Skip to content

Skip to table of contents

ਉਨ੍ਹਾਂ ਦੇ ਵਾਧੇ ਕਰਕੇ ਘਾਟਾ ਪੂਰਾ ਹੋਇਆ

ਉਨ੍ਹਾਂ ਦੇ ਵਾਧੇ ਕਰਕੇ ਘਾਟਾ ਪੂਰਾ ਹੋਇਆ

“ਮੰਡਲੀ ਦੇ ਥੰਮ੍ਹ” ਸਮਝੇ ਜਾਂਦੇ ਪਤਰਸ, ਯਾਕੂਬ ਅਤੇ ਯੂਹੰਨਾ ਨੇ 49 ਈ. ਵਿਚ ਪੌਲੁਸ ਰਸੂਲ ਅਤੇ ਉਸ ਦੇ ਸਾਥੀ ਬਰਨਬਾਸ ਨੂੰ ਇਕ ਖ਼ਾਸ ਜ਼ਿੰਮੇਵਾਰੀ ਦਿੱਤੀ ਸੀ। ਕੌਮਾਂ ਨੂੰ ਪ੍ਰਚਾਰ ਕਰਨ ਵੇਲੇ ਉਨ੍ਹਾਂ ਨੂੰ ਗ਼ਰੀਬ ਭੈਣਾਂ-ਭਰਾਵਾਂ ਦਾ ਧਿਆਨ ਰੱਖਣ ਲਈ ਕਿਹਾ। (ਗਲਾ. 2:9, 10) ਉਨ੍ਹਾਂ ਨੇ ਇਹ ਜ਼ਿੰਮੇਵਾਰੀ ਕਿਵੇਂ ਪੂਰੀ ਕੀਤੀ?

ਪੌਲੁਸ ਦੀਆਂ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਇਸ ਮਾਮਲੇ ਵੱਲ ਕਿਵੇਂ ਧਿਆਨ ਦਿੱਤਾ। ਮਿਸਾਲ ਲਈ, ਕੁਰਿੰਥੁਸ ਦੇ ਮਸੀਹੀਆਂ ਨੂੰ ਪੌਲੁਸ ਨੇ ਲਿਖਿਆ: “ਪਵਿੱਤਰ ਸੇਵਕਾਂ ਲਈ ਦਾਨ ਇਕੱਠਾ ਕਰਨ ਬਾਰੇ ਜਿਹੜੀਆਂ ਹਿਦਾਇਤਾਂ ਮੈਂ ਗਲਾਤੀਆ ਦੀਆਂ ਮੰਡਲੀਆਂ ਨੂੰ ਦਿੱਤੀਆਂ ਸਨ, ਤੁਸੀਂ ਵੀ ਉਨ੍ਹਾਂ ਹਿਦਾਇਤਾਂ ਅਨੁਸਾਰ ਚੱਲੋ। ਹਰ ਹਫ਼ਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਜਣਾ ਆਪਣੀ ਕਮਾਈ ਅਨੁਸਾਰ ਕੁਝ ਪੈਸੇ ਵੱਖਰੇ ਰੱਖ ਲਵੇ, ਤਾਂਕਿ ਜਦ ਮੈਂ ਆਵਾਂ, ਤਾਂ ਉਦੋਂ ਤੁਹਾਨੂੰ ਦਾਨ ਇਕੱਠਾ ਕਰਨ ਦੀ ਲੋੜ ਨਾ ਪਵੇ। ਅਤੇ ਤੁਸੀਂ ਚਿੱਠੀ ਵਿਚ ਜਿਨ੍ਹਾਂ ਭਰਾਵਾਂ ਦੇ ਭਰੋਸੇਯੋਗ ਹੋਣ ਬਾਰੇ ਲਿਖੋਗੇ, ਮੈਂ ਉੱਥੇ ਆ ਕੇ ਉਨ੍ਹਾਂ ਭਰਾਵਾਂ ਦੇ ਹੱਥ ਤੁਹਾਡਾ ਪਿਆਰ ਨਾਲ ਦਿੱਤਾ ਦਾਨ ਯਰੂਸ਼ਲਮ ਨੂੰ ਘੱਲ ਦੇਵਾਂਗਾ।”—1 ਕੁਰਿੰ. 16:1-3.

ਕੁਰਿੰਥੀਆਂ ਨੂੰ ਲਿਖੀ ਆਪਣੀ ਦੂਜੀ ਚਿੱਠੀ ਵਿਚ ਪੌਲੁਸ ਨੇ ਦੁਬਾਰਾ ਦੱਸਿਆ ਕਿ ਦਾਨ ਕਿਉਂ ਇਕੱਠਾ ਕੀਤਾ ਜਾ ਰਿਹਾ ਸੀ। ਉਸ ਨੇ ਕਿਹਾ ਕਿ “ਤੁਹਾਡੇ ਵਾਧੇ ਕਰਕੇ ਉਨ੍ਹਾਂ ਦਾ ਘਾਟਾ ਪੂਰਾ ਹੋਵੇ।”—2 ਕੁਰਿੰ. 8:12-15.

ਜਦ ਤਕਰੀਬਨ 56 ਈ. ਵਿਚ ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਚਿੱਠੀ ਲਿਖੀ, ਤਾਂ ਦਾਨ ਲਗਭਗ ਇਕੱਠਾ ਕੀਤਾ ਜਾ ਚੁੱਕਾ ਸੀ। ਉਸ ਨੇ ਕਿਹਾ: “ਮੈਂ ਪਵਿੱਤਰ ਸੇਵਕਾਂ ਦੀ ਸੇਵਾ ਕਰਨ ਲਈ ਯਰੂਸ਼ਲਮ ਨੂੰ ਜਾਣ ਵਾਲਾ ਹਾਂ। ਕਿਉਂਕਿ ਮਕਦੂਨੀਆ ਅਤੇ ਅਖਾਯਾ ਦੇ ਭਰਾਵਾਂ ਨੇ ਯਰੂਸ਼ਲਮ ਵਿਚ ਉਨ੍ਹਾਂ ਕੁਝ ਪਵਿੱਤਰ ਸੇਵਕਾਂ ਵਾਸਤੇ ਖ਼ੁਸ਼ੀ-ਖ਼ੁਸ਼ੀ ਦਾਨ ਦਿੱਤਾ ਹੈ ਜਿਹੜੇ ਗ਼ਰੀਬ ਹਨ।” (ਰੋਮੀ. 15:25, 26) ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਕਿਉਂਕਿ ਯਰੂਸ਼ਲਮ ਵਾਪਸ ਜਾਣ ਅਤੇ ਉੱਥੇ ਗਿਰਫ਼ਤਾਰ ਕੀਤੇ ਜਾਣ ਤੋਂ ਬਾਅਦ ਉਸ ਨੇ ਰੋਮੀ ਰਾਜਪਾਲ ਫ਼ੇਲਿਕਸ ਨੂੰ ਦੱਸਿਆ: “ਮੈਂ ਆਪਣੀ ਕੌਮ ਵਾਸਤੇ ਦਾਨ ਅਤੇ ਪਰਮੇਸ਼ੁਰ ਨੂੰ ਭੇਟਾਂ ਚੜ੍ਹਾਉਣ ਲਈ ਯਰੂਸ਼ਲਮ ਆਇਆ ਸਾਂ।”—ਰਸੂ. 24:17.

ਪਹਿਲੀ ਸਦੀ ਦੇ ਮਸੀਹੀਆਂ ਦਾ ਰਵੱਈਆ ਇਸ ਗੱਲ ਤੋਂ ਦੇਖਿਆ ਜਾ ਸਕਦਾ ਹੈ ਜੋ ਪੌਲੁਸ ਨੇ ਮਕਦੂਨੀਆ ਦੇ ਮਸੀਹੀਆਂ ਨੂੰ ਕਹੀ ਸੀ: “ਉਹ ਭਰਾ ਆਪ ਆ ਕੇ ਮੇਰੀਆਂ ਮਿੰਨਤਾਂ ਕਰਨ ਲੱਗੇ ਕਿ ਉਨ੍ਹਾਂ ਨੂੰ ਵੀ ਪਵਿੱਤਰ ਸੇਵਕਾਂ ਵਾਸਤੇ ਦਿਲ ਖੋਲ੍ਹ ਕੇ ਦਾਨ ਦੇਣ ਦਾ ਸਨਮਾਨ ਦਿੱਤਾ ਜਾਵੇ।” ਪੌਲੁਸ ਨੇ ਕੁਰਿੰਥੀਆਂ ਨੂੰ ਉਨ੍ਹਾਂ ਦੀ ਰੀਸ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ। ਉਸ ਨੇ ਕਿਹਾ: “ਹਰੇਕ ਜਣਾ ਉਹੀ ਕਰੇ ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ, ਨਾ ਕਿ ਬੇਦਿਲੀ ਨਾਲ ਜਾਂ ਮਜਬੂਰੀ ਨਾਲ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” ਮੰਡਲੀ ਦੇ ਭੈਣਾਂ-ਭਰਾਵਾਂ ਨੇ ਇੰਨੀ ਖੁੱਲ੍ਹ-ਦਿਲੀ ਕਿਉਂ ਦਿਖਾਈ? ਇਸ ਨਾਲ ਨਾ ਸਿਰਫ਼ ‘ਪਵਿੱਤਰ ਸੇਵਕਾਂ ਦੀਆਂ ਲੋੜਾਂ ਚੰਗੀ ਤਰ੍ਹਾਂ ਪੂਰੀਆਂ ਹੋਈਆਂ, ਸਗੋਂ ਇਸ ਕਰਕੇ ਲੋਕਾਂ ਨੇ ਪਰਮੇਸ਼ੁਰ ਦਾ ਬਹੁਤ ਧੰਨਵਾਦ ਵੀ ਕੀਤਾ।’ (2 ਕੁਰਿੰ. 8:4; 9:7, 12) ਸਾਨੂੰ ਵੀ ਇਸੇ ਕਰਕੇ ਖੁੱਲ੍ਹ-ਦਿਲੀ ਦਿਖਾਉਣੀ ਚਾਹੀਦੀ ਹੈ। ਯਹੋਵਾਹ ਪਰਮੇਸ਼ੁਰ ਸਾਡੇ ਚੰਗੇ ਰਵੱਈਏ ਤੋਂ ਜ਼ਰੂਰ ਖ਼ੁਸ਼ ਹੋਵੇਗਾ ਤੇ ਸਾਡੇ ’ਤੇ ਉਸ ਦੀ ਬਰਕਤ ਹੋਵੇਗੀ ਜੋ ਧਨੀ ਬਣਾਉਂਦੀ ਹੈ।—ਕਹਾ. 10:22.

ਕੁਝ ਲੋਕ ਪਰਮੇਸ਼ੁਰ ਦੇ ਕੰਮਾਂ ਲਈ ਇਨ੍ਹਾਂ ਤਰੀਕਿਆਂ ਨਾਲ ਦਾਨ ਦੇਣਾ ਪਸੰਦ ਕਰਦੇ ਹਨ

ਪੌਲੁਸ ਰਸੂਲ ਦੇ ਦਿਨਾਂ ਵਾਂਗ ਅੱਜ ਵੀ ਕਈ ਲੋਕ ਦਾਨ ਦੇਣ ਲਈ “ਕੁਝ ਪੈਸੇ ਵੱਖਰੇ ਰੱਖ ਲੈਂਦੇ ਹਨ।” (1 ਕੁਰਿੰ. 16:2) ਉਹ ਇਹ ਪੈਸਾ ਮੰਡਲੀਆਂ ਵਿਚ ਰੱਖੀਆਂ ਦਾਨ-ਪੇਟੀਆਂ ਵਿਚ ਪਾਉਂਦੇ ਹਨ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਹੈ: “ਦੁਨੀਆਂ ਭਰ ਵਿਚ ਕੀਤੇ ਜਾਂਦੇ ਰਾਜ ਦੇ ਕੰਮਾਂ ਲਈ ਦਾਨ।” ਹਰ ਮਹੀਨੇ ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਇਹ ਦਾਨ ਭੇਜ ਦਿੰਦੀਆਂ ਹਨ। ਜੇ ਕੋਈ ਚਾਹੇ, ਤਾਂ ਉਹ ਆਪ ਆਪਣੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਪੈਸੇ ਭੇਜ ਸਕਦਾ ਹੈ। * ਹੇਠਾਂ ਦੱਸੇ ਵੱਖੋ-ਵੱਖਰੇ ਤਰੀਕਿਆਂ ਨਾਲ ਵੀ ਦਾਨ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਸਿੱਧਾ ਭੇਜਿਆ ਜਾ ਸਕਦਾ ਹੈ।

ਸ਼ਰਤ-ਰਹਿਤ ਦਾਨ

  • ਕੈਸ਼, ਗਹਿਣੇ ਜਾਂ ਹੋਰ ਕੀਮਤੀ ਚੀਜ਼ਾਂ ਵੀ ਦਾਨ ਕੀਤੀਆਂ ਜਾ ਸਕਦੀਆਂ ਹਨ।

  • ਇਨ੍ਹਾਂ ਚੀਜ਼ਾਂ ਦੇ ਨਾਲ ਇਕ ਚਿੱਠੀ ਵਿਚ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਸ਼ਰਤ-ਰਹਿਤ ਦਾਨ ਹੈ।

ਸ਼ਰਤੀਆ ਦਾਨ ਪ੍ਰਬੰਧ

  • ਕੈਸ਼ ਦੇਣ ਵਾਲਾ ਇਨਸਾਨ ਇਸ ਸ਼ਰਤ ’ਤੇ ਦਾਨ ਦਿੰਦਾ ਹੈ ਕਿ ਉਹ ਜਦੋਂ ਚਾਹੇ ਆਪਣੇ ਪੈਸੇ ਵਾਪਸ ਲੈ ਸਕਦਾ ਹੈ।

  • ਇਕ ਚਿੱਠੀ ਵਿਚ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਸ਼ਰਤੀਆ ਦਾਨ ਹੈ।

ਦਾਨ ਦੇਣ ਦੇ ਤਰੀਕੇ *

ਆਪਣੀ ਇੱਛਾ ਨਾਲ ਰੁਪਏ-ਪੈਸੇ ਤੇ ਹੋਰ ਕੀਮਤੀ ਚੀਜ਼ਾਂ ਦਾਨ ਕਰਨ ਤੋਂ ਇਲਾਵਾ, ਦੁਨੀਆਂ ਭਰ ਵਿਚ ਰਾਜ ਦੇ ਕੰਮਾਂ ਲਈ ਦਾਨ ਦੇਣ ਦੇ ਹੋਰ ਵੀ ਕਈ ਤਰੀਕੇ ਹਨ। ਇਨ੍ਹਾਂ ਵਿੱਚੋਂ ਕੁਝ ਤਰੀਕੇ ਹੇਠਾਂ ਦੱਸੇ ਗਏ ਹਨ। ਤੁਸੀਂ ਦਾਨ ਦੇਣ ਲਈ ਭਾਵੇਂ ਜਿਹੜਾ ਮਰਜ਼ੀ ਤਰੀਕਾ ਵਰਤੋ, ਪਰ ਦਾਨ ਦੇਣ ਤੋਂ ਪਹਿਲਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰ ਕੇ ਜਾਣੋ ਕਿ ਤੁਹਾਡੇ ਦੇਸ਼ ਵਿਚ ਕਿਹੜੇ ਤਰੀਕਿਆਂ ਨਾਲ ਦਾਨ ਦਿੱਤਾ ਜਾ ਸਕਦਾ ਹੈ। ਹਰ ਦੇਸ਼ ਵਿਚ ਦਾਨ ਦੇਣ ਸੰਬੰਧੀ ਅਤੇ ਟੈਕਸ ਸੰਬੰਧੀ ਕਾਨੂੰਨ ਵੱਖੋ-ਵੱਖਰੇ ਹੋ ਸਕਦੇ ਹਨ, ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਦਾਨ ਦੇਣ ਦਾ ਕੋਈ ਵੀ ਤਰੀਕਾ ਚੁਣਨ ਤੋਂ ਪਹਿਲਾਂ ਕਿਸੇ ਕਾਬਲ ਟੈਕਸ ਅਤੇ ਕਾਨੂੰਨੀ ਸਲਾਹਕਾਰ ਦੀ ਸਲਾਹ ਲਵੋ।

ਬੀਮਾ: ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਜੀਵਨ ਬੀਮਾ ਪਾਲਸੀ ਜਾਂ ਰੀਟਾਇਰਮੈਂਟ/ਪੈਨਸ਼ਨ ਯੋਜਨਾ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ।

ਬੈਂਕ ਖਾਤੇ: ਸਥਾਨਕ ਬੈਂਕ ਦੇ ਨਿਯਮਾਂ ਮੁਤਾਬਕ ਬੈਂਕ ਖਾਤੇ, ਫ਼ਿਕਸਡ ਡਿਪਾਜ਼ਿਟ ਖਾਤੇ ਜਾਂ ਰੀਟਾਇਰਮੈਂਟ ਖਾਤੇ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਲਈ ਟ੍ਰਸਟ ਵਿਚ ਰੱਖੇ ਜਾ ਸਕਦੇ ਹਨ ਜਾਂ ਸਥਾਨਕ ਬੈਂਕ ਦੀਆਂ ਮੰਗਾਂ ਮੁਤਾਬਕ ਉਸ ਦੇ ਨਾਂ ਲਿਖਵਾਏ ਜਾ ਸਕਦੇ ਹਨ ਜੋ ਦਾਨ ਦੇਣ ਵਾਲੀ ਦੀ ਮੌਤ ਹੋਣ ਤੇ ਬ੍ਰਾਂਚ ਆਫ਼ਿਸ ਨੂੰ ਮਿਲਣਗੇ।

ਸਟਾਕ ਅਤੇ ਬਾਂਡ: ਸਟਾਕ ਅਤੇ ਬਾਂਡ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਬਿਨਾਂ ਕਿਸੇ ਸ਼ਰਤ ਦੇ ਤੋਹਫ਼ੇ ਵਜੋਂ ਦਾਨ ਕੀਤੇ ਜਾ ਸਕਦੇ ਹਨ ਜਾਂ “Transfer on Death agreement” ਰਾਹੀਂ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਦੇ ਨਾਂ ਕੀਤੇ ਜਾ ਸਕਦੇ ਹਨ।

ਜ਼ਮੀਨ-ਜਾਇਦਾਦ: ਵਿਕਾਊ ਜ਼ਮੀਨ-ਜਾਇਦਾਦ ਬਿਨਾਂ ਸ਼ਰਤ ਤੋਹਫ਼ੇ ਵਜੋਂ ਦਾਨ ਕੀਤੀ ਜਾ ਸਕਦੀ ਹੈ ਜਾਂ ਫਿਰ ਦਾਨਕਰਤਾ ਆਪਣਾ ਮਕਾਨ ਇਸ ਸ਼ਰਤ ’ਤੇ ਦਾਨ ਕਰ ਸਕਦਾ ਹੈ ਕਿ ਉਹ ਆਪਣੇ ਜੀਉਂਦੇ-ਜੀ ਉੱਥੇ ਰਹੇਗਾ।

ਗਿਫ਼ਟ ਐਨਯੂਟੀ: ਇਸ ਪ੍ਰਬੰਧ ਅਧੀਨ ਵਿਅਕਤੀ ਆਪਣਾ ਪੈਸਾ ਜਾਂ ਸਟਾਕ ਤੇ ਬਾਂਡ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਦੇ ਨਾਂ ਲਿਖਵਾ ਦਿੰਦਾ ਹੈ। ਇਸ ਦੇ ਬਦਲੇ ਵਿਚ ਉਸ ਨੂੰ ਜਾਂ ਉਸ ਵੱਲੋਂ ਨਿਯੁਕਤ ਕੀਤੇ ਗਏ ਵਿਅਕਤੀ ਨੂੰ ਜ਼ਿੰਦਗੀ ਭਰ ਲਈ ਹਰ ਸਾਲ ਇਕ ਬੱਝਵੀਂ ਰਕਮ ਦਿੱਤੀ ਜਾਵੇਗੀ। ਜਿਸ ਸਾਲ ਇਹ ਪ੍ਰਬੰਧ ਸ਼ੁਰੂ ਹੋਵੇਗਾ, ਉਸੇ ਸਾਲ ਤੋਂ ਦਾਨ ਦੇਣ ਵਾਲੇ ਨੂੰ ਇਨਕਮ ਟੈਕਸ ਵਿਚ ਛੋਟ ਮਿਲਣੀ ਸ਼ੁਰੂ ਹੋ ਜਾਵੇਗੀ।

ਵਸੀਅਤ ਅਤੇ ਟ੍ਰਸਟ: ਕਾਨੂੰਨੀ ਵਸੀਅਤ ਰਾਹੀਂ ਜ਼ਮੀਨ-ਜਾਇਦਾਦ ਜਾਂ ਪੈਸੇ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਦੇ ਨਾਂ ਲਿਖਵਾਏ ਜਾ ਸਕਦੇ ਹਨ ਜਾਂ ਫਿਰ ਟ੍ਰਸਟ ਕਾਇਮ ਕਰ ਕੇ ਇਕਰਾਰਨਾਮੇ ਵਿਚ ਬ੍ਰਾਂਚ ਆਫ਼ਿਸ ਨੂੰ ਟ੍ਰਸਟ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ। ਸ਼ਾਇਦ ਕਿਸੇ ਧਾਰਮਿਕ ਸੰਗਠਨ ਨੂੰ ਪੈਸੇ ਦਾਨ ਕਰਨ ਵਾਲੇ ਟ੍ਰਸਟ ਨੂੰ ਟੈਕਸ ਵਿਚ ਛੋਟ ਮਿਲ ਸਕਦੀ ਹੈ।

ਇਨ੍ਹਾਂ ਤਰੀਕਿਆਂ ਨਾਲ ਦਾਨ ਕਰਨ ਲਈ ਇਕ ਵਿਅਕਤੀ ਨੂੰ ਸੋਚ-ਸਮਝ ਕੇ ਯੋਜਨਾ ਬਣਾਉਣੀ ਪਵੇਗੀ। ਜਿਹੜੇ ਵਿਅਕਤੀ ਦੁਨੀਆਂ ਭਰ ਵਿਚ ਕੀਤੇ ਜਾਂਦੇ ਯਹੋਵਾਹ ਦੇ ਗਵਾਹਾਂ ਦੇ ਕੰਮ ਲਈ ਇਨ੍ਹਾਂ ਤਰੀਕਿਆਂ ਨਾਲ ਦਾਨ ਦੇਣਾ ਚਾਹੁੰਦੇ ਹਨ, ਉਨ੍ਹਾਂ ਲਈ ਅੰਗ੍ਰੇਜ਼ੀ ਅਤੇ ਸਪੇਨੀ ਭਾਸ਼ਾਵਾਂ ਵਿਚ Charitable Planning to Benefit Kingdom Service Worldwide ਨਾਮਕ ਬਰੋਸ਼ਰ ਤਿਆਰ ਕੀਤਾ ਗਿਆ ਹੈ। * ਇਸ ਬਰੋਸ਼ਰ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਵੱਖੋ-ਵੱਖਰੇ ਤਰੀਕਿਆਂ ਨਾਲ ਦਾਨ ਹੁਣ ਜਾਂ ਮੌਤ ਤੋਂ ਬਾਅਦ ਵਸੀਅਤ ਰਾਹੀਂ ਦਿੱਤਾ ਜਾ ਸਕਦਾ ਹੈ। ਇਸ ਬਰੋਸ਼ਰ ਨੂੰ ਪੜ੍ਹਨ ਮਗਰੋਂ ਅਤੇ ਆਪਣੇ ਵਕੀਲਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਦਾਨ ਦੇ ਕੇ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਰਾਜ ਦੇ ਕੰਮਾਂ ਅਤੇ ਰਾਹਤ ਕੰਮਾਂ ਵਿਚ ਮਦਦ ਕੀਤੀ ਹੈ ਤੇ ਨਾਲੋ-ਨਾਲ ਉਨ੍ਹਾਂ ਨੂੰ ਟੈਕਸ ਵਿਚ ਛੋਟ ਮਿਲੀ ਹੈ। ਜੇ ਇਹ ਬਰੋਸ਼ਰ ਤੁਹਾਡੇ ਦੇਸ਼ ਵਿਚ ਉਪਲਬਧ ਹੈ, ਤਾਂ ਤੁਸੀਂ ਆਪਣੀ ਮੰਡਲੀ ਦੇ ਸੈਕਟਰੀ ਤੋਂ ਇਸ ਦੀ ਇਕ ਕਾਪੀ ਲੈ ਸਕਦੇ ਹੋ।

ਹੋਰ ਜਾਣਕਾਰੀ ਲਈ ਆਪਣੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਨੂੰ ਹੇਠਾਂ ਦਿੱਤੇ ਗਏ ਪਤੇ ’ਤੇ ਲਿਖੋ ਜਾਂ ਟੈਲੀਫ਼ੋਨ ਕਰੋ ਜਾਂ ਉਸ ਬ੍ਰਾਂਚ ਆਫ਼ਿਸ ਨੂੰ ਲਿਖੋ ਜੋ ਤੁਹਾਡੇ ਦੇਸ਼ ਵਿਚ ਕੰਮ ਦੀ ਨਿਗਰਾਨੀ ਕਰਦਾ ਹੈ।

Jehovah’s Witnesses of India

Post Box 6440,

Yelahanka,

Bangalore 560 064

Karnataka.

Telephone: (080) 28468072

[ਫੁਟਨੋਟ]

^ ਪੈਰਾ 9 ਭਾਰਤ ਵਿਚ ਚੈੱਕ “Jehovah’s Witnesses of India” ਦੇ ਨਾਂ ’ਤੇ ਬਣਾਇਆ ਜਾਣਾ ਚਾਹੀਦਾ ਹੈ।

^ ਪੈਰਾ 16 ਇਸ ਬਾਰੇ ਕੋਈ ਪੱਕਾ ਫ਼ੈਸਲਾ ਕਰਨ ਤੋਂ ਪਹਿਲਾਂ ਕਿਰਪਾ ਕਰ ਕੇ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।

^ ਪੈਰਾ 24 ਭਾਰਤ ਵਿਚ “Charitable Planning Leaflet” ਜਲਦੀ ਹੀ ਅੰਗ੍ਰੇਜ਼ੀ, ਆਸਾਮੀ, ਹਿੰਦੀ, ਕੰਨੜ, ਕੋਂਕਨੀ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਮਰਾਠੀ, ਮਲਿਆਲਮ, ਮੀਜ਼ੋ ਅਤੇ ਬੰਗਲਾ ਵਿਚ ਉਪਲਬਧ ਹੋਵੇਗਾ।