Skip to content

Skip to table of contents

ਜ਼ਿੰਦਗੀ ਵਿਚ ਸਫ਼ਲਤਾ ਪਾਓ

ਜ਼ਿੰਦਗੀ ਵਿਚ ਸਫ਼ਲਤਾ ਪਾਓ

ਜ਼ਿੰਦਗੀ ਵਿਚ ਸਫ਼ਲਤਾ ਪਾਓ

“ਤੂੰ ਜੋ ਕੁਝ ਵੀ ਕਰੇਂਗਾ ਉਸ ਬਾਰੇ ਸਿਆਣਪ ਅਤੇ ਸਫ਼ਲਤਾ ਹਾਸਿਲ ਕਰ ਸਕੇਂਗਾ।”—ਯਹੋ. 1:8, ERV.

ਤੁਸੀਂ ਕੀ ਜਵਾਬ ਦਿਓਗੇ?

ਸੁਲੇਮਾਨ ਕਿਉਂ ਸਫ਼ਲ ਹੋਇਆ ਸੀ?

ਲੁਸ ਕਿਵੇਂ ਸਫ਼ਲ ਹੋਇਆ ਸੀ?

ਤੁਸੀਂ ਅਸਲੀ ਸਫ਼ਲਤਾ ਕਿੱਦਾਂ ਪਾ ਸਕਦੇ ਹੋ?

1, 2. (ੳ) ਕਈ ਲੋਕਾਂ ਲਈ ਸਫ਼ਲਤਾ ਦਾ ਕੀ ਮਤਲਬ ਹੈ? (ਅ) ਤੁਸੀਂ ਸਫ਼ਲਤਾ ਬਾਰੇ ਆਪਣੇ ਵਿਚਾਰ ਕਿਵੇਂ ਜਾਣ ਸਕਦੇ ਹੋ?

ਤੁਹਾਡੇ ਖ਼ਿਆਲ ਵਿਚ ਸਫ਼ਲਤਾ ਦਾ ਕੀ ਮਤਲਬ ਹੈ? ਜਦੋਂ ਲੋਕਾਂ ਨੂੰ ਇਹ ਸਵਾਲ ਪੁੱਛਿਆ ਜਾਂਦਾ ਹੈ, ਤਾਂ ਇਸ ਦੇ ਵੱਖੋ-ਵੱਖਰੇ ਜਵਾਬ ਮਿਲਦੇ ਹਨ। ਮਿਸਾਲ ਲਈ, ਕਈ ਮੰਨਦੇ ਹਨ ਕਿ ਉਹ ਲੋਕ ਸਫ਼ਲ ਹਨ ਜੋ ਬਹੁਤ ਅਮੀਰ ਹਨ, ਜਿਨ੍ਹਾਂ ਕੋਲ ਵਧੀਆ ਤੋਂ ਵਧੀਆ ਨੌਕਰੀ ਹੈ ਜਾਂ ਜਿਨ੍ਹਾਂ ਨੇ ਉੱਚੀ ਡਿਗਰੀ ਹਾਸਲ ਕੀਤੀ ਹੈ। ਹੋਰ ਲੋਕ ਉਨ੍ਹਾਂ ਨੂੰ ਸਫ਼ਲ ਮੰਨਦੇ ਹਨ ਜਿਨ੍ਹਾਂ ਦਾ ਆਪਣੇ ਪਰਿਵਾਰ, ਦੋਸਤਾਂ ਤੇ ਕੰਮ ’ਤੇ ਆਪਣੇ ਸਾਥੀਆਂ ਨਾਲ ਵਧੀਆ ਰਿਸ਼ਤਾ ਹੈ। ਰੱਬ ਦੀ ਸੇਵਾ ਕਰਨ ਵਾਲਾ ਸ਼ਾਇਦ ਮੰਡਲੀ ਵਿਚ ਜ਼ਿੰਮੇਵਾਰੀਆਂ ਮਿਲਣ ਜਾਂ ਪ੍ਰਚਾਰ ਦੇ ਕੰਮ ਵਿਚ ਬਹੁਤ ਸਟੱਡੀਆਂ ਕਰਾਉਣ ਨੂੰ ਹੀ ਸਫ਼ਲਤਾ ਮੰਨਦਾ ਹੋਵੇ।

2 ਸਫ਼ਲਤਾ ਬਾਰੇ ਆਪਣੇ ਵਿਚਾਰ ਜਾਣਨ ਲਈ ਤੁਸੀਂ ਉਨ੍ਹਾਂ ਕੁਝ ਲੋਕਾਂ ਦੇ ਨਾਂ ਲਿਖੋ ਜਿਨ੍ਹਾਂ ਨੂੰ ਤੁਸੀਂ ਸਫ਼ਲ ਮੰਨਦੇ ਹੋ ਤੇ ਉਨ੍ਹਾਂ ਦਾ ਆਦਰ ਕਰਦੇ ਹੋ। ਉਨ੍ਹਾਂ ਸਾਰਿਆਂ ਵਿਚ ਕਿਹੜੀ ਖ਼ਾਸੀਅਤ ਹੈ? ਕੀ ਉਹ ਅਮੀਰ ਜਾਂ ਮੰਨੇ-ਪ੍ਰਮੰਨੇ ਹਨ? ਇਨ੍ਹਾਂ ਸਵਾਲਾਂ ਦੇ ਜਵਾਬਾਂ ਤੋਂ ਪਤਾ ਲੱਗੇਗਾ ਕਿ ਤੁਹਾਡੇ ਦਿਲ ਵਿਚ ਕੀ ਹੈ ਅਤੇ ਇਸ ਦਾ ਤੁਹਾਡੇ ਫ਼ੈਸਲਿਆਂ ਅਤੇ ਟੀਚਿਆਂ ’ਤੇ ਵੀ ਡੂੰਘਾ ਅਸਰ ਪੈ ਸਕਦਾ ਹੈ।—ਲੂਕਾ 6:45.

3. (ੳ) ਜ਼ਿੰਦਗੀ ਵਿਚ ਸਫ਼ਲ ਹੋਣ ਲਈ ਯਹੋਸ਼ੁਆ ਨੂੰ ਕੀ ਕਰਨ ਦੀ ਲੋੜ ਸੀ? (ਅ) ਅਸੀਂ ਕਿਸ ਗੱਲ ’ਤੇ ਗੌਰ ਕਰਾਂਗੇ?

3 ਸਾਡੇ ਲਈ ਇਹ ਗੱਲ ਸਭ ਤੋਂ ਜ਼ਿਆਦਾ ਮਾਅਨੇ ਰੱਖਦੀ ਹੈ ਕਿ ਕੀ ਯਹੋਵਾਹ ਸਾਨੂੰ ਸਫ਼ਲ ਸਮਝਦਾ ਹੈ ਜਾਂ ਨਹੀਂ ਕਿਉਂਕਿ ਉਸ ਦੀ ਮਿਹਰ ਤੋਂ ਬਿਨਾਂ ਸਾਡੀ ਜ਼ਿੰਦਗੀ ਕੁਝ ਵੀ ਨਹੀਂ ਹੈ। ਜਦੋਂ ਯਹੋਵਾਹ ਨੇ ਯਹੋਸ਼ੁਆ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਇਜ਼ਰਾਈਲੀਆਂ ਨੂੰ ਲੈ ਕੇ ਜਾਣ ਦੀ ਜ਼ਿੰਮੇਵਾਰੀ ਦਿੱਤੀ ਸੀ, ਤਾਂ ਯਹੋਵਾਹ ਨੇ ਉਸ ਨੂੰ ਕਿਹਾ ਕਿ ਉਹ “ਦਿਨ ਰਾਤ” ਮੂਸਾ ਦਾ ਕਾਨੂੰਨ ਪੜ੍ਹਿਆ ਕਰੇ ਅਤੇ ਉਸ ’ਤੇ ਚੱਲਿਆ ਕਰੇ। ਪਰਮੇਸ਼ੁਰ ਨੇ ਉਸ ਨੂੰ ਭਰੋਸਾ ਦਿੱਤਾ: “ਤੂੰ ਜੋ ਕੁਝ ਵੀ ਕਰੇਂਗਾ ਉਸ ਬਾਰੇ ਸਿਆਣਪ ਅਤੇ ਸਫ਼ਲਤਾ ਹਾਸਿਲ ਕਰ ਸਕੇਂਗਾ।” (ਯਹੋ. 1:7, 8, ERV) ਅਸੀਂ ਜਾਣਦੇ ਹਾਂ ਕਿ ਯਹੋਸ਼ੁਆ ਸਫ਼ਲ ਹੋਇਆ ਸੀ। ਸਾਡੇ ਬਾਰੇ ਕੀ? ਅਸੀਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਸਫ਼ਲਤਾ ਸੰਬੰਧੀ ਸਾਡੇ ਵਿਚਾਰ ਯਹੋਵਾਹ ਦੇ ਵਿਚਾਰਾਂ ਨਾਲ ਮਿਲਦੇ-ਜੁਲਦੇ ਹਨ ਜਾਂ ਨਹੀਂ? ਇਸ ਸਵਾਲ ਦਾ ਜਵਾਬ ਜਾਣਨ ਲਈ ਬਾਈਬਲ ਵਿਚ ਦੱਸੇ ਦੋ ਆਦਮੀਆਂ ਦੀ ਜ਼ਿੰਦਗੀ ’ਤੇ ਗੌਰ ਕਰੋ।

ਕੀ ਸੁਲੇਮਾਨ ਆਪਣੀ ਜ਼ਿੰਦਗੀ ਵਿਚ ਸਫ਼ਲ ਹੋਇਆ ਸੀ?

4. ਕਿਉਂ ਕਿਹਾ ਜਾ ਸਕਦਾ ਹੈ ਕਿ ਸੁਲੇਮਾਨ ਸਫ਼ਲ ਹੋਇਆ ਸੀ?

4 ਕਈ ਮਾਮਲਿਆਂ ਵਿਚ ਸੁਲੇਮਾਨ ਬਹੁਤ ਸਫ਼ਲ ਹੋਇਆ ਸੀ। ਕਿਉਂ? ਕਿਉਂਕਿ ਕਈ ਸਾਲਾਂ ਤਾਈਂ ਉਸ ਦੇ ਦਿਲ ਵਿਚ ਯਹੋਵਾਹ ਦਾ ਡਰ ਰਿਹਾ ਤੇ ਉਹ ਉਸ ਦਾ ਆਗਿਆਕਾਰ ਰਿਹਾ। ਇਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਬਹੁਤ ਬਰਕਤਾਂ ਦਿੱਤੀਆਂ। ਉਸ ਸਮੇਂ ਨੂੰ ਯਾਦ ਕਰੋ ਜਦੋਂ ਯਹੋਵਾਹ ਨੇ ਸੁਲੇਮਾਨ ਨੂੰ ਕੁਝ ਮੰਗਣ ਲਈ ਕਿਹਾ ਸੀ। ਸੁਲੇਮਾਨ ਨੇ ਬੁੱਧ ਮੰਗੀ ਤਾਂਕਿ ਉਹ ਲੋਕਾਂ ’ਤੇ ਸਹੀ ਤਰੀਕੇ ਨਾਲ ਰਾਜ ਕਰ ਸਕੇ। ਇਸ ਲਈ ਪਰਮੇਸ਼ੁਰ ਨੇ ਉਸ ਨੂੰ ਬੁੱਧ ਤੇ ਧਨ-ਦੌਲਤ ਨਾਲ ਮਾਲਾਮਾਲ ਕਰ ਦਿੱਤਾ। (1 ਰਾਜਿਆਂ 3:10-14 ਪੜ੍ਹੋ।) ਉਸ ਦੀ ਬੁੱਧ “ਸਾਰੇ ਪੂਰਬੀਆਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧੀ ਨਾਲੋਂ ਬਹੁਤ ਵਧੀਕ ਸੀ।” ਸੁਲੇਮਾਨ ਦਾ ਨਾਂ “ਆਲੇ ਦੁਆਲੇ ਦੀਆਂ ਸਾਰੀਆਂ ਕੌਮਾਂ” ਵਿਚ ਮਸ਼ਹੂਰ ਹੋ ਗਿਆ। (1 ਰਾਜ. 4:30, 31) ਜੇ ਧਨ-ਦੌਲਤ ਦੀ ਗੱਲ ਕਰੀਏ, ਤਾਂ ਉਸ ਕੋਲ ਹਰ ਸਾਲ ਲਗਭਗ 25 ਟਨ ਸੋਨਾ ਆਉਂਦਾ ਸੀ! (2 ਇਤ. 9:13) ਉਹ ਰਾਜਨੀਤੀ, ਉਸਾਰੀ ਤੇ ਵਪਾਰ ਵਿਚ ਮਾਹਰ ਸੀ। ਜੀ ਹਾਂ, ਜਦੋਂ ਤਕ ਉਹ ਪਰਮੇਸ਼ੁਰ ਦਾ ਵਫ਼ਾਦਾਰ ਰਿਹਾ, ਉਦੋਂ ਤਕ ਸੁਲੇਮਾਨ ਸਫ਼ਲ ਰਿਹਾ।—2 ਇਤ. 9:22-24.

5. ਸੁਲੇਮਾਨ ਨੇ ਉਨ੍ਹਾਂ ਬਾਰੇ ਕੀ ਕਿਹਾ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਫ਼ਲ ਹਨ?

5 ਉਪਦੇਸ਼ਕ ਦੀ ਪੋਥੀ ਪੜ੍ਹ ਕੇ ਪਤਾ ਲੱਗਦਾ ਹੈ ਕਿ ਸੁਲੇਮਾਨ ਮੁਤਾਬਕ ਸਿਰਫ਼ ਉਹ ਲੋਕ ਹੀ ਸਫ਼ਲ ਜਾਂ ਖ਼ੁਸ਼ ਨਹੀਂ ਹਨ ਜਿਨ੍ਹਾਂ ਕੋਲ ਧਨ-ਦੌਲਤ ਹੈ ਜਾਂ ਜੋ ਮਸ਼ਹੂਰ ਹਨ। ਉਸ ਨੇ ਲਿਖਿਆ: “ਮੈਂ ਸੱਚ ਜਾਣਦਾ ਹਾਂ ਭਈ ਓਹਨਾਂ ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ। ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।” (ਉਪ. 3:12, 13) ਉਸ ਨੂੰ ਪਤਾ ਸੀ ਕਿ ਉਨ੍ਹਾਂ ਲੋਕਾਂ ਨੂੰ ਹੀ ਸਫ਼ਲਤਾ ਜਾਂ ਖ਼ੁਸ਼ੀ ਮਿਲ ਸਕਦੀ ਹੈ ਜਿਨ੍ਹਾਂ ’ਤੇ ਪਰਮੇਸ਼ੁਰ ਦੀ ਮਿਹਰ ਹੈ ਅਤੇ ਜਿਨ੍ਹਾਂ ਦਾ ਉਸ ਨਾਲ ਵਧੀਆ ਰਿਸ਼ਤਾ ਹੈ। ਸੁਲੇਮਾਨ ਨੇ ਠੀਕ ਕਿਹਾ: “ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,—ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”—ਉਪ. 12:13.

6. ਸਫ਼ਲਤਾ ਬਾਰੇ ਅਸੀਂ ਸੁਲੇਮਾਨ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?

6 ਸਾਲਾਂ ਤਾਈਂ ਸੁਲੇਮਾਨ ਪਰਮੇਸ਼ੁਰ ਦਾ ਡਰ ਰੱਖ ਕੇ ਉਸ ਦਾ ਕਹਿਣਾ ਮੰਨਦਾ ਰਿਹਾ। ਅਸੀਂ ਪੜ੍ਹਦੇ ਹਾਂ ਕਿ ਉਸ ਦੀ ‘ਯਹੋਵਾਹ ਨਾਲ ਲਗਨ ਸੀ ਅਤੇ ਉਹ ਆਪਣੇ ਪਿਤਾ ਦਾਊਦ ਦੀਆਂ ਵਿਧੀਆਂ ਉੱਤੇ ਚੱਲਦਾ ਸੀ।’ (1 ਰਾਜ. 3:3) ਜਿੰਨਾ ਚਿਰ ਉਹ ਇੱਦਾਂ ਕਰਦਾ ਰਿਹਾ, ਉੱਨਾ ਚਿਰ ਉਹ ਸਫ਼ਲ ਰਿਹਾ। ਪਰਮੇਸ਼ੁਰ ਦੀ ਅਗਵਾਈ ਅਧੀਨ ਉਸ ਨੇ ਸੱਚੀ ਭਗਤੀ ਲਈ ਇਕ ਆਲੀਸ਼ਾਨ ਮੰਦਰ ਬਣਾਇਆ ਤੇ ਬਾਈਬਲ ਦੀਆਂ ਤਿੰਨ ਕਿਤਾਬਾਂ ਲਿਖੀਆਂ। ਸ਼ਾਇਦ ਸਾਡੇ ਤੋਂ ਇਸ ਤਰ੍ਹਾਂ ਦੇ ਕੰਮ ਕਰਨ ਦੀ ਉਮੀਦ ਨਾ ਕੀਤੀ ਜਾਵੇ। ਪਰ ਸੁਲੇਮਾਨ ਦੀ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਫ਼ਲਤਾ ਦਾ ਅਸਲੀ ਮਤਲਬ ਕੀ ਹੈ ਤੇ ਉਸ ਦੀ ਮਿਸਾਲ ਸਾਡੀ ਵੀ ਸਫ਼ਲਤਾ ਪਾਉਣ ਵਿਚ ਮਦਦ ਕਰ ਸਕਦੀ ਹੈ। ਇਸ ਸੰਬੰਧ ਵਿਚ ਸੁਲੇਮਾਨ ਨੇ ਪਵਿੱਤਰ ਸ਼ਕਤੀ ਅਧੀਨ ਲਿਖਿਆ ਸੀ ਕਿ ਜਿਨ੍ਹਾਂ ਚੀਜ਼ਾਂ ਨੂੰ ਲੋਕ ਸਫ਼ਲਤਾ ਮੰਨਦੇ ਹਨ ਉਹ ਵਿਅਰਥ ਹਨ ਜਿਵੇਂ ਧਨ-ਦੌਲਤ, ਗਿਆਨ, ਨਾਂ ਤੇ ਹੈਸੀਅਤ। ਇਨ੍ਹਾਂ ਚੀਜ਼ਾਂ ਪਿੱਛੇ ਭੱਜਣਾ ‘ਹਵਾ ਦੇ ਫੱਕਣ’ ਬਰਾਬਰ ਹੈ। ਕੀ ਤੁਸੀਂ ਦੇਖਿਆ ਹੈ ਕਿ ਧਨ-ਦੌਲਤ ਨਾਲ ਪਿਆਰ ਕਰਨ ਵਾਲੇ ਲੋਕ ਇਸ ਨਾਲ ਕਦੇ ਰੱਜਦੇ ਨਹੀਂ? ਨਾਲੇ ਉਹ ਆਪਣੀਆਂ ਚੀਜ਼ਾਂ ਬਾਰੇ ਫ਼ਿਕਰਾਂ ਵਿਚ ਪਏ ਰਹਿੰਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਦਾ ਪੈਸਾ ਇਕ ਦਿਨ ਕਿਸੇ ਹੋਰ ਦਾ ਹੋ ਜਾਵੇਗਾ।—ਉਪਦੇਸ਼ਕ ਦੀ ਪੋਥੀ 2:8-11, 17; 5:10-12 ਪੜ੍ਹੋ।

7, 8. ਸੁਲੇਮਾਨ ਪਰਮੇਸ਼ੁਰ ਦੇ ਅਣਆਗਿਆਕਾਰ ਕਿਵੇਂ ਹੋਇਆ ਤੇ ਇਸ ਦਾ ਕੀ ਨਤੀਜਾ ਨਿਕਲਿਆ?

7 ਅਸੀਂ ਜਾਣਦੇ ਹਾਂ ਕਿ ਅਖ਼ੀਰ ਵਿਚ ਸੁਲੇਮਾਨ ਨੇ ਪਰਮੇਸ਼ੁਰ ਦਾ ਕਹਿਣਾ ਮੰਨਣਾ ਛੱਡ ਦਿੱਤਾ। ਬਾਈਬਲ ਕਹਿੰਦੀ ਹੈ: “ਐਉਂ ਹੋਇਆ ਕਿ ਸੁਲੇਮਾਨ ਦੇ ਬੁਢਾਪੇ ਵਿੱਚ ਉਹ ਦੀਆਂ ਇਸਤ੍ਰੀਆਂ ਨੇ ਉਹ ਦੇ ਮਨ ਨੂੰ ਹੋਰ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ ਸੋ ਉਹ ਦਾ ਮਨ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਸੰਪੂਰਨ ਨਾ ਰਿਹਾ ਜਿਵੇਂ ਉਹ ਦੇ ਪਿਤਾ ਦਾਊਦ ਦਾ ਮਨ ਸੀ। . . . ਐਉਂ ਸੁਲੇਮਾਨ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ।”—1 ਰਾਜ. 11:4-6.

8 ਯਹੋਵਾਹ ਸੁਲੇਮਾਨ ਤੋਂ ਖ਼ੁਸ਼ ਨਹੀਂ ਸੀ ਤੇ ਉਸ ਨੇ ਸੁਲੇਮਾਨ ਨੂੰ ਕਿਹਾ: “ਏਸ ਲਈ ਕਿ ਤੈਂ ਮੇਰੇ ਨੇਮ ਨੂੰ ਤੇ ਮੇਰੀਆਂ ਬਿਧੀਆਂ ਨੂੰ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ ਨਹੀਂ ਮੰਨਿਆ ਮੈਂ ਜ਼ਰੂਰ ਰਾਜ ਤੈਥੋਂ ਖੋਹ ਲਵਾਂਗਾ ਅਤੇ ਤੇਰੇ ਟਹਿਲੂਏ ਨੂੰ ਦੇ ਦਿਆਂਗਾ।” (1 ਰਾਜ. 11:11) ਇਹ ਕਿੰਨੇ ਅਫ਼ਸੋਸ ਦੀ ਗੱਲ ਸੀ! ਭਾਵੇਂ ਕਿ ਸੁਲੇਮਾਨ ਕਈ ਮਾਮਲਿਆਂ ਵਿਚ ਸਫ਼ਲ ਹੋਇਆ ਸੀ, ਪਰ ਬਾਅਦ ਵਿਚ ਉਸ ਨੇ ਪਰਮੇਸ਼ੁਰ ਨੂੰ ਦੁੱਖ ਪਹੁੰਚਾਇਆ। ਉਹ ਯਹੋਵਾਹ ਦਾ ਵਫ਼ਾਦਾਰ ਨਹੀਂ ਰਿਹਾ ਜੋ ਕਿ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਹੈ। ਅਸੀਂ ਸਾਰੇ ਆਪਣੇ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ ਸਫ਼ਲ ਹੋਣ ਲਈ ਸੁਲੇਮਾਨ ਦੀ ਜ਼ਿੰਦਗੀ ਤੋਂ ਸਬਕ ਸਿੱਖਾਂਗਾ?’

ਸਫ਼ਲ ਜ਼ਿੰਦਗੀ

9. ਕੀ ਦੁਨੀਆਂ ਦੀਆਂ ਨਜ਼ਰਾਂ ਵਿਚ ਪੌਲੁਸ ਆਪਣੀ ਜ਼ਿੰਦਗੀ ਵਿਚ ਸਫ਼ਲ ਸੀ? ਸਮਝਾਓ।

9 ਪੌਲੁਸ ਰਸੂਲ ਦੀ ਜ਼ਿੰਦਗੀ ਰਾਜਾ ਸੁਲੇਮਾਨ ਤੋਂ ਕਿਤੇ ਵੱਖਰੀ ਸੀ। ਪੌਲੁਸ ਕੋਲ ਨਾ ਤਾਂ ਹਾਥੀ-ਦੰਦਾਂ ਨਾਲ ਬਣਿਆ ਸਿੰਘਾਸਣ ਸੀ ਤੇ ਨਾ ਹੀ ਉਹ ਰਾਜਿਆਂ ਨਾਲ ਖਾਂਦਾ-ਪੀਂਦਾ ਸੀ। ਇਸ ਦੀ ਬਜਾਇ, ਉਸ ਨੇ ਕਈ ਵਾਰ ਭੁੱਖ-ਪਿਆਸ ਸਹਾਰੀ, ਉਸ ਨੂੰ ਠੰਢ ਵਿਚ ਰਹਿਣਾ ਪਿਆ ਤੇ ਕਈ ਵਾਰ ਉਸ ਕੋਲ ਤਨ ਢਕਣ ਜੋਗੇ ਕੱਪੜੇ ਨਹੀਂ ਸਨ। (2 ਕੁਰਿੰ. 11:24-27) ਜਦੋਂ ਉਸ ਨੇ ਯਿਸੂ ਨੂੰ ਮਸੀਹ ਕਬੂਲ ਕਰ ਲਿਆ, ਤਾਂ ਯਹੂਦੀ ਧਰਮ ਵਿਚ ਉਸ ਦੀ ਇੱਜ਼ਤ ਨਹੀਂ ਰਹੀ। ਯਹੂਦੀ ਆਗੂ ਉਸ ਨਾਲ ਨਫ਼ਰਤ ਕਰਨ ਲੱਗ ਪਏ। ਉਸ ਨੂੰ ਜੇਲ੍ਹ ਵਿਚ ਸੁੱਟਿਆ ਗਿਆ, ਕੋਰੜੇ ਮਾਰੇ ਗਏ, ਡੰਡਿਆਂ ਨਾਲ ਕੁੱਟਿਆ ਗਿਆ ਤੇ ਪੱਥਰ ਮਾਰੇ ਗਏ। ਪੌਲੁਸ ਨੇ ਕਿਹਾ ਕਿ ਉਸ ਦੀ ਤੇ ਹੋਰਨਾਂ ਮਸੀਹੀਆਂ ਦੀ ਬੇਇੱਜ਼ਤੀ ਕੀਤੀ ਗਈ, ਉਨ੍ਹਾਂ ’ਤੇ ਜ਼ੁਲਮ ਕੀਤੇ ਗਏ ਤੇ ਉਨ੍ਹਾਂ ਨੂੰ ਬਦਨਾਮ ਕੀਤਾ ਗਿਆ। “ਹੁਣ ਤਕ ਸਾਨੂੰ ਦੁਨੀਆਂ ਦਾ ਗੰਦ ਅਤੇ ਕੂੜਾ-ਕਰਕਟ ਸਮਝਿਆ ਜਾਂਦਾ ਹੈ।”—1 ਕੁਰਿੰ. 4:11-13.

10. ਕੁਝ ਲੋਕਾਂ ਨੂੰ ਕਿਉਂ ਲੱਗਦਾ ਸੀ ਕਿ ਪੌਲੁਸ ਨੇ ਸਫ਼ਲਤਾ ਨੂੰ ਠੁਕਰਾਇਆ ਸੀ?

10 ਜਵਾਨੀ ਵਿਚ ਪੌਲੁਸ, ਜਿਸ ਨੂੰ ਪਹਿਲਾਂ ਸੌਲੁਸ ਕਿਹਾ ਜਾਂਦਾ ਸੀ, ਕੋਲ ਸਫ਼ਲ ਹੋਣ ਦੇ ਬਹੁਤ ਸਾਰੇ ਮੌਕੇ ਸਨ। ਉਸ ਦਾ ਸ਼ਾਇਦ ਅਮੀਰ ਤੇ ਉੱਚੇ ਖ਼ਾਨਦਾਨ ਵਿਚ ਜਨਮ ਹੋਇਆ ਸੀ ਤੇ ਉਸ ਨੇ ਮੰਨੇ-ਪ੍ਰਮੰਨੇ ਗੁਰੂ ਗਮਲੀਏਲ ਤੋਂ ਸਿੱਖਿਆ ਲਈ ਸੀ। ਉਸ ਨੇ ਬਾਅਦ ਵਿਚ ਲਿਖਿਆ: “ਮੈਂ ਯਹੂਦੀ ਧਰਮ ਵਿਚ ਆਪਣੀ ਕੌਮ ਦੇ ਬਹੁਤ ਸਾਰੇ ਹਮਉਮਰ ਲੋਕਾਂ ਨਾਲੋਂ ਜ਼ਿਆਦਾ ਤਰੱਕੀ ਕਰ ਰਿਹਾ ਸੀ।” (ਗਲਾ. 1:14) ਸੌਲੁਸ ਨੂੰ ਇਬਰਾਨੀ ਤੇ ਯੂਨਾਨੀ ਭਾਸ਼ਾ ਚੰਗੀ ਤਰ੍ਹਾਂ ਆਉਂਦੀ ਸੀ। ਨਾਲੇ ਉਹ ਰੋਮੀ ਨਾਗਰਿਕ ਸੀ ਜਿਸ ਕਰਕੇ ਉਸ ਨੂੰ ਖ਼ਾਸ ਅਧਿਕਾਰ ਮਿਲੇ ਹੋਏ ਸਨ। ਜੇ ਉਸ ਨੇ ਸਫ਼ਲਤਾ ਪਾਉਣ ਲਈ ਇਨ੍ਹਾਂ ਚੀਜ਼ਾਂ ਨੂੰ ਵਰਤਿਆ ਹੁੰਦਾ, ਤਾਂ ਉਸ ਕੋਲ ਹੋਰ ਵੀ ਧਨ-ਦੌਲਤ ਤੇ ਸ਼ੌਹਰਤ ਹੋਣੀ ਸੀ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਚੀਜ਼ਾਂ ਦਾ ਪਿੱਛਾ ਕੀਤਾ ਜਿਹੜੀਆਂ ਹੋਰਨਾਂ, ਇੱਥੋਂ ਤਕ ਕਿ ਉਸ ਦੇ ਪਰਿਵਾਰ ਦੇ ਮੈਂਬਰਾਂ, ਦੀਆਂ ਨਜ਼ਰਾਂ ਵਿਚ ਮੂਰਖਪੁਣਾ ਸੀ। ਉਸ ਨੇ ਇਹ ਰਾਹ ਕਿਉਂ ਚੁਣਿਆ ਸੀ?

11. ਪੌਲੁਸ ਕਿਨ੍ਹਾਂ ਚੀਜ਼ਾਂ ਨੂੰ ਕੀਮਤੀ ਸਮਝਦਾ ਸੀ ਤੇ ਕਿਉਂ?

11 ਪੌਲੁਸ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਧਨ-ਦੌਲਤ ਤੇ ਨਾਂ ਕਮਾਉਣ ਦੀ ਬਜਾਇ ਉਹ ਪਰਮੇਸ਼ੁਰ ਦੀ ਮਿਹਰ ਪਾਉਣੀ ਚਾਹੁੰਦਾ ਸੀ। ਸੱਚਾਈ ਦਾ ਸਹੀ ਗਿਆਨ ਲੈ ਕੇ ਪੌਲੁਸ ਨੇ ਯਿਸੂ ਦੀ ਕੁਰਬਾਨੀ, ਪ੍ਰਚਾਰ ਦੇ ਕੰਮ ਤੇ ਸਵਰਗ ਵਿਚ ਜ਼ਿੰਦਗੀ ਪਾਉਣ ਦੀ ਉਮੀਦ ਨੂੰ ਕੀਮਤੀ ਸਮਝਿਆ ਜਦ ਕਿ ਦੁਨੀਆਂ ਦੇ ਲੋਕ ਇਨ੍ਹਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਪੌਲੁਸ ਸ਼ੈਤਾਨ ਦੇ ਇਸ ਦਾਅਵੇ ਨੂੰ ਵੀ ਜਾਣਦਾ ਸੀ ਕਿ ਉਹ ਇਨਸਾਨਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਹਟਾ ਸਕਦਾ ਹੈ। (ਅੱਯੂ. 1:9-11; 2:3-5) ਇਸ ਕਰਕੇ ਪੌਲੁਸ ਨੂੰ ਚਾਹੇ ਕਿੰਨੀਆਂ ਹੀ ਪਰੀਖਿਆਵਾਂ ਦਾ ਸਾਮ੍ਹਣਾ ਕਰਨਾ ਪਿਆ, ਪਰ ਉਸ ਨੇ ਸੱਚੀ ਭਗਤੀ ਲਈ ਮੁਸ਼ਕਲਾਂ ਸਹਿੰਦਿਆਂ ਪਰਮੇਸ਼ੁਰ ਦਾ ਵਫ਼ਾਦਾਰ ਰਹਿਣ ਦਾ ਦ੍ਰਿੜ੍ਹ ਇਰਾਦਾ ਕੀਤਾ ਹੋਇਆ ਸੀ। ਦੁਨੀਆਂ ਦੀਆਂ ਨਜ਼ਰਾਂ ਵਿਚ ਇਹ ਸਫ਼ਲਤਾ ਨਹੀਂ ਸੀ।

12. ਤੁਸੀਂ ਪਰਮੇਸ਼ੁਰ ’ਤੇ ਉਮੀਦ ਰੱਖਣ ਦਾ ਕਿਉਂ ਫ਼ੈਸਲਾ ਕੀਤਾ ਹੈ?

12 ਕੀ ਤੁਸੀਂ ਵੀ ਪੌਲੁਸ ਵਾਂਗ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ? ਭਾਵੇਂ ਕਿ ਪਰਮੇਸ਼ੁਰ ਦਾ ਵਫ਼ਾਦਾਰ ਰਹਿਣਾ ਸੌਖਾ ਨਹੀਂ ਹੈ, ਪਰ ਅਸੀਂ ਜਾਣਦੇ ਹਾਂ ਕਿ ਵਫ਼ਾਦਾਰ ਰਹਿ ਕੇ ਅਸੀਂ ਯਹੋਵਾਹ ਦੀ ਮਿਹਰ ਤੇ ਬਰਕਤਾਂ ਪਾਵਾਂਗੇ ਜਿਹੜੀਆਂ ਸਾਨੂੰ ਸਫ਼ਲ ਬਣਾਉਂਦੀਆਂ ਹਨ। (ਕਹਾ. 10:22) ਸਾਨੂੰ ਹੁਣ ਤੇ ਭਵਿੱਖ ਵਿਚ ਹਮੇਸ਼ਾ ਲਈ ਬਰਕਤਾਂ ਮਿਲਣਗੀਆਂ। (ਮਰਕੁਸ 10:29, 30 ਪੜ੍ਹੋ।) ਇਸ ਲਈ ਆਓ ਆਪਾਂ ‘ਧਨ-ਦੌਲਤ ਉੱਤੇ ਉਮੀਦ ਨਾ ਰੱਖੀਏ ਜਿਸ ਦਾ ਕੋਈ ਭਰੋਸਾ ਨਹੀਂ ਹੈ, ਸਗੋਂ ਪਰਮੇਸ਼ੁਰ ਉੱਤੇ ਉਮੀਦ ਰੱਖੀਏ ਜਿਹੜਾ ਸਾਨੂੰ ਸਾਰੀਆਂ ਚੀਜ਼ਾਂ ਦਿਲ ਖੋਲ੍ਹ ਕੇ ਦਿੰਦਾ ਹੈ ਤਾਂਕਿ ਅਸੀਂ ਇਨ੍ਹਾਂ ਦਾ ਮਜ਼ਾ ਲੈ ਸਕੀਏ। ਅਸੀਂ ਆਪਣੇ ਲਈ ਪਰਮੇਸ਼ੁਰ ਵੱਲੋਂ ਮਿਲਿਆ ਖ਼ਜ਼ਾਨਾ ਇਕੱਠਾ ਕਰਦੇ ਹਾਂ ਯਾਨੀ ਭਵਿੱਖ ਲਈ ਇਕ ਚੰਗੀ ਨੀਂਹ ਧਰਦੇ ਹਾਂ, ਤਾਂਕਿ ਅਸੀਂ ਅਸਲੀ ਜ਼ਿੰਦਗੀ ਨੂੰ ਘੁੱਟ ਕੇ ਫੜ ਸਕੀਏ।’ (1 ਤਿਮੋ. 6:17-19) ਜੀ ਹਾਂ, ਅਸੀਂ ਯਕੀਨ ਰੱਖ ਸਕਦੇ ਹਾਂ ਕਿ ਅੱਜ ਤੋਂ ਹਜ਼ਾਰਾਂ ਸਾਲ ਬਾਅਦ ਵੀ ਅਸੀਂ ਕਹਿ ਸਕਾਂਗੇ: “ਮੈਂ ਸੱਚ-ਮੁੱਚ ਸਫ਼ਲਤਾ ਦਾ ਰਾਹ ਚੁਣਿਆ ਸੀ!”

ਜਿੱਥੇ ਤੇਰਾ ਧਨ ਹੈ

13. ਯਿਸੂ ਨੇ ਧਨ ਜੋੜਨ ਬਾਰੇ ਕਿਹੜੀ ਸਲਾਹ ਦਿੱਤੀ ਸੀ?

13 ਯਿਸੂ ਨੇ ਧਨ ਬਾਰੇ ਕਿਹਾ: “ਧਰਤੀ ਉੱਤੇ ਆਪਣੇ ਲਈ ਧਨ ਜੋੜਨਾ ਛੱਡ ਦਿਓ, ਜਿੱਥੇ ਕੀੜਾ ਤੇ ਜੰਗਾਲ ਇਸ ਨੂੰ ਖਾ ਜਾਂਦੇ ਹਨ ਅਤੇ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ। ਇਸ ਦੀ ਬਜਾਇ, ਸਵਰਗ ਵਿਚ ਆਪਣੇ ਲਈ ਧਨ ਜੋੜੋ, ਜਿੱਥੇ ਨਾ ਕੀੜਾ ਤੇ ਨਾ ਜੰਗਾਲ ਇਸ ਨੂੰ ਖਾਂਦੇ ਹਨ ਅਤੇ ਨਾ ਹੀ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ। ਜਿੱਥੇ ਤੇਰਾ ਧਨ ਹੈ ਉੱਥੇ ਹੀ ਤੇਰਾ ਮਨ ਹੈ।”—ਮੱਤੀ 6:19-21.

14. ਧਰਤੀ ’ਤੇ ਧਨ ਜੋੜਨਾ ਕਿਉਂ ਮੂਰਖਤਾ ਹੈ?

14 ਜਦ ਯਿਸੂ ਨੇ ਧਰਤੀ ’ਤੇ ਧਨ ਜੋੜਨ ਦੀ ਗੱਲ ਕੀਤੀ ਸੀ, ਤਾਂ ਉਹ ਸ਼ਾਇਦ ਇੱਥੇ ਪੈਸੇ ਤੋਂ ਇਲਾਵਾ ਹੈਸੀਅਤ ਤੇ ਰੁਤਬੇ ਬਾਰੇ ਵੀ ਗੱਲ ਕਰ ਰਿਹਾ ਸੀ। ਸੁਲੇਮਾਨ ਨੇ ਕਿਹਾ ਸੀ ਕਿ ਲੋਕ ਇਨ੍ਹਾਂ ਚੀਜ਼ਾਂ ਨੂੰ ਸਫ਼ਲਤਾ ਮੰਨਦੇ ਹਨ। ਉਪਦੇਸ਼ਕ ਦੀ ਪੋਥੀ ਵਿਚ ਸੁਲੇਮਾਨ ਨੇ ਜੋ ਕਿਹਾ ਸੀ ਉਹੀ ਯਿਸੂ ਨੇ ਵੀ ਕਿਹਾ ਸੀ ਕਿ ਇਹ ਚੀਜ਼ਾਂ ਹਮੇਸ਼ਾ ਨਹੀਂ ਰਹਿੰਦੀਆਂ। ਇਕ ਪ੍ਰੋਫ਼ੈਸਰ ਨੇ ਯਿਸੂ ਦੀ ਸਲਾਹ ਬਾਰੇ ਗੱਲ ਕਰਦੇ ਹੋਏ ਕਿਹਾ: ‘ਰੁਤਬਾ ਹਮੇਸ਼ਾ ਨਹੀਂ ਬਣਿਆ ਰਹਿੰਦਾ। ਅੱਜ ਦਾ ਹੀਰੋ ਕੱਲ੍ਹ ਨੂੰ ਜ਼ੀਰੋ ਹੋ ਜਾਂਦਾ ਹੈ। ਇਕ ਸਾਲ ਬਹੁਤ ਅਮੀਰੀ ਹੁੰਦੀ ਹੈ ਤਾਂ ਦੂਜੇ ਸਾਲ ਕੰਗਾਲੀ ਹੁੰਦੀ ਹੈ। ਯਿਸੂ ਇਨਸਾਨਾਂ ਨੂੰ ਪਿਆਰ ਕਰਦਾ ਹੈ। ਉਹ ਉਨ੍ਹਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨ ਲਈ ਕਹਿ ਰਿਹਾ ਸੀ ਜਿਨ੍ਹਾਂ ਨੂੰ ਪਾ ਕੇ ਥੋੜ੍ਹੇ ਸਮੇਂ ਲਈ ਖ਼ੁਸ਼ੀ ਮਿਲਦੀ ਹੈ, ਪਰ ਬਾਅਦ ਵਿਚ ਨਿਰਾਸ਼ਾ ਹੀ ਹੱਥ ਲੱਗਦੀ ਹੈ। ਇੱਦਾਂ ਦੀਆਂ ਚੀਜ਼ਾਂ ਹਮੇਸ਼ਾ ਨਹੀਂ ਟਿਕਦੀਆਂ। ਯਿਸੂ ਆਪਣੇ ਚੇਲਿਆਂ ਨੂੰ ਉਦਾਸ ਨਹੀਂ ਕਰਨਾ ਚਾਹੁੰਦਾ। ਹਰ ਦਿਨ ਦੁਨੀਆਂ ਵਿਚ ਬਦਲਾਅ ਆਉਂਦਾ ਹੈ ਜਿਸ ਕਰਕੇ ਅੱਜ ਸਫ਼ਲਤਾ ਦੀ ਚੋਟੀ ’ਤੇ ਬੈਠੇ ਇਨਸਾਨ ਦੀ ਜਗ੍ਹਾ ਕੱਲ੍ਹ ਨੂੰ ਕੋਈ ਹੋਰ ਲੈ ਲੈਂਦਾ ਹੈ।’ ਭਾਵੇਂ ਕਿ ਬਹੁਤ ਸਾਰੇ ਲੋਕ ਇਨ੍ਹਾਂ ਗੱਲਾਂ ਨਾਲ ਸਹਿਮਤ ਹੋਣ, ਪਰ ਕਿੰਨੇ ਲੋਕ ਇਨ੍ਹਾਂ ਗੱਲਾਂ ਕਰਕੇ ਆਪਣੀ ਜ਼ਿੰਦਗੀ ਵਿਚ ਬਦਲਾਅ ਕਰਨਗੇ? ਕੀ ਤੁਸੀਂ ਕਰੋਗੇ?

15. ਸਾਨੂੰ ਕਿਸ ਤਰ੍ਹਾਂ ਦੀ ਸਫ਼ਲਤਾ ਪਿੱਛੇ ਭੱਜਣਾ ਚਾਹੀਦਾ ਹੈ?

15 ਕਈ ਧਾਰਮਿਕ ਆਗੂ ਇਸ ਗੱਲ ਦਾ ਪ੍ਰਚਾਰ ਕਰਦੇ ਹਨ ਕਿ ਸਫ਼ਲਤਾ ਦੇ ਪਿੱਛੇ ਭੱਜਣਾ ਗ਼ਲਤ ਹੈ ਤੇ ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਗੌਰ ਕਰੋ ਕਿ ਯਿਸੂ ਹਰ ਤਰ੍ਹਾਂ ਦੀ ਸਫ਼ਲਤਾ ਨੂੰ ਗ਼ਲਤ ਨਹੀਂ ਕਹਿ ਰਿਹਾ ਸੀ। ਉਹ ਆਪਣੇ ਚੇਲਿਆਂ ਨੂੰ ਹੱਲਾਸ਼ੇਰੀ ਦੇ ਰਿਹਾ ਸੀ ਕਿ ਉਹ ‘ਸਵਰਗ ਵਿਚ ਧਨ’ ਜੋੜਨ ਜੋ ਕਦੇ ਨਾਸ਼ ਨਹੀਂ ਹੋਵੇਗਾ। ਸਭ ਤੋਂ ਪਹਿਲਾਂ ਸਾਡੀ ਇੱਛਾ ਹੋਣੀ ਚਾਹੀਦੀ ਹੈ ਕਿ ਸਫ਼ਲ ਹੋਣ ਲਈ ਅਸੀਂ ਉਹੀ ਕਰੀਏ ਜੋ ਯਹੋਵਾਹ ਨੂੰ ਮਨਜ਼ੂਰ ਹੈ। ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਇਹ ਫ਼ੈਸਲਾ ਕਰ ਸਕਦੇ ਹਾਂ ਕਿ ਅਸੀਂ ਕਿਹੜਾ ਰਾਹ ਚੁਣਾਂਗੇ। ਦਰਅਸਲ ਜੋ ਸਾਡੇ ਦਿਲ ਵਿਚ ਹੈ ਅਤੇ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਕੀਮਤੀ ਸਮਝਦੇ ਹਾਂ, ਉਨ੍ਹਾਂ ਮੁਤਾਬਕ ਹੀ ਅਸੀਂ ਆਪਣਾ ਰਾਹ ਚੁਣਾਂਗੇ।

16. ਅਸੀਂ ਕਿਸ ਚੀਜ਼ ’ਤੇ ਭਰੋਸਾ ਰੱਖ ਸਕਦੇ ਹਾਂ?

16 ਜੇ ਅਸੀਂ ਯਹੋਵਾਹ ਨੂੰ ਦਿਲੋਂ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀਆਂ ਜ਼ਰੂਰਤਾਂ ਪੂਰੀਆਂ ਕਰੇਗਾ। ਪੌਲੁਸ ਵਾਂਗ ਸਾਨੂੰ ਵੀ ਸ਼ਾਇਦ ਕਦੇ-ਕਦਾਈਂ ਭੁੱਖ-ਪਿਆਸ ਸਹਾਰਨੀ ਪਵੇ। (1 ਕੁਰਿੰ. 4:11) ਪਰ ਅਸੀਂ ਯਿਸੂ ਦੇ ਸ਼ਬਦਾਂ ’ਤੇ ਭਰੋਸਾ ਰੱਖ ਸਕਦੇ ਹਾਂ: “ਤੁਸੀਂ ਕਦੇ ਚਿੰਤਾ ਨਾ ਕਰੋ ਅਤੇ ਇਹ ਨਾ ਕਹੋ, ‘ਅਸੀਂ ਕੀ ਖਾਵਾਂਗੇ?’ ਜਾਂ ‘ਅਸੀਂ ਕੀ ਪੀਵਾਂਗੇ?’ ਜਾਂ ‘ਅਸੀਂ ਕੀ ਪਹਿਨਾਂਗੇ?’ ਕਿਉਂਕਿ ਦੁਨੀਆਂ ਦੇ ਲੋਕ ਇਨ੍ਹਾਂ ਸਭ ਚੀਜ਼ਾਂ ਦੇ ਪਿੱਛੇ ਭੱਜਦੇ ਹਨ। ਤੁਹਾਡੇ ਸਵਰਗੀ ਪਿਤਾ ਨੂੰ ਪਤਾ ਹੈ ਕਿ ਤੁਹਾਨੂੰ ਇਨ੍ਹਾਂ ਸਭ ਚੀਜ਼ਾਂ ਦੀ ਲੋੜ ਹੈ। ਇਸ ਲਈ, ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿਓ ਅਤੇ ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ ਉਹੀ ਕਰਦੇ ਰਹੋ, ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।”—ਮੱਤੀ 6:31-33.

ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਫ਼ਲਤਾ ਪਾਓ

17, 18. (ੳ) ਸਫ਼ਲਤਾ ਕਿਸ ਗੱਲ ’ਤੇ ਨਿਰਭਰ ਕਰਦੀ ਹੈ? (ਅ) ਸਫ਼ਲਤਾ ਕਿਸ ਗੱਲ ’ਤੇ ਨਿਰਭਰ ਨਹੀਂ ਕਰਦੀ ਹੈ?

17 ਮੁੱਖ ਗੱਲ ਇਹ ਹੈ: ਸਾਡੀ ਸਫ਼ਲਤਾ ਪੈਸੇ, ਹੈਸੀਅਤ ਜਾਂ ਰੁਤਬੇ ’ਤੇ ਨਿਰਭਰ ਨਹੀਂ ਕਰਦੀ ਹੈ ਅਤੇ ਨਾ ਹੀ ਮੰਡਲੀ ਵਿਚ ਮਿਲੀਆਂ ਜ਼ਿੰਮੇਵਾਰੀਆਂ ਸਫ਼ਲਤਾ ਦੀ ਨਿਸ਼ਾਨੀ ਹੈ। ਸਫ਼ਲਤਾ ਦਾ ਆਧਾਰ ਪਰਮੇਸ਼ੁਰ ਦਾ ਕਹਿਣਾ ਮੰਨਣਾ ਤੇ ਉਸ ਦੇ ਵਫ਼ਾਦਾਰ ਰਹਿਣਾ ਹੈ। ਪਰਮੇਸ਼ੁਰ ਕਹਿੰਦਾ ਹੈ: “ਇਕ ਸੇਵਕ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਵਫ਼ਾਦਾਰੀ ਨਾਲ ਪੂਰੀ ਕਰੇ।” (1 ਕੁਰਿੰ. 4:2) ਵਫ਼ਾਦਾਰ ਰਹਿਣ ਲਈ ਸਾਨੂੰ ਧੀਰਜ ਰੱਖਣ ਦੀ ਲੋੜ ਹੈ। ਯਿਸੂ ਨੇ ਕਿਹਾ: “ਜਿਹੜਾ ਇਨਸਾਨ ਅੰਤ ਤਕ ਵਫ਼ਾਦਾਰ ਰਹੇਗਾ ਉਹੀ ਬਚਾਇਆ ਜਾਵੇਗਾ।” (ਮੱਤੀ 10:22) ਦੁਨੀਆਂ ਦੇ ਅੰਤ ਤੋਂ ਬਚ ਕੇ ਅਸੀਂ ਕਹਿ ਸਕਾਂਗੇ ਕਿ ਅਸੀਂ ਸੱਚ-ਮੁੱਚ ਸਫ਼ਲ ਹੋਏ ਹਾਂ।

18 ਉੱਪਰ ਦੱਸੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਦਾ ਹੈਸੀਅਤ, ਪੜ੍ਹਾਈ-ਲਿਖਾਈ, ਧਨ-ਦੌਲਤ ਤੇ ਰੁਤਬੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ; ਨਾ ਹੀ ਵਫ਼ਾਦਾਰੀ ਗਿਆਨ, ਹੁਨਰ ਜਾਂ ਕਾਬਲੀਅਤ ’ਤੇ ਨਿਰਭਰ ਕਰਦੀ ਹੈ। ਭਾਵੇਂ ਸਾਡੇ ਹਾਲਾਤ ਜੋ ਮਰਜ਼ੀ ਹੋਣ, ਪਰ ਅਸੀਂ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਸਕਦੇ ਹਾਂ। ਪਹਿਲੀ ਸਦੀ ਵਿਚ ਪਰਮੇਸ਼ੁਰ ਦੇ ਲੋਕਾਂ ਵਿਚ ਕੁਝ ਅਮੀਰ ਸਨ ਤੇ ਕੁਝ ਗ਼ਰੀਬ। ਅਮੀਰ ਲੋਕਾਂ ਨੂੰ ਪੌਲੁਸ ਨੇ ਸਲਾਹ ਦਿੱਤੀ ਕਿ ਉਹ “ਦੂਸਰਿਆਂ ਨਾਲ ਭਲਾਈ ਕਰਨ, ਚੰਗੇ ਕੰਮ ਕਰਨ ਵਿਚ ਲੱਗੇ ਰਹਿਣ, ਖੁੱਲ੍ਹੇ ਦਿਲ ਵਾਲੇ ਬਣਨ ਅਤੇ ਜੋ ਉਨ੍ਹਾਂ ਕੋਲ ਹੈ, ਉਹ ਦੂਸਰਿਆਂ ਨਾਲ ਵੰਡਣ ਲਈ ਤਿਆਰ ਰਹਿਣ।” ਅਮੀਰ-ਗ਼ਰੀਬ ਦੋਵੇਂ “ਅਸਲੀ ਜ਼ਿੰਦਗੀ ਨੂੰ ਘੁੱਟ ਕੇ ਫੜ” ਸਕਦੇ ਸਨ। (1 ਤਿਮੋ. 6:17-19) ਅੱਜ ਵੀ ਇਹ ਗੱਲ ਸੱਚ ਹੈ। ਸਾਡੇ ਸਾਰਿਆਂ ਕੋਲ ਇੱਕੋ ਜਿਹਾ ਮੌਕਾ ਤੇ ਜ਼ਿੰਮੇਵਾਰੀ ਹੈ: ਸਾਨੂੰ ਸਾਰਿਆਂ ਨੂੰ ਵਫ਼ਾਦਾਰ ਰਹਿ ਕੇ ‘ਚੰਗੇ ਕੰਮ ਕਰਨ ਵਿਚ ਲੱਗੇ ਰਹਿਣਾ’ ਚਾਹੀਦਾ ਹੈ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ ਆਪਣੇ ਕਰਤਾਰ ਦੀਆਂ ਨਜ਼ਰਾਂ ਵਿਚ ਸਫ਼ਲ ਹੋਵਾਂਗੇ ਤੇ ਸਾਨੂੰ ਇਸ ਗੱਲ ਤੋਂ ਖ਼ੁਸ਼ੀ ਮਿਲੇਗੀ ਕਿ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰ ਰਹੇ ਹਾਂ।—ਕਹਾ. 27:11.

19. ਸਫ਼ਲਤਾ ਦੇ ਮਾਮਲੇ ਵਿਚ ਤੁਹਾਡਾ ਕੀ ਇਰਾਦਾ ਹੈ?

19 ਤੁਸੀਂ ਸ਼ਾਇਦ ਆਪਣੇ ਹਾਲਾਤਾਂ ’ਤੇ ਪੂਰੀ ਤਰ੍ਹਾਂ ਕੰਟ੍ਰੋਲ ਨਾ ਰੱਖ ਸਕੋ, ਪਰ ਤੁਸੀਂ ਇਸ ਗੱਲ ’ਤੇ ਕੰਟ੍ਰੋਲ ਰੱਖ ਸਕਦੇ ਹੋ ਕਿ ਤੁਸੀਂ ਇਨ੍ਹਾਂ ਨਾਲ ਕਿੱਦਾਂ ਨਜਿੱਠਦੇ ਹੋ। ਹਰ ਹਾਲਤ ਵਿਚ ਵਫ਼ਾਦਾਰ ਰਹਿਣ ਦੀ ਕੋਸ਼ਿਸ਼ ਕਰੋ। ਇੱਦਾਂ ਕਰਨ ਦਾ ਬਹੁਤ ਫ਼ਾਇਦਾ ਹੈ। ਇਸ ਗੱਲ ਦਾ ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਹੁਣ ਤੇ ਹਮੇਸ਼ਾ ਲਈ ਬਰਕਤਾਂ ਦਿੰਦਾ ਰਹੇਗਾ। ਚੁਣੇ ਹੋਏ ਮਸੀਹੀਆਂ ਨੂੰ ਕਹੇ ਯਿਸੂ ਦੇ ਸ਼ਬਦ ਕਦੇ ਨਾ ਭੁੱਲੋ: “ਤੂੰ ਮੌਤ ਤਕ ਵਫ਼ਾਦਾਰ ਰਹੀਂ ਅਤੇ ਮੈਂ ਤੈਨੂੰ ਜ਼ਿੰਦਗੀ ਦਾ ਇਨਾਮ ਦਿਆਂਗਾ।” (ਪ੍ਰਕਾ. 2:10) ਦਰਅਸਲ ਇਹੀ ਸਫ਼ਲਤਾ ਹੈ!

[ਸਵਾਲ]

[ਸਫ਼ਾ 6 ਉੱਤੇ ਤਸਵੀਰ]

ਦੁਨੀਆਂ ਦੀਆਂ ਨਜ਼ਰਾਂ ਵਿਚ ਸੌਲੁਸ ਸਫ਼ਲਤਾ ਦੇ ਰਾਹ ’ਤੇ ਚੱਲਿਆ ਸੀ

[ਸਫ਼ਾ 7 ਉੱਤੇ ਤਸਵੀਰ]

ਪੌਲੁਸ ਸੱਚ-ਮੁੱਚ ਸਫ਼ਲ ਹੋਇਆ