂ ਨੇ ਉਸ ਨੂੰ ਧੋਖਾ ਦਿੱਤਾ। (1 ਸਮੂ. 18:8, 9; 30:1-5; 2 ਸਮੂ. 17:1-3; 24:15, 17; ਜ਼ਬੂ. 38:4-8) ਬਾਈਬਲ ਤੋਂ ਪਤਾ ਲੱਗਦਾ ਹੈ ਕਿ ਦਾਊਦ ਨੂੰ ਜ਼ਿੰਦਗੀ ਵਿਚ ਬਹੁਤ ਦੁੱਖ ਦੇਖਣੇ ਪਏ। ਪਰ ਇਨ੍ਹਾਂ ਦੁੱਖਾਂ ਕਰਕੇ ਯਹੋਵਾਹ ਨਾਲ ਦਾਊਦ ਦਾ ਰਿਸ਼ਤਾ ਨਹੀਂ ਟੁੱਟਿਆ। ਉਸ ਨੇ ਕਿਹਾ: “ਯਹੋਵਾਹ ਮੇਰੇ ਜੀਉਣ ਦਾ ਗੜ੍ਹ ਹੈ, ਮੈਂ ਕਿਸ ਦਾ ਭੈ ਖਾਵਾਂ?”—ਜ਼ਬੂ. 27:1; ਜ਼ਬੂਰਾਂ ਦੀ ਪੋਥੀ 27:5, 10 ਪੜ੍ਹੋ।

5. ਅਬਰਾਹਾਮ ਤੇ ਸਾਰਾਹ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕਰ ਸਕੇ?

5 ਅਬਰਾਹਾਮ ਤੇ ਸਾਰਾਹ ਬਾਰੇ ਵੀ ਸੋਚੋ। ਉਨ੍ਹਾਂ ਦੀ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਸੀ। ਉਨ੍ਹਾਂ ਨੇ ਆਪਣੀ ਜ਼ਿਆਦਾ ਜ਼ਿੰਦਗੀ ਪਰਦੇਸੀਆਂ ਵਜੋਂ ਤੰਬੂਆਂ ਵਿਚ ਰਹਿ ਕੇ ਕੱਟੀ। ਉਨ੍ਹਾਂ ਨੇ ਕਾਲ਼ ਦਾ ਸਾਮ੍ਹਣਾ ਕੀਤਾ ਅਤੇ ਆਲੇ-ਦੁਆਲੇ ਦੀਆਂ ਕੌਮਾਂ ਤੋਂ ਉਨ੍ਹਾਂ ਨੂੰ ਖ਼ਤਰਾ ਰਹਿੰਦਾ ਸੀ। ਪਰ ਉਹ ਹੌਸਲਾ ਨਹੀਂ ਹਾਰੇ ਅਤੇ ਹਰ ਮੁਸ਼ਕਲ ਪਾਰ ਕਰ ਸਕੇ। (ਉਤ. 12:10; 14:14-16) ਉਹ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕਰ ਸਕੇ? ਬਾਈਬਲ ਕਹਿੰਦੀ ਹੈ ਕਿ ਅਬਰਾਹਾਮ “ਉਸ ਸ਼ਹਿਰ ਦੀ ਉਡੀਕ ਕਰ ਰਿਹਾ ਸੀ ਜਿਸ ਦੀਆਂ ਨੀਂਹਾਂ ਪੱਕੀਆਂ ਸਨ ਤੇ ਜਿਸ ਦਾ ਨਕਸ਼ਾ ਬਣਾਉਣ ਵਾਲਾ ਤੇ ਰਾਜ ਮਿਸਤਰੀ ਪਰਮੇਸ਼ੁਰ ਹੈ।” (ਇਬ. 11:8-10) ਅਬਰਾਹਾਮ ਤੇ ਸਾਰਾਹ ਨੇ ਹੌਸਲਾ ਹਾਰਨ ਦੀ ਬਜਾਇ ਯਹੋਵਾਹ ਦੇ ਵਾਅਦਿਆਂ ਨੂੰ ਹਮੇਸ਼ਾ ਯਾਦ ਰੱਖਿਆ।

6. ਅਸੀਂ ਅੱਯੂਬ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

6 ਅੱਯੂਬ ’ਤੇ ਵੀ ਦੁੱਖਾਂ ਦਾ ਪਹਾੜ ਟੁੱਟਿਆ ਸੀ। ਜ਼ਰਾ ਸੋਚੋ ਕਿ ਉਸ ’ਤੇ ਕੀ ਬੀਤੀ ਹੋਣੀ ਜਦ ਉਸ ਦੀ ਜ਼ਿੰਦਗੀ ਵਿਚ ਇਕ ਤੋਂ ਬਾਅਦ ਇਕ ਮੁਸ਼ਕਲ ਆ ਰਹੀ ਸੀ। (ਅੱਯੂ. 3:3, 11) ਉਸ ਨੂੰ ਪਤਾ ਵੀ ਨਹੀਂ ਸੀ ਕਿ ਉਸ ਨਾਲ ਇਹ ਸਭ ਕੁਝ ਕਿਉਂ ਹੋ ਰਿਹਾ ਸੀ। ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ। ਉਹ ਪਰਮੇਸ਼ੁਰ ਦਾ ਵਫ਼ਾਦਾਰ ਰਿਹਾ ਅਤੇ ਉਸ ’ਤੇ ਪੂਰਾ ਭਰੋਸਾ ਰੱਖਿਆ। (ਅੱਯੂਬ 27:5 ਪੜ੍ਹੋ।) ਅੱਯੂਬ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ!

7. ਪਰਮੇਸ਼ੁਰ ਦੀ ਸੇਵਾ ਕਰਦਿਆਂ ਪੌਲੁਸ ਨੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਤੇ ਉਹ ਇਨ੍ਹਾਂ ਨੂੰ ਕਿਵੇਂ ਸਹਿ ਸਕਿਆ?

7 ਜ਼ਰਾ ਪੌਲੁਸ ਰਸੂਲ ਦੀ ਵੀ ਮਿਸਾਲ ਵੱਲ ਧਿਆਨ ਦਿਓ। ਉਸ ਨੇ “ਸ਼ਹਿਰਾਂ ਵਿਚ, ਉਜਾੜ ਵਿਚ ਤੇ ਸਮੁੰਦਰ ਵਿਚ ਖ਼ਤਰਿਆਂ ਦਾ ਸਾਮ੍ਹਣਾ ਕੀਤਾ।” ਉਸ ਨੇ ਕਿਹਾ: “[ਮੈਂ] ਭੁੱਖ-ਪਿਆਸ ਸਹਾਰੀ, ਮੈਨੂੰ ਠੰਢ ਵਿਚ ਰਹਿਣਾ ਪਿਆ ਤੇ ਕਈ ਵਾਰ ਤਨ ਢਕਣ ਜੋਗੇ ਵੀ ਕੱਪੜੇ ਨਹੀਂ ਸਨ।” ਸ਼ਾਇਦ ਸਮੁੰਦਰੀ ਜਹਾਜ਼ ਦੇ ਤਬਾਹ ਹੋਣ ਕਰਕੇ ਪੌਲੁਸ ਨੇ ‘ਇਕ ਦਿਨ ਅਤੇ ਇਕ ਰਾਤ ਸਮੁੰਦਰ ਦੇ ਡੂੰਘੇ ਪਾਣੀਆਂ ਵਿਚ ਕੱਟੀ।’ (2 ਕੁਰਿੰ. 11:23-27) ਪੌਲੁਸ ਕਈ ਵਾਰ ਮੌਤ ਦੇ ਪੰਜੇ ਤੋਂ ਬਚਿਆ ਸੀ। ਇਕ ਵਾਰ ਮਰਨੋਂ ਬਚਣ ਤੋਂ ਬਾਅਦ ਉਸ ਨੇ ਲਿਖਿਆ: “ਇਹ ਇਸ ਕਰਕੇ ਹੋਇਆ ਤਾਂਕਿ ਅਸੀਂ ਆਪਣੇ ਉੱਤੇ ਨਹੀਂ, ਸਗੋਂ ਪਰਮੇਸ਼ੁਰ ਉੱਤੇ ਭਰੋਸਾ ਰੱਖੀਏ ਜਿਹੜਾ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰਦਾ ਹੈ। ਉਸ ਨੇ ਸਾਨੂੰ ਦਰਦਨਾਕ ਮੌਤ ਤੋਂ ਬਚਾਇਆ ਅਤੇ ਬਚਾਵੇਗਾ; ਸਾਨੂੰ ਪੂਰਾ ਭਰੋਸਾ ਹੈ ਕਿ ਉਹ ਸਾਨੂੰ ਬਚਾਉਂਦਾ ਵੀ ਰਹੇਗਾ।” (2 ਕੁਰਿੰ. 1:8-10) ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਪੌਲੁਸ ਜਿੰਨੀਆਂ ਮੁਸ਼ਕਲਾਂ ਸਹੀਆਂ ਹੋਣਗੀਆਂ। ਫਿਰ ਵੀ ਅਸੀਂ ਉਸ ਦੇ ਜਜ਼ਬਾਤ ਸਮਝ ਸਕਦੇ ਹਾਂ ਅਤੇ ਉਸ ਦੀ ਮਿਸਾਲ ਤੋਂ ਹੌਸਲਾ ਪਾ ਸਕਦੇ ਹਾਂ।

ਮੁਸ਼ਕਲਾਂ ਕਰਕੇ ਹਿੰਮਤ ਨਾ ਹਾਰੋ

8. ਅੱਜ ਦੀਆਂ ਮੁਸ਼ਕਲਾਂ ਦਾ ਸਾਡੇ ’ਤੇ ਕੀ ਅਸਰ ਪੈ ਸਕਦਾ ਹੈ? ਮਿਸਾਲ ਦਿਓ।

8 ਅੱਜ ਦੁਨੀਆਂ ਆਫ਼ਤਾਂ, ਮੁਸ਼ਕਲਾਂ ਤੇ ਸਮੱਸਿਆਵਾਂ ਨਾਲ ਭਰੀ ਹੋਈ ਹੈ ਜਿਨ੍ਹਾਂ ਕਰਕੇ ਲੋਕ ਬਹੁਤ ਪਰੇਸ਼ਾਨ ਹਨ। ਕਈ ਮਸੀਹੀ ਵੀ ਬਹੁਤ ਪਰੇਸ਼ਾਨ ਹੋ ਜਾਂਦੇ ਹਨ। ਆਸਟ੍ਰੇਲੀਆ ਵਿਚ ਲਾਨੀ * ਨਾਂ ਦੀ ਭੈਣ ਆਪਣੇ ਪਤੀ ਨਾਲ ਖ਼ੁਸ਼ੀ-ਖ਼ੁਸ਼ੀ ਪਾਇਨੀਅਰਿੰਗ ਕਰ ਰਹੀ ਸੀ ਜਦ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਛਾਤੀ ਦਾ ਕੈਂਸਰ ਹੈ। ਉਹ ਕਹਿੰਦੀ ਹੈ ਕਿ ਇਹ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ। ਉਹ ਅੱਗੇ ਦੱਸਦੀ ਹੈ: “ਇਲਾਜ ਦਾ ਮੇਰੀ ਸਿਹਤ ’ਤੇ ਮਾੜਾ ਅਸਰ ਪਿਆ ਤੇ ਮੈਂ ਬਹੁਤ ਦੁਖੀ ਸੀ।” ਨਾਲੇ ਉਸ ਨੂੰ ਆਪਣੇ ਪਤੀ ਦੀ ਵੀ ਦੇਖ-ਭਾਲ ਕਰਨੀ ਪਈ ਜਿਸ ਦੀ ਰੀੜ੍ਹ ਦੀ ਹੱਡੀ ਦਾ ਓਪਰੇਸ਼ਨ ਹੋਇਆ ਸੀ। ਜੇ ਅਸੀਂ ਅਜਿਹੀ ਹਾਲਤ ਵਿਚ ਹੋਈਏ, ਤਾਂ ਅਸੀਂ ਕੀ ਕਰ ਸਕਦੇ ਹਾਂ?

9, 10. (ੳ) ਅਸੀਂ ਸ਼ੈਤਾਨ ਨੂੰ ਕੀ ਕਰਨ ਦਾ ਮੌਕਾ ਨਹੀਂ ਦੇਵਾਂਗੇ? (ਅ) ਮੁਸ਼ਕਲਾਂ ਦਾ ਸਾਮ੍ਹਣਾ ਕਰ ਕੇ ਅਸੀਂ ਕੀ ਦਿਖਾ ਸਕਦੇ ਹਾਂ?

9 ਯਾਦ ਰੱਖੋ ਕਿ ਸ਼ੈਤਾਨ ਮੁਸ਼ਕਲਾਂ ਰਾਹੀਂ ਸਾਡੀ ਨਿਹਚਾ ਕਮਜ਼ੋਰ ਕਰਨੀ ਚਾਹੁੰਦਾ ਹੈ। ਪਰ ਅਸੀਂ ਸ਼ੈਤਾਨ ਨੂੰ ਇੱਦਾਂ ਕਰਨ ਦਾ ਮੌਕਾ ਨਹੀਂ ਦੇਵਾਂਗੇ। ਕਹਾਉਤਾਂ 24:10 ਵਿਚ ਲਿਖਿਆ ਹੈ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” ਜੇ ਅਸੀਂ ਬਾਈਬਲ ਵਿੱਚ ਪਰਮੇਸ਼ੁਰ ਦੇ ਸੇਵਕਾਂ ਦੀਆਂ ਮਿਸਾਲਾਂ ’ਤੇ ਸੋਚ-ਵਿਚਾਰ ਕਰਾਂਗੇ, ਤਾਂ ਅਸੀਂ ਮੁਸ਼ਕਲਾਂ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰਾਂਗੇ।

10 ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਮੁਸ਼ਕਲਾਂ ਨੂੰ ਖ਼ਤਮ ਨਹੀਂ ਕਰ ਸਕਦੇ, ਬਲਕਿ ਸਾਡੇ ’ਤੇ ਮੁਸ਼ਕਲਾਂ ਆਉਣੀਆਂ ਹੀ ਹਨ। (2 ਤਿਮੋ. 3:12) ਰਸੂਲਾਂ ਦੇ ਕੰਮ 14:22 ਵਿਚ ਲਿਖਿਆ ਹੈ: “ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।” ਨਿਰਾਸ਼ ਹੋਣ ਦੀ ਬਜਾਇ ਮੁਸ਼ਕਲਾਂ ਦਾ ਸਾਮ੍ਹਣਾ ਕਰ ਕੇ ਦਿਖਾਓ ਕਿ ਤੁਹਾਨੂੰ ਯਹੋਵਾਹ ’ਤੇ ਭਰੋਸਾ ਹੈ।

11. ਅਸੀਂ ਮੁਸ਼ਕਲਾਂ ਕਰਕੇ ਨਿਰਾਸ਼ਾ ਵਿਚ ਡੁੱਬਣ ਤੋਂ ਕਿਵੇਂ ਬਚ ਸਕਦੇ ਹਾਂ?

11 ਸਾਨੂੰ ਚੰਗੀਆਂ ਗੱਲਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਖੁਸ਼ ਮਨ ਵਾਲੇ ਮਨੁੱਖ ਦੇ ਮੂੰਹ ਉੱਥੇ ਰੌਣਕ ਹੁੰਦੀ ਹੈ, ਪਰ ਸੋਗੀ ਮਨ ਵਾਲੇ ਮਨੁੱਖ ਦਾ ਮੂੰਹ ਉਤਰਿਆ ਹੁੰਦਾ ਹੈ।” (ਕਹਾ. 15:13, CL) ਡਾਕਟਰੀ ਖੋਜਾਂ ਤੋਂ ਪਤਾ ਲੱਗਾ ਹੈ ਕਿ ਚੰਗੀਆਂ ਸੋਚਾਂ ਦਾ ਸਾਡੀ ਸਿਹਤ ’ਤੇ ਚੰਗਾ ਅਸਰ ਪੈਂਦਾ ਹੈ। ਇਹ ਗੱਲ ਸਾਬਤ ਹੋਈ ਹੈ ਕਿ ਜਦ ਡਾਕਟਰ ਕਿਸੇ ਮਰੀਜ਼ ਨੂੰ ਧਰਵਾਸ ਦੇਣ ਲਈ ਫੋਕੀ ਦਵਾਈ ਦਿੰਦਾ ਹੈ ਤੇ ਮਰੀਜ਼ ਸੋਚਦਾ ਹੈ ਕਿ ਉਸ ਨੇ ਠੀਕ ਹੋ ਜਾਣਾ ਹੈ, ਤਾਂ ਇੱਦਾਂ ਹੀ ਹੁੰਦਾ ਹੈ। ਪਰ ਜੇ ਕਿਸੇ ਮਰੀਜ਼ ਨੂੰ ਦੱਸਿਆ ਜਾਂਦਾ ਹੈ ਕਿ ਦਵਾਈ ਦਾ ਉਸ ਦੀ ਸਿਹਤ ’ਤੇ ਮਾੜਾ ਅਸਰ ਪਵੇਗਾ, ਤਾਂ ਉਹ ਉਸ ਦੇ ਮਾੜੇ ਅਸਰਾਂ ਬਾਰੇ ਸੋਚਣ ਲੱਗ ਪੈਂਦਾ ਹੈ ਜਿਸ ਕਰਕੇ ਉਸ ਦੀ ਸਿਹਤ ਸੱਚ-ਮੁੱਚ ਖ਼ਰਾਬ ਹੋ ਜਾਂਦੀ ਹੈ। ਇਸ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਜੇ ਅਸੀਂ ਆਪਣੀ ਜ਼ਿੰਦਗੀ ਦੇ ਮੁਸ਼ਕਲ ਹਾਲਾਤਾਂ ਬਾਰੇ ਸੋਚਦੇ ਰਹੀਏ ਜਿਨ੍ਹਾਂ ਨੂੰ ਅਸੀਂ ਬਦਲ ਨਹੀਂ ਸਕਦੇ, ਤਾਂ ਅਸੀਂ ਹੌਸਲਾ ਹਾਰ ਦੇਵਾਂਗੇ। ਅਸੀਂ ਖ਼ੁਸ਼ ਹਾਂ ਕਿ ਆਫ਼ਤਾਂ ਦੇ ਸਮੇਂ ਯਹੋਵਾਹ ਸਾਨੂੰ ਫੋਕੀ ਦਵਾਈ ਨਹੀਂ ਦਿੰਦਾ, ਸਗੋਂ ਉਹ ਸਾਨੂੰ ਆਪਣੇ ਬਚਨ ਤੋਂ ਦਿਲਾਸਾ, ਭੈਣਾਂ-ਭਰਾਵਾਂ ਦਾ ਸਾਥ ਅਤੇ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ। ਇਨ੍ਹਾਂ ਚੀਜ਼ਾਂ ਬਾਰੇ ਸੋਚ ਕੇ ਸਾਡਾ ਹੌਸਲਾ ਵਧਦਾ ਹੈ। ਮੁਸ਼ਕਲਾਂ ਕਰਕੇ ਨਿਰਾਸ਼ਾ ਵਿਚ ਡੁੱਬਣ ਦੀ ਬਜਾਇ ਇਨ੍ਹਾਂ ਦਾ ਸਾਮ੍ਹਣਾ ਕਰਨ ਲਈ ਜ਼ਰੂਰੀ ਕਦਮ ਚੁੱਕੋ ਅਤੇ ਆਪਣੀ ਜ਼ਿੰਦਗੀ ਵਿਚ ਹੋ ਰਹੀਆਂ ਚੰਗੀਆਂ ਗੱਲਾਂ ਵੱਲ ਵੀ ਧਿਆਨ ਦਿਓ।—ਕਹਾ. 17:22.

12, 13. (ੳ) ਆਫ਼ਤਾਂ ਦੌਰਾਨ ਵੀ ਮਜ਼ਬੂਤ ਰਹਿਣ ਵਿਚ ਕਿਸ ਗੱਲ ਨੇ ਪਰਮੇਸ਼ੁਰ ਦੇ ਸੇਵਕਾਂ ਦੀ ਮਦਦ ਕੀਤੀ ਹੈ? ਮਿਸਾਲ ਦਿਓ। (ਅ) ਆਫ਼ਤਾਂ ਦੌਰਾਨ ਕਿਵੇਂ ਜ਼ਾਹਰ ਹੁੰਦਾ ਹੈ ਕਿ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੀ ਹੈ?

12 ਹਾਲ ਹੀ ਦੇ ਸਮੇਂ ਵਿਚ ਕੁਝ ਦੇਸ਼ਾਂ ਵਿਚ ਵੱਡੀਆਂ ਆਫ਼ਤਾਂ ਆਈਆਂ ਹਨ। ਇਨ੍ਹਾਂ ਦੇਸ਼ਾਂ ਵਿਚ ਮੁਸੀਬਤਾਂ ਦੇ ਬਾਵਜੂਦ ਭੈਣ-ਭਰਾ ਹਿੰਮਤ ਨਹੀਂ ਹਾਰੇ। ਫਰਵਰੀ 2010 ਵਿਚ ਚਿਲੀ ਵਿਚ ਇਕ ਵੱਡਾ ਭੁਚਾਲ਼ ਤੇ ਸੁਨਾਮੀ ਲਹਿਰਾਂ ਆਈਆਂ ਜਿਸ ਕਰਕੇ ਭੈਣਾਂ-ਭਰਾਵਾਂ ਦੇ ਘਰ-ਬਾਰ ਤਬਾਹ ਹੋ ਗਏ। ਕਈ ਆਪਣੇ ਕੰਮਾਂ-ਕਾਰਾਂ ਤੋਂ ਵੀ ਹੱਥ ਧੋ ਬੈਠੇ। ਫਿਰ ਵੀ, ਉਹ ਪਰਮੇਸ਼ੁਰ ਦੀ ਸੇਵਾ ਕਰਦੇ ਰਹੇ। ਸੈਮੁਅਲ ਦਾ ਘਰ ਪੂਰੀ ਤਰ੍ਹਾਂ ਤਬਾਹ ਹੋਇਆ। ਉਹ ਦੱਸਦਾ ਹੈ: “ਇਨ੍ਹਾਂ ਔਖੀਆਂ ਘੜੀਆਂ ਵਿਚ ਵੀ ਮੈਂ ਤੇ ਮੇਰੀ ਪਤਨੀ ਮੀਟਿੰਗਾਂ ਵਿਚ ਜਾਂਦੇ ਰਹੇ ਤੇ ਪ੍ਰਚਾਰ ਕਰਦੇ ਰਹੇ। ਮੈਨੂੰ ਪੂਰਾ ਯਕੀਨ ਹੈ ਕਿ ਇਸੇ ਕਰਕੇ ਅਸੀਂ ਨਿਰਾਸ਼ਾ ਵਿਚ ਨਹੀਂ ਡੁੱਬੇ।” ਹੋਰਨਾਂ ਭੈਣਾਂ-ਭਰਾਵਾਂ ਵਾਂਗ ਉਹ ਵੀ ਮੁਸ਼ਕਲਾਂ ਦੇ ਬਾਵਜੂਦ ਯਹੋਵਾਹ ਦੀ ਸੇਵਾ ਵਿਚ ਲੱਗੇ ਰਹੇ।

13 ਸਤੰਬਰ 2009 ਵਿਚ ਭਾਰੀ ਮੀਂਹ ਕਾਰਨ ਫ਼ਿਲਪੀਨ ਦੇ ਮਨੀਲਾ ਸ਼ਹਿਰ ਵਿਚ ਹੜ੍ਹ ਆਇਆ। ਇਕ ਅਮੀਰ ਆਦਮੀ ਦਾ ਸਭ ਕੁਝ ਹੜ੍ਹ ਵਿਚ ਰੁੜ੍ਹ ਗਿਆ। ਉਸ ਨੇ ਕਿਹਾ: “ਹੜ੍ਹ ਨੇ ਨਹੀਂ ਦੇਖਿਆ ਕਿ ਕੌਣ ਗ਼ਰੀਬ ਹੈ ਤੇ ਕੌਣ ਅਮੀਰ। ਸਾਰਿਆਂ ਦਾ ਨੁਕਸਾਨ ਹੋਇਆ।” ਇਸ ਤੋਂ ਸਾਨੂੰ ਯਿਸੂ ਦੀ ਇਹ ਚੰਗੀ ਸਲਾਹ ਯਾਦ ਆਉਂਦੀ ਹੈ: “ਸਵਰਗ ਵਿਚ ਆਪਣੇ ਲਈ ਧਨ ਜੋੜੋ, ਜਿੱਥੇ ਨਾ ਕੀੜਾ ਤੇ ਨਾ ਜੰਗਾਲ ਇਸ ਨੂੰ ਖਾਂਦੇ ਹਨ ਅਤੇ ਨਾ ਹੀ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ।” (ਮੱਤੀ 6:20) ਪੈਸਾ ਤਾਂ ਹੱਥਾਂ ਦੀ ਮੈਲ਼ ਹੈ ਤੇ ਇਸ ’ਤੇ ਭਰੋਸਾ ਰੱਖ ਕੇ ਸਾਨੂੰ ਨਿਰਾਸ਼ਾ ਹੀ ਮਿਲੇਗੀ। ਬੁੱਧੀਮਤਾ ਦੀ ਗੱਲ ਇਹ ਹੈ ਕਿ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖੀਏ ਕਿਉਂਕਿ ਭਾਵੇਂ ਜੋ ਮਰਜ਼ੀ ਮੁਸ਼ਕਲਾਂ ਆਉਣ, ਇਹ ਰਿਸ਼ਤਾ ਟੁੱਟੇਗਾ ਨਹੀਂ।—ਇਬਰਾਨੀਆਂ 13:5, 6 ਪੜ੍ਹੋ।

ਹਿੰਮਤ ਰੱਖਣ ਦੇ ਕਾਰਨ

14. ਅਸੀਂ ਕਿਉਂ ਹੌਸਲਾ ਰੱਖ ਸਕਦੇ ਹਾਂ?

14 ਯਿਸੂ ਨੇ ਦੱਸਿਆ ਸੀ ਕਿ ਉਸ ਦੀ ਮੌਜੂਦਗੀ ਦੌਰਾਨ ਬਹੁਤ ਸਾਰੀਆਂ ਮੁਸੀਬਤਾਂ ਆਉਣਗੀਆਂ। ਫਿਰ ਵੀ ਉਸ ਨੇ ਕਿਹਾ: “ਡਰਿਓ ਨਾ।” (ਲੂਕਾ 21:9) ਅਸੀਂ ਹੌਸਲਾ ਰੱਖ ਸਕਦੇ ਹਾਂ ਕਿਉਂਕਿ ਸਾਡਾ ਰਾਜਾ ਯਿਸੂ ਤੇ ਸਾਡਾ ਪਰਮੇਸ਼ੁਰ ਯਹੋਵਾਹ ਸਾਡੇ ਨਾਲ ਹਨ। ਪੌਲੁਸ ਨੇ ਤਿਮੋਥਿਉਸ ਨੂੰ ਹੌਸਲਾ ਦਿੱਤਾ ਸੀ: “ਪਰਮੇਸ਼ੁਰ ਵੱਲੋਂ ਮਿਲੀ ਪਵਿੱਤਰ ਸ਼ਕਤੀ ਸਾਨੂੰ ਡਰਪੋਕ ਨਹੀਂ ਬਣਾਉਂਦੀ, ਸਗੋਂ ਸਾਡੇ ਅੰਦਰ ਤਾਕਤ, ਪਿਆਰ ਤੇ ਸਮਝ ਪੈਦਾ ਕਰਦੀ ਹੈ।”—2 ਤਿਮੋ. 1:7.

15. ਪਰਮੇਸ਼ੁਰ ਦੇ ਸੇਵਕਾਂ ਦੀਆਂ ਮਿਸਾਲਾਂ ਦਿਓ ਜੋ ਯਹੋਵਾਹ ’ਤੇ ਪੂਰਾ ਭਰੋਸਾ ਰੱਖਦੇ ਸਨ ਤੇ ਸਮਝਾਓ ਕਿ ਅਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ।

15 ਗੌਰ ਕਰੋ ਕਿ ਪਰਮੇਸ਼ੁਰ ਦੇ ਕੁਝ ਸੇਵਕਾਂ ਨੇ ਉਸ ’ਤੇ ਆਪਣਾ ਭਰੋਸਾ ਕਿਵੇਂ ਜ਼ਾਹਰ ਕੀਤਾ। ਦਾਊਦ ਨੇ ਕਿਹਾ: “ਯਹੋਵਾਹ ਮੇਰਾ ਬਲ ਅਤੇ ਮੇਰੀ ਢਾਲ ਹੈ, ਮੇਰੇ ਮਨ ਨੇ ਉਸ ਉੱਤੇ ਭਰੋਸਾ ਰੱਖਿਆ ਹੈ, ਅਤੇ ਮੇਰੀ ਸਹਾਇਤਾ ਹੋਈ ਹੈ, ਇਸ ਲਈ ਮੇਰਾ ਮਨ ਮੌਜ ਮਾਨਦਾ ਹੈ।” (ਜ਼ਬੂ. 28:7) ਪੌਲੁਸ ਨੇ ਪੂਰੇ ਭਰੋਸੇ ਨਾਲ ਕਿਹਾ: “ਜਿਹੜਾ ਸਾਨੂੰ ਪਿਆਰ ਕਰਦਾ ਹੈ, ਉਸ ਰਾਹੀਂ ਅਸੀਂ ਇਨ੍ਹਾਂ ਸਾਰੇ ਦੁੱਖਾਂ ਉੱਤੇ ਫਤਹਿ ਪਾਉਂਦੇ ਹਾਂ।” (ਰੋਮੀ. 8:37) ਜਦ ਯਿਸੂ ਦੀ ਜਾਨ ਖ਼ਤਰੇ ਵਿਚ ਸੀ, ਤਾਂ ਉਸ ਨੇ ਆਪਣੇ ਰਸੂਲਾਂ ਨੂੰ ਅਜਿਹੀ ਗੱਲ ਕਹੀ ਜਿਸ ਤੋਂ ਪਰਮੇਸ਼ੁਰ ਨਾਲ ਉਸ ਦੇ ਗੂੜ੍ਹੇ ਰਿਸ਼ਤੇ ਦਾ ਪਤਾ ਲੱਗਦਾ ਹੈ। ਉਸ ਨੇ ਕਿਹਾ: “ਮੈਂ ਇਕੱਲਾ ਨਹੀਂ ਹਾਂ ਕਿਉਂਕਿ ਮੇਰਾ ਪਿਤਾ ਮੇਰੇ ਨਾਲ ਹੈ।” (ਯੂਹੰ. 16:32) ਇਨ੍ਹਾਂ ਮਿਸਾਲਾਂ ਤੋਂ ਕੀ ਪਤਾ ਲੱਗਦਾ ਹੈ? ਹਰੇਕ ਸੇਵਕ ਦਾ ਯਹੋਵਾਹ ’ਤੇ ਦਿਲੋਂ ਭਰੋਸਾ ਸੀ। ਜੇ ਅਸੀਂ ਯਹੋਵਾਹ ’ਤੇ ਦਿਲੋਂ ਭਰੋਸਾ ਕਰਾਂਗੇ, ਤਾਂ ਅਸੀਂ ਵੀ ਹਰ ਮੁਸ਼ਕਲ ਦਾ ਹਿੰਮਤ ਨਾਲ ਸਾਮ੍ਹਣਾ ਕਰ ਸਕਾਂਗੇ।—ਜ਼ਬੂਰਾਂ ਦੀ ਪੋਥੀ 46:1-3 ਪੜ੍ਹੋ।

ਹਿੰਮਤ ਦੇਣ ਦੇ ਪ੍ਰਬੰਧ

16. ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰਨੀ ਸਾਡੇ ਲਈ ਜ਼ਰੂਰੀ ਕਿਉਂ ਹੈ?

16 ਅਸੀਂ ਆਪਣੀ ਤਾਕਤ ਨਾਲ ਨਹੀਂ, ਸਗੋਂ ਪਰਮੇਸ਼ੁਰ ਦੀ ਤਾਕਤ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਹਿੰਮਤ ਨਾਲ ਕਰ ਸਕਦੇ ਹਾਂ। ਸਾਡੀ ਮਦਦ ਕਰਨ ਲਈ ਯਹੋਵਾਹ ਕਈ ਪ੍ਰਬੰਧ ਕਰਦਾ ਹੈ। ਉਸ ਨੇ ਸਾਨੂੰ ਆਪਣਾ ਬਚਨ, ਬਾਈਬਲ ਦਿੱਤਾ ਹੈ। ਜਦ ਅਸੀਂ ਬਾਈਬਲ ਦੀ ਸਟੱਡੀ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਬਾਰੇ ਸਿੱਖਦੇ ਹਾਂ ਅਤੇ ਅਸੀਂ ਉਸ ’ਤੇ ਭਰੋਸਾ ਕਰਨਾ ਸਿੱਖਦੇ ਹਾਂ। ਇਕ ਭੈਣ, ਜਿਸ ਨੂੰ ਡਿਪਰੈਸ਼ਨ ਹੈ, ਦੱਸਦੀ ਹੈ ਕਿ ਜਦ ਉਹ ਬਾਈਬਲ ਵਿੱਚੋਂ ਦਿਲਾਸੇ ਭਰੇ ਹਵਾਲੇ ਵਾਰ-ਵਾਰ ਪੜ੍ਹਦੀ ਹੈ, ਤਾਂ ਉਸ ਨੂੰ ਹੌਸਲਾ ਮਿਲਦਾ ਹੈ। ਕੀ ਅਸੀਂ ਹਰ ਹਫ਼ਤੇ ਪਰਿਵਾਰਕ ਸਟੱਡੀ ਕਰਦੇ ਹਾਂ ਜਿਵੇਂ ਵਫ਼ਾਦਾਰ ਤੇ ਸਮਝਦਾਰ ਨੌਕਰ ਨੇ ਸਾਨੂੰ ਸਲਾਹ ਦਿੱਤੀ ਹੈ? ਇਸ ਤਰ੍ਹਾਂ ਕਰਨ ਨਾਲ ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿ ਸਕਾਂਗੇ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!”—ਜ਼ਬੂ. 119:97.

17. (ੳ) ਯਹੋਵਾਹ ’ਤੇ ਸਾਡਾ ਹੌਸਲਾ ਵਧਾਉਣ ਲਈ ਕਿਹੜਾ ਪ੍ਰਬੰਧ ਸਾਡੀ ਮਦਦ ਕਰ ਸਕਦਾ ਹੈ? (ਅ) ਕਿਸੇ ਜੀਵਨੀ ਦੀ ਮਿਸਾਲ ਦਿਓ ਜਿਸ ਨੇ ਤੁਹਾਡੀ ਮਦਦ ਕੀਤੀ ਹੈ।

17 ਸਾਡੇ ਕੋਲ ਬਾਈਬਲ-ਆਧਾਰਿਤ ਪ੍ਰਕਾਸ਼ਨ ਹਨ ਜਿਨ੍ਹਾਂ ਵਿਚ ਯਹੋਵਾਹ ’ਤੇ ਸਾਡਾ ਭਰੋਸਾ ਵਧਾਉਣ ਵਾਲੀ ਜਾਣਕਾਰੀ ਦਿੱਤੀ ਜਾਂਦੀ ਹੈ। ਕਈ ਭੈਣਾਂ-ਭਰਾਵਾਂ ਨੂੰ ਸਾਡੇ ਰਸਾਲਿਆਂ ਵਿਚ ਜੀਵਨੀਆਂ ਤੋਂ ਬਹੁਤ ਮਦਦ ਮਿਲੀ ਹੈ। ਏਸ਼ੀਆ ਵਿਚ ਰਹਿਣ ਵਾਲੀ ਇਕ ਭੈਣ ਨੂੰ ਬਾਈਪੋਲਰ ਨਾਂ ਦਾ ਡਿਪਰੈਸ਼ਨ ਹੈ। ਉਸ ਨੂੰ ਇਕ ਮਿਸ਼ਨਰੀ ਭਰਾ ਦੀ ਜੀਵਨੀ ਪੜ੍ਹ ਕੇ ਬਹੁਤ ਹੌਸਲਾ ਮਿਲਿਆ ਜਿਸ ਨੂੰ ਇਹੀ ਬੀਮਾਰੀ ਹੈ ਤੇ ਜਿਸ ਨੇ ਇਸ ਨਾਲ ਜੀਉਣਾ ਸਿੱਖਿਆ ਹੈ। ਉਸ ਨੇ ਕਿਹਾ: “ਇਸ ਲੇਖ ਨੇ ਇਸ ਬੀਮਾਰੀ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਮੇਰੀ ਮਦਦ ਕੀਤੀ ਤੇ ਮੈਨੂੰ ਉਮੀਦ ਦਿੱਤੀ ਕਿ ਮੈਂ ਵੀ ਇਸ ਬੀਮਾਰੀ ਨੂੰ ਸਹਿ ਸਕਦੀ ਹਾਂ।”

18. ਸਾਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

18 ਪ੍ਰਾਰਥਨਾ ਹਰ ਹਾਲਤ ਵਿਚ ਸਾਡੀ ਮਦਦ ਕਰ ਸਕਦੀ ਹੈ। ਪੌਲੁਸ ਰਸੂਲ ਨੇ ਪ੍ਰਾਰਥਨਾ ਦੇ ਫ਼ਾਇਦੇ ਬਾਰੇ ਕਿਹਾ: “ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ; ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” (ਫ਼ਿਲਿ. 4:6, 7) ਕੀ ਅਸੀਂ ਇਸ ਪ੍ਰਬੰਧ ਦਾ ਪੂਰਾ ਫ਼ਾਇਦਾ ਉਠਾਉਂਦੇ ਹਾਂ ਤਾਂਕਿ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੀਏ? ਇੰਗਲੈਂਡ ਤੋਂ ਐਲਿਕਸ ਨਾਂ ਦਾ ਭਰਾ ਕਈ ਸਾਲਾਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਰਿਹਾ ਹੈ। ਉਸ ਨੇ ਕਿਹਾ: “ਮੈਂ ਯਹੋਵਾਹ ਨਾਲ ਪ੍ਰਾਰਥਨਾ ਵਿਚ ਗੱਲਾਂ ਕਰਦਾ ਹਾਂ ਅਤੇ ਉਸ ਦਾ ਬਚਨ ਪੜ੍ਹ ਕੇ ਉਸ ਦੀ ਗੱਲ ਸੁਣਦਾ ਹਾਂ। ਇਸ ਤਰ੍ਹਾਂ ਕਰਨ ਨਾਲ ਮੇਰੀ ਬਹੁਤ ਸਹਾਇਤਾ ਹੋਈ ਹੈ।”

19. ਮੀਟਿੰਗਾਂ ਵਿਚ ਜਾਣ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?

19 ਸਾਡੀ ਮਦਦ ਕਰਨ ਵਾਲਾ ਇਕ ਹੋਰ ਪ੍ਰਬੰਧ ਹੈ ਮੀਟਿੰਗਾਂ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਮੇਰਾ ਜੀ ਯਹੋਵਾਹ ਦੀਆਂ ਦਰਗਾਹਾਂ ਲਈ ਤਰਸਦਾ ਸਗੋਂ ਖੁੱਸਦਾ ਜਾਂਦਾ ਹੈ।” (ਜ਼ਬੂ. 84:2) ਕੀ ਅਸੀਂ ਉਸ ਵਾਂਗ ਮਹਿਸੂਸ ਕਰਦੇ ਹਾਂ? ਕੈਂਸਰ ਦੀ ਸ਼ਿਕਾਰ ਲਾਨੀ ਮੀਟਿੰਗਾਂ ਬਾਰੇ ਕਹਿੰਦੀ ਹੈ: “ਮੈਂ ਹਮੇਸ਼ਾ ਮੀਟਿੰਗਾਂ ਵਿਚ ਜਾਂਦੀ ਰਹੀ ਕਿਉਂਕਿ ਮੈਂ ਜਾਣਦੀ ਸੀ ਕਿ ਜੇ ਮੈਂ ਯਹੋਵਾਹ ਤੋਂ ਮਦਦ ਚਾਹੁੰਦੀ ਸੀ, ਤਾਂ ਮੀਟਿੰਗਾਂ ਵਿਚ ਜਾਣਾ ਜ਼ਰੂਰੀ ਸੀ।”

20. ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਨਾਲ ਸਾਡੀ ਕਿਵੇਂ ਮਦਦ ਹੋਵੇਗੀ?

20 ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਨਾਲ ਵੀ ਸਾਨੂੰ ਹੌਸਲਾ ਮਿਲਦਾ ਹੈ। (1 ਤਿਮੋ. 4:16) ਆਸਟ੍ਰੇਲੀਆ ਵਿਚ ਇਕ ਭੈਣ ਨੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। ਉਹ ਕਹਿੰਦੀ ਹੈ: “ਮੇਰਾ ਪ੍ਰਚਾਰ ਕਰਨ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ, ਪਰ ਇਕ ਬਜ਼ੁਰਗ ਨੇ ਮੈਨੂੰ ਆਪਣੇ ਨਾਲ ਪ੍ਰਚਾਰ ਕਰਨ ਲਈ ਕਿਹਾ। ਸੋ ਮੈਂ ਉਸ ਨਾਲ ਪ੍ਰਚਾਰ ਕੀਤਾ। ਯਹੋਵਾਹ ਜ਼ਰੂਰ ਇਸ ਤਰ੍ਹਾਂ ਮੇਰੀ ਮਦਦ ਕਰ ਰਿਹਾ ਸੀ ਕਿਉਂਕਿ ਜਦੋਂ ਵੀ ਮੈਂ ਪ੍ਰਚਾਰ ਕਰਦੀ ਸੀ, ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਸੀ।” (ਕਹਾ. 16:20) ਜਦ ਅਸੀਂ ਯਹੋਵਾਹ ’ਤੇ ਨਿਹਚਾ ਕਰਨ ਵਿਚ ਦੂਜਿਆਂ ਦੀ ਮਦਦ ਕਰਦੇ ਹਾਂ, ਤਾਂ ਸਾਡੀ ਆਪਣੀ ਨਿਹਚਾ ਹੋਰ ਮਜ਼ਬੂਤ ਹੁੰਦੀ ਹੈ। ਇਸ ਤਰ੍ਹਾਂ ਅਸੀਂ ਆਪਣੀਆਂ ਮੁਸ਼ਕਲਾਂ ਬਾਰੇ ਸੋਚਣ ਦੀ ਬਜਾਇ ਜ਼ਿਆਦਾ ਜ਼ਰੂਰੀ ਗੱਲਾਂ ਬਾਰੇ ਸੋਚਦੇ ਹਾਂ।—ਫ਼ਿਲਿ. 1:10, 11.

21. ਮੁਸ਼ਕਲਾਂ ਦੌਰਾਨ ਅਸੀਂ ਕੀ ਭਰੋਸਾ ਰੱਖ ਸਕਦੇ ਹਾਂ?

21 ਯਹੋਵਾਹ ਨੇ ਅੱਜ ਦੀਆਂ ਮੁਸ਼ਕਲਾਂ ਦਾ ਹਿੰਮਤ ਨਾਲ ਸਾਮ੍ਹਣਾ ਕਰਨ ਲਈ ਸਾਡੀ ਬਹੁਤ ਮਦਦ ਕੀਤੀ ਹੈ। ਜੇ ਅਸੀਂ ਇਨ੍ਹਾਂ ਸਾਰੇ ਪ੍ਰਬੰਧਾਂ ਦਾ ਫ਼ਾਇਦਾ ਲਈਏ ਅਤੇ ਪਰਮੇਸ਼ੁਰ ਦੇ ਦਲੇਰ ਸੇਵਕਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਵਾਂਗੇ। ਸਾਨੂੰ ਪਤਾ ਨਹੀਂ ਕਿ ਇਸ ਦੁਨੀਆਂ ਦੇ ਅੰਤ ਦੇ ਸਮੇਂ ਵਿਚ ਸਾਨੂੰ ਹੋਰ ਕਿੰਨੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ, ਪਰ ਅਸੀਂ ਪੌਲੁਸ ਵਾਂਗ ਭਰੋਸਾ ਰੱਖ ਸਕਦੇ ਹਾਂ ਜਿਸ ਨੇ ਕਿਹਾ: “ਸਾਨੂੰ ਡੇਗਿਆ ਤਾਂ ਜਾਂਦਾ ਹੈ, ਪਰ ਅਸੀਂ ਨਾਸ਼ ਨਹੀਂ ਹੁੰਦੇ। . . . ਅਸੀਂ ਹਾਰ ਨਹੀਂ ਮੰਨਦੇ।” (2 ਕੁਰਿੰ. 4:9, 16) ਯਹੋਵਾਹ ਦੀ ਮਦਦ ਨਾਲ ਅਸੀਂ ਹਿੰਮਤ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਜ਼ਰੂਰ ਕਰ ਸਕਦੇ ਹਾਂ।—2 ਕੁਰਿੰਥੀਆਂ 4:17, 18 ਪੜ੍ਹੋ।

[ਫੁਟਨੋਟ]

^ ਪੈਰਾ 8 ਕੁਝ ਨਾਂ ਬਦਲੇ ਗਏ ਹਨ।

[ਸਵਾਲ]

[ਸਫ਼ਾ 10 ਉੱਤੇ ਤਸਵੀਰ]

ਜਦ ਤੁਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋ, ਤਾਂ ਯਹੋਵਾਹ ਵੱਲੋਂ ਕੀਤੇ ਪ੍ਰਬੰਧਾਂ ਦਾ ਫ਼ਾਇਦਾ ਉਠਾਓ