Skip to content

Skip to table of contents

ਤੁਸੀਂ ਭਰੋਸੇਯੋਗ ਸੇਵਕ ਹੋ!

ਤੁਸੀਂ ਭਰੋਸੇਯੋਗ ਸੇਵਕ ਹੋ!

ਤੁਸੀਂ ਭਰੋਸੇਯੋਗ ਸੇਵਕ ਹੋ!

“ਤੁਹਾਡਾ ਆਪਣੇ ਉੱਤੇ ਕੋਈ ਅਧਿਕਾਰ ਨਹੀਂ ਹੈ।”—1 ਕੁਰਿੰ. 6:19.

ਤੁਸੀਂ ਕੀ ਜਵਾਬ ਦਿਓਗੇ?

ਪੁਰਾਣੇ ਸਮੇਂ ਵਿਚ ਸੇਵਕਾਂ ਨੂੰ ਕਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਸਨ?

ਯਹੋਵਾਹ ਦੇ ਸਾਰੇ ਸੇਵਕਾਂ ਕੋਲ ਕਿਹੜੀਆਂ ਜ਼ਿੰਮੇਵਾਰੀਆਂ ਹਨ?

ਜ਼ਿੰਮੇਵਾਰੀਆਂ ਪ੍ਰਤੀ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?

1. ਗ਼ੁਲਾਮੀ ਬਾਰੇ ਲੋਕਾਂ ਦਾ ਕੀ ਵਿਚਾਰ ਹੈ?

ਤਕਰੀਬਨ 2,500 ਸਾਲ ਪਹਿਲਾਂ ਇਕ ਯੂਨਾਨੀ ਲੇਖਕ ਨੇ ਲਿਖਿਆ: “ਕੋਈ ਵੀ ਆਪਣੀ ਮਰਜ਼ੀ ਨਾਲ ਗ਼ੁਲਾਮੀ ਨਹੀਂ ਕਰਦਾ।” ਅੱਜ ਬਹੁਤ ਸਾਰੇ ਲੋਕ ਇਸ ਗੱਲ ਨਾਲ ਸਹਿਮਤ ਹਨ। ਗ਼ੁਲਾਮੀ ਸ਼ਬਦ ਸੁਣ ਕੇ ਦੱਬੇ-ਕੁਚਲ਼ੇ ਜਾਂ ਜ਼ੰਜੀਰਾਂ ਨਾਲ ਜਕੜੇ ਹੋਏ ਲੋਕਾਂ ਦੀ ਤਸਵੀਰ ਮਨ ਵਿਚ ਆਉਂਦੀ ਹੈ। ਗ਼ੁਲਾਮਾਂ ਦੇ ਕੰਮਾਂ ਜਾਂ ਕੁਰਬਾਨੀਆਂ ਦਾ ਉਨ੍ਹਾਂ ਨੂੰ ਫ਼ਾਇਦਾ ਨਹੀਂ ਹੁੰਦਾ, ਸਗੋਂ ਉਨ੍ਹਾਂ ਦੇ ਮਾਲਕਾਂ ਨੂੰ ਹੁੰਦਾ ਹੈ।

2, 3. (ੳ) ਮਸੀਹ ਦੇ ਸੇਵਕਾਂ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਂਦਾ ਹੈ? (ਅ) ਇਸ ਲੇਖ ਵਿਚ ਅਸੀਂ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?

2 ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ ਨਿਮਰ ਸੇਵਕ ਜਾਂ ਨੌਕਰ ਹੋਣਗੇ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ ਜਾਂ ਉਨ੍ਹਾਂ ’ਤੇ ਜ਼ੁਲਮ ਕੀਤੇ ਜਾਂਦੇ ਹਨ। ਇਨ੍ਹਾਂ ਸੇਵਕਾਂ ਨੂੰ ਆਦਰ-ਸਤਿਕਾਰ ਮਿਲਦਾ ਹੈ ਤੇ ਇਨ੍ਹਾਂ ’ਤੇ ਭਰੋਸਾ ਕੀਤਾ ਜਾਂਦਾ ਹੈ। ਮਿਸਾਲ ਲਈ, ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਯਿਸੂ ਨੇ ਇਕ “ਨੌਕਰ” ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਉਹ ਇਸ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਜ਼ਿੰਮੇਵਾਰੀਆਂ ਤੇ ਸਨਮਾਨ ਦੇਵੇਗਾ।—ਮੱਤੀ 24:45-47.

3 ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਸ ਨੌਕਰ ਨੂੰ ਲੂਕਾ ਨੇ “ਪ੍ਰਬੰਧਕ” ਕਿਹਾ ਸੀ। (ਲੂਕਾ 12:42-44 ਪੜ੍ਹੋ।) ਅੱਜ ਜ਼ਿਆਦਾਤਰ ਮਸੀਹੀ “ਵਫ਼ਾਦਾਰ ਤੇ ਸਮਝਦਾਰ ਪ੍ਰਬੰਧਕ” ਦੇ ਮੈਂਬਰ ਨਹੀਂ ਹਨ। ਪਰ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦੇ ਹਰ ਸੇਵਕ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਨੂੰ ਕਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ? ਇਨ੍ਹਾਂ ਜ਼ਿੰਮੇਵਾਰੀਆਂ ਬਾਰੇ ਉਨ੍ਹਾਂ ਦਾ ਨਜ਼ਰੀਆ ਕੀ ਹੋਣਾ ਚਾਹੀਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਲਈ ਆਓ ਆਪਾਂ ਪੁਰਾਣੇ ਸਮੇਂ ਦੇ ਨੌਕਰਾਂ ਦੇ ਕੰਮਾਂ ਦੀ ਜਾਂਚ ਕਰੀਏ।

ਸੇਵਕਾਂ ਦੇ ਕੰਮ

4, 5. ਪੁਰਾਣੇ ਸਮੇਂ ਵਿਚ ਸੇਵਕਾਂ ਨੂੰ ਕਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਸਨ? ਮਿਸਾਲ ਦਿਓ।

4 ਪੁਰਾਣੇ ਸਮੇਂ ਵਿਚ ਪ੍ਰਬੰਧਕ ਇਕ ਭਰੋਸੇਯੋਗ ਨੌਕਰ ਹੁੰਦਾ ਸੀ ਜਿਸ ਨੂੰ ਮਾਲਕ ਵੱਲੋਂ ਘਰ ਅਤੇ ਵਪਾਰ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ। ਉਸ ਕੋਲ ਕਾਫ਼ੀ ਅਧਿਕਾਰ ਹੁੰਦਾ ਸੀ ਅਤੇ ਉਹ ਘਰ ਤੇ ਕਾਰੋਬਾਰ ਦੀ ਦੇਖ-ਭਾਲ ਦਾ ਪ੍ਰਬੰਧ ਕਰਦਾ ਸੀ ਤੇ ਹੋਰ ਨੌਕਰਾਂ ’ਤੇ ਅਧਿਕਾਰ ਰੱਖਦਾ ਸੀ। ਮਿਸਾਲ ਲਈ, ਅਬਰਾਹਾਮ ਨੇ ਆਪਣੀਆਂ ਸਾਰੀਆਂ ਚੀਜ਼ਾਂ ’ਤੇ ਆਪਣੇ ਨੌਕਰ ਅਲੀਅਜ਼ਰ ਨੂੰ ਅਧਿਕਾਰ ਦਿੱਤਾ ਸੀ। ਉਸ ਨੇ ਆਪਣੇ ਪੁੱਤਰ ਇਸਹਾਕ ਲਈ ਕੁੜੀ ਲੱਭਣ ਲਈ ਸ਼ਾਇਦ ਅਲੀਅਜ਼ਰ ਨੂੰ ਮੇਸੋਪੋਟੇਮੀਆ ਭੇਜਿਆ ਹੋਵੇ। ਕਿੰਨੀ ਹੀ ਵੱਡੀ ਜ਼ਿੰਮੇਵਾਰੀ!—ਉਤ. 13:2; 15:2; 24:2-4.

5 ਅਬਰਾਹਾਮ ਦਾ ਪੜਪੋਤਾ ਯੂਸੁਫ਼ ਪੋਟੀਫ਼ਰ ਦੇ ਘਰ-ਬਾਰ ਦਾ ਖ਼ਿਆਲ ਰੱਖਦਾ ਸੀ। (ਉਤ. 39:1, 2, 4) ਸਮੇਂ ਦੇ ਬੀਤਣ ਨਾਲ ਯੂਸੁਫ਼ ਨੇ ਵੀ ਆਪਣੇ ਲਈ ਇਕ ਨੌਕਰ ਰੱਖ ਲਿਆ ਜੋ “ਯੂਸੁਫ਼ ਦੇ ਘਰ” ਦਾ ਮੁਖ਼ਤਿਆਰ ਸੀ। ਇਸ ਨੌਕਰ ਨੇ ਯੂਸੁਫ਼ ਦੇ ਦਸ ਭਰਾਵਾਂ ਦੀ ਪ੍ਰਾਹੁਣਚਾਰੀ ਦਾ ਪ੍ਰਬੰਧ ਕੀਤਾ ਸੀ। ਜਦੋਂ ਯੂਸੁਫ਼ ਚੋਰੀ ਦਾ ਇਲਜ਼ਾਮ ਲਾ ਕੇ ਆਪਣੇ ਭਰਾਵਾਂ ਨੂੰ ਪਰਖਣਾ ਚਾਹੁੰਦਾ ਸੀ, ਤਾਂ ਉਸ ਦੇ ਨੌਕਰ ਨੇ ਇਸ ਕੰਮ ਵਿਚ ਉਸ ਦਾ ਸਾਥ ਦਿੱਤਾ। ਨੌਕਰ ਨੇ ਚਾਂਦੀ ਦਾ ਕੱਪ ਬਿਨਯਾਮੀਨ ਦੀ ਬੋਰੀ ਵਿਚ ਰੱਖ ਦਿੱਤਾ ਸੀ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਨੌਕਰਾਂ ’ਤੇ ਭਰੋਸਾ ਕੀਤਾ ਜਾਂਦਾ ਸੀ।—ਉਤ. 43:19-25; 44:1-12.

6. ਮਸੀਹੀ ਨਿਗਾਹਬਾਨਾਂ ਕੋਲ ਕਿਹੜੀਆਂ ਜ਼ਿੰਮੇਵਾਰੀਆਂ ਹਨ?

6 ਸਦੀਆਂ ਬਾਅਦ ਪੌਲੁਸ ਰਸੂਲ ਨੇ ਲਿਖਿਆ ਕਿ ਮਸੀਹੀ ਨਿਗਾਹਬਾਨਾਂ ਨੂੰ ‘ਪਰਮੇਸ਼ੁਰ ਦੇ ਜ਼ਿੰਮੇਵਾਰ ਸੇਵਕ’ ਹੋਣਾ ਚਾਹੀਦਾ ਹੈ। (ਤੀਤੁ. 1:7) “ਪਰਮੇਸ਼ੁਰ ਦੀਆਂ ਭੇਡਾਂ” ਦੀ ਦੇਖ-ਭਾਲ ਕਰਨ ਅਤੇ ਮੰਡਲੀਆਂ ਦੀ ਅਗਵਾਈ ਕਰਨ ਲਈ ਨਿਗਾਹਬਾਨਾਂ ਨੂੰ ਚੁਣਿਆ ਜਾਂਦਾ ਹੈ। (1 ਪਤ. 5:1, 2) ਦਰਅਸਲ ਬਜ਼ੁਰਗਾਂ ਦੀਆਂ ਅਲੱਗ-ਅਲੱਗ ਜ਼ਿੰਮੇਵਾਰੀਆਂ ਹੁੰਦੀਆਂ ਹਨ। ਮਿਸਾਲ ਲਈ, ਅੱਜ ਹਰ ਮਸੀਹੀ ਨਿਗਾਹਬਾਨ ਨੂੰ ਇਕ ਮੰਡਲੀ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਹਰ ਸਫ਼ਰੀ ਨਿਗਾਹਬਾਨ ਬਹੁਤ ਸਾਰੀਆਂ ਮੰਡਲੀਆਂ ਦੀ ਅਗਵਾਈ ਕਰਦਾ ਹੈ। ਬ੍ਰਾਂਚ ਕਮੇਟੀ ਦੇ ਮੈਂਬਰ ਪੂਰੇ ਦੇਸ਼ ਦੀਆਂ ਮੰਡਲੀਆਂ ਦੀ ਦੇਖ-ਭਾਲ ਕਰਦੇ ਹਨ। ਪਰ ਸਾਰਿਆਂ ਤੋਂ ਉਮੀਦ ਰੱਖੀ ਜਾਂਦੀ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਵਫ਼ਾਦਾਰੀ ਨਾਲ ਨਿਭਾਉਣਗੇ ਕਿਉਂਕਿ ਉਨ੍ਹਾਂ ਸਾਰਿਆਂ ਨੇ ਪਰਮੇਸ਼ੁਰ ਨੂੰ “ਹਿਸਾਬ ਦੇਣਾ ਹੈ।”—ਇਬ. 13:17.

7. ਅਸੀਂ ਕਿਵੇਂ ਜਾਣਦੇ ਹਾਂ ਕਿ ਸਾਰੇ ਮਸੀਹੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ?

7 ਉਨ੍ਹਾਂ ਵਫ਼ਾਦਾਰ ਮਸੀਹੀਆਂ ਬਾਰੇ ਕੀ ਜੋ ਨਿਗਾਹਬਾਨ ਨਹੀਂ ਹਨ? ਪਤਰਸ ਰਸੂਲ ਨੇ ਸਾਰੇ ਮਸੀਹੀਆਂ ਨੂੰ ਚਿੱਠੀ ਲਿਖਦੇ ਹੋਏ ਕਿਹਾ: “ਪਰਮੇਸ਼ੁਰ ਨੇ ਤੁਹਾਡੇ ’ਤੇ ਵੱਖੋ-ਵੱਖਰੇ ਤਰੀਕਿਆਂ ਨਾਲ ਅਪਾਰ ਕਿਰਪਾ ਕਰ ਕੇ ਤੁਹਾਨੂੰ ਹੁਨਰ ਬਖ਼ਸ਼ੇ ਹਨ। ਵਧੀਆ ਅਤੇ ਜ਼ਿੰਮੇਵਾਰ ਸੇਵਕਾਂ ਦੇ ਤੌਰ ਤੇ, ਤੁਸੀਂ ਆਪਣੇ ਹੁਨਰ ਇਕ-ਦੂਜੇ ਦੀ ਸੇਵਾ ਕਰਨ ਲਈ ਵਰਤੋ।” (1 ਪਤ. 1:1; 4:10) ਪਰਮੇਸ਼ੁਰ ਨੇ ਆਪਣੀ ਅਪਾਰ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਕਾਬਲੀਅਤਾਂ ਜਾਂ ਹੁਨਰ ਬਖ਼ਸ਼ੇ ਹਨ ਜੋ ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਫ਼ਾਇਦੇ ਲਈ ਵਰਤ ਸਕਦੇ ਹਾਂ। ਜਿਹੜੇ ਵੀ ਪਰਮੇਸ਼ੁਰ ਦੀ ਸੇਵਾ ਕਰਦੇ ਹਨ ਉਨ੍ਹਾਂ ਨੂੰ ਆਦਰ ਮਿਲਦਾ ਹੈ, ਉਨ੍ਹਾਂ ’ਤੇ ਭਰੋਸਾ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ।

ਅਸੀਂ ਪਰਮੇਸ਼ੁਰ ਦੇ ਹਾਂ

8. ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ ਸਾਨੂੰ ਕਿਹੜੀ ਖ਼ਾਸ ਗੱਲ ਯਾਦ ਰੱਖਣੀ ਚਾਹੀਦੀ ਹੈ?

8 ਮਸੀਹ ਦੇ ਸੇਵਕ ਹੋਣ ਦੇ ਨਾਤੇ ਸਾਨੂੰ ਤਿੰਨ ਗੱਲਾਂ ’ਤੇ ਧਿਆਨ ਦੇਣ ਦੀ ਲੋੜ ਹੈ। ਪਹਿਲੀ ਗੱਲ ਹੈ: ਅਸੀਂ ਸਾਰੇ ਪਰਮੇਸ਼ੁਰ ਦੇ ਹਾਂ ਤੇ ਅਸੀਂ ਉਸ ਨੂੰ ਹਿਸਾਬ ਦੇਣਾ ਹੈ। ਪੌਲੁਸ ਨੇ ਲਿਖਿਆ: “ਤੁਹਾਡਾ ਆਪਣੇ ਉੱਤੇ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਤੁਹਾਨੂੰ ਵੱਡੀ ਕੀਮਤ ਚੁੱਕਾ ਕੇ ਖ਼ਰੀਦਿਆ ਗਿਆ ਹੈ।” ਇਹ ਕੀਮਤ ਮਸੀਹ ਦਾ ਲਹੂ ਹੈ। (1 ਕੁਰਿੰ. 6:19, 20) ਯਹੋਵਾਹ ਦੇ ਹੋਣ ਕਰਕੇ ਸਾਨੂੰ ਉਸ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ ਜੋ ਬੋਝ ਨਹੀਂ ਹਨ। (ਰੋਮੀ. 14:8; 1 ਯੂਹੰ. 5:3) ਅਸੀਂ ਮਸੀਹ ਦੇ ਵੀ ਸੇਵਕ ਬਣ ਗਏ ਹਾਂ। ਪੁਰਾਣੇ ਸਮੇਂ ਦੇ ਸੇਵਕਾਂ ਦੀ ਤਰ੍ਹਾਂ ਸਾਨੂੰ ਬਹੁਤ ਆਜ਼ਾਦੀ ਦਿੱਤੀ ਜਾਂਦੀ ਹੈ, ਪਰ ਪੂਰੀ ਆਜ਼ਾਦੀ ਨਹੀਂ। ਸਾਨੂੰ ਪਰਮੇਸ਼ੁਰ ਵੱਲੋਂ ਮਿਲੀਆਂ ਹਿਦਾਇਤਾਂ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਚਾਹੀਦਾ ਹੈ। ਪਰਮੇਸ਼ੁਰ ਦੀ ਸੇਵਾ ਕਰਦਿਆਂ ਅਸੀਂ ਚਾਹੇ ਜਿਹੜੀਆਂ ਮਰਜ਼ੀ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ, ਪਰ ਅਸੀਂ ਹਾਲੇ ਵੀ ਪਰਮੇਸ਼ੁਰ ਤੇ ਮਸੀਹ ਦੇ ਸੇਵਕ ਹਾਂ।

9. ਯਿਸੂ ਨੇ ਮਾਲਕ ਅਤੇ ਨੌਕਰ ਦੇ ਰਿਸ਼ਤੇ ਨੂੰ ਮਿਸਾਲ ਦੁਆਰਾ ਕਿਵੇਂ ਸਮਝਾਇਆ ਸੀ?

9 ਯਿਸੂ ਨੇ ਮਾਲਕ ਅਤੇ ਨੌਕਰ ਦੇ ਰਿਸ਼ਤੇ ਨੂੰ ਸਮਝਾਇਆ। ਇਕ ਵਾਰ ਉਸ ਨੇ ਆਪਣੇ ਚੇਲਿਆਂ ਨਾਲ ਇਕ ਨੌਕਰ ਦੀ ਇਕ ਮਿਸਾਲ ਦਿੱਤੀ ਜੋ ਸਾਰਾ ਦਿਨ ਕੰਮ ਕਰ ਕੇ ਘਰ ਵਾਪਸ ਆਉਂਦਾ ਹੈ। ਕੀ ਉਸ ਦਾ ਮਾਲਕ ਉਸ ਨੂੰ ਕਹੇਗਾ: “ਆਜਾ-ਆਜਾ, ਇੱਥੇ ਬੈਠ ਕੇ ਖਾਣਾ ਖਾ”? ਨਹੀਂ। ਉਹ ਕਹੇਗਾ: “ਸ਼ਾਮ ਦੇ ਖਾਣੇ ਵਾਸਤੇ ਮੇਰੇ ਲਈ ਕੁਝ ਪਕਾ ਅਤੇ ਜਦ ਤਕ ਮੈਂ ਖਾ-ਪੀ ਨਾ ਹਟਾਂ, ਉਦੋਂ ਤਕ ਲੱਕ ਬੰਨ੍ਹ ਕੇ ਮੇਰੀ ਸੇਵਾ ਕਰ, ਫਿਰ ਤੂੰ ਰੋਟੀ ਖਾਈਂ।” ਇਸ ਮਿਸਾਲ ਨੂੰ ਯਿਸੂ ਨੇ ਕਿਵੇਂ ਲਾਗੂ ਕੀਤਾ? ਉਸ ਨੇ ਕਿਹਾ: “ਇਸ ਲਈ ਜਦੋਂ ਤੁਸੀਂ ਆਪਣੇ ਸਾਰੇ ਕੰਮ ਪੂਰੇ ਕਰ ਲਵੋ ਜੋ ਤੁਹਾਨੂੰ ਕਰਨ ਲਈ ਦਿੱਤੇ ਗਏ ਸਨ, ਤਾਂ ਤੁਸੀਂ ਕਹੋ, ‘ਅਸੀਂ ਤਾਂ ਨਿਕੰਮੇ ਜਿਹੇ ਨੌਕਰ ਹੀ ਹਾਂ। ਅਸੀਂ ਤਾਂ ਉਹੀ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ।’”—ਲੂਕਾ 17:7-10.

10. ਕਿਹੜੀ ਗੱਲ ਦਿਖਾਉਂਦੀ ਹੈ ਕਿ ਯਹੋਵਾਹ ਸਾਡੇ ਜਤਨਾਂ ਦੀ ਕਦਰ ਕਰਦਾ ਹੈ?

10 ਦਰਅਸਲ ਯਹੋਵਾਹ ਇਸ ਗੱਲ ਦੀ ਕਦਰ ਕਰਦਾ ਹੈ ਕਿ ਅਸੀਂ ਉਸ ਦੀ ਸੇਵਾ ਕਰਨ ਦਾ ਦਿਲੋਂ ਜਤਨ ਕਰਦੇ ਹਾਂ। ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ: “ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਨੂੰ ਤੇ ਪਿਆਰ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ।” (ਇਬ. 6:10) ਯਹੋਵਾਹ ਸਾਡੇ ਤੋਂ ਕਦੇ ਵੀ ਹੱਦੋਂ ਵੱਧ ਆਸ ਨਹੀਂ ਰੱਖਦਾ। ਇਸ ਤੋਂ ਇਲਾਵਾ, ਉਹ ਜੋ ਵੀ ਕਹਿੰਦਾ ਹੈ ਉਹ ਸਾਡੇ ਭਲੇ ਲਈ ਹੁੰਦਾ ਹੈ ਤੇ ਉਸ ਦੇ ਹੁਕਮ ਬੋਝ ਨਹੀਂ ਹਨ। ਜਿਵੇਂ ਕਿ ਯਿਸੂ ਮਸੀਹ ਦੀ ਮਿਸਾਲ ਦਿਖਾਉਂਦੀ ਹੈ, ਸੇਵਕ ਆਪਣੇ ਆਪ ਨੂੰ ਖ਼ੁਸ਼ ਨਹੀਂ ਕਰਦਾ ਤੇ ਨਾ ਹੀ ਆਪਣੀਆਂ ਖ਼ਾਹਸ਼ਾਂ ਨੂੰ ਪਹਿਲਾਂ ਰੱਖਦਾ ਹੈ। ਗੱਲ ਇਹ ਹੈ ਕਿ ਜਦੋਂ ਅਸੀਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣ ਦਾ ਫ਼ੈਸਲਾ ਕਰਦੇ ਹਾਂ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ?

ਯਹੋਵਾਹ ਸਾਡੇ ਤੋਂ ਕੀ ਉਮੀਦ ਰੱਖਦਾ ਹੈ

11, 12. ਸੇਵਕ ਹੋਣ ਦੇ ਨਾਤੇ ਸਾਨੂੰ ਕਿਹੜਾ ਗੁਣ ਦਿਖਾਉਣ ਦੀ ਲੋੜ ਹੈ ਤੇ ਸਾਨੂੰ ਕਿਨ੍ਹਾਂ ਕੰਮਾਂ ਤੋਂ ਬਚਣਾ ਚਾਹੀਦਾ ਹੈ?

11 ਦੂਜੀ ਗੱਲ ਹੈ: ਸੇਵਕ ਹੋਣ ਦੇ ਨਾਤੇ ਅਸੀਂ ਸਾਰੇ ਬਾਈਬਲ ਦੇ ਮਿਆਰਾਂ ’ਤੇ ਚੱਲਦੇ ਹਾਂ। ਇਹ ਸੱਚ ਹੈ ਕਿ ਮਸੀਹੀ ਮੰਡਲੀ ਵਿਚ ਕੁਝ ਜ਼ਿੰਮੇਵਾਰੀਆਂ ਕੁਝ ਭਰਾਵਾਂ ਨੂੰ ਦਿੱਤੀਆਂ ਜਾਂਦੀਆਂ ਹਨ। ਪਰ ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਬਾਈਬਲ ਦੇ ਮਿਆਰਾਂ ’ਤੇ ਚੱਲਣ ਲਈ ਕਿਹਾ ਗਿਆ ਹੈ। ਮਿਸਾਲ ਲਈ, ਮਸੀਹ ਦੇ ਚੇਲੇ ਤੇ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਨੂੰ ਇਕ-ਦੂਜੇ ਨਾਲ ਪਿਆਰ ਕਰਨ ਦਾ ਹੁਕਮ ਦਿੱਤਾ ਗਿਆ ਹੈ। ਯਿਸੂ ਨੇ ਕਿਹਾ ਕਿ ਪਿਆਰ ਸੱਚੇ ਮਸੀਹੀਆਂ ਦੀ ਪਛਾਣ ਹੈ। (ਯੂਹੰ. 13:35) ਅਸੀਂ ਸਿਰਫ਼ ਆਪਣੇ ਭੈਣਾਂ-ਭਰਾਵਾਂ ਨਾਲ ਹੀ ਪਿਆਰ ਨਹੀਂ ਕਰਦੇ, ਸਗੋਂ ਉਨ੍ਹਾਂ ਨਾਲ ਵੀ ਕਰਦੇ ਹਾਂ ਜੋ ਯਹੋਵਾਹ ਦੇ ਗਵਾਹ ਨਹੀਂ ਹਨ। ਅਸੀਂ ਸਾਰਿਆਂ ਨੂੰ ਪਿਆਰ ਕਰ ਸਕਦੇ ਹਾਂ ਤੇ ਸਾਨੂੰ ਕਰਨਾ ਵੀ ਚਾਹੀਦਾ ਹੈ।

12 ਸਾਡੇ ਸਾਰਿਆਂ ਲਈ ਚੰਗਾ ਚਾਲ-ਚਲਣ ਰੱਖਣਾ ਵੀ ਜ਼ਰੂਰੀ ਹੈ। ਅਸੀਂ ਉਹ ਕੰਮ ਨਹੀਂ ਕਰਨਾ ਚਾਹੁੰਦੇ ਜੋ ਪਰਮੇਸ਼ੁਰ ਦੇ ਬਚਨ ਵਿਚ ਮਨ੍ਹਾ ਕੀਤੇ ਗਏ ਹਨ। ਪੌਲੁਸ ਨੇ ਲਿਖਿਆ: “ਨਾ ਹਰਾਮਕਾਰ, ਨਾ ਮੂਰਤੀ-ਪੂਜਕ, ਨਾ ਗ਼ੈਰ ਆਦਮੀ ਜਾਂ ਤੀਵੀਂ ਨਾਲ ਸੰਬੰਧ ਰੱਖਣ ਵਾਲੇ, ਨਾ ਜਨਾਨੜੇ, ਨਾ ਮੁੰਡੇਬਾਜ਼, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲ਼ਾਂ ਕੱਢਣ ਵਾਲੇ ਤੇ ਨਾ ਹੀ ਦੂਸਰਿਆਂ ਨੂੰ ਲੁੱਟਣ ਵਾਲੇ ਪਰਮੇਸ਼ੁਰ ਦੇ ਰਾਜ ਦੇ ਵਾਰਸ ਬਣਨਗੇ।” (1 ਕੁਰਿੰ. 6:9, 10) ਇਹ ਸੱਚ ਹੈ ਕਿ ਪਰਮੇਸ਼ੁਰ ਦੇ ਅਸੂਲਾਂ ’ਤੇ ਚੱਲਣ ਲਈ ਸਾਨੂੰ ਮਿਹਨਤ ਕਰਨ ਦੀ ਲੋੜ ਹੈ। ਪਰ ਇੱਦਾਂ ਕਰਨ ਨਾਲ ਸਾਨੂੰ ਫ਼ਾਇਦਾ ਹੁੰਦਾ ਹੈ। ਇਨ੍ਹਾਂ ਅਸੂਲਾਂ ਅਨੁਸਾਰ ਚੱਲਣ ਨਾਲ ਸਾਡੀ ਸਿਹਤ ’ਤੇ ਚੰਗਾ ਅਸਰ ਪੈਂਦਾ ਹੈ, ਦੂਜਿਆਂ ਨਾਲ ਸਾਡਾ ਰਿਸ਼ਤਾ ਵਧੀਆ ਬਣਦਾ ਹੈ ਤੇ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਦੇ ਹਾਂ।—ਯਸਾਯਾਹ 48:17, 18 ਪੜ੍ਹੋ।

13, 14. ਸਾਰੇ ਮਸੀਹੀਆਂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਇਸ ਪ੍ਰਤੀ ਸਾਡਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ?

13 ਸੇਵਕਾਂ ਵਾਂਗ ਸਾਨੂੰ ਵੀ ਕੰਮ ਕਰਨ ਲਈ ਦਿੱਤਾ ਗਿਆ ਹੈ। ਪਰਮੇਸ਼ੁਰ ਨੇ ਸੱਚਾਈ ਦਾ ਜੋ ਸਹੀ ਗਿਆਨ ਦਿੱਤਾ ਹੈ ਉਹ ਚਾਹੁੰਦਾ ਹੈ ਕਿ ਅਸੀਂ ਇਹ ਗਿਆਨ ਦੂਸਰਿਆਂ ਨਾਲ ਵੀ ਸਾਂਝਾ ਕਰੀਏ। (ਮੱਤੀ 28:19, 20) ਪੌਲੁਸ ਨੇ ਲਿਖਿਆ: “ਲੋਕ ਸਾਨੂੰ ਇਹੋ ਸਮਝਣ ਕਿ ਅਸੀਂ ਮਸੀਹ ਦੇ ਸੇਵਕ ਹਾਂ ਅਤੇ ਸਾਨੂੰ ਪਰਮੇਸ਼ੁਰ ਦੇ ਭੇਤਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।” (1 ਕੁਰਿੰ. 4:1) ਪੌਲੁਸ ਨੂੰ ਪਤਾ ਸੀ ਕਿ ਉਸ ਨੂੰ “ਪਰਮੇਸ਼ੁਰ ਦੇ ਭੇਤਾਂ” ਦਾ ਧਿਆਨ ਰੱਖਣ ਤੇ ਦੂਜਿਆਂ ਨੂੰ ਇਨ੍ਹਾਂ ਬਾਰੇ ਵਫ਼ਾਦਾਰੀ ਨਾਲ ਦੱਸਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਸ ਦੇ ਮਾਲਕ ਯਿਸੂ ਮਸੀਹ ਨੇ ਇਹ ਕਰਨ ਦਾ ਹੁਕਮ ਦਿੱਤਾ ਸੀ।—1 ਕੁਰਿੰ. 9:16.

14 ਦੂਜਿਆਂ ਨੂੰ ਸੱਚਾਈ ਬਾਰੇ ਦੱਸਣਾ ਵਧੀਆ ਗੱਲ ਹੈ। ਇਹ ਸੱਚ ਹੈ ਕਿ ਹਰ ਮਸੀਹੀ ਦੇ ਹਾਲਾਤ ਵੱਖੋ-ਵੱਖਰੇ ਹੁੰਦੇ ਹਨ। ਸਾਰੇ ਜਣੇ ਪ੍ਰਚਾਰ ਦੇ ਕੰਮ ਵਿਚ ਇੱਕੋ ਜਿੰਨਾ ਹਿੱਸਾ ਨਹੀਂ ਲੈ ਸਕਦੇ। ਯਹੋਵਾਹ ਇਸ ਗੱਲ ਨੂੰ ਸਮਝਦਾ ਹੈ। ਇਹ ਗੱਲ ਜ਼ਰੂਰੀ ਹੈ ਕਿ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀਏ। ਇੱਦਾਂ ਕਰ ਕੇ ਅਸੀਂ ਪਰਮੇਸ਼ੁਰ ਅਤੇ ਲੋਕਾਂ ਲਈ ਪਿਆਰ ਦਿਖਾਉਂਦੇ ਹਾਂ।

ਵਫ਼ਾਦਾਰ ਬਣੇ ਰਹਿਣ ਦੀ ਅਹਿਮੀਅਤ

15-17. (ੳ) ਨੌਕਰ ਨੂੰ ਵਫ਼ਾਦਾਰ ਕਿਉਂ ਹੋਣਾ ਚਾਹੀਦਾ ਹੈ? (ਅ) ਯਿਸੂ ਨੇ ਵਫ਼ਾਦਾਰ ਨਾ ਰਹਿਣ ਦੇ ਨਤੀਜਿਆਂ ਬਾਰੇ ਕਿਹੜੀ ਮਿਸਾਲ ਦਿੱਤੀ ਸੀ?

15 ਤੀਜੀ ਗੱਲ ਪਹਿਲੀਆਂ ਦੋ ਗੱਲਾਂ ਨਾਲ ਮਿਲਦੀ-ਜੁਲਦੀ ਹੈ: ਸਾਨੂੰ ਵਫ਼ਾਦਾਰ ਤੇ ਭਰੋਸੇਮੰਦ ਹੋਣਾ ਚਾਹੀਦਾ ਹੈ। ਸ਼ਾਇਦ ਇਕ ਸੇਵਕ ਵਿਚ ਚੰਗੇ ਗੁਣ ਤੇ ਹੁਨਰ ਹੋਣ, ਪਰ ਇਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਜੇ ਉਹ ਆਪਣੇ ਕੰਮ ਪ੍ਰਤੀ ਲਾਪਰਵਾਹ ਹੈ ਜਾਂ ਆਪਣੇ ਮਾਲਕ ਦੇ ਵਫ਼ਾਦਾਰ ਨਹੀਂ ਹੈ। ਚੰਗੇ ਸੇਵਕ ਬਣਨ ਲਈ ਵਫ਼ਾਦਾਰ ਰਹਿਣਾ ਜ਼ਰੂਰੀ ਹੈ। ਯਾਦ ਕਰੋ ਕਿ ਪੌਲੁਸ ਨੇ ਕੀ ਲਿਖਿਆ ਸੀ: “ਇਕ ਸੇਵਕ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਵਫ਼ਾਦਾਰੀ ਨਾਲ ਪੂਰੀ ਕਰੇ।”—1 ਕੁਰਿੰ. 4:2.

16 ਜੇ ਅਸੀਂ ਵਫ਼ਾਦਾਰ ਰਹਿੰਦੇ ਹਾਂ, ਤਾਂ ਸਾਨੂੰ ਇਸ ਦਾ ਇਨਾਮ ਜ਼ਰੂਰ ਮਿਲੇਗਾ। ਜੇ ਅਸੀਂ ਵਫ਼ਾਦਾਰ ਨਹੀਂ ਰਹਿੰਦੇ, ਤਾਂ ਸਾਨੂੰ ਪਰਮੇਸ਼ੁਰ ਦੀ ਬਰਕਤ ਨਹੀਂ ਮਿਲੇਗੀ। ਅਸੀਂ ਇਹ ਗੱਲ ਚਾਂਦੀ ਦੇ ਸਿੱਕਿਆਂ ਬਾਰੇ ਯਿਸੂ ਦੀ ਮਿਸਾਲ ਤੋਂ ਦੇਖ ਸਕਦੇ ਹਾਂ। ਜਿਨ੍ਹਾਂ ਨੌਕਰਾਂ ਨੇ ਵਫ਼ਾਦਾਰੀ ਨਾਲ ਮਾਲਕ ਦੇ ਪੈਸਿਆਂ ਨਾਲ “ਕਾਰੋਬਾਰ” ਕੀਤਾ, ਉਨ੍ਹਾਂ ਨੂੰ ਮਾਲਕ ਨੇ ਸ਼ਾਬਾਸ਼ ਦਿੱਤੀ ਤੇ ਉਨ੍ਹਾਂ ਨੂੰ ਇਨਾਮ ਵੀ ਦਿੱਤਾ। ਜਿਸ ਨੌਕਰ ਨੇ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ, ਉਸ ਨੌਕਰ ਨੂੰ ‘ਨਿਕੰਮਾ’ ਤੇ “ਆਲਸੀ” ਕਿਹਾ ਗਿਆ। ਉਸ ਤੋਂ ਚਾਂਦੀ ਦੇ ਸਿੱਕਿਆਂ ਦੀ ਥੈਲੀ ਵਾਪਸ ਲੈ ਲਈ ਗਈ ਤੇ ਉਸ ਨੂੰ ਬਾਹਰ ਸੁੱਟ ਦਿੱਤਾ ਗਿਆ।—ਮੱਤੀ 25:14-18, 23, 26, 28-30 ਪੜ੍ਹੋ।

17 ਇਕ ਹੋਰ ਮੌਕੇ ’ਤੇ ਯਿਸੂ ਨੇ ਵਫ਼ਾਦਾਰ ਨਾ ਰਹਿਣ ਦੇ ਨਤੀਜਿਆਂ ਬਾਰੇ ਦੱਸਿਆ ਸੀ। ਉਸ ਨੇ ਕਿਹਾ: “ਇਕ ਅਮੀਰ ਆਦਮੀ ਸੀ ਅਤੇ ਕਿਸੇ ਨੇ ਉਸ ਦੇ ਘਰ ਦੇ ਪ੍ਰਬੰਧਕ ਉੱਤੇ ਇਲਜ਼ਾਮ ਲਾਇਆ ਕਿ ਉਹ ਆਪਣੇ ਮਾਲਕ ਦਾ ਮਾਲ ਬਰਬਾਦ ਕਰ ਰਿਹਾ ਸੀ। ਇਸ ਲਈ ਮਾਲਕ ਨੇ ਉਸ ਨੂੰ ਕਿਹਾ, ‘ਮੈਂ ਤੇਰੇ ਬਾਰੇ ਇਹ ਕੀ ਸੁਣ ਰਿਹਾ ਹਾਂ? ਮੈਨੂੰ ਕੰਮ ਦਾ ਸਾਰਾ ਹਿਸਾਬ-ਕਿਤਾਬ ਦੇ ਦੇ ਕਿਉਂਕਿ ਮੈਂ ਤੈਨੂੰ ਕੰਮ ਤੋਂ ਕੱਢ ਰਿਹਾ ਹਾਂ।’” (ਲੂਕਾ 16:1, 2) ਇਸ ਨੌਕਰ ਨੇ ਆਪਣੇ ਮਾਲਕ ਦੇ ਮਾਲ ਦਾ ਨੁਕਸਾਨ ਕੀਤਾ ਅਤੇ ਇਸ ਕਰਕੇ ਉਸ ਨੂੰ ਕੰਮ ਤੋਂ ਕੱਢ ਦਿੱਤਾ ਗਿਆ। ਸਾਡੇ ਲਈ ਕਿੰਨਾ ਹੀ ਜ਼ਰੂਰੀ ਸਬਕ! ਸਾਨੂੰ ਜੋ ਕੰਮ ਕਰਨ ਲਈ ਦਿੱਤਾ ਜਾਂਦਾ ਹੈ, ਉਹ ਕੰਮ ਸਾਨੂੰ ਵਫ਼ਾਦਾਰੀ ਨਾਲ ਕਰਨਾ ਚਾਹੀਦਾ ਹੈ।

ਦੂਜਿਆਂ ਨਾਲ ਆਪਣੀ ਤੁਲਨਾ ਨਾ ਕਰੋ

18. ਸਾਨੂੰ ਦੂਜਿਆਂ ਨਾਲ ਆਪਣੀ ਤੁਲਨਾ ਕਿਉਂ ਨਹੀਂ ਕਰਨੀ ਚਾਹੀਦੀ?

18 ਅਸੀਂ ਸਾਰੇ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਮੈਂ ਕਿਹੋ ਜਿਹਾ ਸੇਵਕ ਹਾਂ?’ ਇਹ ਚੰਗੀ ਗੱਲ ਨਹੀਂ ਕਿ ਅਸੀਂ ਦੂਜਿਆਂ ਨਾਲ ਆਪਣੀ ਤੁਲਨਾ ਕਰੀਏ। ਬਾਈਬਲ ਸਲਾਹ ਦਿੰਦੀ ਹੈ: “ਹਰ ਇਨਸਾਨ ਖ਼ੁਦ ਆਪਣੇ ਕੰਮ ਦੀ ਜਾਂਚ ਕਰੇ। ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਕੰਮ ਤੋਂ ਖ਼ੁਸ਼ ਹੋਵੇਗਾ। ਉਹ ਆਪਣੀ ਤੁਲਨਾ ਕਿਸੇ ਹੋਰ ਨਾਲ ਨਾ ਕਰੇ।” (ਗਲਾ. 6:4) ਦੂਜਿਆਂ ਨਾਲ ਆਪਣੀ ਤੁਲਨਾ ਕਰਨ ਦੀ ਬਜਾਇ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ। ਇਹ ਨਾ ਸਿਰਫ਼ ਸਾਨੂੰ ਘਮੰਡੀ ਬਣਨ ਤੋਂ ਬਚਾਵੇਗਾ, ਸਗੋਂ ਅਸੀਂ ਹੌਸਲਾ ਵੀ ਨਹੀਂ ਹਾਰਾਂਗੇ। ਆਪਣੀ ਜਾਂਚ ਕਰਦੇ ਹੋਏ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਾਲਾਤ ਬਦਲਦੇ ਰਹਿੰਦੇ ਹਨ। ਸ਼ਾਇਦ ਖ਼ਰਾਬ ਸਿਹਤ, ਵਧਦੀ ਉਮਰ ਜਾਂ ਅਲੱਗ-ਅਲੱਗ ਜ਼ਿੰਮੇਵਾਰੀਆਂ ਹੋਣ ਕਰਕੇ ਅਸੀਂ ਯਹੋਵਾਹ ਦੀ ਸੇਵਾ ਪਹਿਲਾਂ ਜਿੰਨੀ ਨਾ ਕਰ ਪਾਈਏ। ਦੂਜੇ ਪਾਸੇ, ਅਸੀਂ ਸ਼ਾਇਦ ਦੇਖੀਏ ਕਿ ਅਸੀਂ ਪਹਿਲਾਂ ਨਾਲੋਂ ਹੋਰ ਜ਼ਿਆਦਾ ਕਰ ਸਕਦੇ ਹਾਂ। ਜੇ ਇੱਦਾਂ ਹੈ, ਤਾਂ ਕਿਉਂ ਨਾ ਪਰਮੇਸ਼ੁਰ ਦੀ ਸੇਵਾ ਵਿਚ ਹੋਰ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰੋ?

19. ਜੇ ਸਾਨੂੰ ਕੋਈ ਜ਼ਿੰਮੇਵਾਰੀ ਨਹੀਂ ਮਿਲਦੀ, ਤਾਂ ਸਾਨੂੰ ਨਿਰਾਸ਼ ਕਿਉਂ ਨਹੀਂ ਹੋਣਾ ਚਾਹੀਦਾ?

19 ਸਾਨੂੰ ਇਸ ਗੱਲ ’ਤੇ ਵੀ ਗੌਰ ਕਰਨਾ ਚਾਹੀਦਾ ਹੈ ਕਿ ਸਾਡੇ ਕੋਲ ਕਿਹੜੀਆਂ ਜ਼ਿੰਮੇਵਾਰੀਆਂ ਹਨ ਤੇ ਅਸੀਂ ਹੋਰ ਕਿਹੜੀਆਂ ਜ਼ਿੰਮੇਵਾਰੀਆਂ ਲੈਣੀਆਂ ਚਾਹੁੰਦੇ ਹਾਂ। ਮਿਸਾਲ ਲਈ, ਸ਼ਾਇਦ ਇਕ ਭਰਾ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਕਰਨੀ ਚਾਹੁੰਦਾ ਹੋਵੇ ਜਾਂ ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਵਿਚ ਭਾਸ਼ਣ ਦੇਣਾ ਚਾਹੁੰਦਾ ਹੋਵੇ। ਇਨ੍ਹਾਂ ਸਨਮਾਨਾਂ ਨੂੰ ਹਾਸਲ ਕਰਨ ਲਈ ਮਿਹਨਤ ਕਰਨੀ ਚੰਗੀ ਗੱਲ ਹੈ, ਪਰ ਸਾਨੂੰ ਉਦੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਜਦੋਂ ਸਾਨੂੰ ਇਹ ਜ਼ਿੰਮੇਵਾਰੀਆਂ ਨਹੀਂ ਦਿੱਤੀਆਂ ਜਾਂਦੀਆਂ। ਕਈ ਕਾਰਨਾਂ ਕਰਕੇ ਸ਼ਾਇਦ ਸਾਨੂੰ ਕੁਝ ਜ਼ਿੰਮੇਵਾਰੀਆਂ ਉਦੋਂ ਨਾ ਮਿਲਣ ਜਦੋਂ ਅਸੀਂ ਚਾਹੁੰਦੇ ਹਾਂ, ਪਰ ਬਾਅਦ ਵਿਚ ਮਿਲਣ। ਯਾਦ ਕਰੋ ਕਿ ਮੂਸਾ ਨੂੰ ਲੱਗਾ ਕਿ ਉਹ ਇਜ਼ਰਾਈਲੀਆਂ ਨੂੰ ਮਿਸਰ ਤੋਂ ਆਜ਼ਾਦ ਕਰਾਉਣ ਲਈ ਤਿਆਰ ਸੀ, ਪਰ ਉਸ ਨੂੰ 40 ਸਾਲ ਇੰਤਜ਼ਾਰ ਕਰਨਾ ਪਿਆ। ਇਸ ਸਮੇਂ ਦੌਰਾਨ ਮੂਸਾ ਆਪਣੇ ਵਿਚ ਉਹ ਗੁਣ ਪੈਦਾ ਕਰ ਸਕਿਆ ਜੋ ਢੀਠ ਤੇ ਬਾਗ਼ੀ ਲੋਕਾਂ ਦੀ ਅਗਵਾਈ ਕਰਨ ਲਈ ਜ਼ਰੂਰੀ ਸਨ।—ਰਸੂ. 7:22-25, 30-34.

20. ਯੋਨਾਥਾਨ ਦੀ ਮਿਸਾਲ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ?

20 ਕਈ ਵਾਰ ਕੋਈ ਜ਼ਿੰਮੇਵਾਰੀ ਸ਼ਾਇਦ ਸਾਨੂੰ ਕਦੇ ਨਾ ਮਿਲੇ। ਇਸ ਤਰ੍ਹਾਂ ਯੋਨਾਥਾਨ ਨਾਲ ਹੋਇਆ ਸੀ। ਉਹ ਸ਼ਾਊਲ ਦਾ ਮੁੰਡਾ ਸੀ ਤੇ ਉਸ ਨੇ ਇਜ਼ਰਾਈਲ ਦਾ ਅਗਲਾ ਰਾਜਾ ਬਣਨਾ ਸੀ। ਪਰ ਪਰਮੇਸ਼ੁਰ ਨੇ ਉਸ ਦੀ ਥਾਂ ਨੌਜਵਾਨ ਦਾਊਦ ਨੂੰ ਰਾਜਾ ਬਣਨ ਲਈ ਚੁਣਿਆ। ਯੋਨਾਥਾਨ ਦਾ ਇਸ ਫ਼ੈਸਲੇ ਪ੍ਰਤੀ ਕੀ ਨਜ਼ਰੀਆ ਸੀ? ਉਸ ਨੇ ਇਸ ਫ਼ੈਸਲੇ ਨੂੰ ਕਬੂਲ ਕੀਤਾ ਤੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਦਾਊਦ ਦਾ ਸਮਰਥਨ ਕੀਤਾ। ਉਸ ਨੇ ਦਾਊਦ ਨੂੰ ਕਿਹਾ: “ਤੂੰ ਇਸਰਾਏਲ ਦਾ ਪਾਤਸ਼ਾਹ ਹੋਵੇਂਗਾ ਅਤੇ ਮੈਂ ਤੈਥੋਂ ਦੂਜੇ ਦਰਜੇ ਤੇ ਹੋਵਾਂਗਾ।” (1 ਸਮੂ. 23:17) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਯੋਨਾਥਾਨ ਨੇ ਫ਼ੈਸਲੇ ਨੂੰ ਮੰਨ ਲਿਆ ਤੇ ਆਪਣੇ ਪਿਤਾ ਦੀ ਤਰ੍ਹਾਂ ਉਸ ਨੇ ਦਾਊਦ ਨਾਲ ਈਰਖਾ ਨਹੀਂ ਕੀਤੀ। ਦੂਜਿਆਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਕਰਕੇ ਸੜਨ ਦੀ ਬਜਾਇ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਚਾਹੀਦਾ ਹੈ। ਅਸੀਂ ਯਕੀਨ ਰੱਖ ਸਕਦੇ ਹਾਂ ਕਿ ਨਵੀਂ ਦੁਨੀਆਂ ਵਿਚ ਯਹੋਵਾਹ ਆਪਣੇ ਸਾਰੇ ਸੇਵਕਾਂ ਦੀਆਂ ਇੱਛਾਵਾਂ ਪੂਰੀਆਂ ਕਰੇਗਾ।

21. ਸਾਨੂੰ ਸੇਵਕ ਹੋਣ ਦੀ ਜ਼ਿੰਮੇਵਾਰੀ ਨੂੰ ਕਿਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ?

21 ਆਓ ਆਪਾਂ ਇਹ ਗੱਲ ਯਾਦ ਰੱਖੀਏ ਕਿ ਸੇਵਕ ਹੋਣ ਦਾ ਇਹ ਮਤਲਬ ਨਹੀਂ ਕਿ ਅਸੀਂ ਦੱਬੇ-ਕੁਚਲ਼ੇ ਜਾਂ ਦੁਖੀ ਹਾਂ। ਇਸ ਦੇ ਉਲਟ, ਸਾਡੇ ’ਤੇ ਭਰੋਸਾ ਕੀਤਾ ਜਾਂਦਾ ਹੈ ਤੇ ਸਾਡਾ ਆਦਰ ਕੀਤਾ ਜਾਂਦਾ ਹੈ। ਸਾਨੂੰ ਅੰਤ ਦੇ ਦਿਨਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਮਹੱਤਵਪੂਰਣ ਜ਼ਿੰਮੇਵਾਰੀ ਦਿੱਤੀ ਗਈ ਹੈ। ਯਹੋਵਾਹ ਨੇ ਸਾਨੂੰ ਇਹ ਆਜ਼ਾਦੀ ਵੀ ਦਿੱਤੀ ਹੈ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਪੂਰਾ ਕਰਦੇ ਹਾਂ। ਤਾਂ ਫਿਰ ਆਓ ਆਪਾਂ ਵਫ਼ਾਦਾਰੀ ਨਾਲ ਆਪਣਾ ਕੰਮ ਕਰੀਏ ਤੇ ਸਰਬਸ਼ਕਤੀਮਾਨ ਦੀ ਸੇਵਾ ਕਰਨ ਦੇ ਸਨਮਾਨ ਦੀ ਕਦਰ ਕਰੀਏ।

[ਸਵਾਲ]

[ਸਫ਼ਾ 12 ਉੱਤੇ ਤਸਵੀਰਾਂ]

ਆਓ ਆਪਾਂ ਵਫ਼ਾਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ