ਕਦੇ ਉਮੀਦ ਨਾ ਛੱਡੋ!
ਕੀ ਤੁਸੀਂ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹੋ ਤੇ ਚਾਹੁੰਦੇ ਹੋ ਕਿ ਤੁਹਾਡਾ ਜੀਵਨ ਸਾਥੀ ਵੀ ਯਹੋਵਾਹ ਦੀ ਭਗਤੀ ਕਰਨ ਲੱਗ ਪਵੇ?
ਜਾਂ ਕੀ ਤੁਸੀਂ ਉਦੋਂ ਨਿਰਾਸ਼ ਹੋਏ ਸੀ ਜਦੋਂ ਤੁਹਾਡੀ ਬਾਈਬਲ ਸਟੱਡੀ ਨੇ ਪਹਿਲਾਂ ਸੱਚਾਈ ਵਿਚ ਦਿਲਚਸਪੀ ਤਾਂ ਲਈ, ਪਰ ਬਾਅਦ ਵਿਚ ਸਟੱਡੀ ਕਰਨੀ ਛੱਡ ਦਿੱਤੀ?
ਯਹੋਵਾਹ ਦੀ ਸੇਵਾ ਕਰਦੇ ਰਹੋ
ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਦੇ ਯਹੋਵਾਹ ਦੀ ਸੇਵਾ ਕਰਨੀ ਨਾ ਛੱਡੋ। ਤੁਹਾਨੂੰ ਸੱਚਾਈ ਦੇ ਰਾਹ ’ਤੇ ਚੱਲਦੇ ਰਹਿਣ ਦੀ ਲੋੜ ਹੈ। (ਬਿਵ. 10:20) ਜੋਰਜੀਨਾ ਨੇ ਇਸੇ ਤਰ੍ਹਾਂ ਕੀਤਾ ਸੀ। ਜਦੋਂ 1970 ਵਿਚ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਉਸ ਦਾ ਪਤੀ ਕੀਰੀਆਕੋਸ ਬਹੁਤ ਗੁੱਸੇ ਹੋਇਆ। ਉਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਯਹੋਵਾਹ ਦੇ ਗਵਾਹਾਂ ਨੂੰ ਆਪਣੇ ਘਰ ਆਉਣ ਤੋਂ ਮਨ੍ਹਾ ਕੀਤਾ ਤੇ ਘਰ ਵਿਚ ਗਵਾਹਾਂ ਦੇ ਜਿਹੜੇ ਵੀ ਪ੍ਰਕਾਸ਼ਨ ਉਸ ਨੂੰ ਮਿਲਦੇ ਸਨ, ਉਨ੍ਹਾਂ ਨੂੰ ਸੁੱਟ ਦਿੰਦਾ ਸੀ।
ਜਦੋਂ ਜੋਰਜੀਨਾ ਨੇ ਮੀਟਿੰਗਾਂ ਵਿਚ ਜਾਣਾ ਸ਼ੁਰੂ ਕੀਤਾ, ਤਾਂ ਕੀਰੀਆਕੋਸ ਨੂੰ ਹੋਰ ਵੀ ਜ਼ਿਆਦਾ ਗੁੱਸਾ ਚੜ੍ਹਿਆ। ਇਕ ਦਿਨ ਉਹ ਲੜਨ ਲਈ ਕਿੰਗਡਮ ਹਾਲ ਗਿਆ। ਇਕ ਭੈਣ ਨੇ ਦੇਖਿਆ ਕਿ ਕੀਰੀਆਕੋਸ ਲਈ ਅੰਗ੍ਰੇਜ਼ੀ ਨਾਲੋਂ ਯੂਨਾਨੀ ਭਾਸ਼ਾ ਬੋਲਣੀ ਆਸਾਨ ਹੈ। ਇਸ ਲਈ ਉਸ ਨੇ ਫ਼ੋਨ ਕਰ ਕੇ ਕਿਸੇ ਹੋਰ ਮੰਡਲੀ ਦੇ ਇਕ ਭਰਾ ਨੂੰ ਆਉਣ ਲਈ ਕਿਹਾ ਜੋ ਯੂਨਾਨੀ ਬੋਲ ਸਕਦਾ ਸੀ। ਉਸ ਭਰਾ ਨੇ ਕੀਰੀਆਕੋਸ ਨਾਲ ਵਧੀਆ ਢੰਗ ਨਾਲ ਗੱਲ ਕੀਤੀ ਜਿਸ ਦਾ ਉਸ ’ਤੇ ਚੰਗਾ ਅਸਰ ਪਿਆ। ਉਸ ਨੇ ਕੁਝ ਮਹੀਨਿਆਂ ਲਈ ਉਸ ਭਰਾ ਨਾਲ ਬਾਈਬਲ ਸਟੱਡੀ ਵੀ ਕੀਤੀ। ਪਰ ਫਿਰ ਉਸ ਨੇ ਸਟੱਡੀ ਕਰਨੀ ਬੰਦ ਕਰ ਦਿੱਤੀ।
ਜੋਰਜੀਨਾ ਨੂੰ ਹੋਰ ਤਿੰਨ ਸਾਲ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਿਆ। ਕੀਰੀਆਕੋਸ ਨੇ ਉਸ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਬਪਤਿਸਮਾ ਲਿਆ, ਤਾਂ ਉਹ ਉਸ ਨੂੰ ਛੱਡ ਦੇਵੇਗਾ। ਆਪਣੇ ਬਪਤਿਸਮੇ ਵਾਲੇ ਦਿਨ ਜੋਰਜੀਨਾ ਨੇ ਯਹੋਵਾਹ ਨੂੰ ਤਰਲੇ ਕੀਤੇ ਕਿ ਉਸ ਦਾ ਪਤੀ ਉਸ ਨੂੰ ਨਾ ਛੱਡੇ। ਜਦੋਂ ਗਵਾਹ ਉਸ ਨੂੰ ਅਸੈਂਬਲੀ ਤੇ ਲਿਜਾਣ ਲਈ ਘਰ ਆਏ, ਤਾਂ ਕੀਰੀਆਕੋਸ ਨੇ ਕਿਹਾ: “ਤੁਸੀਂ ਅੱਗੇ-ਅੱਗੇ ਚੱਲੋ, ਅਸੀਂ ਤੁਹਾਡੇ ਪਿੱਛੇ-ਪਿੱਛੇ ਆਪਣੀ ਕਾਰ ਵਿਚ ਆਉਂਦੇ ਹਾਂ।” ਉਸ ਨੇ ਸਵੇਰ ਦਾ ਪ੍ਰੋਗਰਾਮ ਸੁਣਿਆ ਤੇ ਆਪਣੀ ਪਤਨੀ ਨੂੰ ਬਪਤਿਸਮਾ ਲੈਂਦੇ ਵੀ ਦੇਖਿਆ।
ਇਸ ਤੋਂ ਬਾਅਦ ਕੀਰੀਆਕੋਸ ਨੇ ਵਿਰੋਧ ਕਰਨਾ ਘੱਟ ਕਰ ਦਿੱਤਾ ਤੇ ਹੌਲੀ-ਹੌਲੀ ਉਸ ਨੇ ਆਪਣੇ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ। ਗਵਾਹਾਂ ਨੂੰ ਪਹਿਲੀ ਵਾਰ ਮਿਲਣ ਤੋਂ ਲਗਭਗ 40 ਸਾਲ ਬਾਅਦ ਜੋਰਜੀਨਾ ਨੇ ਆਪਣੇ ਪਤੀ ਨੂੰ ਬਪਤਿਸਮਾ ਲੈਂਦੇ ਦੇਖਿਆ। ਕਿਸ ਗੱਲ ਨੇ ਕੀਰੀਆਕੋਸ ਦੀ ਮਦਦ ਕੀਤੀ? ਉਹ ਦੱਸਦਾ ਹੈ: “ਮੈਂ ਬਹੁਤ ਖ਼ੁਸ਼ ਹਾਂ ਕਿ ਜੋਰਜੀਨਾ ਨੇ ਕਿਸੇ ਕਾਰਨ ਯਹੋਵਾਹ ਦੀ ਭਗਤੀ ਕਰਨੀ ਨਹੀਂ ਛੱਡੀ।” ਜੋਰਜੀਨਾ ਦੱਸਦੀ ਹੈ: “ਆਪਣੇ ਪਤੀ ਦੀ ਵਿਰੋਧਤਾ ਦੇ ਬਾਵਜੂਦ ਮੈਂ ਪਰਮੇਸ਼ੁਰ ਦੀ ਸੇਵਾ ਕਰਨ ਦਾ ਪੱਕਾ ਇਰਾਦਾ ਕੀਤਾ ਸੀ। ਇਸ ਸਮੇਂ ਦੌਰਾਨ ਮੈਂ ਯਹੋਵਾਹ ਨੂੰ ਲਗਾਤਾਰ ਪ੍ਰਾਰਥਨਾ ਕਰਦੀ ਰਹੀ ਤੇ ਉਮੀਦ ਦਾ ਪੱਲਾ ਕਦੇ ਨਹੀਂ ਛੱਡਿਆ।”
ਨਵੇਂ ਸੁਭਾਅ ਦੀ ਅਹਿਮੀਅਤ
ਆਪਣੇ ਸਾਥੀ ਦੀ ਮਦਦ ਕਰਨ ਲਈ ਆਪਣੇ ਵਿਚ ਮਸੀਹੀ ਸੁਭਾਅ ਪੈਦਾ ਕਰਨਾ ਵੀ ਜ਼ਰੂਰੀ ਹੈ। ਪਤਰਸ ਰਸੂਲ ਨੇ ਮਸੀਹੀ ਪਤਨੀਆਂ ਨੂੰ ਸਲਾਹ ਦਿੱਤੀ: “ਆਪਣੇ ਪਤੀਆਂ ਦੇ ਅਧੀਨ ਰਹੋ, ਤਾਂਕਿ ਜੇ ਤੁਹਾਡੇ ਵਿੱਚੋਂ ਕਿਸੇ ਦਾ ਪਤੀ ਪਰਮੇਸ਼ੁਰ ਦੇ ਬਚਨ ਨੂੰ ਨਾ ਮੰਨਦਾ ਹੋਵੇ, ਤਾਂ ਪਤਨੀ ਦੇ ਕੁਝ ਕਹੇ ਬਿਨਾਂ ਪਤੀ ਸ਼ਾਇਦ ਉਸ ਦੇ ਚਾਲ-ਚਲਣ ਨੂੰ ਦੇਖ ਕੇ ਨਿਹਚਾ ਕਰਨ ਲੱਗ ਪਵੇ।” (1 ਪਤ. 3:1) ਕ੍ਰਿਸਟੀਨ ਨੇ ਇਹ ਸਲਾਹ ਮੰਨੀ, ਭਾਵੇਂ ਉਸ ਦੇ ਪਤੀ ਜੌਨ ਨੇ ਕਈ ਸਾਲਾਂ ਬਾਅਦ ਸੱਚਾਈ ਨੂੰ ਸਵੀਕਾਰ ਕੀਤਾ। ਵੀਹ ਤੋਂ ਜ਼ਿਆਦਾ ਸਾਲ ਪਹਿਲਾਂ ਜਦੋਂ ਉਹ ਗਵਾਹ ਬਣੀ ਸੀ, ਤਾਂ ਉਸ ਦਾ ਪਤੀ ਰੱਬ ’ਤੇ ਵਿਸ਼ਵਾਸ ਨਹੀਂ ਕਰਦਾ ਸੀ। ਜੌਨ ਕਿਸੇ ਵੀ ਧਰਮ ਨਾਲ ਜੁੜਨਾ ਨਹੀਂ ਚਾਹੁੰਦਾ ਸੀ, ਪਰ ਉਹ ਜਾਣਦਾ ਸੀ ਕਿ ਕ੍ਰਿਸਟੀਨ ਲਈ ਆਪਣੇ ਧਰਮ ਨੂੰ ਮੰਨਣਾ ਕਿੰਨਾ ਅਹਿਮ ਹੈ। ਉਹ ਕਹਿੰਦਾ ਹੈ: “ਮੈਨੂੰ ਪਤਾ ਸੀ ਕਿ ਉਹ ਆਪਣੇ ਧਰਮ ਕਰਕੇ ਖ਼ੁਸ਼ ਸੀ। ਇਸ ਧਰਮ ਨੂੰ ਮੰਨਣ ਕਰਕੇ ਉਸ ਦੇ ਸੁਭਾਅ ਵਿਚ ਤਬਦੀਲੀ ਆਈ। ਉਹ ਮਜ਼ਬੂਤ ਇਰਾਦੇ ਵਾਲੀ ਬਣ ਗਈ ਤੇ ਉਸ ਨੇ ਔਖੇ ਸਮਿਆਂ ਵਿਚ ਮੇਰਾ ਪੂਰਾ-ਪੂਰਾ ਸਾਥ ਦਿੱਤਾ।”
ਕ੍ਰਿਸਟੀਨ ਨੇ ਆਪਣੇ ਪਤੀ ਨੂੰ ਆਪਣਾ ਧਰਮ ਮੰਨਣ ਲਈ ਕਦੇ ਮਜਬੂਰ ਨਹੀਂ ਕੀਤਾ ਸੀ। ਉਹ ਦੱਸਦਾ ਹੈ: “ਕ੍ਰਿਸਟੀਨ ਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਮੈਂ ਉਸ ਦੇ ਧਰਮ ਬਾਰੇ ਕੋਈ ਗੱਲ ਨਹੀਂ ਸੁਣਾਂਗਾ। ਪਰ ਉਸ ਨੇ ਧੀਰਜ ਰੱਖਿਆ ਤੇ ਮੈਨੂੰ ਸਹਿਜ-ਮਤੇ ਨਾਲ ਸੱਚਾਈ ਬਾਰੇ ਸਿੱਖਣ ਦਿੱਤਾ।” ਜੌਨ ਨੂੰ ਸਾਇੰਸ ਤੇ ਕੁਦਰਤ ਬਾਰੇ ਪੜ੍ਹਨਾ ਚੰਗਾ ਲੱਗਦਾ ਹੈ। ਇਸ ਲਈ ਜਦੋਂ ਕ੍ਰਿਸਟੀਨ ਪਹਿਰਾਬੁਰਜ ਤੇ ਜਾਗਰੂਕ ਬਣੋ! ਵਿਚ ਇਨ੍ਹਾਂ ਬਾਰੇ ਲੇਖ ਦੇਖਦੀ ਸੀ, ਤਾਂ ਉਹ ਜੌਨ ਨੂੰ ਕਹਿੰਦੀ ਸੀ: “ਮੇਰੇ ਖ਼ਿਆਲ ਨਾਲ ਤੁਹਾਨੂੰ ਇਹ ਲੇਖ ਚੰਗਾ ਲੱਗੇਗਾ।”
ਰੀਟਾਇਰ ਹੋਣ ਤੋਂ ਬਾਅਦ ਜੌਨ ਨੇ ਮਾਲੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਜ਼ਿਆਦਾ ਸਮਾਂ ਹੋਣ ਕਰਕੇ ਉਹ ਜ਼ਿੰਦਗੀ ਨਾਲ ਜੁੜੇ ਇਨ੍ਹਾਂ ਸਵਾਲਾਂ ਬਾਰੇ ਸੋਚਣ ਲੱਗ ਪਿਆ: ‘ਇਨਸਾਨ ਕਿੱਥੋਂ ਆਇਆ ਹੈ? ਕੀ ਇਹ ਆਪਣੇ ਆਪ ਬਣਿਆ ਹੈ ਜਾਂ ਇਸ ਨੂੰ ਕਿਸੇ ਮਕਸਦ ਨਾਲ ਬਣਾਇਆ ਗਿਆ ਹੈ?’ ਇਕ ਦਿਨ ਉਹ ਇਕ ਭਰਾ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਭਰਾ ਨੇ ਜੌਨ ਨੂੰ ਪੁੱਛਿਆ: “ਬਾਈਬਲ ਸਟੱਡੀ ਬਾਰੇ ਤੇਰਾ ਕੀ ਖ਼ਿਆਲ ਹੈ?” ਜੌਨ ਕਹਿੰਦਾ ਹੈ: “ਹੁਣ ਮੈਂ ਰੱਬ ’ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਲਈ ਮੈਂ ਸਟੱਡੀ ਕਰਨ ਲਈ ਮੰਨ ਗਿਆ।”
ਕਿੰਨੀ ਵਧੀਆ ਗੱਲ ਹੈ ਕਿ ਕ੍ਰਿਸਟੀਨ ਨੇ ਕਦੇ ਉਮੀਦ ਨਹੀਂ ਛੱਡੀ। ਉਸ ਨੇ 20 ਸਾਲ ਪ੍ਰਾਰਥਨਾ ਕੀਤੀ ਕਿ ਜੌਨ ਸੱਚਾਈ ਸਵੀਕਾਰ ਕਰ ਲਵੇ। ਅਖ਼ੀਰ ਉਸ ਨੇ ਸੱਚਾਈ ਸਵੀਕਾਰ ਕਰ ਕੇ ਬਪਤਿਸਮਾ ਲੈ ਲਿਆ। ਹੁਣ ਉਹ ਦੋਵੇਂ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਜੌਨ ਦੱਸਦਾ ਹੈ: “ਖ਼ਾਸ ਕਰਕੇ ਦੋ ਗੱਲਾਂ ਨੇ ਮੇਰੀ ਮਦਦ ਕੀਤੀ। ਪਹਿਲੀ ਗੱਲ, ਗਵਾਹਾਂ ਦਾ ਪਿਆਰ ਤੇ ਦੋਸਤੀ। ਦੂਜੀ ਗੱਲ, ਮੇਰੀ ਪਤਨੀ ਦਾ ਸੁਭਾਅ। ਯਹੋਵਾਹ ਦੀ ਗਵਾਹ ਹੋਣ ਕਰਕੇ ਉਹ ਵਫ਼ਾਦਾਰ ਤੇ ਭਰੋਸੇਯੋਗ ਹੈ ਤੇ ਦੂਜਿਆਂ ਬਾਰੇ ਸੋਚਦੀ ਹੈ।” ਜੀ ਹਾਂ, ਕ੍ਰਿਸਟੀਨ ਨੇ 1 ਪਤਰਸ ਦੇ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕੀਤਾ ਜਿਸ ਦਾ ਉਸ ਨੂੰ ਫ਼ਾਇਦਾ ਹੋਇਆ। 3:1
ਕਈ ਸਾਲਾਂ ਬਾਅਦ ਮਿਹਨਤ ਦਾ ਫਲ
ਉਨ੍ਹਾਂ ਲੋਕਾਂ ਬਾਰੇ ਕੀ ਜੋ ਕਿਸੇ ਕਾਰਨ ਬਾਈਬਲ ਸਟੱਡੀ ਕਰਨੀ ਛੱਡ ਦਿੰਦੇ ਹਨ? ਸੁਲੇਮਾਨ ਨੇ ਲਿਖਿਆ: “ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ, ਏਹ ਯਾ ਉਹ, ਯਾ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ।” (ਉਪ. 11:6) ਕਈ ਵਾਰ ਸੱਚਾਈ ਦੇ ਬੀ ਨੂੰ ਕਿਸੇ ਵਿਅਕਤੀ ਦੇ ਦਿਲ ਵਿਚ ਜੜ੍ਹ ਫੜਨ ਨੂੰ ਕਈ ਸਾਲ ਲੱਗਦੇ ਹਨ। ਅਖ਼ੀਰ ਉਸ ਵਿਅਕਤੀ ਨੂੰ ਅਹਿਸਾਸ ਹੋ ਸਕਦਾ ਹੈ ਕਿ ਪਰਮੇਸ਼ੁਰ ਦੇ ਨੇੜੇ ਜਾਣਾ ਕਿੰਨਾ ਜ਼ਰੂਰੀ ਹੈ। (ਯਾਕੂ. 4:8) ਜੀ ਹਾਂ, ਸ਼ਾਇਦ ਤੁਹਾਡੀ ਸਟੱਡੀ ਨਾਲ ਇਸ ਤਰ੍ਹਾਂ ਹੋਵੇ ਅਤੇ ਇਹ ਦੇਖ ਕੇ ਤੁਹਾਨੂੰ ਖ਼ੁਸ਼ੀ ਮਿਲੇਗੀ।
ਐਲਿਸ ਦੀ ਮਿਸਾਲ ’ਤੇ ਗੌਰ ਕਰੋ ਜੋ ਭਾਰਤ ਤੋਂ ਇੰਗਲੈਂਡ ਆਈ ਸੀ। ਸਾਲ 1974 ਵਿਚ ਉਸ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਉਹ ਹਿੰਦੀ ਬੋਲਦੀ ਸੀ, ਪਰ ਉਹ ਆਪਣੀ ਅੰਗ੍ਰੇਜ਼ੀ ਸੁਧਾਰਨਾ ਚਾਹੁੰਦੀ ਸੀ। ਉਸ ਨੇ ਕਈ ਸਾਲ ਸਟੱਡੀ ਕੀਤੀ ਤੇ ਉਹ ਅੰਗ੍ਰੇਜ਼ੀ ਮੰਡਲੀ ਦੀਆਂ ਕੁਝ ਮੀਟਿੰਗਾਂ ਤੇ ਵੀ ਗਈ। ਉਹ ਜਾਣਦੀ ਸੀ ਕਿ ਉਹ ਜੋ ਸਿੱਖ ਰਹੀ ਸੀ ਉਹ ਸੱਚਾਈ ਸੀ, ਪਰ ਉਸ ਨੇ ਇਸ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ। ਨਾਲੇ ਉਸ ਦਾ ਸਾਰਾ ਧਿਆਨ ਪੈਸੇ ਕਮਾਉਣ ਵੱਲ ਸੀ ਤੇ ਉਸ ਨੂੰ ਪਾਰਟੀਆਂ ’ਤੇ ਜਾਣਾ ਪਸੰਦ ਸੀ। ਅਖ਼ੀਰ ਉਸ ਨੇ ਸਟੱਡੀ ਕਰਨੀ ਛੱਡ ਦਿੱਤੀ।
ਲਗਭਗ 30 ਸਾਲਾਂ ਬਾਅਦ ਉਸ ਨੇ ਸਟੈਲਾ ਨੂੰ ਚਿੱਠੀ ਲਿਖੀ ਜੋ ਉਸ ਨਾਲ ਸਟੱਡੀ ਕਰਦੀ ਸੀ। ਉਸ ਵਿਚ ਲਿਖਿਆ ਸੀ: “ਤੁਸੀਂ ਮੇਰੇ ਨਾਲ 1974 ਵਿਚ ਸਟੱਡੀ ਕਰਦੇ ਸੀ। ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਮੈਂ ਹੁਣੇ-ਹੁਣੇ ਇਕ ਜ਼ਿਲ੍ਹਾ ਸੰਮੇਲਨ ਵਿਚ ਬਪਤਿਸਮਾ ਲੈ ਲਿਆ ਹੈ। ਤੁਸੀਂ ਮੈਨੂੰ ਜ਼ਿੰਦਗੀ ਵਿਚ ਇਕ ਬਹੁਤ ਅਹਿਮ ਚੀਜ਼ ਦਿੱਤੀ। ਤੁਸੀਂ ਮੇਰੇ ਦਿਲ ਵਿਚ ਸੱਚਾਈ ਦਾ ਬੀ ਬੀਜਿਆ ਸੀ। ਭਾਵੇਂ ਕਿ ਮੈਂ ਉਦੋਂ ਯਹੋਵਾਹ ਦੀ ਸੇਵਾ ਕਰਨ ਲਈ ਤਿਆਰ ਨਹੀਂ ਸੀ, ਪਰ ਮੈਂ ਸੱਚਾਈ ਨੂੰ ਆਪਣੇ ਦਿਲ ਵਿਚ ਸਾਂਭੀ ਰੱਖਿਆ।”
ਕੀ ਹੋਇਆ ਸੀ? ਐਲਿਸ ਦੱਸਦੀ ਹੈ ਕਿ 1997 ਵਿਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਬਹੁਤ ਦੁਖੀ ਰਹਿਣ ਲੱਗ ਪਈ। ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ। ਦਸਾਂ ਮਿੰਟਾਂ ਦੇ ਅੰਦਰ-ਅੰਦਰ ਦੋ ਪੰਜਾਬੀ ਬੋਲਣ ਵਾਲੇ ਗਵਾਹ ਮੇਰੇ ਘਰ ਆਏ ਤੇ ਉਨ੍ਹਾਂ ਨੇ ਮੈਨੂੰ ਮਰੇ ਹੋਏ ਪਿਆਰਿਆਂ ਲਈ ਕੀ ਉਮੀਦ? ਨਾਂ ਦਾ ਟ੍ਰੈਕਟ ਦਿੱਤਾ। ਐਲਿਸ ਨੂੰ ਲੱਗਾ ਕਿ ਇਹ ਉਸ ਦੀ ਪ੍ਰਾਰਥਨਾ ਦਾ ਜਵਾਬ ਸੀ ਤੇ ਉਸ ਨੇ ਯਹੋਵਾਹ ਦੇ ਗਵਾਹਾਂ ਨੂੰ ਦੁਬਾਰਾ ਮਿਲਣ ਦਾ ਫ਼ੈਸਲਾ ਕੀਤਾ। ਪਰ ਕਿੱਥੇ? ਉਸ ਨੂੰ ਆਪਣੀ ਇਕ ਪੁਰਾਣੀ ਡਾਇਰੀ ਮਿਲੀ ਜਿਸ ਵਿਚ ਪੰਜਾਬੀ ਮੰਡਲੀ ਦਾ ਪਤਾ ਸੀ ਜਿਹੜਾ ਉਸ ਨੂੰ ਸਟੈਲਾ ਨੇ ਦਿੱਤਾ ਸੀ। ਐਲਿਸ ਕਿੰਗਡਮ ਹਾਲ ਗਈ ਤੇ ਪੰਜਾਬੀ ਭੈਣ-ਭਰਾਵਾਂ ਨੇ ਉਸ ਦਾ ਦਿਲੋਂ ਸੁਆਗਤ ਕੀਤਾ। ਐਲਿਸ ਦੱਸਦੀ ਹੈ: “ਘਰ ਆ ਕੇ ਵੀ ਮੈਂ ਸੋਚਦੀ ਰਹੀ ਕਿ ਭੈਣ-ਭਰਾ ਮੇਰੇ ਨਾਲ ਕਿੰਨੇ ਪਿਆਰ ਨਾਲ ਪੇਸ਼ ਆਏ। ਉਨ੍ਹਾਂ ਦੇ ਪਿਆਰ ਨੇ ਮੇਰਾ ਦਿਲ ਛੋਹ ਲਿਆ ਜਿਸ ਕਰਕੇ ਮੇਰਾ ਦੁੱਖ ਹੌਲਾ ਹੋਇਆ।”
ਉਹ ਬਾਕਾਇਦਾ ਮੀਟਿੰਗਾਂ ਤੇ ਜਾਣ ਲੱਗ ਪਈ ਤੇ ਉਸ ਨੇ ਦੁਬਾਰਾ ਸਟੱਡੀ ਕਰਨੀ ਸ਼ੁਰੂ ਕੀਤੀ। ਉਸ ਨੇ ਚੰਗੀ ਤਰ੍ਹਾਂ ਪੰਜਾਬੀ ਬੋਲਣੀ ਤੇ ਪੜ੍ਹਨੀ ਸਿੱਖੀ। ਸਾਲ 2003 ਵਿਚ ਉਸ ਨੇ ਬਪਤਿਸਮਾ ਲੈ ਲਿਆ। ਚਿੱਠੀ ਦੇ ਅਖ਼ੀਰ ਵਿਚ ਉਸ ਨੇ ਲਿਖਿਆ ਸੀ: “29 ਸਾਲ ਪਹਿਲਾਂ ਸੱਚਾਈ ਦਾ ਬੀ ਬੀਜਣ ਲਈ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਮੇਰੇ ਲਈ ਵਧੀਆ ਮਿਸਾਲ ਰਹੇ ਹੋ।”
“29 ਸਾਲ ਪਹਿਲਾਂ ਸੱਚਾਈ ਦਾ ਬੀ ਬੀਜਣ ਲਈ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਮੇਰੇ ਲਈ ਵਧੀਆ ਮਿਸਾਲ ਰਹੇ ਹੋ।”—ਐਲਿਸ
ਅਸੀਂ ਇਨ੍ਹਾਂ ਤਜਰਬਿਆਂ ਤੋਂ ਕੀ ਸਿੱਖ ਸਕਦੇ ਹਾਂ? ਹੋ ਸਕਦਾ ਹੈ ਕਿ ਕਿਸੇ ਵਿਅਕਤੀ ਨੂੰ ਸੱਚਾਈ ਵਿਚ ਆਉਣ ਲਈ ਸਾਡੀ ਉਮੀਦ ਤੋਂ ਵੱਧ ਸਮਾਂ ਲੱਗੇ। ਪਰ ਜੇ ਉਹ ਨਿਮਰ ਹੈ ਤੇ ਪਰਮੇਸ਼ੁਰ ਬਾਰੇ ਸੱਚ-ਮੁੱਚ ਸਿੱਖਣਾ ਚਾਹੁੰਦਾ ਹੈ, ਤਾਂ ਯਹੋਵਾਹ ਉਸ ਦੀ ਸੱਚਾਈ ਨੂੰ ਸਿੱਖਣ ਤੇ ਸਵੀਕਾਰ ਕਰਨ ਵਿਚ ਮਦਦ ਕਰੇਗਾ। ਯਿਸੂ ਵੱਲੋਂ ਦਿੱਤੀ ਮਿਸਾਲ ’ਤੇ ਗੌਰ ਕਰੋ: “ਬੀ ਪੁੰਗਰਦਾ ਤੇ ਵਧਦਾ ਹੈ, ਪਰ ਉਸ ਨੂੰ ਨਹੀਂ ਪਤਾ ਕਿ ਇਹ ਕਿਵੇਂ ਹੁੰਦਾ ਹੈ। ਜ਼ਮੀਨ ਖ਼ੁਦ-ਬ-ਖ਼ੁਦ ਹੌਲੀ-ਹੌਲੀ ਫਲ ਦਿੰਦੀ ਹੈ, ਪਹਿਲਾਂ ਬੀ ਪੁੰਗਰਦਾ ਹੈ, ਫਿਰ ਸਿੱਟਾ ਨਿਕਲਦਾ ਹੈ ਅਤੇ ਅਖ਼ੀਰ ਵਿਚ ਸਿੱਟਾ ਦਾਣਿਆਂ ਨਾਲ ਭਰ ਜਾਂਦਾ ਹੈ।” (ਮਰ. 4:27, 28) ਇਹ ਵਾਧਾ ਖ਼ੁਦ-ਬ-ਖ਼ੁਦ ਹੌਲੀ-ਹੌਲੀ ਹੁੰਦਾ ਹੈ। ਦਰਅਸਲ ਕਿਸੇ ਪ੍ਰਚਾਰਕ ਨੂੰ ਨਹੀਂ ਪਤਾ ਕਿ ਇਹ ਕਿਵੇਂ ਹੁੰਦਾ ਹੈ। ਇਸ ਲਈ ਜੇ ਤੁਸੀਂ ਖੁੱਲ੍ਹ-ਦਿਲੀ ਨਾਲ ਬੀਜੋਗੇ, ਤਾਂ ਸ਼ਾਇਦ ਤੁਸੀਂ ਖੁੱਲ੍ਹ-ਦਿਲੀ ਨਾਲ ਵੱਢ ਸਕੋਗੇ।
ਪ੍ਰਾਰਥਨਾ ਕਰਨੀ ਨਾ ਭੁੱਲੋ। ਜੋਰਜ਼ੀਨਾ ਤੇ ਕ੍ਰਿਸਟੀਨਾ ਯਹੋਵਾਹ ਨੂੰ ਪ੍ਰਾਰਥਨਾ ਕਰਦੀਆਂ ਰਹੀਆਂ। ਜੇ ਤੁਸੀਂ “ਪ੍ਰਾਰਥਨਾ ਕਰਨ ਵਿਚ ਲੱਗੇ ਰਹੋ” ਤੇ ਕਦੇ ਉਮੀਦ ਨਾ ਛੱਡੋ, ਤਾਂ “ਬਹੁਤ ਦਿਨਾਂ ਦੇ ਪਿੱਛੋਂ” ਤੁਹਾਨੂੰ ਆਪਣੀ ਮਿਹਨਤ ਦਾ ਫਲ ਮਿਲ ਸਕਦਾ ਹੈ।—ਰੋਮੀ. 12:12; ਉਪ. 11:1.