Skip to content

Skip to table of contents

“ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ”

“ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ”

“ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ”

“ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ, ਤੂੰ ਤਾਂ ਮੇਰਾ ਪਰਮੇਸ਼ੁਰ ਹੈਂ।”—ਜ਼ਬੂ. 143:10.

ਯਾਦ ਰੱਖਣ ਲਈ ਮੁੱਖ ਗੱਲਾਂ

ਦਾਊਦ ਦੀ ਜ਼ਿੰਦਗੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਉਸ ਲਈ ਯਹੋਵਾਹ ਦਾ ਨਜ਼ਰੀਆ ਅਹਿਮੀਅਤ ਰੱਖਦਾ ਸੀ?

ਦਾਊਦ ਪਰਮੇਸ਼ੁਰ ਦੀ ਇੱਛਾ ਕਿਵੇਂ ਜਾਣ ਸਕਿਆ?

ਯਹੋਵਾਹ ਦੀ ਮਿਹਰ ਪਾਉਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

1, 2. ਪਰਮੇਸ਼ੁਰ ਦਾ ਨਜ਼ਰੀਆ ਜਾਣਨ ਦਾ ਸਾਨੂੰ ਕੀ ਫ਼ਾਇਦਾ ਹੋਵੇਗਾ ਅਤੇ ਦਾਊਦ ਦੀ ਮਿਸਾਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

ਫ਼ਰਜ਼ ਕਰੋ ਕਿ ਤੁਸੀਂ ਪਹਾੜੀ ਇਲਾਕੇ ਵਿੱਚੋਂ ਦੀ ਲੰਘ ਰਹੇ ਹੋ। ਇਕ ਜਗ੍ਹਾ ਆ ਕੇ ਤੁਸੀਂ ਦੇਖਦੇ ਹੋ ਕਿ ਰਾਹ ਦੋ ਪਾਸਿਆਂ ਨੂੰ ਜਾਂਦਾ ਹੈ। ਤੁਹਾਨੂੰ ਕਿਸ ਰਾਹ ਜਾਣਾ ਚਾਹੀਦਾ ਹੈ? ਤੁਸੀਂ ਕਿਸੇ ਉੱਚੀ ਜਗ੍ਹਾ ਜਾ ਕੇ ਦੇਖਦੇ ਹੋ ਕਿ ਦੋਨੋਂ ਰਾਹ ਕਿੱਧਰ ਨੂੰ ਜਾਂਦੇ ਹਨ। ਇਸੇ ਤਰ੍ਹਾਂ ਜਦ ਅਸੀਂ ਜ਼ਿੰਦਗੀ ਵਿਚ ਜ਼ਰੂਰੀ ਫ਼ੈਸਲੇ ਕਰਨੇ ਹੁੰਦੇ ਹਨ, ਤਾਂ ਸਾਨੂੰ ਫ਼ਾਇਦਾ ਹੋਵੇਗਾ ਜੇ ਅਸੀਂ ਪਰਮੇਸ਼ੁਰ ਦਾ ਨਜ਼ਰੀਆ ਜਾਣਨ ਦੀ ਕੋਸ਼ਿਸ਼ ਕਰੀਏ। ਪਰਮੇਸ਼ੁਰ ਦਾ ਨਜ਼ਰੀਆ ਸਾਡੇ ਨਜ਼ਰੀਏ ਨਾਲੋਂ ਕਿਤੇ ਉੱਚਾ ਹੈ ਤੇ ਇਸ ਨੂੰ ਅਪਣਾ ਕੇ ਅਸੀਂ ਸਹੀ ਰਾਹ ’ਤੇ ਚੱਲ ਸਕਾਂਗੇ।—ਯਸਾ. 30:21.

2 ਪ੍ਰਾਚੀਨ ਇਜ਼ਰਾਈਲ ਦੇ ਰਾਜੇ ਦਾਊਦ ਨੇ ਆਪਣੀ ਜ਼ਿਆਦਾਤਰ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਇੱਛਾ ਅਨੁਸਾਰ ਚੱਲਣ ਦੀ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਪੂਰੇ ਦਿਲ ਨਾਲ ਯਹੋਵਾਹ ਪਰਮੇਸ਼ੁਰ ਦੀ ਸੇਵਾ ਕੀਤੀ। ਆਓ ਆਪਾਂ ਦੇਖੀਏ ਕਿ ਦਾਊਦ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ।—1 ਰਾਜ. 11:4.

ਦਾਊਦ ਨੇ ਯਹੋਵਾਹ ਦੇ ਨਾਂ ਦੀ ਵਡਿਆਈ ਕੀਤੀ

3, 4. (ੳ) ਦਾਊਦ ਨੇ ਗੋਲਿਅਥ ਦਾ ਸਾਮ੍ਹਣਾ ਕਿਉਂ ਕੀਤਾ? (ਅ) ਪਰਮੇਸ਼ੁਰ ਦੇ ਨਾਂ ਬਾਰੇ ਦਾਊਦ ਦਾ ਕੀ ਨਜ਼ਰੀਆ ਸੀ?

3 ਉਸ ਸਮੇਂ ਬਾਰੇ ਸੋਚੋ ਜਦ ਦਾਊਦ ਨੇ ਗੋਲਿਅਥ ਨਾਂ ਦੇ ਫਲਿਸਤੀ ਦੈਂਤ ਦਾ ਸਾਮ੍ਹਣਾ ਕੀਤਾ। ਮੁੰਡਾ ਹੋਣ ਦੇ ਬਾਵਜੂਦ ਦਾਊਦ ਇਸ ਸਾਢੇ ਨੌਂ ਫੁੱਟ ਲੰਬੇ ਦੈਂਤ ਨਾਲ ਲੜਨ ਲਈ ਕਿਉਂ ਤਿਆਰ ਹੋਇਆ ਸੀ? (1 ਸਮੂ. 17:4) ਕੀ ਇਹ ਦਾਊਦ ਦੀ ਆਪਣੀ ਹਿੰਮਤ ਸੀ ਜਾਂ ਉਸ ਨੂੰ ਪਰਮੇਸ਼ੁਰ ’ਤੇ ਭਰੋਸਾ ਸੀ? ਲੜਨ ਲਈ ਦੋਨੋਂ ਗੱਲਾਂ ਜ਼ਰੂਰੀ ਸਨ। ਪਰ ਦਾਊਦ ਖ਼ਾਸ ਕਰਕੇ ਇਸ ਲਈ ਲੜਿਆ ਕਿਉਂਕਿ ਉਹ ਯਹੋਵਾਹ ਦੇ ਨਾਂ ਦੀ ਵਡਿਆਈ ਕਰਨੀ ਚਾਹੁੰਦਾ ਸੀ। ਜਦੋਂ ਗੋਲਿਅਥ ਨੇ ਪਰਮੇਸ਼ੁਰ ਦੇ ਲੋਕਾਂ ਦੀ ਬੇਇੱਜ਼ਤੀ ਕੀਤੀ, ਤਾਂ ਦਾਊਦ ਨੇ ਗੁੱਸੇ ਨਾਲ ਕਿਹਾ: “ਇਹ ਅਸੁੰਨਤੀ ਫਲਿਸਤੀ ਹੈ ਕੌਣ ਜੋ ਜੀਉਂਦੇ ਪਰਮੇਸ਼ੁਰ ਦੇ ਦਲਾਂ ਨੂੰ ਲੱਜਿਆਵਾਨ ਕਰੇ?”—1 ਸਮੂ. 17:26.

4 ਗੋਲਿਅਥ ਦੇ ਸਾਮ੍ਹਣੇ ਖੜ੍ਹ ਕੇ ਦਾਊਦ ਨੇ ਕਿਹਾ: “ਤੂੰ ਤਲਵਾਰ ਅਤੇ ਬਰਛਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈਂ ਪਰ ਮੈਂ ਸੈਨਾਂ ਦੇ ਯਹੋਵਾਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ੁਰ ਹੈ ਜਿਸ ਨੂੰ ਤੈਂ ਲੱਜਿਆਵਾਨ ਕੀਤਾ ਤੇਰੇ ਕੋਲ ਆਉਂਦਾ ਹਾਂ!” (1 ਸਮੂ. 17:45) ਯਹੋਵਾਹ ’ਤੇ ਪੂਰਾ ਭਰੋਸਾ ਰੱਖ ਕੇ ਦਾਊਦ ਨੇ ਇੱਕੋ ਪੱਥਰ ਨਾਲ ਉਸ ਫਲਿਸਤੀ ਸੂਰਮੇ ਨੂੰ ਮਾਰ ਸੁੱਟਿਆ। ਨਾ ਸਿਰਫ਼ ਇਸ ਮੌਕੇ ਤੇ, ਸਗੋਂ ਆਪਣੀ ਜ਼ਿੰਦਗੀ ਦੌਰਾਨ ਦਾਊਦ ਨੇ ਯਹੋਵਾਹ ’ਤੇ ਭਰੋਸਾ ਰੱਖਿਆ ਅਤੇ ਉਸ ਦੇ ਨਾਂ ਦੀ ਵਡਿਆਈ ਕੀਤੀ। ਦਾਊਦ ਨੇ ਬਾਕੀ ਇਜ਼ਰਾਈਲੀਆਂ ਨੂੰ ਵੀ ਉਤਸ਼ਾਹ ਦਿੱਤਾ ਕਿ ਉਹ ‘ਯਹੋਵਾਹ ਦੇ ਪਵਿੱਤ੍ਰ ਨਾਮ ਉਤੇ ਫ਼ਖ਼ਰ ਕਰਨ।’—1 ਇਤਹਾਸ 16:8-10 ਪੜ੍ਹੋ।

5. ਅੱਜ ਅਸੀਂ ਦਾਊਦ ਵਾਂਗ ਕਿਹੜੀ ਹਾਲਤ ਦਾ ਸਾਮ੍ਹਣਾ ਕਰਦੇ ਹਾਂ?

5 ਕੀ ਤੁਹਾਨੂੰ ਇਸ ਗੱਲ ਦਾ ਮਾਣ ਹੈ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਹੈ? (ਯਿਰ. 9:24) ਤੁਸੀਂ ਉਦੋਂ ਕੀ ਕਰਦੇ ਹੋ ਜਦ ਗੁਆਂਢੀ, ਕੰਮ ਜਾਂ ਸਕੂਲ ਦੇ ਸਾਥੀ ਜਾਂ ਰਿਸ਼ਤੇਦਾਰ ਯਹੋਵਾਹ ਬਾਰੇ ਬੁਰਾ-ਭਲਾ ਕਹਿੰਦੇ ਹਨ ਤੇ ਉਸ ਦੇ ਲੋਕਾਂ ਦਾ ਮਜ਼ਾਕ ਉਡਾਉਂਦੇ ਹਨ? ਕੀ ਤੁਸੀਂ ਚੁੱਪ ਰਹਿੰਦੇ ਹੋ ਜਾਂ ਪਰਮੇਸ਼ੁਰ ’ਤੇ ਭਰੋਸਾ ਰੱਖ ਕੇ ਉਸ ਦੇ ਪੱਖ ਵਿਚ ਬੋਲਦੇ ਹੋ? ਬਾਈਬਲ ਕਹਿੰਦੀ ਹੈ ਕਿ “ਇੱਕ ਚੁੱਪ ਕਰਨ ਦਾ ਵੇਲਾ ਹੈ,” ਪਰ ਸਾਨੂੰ ਯਹੋਵਾਹ ਦੇ ਗਵਾਹ ਅਤੇ ਯਿਸੂ ਦੇ ਚੇਲੇ ਹੋਣ ਤੋਂ ਕਦੀ ਵੀ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ। (ਉਪ. 3:1, 7; ਮਰ. 8:38) ਭਾਵੇਂ ਸਾਨੂੰ ਉਨ੍ਹਾਂ ਲੋਕਾਂ ਨਾਲ ਆਦਰ ਤੇ ਸਮਝਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ ਜੋ ਯਹੋਵਾਹ ਜਾਂ ਉਸ ਦੇ ਸੰਦੇਸ਼ ਦੀ ਕਦਰ ਨਹੀਂ ਕਰਦੇ, ਪਰ ਸਾਨੂੰ ਉਨ੍ਹਾਂ ਇਜ਼ਰਾਈਲੀਆਂ ਵਾਂਗ ਨਹੀਂ ਹੋਣਾ ਚਾਹੀਦਾ ਜੋ ਗੋਲਿਅਥ ਦੀਆਂ ਗੱਲਾਂ ਸੁਣ ਕੇ “ਘਾਬਰੇ ਅਤੇ ਬਹੁਤ ਡਰ ਗਏ।” (1 ਸਮੂ. 17:11) ਇਸ ਦੀ ਬਜਾਇ, ਆਓ ਆਪਾਂ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਲਈ ਝੱਟ ਕਦਮ ਚੁੱਕੀਏ। ਅਸੀਂ ਲੋਕਾਂ ਨੂੰ ਯਹੋਵਾਹ ਬਾਰੇ ਸੱਚਾਈ ਸਿਖਾਉਣੀ ਚਾਹੁੰਦੇ ਹਾਂ। ਇਸ ਲਈ ਅਸੀਂ ਉਸ ਦਾ ਬਚਨ ਵਰਤ ਕੇ ਲੋਕਾਂ ਨੂੰ ਉਸ ਦੇ ਨੇੜੇ ਆਉਣ ਵਿਚ ਮਦਦ ਦਿੰਦੇ ਹਾਂ।—ਯਾਕੂ. 4:8.

6. ਦਾਊਦ ਗੋਲਿਅਥ ਨਾਲ ਕਿਉਂ ਲੜਿਆ ਅਤੇ ਸਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੀ ਹੋਣਾ ਚਾਹੀਦਾ ਹੈ?

6 ਅਸੀਂ ਗੋਲਿਅਥ ਤੇ ਦਾਊਦ ਦੀ ਕਹਾਣੀ ਤੋਂ ਇਕ ਹੋਰ ਜ਼ਰੂਰੀ ਸਬਕ ਵੀ ਸਿੱਖਦੇ ਹਾਂ। ਜਦ ਦਾਊਦ ਲੜਾਈ ਦੇ ਮੈਦਾਨ ਵਿਚ ਆਇਆ, ਤਾਂ ਉਸ ਨੇ ਲੋਕਾਂ ਤੋਂ ਪੁੱਛਿਆ: “ਜਿਹੜਾ ਮਨੁੱਖ ਇਸ ਫਲਿਸਤੀ ਨੂੰ ਮਾਰੇ ਅਤੇ ਇਸ ਕਲੰਕ ਨੂੰ ਇਸਰਾਏਲ ਉੱਤੋਂ ਹਟਾਵੇ ਤਾਂ ਉਹ ਨੂੰ ਕੀ ਮਿਲੇਗਾ?” ਜਵਾਬ ਵਿਚ ਲੋਕਾਂ ਨੇ ਉਹੀ ਕਿਹਾ ਜੋ ਉਨ੍ਹਾਂ ਨੇ ਪਹਿਲਾਂ ਕਿਹਾ ਸੀ: “ਜਿਹੜਾ ਉਸ ਨੂੰ ਮਾਰੇਗਾ ਤਾਂ ਪਾਤਸ਼ਾਹ ਉਹ ਨੂੰ ਵੱਡੇ ਧਨ ਨਾਲ ਧਨਵਾਨ ਕਰੇਗਾ ਅਤੇ ਆਪਣੀ ਧੀ ਉਹ ਨੂੰ ਦੇਵੇਗਾ।” (1 ਸਮੂ. 17:25-27) ਪਰ ਦਾਊਦ ਨੂੰ ਇਨਾਮ ਦਾ ਲਾਲਚ ਨਹੀਂ ਸੀ। ਸਭ ਤੋਂ ਵੱਧ ਉਹ ਸੱਚੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕਰਨੀ ਚਾਹੁੰਦਾ ਸੀ। (1 ਸਮੂਏਲ 17:46, 47 ਪੜ੍ਹੋ।) ਸਾਡੇ ਬਾਰੇ ਕੀ? ਕੀ ਅਸੀਂ ਸਿਰਫ਼ ਧਨ-ਦੌਲਤ ਕਮਾਉਣ ਤੇ ਦੁਨੀਆਂ ਵਿਚ ਆਪਣਾ ਨਾਂ ਉੱਚਾ ਕਰਨ ਬਾਰੇ ਹੀ ਸੋਚਦੇ ਹਾਂ? ਅਸੀਂ ਦਾਊਦ ਵਰਗੇ ਬਣਨਾ ਚਾਹੁੰਦੇ ਹਾਂ ਜਿਸ ਨੇ ਕਿਹਾ: “ਮੇਰੇ ਨਾਲ ਰਲ ਕੇ ਯਹੋਵਾਹ ਦੀ ਵਡਿਆਈ ਕਰੋ, ਰਲ ਮਿਲ ਕੇ ਅਸੀਂ ਉਹ ਦੇ ਨਾਮ ਨੂੰ ਸਲਾਹੀਏ।” (ਜ਼ਬੂ. 34:3) ਇਸ ਲਈ ਆਓ ਆਪਾਂ ਪਰਮੇਸ਼ੁਰ ’ਤੇ ਭਰੋਸਾ ਰੱਖ ਕੇ ਆਪਣਾ ਨਾਂ ਉੱਚਾ ਕਰਨ ਦੀ ਬਜਾਇ ਉਸ ਦਾ ਨਾਂ ਉੱਚਾ ਕਰੀਏ।—ਮੱਤੀ 6:9.

7. ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਲਈ ਅਸੀਂ ਆਪਣੀ ਨਿਹਚਾ ਕਿਵੇਂ ਪੱਕੀ ਕਰ ਸਕਦੇ ਹਾਂ, ਉਦੋਂ ਵੀ ਜਦ ਲੋਕ ਸਾਡੀ ਗੱਲ ਨਹੀਂ ਸੁਣਦੇ?

7 ਹਿੰਮਤ ਨਾਲ ਗੋਲਿਅਥ ਦਾ ਸਾਮ੍ਹਣਾ ਕਰਨ ਲਈ ਦਾਊਦ ਨੂੰ ਯਹੋਵਾਹ ’ਤੇ ਪੂਰਾ ਭਰੋਸਾ ਰੱਖਣ ਦੀ ਲੋੜ ਸੀ। ਬਚਪਨ ਤੋਂ ਦਾਊਦ ਦੀ ਨਿਹਚਾ ਪੱਕੀ ਸੀ। ਉਸ ਨੇ ਚਰਵਾਹੇ ਵਜੋਂ ਇਸ ਗੱਲ ਦਾ ਸਬੂਤ ਦਿੱਤਾ ਸੀ ਕਿ ਉਹ ਪਰਮੇਸ਼ੁਰ ’ਤੇ ਇਤਬਾਰ ਕਰਦਾ ਸੀ। (1 ਸਮੂ. 17:34-37) ਸਾਡੀ ਵੀ ਨਿਹਚਾ ਪੱਕੀ ਹੋਣੀ ਚਾਹੀਦੀ ਹੈ ਤਾਂਕਿ ਅਸੀਂ ਪ੍ਰਚਾਰ ਦੇ ਕੰਮ ਵਿਚ ਲੱਗੇ ਰਹੀਏ, ਉਦੋਂ ਵੀ ਜਦ ਲੋਕ ਸਾਡੀ ਗੱਲ ਨਹੀਂ ਸੁਣਦੇ। ਜੇ ਅਸੀਂ ਦਿਨ-ਬਦਿਨ ਆਪਣੇ ਕੰਮਾਂ ਵਿਚ ਪਰਮੇਸ਼ੁਰ ’ਤੇ ਭਰੋਸਾ ਰੱਖੀਏ, ਤਾਂ ਸਾਡੀ ਨਿਹਚਾ ਵੀ ਪੱਕੀ ਹੋਵੇਗੀ। ਮਿਸਾਲ ਲਈ, ਅਸੀਂ ਬੱਸਾਂ-ਟ੍ਰੇਨਾਂ ਵਿਚ ਸਫ਼ਰ ਕਰਦੇ ਹੋਏ ਲੋਕਾਂ ਨਾਲ ਬਾਈਬਲ ਬਾਰੇ ਗੱਲ ਕਰ ਸਕਦੇ ਹਾਂ। ਨਾਲੇ ਅਸੀਂ ਘਰ-ਘਰ ਪ੍ਰਚਾਰ ਕਰਦੇ ਸਮੇਂ ਸੜਕਾਂ ’ਤੇ ਲੋਕਾਂ ਨਾਲ ਵੀ ਗੱਲਬਾਤ ਕਰ ਸਕਦੇ ਹਾਂ।—ਰਸੂ. 20:20, 21.

ਦਾਊਦ ਨੇ ਯਹੋਵਾਹ ਦੇ ਸਮੇਂ ਦੀ ਉਡੀਕ ਕੀਤੀ

8, 9. ਰਾਜਾ ਸ਼ਾਊਲ ਨਾਲ ਪੇਸ਼ ਆਉਂਦੇ ਵੇਲੇ ਦਾਊਦ ਨੇ ਯਹੋਵਾਹ ਵਰਗਾ ਨਜ਼ਰੀਆ ਕਿਵੇਂ ਦਿਖਾਇਆ?

8 ਇਜ਼ਰਾਈਲ ਦੇ ਪਹਿਲੇ ਰਾਜੇ ਸ਼ਾਊਲ ਦੇ ਮਾਮਲੇ ਵਿਚ ਵੀ ਦਾਊਦ ਨੇ ਦਿਖਾਇਆ ਕਿ ਉਹ ਯਹੋਵਾਹ ’ਤੇ ਭਰੋਸਾ ਰੱਖਦਾ ਸੀ। ਸ਼ਾਊਲ ਦਾਊਦ ਨਾਲ ਇੰਨੀ ਈਰਖਾ ਕਰਦਾ ਸੀ ਕਿ ਉਸ ਨੇ ਤਿੰਨ ਵਾਰ ਦਾਊਦ ਨੂੰ ਬਰਛੇ ਨਾਲ ਵਿੰਨ੍ਹਣ ਦੀ ਕੋਸ਼ਿਸ਼ ਕੀਤੀ। ਹਰ ਵਾਰ ਦਾਊਦ ਉਸ ਤੋਂ ਬਚ ਨਿਕਲਿਆ ਤੇ ਉਸ ਨੇ ਬਦਲਾ ਲੈਣ ਤੋਂ ਇਨਕਾਰ ਕੀਤਾ। ਅਖ਼ੀਰ ਵਿਚ ਉਹ ਸ਼ਾਊਲ ਤੋਂ ਦੂਰ ਭੱਜ ਗਿਆ। (1 ਸਮੂ. 18:7-11; 19:10) ਫਿਰ ਸ਼ਾਊਲ ਨੇ ਸਾਰੇ ਇਜ਼ਰਾਈਲ ਵਿੱਚੋਂ 3,000 ਕਾਬਲ ਬੰਦਿਆਂ ਦੀ ਫ਼ੌਜ ਇਕੱਠੀ ਕੀਤੀ ਤੇ ਉਜਾੜ ਵਿਚ ਦਾਊਦ ਦਾ ਪਿੱਛਾ ਕੀਤਾ। (1 ਸਮੂ. 24:2) ਫਿਰ ਇਕ ਦਿਨ ਸ਼ਾਊਲ ਅਣਜਾਣੇ ਵਿਚ ਉਸੇ ਗੁਫਾ ਵਿਚ ਗਿਆ ਜਿੱਥੇ ਦਾਊਦ ਤੇ ਉਸ ਦੇ ਆਦਮੀ ਲੁਕੇ ਹੋਏ ਸਨ। ਜੇ ਦਾਊਦ ਚਾਹੁੰਦਾ, ਤਾਂ ਉਹ ਇਸ ਸਮੇਂ ਆਪਣੇ ਜਾਨੀ ਦੁਸ਼ਮਣ ਨੂੰ ਖ਼ਤਮ ਕਰ ਸਕਦਾ ਸੀ। ਉਹ ਸੋਚ ਸਕਦਾ ਸੀ ਕਿ ਪਰਮੇਸ਼ੁਰ ਨੇ ਹੀ ਉਸ ਨੂੰ ਸ਼ਾਊਲ ਦੀ ਥਾਂ ਇਜ਼ਰਾਈਲ ਦਾ ਰਾਜਾ ਬਣਨ ਲਈ ਚੁਣਿਆ ਸੀ। (1 ਸਮੂ. 16:1, 13) ਜੇ ਦਾਊਦ ਆਪਣੇ ਆਦਮੀਆਂ ਦੀ ਗੱਲ ਮੰਨ ਲੈਂਦਾ, ਤਾਂ ਰਾਜਾ ਆਪਣੀ ਜਾਨ ਤੋਂ ਹੱਥ ਧੋ ਬੈਠਦਾ। ਪਰ ਦਾਊਦ ਨੇ ਕਿਹਾ: “ਯਹੋਵਾਹ ਨਾ ਕਰੇ ਭਈ ਮੈਂ ਆਪਣੇ ਸੁਆਮੀ ਨਾਲ ਜੋ ਯਹੋਵਾਹ ਵੱਲੋਂ ਮਸਹ ਹੋਇਆ ਹੈ ਅਜਿਹਾ ਕੰਮ ਕਰਾਂ ਜੋ ਆਪਣਾ ਹੱਥ ਉਹ ਦੇ ਵਿਰੁੱਧ ਚਲਾਵਾਂ ਕਿਉਂ ਜੋ ਉਹ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਹੈ।” (1 ਸਮੂਏਲ 24:4-7 ਪੜ੍ਹੋ।) ਦਾਊਦ ਜਾਣਦਾ ਸੀ ਕਿ ਸ਼ਾਊਲ ਅਜੇ ਵੀ ਪਰਮੇਸ਼ੁਰ ਦਾ ਚੁਣਿਆ ਹੋਇਆ ਰਾਜਾ ਸੀ। ਉਹ ਸ਼ਾਊਲ ਤੋਂ ਉਸ ਦੀ ਰਾਜ-ਗੱਦੀ ਨਹੀਂ ਖੋਹਣੀ ਚਾਹੁੰਦਾ ਸੀ ਕਿਉਂਕਿ ਯਹੋਵਾਹ ਨੇ ਰਾਜੇ ਦੀ ਪਦਵੀ ਤੋਂ ਉਸ ਨੂੰ ਅਜੇ ਨਹੀਂ ਹਟਾਇਆ ਸੀ। ਭਾਵੇਂ ਕਿ ਉਸ ਵੇਲੇ ਦਾਊਦ ਨੇ ਸ਼ਾਊਲ ਦੇ ਕੱਪੜੇ ਦਾ ਟੁਕੜਾ ਕੱਟ ਲਿਆ ਸੀ, ਪਰ ਉਸ ਨੇ ਦਿਖਾਇਆ ਕਿ ਉਹ ਉਸ ਦੀ ਜਾਨ ਨਹੀਂ ਲੈਣੀ ਚਾਹੁੰਦਾ ਸੀ।—1 ਸਮੂ. 24:11.

9 ਦਾਊਦ ਨੇ ਉਦੋਂ ਵੀ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਦਾ ਆਦਰ ਕੀਤਾ ਜਦ ਉਹ ਉਸ ਨੂੰ ਆਖ਼ਰੀ ਵਾਰ ਮਿਲਿਆ। ਉਸ ਸਮੇਂ ਦਾਊਦ ਅਤੇ ਅਬੀਸ਼ਈ ਉਸ ਜਗ੍ਹਾ ਪਹੁੰਚੇ ਜਿੱਥੇ ਸ਼ਾਊਲ ਨੇ ਡੇਰਾ ਲਾਇਆ ਹੋਇਆ ਸੀ ਤੇ ਸੁੱਤਾ ਪਿਆ ਸੀ। ਅਬੀਸ਼ਈ ਨੇ ਕਿਹਾ ਕਿ ਪਰਮੇਸ਼ੁਰ ਨੇ ਦਾਊਦ ਦੇ ਦੁਸ਼ਮਣ ਸ਼ਾਊਲ ਨੂੰ ਉਸ ਦੇ ਹੱਥ ਕਰ ਦਿੱਤਾ ਸੀ ਤੇ ਉਹ ਬਰਛੇ ਨਾਲ ਸ਼ਾਊਲ ਨੂੰ ਧਰਤੀ ਨਾਲ ਵਿੰਨ੍ਹਣਾ ਚਾਹੁੰਦਾ ਸੀ। ਪਰ ਦਾਊਦ ਨੇ ਉਸ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ। (1 ਸਮੂ. 26:8-11) ਦਾਊਦ ਨੇ ਹਮੇਸ਼ਾ ਯਹੋਵਾਹ ਦੇ ਸਮੇਂ ਦੀ ਉਡੀਕ ਕੀਤੀ ਤੇ ਉਹ ਉਸ ਦੀ ਅਗਵਾਈ ਵਿਚ ਚੱਲਿਆ। ਇਸ ਲਈ ਅਬੀਸ਼ਈ ਦੇ ਕਹਿਣ ਦੇ ਬਾਵਜੂਦ ਉਸ ਨੇ ਯਹੋਵਾਹ ਦੇ ਚੁਣੇ ਹੋਏ ਰਾਜੇ ’ਤੇ ਹਮਲਾ ਨਹੀਂ ਕੀਤਾ।

10. ਸਾਡੇ ਨਾਲ ਵੀ ਸ਼ਾਇਦ ਕੀ ਹੋ ਸਕਦਾ ਅਤੇ ਅਸੀਂ ਸਹੀ ਫ਼ੈਸਲਾ ਕਿਵੇਂ ਕਰ ਪਾਵਾਂਗੇ?

10 ਸਾਡੇ ਨਾਲ ਵੀ ਸ਼ਾਇਦ ਇਸ ਤਰ੍ਹਾਂ ਹੋ ਸਕਦਾ ਹੈ। ਦੂਜੇ ਲੋਕ ਸਾਡੇ ’ਤੇ ਯਹੋਵਾਹ ਦੀ ਇੱਛਾ ਪੂਰੀ ਕਰਨ ਦੀ ਬਜਾਇ ਆਪਣੀ ਇੱਛਾ ਪੂਰੀ ਕਰਾਉਣ ਦਾ ਦਬਾਅ ਪਾਉਣ। ਅਬੀਸ਼ਈ ਵਾਂਗ ਕੋਈ ਸ਼ਾਇਦ ਚਾਹੇ ਕਿ ਅਸੀਂ ਕਿਸੇ ਮਾਮਲੇ ਬਾਰੇ ਪਰਮੇਸ਼ੁਰ ਦੇ ਨਜ਼ਰੀਏ ’ਤੇ ਸੋਚ-ਵਿਚਾਰ ਕੀਤੇ ਬਿਨਾਂ ਉਸੇ ਵਕਤ ਫ਼ੈਸਲਾ ਕਰੀਏ। ਲੋਕਾਂ ਦੀਆਂ ਗੱਲਾਂ ਵਿਚ ਆਉਣ ਦੀ ਬਜਾਇ ਸਾਨੂੰ ਯਹੋਵਾਹ ਦਾ ਨਜ਼ਰੀਆ ਧਿਆਨ ਵਿਚ ਰੱਖਣਾ ਚਾਹੀਦਾ ਹੈ ਤੇ ਇਸ ਮੁਤਾਬਕ ਚੱਲਣ ਦਾ ਪੱਕਾ ਫ਼ੈਸਲਾ ਕਰਨਾ ਚਾਹੀਦਾ ਹੈ।

11. ਦਾਊਦ ਨੇ ਕਿਵੇਂ ਦਿਖਾਇਆ ਕਿ ਪਰਮੇਸ਼ੁਰ ਦਾ ਨਜ਼ਰੀਆ ਹੋਣਾ ਉਸ ਲਈ ਸਭ ਤੋਂ ਜ਼ਰੂਰੀ ਸੀ ਤੇ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ?

11 ਦਾਊਦ ਨੇ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: “ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ।” (ਜ਼ਬੂਰਾਂ ਦੀ ਪੋਥੀ 143:5, 8, 10 ਪੜ੍ਹੋ।) ਦਾਊਦ ਨੇ ਆਪਣੇ ਵਿਚਾਰਾਂ ’ਤੇ ਭਰੋਸਾ ਨਹੀਂ ਰੱਖਿਆ ਤੇ ਨਾ ਹੀ ਉਹ ਦੂਜਿਆਂ ਦੀਆਂ ਗੱਲਾਂ ਵਿਚ ਆਇਆ। ਇਸ ਦੀ ਬਜਾਇ, ਉਹ ਪਰਮੇਸ਼ੁਰ ਤੋਂ ਸਿੱਖਣਾ ਚਾਹੁੰਦਾ ਸੀ। ਉਸ ਨੇ ‘ਯਹੋਵਾਹ ਦੀਆਂ ਸਾਰੀਆਂ ਕਰਨੀਆਂ ਦਾ ਵਿਚਾਰ ਕੀਤਾ ਅਤੇ ਉਸ ਦੇ ਹੱਥਾਂ ਦੇ ਕੰਮਾਂ ਦਾ ਧਿਆਨ ਕੀਤਾ।’ ਅਸੀਂ ਪਰਮੇਸ਼ੁਰ ਦੀ ਇੱਛਾ ਤਾਂ ਹੀ ਜਾਣ ਸਕਦੇ ਹਾਂ ਜੇ ਅਸੀਂ ਬਾਈਬਲ ਪੜ੍ਹੀਏ ਤੇ ਇਸ ’ਤੇ ਸੋਚ-ਵਿਚਾਰ ਕਰੀਏ ਕਿ ਪੁਰਾਣੇ ਜ਼ਮਾਨੇ ਵਿਚ ਯਹੋਵਾਹ ਇਨਸਾਨਾਂ ਨਾਲ ਕਿਵੇਂ ਪੇਸ਼ ਆਇਆ ਸੀ।

ਦਾਊਦ ਨੂੰ ਯਹੋਵਾਹ ਦੇ ਅਸੂਲਾਂ ਦੀ ਸਮਝ ਸੀ

12, 13. ਦਾਊਦ ਨੇ ਉਹ ਪਾਣੀ ਕਿਉਂ ਡੋਲ੍ਹ ਦਿੱਤਾ ਸੀ ਜੋ ਉਸ ਦੇ ਆਦਮੀ ਉਸ ਲਈ ਲੈ ਕੇ ਆਏ ਸਨ?

12 ਅਸੀਂ ਦਾਊਦ ਤੋਂ ਇਕ ਹੋਰ ਗੱਲ ਵੀ ਸਿੱਖ ਸਕਦੇ ਹਾਂ। ਦਾਊਦ ਨੂੰ ਯਹੋਵਾਹ ਦੇ ਅਸੂਲਾਂ ਦੀ ਸਮਝ ਸੀ ਤੇ ਉਹ ਉਨ੍ਹਾਂ ਮੁਤਾਬਕ ਜੀਉਣਾ ਚਾਹੁੰਦਾ ਸੀ। ਜ਼ਰਾ ਧਿਆਨ ਦਿਓ ਕਿ ਉਸ ਸਮੇਂ ਕੀ ਹੋਇਆ ਜਦ ਦਾਊਦ ਨੇ ਕਿਹਾ: ‘ਕਾਸ਼ ਕਿ ਕੋਈ ਬੈਤਲਹਮ ਦੇ ਖੂਹ ਤੋਂ ਮੈਨੂੰ ਪਾਣੀ ਪਿਲਾਵੇ।’ ਦਾਊਦ ਦੇ ਤਿੰਨ ਆਦਮੀ ਆਪਣੀ ਜਾਨ ’ਤੇ ਖੇਡ ਕੇ ਉਸ ਸ਼ਹਿਰ ਤੋਂ ਪਾਣੀ ਲੈ ਕੇ ਆਏ ਜੋ ਫਲਿਸਤੀਆਂ ਦੇ ਕਬਜ਼ੇ ਵਿਚ ਸੀ। ਪਰ ‘ਦਾਊਦ ਨੇ ਪਾਣੀ ਨਾ ਪੀਤਾ ਸਗੋਂ ਉਸ ਨੂੰ ਯਹੋਵਾਹ ਦੇ ਅੱਗੇ ਡੋਹਲ ਦਿੱਤਾ।’ ਕਿਉਂ? ਦਾਊਦ ਨੇ ਸਮਝਾਇਆ: “ਮੈਨੂੰ ਆਪਣੇ ਪਰਮੇਸ਼ੁਰ ਦੀ ਵੱਲੋਂ ਨਿਖਿੱਧ ਹੋਵੇ, ਜੋ ਮੈਂ ਇਹ ਕੰਮ ਕਰਾਂ, ਭਲਾ, ਮੈਂ ਇਨ੍ਹਾਂ ਲੋਕਾਂ ਦਾ ਲਹੂ ਪੀਵਾਂ ਜਿਨ੍ਹਾਂ ਨੇ ਆਪਣੇ ਪ੍ਰਾਣਾਂ ਨੂੰ ਤਲੀ ਉੱਤੇ ਧਰਿਆ ਹੈ? ਕਿਉਂ ਜੋ ਓਹ ਸਿਰੋਂ ਪਰੇ ਦੀ ਖੇਡ ਨਾਲ ਇਸ ਨੂੰ ਲਿਆਏ।”—1 ਇਤ. 11:15-19.

13 ਦਾਊਦ ਜਾਣਦਾ ਸੀ ਕਿ ਮੂਸਾ ਦੇ ਕਾਨੂੰਨ ਵਿਚ ਲਹੂ ਨੂੰ ਖਾਣ ਤੋਂ ਮਨ੍ਹਾ ਕੀਤਾ ਗਿਆ ਸੀ ਕਿਉਂਕਿ “ਸਰੀਰ ਦੀ ਜਿੰਦ ਉਸ ਦੇ ਲਹੂ ਵਿੱਚ ਹੈ।” ਇਸ ਕਰਕੇ ਲਹੂ ਨੂੰ ਯਹੋਵਾਹ ਅੱਗੇ ਡੋਲ੍ਹਣ ਦਾ ਹੁਕਮ ਦਿੱਤਾ ਗਿਆ ਸੀ। ਪਰ ਇਹ ਤਾਂ ਪਾਣੀ ਸੀ, ਲਹੂ ਨਹੀਂ। ਤਾਂ ਫਿਰ ਦਾਊਦ ਨੇ ਇਹ ਪਾਣੀ ਕਿਉਂ ਨਹੀਂ ਪੀਤਾ? ਉਹ ਉਸ ਅਸੂਲ ਨੂੰ ਸਮਝਦਾ ਸੀ ਜਿਸ ਦੇ ਆਧਾਰ ’ਤੇ ਇਹ ਕਾਨੂੰਨ ਦਿੱਤਾ ਗਿਆ ਸੀ। ਦਾਊਦ ਲਈ ਉਹ ਪਾਣੀ ਉਨ੍ਹਾਂ ਤਿੰਨ ਆਦਮੀਆਂ ਦੇ ਲਹੂ ਜਿੰਨਾ ਕੀਮਤੀ ਸੀ। ਇਸ ਕਰਕੇ ਉਹ ਉਸ ਪਾਣੀ ਨੂੰ ਪੀਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਪਾਣੀ ਪੀਣ ਦੀ ਬਜਾਇ ਉਸ ਨੇ ਪਾਣੀ ਜ਼ਮੀਨ ’ਤੇ ਡੋਲ੍ਹ ਦਿੱਤਾ।—ਲੇਵੀ. 17:11; ਬਿਵ. 12:23, 24.

14. ਕਿਸ ਚੀਜ਼ ਨੇ ਯਹੋਵਾਹ ਦਾ ਨਜ਼ਰੀਆ ਅਪਣਾਉਣ ਵਿਚ ਦਾਊਦ ਦੀ ਮਦਦ ਕੀਤੀ?

14 ਪਰਮੇਸ਼ੁਰ ਦਾ ਕਾਨੂੰਨ ਦਾਊਦ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਸੀ। ਉਸ ਨੇ ਕਿਹਾ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।” (ਜ਼ਬੂ. 40:8) ਦਾਊਦ ਪਰਮੇਸ਼ੁਰ ਦਾ ਕਾਨੂੰਨ ਪੜ੍ਹਦਾ ਸੀ ਅਤੇ ਡੂੰਘਾਈ ਨਾਲ ਉਸ ’ਤੇ ਸੋਚ-ਵਿਚਾਰ ਕਰਦਾ ਸੀ। ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰ ਕੇ ਉਸ ਨੂੰ ਫ਼ਾਇਦਾ ਹੋਵੇਗਾ। ਇਸ ਲਈ ਉਹ ਨਾ ਸਿਰਫ਼ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਮੰਨਦਾ ਸੀ, ਪਰ ਉਨ੍ਹਾਂ ਅਸੂਲਾਂ ਨੂੰ ਵੀ ਸਮਝਦਾ ਸੀ ਜਿਨ੍ਹਾਂ ਦੇ ਆਧਾਰ ’ਤੇ ਕਾਨੂੰਨ ਬਣਾਏ ਗਏ ਸਨ। ਜਦ ਅਸੀਂ ਬਾਈਬਲ ਦੀ ਸਟੱਡੀ ਕਰਦੇ ਹਾਂ, ਤਾਂ ਸਾਨੂੰ ਇਸ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਤੇ ਇਸ ਦੀਆਂ ਗੱਲਾਂ ਨੂੰ ਆਪਣੇ ਦਿਲ ਵਿਚ ਬਿਠਾਉਣਾ ਚਾਹੀਦਾ ਹੈ ਤਾਂਕਿ ਅਸੀਂ ਹਮੇਸ਼ਾ ਉਹ ਕੰਮ ਕਰੀਏ ਜੋ ਯਹੋਵਾਹ ਨੂੰ ਖ਼ੁਸ਼ ਕਰਦੇ ਹਨ।

15. ਸੁਲੇਮਾਨ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਹ ਪਰਮੇਸ਼ੁਰ ਦੇ ਹੁਕਮਾਂ ਦੀ ਕਦਰ ਨਹੀਂ ਕਰਦਾ ਸੀ?

15 ਦਾਊਦ ਦੇ ਪੁੱਤਰ ਸੁਲੇਮਾਨ ’ਤੇ ਯਹੋਵਾਹ ਦੀ ਬਹੁਤ ਮਿਹਰ ਸੀ। ਪਰ ਸਮੇਂ ਦੇ ਬੀਤਣ ਨਾਲ ਸੁਲੇਮਾਨ ਨੇ ਪਰਮੇਸ਼ੁਰ ਦੇ ਹੁਕਮਾਂ ਦੀ ਕਦਰ ਕਰਨੀ ਛੱਡ ਦਿੱਤੀ। ਉਸ ਨੇ ਯਹੋਵਾਹ ਦਾ ਇਹ ਹੁਕਮ ਨਹੀਂ ਮੰਨਿਆ ਕਿ ਇਜ਼ਰਾਈਲ ਦਾ ਕੋਈ ਵੀ ਰਾਜਾ ‘ਆਪਣੇ ਲਈ ਤੀਵੀਆਂ ਨਾ ਵਧਾਵੇ।’ (ਬਿਵ. 17:17) ਸੁਲੇਮਾਨ ਨੇ ਤਾਂ ਹੋਰ ਕੌਮਾਂ ਦੀਆਂ ਕਈ ਤੀਵੀਆਂ ਨਾਲ ਵੀ ਵਿਆਹ ਕਰਾਏ। ਬੁਢਾਪੇ ਵਿਚ “ਉਹ ਦੀਆਂ ਇਸਤ੍ਰੀਆਂ ਨੇ ਉਹ ਦੇ ਮਨ ਨੂੰ ਹੋਰ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ।” ਉਸ ਨੇ ਪਰਮੇਸ਼ੁਰ ਦੇ ਹੁਕਮ ਤੋੜਨ ਦੇ ਜਿੰਨੇ ਮਰਜ਼ੀ ਬਹਾਨੇ ਬਣਾਏ ਹੋਣ, ਪਰ ਅਸਲੀਅਤ ਇਹ ਹੈ ਕਿ “ਸੁਲੇਮਾਨ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਯਹੋਵਾਹ ਦੇ ਪਿੱਛੇ ਪੂਰੀ ਤਰਾਂ ਨਾ ਚੱਲਿਆ ਜਿਵੇਂ ਉਹ ਦੇ ਪਿਤਾ ਦਾਊਦ ਨੇ ਕੀਤਾ।” (1 ਰਾਜ. 11:1-6) ਕਿੰਨਾ ਜ਼ਰੂਰੀ ਹੈ ਕਿ ਅਸੀਂ ਬਾਈਬਲ ਵਿਚ ਦੱਸੇ ਪਰਮੇਸ਼ੁਰ ਦੇ ਹੁਕਮਾਂ ਤੇ ਅਸੂਲਾਂ ’ਤੇ ਚੱਲੀਏ। ਮਿਸਾਲ ਲਈ, ਵਿਆਹ ਦੇ ਮਾਮਲੇ ਵਿਚ ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ।

16. “ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰਾਉਣ ਦੇ ਕਾਨੂੰਨ ਤੋਂ ਅਸੀਂ ਕੀ ਸਿੱਖਦੇ ਹਾਂ?

16 ਜੇ ਯਹੋਵਾਹ ਨੂੰ ਨਾ ਮੰਨਣ ਵਾਲਾ ਕੋਈ ਵਿਅਕਤੀ ਸਾਨੂੰ ਪਸੰਦ ਕਰਨ ਲੱਗ ਪਵੇ, ਤਾਂ ਕੀ ਸਾਡਾ ਨਜ਼ਰੀਆ ਦਾਊਦ ਵਰਗਾ ਹੋਵੇਗਾ ਜਾਂ ਸੁਲੇਮਾਨ ਵਰਗਾ? ਬਾਈਬਲ ਕਹਿੰਦੀ ਹੈ ਕਿ ਯਹੋਵਾਹ ਦੇ ਭਗਤਾਂ ਨੂੰ “ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਹੀ ਵਿਆਹ ਕਰਾਉਣਾ ਚਾਹੀਦਾ ਹੈ। (1 ਕੁਰਿੰ. 7:39) ਜੇ ਅਸੀਂ ਇਸ ਗੱਲ ਦੀ ਪੂਰੀ ਤਰ੍ਹਾਂ ਕਦਰ ਕਰਦੇ ਹਾਂ, ਤਾਂ ਅਸੀਂ ਨਾ ਸਿਰਫ਼ ਇਹ ਹੁਕਮ ਮੰਨਾਂਗੇ, ਸਗੋਂ ਸਾਡੇ ਨਾਲ ਨਜ਼ਦੀਕੀਆਂ ਵਧਾਉਣ ਦੀ ਕੋਸ਼ਿਸ਼ ਕਰਨ ਵਾਲੇ ਤੋਂ ਦੂਰ ਹੀ ਰਹਾਂਗੇ।

17. ਅਸੀਂ ਅਸ਼ਲੀਲ ਤਸਵੀਰਾਂ ਦੇਖਣ ਦੇ ਫੰਦੇ ਤੋਂ ਕਿੱਦਾਂ ਬਚ ਸਕਦੇ ਹਾਂ?

17 ਹਰ ਗੱਲ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖਣ ਵਿਚ ਦਾਊਦ ਦੀ ਮਿਸਾਲ ਅਸ਼ਲੀਲ ਤਸਵੀਰਾਂ ਵਗੈਰਾ ਨਾ ਦੇਖਣ ਵਿਚ ਵੀ ਸਾਡੀ ਮਦਦ ਕਰਦੀ ਹੈ। ਬਾਈਬਲ ਵਿੱਚੋਂ ਹੇਠਾਂ ਦਿੱਤੇ ਹਵਾਲੇ ਪੜ੍ਹੋ, ਇਨ੍ਹਾਂ ਵਿਚ ਦਿੱਤੇ ਯਹੋਵਾਹ ਦੇ ਅਸੂਲਾਂ ਬਾਰੇ ਸੋਚੋ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਅਸ਼ਲੀਲਤਾ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ। (ਜ਼ਬੂਰਾਂ ਦੀ ਪੋਥੀ 119:37; ਮੱਤੀ 5:28, 29; ਕੁਲੁੱਸੀਆਂ 3:5 ਪੜ੍ਹੋ।) ਯਹੋਵਾਹ ਦੇ ਉੱਚੇ ਮਿਆਰਾਂ ’ਤੇ ਸੋਚ-ਵਿਚਾਰ ਕਰਨ ਨਾਲ ਅਸੀਂ ਅਸ਼ਲੀਲ ਤਸਵੀਰਾਂ ਦੇਖਣ ਦੇ ਫੰਦੇ ਤੋਂ ਬਚ ਸਕਦੇ ਹਾਂ।

ਹਰ ਵਕਤ ਪਰਮੇਸ਼ੁਰ ਦਾ ਨਜ਼ਰੀਆ ਰੱਖੋ

18, 19. (ੳ) ਵੱਡੇ ਪਾਪ ਕਰਨ ਦੇ ਬਾਵਜੂਦ ਵੀ ਦਾਊਦ ਯਹੋਵਾਹ ਦੀ ਮਿਹਰ ਕਿਵੇਂ ਪਾ ਸਕਿਆ? (ਅ) ਤੁਹਾਡਾ ਕੀ ਇਰਾਦਾ ਹੈ?

18 ਭਾਵੇਂ ਦਾਊਦ ਨੇ ਕਈ ਗੱਲਾਂ ਵਿਚ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ, ਪਰ ਉਸ ਨੇ ਕਈ ਵੱਡੇ ਪਾਪ ਕੀਤੇ। (2 ਸਮੂ. 11:2-4, 14, 15, 22-27; 1 ਇਤ. 21:1, 7) ਫਿਰ ਵੀ ਉਸ ਨੇ ਪਾਪ ਕਰਨ ਤੋਂ ਬਾਅਦ ਹਮੇਸ਼ਾ ਤੋਬਾ ਕੀਤੀ। ਬਾਈਬਲ ਕਹਿੰਦੀ ਹੈ ਕਿ ਉਹ ਪਰਮੇਸ਼ੁਰ ਨਾਲ “ਮਨ ਦੀ ਸਚਿਆਈ” ਨਾਲ ਚੱਲਿਆ। (1 ਰਾਜ. 9:4) ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਕਿਉਂਕਿ ਉਸ ਨੇ ਹਮੇਸ਼ਾ ਯਹੋਵਾਹ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕੀਤੀ।

19 ਪਾਪੀ ਹੋਣ ਦੇ ਬਾਵਜੂਦ ਅਸੀਂ ਵੀ ਯਹੋਵਾਹ ਦੀ ਮਿਹਰ ਪਾ ਸਕਦੇ ਹਾਂ। ਇਸ ਨੂੰ ਮਨ ਵਿਚ ਰੱਖਦੇ ਹੋਏ ਆਓ ਆਪਾਂ ਪਰਮੇਸ਼ੁਰ ਦੇ ਬਚਨ ਦਾ ਦਿਲੋਂ ਅਧਿਐਨ ਕਰੀਏ, ਉਸ ਦੀਆਂ ਗੱਲਾਂ ’ਤੇ ਸੋਚ-ਵਿਚਾਰ ਕਰੀਏ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੀਏ। ਫਿਰ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਯਹੋਵਾਹ ਨੂੰ ਨਿਮਰਤਾ ਨਾਲ ਪ੍ਰਾਰਥਨਾ ਕਰ ਸਕਾਂਗੇ: “ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ।”

[ਸਵਾਲ]

[ਸਫ਼ਾ 5 ਉੱਤੇ ਤਸਵੀਰ]

ਮੌਕਾ ਮਿਲਣ ਤੇ ਵੀ ਦਾਊਦ ਨੇ ਸ਼ਾਊਲ ਨੂੰ ਜਾਨੋਂ ਕਿਉਂ ਨਹੀਂ ਮਾਰਿਆ?

[ਸਫ਼ਾ 6 ਉੱਤੇ ਤਸਵੀਰ]

ਦਾਊਦ ਨੇ ਉਹ ਪਾਣੀ ਨਹੀਂ ਪੀਤਾ ਜੋ ਉਸ ਦੇ ਆਦਮੀ ਉਸ ਲਈ ਲੈ ਕੇ ਆਏ ਸਨ। ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?