Skip to content

Skip to table of contents

‘ਦੁਨੀਆਂ ਵਿਚ ਪਰਦੇਸੀਆਂ’ ਵਜੋਂ ਰਹੋ

‘ਦੁਨੀਆਂ ਵਿਚ ਪਰਦੇਸੀਆਂ’ ਵਜੋਂ ਰਹੋ

‘ਦੁਨੀਆਂ ਵਿਚ ਪਰਦੇਸੀਆਂ’ ਵਜੋਂ ਰਹੋ

“ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਦੁਨੀਆਂ ਵਿਚ ਥੋੜ੍ਹੇ ਸਮੇਂ ਲਈ ਪਰਦੇਸੀਆਂ ਵਜੋਂ ਰਹਿੰਦੇ ਹੋਏ ਸਰੀਰਕ ਇੱਛਾਵਾਂ ਦੇ ਗ਼ੁਲਾਮ ਨਾ ਬਣੋ।”—1 ਪਤ. 2:11.

ਤੁਸੀਂ ਕੀ ਜਵਾਬ ਦਿਓਗੇ?

ਚੁਣੇ ਹੋਏ ਮਸੀਹੀਆਂ ਨੂੰ ਪਰਦੇਸੀ ਕਿਉਂ ਕਿਹਾ ਜਾ ਸਕਦਾ ਹੈ?

“ਹੋਰ ਭੇਡਾਂ” ਕਿਸ ਅਰਥ ਵਿਚ ਪਰਦੇਸੀ ਹਨ?

ਤੁਸੀਂ ਭਵਿੱਖ ਵਿਚ ਕੀ ਦੇਖਣਾ ਚਾਹੁੰਦੇ ਹੋ?

1, 2. ਪਤਰਸ ਨੇ ਕਿਨ੍ਹਾਂ ਨੂੰ ‘ਚੁਣੇ ਹੋਏ’ ਕਿਹਾ ਸੀ ਤੇ ਉਸ ਨੇ ਉਨ੍ਹਾਂ ਨੂੰ ‘ਪਰਦੇਸੀ’ ਕਿਉਂ ਕਿਹਾ ਸੀ?

ਯਿਸੂ ਦੇ ਸਵਰਗ ਜਾਣ ਤੋਂ ਲਗਭਗ 30 ਸਾਲ ਬਾਅਦ ਪਤਰਸ ਰਸੂਲ ਨੇ “ਪੁੰਤੁਸ, ਗਲਾਤੀਆ, ਕੱਪਦੋਕੀਆ, ਏਸ਼ੀਆ ਅਤੇ ਬਿਥੁਨੀਆ ਵਿਚ ਪਰਦੇਸੀਆਂ ਵਜੋਂ ਰਹਿ ਰਹੇ ਚੁਣੇ ਹੋਇਆਂ” ਨੂੰ ਚਿੱਠੀ ਲਿਖੀ। (1 ਪਤ. 1:1) ਪਤਰਸ ਇੱਥੇ ਪਵਿੱਤਰ ਸ਼ਕਤੀ ਨਾਲ ‘ਚੁਣੇ ਹੋਏ’ ਮਸੀਹੀਆਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੂੰ ਮਸੀਹ ਨਾਲ ਸਵਰਗ ਵਿਚ ਰਾਜ ਕਰਨ ਲਈ ‘ਨਵੇਂ ਸਿਰਿਓਂ ਜਨਮ ਤੇ ਪੱਕੀ ਉਮੀਦ ਦਿੱਤੀ ਗਈ ਸੀ।’ (1 ਪਤਰਸ 1:3, 4 ਪੜ੍ਹੋ।) ਪਰ ਬਾਅਦ ਵਿਚ ਪਤਰਸ ਨੇ ਇਨ੍ਹਾਂ ਚੁਣੇ ਹੋਏ ਮਸੀਹੀਆਂ ਨੂੰ ‘ਪਰਦੇਸੀ’ ਕਿਉਂ ਕਿਹਾ ਸੀ? (1 ਪਤ. 2:11) ਦੁਨੀਆਂ ਭਰ ਵਿਚ ਚੁਣੇ ਹੋਏ ਮਸੀਹੀਆਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ, ਤਾਂ ਫਿਰ ਸਾਨੂੰ ਇਸ ਗੱਲ ਵਿਚ ਕਿਉਂ ਦਿਲਚਸਪੀ ਲੈਣੀ ਚਾਹੀਦੀ ਹੈ?

2 ਪਹਿਲੀ ਸਦੀ ਦੇ ਚੁਣੇ ਹੋਏ ਮਸੀਹੀਆਂ ਨੂੰ ‘ਪਰਦੇਸੀ’ ਕਹਿਣਾ ਬਿਲਕੁਲ ਸਹੀ ਸੀ। ਅੱਜ ਚੁਣੇ ਹੋਏ ਮਸੀਹੀਆਂ ਵਾਂਗ ਉਨ੍ਹਾਂ ਨੇ ਵੀ ਧਰਤੀ ’ਤੇ ਹਮੇਸ਼ਾ ਲਈ ਨਹੀਂ ਰਹਿਣਾ ਸੀ। ਚੁਣੇ ਹੋਏ “ਛੋਟੇ ਝੁੰਡ” ਦੇ ਮੈਂਬਰ ਪੌਲੁਸ ਰਸੂਲ ਨੇ ਸਮਝਾਇਆ: “ਅਸੀਂ ਸਵਰਗ ਦੇ ਨਾਗਰਿਕ ਹਾਂ ਅਤੇ ਬੜੀ ਬੇਸਬਰੀ ਨਾਲ ਉੱਥੋਂ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੇ ਆਉਣ ਦੀ ਉਡੀਕ ਕਰ ਰਹੇ ਹਾਂ।” (ਲੂਕਾ 12:32; ਫ਼ਿਲਿ. 3:20) “ਸਵਰਗ ਦੇ ਨਾਗਰਿਕ” ਹੋਣ ਕਰਕੇ ਮੌਤ ਹੋਣ ਤੇ ਚੁਣੇ ਹੋਏ ਮਸੀਹੀ ਧਰਤੀ ਛੱਡ ਕੇ ਸਵਰਗ ਵਿਚ ਅਵਿਨਾਸ਼ੀ ਜੀਵਨ ਪਾਉਂਦੇ ਹਨ। (ਫ਼ਿਲਿੱਪੀਆਂ 1:21-23 ਪੜ੍ਹੋ।) ਇਸ ਲਈ ਸ਼ੈਤਾਨ ਦੇ ਵੱਸ ਵਿਚ ਧਰਤੀ ’ਤੇ ਉਹ ਸੱਚ-ਮੁੱਚ ‘ਥੋੜ੍ਹੇ ਸਮੇਂ ਲਈ ਪਰਦੇਸੀ’ ਹਨ।

3. “ਹੋਰ ਭੇਡਾਂ” ਬਾਰੇ ਕਿਹੜਾ ਸਵਾਲ ਪੈਦਾ ਹੁੰਦਾ ਹੈ?

3 ਪਰ “ਹੋਰ ਭੇਡਾਂ” ਬਾਰੇ ਕੀ? (ਯੂਹੰ. 10:16) ਉਨ੍ਹਾਂ ਨੂੰ ਬਾਈਬਲ ਵਿੱਚੋਂ ਪੱਕੀ ਉਮੀਦ ਮਿਲੀ ਹੈ ਕਿ ਉਹ ਹਮੇਸ਼ਾ ਲਈ ਧਰਤੀ ’ਤੇ ਰਹਿਣਗੇ। ਫਿਰ ਵੀ ਅੱਜ ਉਨ੍ਹਾਂ ਨੂੰ ਵੀ ਪਰਦੇਸੀ ਕਿਹਾ ਜਾ ਸਕਦਾ ਹੈ। ਕਿਉਂ?

“ਸਾਰੀ ਸ੍ਰਿਸ਼ਟੀ ਮਿਲ ਕੇ ਹਉਕੇ ਭਰ ਰਹੀ ਹੈ”

4. ਦੁਨੀਆਂ ਦੇ ਲੀਡਰ ਕੀ ਨਹੀਂ ਰੋਕ ਸਕਦੇ?

4 ਯਹੋਵਾਹ ਦੇ ਖ਼ਿਲਾਫ਼ ਜਾ ਕੇ ਸ਼ੈਤਾਨ ਨੇ ਦੁਨੀਆਂ ਵਿਚ ਦੁੱਖ ਲਿਆਂਦੇ। ਜਿੰਨਾ ਚਿਰ ਸ਼ੈਤਾਨ ਦੀ ਦੁਸ਼ਟ ਦੁਨੀਆਂ ਹੈ, ਉੱਨਾ ਚਿਰ ਸਾਰੇ ਜਣੇ ਦੁੱਖ ਸਹਿੰਦੇ ਰਹਿਣਗੇ। ਅਸੀਂ ਰੋਮੀਆਂ 8:22 ਵਿਚ ਪੜ੍ਹਦੇ ਹਾਂ: “ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਮਿਲ ਕੇ ਹਉਕੇ ਭਰ ਰਹੀ ਹੈ ਅਤੇ ਹੁਣ ਤਕ ਦੁੱਖ ਝੱਲ ਰਹੀ ਹੈ।” ਦੁਨੀਆਂ ਦੇ ਲੀਡਰ, ਸਾਇੰਸਦਾਨ ਅਤੇ ਸਮਾਜ ਸੇਵਾ ਕਰਨ ਵਾਲੇ ਭਾਵੇਂ ਲੋਕਾਂ ਦਾ ਜਿੰਨਾ ਮਰਜ਼ੀ ਭਲਾ ਕਰਨ, ਪਰ ਉਹ ਦੁੱਖਾਂ ਨੂੰ ਰੋਕ ਨਹੀਂ ਸਕਦੇ।

5. ਸੰਨ 1914 ਤੋਂ ਲੱਖਾਂ ਹੀ ਲੋਕਾਂ ਨੇ ਕਿਹੜਾ ਫ਼ੈਸਲਾ ਕੀਤਾ ਹੈ ਤੇ ਕਿਉਂ?

5 ਸੰਨ 1914 ਤੋਂ ਲੱਖਾਂ ਹੀ ਲੋਕਾਂ ਨੇ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਯਿਸੂ ਮਸੀਹ ਦੇ ਅਧੀਨ ਹੋਣ ਦਾ ਫ਼ੈਸਲਾ ਕੀਤਾ ਹੈ। ਉਹ ਸ਼ੈਤਾਨ ਦੀ ਦੁਨੀਆਂ ਦਾ ਨਾ ਹੀ ਹਿੱਸਾ ਬਣਨਾ ਚਾਹੁੰਦੇ ਹਨ ਤੇ ਨਾ ਹੀ ਇਸ ਦਾ ਸਾਥ ਦਿੰਦੇ ਹਨ। ਇਸ ਦੀ ਬਜਾਇ, ਉਹ ਆਪਣਾ ਸਭ ਕੁਝ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਵਧਾਉਣ ਵਿਚ ਲਾਉਂਦੇ ਹਨ।—ਰੋਮੀ. 14:7, 8.

6. ਯਹੋਵਾਹ ਦੇ ਗਵਾਹਾਂ ਨੂੰ ਪਰਦੇਸੀ ਕਿਉਂ ਕਿਹਾ ਜਾ ਸਕਦਾ ਹੈ?

6 ਯਹੋਵਾਹ ਦੇ ਗਵਾਹ 200 ਤੋਂ ਜ਼ਿਆਦਾ ਦੇਸ਼ਾਂ ਵਿਚ ਰਹਿੰਦੇ ਹੋਏ ਆਪਣੇ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਫਿਰ ਵੀ ਉਹ ਜਿੱਥੇ ਮਰਜ਼ੀ ਰਹਿੰਦੇ ਹੋਣ ਉਹ ਪਰਦੇਸੀਆਂ ਵਰਗੇ ਹਨ। ਉਹ ਸਿਆਸੀ ਮਾਮਲਿਆਂ ਜਾਂ ਸਮਾਜਕ ਮਸਲਿਆਂ ਵਿਚ ਕੋਈ ਹਿੱਸਾ ਨਹੀਂ ਲੈਂਦੇ। ਹੁਣ ਵੀ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੀ ਨਵੀਂ ਦੁਨੀਆਂ ਦੇ ਨਾਗਰਿਕ ਸਮਝਦੇ ਹਨ। ਉਹ ਇਸ ਗੱਲ ਤੋਂ ਖ਼ੁਸ਼ ਹਨ ਕਿ ਇਸ ਬੁਰੀ ਦੁਨੀਆਂ ਵਿਚ ਉਨ੍ਹਾਂ ਨੂੰ ਬਹੁਤਾ ਚਿਰ ਨਹੀਂ ਰਹਿਣਾ ਪੈਣਾ।

7. ਪਰਮੇਸ਼ੁਰ ਦੇ ਸੇਵਕਾਂ ਨੂੰ ਧਰਤੀ ’ਤੇ ਹਮੇਸ਼ਾ ਲਈ ਰਹਿਣ ਦਾ ਮੌਕਾ ਕਿਵੇਂ ਮਿਲੇਗਾ?

7 ਬਹੁਤ ਜਲਦੀ ਮਸੀਹ ਆਪਣਾ ਅਧਿਕਾਰ ਵਰਤ ਕੇ ਸ਼ੈਤਾਨ ਦੀ ਦੁਸ਼ਟ ਦੁਨੀਆਂ ਨੂੰ ਖ਼ਤਮ ਕਰ ਦੇਵੇਗਾ। ਮਸੀਹ ਦਾ ਵਧੀਆ ਰਾਜ ਧਰਤੀ ਤੋਂ ਪਾਪ ਅਤੇ ਦੁੱਖਾਂ ਨੂੰ ਹਮੇਸ਼ਾ ਲਈ ਮਿਟਾ ਦੇਵੇਗਾ। ਉਨ੍ਹਾਂ ਸਾਰਿਆਂ ਨੂੰ ਖ਼ਤਮ ਕੀਤਾ ਜਾਵੇਗਾ ਜੋ ਯਹੋਵਾਹ ਦੇ ਰਾਜ ਦਾ ਵਿਰੋਧ ਕਰਦੇ ਹਨ। ਫਿਰ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਸੁੰਦਰ ਧਰਤੀ ’ਤੇ ਹਮੇਸ਼ਾ ਲਈ ਰਹਿਣ ਦਾ ਮੌਕਾ ਮਿਲੇਗਾ। (ਪ੍ਰਕਾਸ਼ ਦੀ ਕਿਤਾਬ 21:1-5 ਪੜ੍ਹੋ।) ਉਸ ਸਮੇਂ ਸ੍ਰਿਸ਼ਟੀ “ਵਿਨਾਸ਼ ਦੀ ਗ਼ੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ ਪਾਵੇਗੀ।”—ਰੋਮੀ. 8:21.

ਸੱਚੇ ਮਸੀਹੀਆਂ ਤੋਂ ਕੀ ਉਮੀਦ ਰੱਖੀ ਜਾਂਦੀ ਹੈ?

8, 9. ਸਮਝਾਓ ਕਿ “ਸਰੀਰਕ ਇੱਛਾਵਾਂ ਦੇ ਗ਼ੁਲਾਮ” ਨਾ ਬਣਨ ਦਾ ਕੀ ਮਤਲਬ ਹੈ।

8 ਪਤਰਸ ਅੱਗੇ ਸਮਝਾਉਂਦਾ ਹੈ ਕਿ ਮਸੀਹੀਆਂ ਤੋਂ ਕੀ ਉਮੀਦ ਰੱਖੀ ਜਾਂਦੀ ਹੈ। ਉਹ ਕਹਿੰਦਾ ਹੈ: “ਪਿਆਰੇ ਭਰਾਵੋ, ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਦੁਨੀਆਂ ਵਿਚ ਥੋੜ੍ਹੇ ਸਮੇਂ ਲਈ ਪਰਦੇਸੀਆਂ ਵਜੋਂ ਰਹਿੰਦੇ ਹੋਏ ਸਰੀਰਕ ਇੱਛਾਵਾਂ ਦੇ ਗ਼ੁਲਾਮ ਨਾ ਬਣੋ ਜਿਹੜੀਆਂ ਤੁਹਾਡੇ ਨਾਲ ਲੜਾਈ ਲੜ ਰਹੀਆਂ ਹਨ।” (1 ਪਤ. 2:11) ਇਹ ਸਲਾਹ ਪਹਿਲਾਂ ਚੁਣੇ ਹੋਏ ਮਸੀਹੀਆਂ ਨੂੰ ਦਿੱਤੀ ਗਈ ਸੀ, ਪਰ ਇਹ ਯਿਸੂ ਦੇ ਬਾਕੀ ਚੇਲਿਆਂ ’ਤੇ ਵੀ ਲਾਗੂ ਹੁੰਦੀ ਹੈ।

9 ਕੁਝ ਇੱਛਾਵਾਂ ਆਪਣੇ ਆਪ ਵਿਚ ਗ਼ਲਤ ਨਹੀਂ ਹੁੰਦੀਆਂ। ਪਰ ਇਹ ਇੱਛਾਵਾਂ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਪਰਮੇਸ਼ੁਰ ਨੇ ਇਹ ਇੱਛਾਵਾਂ ਇਨਸਾਨਾਂ ਵਿਚ ਪਾਈਆਂ ਹਨ ਤਾਂਕਿ ਉਹ ਜ਼ਿੰਦਗੀ ਦਾ ਮਜ਼ਾ ਲੈ ਸਕਣ। ਮਿਸਾਲ ਲਈ, ਖਾਣਾ-ਪੀਣਾ, ਮਨੋਰੰਜਨ ਕਰਨਾ ਅਤੇ ਦੂਜਿਆਂ ਦੇ ਸਾਥ ਦਾ ਆਨੰਦ ਲੈਣਾ ਆਮ ਇੱਛਾਵਾਂ ਹਨ। ਪਤੀ-ਪਤਨੀ ਲਈ ਜਿਨਸੀ ਸੰਬੰਧਾਂ ਦੀ ਇੱਛਾ ਰੱਖਣੀ ਵੀ ਗ਼ਲਤ ਨਹੀਂ ਹੈ। (1 ਕੁਰਿੰ. 7:3-5) ਪਰ ਪਤਰਸ ਨੇ ਇਹ ਵੀ ਸਲਾਹ ਦਿੱਤੀ: “ਸਰੀਰਕ ਇੱਛਾਵਾਂ ਦੇ ਗ਼ੁਲਾਮ ਨਾ ਬਣੋ ਜਿਹੜੀਆਂ ਤੁਹਾਡੇ ਨਾਲ ਲੜਾਈ ਲੜ ਰਹੀਆਂ ਹਨ।” ਉਸ ਦੇ ਕਹਿਣ ਦਾ ਕੀ ਮਤਲਬ ਸੀ? ਬਾਈਬਲ ਦੇ ਇਕ ਹੋਰ ਤਰਜਮੇ ਵਿਚ ਇਨ੍ਹਾਂ ਨੂੰ “ਸ਼ਰੀਰਾਂ ਦੀਆਂ ਦੁਸ਼ਟ ਇੱਛਾਵਾਂ” (ERV) ਕਿਹਾ ਗਿਆ ਹੈ। ਸਾਨੂੰ ਉਨ੍ਹਾਂ ਸਰੀਰਕ ਇੱਛਾਵਾਂ ’ਤੇ ਕਾਬੂ ਪਾਉਣਾ ਚਾਹੀਦਾ ਹੈ ਜੋ ਪਰਮੇਸ਼ੁਰ ਦੇ ਮਕਸਦ ਦੇ ਉਲਟ ਹਨ ਅਤੇ ਜੋ ਉਸ ਨਾਲ ਸਾਡੇ ਰਿਸ਼ਤੇ ’ਤੇ ਮਾੜਾ ਅਸਰ ਪਾ ਸਕਦੀਆਂ ਹਨ। ਨਹੀਂ ਤਾਂ ਸਾਡੀ ਹਮੇਸ਼ਾ ਲਈ ਜੀਉਣ ਦੀ ਉਮੀਦ ਖ਼ਤਰੇ ਵਿਚ ਪੈ ਸਕਦੀ ਹੈ।

10. ਸ਼ੈਤਾਨ ਮਸੀਹੀਆਂ ਨੂੰ ਆਪਣੀ ਦੁਨੀਆਂ ਦਾ ਹਿੱਸਾ ਬਣਾਉਣ ਲਈ ਕਿਹੜੇ ਫੰਦੇ ਵਰਤਦਾ ਹੈ?

10 ਸ਼ੈਤਾਨ ਦਾ ਇਹੀ ਮਕਸਦ ਹੈ: ਸੱਚੇ ਮਸੀਹੀਆਂ ਦੀ ਨਿਹਚਾ ਕਮਜ਼ੋਰ ਕਰਨੀ ਤਾਂਕਿ ਉਹ ਇਸ ਦੁਨੀਆਂ ਵਿਚ “ਪਰਦੇਸੀਆਂ” ਵਜੋਂ ਨਾ ਰਹਿਣ। ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਧਨ-ਦੌਲਤ ਦੀ ਚਮਕ-ਦਮਕ, ਅਨੈਤਿਕਤਾ ਦੀ ਖਿੱਚ, ਆਪਣਾ ਨਾਂ ਉੱਚਾ ਕਰਨ ਦੀ ਇੱਛਾ, ਮੋਹਰੇ ਨਿਕਲਣ ਦੀ ਦੌੜ ਅਤੇ ਦੇਸ਼ਭਗਤੀ ਦਾ ਜਜ਼ਬਾ, ਇਹ ਸਾਰੀਆਂ ਚੀਜ਼ਾਂ ਸ਼ੈਤਾਨ ਦੇ ਫੰਦੇ ਹਨ। ਇਨ੍ਹਾਂ ਬੁਰੀਆਂ ਸਰੀਰਕ ਇੱਛਾਵਾਂ ਤੋਂ ਦੂਰ ਰਹਿਣ ਦਾ ਪੱਕਾ ਇਰਾਦਾ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸ਼ੈਤਾਨ ਦੀ ਬੁਰੀ ਦੁਨੀਆਂ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਅਸੀਂ ਸਬੂਤ ਦਿੰਦੇ ਹਾਂ ਕਿ ਅਸੀਂ ਇਸ ਦੁਨੀਆਂ ਵਿਚ ਥੋੜ੍ਹੇ ਸਮੇਂ ਲਈ ਹੀ ਰਹਿ ਰਹੇ ਹਾਂ। ਅਸੀਂ ਦਿਲੋਂ ਚਾਹੁੰਦੇ ਹਾਂ ਕਿ ਅਸੀਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਰਹੀਏ ਤੇ ਅਸੀਂ ਉੱਥੇ ਜਾਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ।

ਨੇਕ ਚਾਲ-ਚਲਣ

11, 12. ਕਈ ਵਾਰ ਪਰਦੇਸੀਆਂ ਨੂੰ ਕਿਸ ਨਜ਼ਰ ਨਾਲ ਦੇਖਿਆ ਜਾਂਦਾ ਹੈ ਤੇ ਯਹੋਵਾਹ ਦੇ ਗਵਾਹਾਂ ਬਾਰੇ ਕੀ ਕਿਹਾ ਜਾ ਸਕਦਾ ਹੈ?

11 ਪਤਰਸ ਅੱਗੇ ਹੋਰ ਸਮਝਾਉਂਦਾ ਹੈ ਕਿ “ਪਰਦੇਸੀਆਂ” ਤੋਂ ਕੀ ਉਮੀਦ ਰੱਖੀ ਜਾਂਦੀ ਹੈ। ਬਾਰ੍ਹਵੀਂ ਆਇਤ ਵਿਚ ਉਹ ਕਹਿੰਦਾ ਹੈ: “ਦੁਨੀਆਂ ਦੇ ਲੋਕਾਂ ਵਿਚ ਆਪਣਾ ਚਾਲ-ਚਲਣ ਹਮੇਸ਼ਾ ਨੇਕ ਰੱਖੋ ਤਾਂਕਿ ਜਦੋਂ ਉਹ ਤੁਹਾਡੇ ਉੱਤੇ ਗ਼ਲਤ ਕੰਮ ਕਰਨ ਦਾ ਝੂਠਾ ਦੋਸ਼ ਲਾਉਣ, ਤਾਂ ਉਨ੍ਹਾਂ ਸਾਮ੍ਹਣੇ ਤੁਹਾਡੇ ਚੰਗੇ ਕੰਮਾਂ ਦੀ ਮਿਸਾਲ ਹੋਵੇ ਅਤੇ ਉਹ ਉਸ ਦਿਨ ਪਰਮੇਸ਼ੁਰ ਦੀ ਵਡਿਆਈ ਕਰਨ ਜਦੋਂ ਉਹ ਜਾਂਚ-ਪੜਤਾਲ ਕਰਨ ਆਵੇਗਾ।” ਕਈ ਵਾਰ ਪਰਦੇਸੀਆਂ ਬਾਰੇ ਬੁਰਾ-ਭਲਾ ਕਿਹਾ ਜਾਂਦਾ ਹੈ। ਬਾਕੀ ਲੋਕਾਂ ਤੋਂ ਵੱਖਰੇ ਹੋਣ ਕਰਕੇ ਸ਼ਾਇਦ ਉਨ੍ਹਾਂ ਨੂੰ ਦੁਸ਼ਟ ਵੀ ਸਮਝਿਆ ਜਾਵੇ। ਸ਼ਾਇਦ ਉਨ੍ਹਾਂ ਦੀ ਬੋਲੀ, ਉਨ੍ਹਾਂ ਦੇ ਤੌਰ-ਤਰੀਕੇ, ਉਨ੍ਹਾਂ ਦੇ ਕੱਪੜੇ ਅਤੇ ਉਨ੍ਹਾਂ ਦੇ ਨੈਣ-ਨਕਸ਼ ਵੀ ਵੱਖਰੇ ਹੋਣ। ਪਰ ਜਦ ਉਹ ਚੰਗੇ ਕੰਮ ਕਰਦੇ ਹਨ ਮਤਲਬ ਕਿ ਜਦੋਂ ਉਨ੍ਹਾਂ ਦਾ ਚਾਲ-ਚਲਣ ਨੇਕ ਹੁੰਦਾ ਹੈ, ਤਾਂ ਉਨ੍ਹਾਂ ਬਾਰੇ ਕਹੀਆਂ ਬੁਰੀਆਂ ਗੱਲਾਂ ਗ਼ਲਤ ਸਾਬਤ ਹੁੰਦੀਆਂ ਹਨ।

12 ਇਸੇ ਤਰ੍ਹਾਂ ਯਹੋਵਾਹ ਦੇ ਗਵਾਹ ਵੀ ਬਾਕੀ ਲੋਕਾਂ ਨਾਲੋਂ ਕੁਝ ਗੱਲਾਂ ਵਿਚ ਵੱਖਰੇ ਹੁੰਦੇ ਹਨ ਜਿਵੇਂ ਕਿ ਬੋਲ-ਚਾਲ ਤੇ ਮਨੋਰੰਜਨ ਦੇ ਮਾਮਲੇ ਵਿਚ। ਉਨ੍ਹਾਂ ਦੇ ਕੱਪੜਿਆਂ ਤੇ ਹਾਰ-ਸ਼ਿੰਗਾਰ ਤੋਂ ਝੱਟ ਪਤਾ ਲੱਗ ਜਾਂਦਾ ਹੈ ਕਿ ਉਹ ਵੱਖਰੇ ਹਨ। ਯਹੋਵਾਹ ਦੇ ਗਵਾਹਾਂ ਬਾਰੇ ਪੂਰੀ ਜਾਣਕਾਰੀ ਨਾ ਹੋਣ ਕਰਕੇ ਕਈ ਲੋਕ ਉਨ੍ਹਾਂ ’ਤੇ ਝੂਠੇ ਦੋਸ਼ ਲਾਉਂਦੇ ਹਨ ਅਤੇ ਉਨ੍ਹਾਂ ਨੂੰ ਦੁਸ਼ਟ ਸਮਝਦੇ ਹਨ। ਪਰ ਦੂਜੇ ਲੋਕ ਸ਼ਾਇਦ ਉਨ੍ਹਾਂ ਦੇ ਚੰਗੇ ਚਾਲ-ਚਲਣ ਲਈ ਉਨ੍ਹਾਂ ਦੀ ਤਾਰੀਫ਼ ਕਰਨ।

13, 14. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ “ਇਨਸਾਨ ਦੇ ਨੇਕ ਕੰਮਾਂ ਤੋਂ ਹੀ ਸਾਬਤ ਹੁੰਦਾ ਹੈ” ਕਿ ਉਹ ਬੁੱਧੀਮਾਨ ਹੈ? ਮਿਸਾਲ ਦਿਓ।

13 ਜੀ ਹਾਂ, ਸਾਡੇ ਨੇਕ ਚਾਲ-ਚਲਣ ਕਰਕੇ ਝੂਠੇ ਦੋਸ਼ ਲਾਉਣ ਵਾਲਿਆਂ ਦੇ ਮੂੰਹ ਬੰਦ ਹੋ ਸਕਦੇ ਹਨ। ਧਰਤੀ ’ਤੇ ਸਿਰਫ਼ ਯਿਸੂ ਅਜਿਹਾ ਇਨਸਾਨ ਸੀ ਜੋ ਪਰਮੇਸ਼ੁਰ ਦਾ ਪੂਰੀ ਤਰ੍ਹਾਂ ਵਫ਼ਾਦਾਰ ਰਿਹਾ। ਫਿਰ ਵੀ ਉਸ ’ਤੇ ਦੋਸ਼ ਲਾਏ ਗਏ। ਕਈ ਲੋਕਾਂ ਨੇ ਉਸ ਬਾਰੇ ਕਿਹਾ: “ਦੇਖੋ ਪੇਟੂ ਅਤੇ ਸ਼ਰਾਬੀ! ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਦਾ ਯਾਰ।” ਪਰ ਬੁੱਧੀਮਾਨੀ ਨਾਲ ਪਰਮੇਸ਼ੁਰ ਦੀ ਸੇਵਾ ਕਰ ਕੇ ਉਸ ਨੇ ਦਿਖਾਇਆ ਕਿ ਉਸ ’ਤੇ ਲਾਏ ਦੋਸ਼ ਝੂਠੇ ਸਨ। ਯਿਸੂ ਨੇ ਕਿਹਾ: “ਇਨਸਾਨ ਦੇ ਨੇਕ ਕੰਮਾਂ ਤੋਂ ਹੀ ਸਾਬਤ ਹੁੰਦਾ ਹੈ ਕਿ ਉਹ ਬੁੱਧੀਮਾਨ ਹੈ।” (ਮੱਤੀ 11:19) ਇਹ ਗੱਲ ਅੱਜ ਵੀ ਸੱਚ ਹੈ। ਮਿਸਾਲ ਲਈ, ਸੈਲਟਰਸ, ਜਰਮਨੀ ਵਿਚ ਬੈਥਲ ਵਿਚ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਆਲੇ-ਦੁਆਲੇ ਰਹਿੰਦੇ ਲੋਕ ਅਜੀਬ ਸਮਝਦੇ ਹਨ। ਪਰ ਉਸ ਸ਼ਹਿਰ ਦੇ ਮੇਅਰ ਨੇ ਉਨ੍ਹਾਂ ਦੇ ਪੱਖ ਵਿਚ ਬੋਲਦਿਆਂ ਕਿਹਾ: “ਇੱਥੇ ਸੇਵਾ ਕਰ ਰਹੇ ਗਵਾਹਾਂ ਦਾ ਆਪਣਾ ਜੀਵਨ-ਢੰਗ ਹੈ, ਪਰ ਉਹ ਦੂਸਰਿਆਂ ਦੀ ਸ਼ਾਂਤੀ ਭੰਗ ਨਹੀਂ ਕਰਦੇ।”

14 ਮਾਸਕੋ, ਰੂਸ ਵਿਚ ਰਹਿੰਦੇ ਯਹੋਵਾਹ ਦੇ ਗਵਾਹਾਂ ਬਾਰੇ ਵੀ ਇਹੋ ਜਿਹੀ ਗੱਲ ਕਹੀ ਗਈ ਸੀ। ਉਨ੍ਹਾਂ ’ਤੇ ਕਈ ਝੂਠੇ ਦੋਸ਼ ਲਾਏ ਗਏ ਸਨ। ਪਰ ਜੂਨ 2010 ਨੂੰ ਸਟ੍ਰਾਸਬੁਰਗ, ਫਰਾਂਸ ਵਿਚ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਨੇ ਫ਼ੈਸਲਾ ਸੁਣਾਇਆ: ‘ਇਸ ਅਦਾਲਤ ਨੇ ਦੇਖਿਆ ਹੈ ਕਿ ਮਾਸਕੋ ਵਿਚ ਯਹੋਵਾਹ ਦੇ ਗਵਾਹਾਂ ਨੂੰ ਆਪਣਾ ਧਰਮ ਮੰਨਣ ਅਤੇ ਇਕ-ਦੂਜੇ ਨਾਲ ਮਿਲਣ ਦੀ ਆਜ਼ਾਦੀ ਹੈ। ਪਰ ਸਰਕਾਰ ਨੇ ਉਨ੍ਹਾਂ ਦੀ ਆਜ਼ਾਦੀ ਵਿਚ ਦਖ਼ਲ ਦੇਣ ਦੀ ਗ਼ਲਤੀ ਕੀਤੀ ਹੈ।’ ਇਸ ਅਦਾਲਤ ਨੇ ਅੱਗੇ ਕਿਹਾ ਕਿ ਮਾਸਕੋ ਦੀਆਂ ਅਦਾਲਤਾਂ ਨੂੰ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਯਹੋਵਾਹ ਦੇ ਗਵਾਹ ਪਰਿਵਾਰ ਤੋੜਦੇ ਹਨ, ਦੂਜਿਆਂ ਨੂੰ ਖ਼ੁਦਕਸ਼ੀ ਕਰਨ ਲਈ ਉਕਸਾਉਂਦੇ ਹਨ ਜਾਂ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਾਉਣ ਤੋਂ ਇਨਕਾਰ ਕਰਦੇ ਹਨ। ਮਾਸਕੋ ਦੀਆਂ ਅਦਾਲਤਾਂ ਨੇ ਆਪਣੇ ਸਖ਼ਤ ਕਾਨੂੰਨ ਵਰਤ ਕੇ ਯਹੋਵਾਹ ਦੇ ਗਵਾਹਾਂ ਨਾਲ ਪੱਖਪਾਤ ਕੀਤਾ ਹੈ।

ਅਧਿਕਾਰੀਆਂ ਦੇ ਅਧੀਨ ਰਹੋ

15. ਪੂਰੀ ਦੁਨੀਆਂ ਵਿਚ ਸੱਚੇ ਮਸੀਹੀ ਬਾਈਬਲ ਦੇ ਕਿਹੜੇ ਅਸੂਲ ਅਨੁਸਾਰ ਚੱਲਦੇ ਹਨ?

15 ਮਾਸਕੋ ਤੋਂ ਇਲਾਵਾ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ ਪਤਰਸ ਦੁਆਰਾ ਦੱਸੇ ਇਸ ਅਸੂਲ ਅਨੁਸਾਰ ਚੱਲਦੇ ਹਨ: “ਪ੍ਰਭੂ ਦੀ ਖ਼ਾਤਰ ਆਪਣੇ ਆਪ ਨੂੰ ਅਧਿਕਾਰ ਰੱਖਣ ਵਾਲੇ ਇਨਸਾਨਾਂ ਦੇ ਅਧੀਨ ਕਰੋ: ਚਾਹੇ ਉਹ ਰਾਜਾ ਹੋਵੇ ਜੋ ਦੂਸਰਿਆਂ ਤੋਂ ਵੱਡਾ ਹੁੰਦਾ ਹੈ ਜਾਂ ਫਿਰ ਰਾਜੇ ਦੇ ਰਾਜਪਾਲ ਹੋਣ।” (1 ਪਤ. 2:13, 14) ਭਾਵੇਂ ਸੱਚੇ ਮਸੀਹੀ ਇਸ ਦੁਸ਼ਟ ਦੁਨੀਆਂ ਦਾ ਹਿੱਸਾ ਨਹੀਂ ਹਨ, ਪਰ ਉਹ ਖ਼ੁਸ਼ੀ-ਖ਼ੁਸ਼ੀ ਸਰਕਾਰੀ ਅਧਿਕਾਰੀਆਂ ਦੇ ਅਧੀਨ ਰਹਿੰਦੇ ਹਨ। ਪੌਲੁਸ ਨੇ ਵੀ ਸਲਾਹ ਦਿੱਤੀ ਸੀ ਕਿ ਅਸੀਂ ਇਨ੍ਹਾਂ ਅਧਿਕਾਰੀਆਂ ਦੇ ਅਧੀਨ ਰਹੀਏ ਜਿਨ੍ਹਾਂ ਨੂੰ ਪਰਮੇਸ਼ੁਰ ਨੇ “ਵੱਖੋ-ਵੱਖਰੇ ਦਰਜਿਆਂ ’ਤੇ ਰੱਖਿਆ ਹੈ।”—ਰੋਮੀਆਂ 13:1, 5-7 ਪੜ੍ਹੋ।

16, 17. (ੳ) ਇਸ ਦਾ ਕੀ ਸਬੂਤ ਹੈ ਕਿ ਅਸੀਂ ਸਰਕਾਰਾਂ ਦਾ ਵਿਰੋਧ ਨਹੀਂ ਕਰਦੇ? (ਅ) ਕੁਝ ਰਾਜਨੀਤਿਕ ਅਧਿਕਾਰੀਆਂ ਨੇ ਕਿਹੜੀ ਗੱਲ ਕਬੂਲ ਕੀਤੀ ਹੈ?

16 ਯਹੋਵਾਹ ਦੇ ਗਵਾਹਾਂ ਦਾ ਇਸ ਦੁਨੀਆਂ ਵਿਚ “ਪਰਦੇਸੀਆਂ” ਵਜੋਂ ਰਹਿਣ ਦਾ ਇਹ ਮਤਲਬ ਨਹੀਂ ਹੈ ਕਿ ਉਹ ਸਰਕਾਰਾਂ ਦੇ ਖ਼ਿਲਾਫ਼ ਹਨ। ਨਾਲੇ ਉਹ ਉਨ੍ਹਾਂ ਲੋਕਾਂ ਦਾ ਵਿਰੋਧ ਨਹੀਂ ਕਰਦੇ ਜੋ ਸਿਆਸੀ ਮਾਮਲਿਆਂ ਜਾਂ ਸਮਾਜਕ ਮਸਲਿਆਂ ਵਿਚ ਹਿੱਸਾ ਲੈਂਦੇ ਹਨ। ਹੋਰਨਾਂ ਧਰਮਾਂ ਦੇ ਉਲਟ ਯਹੋਵਾਹ ਦੇ ਗਵਾਹ ਰਾਜਨੀਤੀ ਵਿਚ ਕੋਈ ਦਖ਼ਲ ਨਹੀਂ ਦਿੰਦੇ। ਨਾਲੇ ਉਹ ਕਦੇ ਵੀ ਅਧਿਕਾਰੀਆਂ ’ਤੇ ਜ਼ੋਰ ਨਹੀਂ ਪਾਉਂਦੇ ਕਿ ਉਨ੍ਹਾਂ ਨੂੰ ਕਿਹੜੇ ਕਾਨੂੰਨ ਪਾਸ ਕਰਨੇ ਚਾਹੀਦੇ ਹਨ। ਉਨ੍ਹਾਂ ਉੱਤੇ ਸਮਾਜ ਦੀ ਸ਼ਾਂਤੀ ਭੰਗ ਕਰਨ ਜਾਂ ਸਰਕਾਰ ਦੇ ਖ਼ਿਲਾਫ਼ ਕੋਈ ਕੰਮ ਕਰਨ ਦਾ ਜੋ ਦੋਸ਼ ਲਾਇਆ ਜਾਂਦਾ ਹੈ, ਉਸ ਦਾ ਕੋਈ ਆਧਾਰ ਨਹੀਂ ਹੈ।

17 “ਰਾਜੇ ਦਾ ਆਦਰ” ਕਰਨ ਦੀ ਪਤਰਸ ਦੀ ਸਲਾਹ ਮੰਨਦੇ ਹੋਏ ਉਹ ਅਧਿਕਾਰੀਆਂ ਦੇ ਕਹਿਣੇ ਵਿਚ ਰਹਿੰਦੇ ਹਨ ਤੇ ਉਨ੍ਹਾਂ ਦਾ ਆਦਰ-ਮਾਣ ਕਰਦੇ ਹਨ। (1 ਪਤ. 2:17) ਕਈ ਵਾਰ ਅਧਿਕਾਰੀਆਂ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਉਨ੍ਹਾਂ ਨੂੰ ਯਹੋਵਾਹ ਦੇ ਗਵਾਹਾਂ ਤੋਂ ਕੋਈ ਖ਼ਤਰਾ ਨਹੀਂ ਹੈ। ਮਿਸਾਲ ਲਈ, ਜਰਮਨੀ ਦੀ ਪਾਰਲੀਮੈਂਟ ਦੇ ਇਕ ਮੈਂਬਰ ਨੇ ਕਿਹਾ: ‘ਨਾਜ਼ੀ ਰਾਜ ਦੌਰਾਨ ਜਦ ਯਹੋਵਾਹ ਦੇ ਗਵਾਹ ਕੈਦ ਵਿਚ ਸਨ, ਤਾਂ ਉਨ੍ਹਾਂ ਦਾ ਚਾਲ-ਚਲਣ ਚੰਗਾ ਸੀ। ਉਨ੍ਹਾਂ ਨੇ ਜਰਮਨੀ ਦੀ ਖੁਫੀਆ ਪੁਲਸ ਦੇ ਅਤਿਆਚਾਰ ਸਹਿੰਦੇ ਹੋਏ ਵੀ ਆਪਣੇ ਅਸੂਲ ਨਹੀਂ ਛੱਡੇ ਅਤੇ ਉਹ ਹੋਰਨਾਂ ਕੈਦੀਆਂ ਨਾਲ ਵਧੀਆ ਢੰਗ ਨਾਲ ਪੇਸ਼ ਆਏ। ਅਜਿਹੇ ਗੁਣ ਅੱਜ ਵੀ ਲੋਕਤੰਤਰੀ ਰਾਜ ਲਈ ਜ਼ਰੂਰੀ ਹਨ। ਸਾਡੇ ਸਮਾਜ ਵਿਚ ਵਿਦੇਸ਼ੀਆਂ ਵਿਰੁੱਧ ਅਤੇ ਵੱਖੋ-ਵੱਖਰੇ ਰਾਜਨੀਤਿਕ ਵਿਚਾਰ ਰੱਖਣ ਵਾਲਿਆਂ ਦੇ ਵਿਰੁੱਧ ਵਧਦੀ ਕਰੂਰਤਾ ਦੇਖਦੇ ਹੋਏ ਸਾਡੇ ਦੇਸ਼ ਦੇ ਸਾਰੇ ਨਾਗਰਿਕਾਂ ਲਈ ਇਹ ਗੁਣ ਦਿਖਾਉਣੇ ਲਾਜ਼ਮੀ ਹਨ।’

ਪਿਆਰ ਦਿਖਾਓ

18. (ੳ) ਸਾਡੇ ਲਈ ਕੁਦਰਤੀ ਕਿਉਂ ਹੈ ਕਿ ਅਸੀਂ ਆਪਣੇ ਸਾਰੇ ਭਰਾਵਾਂ ਨਾਲ ਪਿਆਰ ਕਰਦੇ ਹਾਂ? (ਅ) ਕੁਝ ਲੋਕਾਂ ਨੇ ਸਾਡੇ ਬਾਰੇ ਕੀ ਦੇਖਿਆ ਹੈ?

18 ਪਤਰਸ ਰਸੂਲ ਨੇ ਲਿਖਿਆ: “ਆਪਣੇ ਸਾਰੇ ਭਰਾਵਾਂ ਨਾਲ ਪਿਆਰ ਕਰੋ, ਪਰਮੇਸ਼ੁਰ ਤੋਂ ਡਰੋ।” (1 ਪਤ. 2:17) ਯਹੋਵਾਹ ਦੇ ਗਵਾਹ ਪਰਮੇਸ਼ੁਰ ਦਾ ਡਰ ਰੱਖਦੇ ਹਨ ਤੇ ਉਸ ਨੂੰ ਖ਼ੁਸ਼ ਕਰਨ ਲਈ ਉਸ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਹਨ। ਉਹ ਦੁਨੀਆਂ ਭਰ ਵਿਚ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ ਹਨ। ਇਸ ਲਈ ਇਹ ਕੁਦਰਤੀ ਹੈ ਕਿ ਉਹ “ਆਪਣੇ ਸਾਰੇ ਭਰਾਵਾਂ ਨਾਲ ਪਿਆਰ” ਕਰਦੇ ਹਨ। ਅਜਿਹਾ ਪਿਆਰ ਅੱਜ ਦੀ ਸੁਆਰਥੀ ਦੁਨੀਆਂ ਵਿਚ ਘੱਟ ਹੀ ਦੇਖਣ ਨੂੰ ਮਿਲਦਾ ਹੈ ਤੇ ਗਵਾਹਾਂ ਦਾ ਪਿਆਰ ਦੇਖ ਕੇ ਕਈ ਲੋਕ ਹੈਰਾਨ ਰਹਿ ਜਾਂਦੇ ਹਨ। ਮਿਸਾਲ ਲਈ, ਇਕ ਟੂਰਿਸਟ ਗਾਈਡ ਅਮਰੀਕਾ ਦੀ ਇਕ ਟਰੈਵਲ ਏਜੈਂਸੀ ਨਾਲ ਕੰਮ ਕਰ ਰਹੀ ਸੀ। 2009 ਵਿਚ ਜਰਮਨੀ ਵਿਚ ਇਕ ਅੰਤਰਰਾਸ਼ਟਰੀ ਸੰਮੇਲਨ ਵਿਚ ਉਸ ਨੇ ਦੇਖਿਆ ਕਿ ਉੱਥੇ ਦੇ ਗਵਾਹ ਹੋਰ ਦੇਸ਼ਾਂ ਤੋਂ ਆਏ ਗਵਾਹਾਂ ਦਾ ਕਿੰਨੇ ਪਿਆਰ ਨਾਲ ਸੁਆਗਤ ਅਤੇ ਮਦਦ ਕਰ ਰਹੇ ਸਨ। ਉਸ ਨੇ ਹੈਰਾਨ ਹੁੰਦੇ ਹੋਏ ਕਿਹਾ ਕਿ ਉਸ ਨੇ ਪਹਿਲਾਂ ਕਦੀ ਅਜਿਹਾ ਪਿਆਰ ਨਹੀਂ ਦੇਖਿਆ ਸੀ। ਬਾਅਦ ਵਿਚ ਇਕ ਭਰਾ ਨੇ ਕਿਹਾ: “ਇਹ ਤੀਵੀਂ ਸਾਡੇ ਪਿਆਰ ਨੂੰ ਦੇਖ ਕੇ ਹੱਕੀ-ਬੱਕੀ ਰਹਿ ਗਈ ਤੇ ਸਾਡੀਆਂ ਤਾਰੀਫ਼ਾਂ ਕਰਦੀ ਰਹੀ।” ਕੀ ਤੁਸੀਂ ਕਿਸੇ ਸੰਮੇਲਨ ਵਿਚ ਕਦੇ ਧਿਆਨ ਦਿੱਤਾ ਹੈ ਕਿ ਇਸ ਤੀਵੀਂ ਵਾਂਗ ਲੋਕ ਸਾਡੇ ਬਾਰੇ ਕੀ ਕਹਿੰਦੇ ਹਨ?

19. ਸਾਡਾ ਕੀ ਇਰਾਦਾ ਹੈ ਅਤੇ ਕਿਉਂ?

19 ਇਨ੍ਹਾਂ ਸਾਰਿਆਂ ਤਰੀਕਿਆਂ ਨਾਲ ਯਹੋਵਾਹ ਦੇ ਗਵਾਹ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ਉਹ ਸ਼ੈਤਾਨ ਦੀ ਦੁਨੀਆਂ ਵਿਚ ‘ਪਰਦੇਸੀ’ ਹਨ। ਉਨ੍ਹਾਂ ਦਾ ਪੱਕਾ ਇਰਾਦਾ ਹੈ ਕਿ ਉਹ ਇਸੇ ਤਰ੍ਹਾਂ ਹੀ ਰਹਿਣਗੇ। ਨਾਲੇ ਉਨ੍ਹਾਂ ਦੀ ਉਮੀਦ ਪੱਕੀ ਹੈ ਕਿ ਉਹ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਥੋੜ੍ਹੇ ਸਮੇਂ ਲਈ ਨਹੀਂ, ਸਗੋਂ ਹਮੇਸ਼ਾ ਲਈ ਰਹਿਣਗੇ। ਕੀ ਤੁਸੀਂ ਨਵੀਂ ਦੁਨੀਆਂ ਦੀ ਉਡੀਕ ਕਰ ਰਹੇ ਹੋ?

[ਸਵਾਲ]

[ਸਫ਼ਾ 20 ਉੱਤੇ ਤਸਵੀਰ]

ਅਸੀਂ ਸ਼ੈਤਾਨ ਦੀ ਦੁਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ

[ਸਫ਼ਾ 20 ਉੱਤੇ ਤਸਵੀਰ]

ਅਸੀਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਬਾਰੇ ਦੂਸਰਿਆਂ ਨੂੰ ਦੱਸਦੇ ਹਾਂ

[ਸਫ਼ਾ 22 ਉੱਤੇ ਤਸਵੀਰ]

ਬਾਈਬਲ ਦੀਆਂ ਸੱਚਾਈਆਂ ਨੇ ਰੂਸ ਦੇ ਇਸ ਪਰਿਵਾਰ ਨੂੰ ਇਕ ਕੀਤਾ ਹੈ