Skip to content

Skip to table of contents

ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ

ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ

ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ

“ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।”—ਕੁਲੁ. 3:13.

ਤੁਸੀਂ ਕੀ ਜਵਾਬ ਦਿਓਗੇ?

ਸਾਨੂੰ ਦੂਜਿਆਂ ਨੂੰ ਮਾਫ਼ ਕਿਉਂ ਕਰਨਾ ਚਾਹੀਦਾ ਹੈ?

ਯਿਸੂ ਨੇ ਕਿਹੜੀ ਕਹਾਣੀ ਦੱਸ ਕੇ ਦਿਖਾਇਆ ਕਿ ਸਾਨੂੰ ਮਾਫ਼ ਕਰਨ ਦੀ ਲੋੜ ਹੈ?

ਦੂਜਿਆਂ ਨੂੰ ਦਿਲੋਂ ਮਾਫ਼ ਕਰਨ ਦੇ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?

1, 2. ਤੁਹਾਨੂੰ ਇਸ ਗੱਲ ’ਤੇ ਸੋਚ-ਵਿਚਾਰ ਕਿਉਂ ਕਰਨਾ ਚਾਹੀਦਾ ਹੈ ਕਿ ਤੁਸੀਂ ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਹੋ ਜਾਂ ਨਹੀਂ?

ਬਾਈਬਲ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਪਾਪ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ ਤੇ ਜਦੋਂ ਅਸੀਂ ਪਾਪ ਕਰਦੇ ਹਾਂ, ਤਾਂ ਯਹੋਵਾਹ ਕੀ ਕਰਦਾ ਹੈ। ਬਾਈਬਲ ਇਹ ਵੀ ਦੱਸਦੀ ਹੈ ਕਿ ਯਹੋਵਾਹ ਮਾਫ਼ ਕਰਨ ਲਈ ਤਿਆਰ ਹੈ। ਪਿਛਲੇ ਲੇਖ ਵਿਚ ਅਸੀਂ ਦਾਊਦ ਤੇ ਮਨੱਸ਼ਹ ਬਾਰੇ ਦੇਖਿਆ ਸੀ ਕਿ ਯਹੋਵਾਹ ਨੇ ਉਨ੍ਹਾਂ ਨੂੰ ਕਿਉਂ ਮਾਫ਼ ਕੀਤਾ ਸੀ। ਉਨ੍ਹਾਂ ਨੇ ਆਪਣੇ ਪਾਪ ਕਬੂਲ ਕੀਤੇ, ਉਨ੍ਹਾਂ ਤੋਂ ਤੋਬਾ ਕੀਤੀ ਤੇ ਦੁਬਾਰਾ ਪਾਪ ਨਾ ਕਰਨ ਦਾ ਪੱਕਾ ਇਰਾਦਾ ਕੀਤਾ। ਇਸ ਕਰਕੇ ਪਰਮੇਸ਼ੁਰ ਨੇ ਉਨ੍ਹਾਂ ’ਤੇ ਮਿਹਰ ਕੀਤੀ।

2 ਆਓ ਹੁਣ ਆਪਾਂ ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਰਹਿਣ ਬਾਰੇ ਦੇਖੀਏ। ਤੁਹਾਨੂੰ ਕਿੱਦਾਂ ਲੱਗਦਾ ਜੇ ਮਨੱਸ਼ਹ ਦੇ ਗ਼ਲਤ ਕੰਮਾਂ ਕਰਕੇ ਤੁਹਾਡੇ ਆਪਣੇ ਕਿਸੇ ਰਿਸ਼ਤੇਦਾਰ ਦੀ ਮੌਤ ਹੋਈ ਹੁੰਦੀ? ਕੀ ਤੁਸੀਂ ਮਨੱਸ਼ਹ ਨੂੰ ਮਾਫ਼ ਕਰ ਦਿੰਦੇ? ਅੱਜ ਸਾਡੇ ਲਈ ਆਪਣੇ ਤੋਂ ਇਹ ਸਵਾਲ ਪੁੱਛਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਦੁਸ਼ਟ, ਹਿੰਸਕ ਤੇ ਸੁਆਰਥੀ ਸੰਸਾਰ ਵਿਚ ਰਹਿੰਦਿਆਂ ਸਾਡੇ ਨਾਲ ਕੁਝ ਵੀ ਹੋ ਸਕਦਾ ਹੈ। ਸਾਨੂੰ ਦੂਜਿਆਂ ਨੂੰ ਕਿਉਂ ਮਾਫ਼ ਕਰਨਾ ਚਾਹੀਦਾ ਹੈ? ਜੇ ਕੋਈ ਤੁਹਾਡੇ ਨਾਲ ਬੁਰਾ ਸਲੂਕ ਕਰਦਾ ਹੈ, ਤਾਂ ਕਿਹੜੀ ਚੀਜ਼ ਤੁਹਾਨੂੰ ਆਪਣੇ ਆਪ ’ਤੇ ਕਾਬੂ ਪਾਉਣ ਵਿਚ ਮਦਦ ਕਰ ਸਕਦੀ ਹੈ? ਜਿੱਦਾਂ ਯਹੋਵਾਹ ਚਾਹੁੰਦਾ ਹੈ ਤੁਸੀਂ ਉੱਦਾਂ ਕਿਵੇਂ ਪੇਸ਼ ਆ ਸਕਦੇ ਹੋ ਅਤੇ ਦੂਜਿਆਂ ਨੂੰ ਦਿਲੋਂ ਕਿਵੇਂ ਮਾਫ਼ ਕਰ ਸਕਦੇ ਹੋ?

ਸਾਨੂੰ ਮਾਫ਼ ਕਰਨ ਦੀ ਕਿਉਂ ਲੋੜ ਹੈ

3-5. (ੳ) ਯਿਸੂ ਨੇ ਦੂਜਿਆਂ ਨੂੰ ਮਾਫ਼ ਕਰਨ ਬਾਰੇ ਕਿਹੜੀ ਕਹਾਣੀ ਸੁਣਾਈ ਸੀ? (ਅ) ਮੱਤੀ 18:21-35 ਵਿਚ ਯਿਸੂ ਨੇ ਕਿਹੜਾ ਸਬਕ ਸਿਖਾਇਆ ਸੀ?

3 ਸਾਨੂੰ ਉਨ੍ਹਾਂ ਨੂੰ ਮਾਫ਼ ਕਰਨਾ ਚਾਹੀਦਾ ਹੈ ਜੋ ਸਾਨੂੰ ਠੇਸ ਪਹੁੰਚਾਉਂਦੇ ਹਨ ਭਾਵੇਂ ਉਹ ਮੰਡਲੀ ਦੇ ਭੈਣ-ਭਰਾ ਹੋਣ ਜਾਂ ਨਾ। ਇਸ ਤਰ੍ਹਾਂ ਕਰਨ ਨਾਲ ਯਹੋਵਾਹ, ਪਰਿਵਾਰ ਦੇ ਮੈਂਬਰਾਂ, ਦੋਸਤਾਂ-ਮਿੱਤਰਾਂ ਤੇ ਹੋਰਨਾਂ ਨਾਲ ਸ਼ਾਂਤੀ ਬਣੀ ਰਹਿੰਦੀ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਮਾਫ਼ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਭਾਵੇਂ ਜਿੰਨੀ ਵਾਰ ਵੀ ਕੋਈ ਗ਼ਲਤੀ ਕਰੇ। ਯਿਸੂ ਨੇ ਇਕ ਨੌਕਰ ਦੀ ਕਹਾਣੀ ਸੁਣਾਈ ਜਿਸ ਨੇ ਆਪਣੇ ਮਾਲਕ ਤੋਂ ਬਹੁਤ ਸਾਰੇ ਪੈਸੇ ਉਧਾਰ ਲਏ ਹੋਏ ਸਨ। ਇਹ ਕਹਾਣੀ ਸਾਡੀ ਇਹ ਦੇਖਣ ਵਿਚ ਮਦਦ ਕਰਦੀ ਹੈ ਕਿ ਸਾਨੂੰ ਦੂਜਿਆਂ ਨੂੰ ਕਿਉਂ ਮਾਫ਼ ਕਰਨਾ ਚਾਹੀਦਾ ਹੈ।

4 ਇਸ ਨੌਕਰ ਨੇ ਆਪਣੇ ਮਾਲਕ ਤੋਂ 6 ਕਰੋੜ ਦੀਨਾਰ ਉਧਾਰ ਲਏ ਹੋਏ ਸਨ। ਇਕ ਦੀਨਾਰ ਇਕ ਦਿਨ ਦੀ ਮਜ਼ਦੂਰੀ ਹੁੰਦੀ ਸੀ। ਇਸ ਦਾ ਮਤਲਬ ਹੈ ਕਿ ਇੰਨਾ ਸਾਰਾ ਕਰਜ਼ਾ ਮੋੜਨ ਲਈ ਉਸ ਨੂੰ 6 ਕਰੋੜ ਦਿਨ ਕੰਮ ਕਰਨਾ ਪੈਣਾ ਸੀ। ਫਿਰ ਵੀ ਮਾਲਕ ਨੇ ਉਸ ਨੌਕਰ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ। ਇਸ ਤੋਂ ਬਾਅਦ ਇਹ ਨੌਕਰ ਇਕ ਹੋਰ ਨੌਕਰ ਕੋਲ ਗਿਆ ਜਿਸ ਨੂੰ ਇਸ ਨੇ 100 ਦੀਨਾਰ ਉਧਾਰ ਦਿੱਤੇ ਹੋਏ ਸਨ। ਉਸ ਨੌਕਰ ਨੇ ਬਹੁਤ ਮਿੰਨਤਾਂ-ਤਰਲੇ ਕੀਤੇ। ਪਰ ਜਿਸ ਨੌਕਰ ਦਾ ਬਹੁਤ ਕਰਜ਼ਾ ਮਾਫ਼ ਕੀਤਾ ਗਿਆ ਸੀ ਉਸ ਨੇ ਆਪਣੇ ਨਾਲ ਦੇ ਨੌਕਰ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਇਹ ਸੁਣ ਕੇ ਮਾਲਕ ਨੂੰ ਬਹੁਤ ਗੁੱਸਾ ਚੜ੍ਹਿਆ। ਮਾਲਕ ਨੇ ਪੁੱਛਿਆ: “ਕੀ ਤੇਰਾ ਫ਼ਰਜ਼ ਨਹੀਂ ਸੀ ਬਣਦਾ ਕਿ ਜਿਵੇਂ ਮੈਂ ਤੇਰੇ ’ਤੇ ਦਇਆ ਕੀਤੀ ਸੀ, ਤੂੰ ਵੀ ਆਪਣੇ ਸਾਥੀ ਉੱਤੇ ਦਇਆ ਕਰਦਾ?” ਇਸ ਲਈ “ਰਾਜੇ ਨੇ ਕ੍ਰੋਧ ਵਿਚ ਆ ਕੇ ਉਸ ਨੂੰ ਉੱਨੇ ਚਿਰ ਲਈ ਜੇਲ੍ਹਰਾਂ ਦੇ ਹਵਾਲੇ ਕਰ ਦਿੱਤਾ ਜਿੰਨਾ ਚਿਰ ਉਹ ਇਕ-ਇਕ ਪੈਸਾ ਨਹੀਂ ਮੋੜ ਦਿੰਦਾ।”—ਮੱਤੀ 18:21-34.

5 ਯਿਸੂ ਨੇ ਇਸ ਕਹਾਣੀ ਤੋਂ ਕਿਹੜਾ ਸਬਕ ਸਿਖਾਇਆ? ਉਸ ਨੇ ਕਿਹਾ: “ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਪੇਸ਼ ਆਵੇਗਾ ਜੇ ਤੁਸੀਂ ਆਪਣੇ ਭਰਾ ਨੂੰ ਦਿਲੋਂ ਮਾਫ਼ ਨਹੀਂ ਕਰਦੇ।” (ਮੱਤੀ 18:35) ਯਿਸੂ ਦੀ ਗੱਲ ਸਾਫ਼ ਸੀ। ਅਸੀਂ ਪਾਪੀ ਹਾਂ ਤੇ ਹਮੇਸ਼ਾ ਗ਼ਲਤੀਆਂ ਕਰਦੇ ਹਾਂ। ਅਸੀਂ ਪੂਰੀ ਤਰ੍ਹਾਂ ਯਹੋਵਾਹ ਦੇ ਹੁਕਮਾਂ ’ਤੇ ਨਹੀਂ ਚੱਲ ਸਕਦੇ। ਫਿਰ ਵੀ ਉਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ ਤੇ ਉਹ ਸਾਡੇ ਪਾਪ ਇੱਦਾਂ ਮਾਫ਼ ਕਰਦਾ ਹੈ ਜਿਵੇਂ ਸਲੇਟ ਤੋਂ ਲਿਖਾਈ ਪੂਰੀ ਤਰ੍ਹਾਂ ਮਿਟਾ ਦਿੱਤੀ ਜਾਵੇ। ਇਸ ਲਈ ਜੇ ਕੋਈ ਯਹੋਵਾਹ ਨਾਲ ਦੋਸਤੀ ਕਰਨੀ ਚਾਹੁੰਦਾ ਹੈ, ਤਾਂ ਉਸ ਨੂੰ ਦੂਜਿਆਂ ਦੀਆਂ ਗ਼ਲਤੀਆਂ ਨੂੰ ਮਾਫ਼ ਕਰਨਾ ਪਵੇਗਾ। ਯਿਸੂ ਨੇ ਕਿਹਾ ਸੀ: “ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਕਰੋਗੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਕਰੇਗਾ; ਪਰ ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਨਹੀਂ ਕਰਦੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਨਹੀਂ ਕਰੇਗਾ।”—ਮੱਤੀ 6:14, 15.

6. ਮਾਫ਼ ਕਰਨਾ ਹਮੇਸ਼ਾ ਸੌਖਾ ਕਿਉਂ ਨਹੀਂ ਹੁੰਦਾ?

6 ਤੁਸੀਂ ਸ਼ਾਇਦ ਕਹੋ: ‘ਇਹ ਕਹਿਣ ਨੂੰ ਤਾਂ ਸੌਖਾ ਹੈ, ਪਰ ਕਰਨਾ ਬਹੁਤ ਔਖਾ ਹੈ।’ ਜਦ ਕੋਈ ਸਾਡੇ ਖ਼ਿਲਾਫ਼ ਪਾਪ ਕਰਦਾ ਹੈ, ਤਾਂ ਸਾਨੂੰ ਆਪਣੇ ਜਜ਼ਬਾਤਾਂ ’ਤੇ ਕਾਬੂ ਰੱਖਣਾ ਔਖਾ ਲੱਗਦਾ ਹੈ। ਅਸੀਂ ਸ਼ਾਇਦ ਗੁੱਸੇ ਹੋਈਏ, ਸਾਨੂੰ ਲੱਗੇ ਕਿ ਸਾਡੇ ਨਾਲ ਧੋਖਾ ਹੋਇਆ ਹੈ, ਅਸੀਂ ਇਨਸਾਫ਼ ਮੰਗੀਏ ਜਾਂ ਬਦਲਾ ਲੈਣਾ ਚਾਹੀਏ। ਦਰਅਸਲ ਅਸੀਂ ਸ਼ਾਇਦ ਸੋਚੀਏ ਕਿ ਅਸੀਂ ਪਾਪ ਕਰਨ ਵਾਲੇ ਨੂੰ ਕਦੇ ਵੀ ਮਾਫ਼ ਨਹੀਂ ਕਰ ਸਕਾਂਗੇ। ਜੇ ਤੁਹਾਨੂੰ ਇੱਦਾਂ ਲੱਗਦਾ ਹੈ, ਤਾਂ ਤੁਹਾਨੂੰ ਕੀ ਕਰਨ ਦੀ ਲੋੜ ਹੈ?

ਆਪਣੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ

7, 8. ਜੇ ਦੂਜਿਆਂ ਨੇ ਤੁਹਾਨੂੰ ਠੇਸ ਪਹੁੰਚਾਈ ਹੈ, ਤਾਂ ਕਿਹੜੀ ਗੱਲ ਤੁਹਾਨੂੰ ਮਾਫ਼ ਕਰਨ ਲਈ ਤਿਆਰ ਕਰ ਸਕਦੀ ਹੈ?

7 ਜਦੋਂ ਸਾਡੇ ਨਾਲ ਕੋਈ ਬੁਰਾ ਸਲੂਕ ਕਰਦਾ ਹੈ ਜਾਂ ਅਸੀਂ ਸੋਚਦੇ ਹਾਂ ਕਿ ਸਾਡੇ ਨਾਲ ਬੁਰਾ ਹੋਇਆ ਹੈ, ਤਾਂ ਸਾਨੂੰ ਬਹੁਤ ਗੁੱਸਾ ਆਉਂਦਾ ਹੈ। ਗੌਰ ਕਰੋ ਕਿ ਇਕ ਨੌਜਵਾਨ ਨੇ ਗੁੱਸੇ ਵਿਚ ਆ ਕੇ ਕੀ ਕੀਤਾ: “ਇਕ ਵਾਰ ਗੁੱਸੇ ਵਿਚ ਮੈਂ ਇਹ ਸਹੁੰ ਖਾ ਕੇ ਆਪਣੇ ਘਰੋਂ ਚਲਾ ਗਿਆ ਕਿ ਮੈਂ ਕਦੀ ਘਰ ਵਾਪਸ ਨਹੀਂ ਆਵਾਂਗਾ। ਉਹ ਗਰਮੀਆਂ ਦਾ ਦਿਨ ਸੀ ਤੇ ਮੈਂ ਦੂਰ ਤਕ ਤੁਰਦਾ ਗਿਆ। ਆਲੇ-ਦੁਆਲੇ ਦਾ ਨਜ਼ਾਰਾ ਦੇਖ ਕੇ ਮੇਰਾ ਗੁੱਸਾ ਹੌਲੀ-ਹੌਲੀ ਠੰਢਾ ਹੋ ਗਿਆ ਤੇ ਕੁਝ ਘੰਟਿਆਂ ਬਾਅਦ ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਮੈਂ ਘਰ ਵਾਪਸ ਆ ਗਿਆ।” ਇਸ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਜੇ ਅਸੀਂ ਆਪਣੇ ਆਪ ਨੂੰ ਸ਼ਾਂਤ ਹੋਣ ਦਾ ਸਮਾਂ ਦੇਈਏ, ਤਾਂ ਅਸੀਂ ਠੰਢੇ ਦਿਮਾਗ਼ ਨਾਲ ਸੋਚ ਸਕਾਂਗੇ। ਇਸ ਤਰ੍ਹਾਂ ਕਰਨ ਕਰਕੇ ਅਸੀਂ ਕੁਝ ਅਜਿਹਾ ਨਹੀਂ ਕਹਾਂਗੇ ਜਿਸ ਕਰਕੇ ਸਾਨੂੰ ਬਾਅਦ ਵਿਚ ਪਛਤਾਉਣਾ ਪਵੇ।—ਜ਼ਬੂ. 4:4; ਕਹਾ. 14:29; ਯਾਕੂ. 1:19, 20.

8 ਉਦੋਂ ਕੀ ਜੇ ਸਾਡਾ ਗੁੱਸਾ ਠੰਢਾ ਨਹੀਂ ਹੁੰਦਾ? ਸੋਚੋ ਕਿ ਤੁਸੀਂ ਕਿਉਂ ਗੁੱਸੇ ਹੋ। ਕੀ ਇਸ ਕਰਕੇ ਕਿ ਤੁਹਾਡੇ ਨਾਲ ਕਿਸੇ ਨੇ ਮਾੜਾ ਕੀਤਾ ਹੈ ਜਾਂ ਕੋਈ ਤੁਹਾਡੇ ਨਾਲ ਬਦਤਮੀਜ਼ੀ ਨਾਲ ਪੇਸ਼ ਆਇਆ ਹੈ? ਜਾਂ ਇਸ ਕਰਕੇ ਕਿ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੇ ਜਾਣ-ਬੁੱਝ ਕੇ ਤੁਹਾਨੂੰ ਦੁੱਖ ਪਹੁੰਚਾਇਆ ਹੈ? ਕੀ ਉਸ ਨੇ ਜੋ ਕੀਤਾ ਉਹ ਸੱਚ-ਮੁੱਚ ਬੁਰਾ ਸੀ? ਜੇ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਤੁਸੀਂ ਕਿਉਂ ਗੁੱਸੇ ਹੋ, ਤਾਂ ਤੁਸੀਂ ਦੇਖ ਸਕੋਗੇ ਕਿ ਬਾਈਬਲ ਦੇ ਕਿਹੜੇ ਅਸੂਲ ਸਹੀ ਨਜ਼ਰੀਆ ਰੱਖਣ ਵਿਚ ਤੁਹਾਡੀ ਮਦਦ ਕਰਨਗੇ। (ਕਹਾਉਤਾਂ 15:28; 17:27 ਪੜ੍ਹੋ।) ਇਸ ਤਰ੍ਹਾਂ ਸੋਚ-ਵਿਚਾਰ ਕਰਨ ਨਾਲ ਤੁਸੀਂ ਸ਼ਾਇਦ ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਹੋਵੋ। ਭਾਵੇਂ ਇਸ ਤਰ੍ਹਾਂ ਕਰਨਾ ਸ਼ਾਇਦ ਮੁਸ਼ਕਲ ਹੋਵੇ, ਪਰ ਪਰਮੇਸ਼ੁਰ ਦੇ ਬਚਨ ਨਾਲ ਆਪਣੇ “ਮਨ ਦੀਆਂ ਸੋਚਾਂ ਅਤੇ ਇਰਾਦਿਆਂ” ਦੀ ਜਾਂਚ ਕਰ ਕੇ ਅਸੀਂ ਯਹੋਵਾਹ ਵਾਂਗ ਦੂਜਿਆਂ ਨੂੰ ਮਾਫ਼ ਕਰਨਾ ਸਿੱਖਦੇ ਹਾਂ।—ਇਬ. 4:12.

ਜਲਦੀ ਗੁੱਸੇ ਵਿਚ ਨਾ ਆਓ

9, 10. (ੳ) ਤੁਸੀਂ ਸ਼ਾਇਦ ਕੀ ਕਰੋ ਜਦੋਂ ਕੋਈ ਤੁਹਾਨੂੰ ਗੁੱਸਾ ਚੜ੍ਹਾਵੇ? (ਅ) ਦੂਜਿਆਂ ਨੂੰ ਦਿਲੋਂ ਮਾਫ਼ ਕਰਨ ਨਾਲ ਤੁਸੀਂ ਕਿੱਦਾਂ ਮਹਿਸੂਸ ਕਰੋਗੇ?

9 ਬਹੁਤ ਸਾਰੀਆਂ ਗੱਲਾਂ ਕਰਕੇ ਇਕ ਇਨਸਾਨ ਗੁੱਸੇ ਹੋ ਸਕਦਾ ਹੈ। ਮਿਸਾਲ ਲਈ, ਜੇ ਤੁਸੀਂ ਕਾਰ ਚਲਾ ਰਹੇ ਹੋ ਤੇ ਕੋਈ ਕਾਰ ਤੁਹਾਡੀ ਕਾਰ ਦੇ ਬਹੁਤ ਨੇੜਿਓਂ ਹੋ ਕੇ ਲੰਘਦੀ ਹੈ, ਤਾਂ ਤੁਸੀਂ ਕੀ ਕਰੋਗੇ? ਕਈ ਲੋਕ ਸ਼ਾਇਦ ਇੰਨੇ ਗੁੱਸੇ ਹੋ ਜਾਣ ਕਿ ਉਹ ਉਸ ਕਾਰ ਦੇ ਡ੍ਰਾਈਵਰ ਨੂੰ ਕੁੱਟਣ ਲੱਗ ਪੈਣ। ਪਰ ਮਸੀਹੀ ਹੋਣ ਦੇ ਨਾਤੇ ਤੁਸੀਂ ਇੱਦਾਂ ਬਿਲਕੁਲ ਨਹੀਂ ਕਰੋਗੇ।

10 ਕਿੰਨਾ ਚੰਗਾ ਹੋਵੇਗਾ ਕਿ ਅਸੀਂ ਕੁਝ ਕਰਨ ਤੋਂ ਪਹਿਲਾਂ ਸੋਚੀਏ। ਜ਼ਰਾ ਸੋਚੋ: ਇਸ ਵਿਚ ਸ਼ਾਇਦ ਤੁਹਾਡਾ ਵੀ ਥੋੜ੍ਹਾ ਕਸੂਰ ਹੋਵੇ। ਸ਼ਾਇਦ ਤੁਹਾਡਾ ਧਿਆਨ ਭਟਕ ਗਿਆ ਹੋਵੇ। ਸ਼ਾਇਦ ਦੂਸਰੀ ਕਾਰ ਵਿਚ ਕੋਈ ਖ਼ਰਾਬੀ ਆ ਗਈ ਹੋਵੇ। ਜੇ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਗ਼ਲਤੀ ਕਿਉਂ ਹੋਈ, ਤਾਂ ਅਸੀਂ ਦੂਜਿਆਂ ਦੀਆਂ ਗ਼ਲਤੀਆਂ ’ਤੇ ਝੱਟ ਗੁੱਸਾ ਨਹੀਂ ਕਰਾਂਗੇ। ਨਾਲੇ ਜੇ ਅਸੀਂ ਇਹ ਵੀ ਸੋਚੀਏ ਕਿ ਸਾਨੂੰ ਗ਼ਲਤੀ ਦੇ ਸਾਰੇ ਕਾਰਨਾਂ ਬਾਰੇ ਵੀ ਨਹੀਂ ਪਤਾ, ਤਾਂ ਅਸੀਂ ਮਾਫ਼ ਕਰਨ ਲਈ ਤਿਆਰ ਹੋਵਾਂਗੇ। ਉਪਦੇਸ਼ਕ ਦੀ ਪੋਥੀ 7:9 ਵਿਚ ਲਿਖਿਆ ਹੈ: “ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ, ਕਿਉਂ ਜੋ ਖਿਝ ਮੂਰਖਾਂ ਦੇ ਹਿਰਦੇ ਵਿੱਚ ਰਹਿੰਦੀ ਹੈ।” ਜਲਦੀ ਗੁੱਸੇ ਵਿਚ ਨਾ ਆਓ। ਕਈ ਵਾਰ ਅਸੀਂ ਸ਼ਾਇਦ ਸੋਚੀਏ ਕਿ ਕਿਸੇ ਨੇ ਜਾਣ-ਬੁੱਝ ਕੇ ਸਾਨੂੰ ਠੇਸ ਪਹੁੰਚਾਈ ਹੈ। ਪਰ ਨਾਮੁਕੰਮਲ ਹੋਣ ਕਰਕੇ ਸ਼ਾਇਦ ਉਸ ਕੋਲੋਂ ਗ਼ਲਤੀ ਹੋ ਗਈ ਹੋਵੇ ਜਾਂ ਸ਼ਾਇਦ ਸਾਨੂੰ ਕੋਈ ਗ਼ਲਤਫ਼ਹਿਮੀ ਹੋਈ ਹੋਵੇ। ਉਸ ਇਨਸਾਨ ਨੂੰ ਮਾਫ਼ ਕਰ ਕੇ ਉਸ ਲਈ ਆਪਣੇ ਪਿਆਰ ਦਾ ਸਬੂਤ ਦਿਓ। ਇੱਦਾਂ ਕਰਨ ਨਾਲ ਤੁਹਾਨੂੰ ਖ਼ੁਸ਼ੀ ਮਿਲੇਗੀ।—1 ਪਤਰਸ 4:8 ਪੜ੍ਹੋ।

‘ਤੁਹਾਡੀ ਸ਼ਾਂਤੀ ਤੁਹਾਡੇ ਕੋਲ ਮੁੜ ਆ ਜਾਵੇ’

11. ਪ੍ਰਚਾਰ ਵਿਚ ਲੋਕ ਭਾਵੇਂ ਸਾਡੇ ਨਾਲ ਜਿਵੇਂ ਮਰਜ਼ੀ ਪੇਸ਼ ਆਉਣ, ਪਰ ਸਾਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

11 ਤੁਸੀਂ ਉਦੋਂ ਕਿੱਦਾਂ ਸੰਜਮ ਰੱਖ ਸਕਦੇ ਹੋ ਜਦੋਂ ਪ੍ਰਚਾਰ ਵਿਚ ਕੋਈ ਤੁਹਾਡੇ ਨਾਲ ਰੁੱਖਾ ਬੋਲਦਾ ਹੈ? ਜਦੋਂ ਯਿਸੂ ਨੇ 70 ਜਣਿਆਂ ਨੂੰ ਪ੍ਰਚਾਰ ਕਰਨ ਲਈ ਭੇਜਿਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “‘ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ।’ ਅਤੇ ਜੇ ਉਸ ਘਰ ਵਿਚ ਕੋਈ ਸ਼ਾਂਤੀ ਚਾਹੁਣ ਵਾਲਾ ਹੈ, ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਰਹੇਗੀ; ਪਰ ਜੇ ਨਹੀਂ ਹੈ, ਤਾਂ ਤੁਹਾਡੀ ਸ਼ਾਂਤੀ ਤੁਹਾਡੇ ਕੋਲ ਹੀ ਰਹੇਗੀ।” (ਲੂਕਾ 10:1, 5, 6) ਜਦੋਂ ਲੋਕ ਸਾਡੀ ਗੱਲ ਸੁਣਦੇ ਹਨ, ਤਾਂ ਅਸੀਂ ਖ਼ੁਸ਼ ਹੁੰਦੇ ਹਾਂ ਕਿਉਂਕਿ ਸਾਡੇ ਸੰਦੇਸ਼ ਤੋਂ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ। ਪਰ ਕਈ ਵਾਰ ਲੋਕ ਸਾਡੀ ਗੱਲ ਨਹੀਂ ਸੁਣਦੇ ਤੇ ਗੁੱਸੇ ਹੁੰਦੇ ਹਨ। ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ? ਯਿਸੂ ਨੇ ਕਿਹਾ ਸੀ ਕਿ ਸਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ। ਲੋਕ ਭਾਵੇਂ ਸਾਡੇ ਨਾਲ ਜਿਵੇਂ ਮਰਜ਼ੀ ਪੇਸ਼ ਆਉਣ, ਪਰ ਹਰ ਘਰ ਪ੍ਰਚਾਰ ਕਰਨ ਤੋਂ ਬਾਅਦ ਸਾਡਾ ਮਨ ਸ਼ਾਂਤ ਹੋਣਾ ਚਾਹੀਦਾ ਹੈ। ਜੇ ਅਸੀਂ ਗੁੱਸੇ ਹੋ ਜਾਂਦੇ ਹਾਂ ਕਿ ਕਿਸੇ ਨੇ ਸਾਨੂੰ ਬੁਰਾ-ਭਲਾ ਕਿਹਾ, ਤਾਂ ਸਾਡੇ ਮਨ ਦੀ ਸ਼ਾਂਤੀ ਭੰਗ ਹੋ ਸਕਦੀ ਹੈ।

12. ਅਫ਼ਸੀਆਂ 4:31, 32 ਵਿਚ ਪੌਲੁਸ ਦੇ ਸ਼ਬਦਾਂ ’ਤੇ ਅਸੀਂ ਕਿਵੇਂ ਚੱਲ ਸਕਦੇ ਹਾਂ?

12 ਸਿਰਫ਼ ਪ੍ਰਚਾਰ ਵਿਚ ਹੀ ਨਹੀਂ, ਸਗੋਂ ਹਰ ਹਾਲਾਤ ਵਿਚ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰੋ। ਦੂਜਿਆਂ ਨੂੰ ਮਾਫ਼ ਕਰ ਕੇ ਅਸੀਂ ਇਹ ਨਹੀਂ ਦਿਖਾਉਂਦੇ ਕਿ ਅਸੀਂ ਉਨ੍ਹਾਂ ਦੇ ਗ਼ਲਤ ਵਿਵਹਾਰ ਨੂੰ ਸਹੀ ਮੰਨਦੇ ਹਾਂ ਜਾਂ ਇਹ ਨਹੀਂ ਦਿਖਾਉਂਦੇ ਕਿ ਉਨ੍ਹਾਂ ਦੇ ਵਿਵਹਾਰ ਤੋਂ ਕਿਸੇ ਨੂੰ ਕੋਈ ਦੁੱਖ ਨਹੀਂ ਪਹੁੰਚਿਆ ਹੈ। ਮਾਫ਼ ਕਰਨ ਦਾ ਮਤਲਬ ਹੈ ਕਿ ਅਸੀਂ ਦੂਜਿਆਂ ਦੇ ਗ਼ਲਤ ਕੰਮਾਂ ਕਰਕੇ ਆਪਣੇ ਮਨ ਵਿਚ ਗੁੱਸਾ ਨਾ ਰੱਖੀਏ ਤੇ ਆਪਣੇ ਮਨ ਦੀ ਸ਼ਾਂਤੀ ਬਣਾਈ ਰੱਖੀਏ। ਕੁਝ ਲੋਕ ਦੂਜਿਆਂ ਨੂੰ ਮਾਫ਼ ਨਹੀਂ ਕਰਦੇ, ਸਗੋਂ ਉਨ੍ਹਾਂ ਨੇ ਜੋ ਕੀਤਾ ਹੈ, ਉਸ ਬਾਰੇ ਸੋਚ-ਸੋਚ ਕੇ ਦੁਖੀ ਹੁੰਦੇ ਰਹਿੰਦੇ ਹਨ। ਇੱਦਾਂ ਦੀਆਂ ਸੋਚਾਂ ਨੂੰ ਆਪਣੇ ’ਤੇ ਹਾਵੀ ਨਾ ਹੋਣ ਦਿਓ। ਜੇ ਤੁਸੀਂ ਦੂਜਿਆਂ ਨਾਲ ਗੁੱਸੇ ਰਹਿੰਦੇ ਹੋ, ਤਾਂ ਤੁਸੀਂ ਖ਼ੁਸ਼ ਨਹੀਂ ਰਹਿ ਸਕਦੇ। ਇਸ ਲਈ ਮਾਫ਼ ਕਰਨ ਲਈ ਤਿਆਰ ਰਹੋ।—ਅਫ਼ਸੀਆਂ 4:31, 32 ਪੜ੍ਹੋ।

ਯਹੋਵਾਹ ਨੂੰ ਖ਼ੁਸ਼ ਕਰੋ

13. (ੳ) ਮਸੀਹੀ ਆਪਣੇ ਦੁਸ਼ਮਣ ਦੇ ਸਿਰ ’ਤੇ “ਬਲ਼ਦੇ ਕੋਲਿਆਂ ਦਾ ਢੇਰ” ਕਿਵੇਂ ਲਾ ਸਕਦਾ ਹੈ? (ਅ) ਜਦੋਂ ਅਸੀਂ ਉਸ ਇਨਸਾਨ ਨਾਲ ਨਰਮਾਈ ਨਾਲ ਪੇਸ਼ ਆਉਂਦੇ ਹਾਂ ਜਿਸ ਨੇ ਸਾਨੂੰ ਗੁੱਸੇ ਕੀਤਾ ਸੀ, ਤਾਂ ਸ਼ਾਇਦ ਕੀ ਹੋਵੇ?

13 ਤੁਸੀਂ ਉਨ੍ਹਾਂ ਲੋਕਾਂ ਦੀ ਬਾਈਬਲ ਬਾਰੇ ਸਿੱਖਣ ਵਿਚ ਮਦਦ ਕਰ ਸਕਦੇ ਹੋ ਜਿਹੜੇ ਤੁਹਾਡੇ ਨਾਲ ਬੁਰਾ ਸਲੂਕ ਕਰਦੇ ਹਨ। ਪੌਲੁਸ ਰਸੂਲ ਨੇ ਲਿਖਿਆ: “ਜੇ ਤੇਰਾ ਦੁਸ਼ਮਣ ਭੁੱਖਾ ਹੈ, ਤਾਂ ਉਸ ਨੂੰ ਖਾਣ ਲਈ ਕੁਝ ਦੇ; ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਪੀਣ ਲਈ ਕੁਝ ਦੇ; ਕਿਉਂਕਿ ਇਸ ਤਰ੍ਹਾਂ ਕਰ ਕੇ ਤੂੰ ਉਸ ਦੇ ਸਿਰ ਉੱਤੇ ਬਲ਼ਦੇ ਕੋਲਿਆਂ ਦਾ ਢੇਰ ਲਾਏਂਗਾ। ਬੁਰਾਈ ਤੋਂ ਹਾਰ ਨਾ ਮੰਨੋ, ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤੋ।” (ਰੋਮੀ. 12:20, 21) ਜਦੋਂ ਤੁਸੀਂ ਉਸ ਇਨਸਾਨ ਨਾਲ ਨਰਮਾਈ ਨਾਲ ਪੇਸ਼ ਆਉਂਦੇ ਹੋ ਜਿਸ ਨੇ ਤੁਹਾਨੂੰ ਗੁੱਸੇ ਕੀਤਾ ਸੀ, ਤਾਂ ਸ਼ਾਇਦ ਉਸ ਦਾ ਰਵੱਈਆ ਬਦਲ ਜਾਵੇ ਤੇ ਉਹ ਤੁਹਾਡੇ ਨਾਲ ਵਧੀਆ ਢੰਗ ਨਾਲ ਪੇਸ਼ ਆਵੇ। ਜੇ ਤੁਸੀਂ ਉਸ ਨਾਲ ਸਮਝ ਤੇ ਹਮਦਰਦੀ ਨਾਲ ਪੇਸ਼ ਆਉਂਦੇ ਹੋ, ਤਾਂ ਸ਼ਾਇਦ ਤੁਸੀਂ ਬਾਈਬਲ ਬਾਰੇ ਸਿੱਖਣ ਵਿਚ ਉਸ ਦੀ ਮਦਦ ਕਰ ਸਕੋ। ਉਹ ਚਾਹੇ ਜਿਵੇਂ ਮਰਜ਼ੀ ਪੇਸ਼ ਆਵੇ, ਪਰ ਤੁਹਾਡੇ ਚੰਗੇ ਸਲੂਕ ਨੂੰ ਦੇਖ ਕੇ ਉਹ ਸੋਚੇਗਾ ਕਿ ਤੁਸੀਂ ਬਾਕੀਆਂ ਤੋਂ ਵੱਖਰੇ ਹੋ।—1 ਪਤ. 2:12; 3:16.

14. ਭਾਵੇਂ ਇਕ ਇਨਸਾਨ ਨੇ ਜਿੰਨਾ ਮਰਜ਼ੀ ਤੁਹਾਡੇ ਨਾਲ ਬੁਰਾ ਕੀਤਾ ਹੋਵੇ, ਪਰ ਤੁਹਾਨੂੰ ਉਸ ਨੂੰ ਮਾਫ਼ ਕਿਉਂ ਕਰਨਾ ਚਾਹੀਦਾ ਹੈ?

14 ਕੁਝ ਹਾਲਾਤਾਂ ਵਿਚ ਕਈ ਲੋਕਾਂ ਨਾਲ ਦੋਸਤੀ ਰੱਖਣੀ ਸਹੀ ਨਹੀਂ ਹੈ। ਇਨ੍ਹਾਂ ਵਿਚ ਉਹ ਲੋਕ ਸ਼ਾਮਲ ਹਨ ਜੋ ਪਹਿਲਾਂ ਮਸੀਹੀ ਮੰਡਲੀ ਦਾ ਹਿੱਸਾ ਹੁੰਦੇ ਸਨ। ਪਰ ਉਨ੍ਹਾਂ ਨੇ ਪਾਪ ਕੀਤਾ ਅਤੇ ਤੋਬਾ ਨਾ ਕਰਨ ਕਰਕੇ ਉਨ੍ਹਾਂ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ। ਜੇ ਕਿਸੇ ਇਨਸਾਨ ਨੇ ਤੁਹਾਨੂੰ ਠੇਸ ਪਹੁੰਚਾਈ ਹੈ, ਤਾਂ ਸ਼ਾਇਦ ਤੁਹਾਡੇ ਲਈ ਉਸ ਨੂੰ ਮਾਫ਼ ਕਰਨਾ ਔਖਾ ਹੋਵੇ, ਭਾਵੇਂ ਉਸ ਨੇ ਤੋਬਾ ਕੀਤੀ ਹੈ। ਇਸ ਤਰ੍ਹਾਂ ਦੇ ਜ਼ਖ਼ਮਾਂ ਨੂੰ ਭਰਨ ਲਈ ਟਾਈਮ ਲੱਗਦਾ ਹੈ। ਇਨ੍ਹਾਂ ਹਾਲਾਤਾਂ ਵਿਚ ਤੁਹਾਨੂੰ ਯਹੋਵਾਹ ਨੂੰ ਲਗਾਤਾਰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਤੁਹਾਨੂੰ ਤੋਬਾ ਕਰਨ ਵਾਲੇ ਇਨਸਾਨ ਨੂੰ ਮਾਫ਼ ਕਰਨ ਦੀ ਤਾਕਤ ਦੇਵੇ। ਅਸੀਂ ਨਹੀਂ ਜਾਣਦੇ ਕਿ ਕਿਸੇ ਇਨਸਾਨ ਦੇ ਦਿਲ ਵਿਚ ਕੀ ਹੈ, ਪਰ ਯਹੋਵਾਹ ਜਾਣਦਾ ਹੈ। ਉਹ ਇਨਸਾਨ ਦੇ ਸੋਚਾਂ-ਵਿਚਾਰਾਂ ਨੂੰ ਜਾਣਦਾ ਹੈ ਤੇ ਗ਼ਲਤੀ ਕਰਨ ਵਾਲੇ ਨਾਲ ਧੀਰਜ ਰੱਖਦਾ ਹੈ। (ਜ਼ਬੂ. 7:9; ਕਹਾ. 17:3) ਬਾਈਬਲ ਕਹਿੰਦੀ ਹੈ: “ਬੁਰਾਈ ਦੇ ਵੱਟੇ ਬੁਰਾਈ ਨਾ ਕਰੋ। ਉਹੀ ਕਰਨ ਦੀ ਕੋਸ਼ਿਸ਼ ਕਰੋ ਜੋ ਸਾਰਿਆਂ ਦੀਆਂ ਨਜ਼ਰਾਂ ਵਿਚ ਚੰਗਾ ਹੈ। ਜੇ ਹੋ ਸਕੇ, ਤਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ। ਪਿਆਰਿਓ, ਆਪਣਾ ਬਦਲਾ ਨਾ ਲਓ, ਸਗੋਂ ਇਹ ਕੰਮ ਪਰਮੇਸ਼ੁਰ ’ਤੇ ਛੱਡ ਦਿਓ। ਗ਼ਲਤੀ ਕਰਨ ਵਾਲੇ ਨੂੰ ਪਰਮੇਸ਼ੁਰ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪਵੇਗਾ; ਕਿਉਂਕਿ ਲਿਖਿਆ ਹੈ: ‘ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਗ਼ਲਤ ਕੰਮਾਂ ਦੀ ਸਜ਼ਾ ਦਿਆਂਗਾ, ਯਹੋਵਾਹ ਕਹਿੰਦਾ ਹੈ।’” (ਰੋਮੀ. 12:17-19) ਕੀ ਤੁਹਾਡੇ ਕੋਲ ਦੂਜੇ ਇਨਸਾਨ ’ਤੇ ਦੋਸ਼ ਲਾਉਣ ਦਾ ਹੱਕ ਹੈ? ਨਹੀਂ। (ਮੱਤੀ 7:1, 2) ਪਰ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਨਿਆਂ ਕਰੇਗਾ।

15. ਕਿਹੜੀ ਗੱਲ ਆਪਣੇ ਦਿਲ ਵਿਚ ਉਸ ਇਨਸਾਨ ਪ੍ਰਤੀ ਗੁੱਸਾ ਘੱਟ ਕਰਨ ਵਿਚ ਸਾਡੀ ਮਦਦ ਕਰੇਗੀ ਜਿਸ ਨੇ ਸਾਡੇ ਨਾਲ ਬੁਰਾ ਸਲੂਕ ਕੀਤਾ ਹੈ?

15 ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੇ ਤੁਹਾਡੇ ਨਾਲ ਮਾੜਾ ਕੀਤਾ ਹੈ ਤੇ ਉਸ ਇਨਸਾਨ ਨੂੰ ਮਾਫ਼ ਕਰਨਾ ਤੁਹਾਨੂੰ ਔਖਾ ਲੱਗਦਾ ਹੈ ਜਿਸ ਨੇ ਤੋਬਾ ਕੀਤੀ ਹੈ, ਤਾਂ ਯਾਦ ਰੱਖੋ ਕਿ ਉਹ ਵੀ ਨਾਮੁਕੰਮਲ ਹੈ। (ਰੋਮੀ. 3:23) ਯਹੋਵਾਹ ਸਾਰਿਆਂ ’ਤੇ ਦਇਆ ਕਰਦਾ ਹੈ। ਇਸ ਲਈ ਦੁੱਖ ਪਹੁੰਚਾਉਣ ਵਾਲੇ ਲਈ ਪ੍ਰਾਰਥਨਾ ਕਰਨੀ ਠੀਕ ਹੈ। ਜਦੋਂ ਅਸੀਂ ਅਜਿਹੇ ਇਨਸਾਨ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਸਾਡੇ ਮਨ ਵਿਚ ਉਸ ਲਈ ਗੁੱਸਾ ਘੱਟ ਜਾਂਦਾ ਹੈ। ਯਿਸੂ ਨੇ ਸਾਫ਼ ਕਿਹਾ ਸੀ ਕਿ ਸਾਨੂੰ ਉਨ੍ਹਾਂ ਨਾਲ ਗੁੱਸੇ ਨਹੀਂ ਰਹਿਣਾ ਚਾਹੀਦਾ ਜਿਹੜੇ ਸਾਡੇ ਨਾਲ ਬੁਰਾ ਸਲੂਕ ਕਰਦੇ ਹਨ। ਉਸ ਨੇ ਕਿਹਾ: “ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ ਅਤੇ ਜੋ ਤੁਹਾਨੂੰ ਸਤਾਉਂਦੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੋ।”—ਮੱਤੀ 5:44.

16, 17. ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਬਜ਼ੁਰਗ ਫ਼ੈਸਲਾ ਕਰਦੇ ਹਨ ਕਿ ਪਾਪ ਕਰਨ ਵਾਲੇ ਨੇ ਤੋਬਾ ਕੀਤੀ ਹੈ?

16 ਯਹੋਵਾਹ ਨੇ ਬਜ਼ੁਰਗਾਂ ਨੂੰ ਇਹ ਫ਼ੈਸਲਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ ਕਿ ਗੰਭੀਰ ਗ਼ਲਤੀ ਕਰਨ ਵਾਲੇ ਇਨਸਾਨ ਨੇ ਤੋਬਾ ਕੀਤੀ ਹੈ ਕਿ ਨਹੀਂ। ਪਰਮੇਸ਼ੁਰ ਤੋਂ ਉਲਟ ਭਰਾਵਾਂ ਨੂੰ ਕਿਸੇ ਮਾਮਲੇ ਬਾਰੇ ਸਾਰੀ ਗੱਲ ਨਾ ਪਤਾ ਹੋਵੇ, ਪਰ ਉਹ ਬਾਈਬਲ ਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਫ਼ੈਸਲਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਹੀ ਫ਼ੈਸਲਾ ਕਰਨ ਲਈ ਉਹ ਯਹੋਵਾਹ ਤੋਂ ਮਦਦ ਮੰਗਦੇ ਹਨ ਤਾਂਕਿ ਉਨ੍ਹਾਂ ਦਾ ਫ਼ੈਸਲਾ ਯਹੋਵਾਹ ਦੀ ਮਰਜ਼ੀ ਅਨੁਸਾਰ ਹੋਵੇ।—ਮੱਤੀ 18:18.

17 ਅਜਿਹੇ ਹਾਲਾਤਾਂ ਵਿਚ ਸਾਨੂੰ ਵਫ਼ਾਦਾਰੀ ਦਿਖਾਉਣ ਦੀ ਲੋੜ ਹੈ। ਯਹੋਵਾਹ ਦੀ ਸੇਧ ਵਿਚ ਚੱਲ ਕੇ ਬਜ਼ੁਰਗ ਜੋ ਫ਼ੈਸਲਾ ਕਰਦੇ ਹਨ, ਸਾਨੂੰ ਉਸ ਫ਼ੈਸਲੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਜਦੋਂ ਬਜ਼ੁਰਗ ਫ਼ੈਸਲਾ ਕਰਦੇ ਹਨ ਕਿ ਗ਼ਲਤੀ ਕਰਨ ਵਾਲੇ ਇਨਸਾਨ ਨੇ ਤੋਬਾ ਕੀਤੀ ਹੈ, ਤਾਂ ਕੀ ਅਸੀਂ ਉਸ ਨੂੰ ਮਾਫ਼ ਕਰ ਕੇ ਉਸ ਨਾਲ ਪਿਆਰ ਨਾਲ ਪੇਸ਼ ਆਵਾਂਗੇ? (2 ਕੁਰਿੰ. 2:5-8) ਇੱਦਾਂ ਕਰਨਾ ਸ਼ਾਇਦ ਸੌਖਾ ਨਾ ਹੋਵੇ, ਖ਼ਾਸ ਕਰਕੇ ਉਦੋਂ ਜਦੋਂ ਉਸ ਇਨਸਾਨ ਨੇ ਸਾਨੂੰ ਜਾਂ ਸਾਡੇ ਕਿਸੇ ਆਪਣੇ ਨੂੰ ਦੁੱਖ ਪਹੁੰਚਾਇਆ ਹੋਵੇ। ਪਰ ਬੁੱਧੀਮਤਾ ਦੀ ਗੱਲ ਇਹ ਹੈ ਕਿ ਅਸੀਂ ਯਹੋਵਾਹ ’ਤੇ ਭਰੋਸਾ ਰੱਖੀਏ ਤੇ ਮੰਡਲੀ ਵਿਚ ਉਸ ਦੇ ਕੀਤੇ ਇੰਤਜ਼ਾਮਾਂ ਨੂੰ ਸਵੀਕਾਰ ਕਰੀਏ। ਇੱਦਾਂ ਕਰ ਕੇ ਅਸੀਂ ਦਿਖਾਵਾਂਗੇ ਕਿ ਅਸੀਂ ਦੂਜਿਆਂ ਨੂੰ ਦਿਲੋਂ ਮਾਫ਼ ਕਰਦੇ ਹਾਂ।—ਕਹਾ. 3:5, 6.

18. ਦੂਜਿਆਂ ਨੂੰ ਦਿਲੋਂ ਮਾਫ਼ ਕਰਨ ਦੇ ਸਾਨੂੰ ਕਿਹੜੇ ਫ਼ਾਇਦੇ ਹੋ ਸਕਦੇ ਹਨ?

18 ਜੇ ਅਸੀਂ ਦੂਜਿਆਂ ਨੂੰ ਮਾਫ਼ ਨਹੀਂ ਕਰਦੇ, ਤਾਂ ਇਸ ਦਾ ਸਾਡੀ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ, ਸਾਨੂੰ ਤਣਾਅ ਰਹਿੰਦਾ ਹੈ ਅਤੇ ਉਨ੍ਹਾਂ ਨਾਲ ਸਾਡਾ ਰਿਸ਼ਤਾ ਖ਼ਰਾਬ ਹੁੰਦਾ ਹੈ। ਪਰ ਇਸ ਦੇ ਉਲਟ, ਦਿਮਾਗ਼ੀ ਸਿਹਤ ਦੇ ਮਾਹਰਾਂ ਨੇ ਦੇਖਿਆ ਹੈ ਕਿ ਉਨ੍ਹਾਂ ਨੂੰ ਫ਼ਾਇਦੇ ਹੁੰਦੇ ਹਨ ਜਿਹੜੇ ਮਾਫ਼ ਕਰਨ ਲਈ ਤਿਆਰ ਰਹਿੰਦੇ ਹਨ। ਮਾਫ਼ ਕਰਨ ਤੋਂ ਬਾਅਦ ਸਾਨੂੰ ਚੰਗਾ ਲੱਗਦਾ ਹੈ ਕਿਉਂਕਿ ਸਾਡਾ ਗੁੱਸਾ ਠੰਢਾ ਹੋ ਜਾਂਦਾ ਹੈ ਤੇ ਨਿਰਾਸ਼ਾ ਖ਼ਤਮ ਹੋ ਜਾਂਦੀ ਹੈ। ਨਾਲੇ ਇਹ ਸਾਡੀ ਹੋਰ ਲੋਕਾਂ ਨਾਲ ਚੰਗਾ ਰਿਸ਼ਤਾ ਬਣਾਉਣ ਵਿਚ ਵੀ ਮਦਦ ਕਰਦੀ ਹੈ। ਦੂਜਿਆਂ ਨੂੰ ਮਾਫ਼ ਕਰਨ ਦੀ ਸਭ ਤੋਂ ਵੱਡੀ ਬਰਕਤ ਇਹ ਹੈ ਕਿ ਸਾਡਾ ਆਪਣੇ ਪਿਤਾ ਯਹੋਵਾਹ ਨਾਲ ਵਧੀਆ ਰਿਸ਼ਤਾ ਬਣਿਆ ਰਹਿੰਦਾ ਹੈ।—ਕੁਲੁੱਸੀਆਂ 3:12-14 ਪੜ੍ਹੋ।

[ਸਵਾਲ]

[ਸਫ਼ਾ 27 ਉੱਤੇ ਤਸਵੀਰ]

ਯਿਸੂ ਨੇ ਕਹਾਣੀ ਦੱਸ ਕੇ ਕੀ ਸਮਝਾਇਆ ਸੀ?

[ਸਫ਼ਾ 30 ਉੱਤੇ ਤਸਵੀਰ]

ਮਸੀਹੀਆਂ ਨੂੰ ਦੂਜਿਆਂ ਨੂੰ ਮਾਫ਼ ਕਰਨਾ ਚਾਹੀਦਾ ਹੈ