Skip to content

Skip to table of contents

ਬਾਈਬਲ ਬਾਰੇ ਅੰਧਵਿਸ਼ਵਾਸ ਤੋਂ ਖ਼ਬਰਦਾਰ ਰਹੋ

ਬਾਈਬਲ ਬਾਰੇ ਅੰਧਵਿਸ਼ਵਾਸ ਤੋਂ ਖ਼ਬਰਦਾਰ ਰਹੋ

ਬਾਈਬਲ ਬਾਰੇ ਅੰਧਵਿਸ਼ਵਾਸ ਤੋਂ ਖ਼ਬਰਦਾਰ ਰਹੋ

“ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ।” (ਇਬ. 4:12) ਇਨ੍ਹਾਂ ਸ਼ਬਦਾਂ ਨਾਲ ਪੌਲੁਸ ਨੇ ਦੱਸਿਆ ਕਿ ਪਰਮੇਸ਼ੁਰ ਦੇ ਬਚਨ ਵਿਚ ਲੋਕਾਂ ਦੇ ਦਿਲਾਂ ’ਤੇ ਅਸਰ ਪਾਉਣ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਦਲਣ ਦੀ ਸ਼ਕਤੀ ਹੈ।

ਪਰ ਬਾਈਬਲ ਦੇ ਸੰਦੇਸ਼ ਦੀ ਇਸ ਸ਼ਕਤੀ ਬਾਰੇ ਲੋਕਾਂ ਵਿਚ ਗ਼ਲਤ ਵਿਚਾਰ ਉਦੋਂ ਫੈਲ ਗਏ ਜਦੋਂ ਰਸੂਲਾਂ ਦੀ ਮੌਤ ਤੋਂ ਬਾਅਦ ਭਵਿੱਖਬਾਣੀ ਅਨੁਸਾਰ ਮੰਡਲੀ ਵਿਚ ਕੁਝ ਲੋਕਾਂ ਨੇ ਗ਼ਲਤ ਸਿੱਖਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। (2 ਪਤ. 2:1-3) ਫਿਰ ਸਮੇਂ ਦੇ ਬੀਤਣ ਨਾਲ ਚਰਚ ਦੇ ਆਗੂਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਰਮੇਸ਼ੁਰ ਦੇ ਬਚਨ ਵਿਚ ਜਾਦੂਈ ਸ਼ਕਤੀ ਹੈ ਅਤੇ ਇਸ ਨੂੰ ਕਰਾਮਾਤੀ ਚੀਜ਼ ਦੇ ਤੌਰ ਤੇ ਇਸਤੇਮਾਲ ਕੀਤਾ ਜਾਣ ਲੱਗਾ। ਇਸ ਬਾਰੇ ਪ੍ਰੋਫ਼ੈਸਰ ਹੈਰੀ ਗੈਂਬਲ ਨੇ ਆਪਣੀ ਕਿਤਾਬ ਵਿਚ ਲਿਖਦੇ ਹੋਏ ਦੱਸਿਆ ਕਿ ਤੀਜੀ ਸਦੀ ਵਿਚ ਚਰਚ ਦੇ ਮੋਢੀ ਔਰਿਜੇਨ ਨੇ ਕਿਹਾ ਕਿ “ਪਵਿੱਤਰ ਗ੍ਰੰਥਾਂ ਦੇ ਸ਼ਬਦਾਂ ਦੀ ਆਵਾਜ਼ ਕੰਨਾਂ ਵਿਚ ਪੈਣ ਨਾਲ ਹੀ ਫ਼ਾਇਦਾ ਹੁੰਦਾ ਹੈ: ਜੇ ਹੋਰ ਧਰਮਾਂ ਦੇ ਗ੍ਰੰਥਾਂ ਦੇ ਸ਼ਬਦਾਂ ਵਿਚ ਕਰਾਮਾਤੀ ਸ਼ਕਤੀ ਹੈ, ਤਾਂ ਫਿਰ ਪਰਮੇਸ਼ੁਰ ਦੇ ਬਚਨ ਦੇ ਸ਼ਬਦਾਂ ਵਿਚ ਕਿੰਨੀ ਜ਼ਿਆਦਾ ਸ਼ਕਤੀ ਹੋਵੇਗੀ।” ਚੌਥੀ ਸਦੀ ਵਿਚ ਚਰਚ ਦੇ ਮੋਢੀ ਜੌਨ ਕ੍ਰਿਸੋਸਟੋਮ ਨੇ ਲਿਖਿਆ ਕਿ “ਜਿਸ ਘਰ ਵਿਚ ਇੰਜੀਲ ਦੀ ਕਿਤਾਬ ਹੈ, ਉਸ ਘਰ ਵਿਚ ਸ਼ੈਤਾਨ ਪੈਰ ਪਾਉਣ ਦੀ ਜੁਰਅਤ ਵੀ ਨਹੀਂ ਕਰੇਗਾ।” ਉਸ ਨੇ ਇਹ ਵੀ ਦੱਸਿਆ ਕਿ ਕੁਝ ਲੋਕ ਇੰਜੀਲ ਦੀਆਂ ਕਿਤਾਬਾਂ ਵਿੱਚੋਂ ਕੁਝ ਆਇਤਾਂ ਤਵੀਤਾਂ ਵਿਚ ਪਾ ਕੇ ਆਪਣੇ ਗਲਿਆਂ ਵਿਚ ਪਾਉਂਦੇ ਹਨ। ਪ੍ਰੋਫ਼ੈਸਰ ਗੈਂਬਲ ਨੇ ਅੱਗੇ ਲਿਖਿਆ ਕਿ ਕੈਥੋਲਿਕ ਵਿਦਵਾਨ ਆਗਸਤੀਨ “ਮੰਨਦਾ ਸੀ ਕਿ ਜੇ ਕਿਸੇ ਨੂੰ ਸਿਰਦਰਦ ਹੈ, ਤਾਂ ਉਹ ਆਪਣੇ ਸਿਰ੍ਹਾਣੇ ਹੇਠ ਯੂਹੰਨਾ ਦੀ ਇੰਜੀਲ ਰੱਖ ਕੇ ਸੋਵੇਂ।” ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਵਿਚ ਬਾਈਬਲ ਬਾਰੇ ਅੰਧਵਿਸ਼ਵਾਸ ਸੀ। ਕੀ ਤੁਸੀਂ ਵੀ ਸੋਚਦੇ ਹੋ ਕਿ ਬਾਈਬਲ ਵਿਚ ਕਰਾਮਾਤੀ ਸ਼ਕਤੀ ਹੈ ਜਿਹੜੀ ਤੁਹਾਨੂੰ ਸ਼ੈਤਾਨ ਜਾਂ ਦੁਸ਼ਟ ਦੂਤਾਂ ਤੋਂ ਬਚਾ ਸਕਦੀ ਹੈ?

ਬਾਈਬਲ ਦਾ ਇਕ ਹੋਰ ਤਰੀਕੇ ਨਾਲ ਗ਼ਲਤ ਇਸਤੇਮਾਲ ਕੀਤਾ ਜਾਂਦਾ ਹੈ। ਕਈ ਲੋਕ ਕਿਤਿਓਂ ਵੀ ਬਾਈਬਲ ਖੋਲ੍ਹਦੇ ਹਨ ਅਤੇ ਖੁੱਲ੍ਹੇ ਸਫ਼ੇ ਉੱਤੇ ਜਿੱਥੇ ਵੀ ਉਨ੍ਹਾਂ ਦੀ ਨਜ਼ਰ ਪੈਂਦੀ ਹੈ, ਉੱਥੋਂ ਹੀ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ। ਉਹ ਸੋਚਦੇ ਹਨ ਕਿ ਉਨ੍ਹਾਂ ਸ਼ਬਦਾਂ ਰਾਹੀਂ ਪਰਮੇਸ਼ੁਰ ਉਨ੍ਹਾਂ ਨੂੰ ਅਗਵਾਈ ਦੇ ਰਿਹਾ ਹੈ ਜਾਂ ਦੱਸ ਰਿਹਾ ਹੈ ਕਿ ਭਵਿੱਖ ਵਿਚ ਕੀ ਹੋਵੇਗਾ। ਮਿਸਾਲ ਲਈ, ਪ੍ਰੋਫ਼ੈਸਰ ਗੈਂਬਲ ਮੁਤਾਬਕ ਇਕ ਵਾਰ ਆਗਸਤੀਨ ਨੇ ਗੁਆਂਢੀਆਂ ਦੇ ਘਰੋਂ ਇਕ ਬੱਚੇ ਨੂੰ ਇਹ ਕਹਿੰਦੇ ਹੋਏ ਸੁਣਿਆ: “ਲੈ ਅਤੇ ਪੜ੍ਹ, ਲੈ ਅਤੇ ਪੜ੍ਹ।” ਇਹ ਸੁਣ ਕੇ ਆਗਸਤੀਨ ਨੂੰ ਲੱਗਿਆ ਕਿ ਪਰਮੇਸ਼ੁਰ ਉਸ ਨੂੰ ਹੁਕਮ ਦੇ ਰਿਹਾ ਸੀ ਕਿ ਉਹ ਬਾਈਬਲ ਖੋਲ੍ਹੇ ਅਤੇ ਜਿਹੜੇ ਵੀ ਸ਼ਬਦਾਂ ’ਤੇ ਨਜ਼ਰ ਪਵੇ, ਉਹ ਪੜ੍ਹੇ।

ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਸ ਨੇ ਆਪਣੀ ਮੁਸੀਬਤ ਦਾ ਸਾਮ੍ਹਣਾ ਕਰਨ ਲਈ ਇਸ ਤਰ੍ਹਾਂ ਕੀਤਾ ਹੈ? ਭਾਵੇਂ ਕਿ ਉਸ ਦਾ ਇਰਾਦਾ ਨੇਕ ਹੈ, ਪਰ ਮਸੀਹੀਆਂ ਨੂੰ ਬਾਈਬਲ ਤੋਂ ਮਦਦ ਲੈਣ ਲਈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ।

ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ “ਪਵਿੱਤਰ ਸ਼ਕਤੀ ਮਦਦਗਾਰ ਦੇ ਤੌਰ ਤੇ” ਘੱਲੇਗਾ। ਉਸ ਨੇ ਅੱਗੇ ਦੱਸਿਆ: “ਉਹ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗੀ ਅਤੇ ਮੇਰੀਆਂ ਦੱਸੀਆਂ ਸਾਰੀਆਂ ਗੱਲਾਂ ਤੁਹਾਨੂੰ ਚੇਤੇ ਕਰਾਵੇਗੀ।” (ਯੂਹੰ. 14:26) ਇਸ ਦੇ ਉਲਟ, ਜਿਹੜੇ ਲੋਕ ਕਿਤਿਓਂ ਵੀ ਬਾਈਬਲ ਖੋਲ੍ਹ ਕੇ ਪੜ੍ਹਦੇ ਹਨ, ਉਹ ਬਾਈਬਲ ਦਾ ਗਿਆਨ ਲੈਣ ਦੀ ਲੋੜ ਨਹੀਂ ਸਮਝਦੇ।

ਅੱਜ ਵੀ ਬਾਈਬਲ ਬਾਰੇ ਲੋਕਾਂ ਦੇ ਅੰਧਵਿਸ਼ਵਾਸ ਹਨ। ਪਰ ਪਰਮੇਸ਼ੁਰ ਦਾ ਬਚਨ ਜਾਦੂਗਰੀ ਕਰਨ ਤੋਂ ਵਰਜਦਾ ਹੈ। (ਲੇਵੀ. 19:26; ਬਿਵ. 18:9-12; ਰਸੂ. 19:19) “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ,” ਪਰ ਸਾਨੂੰ ਇਸ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਨਾ ਸਿੱਖਣਾ ਪਵੇਗਾ। ਅੰਧਵਿਸ਼ਵਾਸ ਨਾਲ ਬਾਈਬਲ ਦੀ ਵਰਤੋਂ ਕਰਨ ਦੀ ਬਜਾਇ ਇਸ ਦਾ ਸਹੀ ਗਿਆਨ ਲੋਕਾਂ ਦੀ ਆਪਣੀ ਜ਼ਿੰਦਗੀ ਸੁਧਾਰਨ ਵਿਚ ਮਦਦ ਕਰਦਾ ਹੈ। ਇਸ ਗਿਆਨ ਨੇ ਬਹੁਤ ਸਾਰੇ ਲੋਕਾਂ ਦੀ ਆਪਣੇ ਚਾਲ-ਚਲਣ ਨੂੰ ਸਾਫ਼ ਕਰਨ, ਮਾੜੀਆਂ ਆਦਤਾਂ ਛੱਡਣ, ਆਪਣੇ ਪਰਿਵਾਰ ਨਾਲ ਅਤੇ ਬਾਈਬਲ ਦੇ ਲੇਖਕ ਯਹੋਵਾਹ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਵਿਚ ਮਦਦ ਕੀਤੀ ਹੈ।