ਸੌਖੀ ਭਾਸ਼ਾ ਵਿਚ ਪਹਿਰਾਬੁਰਜ ਕਿਉਂ ਸ਼ੁਰੂ ਕੀਤਾ ਗਿਆ ਸੀ?
ਸੌਖੀ ਭਾਸ਼ਾ ਵਿਚ ਪਹਿਰਾਬੁਰਜ ਕਿਉਂ ਸ਼ੁਰੂ ਕੀਤਾ ਗਿਆ ਸੀ?
ਕਈ ਦਹਾਕਿਆਂ ਤੋਂ ਦੁਨੀਆਂ ਭਰ ਵਿਚ ਲੋਕਾਂ ਨੇ ਪਹਿਰਾਬੁਰਜ ਵਿਚ ਦਿੱਤੇ ਜਾਂਦੇ ਬਾਈਬਲ ਦੇ ਗਿਆਨ ਦੀ ਕਦਰ ਕੀਤੀ ਹੈ ਅਤੇ ਇਸ ਤੋਂ ਫ਼ਾਇਦਾ ਲਿਆ ਹੈ। ਜੁਲਾਈ 2011 ਵਿਚ ਸੌਖੀ ਅੰਗ੍ਰੇਜ਼ੀ ਵਿਚ ਇਸ ਰਸਾਲੇ ਦਾ ਪਹਿਲਾ ਅੰਕ ਛਾਪਿਆ ਗਿਆ। ਉਸ ਅੰਕ ਵਿਚ ਕਿਹਾ ਗਿਆ ਸੀ: “ਇਹ ਨਵਾਂ ਐਡੀਸ਼ਨ ਇਕ ਸਾਲ ਲਈ ਛਾਪਿਆ ਜਾਵੇਗਾ। ਜੇ ਇਹ ਫ਼ਾਇਦੇਮੰਦ ਸਾਬਤ ਹੋਇਆ, ਤਾਂ ਇਸ ਦੀ ਛਪਾਈ ਜਾਰੀ ਰੱਖੀ ਜਾਵੇਗੀ।”
ਹੁਣ ਸਾਨੂੰ ਇਹ ਦੱਸ ਕੇ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਇਸ ਦੀ ਛਪਾਈ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਨਾਲੇ ਸੌਖੀ ਫਰਾਂਸੀਸੀ, ਪੁਰਤਗਾਲੀ ਤੇ ਸਪੇਨੀ ਭਾਸ਼ਾ ਵਿਚ ਵੀ ਇਸ ਨੂੰ ਛਾਪਿਆ ਜਾਵੇਗਾ।
ਇਹ ਕਿਉਂ ਪਸੰਦ ਹੈ?
ਸੌਖੀ ਅੰਗ੍ਰੇਜ਼ੀ ਵਿਚ ਇਹ ਰਸਾਲਾ ਮਿਲਣ ਤੋਂ ਬਾਅਦ ਦੱਖਣੀ ਸ਼ਾਂਤ ਮਹਾਂਸਾਗਰ ਤੋਂ ਕਈ ਭੈਣਾਂ-ਭਰਾਵਾਂ ਨੇ ਲਿਖਿਆ: “ਹੁਣ ਭੈਣ-ਭਰਾ ਪਹਿਰਾਬੁਰਜ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।” ਇਕ ਹੋਰ ਚਿੱਠੀ ਵਿਚ ਕਿਹਾ ਗਿਆ: “ਪਹਿਲਾਂ ਕਈ ਸ਼ਬਦਾਂ ਦਾ ਮਤਲਬ ਡਿਕਸ਼ਨਰੀ ਵਿੱਚੋਂ ਦੇਖਣ ਤੇ ਇਨ੍ਹਾਂ ਨੂੰ ਸਮਝਾਉਣ ਵਿਚ ਕਾਫ਼ੀ ਸਮਾਂ ਲੱਗਦਾ ਸੀ, ਹੁਣ ਉਹੀ ਸਮਾਂ ਲੇਖ ਵਿਚ ਦੱਸੀਆਂ ਗੱਲਾਂ ਅਤੇ ਹਵਾਲਿਆਂ ਨੂੰ ਸਮਝਣ ਵਿਚ ਲਾਇਆ ਜਾਂਦਾ ਹੈ।”
ਅਮਰੀਕਾ ਵਿਚ ਕਾਲਜ ਵਿਚ ਪੜ੍ਹੀ-ਲਿਖੀ ਇਕ ਭੈਣ ਨੇ ਕਿਹਾ: “ਬਹੁਤ ਪੜ੍ਹੀ-ਲਿਖੀ ਹੋਣ ਕਰਕੇ 18 ਸਾਲ ਤਕ ਮੈਂ ਗੱਲ ਕਰਨ ਤੇ ਲਿਖਣ ਵੇਲੇ ਬਹੁਤ ਔਖੇ ਸ਼ਬਦ ਵਰਤਦੀ ਸੀ। ਇਸ ਦੇ ਨਾਲ-ਨਾਲ ਮੇਰੇ ਸੋਚਣ ਦਾ ਤਰੀਕਾ ਵੀ ਬਹੁਤ ਔਖਾ ਸੀ। ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੇ ਸੋਚਣ ਅਤੇ ਬੋਲਣ ਦੇ ਤਰੀਕੇ ਨੂੰ ਬਦਲਣ ਦੀ ਲੋੜ ਹੈ।” ਉਹ ਲਿਖਦੀ ਹੈ: “ਪਹਿਰਾਬੁਰਜ ਦੇ ਸੌਖੇ ਐਡੀਸ਼ਨ ਨੇ ਮੇਰੀ ਬਹੁਤ ਮਦਦ ਕੀਤੀ ਹੈ। ਇਸ ਵਿਚ ਵਰਤੀ ਗਈ ਸੌਖੀ ਭਾਸ਼ਾ ਤੋਂ ਮੈਂ ਸਿੱਖਿਆ ਹੈ ਕਿ ਮੈਂ ਕਿਵੇਂ ਸੌਖੇ ਤਰੀਕੇ ਨਾਲ ਆਪਣੀ ਗੱਲ ਸਮਝਾ ਸਕਦੀ ਹਾਂ।” ਉਹ ਹੁਣ ਵਧੀਆ ਤਰੀਕੇ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੀ ਹੈ।
ਇੰਗਲੈਂਡ ਵਿਚ ਇਕ ਭੈਣ ਨੇ 1972 ਵਿਚ ਬਪਤਿਸਮਾ ਲਿਆ ਸੀ। ਉਸ ਨੇ ਇਸ ਸੌਖੇ ਐਡੀਸ਼ਨ ਬਾਰੇ ਲਿਖਿਆ: “ਜਦੋਂ ਮੈਂ ਇਸ ਦਾ ਪਹਿਲਾ ਅੰਕ ਪੜ੍ਹਿਆ, ਤਾਂ ਮੈਨੂੰ ਲੱਗਾ ਜਿਵੇਂ ਯਹੋਵਾਹ ਮੇਰੇ ਮੋਢਿਆਂ ਦੁਆਲੇ ਆਪਣੀ ਬਾਂਹ ਰੱਖ ਕੇ ਮੇਰੇ ਕੋਲ ਬੈਠਾ ਹੋਇਆ ਹੈ ਅਤੇ ਅਸੀਂ ਰਲ਼ ਕੇ ਇਹ ਰਸਾਲਾ ਪੜ੍ਹ ਰਹੇ ਹਾਂ। ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਕੋਈ ਪਿਤਾ ਆਪਣੇ ਬੱਚੇ ਨੂੰ ਕਹਾਣੀ ਪੜ੍ਹ ਕੇ ਸੁਣਾ ਰਿਹਾ ਹੋਵੇ।”
ਅਮਰੀਕਾ ਵਿਚ ਬੈਥਲ ਵਿਚ ਕੰਮ ਕਰਦੀ ਇਕ ਭੈਣ ਨੇ 40 ਸਾਲ ਪਹਿਲਾਂ ਬਪਤਿਸਮਾ ਲਿਆ ਸੀ। ਉਸ ਨੇ ਕਿਹਾ ਕਿ ਇਸ ਸੌਖੇ ਐਡੀਸ਼ਨ ਤੋਂ ਉਸ ਨੇ ਕਈ ਨਵੀਆਂ ਗੱਲਾਂ ਸਿੱਖੀਆਂ ਹਨ, ਖ਼ਾਸ ਕਰਕੇ “ਕੁਝ ਸ਼ਬਦਾਂ ਦਾ ਮਤਲਬ” ਨਾਂ ਦੀ ਡੱਬੀ ਤੋਂ। ਉਦਾਹਰਣ ਲਈ, ਉਸ ਨੇ ਦੱਸਿਆ ਕਿ 15 ਸਤੰਬਰ 2011 ਦੇ ਅੰਕ ਵਿਚ ਦਿੱਤੀ ਡੱਬੀ ਵਿਚ ਇਬਰਾਨੀਆਂ 12:1 ਵਿਚ ‘ਗਵਾਹਾਂ ਦਾ ਬੱਦਲ’ ਸ਼ਬਦਾਂ ਬਾਰੇ ਕਿਹਾ ਗਿਆ ਸੀ: “ਗਵਾਹਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਇਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ।” ਉਸ ਨੇ ਕਿਹਾ: “ਇਸ ਜਾਣਕਾਰੀ ਨਾਲ ਇਸ ਆਇਤ ਬਾਰੇ ਮੇਰੀ ਸਮਝ ਹੋਰ ਵਧੀ।” ਮੰਡਲੀ ਵਿਚ ਪਹਿਰਾਬੁਰਜ ਅਧਿਐਨ ਬਾਰੇ ਉਹ ਦੱਸਦੀ ਹੈ: “ਸੌਖੇ ਐਡੀਸ਼ਨ ਦੇ ਸ਼ਬਦ ਸਟੈਂਡਡ ਐਡੀਸ਼ਨ ਦੇ ਸ਼ਬਦਾਂ ਨਾਲੋਂ ਵੱਖਰੇ ਹੁੰਦੇ ਹਨ। ਇਸ ਲਈ ਜਦੋਂ ਕੋਈ ਬੱਚਾ ਸੌਖੇ ਐਡੀਸ਼ਨ ਵਿੱਚੋਂ ਪੜ੍ਹ ਕੇ ਟਿੱਪਣੀ ਦਿੰਦਾ ਹੈ, ਤਾਂ ਬਾਕੀਆਂ ਲਈ ਉਸ ਦੀਆਂ ਟਿੱਪਣੀਆਂ ਇਸ ਤਰ੍ਹਾਂ ਹੁੰਦੀਆਂ ਹਨ ਜਿਵੇਂ ਉਸ ਨੇ ਆਪਣੇ ਸ਼ਬਦਾਂ ਵਿਚ ਗੱਲ ਕਹੀ ਹੋਵੇ।”
ਬੈਥਲ ਵਿਚ ਕੰਮ ਕਰਦੀ ਇਕ ਹੋਰ ਭੈਣ ਨੇ ਲਿਖਿਆ: “ਮੈਨੂੰ ਮੰਡਲੀ ਵਿਚ ਛੋਟੇ ਬੱਚਿਆਂ ਦੀਆਂ ਟਿੱਪਣੀਆਂ ਸੁਣ ਕੇ ਬੜਾ ਮਜ਼ਾ ਆਉਂਦਾ ਹੈ। ਸੌਖੇ ਸ਼ਬਦਾਂ ਵਾਲੇ ਪਹਿਰਾਬੁਰਜ ਦੀ ਮਦਦ ਨਾਲ ਉਹ ਪੂਰੇ ਹੌਸਲੇ ਨਾਲ ਟਿੱਪਣੀਆਂ ਦੇ ਸਕਦੇ ਹਨ। ਉਨ੍ਹਾਂ ਦੀਆਂ ਟਿੱਪਣੀਆਂ ਤੋਂ ਮੈਨੂੰ ਹੱਲਾਸ਼ੇਰੀ ਮਿਲਦੀ ਹੈ।”
ਇਕ ਭੈਣ, ਜਿਸ ਨੇ 1984 ਵਿਚ ਬਪਤਿਸਮਾ ਲਿਆ ਸੀ, ਨੇ ਸੌਖੇ ਐਡੀਸ਼ਨ ਦੀ ਤਾਰੀਫ਼ ਕਰਦੇ ਹੋਏ ਕਿਹਾ: “ਮੈਨੂੰ ਲੱਗਾ ਜਿਵੇਂ ਇਹ ਮੇਰੇ ਲਈ ਹੀ ਲਿਖਿਆ ਗਿਆ ਹੋਵੇ। ਇਸ ਵਿਚ ਲਿਖੀਆਂ ਗੱਲਾਂ ਨੂੰ ਸਮਝਣਾ ਬਹੁਤ ਸੌਖਾ ਹੈ। ਹੁਣ ਮੈਂ ਬਿਨਾਂ ਘਬਰਾਏ ਪਹਿਰਾਬੁਰਜ ਅਧਿਐਨ ਦੌਰਾਨ ਜਵਾਬ ਦੇ ਸਕਦੀ ਹਾਂ।”
ਮਾਤਾ-ਪਿਤਾ ਲਈ ਫ਼ਾਇਦੇਮੰਦ
ਸੱਤ ਸਾਲ ਦੇ ਇਕ ਮੁੰਡੇ ਦੀ ਮਾਂ ਨੇ ਕਿਹਾ: “ਪਹਿਲਾਂ ਜਦੋਂ ਅਸੀਂ ਪਹਿਰਾਬੁਰਜ ਦੀ ਤਿਆਰੀ ਕਰਦੇ ਹੁੰਦੇ ਸੀ, ਤਾਂ ਉਸ ਨੂੰ ਕਈ ਵਾਕਾਂ ਨੂੰ ਸਮਝਾਉਣ ਵਿਚ ਬਹੁਤ ਸਮਾਂ ਲੱਗਦਾ ਸੀ, ਇਸ ਕਰਕੇ ਸਟੱਡੀ ਦੌਰਾਨ ਅਸੀਂ ਬਹੁਤ ਥੱਕ ਜਾਂਦੇ ਸੀ।” ਸੌਖਾ ਐਡੀਸ਼ਨ ਕਿਵੇਂ ਮਦਦਗਾਰ ਸਾਬਤ ਹੋਇਆ? ਉਹ ਲਿਖਦੀ ਹੈ: “ਮੈਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਉਹ ਵੀ ਹੁਣ ਪੈਰੇ ਪੜ੍ਹਦਾ ਹੈ ਅਤੇ ਉਨ੍ਹਾਂ ਦਾ ਮਤਲਬ ਸਮਝਦਾ ਹੈ। ਇਸ ਵਿਚ ਔਖੇ ਸ਼ਬਦ ਇਸਤੇਮਾਲ ਨਹੀਂ ਕੀਤੇ ਜਾਂਦੇ ਅਤੇ ਵਾਕ ਵੀ ਛੋਟੇ ਹੁੰਦੇ ਹਨ, ਇਸ ਲਈ ਉਹ ਪੜ੍ਹਨ ਤੋਂ ਨਹੀਂ ਘਬਰਾਉਂਦਾ। ਉਹ ਮੇਰੀ ਮਦਦ ਤੋਂ ਬਿਨਾਂ ਹੀ ਆਪਣੀਆਂ ਟਿੱਪਣੀਆਂ ਤਿਆਰ ਕਰਨ ਲੱਗ ਪਿਆ ਹੈ ਅਤੇ ਮੀਟਿੰਗਾਂ ਵਿਚ ਅਧਿਐਨ ਦੌਰਾਨ ਉਸ ਦਾ ਧਿਆਨ ਪਹਿਰਾਬੁਰਜ ’ਤੇ ਰਹਿੰਦਾ ਹੈ।”
ਨੌਂ ਸਾਲ ਦੀ ਇਕ ਕੁੜੀ ਦੀ ਮਾਂ ਲਿਖਦੀ ਹੈ: “ਪਹਿਲਾਂ ਮੈਨੂੰ ਟਿੱਪਣੀਆਂ ਤਿਆਰ ਕਰਨ ਵਿਚ ਉਸ ਦੀ ਮਦਦ ਕਰਨੀ ਪੈਂਦੀ ਸੀ। ਪਰ ਹੁਣ ਉਹ ਆਪੇ ਟਿੱਪਣੀਆਂ ਤਿਆਰ ਕਰਦੀ ਹੈ ਅਤੇ ਉਸ ਨੂੰ ਸੌਖੇ ਸ਼ਬਦਾਂ ਵਿਚ ਪਹਿਰਾਬੁਰਜ ਦੀਆਂ ਗੱਲਾਂ ਸਮਝਾਉਣ ਦੀ ਲੋੜ ਨਹੀਂ ਪੈਂਦੀ। ਸਾਰੀਆਂ ਗੱਲਾਂ ਉਸ ਦੇ ਸਮਝ ਪੈਂਦੀਆਂ ਹਨ, ਇਸ ਲਈ ਉਸ ਨੂੰ ਪਹਿਰਾਬੁਰਜ ਅਧਿਐਨ ਤੋਂ ਮਜ਼ਾ ਆਉਂਦਾ ਹੈ।”
ਬੱਚਿਆਂ ਦੇ ਵਿਚਾਰ
ਬਹੁਤ ਸਾਰੇ ਬੱਚੇ ਮਹਿਸੂਸ ਕਰਦੇ ਹਨ ਕਿ ਪਹਿਰਾਬੁਰਜ ਦਾ ਸੌਖਾ ਐਡੀਸ਼ਨ ਉਨ੍ਹਾਂ ਲਈ ਹੀ ਤਿਆਰ ਕੀਤਾ ਗਿਆ ਹੈ। 12 ਸਾਲ ਦੀ ਰਿਬੈਕਾ ਨੇ ਬੇਨਤੀ ਕੀਤੀ: “ਪਲੀਜ਼ ਇਹ ਨਵਾਂ ਐਡੀਸ਼ਨ ਛਾਪਦੇ ਰਹੋ!” ਉਸ ਨੇ ਅੱਗੇ ਕਿਹਾ: “ਇਹ ਬੱਚਿਆਂ ਵਾਸਤੇ ਸਮਝਣਾ ਬਹੁਤ ਸੌਖਾ ਹੈ। ਮੈਨੂੰ ‘ਸੌਖੇ ਸ਼ਬਦਾਂ ਦਾ ਮਤਲਬ’ ਨਾਂ ਦੀ ਡੱਬੀ ਬਹੁਤ ਪਸੰਦ ਹੈ।”
ਸੱਤ ਸਾਲ ਦੀ ਨਿਕੋਲੈੱਟ ਵੀ ਕਹਿੰਦੀ ਹੈ: “ਪਹਿਲਾਂ ਪਹਿਰਾਬੁਰਜ ਨੂੰ ਸਮਝਣਾ ਮੇਰੇ ਲਈ ਬਹੁਤ ਔਖਾ ਹੁੰਦਾ ਸੀ। ਪਰ ਹੁਣ ਮੈਂ ਆਪ ਟਿੱਪਣੀਆਂ ਤਿਆਰ ਕਰ ਕੇ ਦਿੰਦੀ ਹਾਂ।” ਨੌਂ ਸਾਲ ਦੀ ਐਮਾ ਨੇ ਲਿਖਿਆ: “ਮੈਨੂੰ ਅਤੇ ਮੇਰੇ ਛੇ ਸਾਲਾਂ ਦੇ ਭਰਾ ਨੂੰ ਇਸ ਸੌਖੇ ਅੰਕ ਤੋਂ ਬਹੁਤ ਫ਼ਾਇਦਾ ਹੋਇਆ ਹੈ। ਹੁਣ ਸਾਨੂੰ ਪਹਿਰਾਬੁਰਜ ਦੇ ਲੇਖ ਹੋਰ ਚੰਗੀ ਤਰ੍ਹਾਂ ਸਮਝ ਆਉਂਦੇ ਹਨ। ਥੈਂਕਯੂ!”
ਇਸ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਪਹਿਰਾਬੁਰਜ ਦੇ ਸੌਖੇ ਐਡੀਸ਼ਨ ਤੋਂ ਫ਼ਾਇਦਾ ਹੋ ਰਿਹਾ ਹੈ ਜਿਸ ਵਿਚ ਸੌਖੇ ਸ਼ਬਦ ਤੇ ਵਾਕ ਵਰਤੇ ਜਾਂਦੇ ਹਨ। ਲੋਕਾਂ ਨੂੰ ਇਸ ਦੀ ਲੋੜ ਹੈ। 1879 ਤੋਂ ਛਾਪੇ ਜਾਂਦੇ ਬਹੁਮੁੱਲੇ ਸਟੈਂਡਡ ਐਡੀਸ਼ਨ ਦੇ ਨਾਲ-ਨਾਲ ਇਸ ਸੌਖੇ ਐਡੀਸ਼ਨ ਨੂੰ ਛਾਪਿਆ ਜਾਂਦਾ ਰਹੇਗਾ।
[ਸਫ਼ਾ 30 ਉੱਤੇ ਸੁਰਖੀ]
“ਪਹਿਲਾਂ ਕਈ ਸ਼ਬਦਾਂ ਦਾ ਮਤਲਬ ਡਿਕਸ਼ਨਰੀ ਵਿੱਚੋਂ ਦੇਖਣ ਤੇ ਇਨ੍ਹਾਂ ਨੂੰ ਸਮਝਾਉਣ ਵਿਚ ਕਾਫ਼ੀ ਸਮਾਂ ਲੱਗਦਾ ਸੀ, ਹੁਣ ਉਹੀ ਸਮਾਂ ਲੇਖ ਵਿਚ ਦੱਸੀਆਂ ਗੱਲਾਂ ਅਤੇ ਹਵਾਲਿਆਂ ਨੂੰ ਸਮਝਣ ਵਿਚ ਲਾਇਆ ਜਾਂਦਾ ਹੈ”
[ਸਫ਼ਾ 31 ਉੱਤੇ ਸੁਰਖੀ]
“ਮੈਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਉਹ ਵੀ ਹੁਣ ਪੈਰੇ ਪੜ੍ਹਦਾ ਹੈ ਅਤੇ ਉਨ੍ਹਾਂ ਦਾ ਮਤਲਬ ਸਮਝਦਾ ਹੈ”