Skip to content

Skip to table of contents

ਬੀਤੀ ਜ਼ਿੰਦਗੀ ਨੂੰ ਪਿੱਛੇ ਛੱਡ ਕੇ ਯਹੋਵਾਹ ਦੀ ਸੇਵਾ ਕਰੋ

ਬੀਤੀ ਜ਼ਿੰਦਗੀ ਨੂੰ ਪਿੱਛੇ ਛੱਡ ਕੇ ਯਹੋਵਾਹ ਦੀ ਸੇਵਾ ਕਰੋ

“ਮੈਂ ਪਿੱਛੇ ਛੱਡੀਆਂ ਗੱਲਾਂ ਨੂੰ ਭੁੱਲ ਕੇ ਉਨ੍ਹਾਂ ਗੱਲਾਂ ਵੱਲ ਵਧ ਰਿਹਾ ਹਾਂ ਜਿਹੜੀਆਂ ਮੇਰੇ ਅੱਗੇ ਹਨ।”—ਫ਼ਿਲਿ. 3:13.

1-3. (ੳ) ਕੁਝ ਲੋਕ ਆਪਣੀ ਬੀਤੀ ਜ਼ਿੰਦਗੀ ਬਾਰੇ ਕਿੱਦਾਂ ਮਹਿਸੂਸ ਕਰਦੇ ਹਨ? (ਅ) ਅਸੀਂ ਪੌਲੁਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

“ਕਾਸ਼! ਮੈਂ ਇਸ ਤਰ੍ਹਾਂ ਨਾ ਕੀਤਾ ਹੁੰਦਾ।” ਲੋਕ ਇਸ ਤਰ੍ਹਾਂ ਕਹਿੰਦੇ ਹਨ ਜਦੋਂ ਉਹ ਆਪਣੀ ਬੀਤੀ ਜ਼ਿੰਦਗੀ ਬਾਰੇ ਸੋਚਦੇ ਹਨ। ਅਸੀਂ ਸਾਰੇ ਸੋਚਦੇ ਹਾਂ ਕਿ ਜੇ ਅਸੀਂ ਇੱਦਾਂ ਕੀਤਾ ਹੁੰਦਾ ਜਾਂ ਨਾ ਕੀਤਾ ਹੁੰਦਾ, ਤਾਂ ਸਾਡੀ ਜ਼ਿੰਦਗੀ ਕੁਝ ਹੋਰ ਹੋਣੀ ਸੀ। ਕਈ ਲੋਕਾਂ ਨੂੰ ਆਪਣੀ ਬੀਤੀ ਜ਼ਿੰਦਗੀ ਬਾਰੇ ਅਫ਼ਸੋਸ ਹੁੰਦਾ ਰਹਿੰਦਾ ਹੈ। ਕੀ ਤੁਹਾਨੂੰ ਕਿਸੇ ਗੱਲ ਦਾ ਅਫ਼ਸੋਸ ਹੈ?

2 ਕੁਝ ਲੋਕਾਂ ਨੇ ਜ਼ਿੰਦਗੀ ਵਿਚ ਗੰਭੀਰ ਗ਼ਲਤੀਆਂ ਜਾਂ ਪਾਪ ਕੀਤੇ ਹਨ। ਕਈ ਲੋਕਾਂ ਨੇ ਗ਼ਲਤ ਕੰਮ ਤਾਂ ਨਹੀਂ ਕੀਤੇ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਵਿਚ ਸਹੀ ਫ਼ੈਸਲੇ ਨਹੀਂ ਕੀਤੇ। ਕੁਝ ਲੋਕ ਆਪਣੀ ਬੀਤੀ ਜ਼ਿੰਦਗੀ ਨੂੰ ਭੁੱਲ ਜਾਂਦੇ ਹਨ, ਪਰ ਕਈ ਹੋਰ ਬੀਤੀ ਜ਼ਿੰਦਗੀ ਵਿਚ ਕੀਤੀਆਂ ਗ਼ਲਤੀਆਂ ਕਰਕੇ ਦਿਨ-ਰਾਤ ਪਰੇਸ਼ਾਨ ਰਹਿੰਦੇ ਹਨ। (ਜ਼ਬੂ. 51:3) ਤੁਹਾਡੇ ਬਾਰੇ ਕੀ? ਕੀ ਤੁਸੀਂ ਆਪਣੀ ਬੀਤੀ ਜ਼ਿੰਦਗੀ ਬਾਰੇ ਚਿੰਤਾ ਕੀਤੇ ਬਿਨਾਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹੋ? ਕੀ ਬਾਈਬਲ ਵਿਚ ਕਿਸੇ ਦੀ ਮਿਸਾਲ ਹੈ ਜਿਸ ਤੋਂ ਅਸੀਂ ਇਹ ਗੱਲ ਸਿੱਖ ਸਕਦੇ ਹਾਂ? ਜੀ ਹਾਂ, ਸਾਡੇ ਸਾਮ੍ਹਣੇ ਪੌਲੁਸ ਰਸੂਲ ਦੀ ਮਿਸਾਲ ਹੈ।

3 ਪੌਲੁਸ ਨੇ ਆਪਣੀ ਜ਼ਿੰਦਗੀ ਵਿਚ ਗੰਭੀਰ ਗ਼ਲਤੀਆਂ ਵੀ ਕੀਤੀਆਂ ਅਤੇ ਸਹੀ ਫ਼ੈਸਲੇ ਵੀ ਕੀਤੇ। ਉਸ ਨੂੰ ਆਪਣੀ ਬੀਤੀ ਜ਼ਿੰਦਗੀ ਉੱਤੇ ਬਹੁਤ ਪਛਤਾਵਾ ਸੀ, ਪਰ ਇਸ ਦੇ ਬਾਵਜੂਦ ਉਸ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰ ਕੇ ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾਇਆ। ਆਓ ਆਪਾਂ ਦੇਖੀਏ ਕਿ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।

ਪੌਲੁਸ ਦੀ ਬੀਤੀ ਜ਼ਿੰਦਗੀ

4. ਪੌਲੁਸ ਰਸੂਲ ਨੇ ਕਿਹੜੇ ਗ਼ਲਤ ਕੰਮ ਕੀਤੇ ਸਨ?

4 ਜਵਾਨੀ ਵਿਚ ਫ਼ਰੀਸੀ ਹੁੰਦੇ ਹੋਏ ਪੌਲੁਸ ਉਰਫ਼ ਸੌਲੁਸ ਨੇ ਅਜਿਹੇ ਕੰਮ ਕੀਤੇ ਜਿਨ੍ਹਾਂ ’ਤੇ ਉਸ ਨੂੰ ਬਾਅਦ ਵਿਚ ਬਹੁਤ ਪਛਤਾਵਾ ਹੋਇਆ ਸੀ। ਉਦਾਹਰਣ ਲਈ, ਉਸ ਨੇ ਮਸੀਹ ਦੇ ਚੇਲਿਆਂ ਉੱਤੇ ਬਹੁਤ ਜ਼ੁਲਮ ਕੀਤੇ। ਬਾਈਬਲ ਵਿਚ ਦੱਸਿਆ ਹੈ ਕਿ ਇਸਤੀਫ਼ਾਨ ਦੇ ਕਤਲ ਤੋਂ ਤੁਰੰਤ ਬਾਅਦ, “ਸੌਲੁਸ ਮੰਡਲੀ ਉੱਤੇ ਡਾਢਾ ਜ਼ੁਲਮ ਕਰਨ ਲੱਗਾ। ਉਹ ਘਰ-ਘਰ ਜਾ ਕੇ ਆਦਮੀਆਂ ਤੇ ਤੀਵੀਆਂ ਨੂੰ ਘੜੀਸ ਲਿਆਉਂਦਾ ਸੀ ਅਤੇ ਜੇਲ੍ਹ ਵਿਚ ਬੰਦ ਕਰਵਾ ਦਿੰਦਾ ਸੀ।” (ਰਸੂ. 8:3) ਬਾਈਬਲ ਵਿਦਵਾਨ ਐਲਬਰਟ ਬਾਰਨਜ਼ ਨੇ ਮਸੀਹੀਆਂ ਉੱਤੇ ਪੌਲੁਸ ਦੇ ਜ਼ੁਲਮ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਸ ਨੇ “ਮਸੀਹੀ ਮੰਡਲੀ ਉੱਤੇ ਜੰਗਲੀ ਜਾਨਵਰ ਵਾਂਗ ਹਮਲਾ ਕੀਤਾ।” ਕੱਟੜ ਯਹੂਦੀ ਹੋਣ ਕਰਕੇ ਸੌਲੁਸ ਨੂੰ ਲੱਗਦਾ ਸੀ ਕਿ ਪਰਮੇਸ਼ੁਰ ਨੇ ਉਸ ਨੂੰ ਮਸੀਹੀ ਮੰਡਲੀ ਦਾ ਨਾਮੋ-ਨਿਸ਼ਾਨ ਮਿਟਾਉਣ ਦਾ ਕੰਮ ਦਿੱਤਾ ਸੀ। ਇਸ ਕਰਕੇ ਉਸ ਨੇ ਮਸੀਹੀ ਆਦਮੀਆਂ ਤੇ ਤੀਵੀਆਂ ਉੱਤੇ ਬੇਰਹਿਮੀ ਨਾਲ ਅਤਿਆਚਾਰ ਕੀਤੇ ਅਤੇ ਉਸ ਉੱਤੇ ਉਨ੍ਹਾਂ ਨੂੰ “ਧਮਕਾਉਣ ਅਤੇ ਉਨ੍ਹਾਂ ਦਾ ਕਤਲ ਕਰਨ ਦਾ ਜਨੂਨ ਸਵਾਰ ਸੀ।”—ਰਸੂ. 9:1, 2; 22:4. *

5. ਸਮਝਾਓ ਕਿ ਸੌਲੁਸ ਕਿਵੇਂ ਯਿਸੂ ਦੇ ਚੇਲਿਆਂ ਉੱਤੇ ਜ਼ੁਲਮ ਕਰਨੇ ਛੱਡ ਕੇ ਮਸੀਹ ਬਾਰੇ ਪ੍ਰਚਾਰ ਕਰਨ ਲੱਗ ਪਿਆ।

5 ਸੌਲੁਸ ਦਮਿਸਕ ਤੋਂ ਵੀ ਯਿਸੂ ਦੇ ਚੇਲਿਆਂ ਨੂੰ ਉਨ੍ਹਾਂ ਦੇ ਘਰੋਂ ਘਸੀਟ ਕੇ ਯਰੂਸ਼ਲਮ ਲਿਆਉਣਾ ਚਾਹੁੰਦਾ ਸੀ ਤਾਂਕਿ ਉਨ੍ਹਾਂ ਨੂੰ ਯਹੂਦੀ ਮਹਾਸਭਾ ਤੋਂ ਸਜ਼ਾ ਮਿਲੇ। ਪਰ ਮਸੀਹੀ ਮੰਡਲੀ ਦੇ ਮੁਖੀ ਯਿਸੂ ਨੇ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ। (ਅਫ਼. 5:23) ਜਦੋਂ ਸੌਲੁਸ ਦਮਿਸਕ ਜਾ ਰਿਹਾ ਸੀ, ਤਾਂ ਰਾਹ ਵਿਚ ਯਿਸੂ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ। ਉਸ ਵੇਲੇ ਸਵਰਗੋਂ ਇੰਨੀ ਤੇਜ਼ ਰੌਸ਼ਨੀ ਚਮਕੀ ਕਿ ਉਹ ਅੰਨ੍ਹਾ ਹੋ ਗਿਆ। ਫਿਰ ਯਿਸੂ ਨੇ ਕਿਹਾ ਕਿ ਉਹ ਦਮਿਸਕ ਜਾਵੇ ਅਤੇ ਉੱਥੇ ਉਸ ਨੂੰ ਦੱਸਿਆ ਜਾਵੇਗਾ ਕਿ ਉਸ ਨੇ ਕੀ ਕਰਨਾ ਹੈ। ਬਾਈਬਲ ਤੋਂ ਅਸੀਂ ਜਾਣਦੇ ਹਾਂ ਕਿ ਅੱਗੇ ਕੀ ਹੋਇਆ।—ਰਸੂ. 9:3-22.

6, 7. ਕਿਵੇਂ ਪਤਾ ਲੱਗਦਾ ਹੈ ਕਿ ਪੌਲੁਸ ਨੂੰ ਆਪਣੀ ਬੀਤੀ ਜ਼ਿੰਦਗੀ ਉੱਤੇ ਪਛਤਾਵਾ ਸੀ?

6 ਮਸੀਹੀ ਬਣਨ ਤੋਂ ਬਾਅਦ ਪੌਲੁਸ ਦਾ ਰਵੱਈਆ ਬਦਲ ਗਿਆ। ਉਸ ਨੇ ਮਸੀਹ ਦਾ ਵਿਰੋਧ ਕਰਨ ਦੀ ਬਜਾਇ ਉਸ ਬਾਰੇ ਜੋਸ਼ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਫਿਰ ਵੀ ਉਸ ਨੇ ਬਾਅਦ ਵਿਚ ਆਪਣੇ ਬਾਰੇ ਲਿਖਿਆ: “ਤੁਸੀਂ ਸੁਣਿਆ ਹੋਣਾ ਕਿ ਜਦੋਂ ਮੈਂ ਯਹੂਦੀ ਧਰਮ ਨੂੰ ਮੰਨਦਾ ਹੁੰਦਾ ਸੀ, ਤਾਂ ਮੈਂ ਉਸ ਵੇਲੇ ਕਿਹੋ ਜਿਹਾ ਇਨਸਾਨ ਸੀ। ਮੈਂ ਪਰਮੇਸ਼ੁਰ ਦੀ ਮੰਡਲੀ ਉੱਤੇ ਬੇਰਹਿਮੀ ਨਾਲ ਅਤਿਆਚਾਰ ਕਰਦਾ ਸਾਂ ਅਤੇ ਉਸ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕਰਦਾ ਸਾਂ।” (ਗਲਾ. 1:13) ਬਾਅਦ ਵਿਚ ਉਸ ਨੇ ਕੁਰਿੰਥੀਆਂ, ਫ਼ਿਲਿੱਪੀਆਂ ਤੇ ਤਿਮੋਥਿਉਸ ਨੂੰ ਚਿੱਠੀਆਂ ਵਿਚ ਆਪਣੀ ਇਸ ਗ਼ਲਤੀ ਬਾਰੇ ਲਿਖਿਆ ਸੀ। (1 ਕੁਰਿੰਥੀਆਂ 15:9 ਪੜ੍ਹੋ; ਫ਼ਿਲਿ. 3:6; 1 ਤਿਮੋ. 1:13) ਪੌਲੁਸ ਨੂੰ ਆਪਣੀ ਬੀਤੀ ਜ਼ਿੰਦਗੀ ਬਾਰੇ ਲਿਖਦੇ ਸਮੇਂ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ। ਉਸ ਨੇ ਇਹ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਸ ਨੇ ਕੋਈ ਗ਼ਲਤੀ ਨਹੀਂ ਕੀਤੀ ਸੀ। ਉਸ ਨੂੰ ਪਤਾ ਸੀ ਕਿ ਉਸ ਨੇ ਗੰਭੀਰ ਗ਼ਲਤੀਆਂ ਕੀਤੀਆਂ ਸਨ।—ਰਸੂ. 26:9-11.

7 ਬਾਈਬਲ ਦੇ ਇਕ ਵਿਦਵਾਨ ਨੇ ਕਿਹਾ ਕਿ ਜਦੋਂ ਅਸੀਂ ਸੋਚਦੇ ਹਾਂ ਕਿ ਪੌਲੁਸ ਨੇ ਮਸੀਹੀਆਂ ਉੱਤੇ ਕਿੰਨੇ ਜ਼ੁਲਮ ਕੀਤੇ ਸਨ, ਤਾਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੌਲੁਸ ਨੂੰ ਇਸ ਕਰਕੇ ਕਿੰਨਾ ਪਛਤਾਵਾ ਹੋਇਆ ਹੋਣਾ ਅਤੇ ਦੂਸਰਿਆਂ ਨੇ ਉਸ ਦੀ ਕਿੰਨੀ ਨਿੰਦਿਆ ਕੀਤੀ ਹੋਣੀ। ਜਦੋਂ ਪੌਲੁਸ ਹੋਰ ਮੰਡਲੀਆਂ ਵਿਚ ਜਾਂਦਾ ਹੋਣਾ, ਤਾਂ ਉਸ ਨੂੰ ਪਹਿਲੀ ਵਾਰ ਮਿਲਣ ਤੇ ਕੁਝ ਭਰਾ ਸ਼ਾਇਦ ਕਹਿੰਦੇ ਹੋਣੇ: ‘ਅੱਛਾ ਤੂੰ ਹੀ ਪੌਲੁਸ ਹੈਂ। ਤੂੰ ਹੀ ਸਾਨੂੰ ਸਤਾਉਂਦਾ ਹੁੰਦਾ ਸੀ!’—ਰਸੂ. 9:21.

8. ਯਹੋਵਾਹ ਅਤੇ ਯਿਸੂ ਦੇ ਪਿਆਰ ਤੇ ਦਇਆ ਬਾਰੇ ਪੌਲੁਸ ਕਿਵੇਂ ਮਹਿਸੂਸ ਕਰਦਾ ਸੀ ਅਤੇ ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

8 ਪੌਲੁਸ ਨੂੰ ਇਹ ਵੀ ਪਤਾ ਸੀ ਕਿ ਸਿਰਫ਼ ਪਰਮੇਸ਼ੁਰ ਦੀ ਅਪਾਰ ਕਿਰਪਾ ਕਰਕੇ ਹੀ ਉਸ ਨੂੰ ਸੇਵਾ ਕਰਨ ਦਾ ਸਨਮਾਨ ਮਿਲਿਆ ਸੀ। ਉਸ ਨੇ ਆਪਣੀਆਂ 14 ਚਿੱਠੀਆਂ ਵਿਚ 90 ਕੁ ਵਾਰ ਪਰਮੇਸ਼ੁਰ ਦੀ ਅਪਾਰ ਕਿਰਪਾ ਦਾ ਜ਼ਿਕਰ ਕੀਤਾ, ਇੰਨੀ ਵਾਰ ਬਾਈਬਲ ਦੇ ਹੋਰ ਕਿਸੇ ਲੇਖਕ ਨੇ ਨਹੀਂ ਕੀਤਾ ਸੀ। (1 ਕੁਰਿੰਥੀਆਂ 15:10 ਪੜ੍ਹੋ।) ਪੌਲੁਸ ਇਸ ਗੱਲ ਦੀ ਵੀ ਕਦਰ ਕਰਦਾ ਸੀ ਕਿ ਪਰਮੇਸ਼ੁਰ ਨੇ ਉਸ ’ਤੇ ਦਇਆ ਕੀਤੀ ਸੀ ਅਤੇ ਉਸ ਨੇ ਹਮੇਸ਼ਾ ਧਿਆਨ ਰੱਖਿਆ ਕਿ ਉਸ ਉੱਤੇ ਹੋਈ ਪਰਮੇਸ਼ੁਰ ਦੀ ਅਪਾਰ ਕਿਰਪਾ ਵਿਅਰਥ ਨਾ ਜਾਵੇ। ਇਸੇ ਲਈ ਉਸ ਨੇ ਦੂਸਰੇ ਸਾਰੇ ਰਸੂਲਾਂ ਨਾਲੋਂ “ਜ਼ਿਆਦਾ ਕੰਮ ਕੀਤਾ।” ਪੌਲੁਸ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਜੇ ਅਸੀਂ ਆਪਣੇ ਪਾਪ ਕਬੂਲ ਕਰਦੇ ਹਾਂ ਤੇ ਆਪਣੇ ਆਪ ਨੂੰ ਬਦਲਦੇ ਹਾਂ, ਤਾਂ ਯਹੋਵਾਹ ਯਿਸੂ ਦੀ ਕੁਰਬਾਨੀ ਦੇ ਆਧਾਰ ’ਤੇ ਸਾਡੇ ਗੰਭੀਰ ਤੋਂ ਗੰਭੀਰ ਪਾਪ ਵੀ ਮਾਫ਼ ਕਰਨ ਲਈ ਤਿਆਰ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਾਪ ਇੰਨੇ ਗੰਭੀਰ ਹਨ ਕਿ ਯਿਸੂ ਦੀ ਕੁਰਬਾਨੀ ਦੇ ਆਧਾਰ ’ਤੇ ਵੀ ਇਹ ਮਾਫ਼ ਨਹੀਂ ਕੀਤੇ ਜਾ ਸਕਦੇ, ਤਾਂ ਤੁਹਾਨੂੰ ਪੌਲੁਸ ਦੀ ਮਿਸਾਲ ਯਾਦ ਰੱਖਣੀ ਚਾਹੀਦੀ ਹੈ। (1 ਤਿਮੋਥਿਉਸ 1:15, 16 ਪੜ੍ਹੋ।) ਭਾਵੇਂ ਪੌਲੁਸ ਨੇ ਯਿਸੂ ਮਸੀਹ ’ਤੇ ਇੰਨੇ ਜ਼ੁਲਮ ਕੀਤੇ ਸਨ, ਪਰ ਉਸ ਨੇ ਲਿਖਿਆ: ‘ਪਰਮੇਸ਼ੁਰ ਦੇ ਪੁੱਤਰ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।’ (ਗਲਾ. 2:20; ਰਸੂ. 9:5) ਜੀ ਹਾਂ, ਪੌਲੁਸ ਨੇ ਸਿੱਖਿਆ ਕਿ ਭਾਵੇਂ ਉਸ ਨੇ ਬੀਤੀ ਜ਼ਿੰਦਗੀ ਵਿਚ ਗੰਭੀਰ ਗ਼ਲਤੀਆਂ ਕੀਤੀਆਂ ਸਨ, ਪਰ ਹੁਣ ਉਸ ਨੂੰ ਯਹੋਵਾਹ ਦੀ ਸੇਵਾ ਚੰਗੇ ਤਰੀਕੇ ਨਾਲ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ਬਾਅਦ ਵਿਚ ਉਸ ਨੂੰ ਕੋਈ ਪਛਤਾਵਾ ਨਾ ਹੋਵੇ। ਕੀ ਤੁਸੀਂ ਵੀ ਇਹ ਗੱਲ ਸਿੱਖੀ ਹੈ?

ਬੀਤੀ ਜ਼ਿੰਦਗੀ ਨੂੰ ਪਿੱਛੇ ਛੱਡ ਕੇ ਪੌਲੁਸ ਨੇ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਨੀ ਸਿੱਖੀ

ਕੀ ਤੁਹਾਨੂੰ ਕਿਸੇ ਗੱਲ ਦਾ ਪਛਤਾਵਾ ਹੈ?

9, 10. (ੳ) ਯਹੋਵਾਹ ਦੇ ਕੁਝ ਸੇਵਕਾਂ ਨੂੰ ਕਿਉਂ ਪਛਤਾਵਾ ਹੁੰਦਾ ਹੈ? (ਅ) ਪੁਰਾਣੀਆਂ ਗ਼ਲਤੀਆਂ ਬਾਰੇ ਚਿੰਤਾ ਕਿਉਂ ਨਹੀਂ ਕਰਦੇ ਰਹਿਣਾ ਚਾਹੀਦਾ?

9 ਕੀ ਤੁਸੀਂ ਇੱਦਾਂ ਦਾ ਕੋਈ ਕੰਮ ਕੀਤਾ ਹੈ ਜਿਸ ’ਤੇ ਤੁਹਾਨੂੰ ਪਛਤਾਵਾ ਹੈ? ਸ਼ਾਇਦ ਤੁਸੀਂ ਕਿਸੇ ਵਿਅਰਥ ਕੰਮ ’ਤੇ ਆਪਣਾ ਸਮਾਂ ਤੇ ਤਾਕਤ ਬਰਬਾਦ ਕੀਤੀ ਹੋਵੇ। ਸ਼ਾਇਦ ਤੁਹਾਡੇ ਕਿਸੇ ਕੰਮ ਕਰਕੇ ਦੂਜਿਆਂ ਦਾ ਨੁਕਸਾਨ ਹੋਇਆ ਹੋਵੇ। ਜਾਂ ਸ਼ਾਇਦ ਕਿਸੇ ਹੋਰ ਗੱਲ ਕਰਕੇ ਤੁਹਾਨੂੰ ਪਛਤਾਵਾ ਹੋਵੇ। ਹੁਣ ਸਵਾਲ ਇਹ ਹੈ, ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ?

10 ਬਹੁਤ ਸਾਰੇ ਲੋਕ ਚਿੰਤਾ ਕਰਦੇ ਰਹਿੰਦੇ ਹਨ। ਉਹ ਆਪਣੀਆਂ ਗ਼ਲਤੀਆਂ ਬਾਰੇ ਸੋਚ-ਸੋਚ ਕੇ ਆਪਣੇ ਆਪ ਨੂੰ ਪਰੇਸ਼ਾਨ ਤੇ ਦੁਖੀ ਕਰਦੇ ਹਨ। ਕੀ ਚਿੰਤਾ ਕਰਨ ਨਾਲ ਤੁਹਾਡੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ? ਨਹੀਂ। ਜ਼ਰਾ ਕਲਪਨਾ ਕਰੋ ਕਿ ਤੁਸੀਂ ਬਿਨਾਂ ਚੇਨ ਵਾਲੇ ਸਾਈਕਲ ’ਤੇ ਬੈਠ ਕੇ ਘੰਟਿਆਂ-ਬੱਧੀ ਪੈਡਲ ਮਾਰਦੇ ਰਹਿੰਦੇ ਹੋ। ਤੁਸੀਂ ਪੂਰਾ ਜ਼ੋਰ ਲਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹੋ, ਪਰ ਤੁਸੀਂ ਅੱਗੇ ਨਹੀਂ ਵਧ ਸਕਦੇ! ਇਸ ਲਈ ਚਿੰਤਾ ਕਰਨ ਦੀ ਬਜਾਇ ਤੁਹਾਨੂੰ ਕੁਝ ਕਰਨਾ ਚਾਹੀਦਾ ਹੈ ਜਿਸ ਦਾ ਫ਼ਾਇਦਾ ਹੋਵੇ। ਮਿਸਾਲ ਲਈ, ਤੁਸੀਂ ਜਿਸ ਨੂੰ ਨਾਰਾਜ਼ ਕੀਤਾ ਹੈ, ਉਸ ਤੋਂ ਮਾਫ਼ੀ ਮੰਗ ਸਕਦੇ ਹੋ ਤੇ ਆਪਣੇ ਰਿਸ਼ਤੇ ਨੂੰ ਸੁਧਾਰ ਸਕਦੇ ਹੋ। ਸੋਚੋ ਕਿ ਤੁਹਾਡੇ ਤੋਂ ਗ਼ਲਤੀ ਕਿਉਂ ਹੋਈ ਸੀ ਤਾਂਕਿ ਤੁਸੀਂ ਦੁਬਾਰਾ ਇਹ ਗ਼ਲਤੀ ਨਾ ਕਰੋ। ਕਈ ਵਾਰ ਤੁਹਾਨੂੰ ਆਪਣੀ ਗ਼ਲਤੀ ਦੇ ਨਤੀਜੇ ਭੁਗਤਣੇ ਪੈਂਦੇ ਹਨ। ਪਰ ਪੁਰਾਣੀਆਂ ਗ਼ਲਤੀਆਂ ਕਰਕੇ ਚਿੰਤਾ ਕਰਨ ਦਾ ਤੁਹਾਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ ਅਤੇ ਤੁਸੀਂ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਨਹੀਂ ਕਰ ਸਕੋਗੇ।

11. (ੳ) ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੇ ’ਤੇ ਦਇਆ ਅਤੇ ਅਪਾਰ ਕਿਰਪਾ ਕਰੇ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਮਨ ਦੀ ਸ਼ਾਂਤੀ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

11 ਕੁਝ ਲੋਕ ਆਪਣੀਆਂ ਪੁਰਾਣੀਆਂ ਗ਼ਲਤੀਆਂ ਦੇ ਬੋਝ ਹੇਠ ਆਪਣੇ ਆਪ ਨੂੰ ਦਬਾ ਲੈਂਦੇ ਹਨ ਜਿਸ ਕਰਕੇ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੀ ਦਇਆ ਦੇ ਲਾਇਕ ਨਹੀਂ ਸਮਝਦੇ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀਆਂ ਗ਼ਲਤੀਆਂ ਬਹੁਤ ਗੰਭੀਰ ਹਨ ਜਾਂ ਉਨ੍ਹਾਂ ਨੇ ਬਹੁਤ ਗ਼ਲਤੀਆਂ ਕੀਤੀਆਂ ਹਨ। ਪਰ ਹਕੀਕਤ ਇਹ ਹੈ ਕਿ ਭਾਵੇਂ ਉਨ੍ਹਾਂ ਨੇ ਪਹਿਲਾਂ ਜੋ ਮਰਜ਼ੀ ਕੀਤਾ ਹੋਵੇ, ਉਹ ਤੋਬਾ ਕਰ ਕੇ ਆਪਣੇ ਆਪ ਨੂੰ ਬਦਲ ਸਕਦੇ ਹਨ ਅਤੇ ਮਾਫ਼ੀ ਮੰਗ ਸਕਦੇ ਹਨ। (ਰਸੂ. 3:19) ਯਹੋਵਾਹ ਉਨ੍ਹਾਂ ’ਤੇ ਦਇਆ ਅਤੇ ਅਪਾਰ ਕਿਰਪਾ ਕਰੇਗਾ ਜਿਵੇਂ ਉਸ ਨੇ ਹੋਰ ਬਹੁਤ ਸਾਰੇ ਲੋਕਾਂ ਉੱਤੇ ਕੀਤੀ ਹੈ। ਜਿਹੜੇ ਲੋਕ ਨਿਮਰ ਤੇ ਨੇਕਦਿਲ ਹਨ ਅਤੇ ਤੋਬਾ ਕਰਦੇ ਹਨ, ਯਹੋਵਾਹ ਉਨ੍ਹਾਂ ’ਤੇ ਰਹਿਮ ਕਰਦਾ ਹੈ। ਉਸ ਨੇ ਅੱਯੂਬ ’ਤੇ ਦਇਆ ਕੀਤੀ ਸੀ ਜਿਸ ਨੇ ਕਿਹਾ ਸੀ: “ਮੈਂ ਖ਼ਾਕ ਤੇ ਸੁਆਹ ਵਿੱਚ ਪਛਤਾਉਂਦਾ ਹਾਂ!” (ਅੱਯੂ. 42:6) ਸਾਨੂੰ ਮਨ ਦੀ ਸ਼ਾਂਤੀ ਪਾਉਣ ਲਈ ਬਾਈਬਲ ਦੀ ਇਹ ਸਲਾਹ ਮੰਨਣੀ ਚਾਹੀਦੀ ਹੈ: “ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਓਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਮ ਕੀਤਾ ਜਾਵੇਗਾ।” (ਕਹਾ. 28:13; ਯਾਕੂ. 5:14-16) ਸੋ ਅਸੀਂ ਪਰਮੇਸ਼ੁਰ ਸਾਮ੍ਹਣੇ ਆਪਣੇ ਪਾਪ ਕਬੂਲ ਕਰ ਸਕਦੇ ਹਾਂ, ਉਸ ਨੂੰ ਮਾਫ਼ੀ ਲਈ ਬੇਨਤੀ ਕਰ ਸਕਦੇ ਹਾਂ ਅਤੇ ਗ਼ਲਤੀ ਸੁਧਾਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। (2 ਕੁਰਿੰ. 7:10, 11) ਜੇ ਅਸੀਂ ਇਹ ਸਭ ਕੁਝ ਕਰਾਂਗੇ, ਤਾਂ ‘ਅੱਤ ਦਿਆਲੂ ਪਰਮੇਸ਼ੁਰ’ ਜ਼ਰੂਰ ਸਾਨੂੰ ਮਾਫ਼ ਕਰੇਗਾ।—ਯਸਾ. 55:7.

12. (ੳ) ਜਦੋਂ ਤੁਸੀਂ ਆਪਣੀ ਦੋਸ਼ੀ ਜ਼ਮੀਰ ਕਰਕੇ ਪਰੇਸ਼ਾਨ ਰਹਿੰਦੇ ਹੋ, ਤਾਂ ਤੁਹਾਨੂੰ ਦਾਊਦ ਵਾਂਗ ਕੀ ਕਰਨਾ ਚਾਹੀਦਾ ਹੈ? (ਅ) ਯਹੋਵਾਹ ਕਿਸ ਅਰਥ ਵਿਚ ਪਛਤਾਇਆ ਹੈ ਅਤੇ ਇਹ ਗੱਲ ਜਾਣਨ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ? (ਡੱਬੀ ਦੇਖੋ।)

12 ਸਾਨੂੰ ਪ੍ਰਾਰਥਨਾ ਕਰਨ ਦਾ ਵੀ ਬਹੁਤ ਫ਼ਾਇਦਾ ਹੋਵੇਗਾ। ਦਾਊਦ ਨੇ ਨਿਹਚਾ ਨਾਲ ਪ੍ਰਾਰਥਨਾ ਕਰਦੇ ਹੋਏ ਆਪਣੇ ਮਨ ਦੀਆਂ ਗੱਲਾਂ ਯਹੋਵਾਹ ਨੂੰ ਦੱਸੀਆਂ। ਉਸ ਦੀਆਂ ਪ੍ਰਾਰਥਨਾਵਾਂ ਜ਼ਬੂਰਾਂ ਦੀ ਪੋਥੀ ਵਿਚ ਦਰਜ ਹਨ। (ਜ਼ਬੂਰਾਂ ਦੀ ਪੋਥੀ 32:1-5 ਪੜ੍ਹੋ।) ਦਾਊਦ ਨੇ ਮੰਨਿਆ ਸੀ ਕਿ ਆਪਣੀ ਦੋਸ਼ੀ ਜ਼ਮੀਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦਾ ਉਸ ਨੂੰ ਬਹੁਤ ਨੁਕਸਾਨ ਹੋਇਆ। ਉਸ ਦਾ ਮਨ ਬਹੁਤ ਪਰੇਸ਼ਾਨ ਰਿਹਾ ਤੇ ਉਸ ਦੀ ਸਿਹਤ ’ਤੇ ਵੀ ਮਾੜਾ ਅਸਰ ਪਿਆ। ਆਪਣੀਆਂ ਗ਼ਲਤੀਆਂ ਕਬੂਲ ਨਾ ਕਰਨ ਕਰਕੇ ਉਹ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਨਹੀਂ ਕਰ ਸਕਿਆ। ਦਾਊਦ ਨੂੰ ਰਾਹਤ ਅਤੇ ਮਾਫ਼ੀ ਕਿੱਦਾਂ ਮਿਲੀ? ਪਰਮੇਸ਼ੁਰ ਸਾਮ੍ਹਣੇ ਆਪਣੀਆਂ ਗ਼ਲਤੀਆਂ ਕਬੂਲ ਕਰਨ ਨਾਲ। ਯਹੋਵਾਹ ਨੇ ਦਾਊਦ ਦੀਆਂ ਪ੍ਰਾਰਥਨਾਵਾਂ ਸੁਣੀਆਂ ਅਤੇ ਉਸ ਨੂੰ ਮਨ ਦੀ ਸ਼ਾਂਤੀ ਤੇ ਸਹੀ ਕੰਮ ਕਰਨ ਦੀ ਤਾਕਤ ਬਖ਼ਸ਼ੀ। ਇਸੇ ਤਰ੍ਹਾਂ ਜੇ ਤੁਸੀਂ ਦਿਲੋਂ ਪ੍ਰਾਰਥਨਾ ਕਰਦੇ ਹੋ, ਤਾਂ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੀਆਂ ਬੇਨਤੀਆਂ ਸੁਣੇਗਾ। ਜੇ ਤੁਸੀਂ ਆਪਣੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਪਰੇਸ਼ਾਨ ਰਹਿੰਦੇ ਹੋ, ਤਾਂ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਫਿਰ ਯਹੋਵਾਹ ਦੀ ਇਸ ਗੱਲ ’ਤੇ ਭਰੋਸਾ ਰੱਖੋ ਕਿ ਉਸ ਨੇ ਤੁਹਾਨੂੰ ਮਾਫ਼ ਕਰ ਦਿੱਤਾ ਹੈ।—ਜ਼ਬੂ. 86:5.

ਚੰਗੇ ਭਵਿੱਖ ’ਤੇ ਨਜ਼ਰ ਟਿਕਾਈ ਰੱਖੋ

13, 14. (ੳ) ਸਾਡਾ ਧਿਆਨ ਹੁਣ ਕਿਸ ਚੀਜ਼ ’ਤੇ ਹੋਣਾ ਚਾਹੀਦਾ ਹੈ? (ਅ) ਸਾਨੂੰ ਕਿਹੜੇ ਸਵਾਲਾਂ ਦੀ ਮਦਦ ਨਾਲ ਆਪਣੀ ਜਾਂਚ ਕਰਨੀ ਚਾਹੀਦੀ ਹੈ?

13 ਇਹ ਸੱਚ ਹੈ ਕਿ ਅਸੀਂ ਆਪਣੀਆਂ ਪੁਰਾਣੀਆਂ ਗ਼ਲਤੀਆਂ ਤੋਂ ਸਬਕ ਸਿੱਖ ਸਕਦੇ ਹਾਂ, ਪਰ ਸਾਨੂੰ ਇਨ੍ਹਾਂ ਦੀ ਚਿੰਤਾ ਕਰਦੇ ਰਹਿਣ ਦੀ ਲੋੜ ਨਹੀਂ ਹੈ। ਸਾਨੂੰ ਹੁਣ ਦੇ ਸਮੇਂ ਬਾਰੇ ਅਤੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ। ਸਾਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ: ‘ਮੈਂ ਹੁਣ ਜੋ ਕਰ ਰਿਹਾ ਹਾਂ, ਕੀ ਉਸ ਕਰਕੇ ਮੈਨੂੰ ਕੁਝ ਸਾਲਾਂ ਬਾਅਦ ਪਛਤਾਉਣਾ ਤਾਂ ਨਹੀਂ ਪਵੇਗਾ? ਕੀ ਮੈਂ ਇਹ ਸੋਚਾਂਗਾ ਕਿ ਕਾਸ਼ ਮੈਂ ਇੱਦਾਂ ਨਾ ਕੀਤਾ ਹੁੰਦਾ? ਕੀ ਮੈਂ ਹੁਣ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰ ਰਿਹਾ ਹਾਂ ਤਾਂਕਿ ਮੈਨੂੰ ਭਵਿੱਖ ਵਿਚ ਇਸ ਗੱਲ ’ਤੇ ਪਛਤਾਉਣਾ ਨਾ ਪਵੇ?’

14 ਮਹਾਂਕਸ਼ਟ ਤੇਜ਼ੀ ਨਾਲ ਆ ਰਿਹਾ ਹੈ। ਕੀ ਤੁਹਾਨੂੰ ਉਸ ਵੇਲੇ ਇਨ੍ਹਾਂ ਗੱਲਾਂ ਦਾ ਪਛਤਾਵਾ ਤਾਂ ਨਹੀਂ ਹੋਵੇਗਾ: ‘ਕਾਸ਼! ਮੈਂ ਯਹੋਵਾਹ ਦੀ ਸੇਵਾ ਹੋਰ ਚੰਗੀ ਤਰ੍ਹਾਂ ਕੀਤੀ ਹੁੰਦੀ। ਜਦੋਂ ਮੇਰੇ ਕੋਲ ਮੌਕਾ ਸੀ, ਉਦੋਂ ਮੈਂ ਪਾਇਨੀਅਰਿੰਗ ਕਿਉਂ ਨਾ ਕੀਤੀ? ਮੈਂ ਸਹਾਇਕ ਸੇਵਕ ਦੇ ਤੌਰ ਤੇ ਸੇਵਾ ਕਰਨ ਦੇ ਯੋਗ ਬਣਨ ਦੀ ਕੋਸ਼ਿਸ਼ ਕਿਉਂ ਨਾ ਕੀਤੀ? ਮੈਂ ਨਵਾਂ ਸੁਭਾਅ ਪੈਦਾ ਕਰਨ ਦੀ ਹੋਰ ਕੋਸ਼ਿਸ਼ ਕਿਉਂ ਨਾ ਕੀਤੀ? ਕੀ ਯਹੋਵਾਹ ਮੇਰੇ ਵਰਗੇ ਇਨਸਾਨ ਨੂੰ ਨਵੀਂ ਦੁਨੀਆਂ ਵਿਚ ਲੈ ਜਾਣਾ ਚਾਹੁੰਦਾ ਹੈ?’ ਇਨ੍ਹਾਂ ਸਵਾਲਾਂ ਕਰਕੇ ਪਰੇਸ਼ਾਨ ਹੋਣ ਦੀ ਬਜਾਇ ਸਾਨੂੰ ਇਨ੍ਹਾਂ ਦੀ ਮਦਦ ਨਾਲ ਆਪਣੀ ਜਾਂਚ ਕਰ ਕੇ ਦੇਖਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਚੰਗੇ ਤਰੀਕੇ ਨਾਲ ਕਰ ਰਹੇ ਹਾਂ ਜਾਂ ਨਹੀਂ। ਨਹੀਂ ਤਾਂ ਅਸੀਂ ਅਜਿਹੇ ਕੰਮਾਂ ਵਿਚ ਪੈ ਸਕਦੇ ਹਾਂ ਜਿਨ੍ਹਾਂ ਕਰਕੇ ਸਾਨੂੰ ਬਾਅਦ ਵਿਚ ਪਛਤਾਉਣਾ ਪਵੇ।—2 ਤਿਮੋ. 2:15.

ਕੀ ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਦਾ ਪਛਤਾਵਾ ਹੈ?

15, 16. (ੳ) ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਯਹੋਵਾਹ ਦੀ ਸੇਵਾ ਜ਼ਿਆਦਾ ਕਰਨ ਲਈ ਕਿਹੜੀਆਂ ਕੁਰਬਾਨੀਆਂ ਕੀਤੀਆਂ ਹਨ? (ਅ) ਅਸੀਂ ਰਾਜ ਦੇ ਕੰਮਾਂ ਲਈ ਜੋ ਕੁਰਬਾਨੀਆਂ ਕੀਤੀਆਂ ਹਨ, ਉਨ੍ਹਾਂ ਕਰਕੇ ਸਾਨੂੰ ਕਿਉਂ ਨਹੀਂ ਪਛਤਾਉਣਾ ਚਾਹੀਦਾ?

15 ਤੁਹਾਡੇ ਵਿੱਚੋਂ ਕਈ ਭੈਣ-ਭਰਾ ਯਹੋਵਾਹ ਦੀ ਸੇਵਾ ਪੂਰਾ ਸਮਾਂ ਕਰਦੇ ਹਨ। ਸ਼ਾਇਦ ਤੁਸੀਂ ਸਾਦੀ ਜ਼ਿੰਦਗੀ ਜੀਉਣ ਅਤੇ ਰਾਜ ਦੇ ਕੰਮਾਂ ਵਿਚ ਜ਼ਿਆਦਾ ਹਿੱਸਾ ਲੈਣ ਲਈ ਚੰਗੀ ਨੌਕਰੀ ਛੱਡੀ ਹੋਵੇ ਜਾਂ ਚੰਗਾ ਬਿਜ਼ਨਿਸ ਛੱਡਿਆ ਹੋਵੇ। ਜਾਂ ਸ਼ਾਇਦ ਤੁਸੀਂ ਵਿਆਹ ਨਹੀਂ ਕਰਾਇਆ। ਜਾਂ ਤੁਸੀਂ ਵਿਆਹ ਤਾਂ ਕਰਾਇਆ, ਪਰ ਬੱਚੇ ਪੈਦਾ ਨਹੀਂ ਕੀਤੇ। ਇਹ ਫ਼ੈਸਲਾ ਤੁਸੀਂ ਇਸ ਲਈ ਕੀਤਾ ਤਾਂਕਿ ਤੁਸੀਂ ਬੈਥਲ ਵਿਚ ਸੇਵਾ ਕਰ ਸਕੋ ਜਾਂ ਹੋਰ ਦੇਸ਼ਾਂ ਵਿਚ ਜਾ ਕੇ ਉਸਾਰੀ ਦਾ ਕੰਮ ਕਰ ਸਕੋ ਜਾਂ ਸਰਕਟ ਓਵਰਸੀਅਰ ਜਾਂ ਮਿਸ਼ਨਰੀ ਵਜੋਂ ਸੇਵਾ ਕਰ ਸਕੋ। ਉਮਰ ਵਧਣ ਕਰਕੇ ਕੀ ਤੁਹਾਨੂੰ ਹੁਣ ਆਪਣੇ ਇਨ੍ਹਾਂ ਫ਼ੈਸਲਿਆਂ ’ਤੇ ਪਛਤਾਵਾ ਹੋਣਾ ਚਾਹੀਦਾ ਹੈ? ਕੀ ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਤੁਸੀਂ ਜੋ ਕੁਰਬਾਨੀਆਂ ਕੀਤੀਆਂ, ਉਨ੍ਹਾਂ ਦੀ ਕੋਈ ਲੋੜ ਨਹੀਂ ਸੀ ਜਾਂ ਤੁਸੀਂ ਕਾਹਲੀ ਵਿਚ ਇਹ ਕੁਰਬਾਨੀਆਂ ਕੀਤੀਆਂ? ਤੁਹਾਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ।

16 ਯਾਦ ਰੱਖੋ ਕਿ ਤੁਸੀਂ ਇਹ ਫ਼ੈਸਲੇ ਇਸ ਕਰਕੇ ਕੀਤੇ ਸਨ ਕਿਉਂਕਿ ਤੁਸੀਂ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹੋ ਅਤੇ ਤੁਸੀਂ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹੋ ਜਿਹੜੇ ਉਸ ਦੀ ਭਗਤੀ ਕਰਨੀ ਚਾਹੁੰਦੇ ਹਨ। ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜੇ ਤੁਸੀਂ ਜ਼ਿੰਦਗੀ ਵਿਚ ਕੁਝ ਹੋਰ ਕੀਤਾ ਹੁੰਦਾ, ਤਾਂ ਤੁਸੀਂ ਜ਼ਿਆਦਾ ਸੁਖੀ ਹੁੰਦੇ। ਤੁਹਾਨੂੰ ਇਸ ਗੱਲ ਤੋਂ ਖ਼ੁਸ਼ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਹਾਲਾਤਾਂ ਮੁਤਾਬਕ ਯਹੋਵਾਹ ਦੀ ਸੇਵਾ ਵਧੀਆ ਤਰੀਕੇ ਨਾਲ ਕੀਤੀ। ਯਹੋਵਾਹ ਤੁਹਾਡੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲੇਗਾ। ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਮਿਲਣ ਤੋਂ ਬਾਅਦ ਤੁਹਾਨੂੰ ਉਹ ਹੋਰ ਬਹੁਤ ਸਾਰੀਆਂ ਬਰਕਤਾਂ ਦੇਵੇਗਾ ਜਿਨ੍ਹਾਂ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ।—ਜ਼ਬੂ. 145:16; 1 ਤਿਮੋ. 6:19.

ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰੋ

17, 18. (ੳ) ਪੌਲੁਸ ਆਪਣੀ ਜ਼ਿੰਦਗੀ ਵਿਚ ਕਿਹੜੇ ਅਸੂਲ ’ਤੇ ਚੱਲਿਆ ਜਿਸ ਕਰਕੇ ਉਹ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰ ਸਕਿਆ? (ਅ) ਤੁਸੀਂ ਪੌਲੁਸ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹੋ?

17 ਪੌਲੁਸ ਆਪਣੀ ਜ਼ਿੰਦਗੀ ਵਿਚ ਕਿਹੜੇ ਅਸੂਲ ’ਤੇ ਚੱਲਿਆ ਜਿਸ ਕਰਕੇ ਉਹ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰ ਸਕਿਆ? ਪੌਲੁਸ ਨੇ ਲਿਖਿਆ ਸੀ: “ਮੈਂ ਪਿੱਛੇ ਛੱਡੀਆਂ ਗੱਲਾਂ ਨੂੰ ਭੁੱਲ ਕੇ ਉਨ੍ਹਾਂ ਗੱਲਾਂ ਵੱਲ ਵਧ ਰਿਹਾ ਹਾਂ ਜਿਹੜੀਆਂ ਮੇਰੇ ਅੱਗੇ ਹਨ।” (ਫ਼ਿਲਿੱਪੀਆਂ 3:13, 14 ਪੜ੍ਹੋ।) ਪੌਲੁਸ ਨੇ ਯਹੂਦੀ ਧਰਮ ਵਿਚ ਹੁੰਦੇ ਹੋਏ ਜੋ ਗ਼ਲਤੀਆਂ ਕੀਤੀਆਂ ਸਨ, ਉਨ੍ਹਾਂ ਬਾਰੇ ਉਹ ਸੋਚਦਾ ਨਹੀਂ ਰਿਹਾ। ਇਸ ਦੀ ਬਜਾਇ, ਉਸ ਨੇ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਪਾਉਣ ਦੇ ਯੋਗ ਬਣਨ ਲਈ ਮਿਹਨਤ ਕੀਤੀ।

18 ਅਸੀਂ ਵੀ ਸਾਰੇ ਪੌਲੁਸ ਦੇ ਇਸ ਅਸੂਲ ਉੱਤੇ ਚੱਲ ਸਕਦੇ ਹਾਂ। ਸਾਡੀ ਬੀਤੀ ਜ਼ਿੰਦਗੀ ਵਿਚ ਜੋ ਹੋਇਆ ਸੀ, ਅਸੀਂ ਉਸ ਨੂੰ ਬਦਲ ਨਹੀਂ ਸਕਦੇ। ਇਸ ਲਈ ਆਪਣੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਪਰੇਸ਼ਾਨ ਹੋਣ ਦੀ ਬਜਾਇ ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਇਹ ਸੱਚ ਹੈ ਕਿ ਅਸੀਂ ਆਪਣੀ ਬੀਤੀ ਜ਼ਿੰਦਗੀ ਨੂੰ ਭੁੱਲ ਨਹੀਂ ਸਕਦੇ, ਪਰ ਸਾਨੂੰ ਉਸ ਕਰਕੇ ਆਪਣੇ ਆਪ ਨੂੰ ਲਾਹਨਤਾਂ ਪਾਉਣ ਦੀ ਲੋੜ ਨਹੀਂ ਹੈ। ਅਸੀਂ ਬੀਤੀ ਜ਼ਿੰਦਗੀ ਨੂੰ ਪਿੱਛੇ ਛੱਡ ਕੇ ਹੁਣ ਯਹੋਵਾਹ ਦੀ ਸੇਵਾ ਕਰਨ ਵੱਲ ਪੂਰਾ ਧਿਆਨ ਲਾ ਸਕਦੇ ਹਾਂ ਅਤੇ ਚੰਗੇ ਭਵਿੱਖ ਉੱਤੇ ਆਪਣੀ ਨਜ਼ਰ ਟਿਕਾਈ ਰੱਖ ਸਕਦੇ ਹਾਂ!

^ ਪੇਰਗ੍ਰੈਫ 4 ਬਾਈਬਲ ਵਿਚ ਦੱਸਿਆ ਹੈ ਕਿ ਸੌਲੁਸ ਨੇ ਤੀਵੀਆਂ ਉੱਤੇ ਵੀ ਅਤਿਆਚਾਰ ਕੀਤੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਅੱਜ ਵਾਂਗ ਪਹਿਲੀ ਸਦੀ ਵਿਚ ਵੀ ਤੀਵੀਆਂ ਨੇ ਮਸੀਹੀ ਧਰਮ ਦਾ ਪ੍ਰਚਾਰ ਕਰਨ ਵਿਚ ਵੱਡਾ ਯੋਗਦਾਨ ਪਾਇਆ ਸੀ।—ਯੋਏ. 2:28, 29.