Skip to content

Skip to table of contents

ਯਹੋਵਾਹ ਸਾਡੇ ਆਸਰੇ ਦੀ ਥਾਂ ਹੈ

ਯਹੋਵਾਹ ਸਾਡੇ ਆਸਰੇ ਦੀ ਥਾਂ ਹੈ

“ਹੇ ਪ੍ਰਭੂ [ਯਹੋਵਾਹ], ਤੂੰ ਹਮੇਸ਼ਾ ਸਾਡੇ ਆਸਰੇ ਦੀ ਥਾਂ ਰਿਹਾ ਹੈਂ।”​—ਜ਼ਬੂ. 90:1, CL.

1, 2. ਪਰਮੇਸ਼ੁਰ ਦੇ ਸੇਵਕ ਦੁਨੀਆਂ ਬਾਰੇ ਕਿਵੇਂ ਮਹਿਸੂਸ ਕਰਦੇ ਆਏ ਹਨ ਤੇ ਉਨ੍ਹਾਂ ਕੋਲ ਕਿਹੜਾ ਸਹਾਰਾ ਹੈ?

 ਕੀ ਤੁਸੀਂ ਇਸ ਦੁਨੀਆਂ ਵਿਚ ਸੁਰੱਖਿਅਤ ਮਹਿਸੂਸ ਕਰਦੇ ਹੋ? ਜੇ ਨਹੀਂ, ਤਾਂ ਤੁਸੀਂ ਯਹੋਵਾਹ ਦੇ ਹੋਰ ਸੇਵਕਾਂ ਵਾਂਗ ਮਹਿਸੂਸ ਕਰਦੇ ਹੋ। ਪੁਰਾਣੇ ਜ਼ਮਾਨੇ ਤੋਂ ਯਹੋਵਾਹ ਨੂੰ ਪਿਆਰ ਕਰਨ ਵਾਲੇ ਲੋਕ ਇਸ ਦੁਨੀਆਂ ਵਿਚ ਆਪਣੇ ਆਪ ਨੂੰ ਪਰਦੇਸੀ ਸਮਝਦੇ ਆਏ ਹਨ। ਮਿਸਾਲ ਲਈ, ਯਹੋਵਾਹ ਦੇ ਵਫ਼ਾਦਾਰ ਸੇਵਕ ਕਨਾਨ ਦੇਸ਼ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਰਹੇ। ਉਨ੍ਹਾਂ ਨੇ “ਸਾਰਿਆਂ ਸਾਮ੍ਹਣੇ ਐਲਾਨ ਕੀਤਾ ਕਿ ਉਹ ਉਸ ਦੇਸ਼ ਵਿਚ ਅਜਨਬੀ ਤੇ ਪਰਦੇਸੀ ਸਨ।”​—ਇਬ. 11:13.

2 ਇਸੇ ਤਰ੍ਹਾਂ ਯਿਸੂ ਦੇ ਚੁਣੇ ਹੋਏ ਚੇਲੇ “ਸਵਰਗ ਦੇ ਨਾਗਰਿਕ” ਹਨ ਤੇ ਉਹ ਆਪਣੇ ਆਪ ਨੂੰ ਇਸ ਦੁਨੀਆਂ ਵਿਚ ‘ਪਰਦੇਸੀ’ ਸਮਝਦੇ ਹਨ। (ਫ਼ਿਲਿ. 3:20; 1 ਪਤ. 2:11) ਯਿਸੂ ਦੀਆਂ “ਹੋਰ ਭੇਡਾਂ” ਯਾਨੀ ਧਰਤੀ ’ਤੇ ਰਹਿਣ ਦੀ ਉਮੀਦ ਰੱਖਣ ਵਾਲੇ ਮਸੀਹੀ ‘ਦੁਨੀਆਂ ਵਰਗੇ ਨਹੀਂ ਹਨ, ਜਿਵੇਂ ਯਿਸੂ ਦੁਨੀਆਂ ਵਰਗਾ ਨਹੀਂ ਸੀ।’ (ਯੂਹੰ. 10:16; 17:16) ਫਿਰ ਵੀ ਪਰਮੇਸ਼ੁਰ ਦੇ ਲੋਕ ਬੇਸਹਾਰਾ ਨਹੀਂ ਹਨ। ਮੂਸਾ ਨੇ ਲਿਖਿਆ: “ਹੇ ਪ੍ਰਭੂ [ਯਹੋਵਾਹ], ਤੂੰ ਹਮੇਸ਼ਾ ਸਾਡੇ ਆਸਰੇ ਦੀ ਥਾਂ ਰਿਹਾ ਹੈਂ।” * (ਜ਼ਬੂ. 90:1, CL) ਯਹੋਵਾਹ ਨਾਲੋਂ ਹੋਰ ਕੋਈ ਵਧੀਆ “ਆਸਰੇ ਦੀ ਥਾਂ” ਨਹੀਂ ਹੈ। ਉਹ ਹਮੇਸ਼ਾ ਆਪਣੇ ਲੋਕਾਂ ਦਾ ਸਹਾਰਾ ਰਿਹਾ ਹੈ। ਪੁਰਾਣੇ ਜ਼ਮਾਨੇ ਵਿਚ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਲਈ “ਆਸਰੇ ਦੀ ਥਾਂ” ਕਿਵੇਂ ਸਾਬਤ ਹੋਇਆ ਸੀ? ਉਹ ਅੱਜ ਆਪਣੇ ਲੋਕਾਂ ਲਈ “ਆਸਰੇ ਦੀ ਥਾਂ” ਕਿਵੇਂ ਹੈ? ਨਾਲੇ ਭਵਿੱਖ ਵਿਚ ਉਹ ਇੱਕੋ-ਇਕ ਆਸਰਾ ਕਿਵੇਂ ਸਾਬਤ ਹੋਵੇਗਾ?

ਯਹੋਵਾਹ ਆਪਣੇ ਪੁਰਾਣੇ ਸੇਵਕਾਂ ਲਈ “ਆਸਰੇ ਦੀ ਥਾਂ” ਸੀ

3. ਜ਼ਬੂਰ 90:1 ਵਿਚ ਯਹੋਵਾਹ ਦੀ ਤੁਲਨਾ ਕਿਸ ਚੀਜ਼ ਨਾਲ ਕੀਤੀ ਗਈ ਹੈ ਤੇ ਕਿਉਂ?

3 ਬਾਈਬਲ ਵਿਚ ਕਦੀ-ਕਦੀ ਯਹੋਵਾਹ ਦੀ ਤੁਲਨਾ ਉਨ੍ਹਾਂ ਚੀਜ਼ਾਂ ਨਾਲ ਕੀਤੀ ਜਾਂਦੀ ਹੈ ਜੋ ਅਸੀਂ ਦੇਖ ਸਕਦੇ ਹਾਂ ਤਾਂਕਿ ਅਸੀਂ ਉਸ ਦੇ ਗੁਣਾਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੀਏ। ਮਿਸਾਲ ਲਈ, ਜ਼ਬੂਰ 90:1 ਵਿਚ ਯਹੋਵਾਹ ਦੀ ਤੁਲਨਾ ਇਕ “ਥਾਂ” ਜਾਂ ਘਰ ਨਾਲ ਕੀਤੀ ਗਈ ਹੈ। ਜਦ ਅਸੀਂ ਇਕ ਘਰ ਬਾਰੇ ਸੋਚਦੇ ਹਾਂ, ਤਾਂ ਸਾਡੇ ਮਨ ਵਿਚ ਅਜਿਹੀ ਜਗ੍ਹਾ ਆਉਂਦੀ ਹੈ ਜਿੱਥੇ ਸਾਨੂੰ ਪਿਆਰ, ਸ਼ਾਂਤੀ ਤੇ ਸੁਰੱਖਿਆ ਮਿਲਦੀ ਹੈ। ਯਹੋਵਾਹ ਦੀ ਤੁਲਨਾ ਇਕ ਘਰ ਨਾਲ ਕਿਉਂ ਕੀਤੀ ਗਈ ਹੈ? ਕਿਉਂਕਿ ਬਾਈਬਲ ਕਹਿੰਦੀ ਹੈ ਕਿ ਯਹੋਵਾਹ ਪਿਆਰ ਹੈ। (1 ਯੂਹੰ. 4:8) ਨਾਲੇ ਇਹ ਵੀ ਕਿ ਉਹ ਸ਼ਾਂਤੀ ਦਾ ਪਰਮੇਸ਼ੁਰ ਹੈ ਅਤੇ ਉਹ ਆਪਣੇ ਵਫ਼ਾਦਾਰ ਲੋਕਾਂ ਨੂੰ “ਅਮਨ ਵਿੱਚ ਵਸਾਉਂਦਾ” ਹੈ। (ਜ਼ਬੂ. 4:8) ਆਓ ਆਪਾਂ ਦੇਖੀਏ ਕਿ ਯਹੋਵਾਹ ਅਬਰਾਹਾਮ, ਇਸਹਾਕ ਤੇ ਯਾਕੂਬ ਲਈ ਆਸਰੇ ਦੀ ਥਾਂ ਕਿਵੇਂ ਸੀ।

4, 5. ਯਹੋਵਾਹ ਅਬਰਾਹਾਮ ਲਈ “ਆਸਰੇ ਦੀ ਥਾਂ” ਕਿਵੇਂ ਸਾਬਤ ਹੋਇਆ?

4 ਜ਼ਰਾ ਸੋਚੋ ਕਿ ਅਬਰਾਹਾਮ ਨੂੰ ਕਿਵੇਂ ਲੱਗਾ ਹੋਣਾ ਜਦ ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਆਪਣੇ ਦੇਸ ਤੋਂ ਅਰ ਆਪਣੇ ਸਾਕਾਂ ਤੋਂ . . . ਉਸ ਦੇਸ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਿਨੱਕਲ ਤੁਰ।” ਜੇ ਉਹ ਇਹ ਗੱਲ ਸੁਣ ਕੇ ਪਰੇਸ਼ਾਨ ਵੀ ਹੋਇਆ ਸੀ, ਤਾਂ ਉਸ ਨੂੰ ਯਹੋਵਾਹ ਦੇ ਅਗਲੇ ਸ਼ਬਦਾਂ ਤੋਂ ਜ਼ਰੂਰ ਹੌਸਲਾ ਮਿਲਿਆ ਹੋਣਾ: “ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਰ ਮੈਂ ਤੈਨੂੰ ਅਸੀਸ ਦਿਆਂਗਾ ਅਰ ਮੈਂ ਤੇਰਾ ਨਾਉਂ ਵੱਡਾ ਕਰਾਂਗਾ . . . ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਨ੍ਹਾਂ ਨੂੰ ਅਸੀਸ ਦਿਆਂਗਾ ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹ ਨੂੰ ਸਰਾਪ ਦਿਆਂਗਾ।”​—ਉਤ. 12:1-3.

5 ਇਹ ਕਹਿ ਕੇ ਯਹੋਵਾਹ ਨੇ ਵਾਅਦਾ ਕੀਤਾ ਕਿ ਉਹ ਅਬਰਾਹਾਮ ਤੇ ਉਸ ਦੀ ਸੰਤਾਨ ਨੂੰ ਬਰਕਤਾਂ ਦੇਵੇਗਾ ਤੇ ਉਨ੍ਹਾਂ ਦੀ ਰਾਖੀ ਕਰੇਗਾ। (ਉਤ. 26:1-6) ਯਹੋਵਾਹ ਨੇ ਆਪਣਾ ਵਾਅਦਾ ਪੂਰਾ ਵੀ ਕੀਤਾ। ਮਿਸਾਲ ਲਈ, ਉਸ ਨੇ ਮਿਸਰ ਦੇ ਫ਼ਿਰਊਨ ਅਤੇ ਗਰਾਰ ਦੇ ਰਾਜੇ ਅਬੀਮਲਕ ਤੋਂ ਸਾਰਾਹ ਦੀ ਇੱਜ਼ਤ ਤੇ ਅਬਰਾਹਾਮ ਦੀ ਜਾਨ ਬਚਾਈ। ਉਸ ਨੇ ਇਸਹਾਕ ਤੇ ਰਿਬਕਾਹ ਨੂੰ ਵੀ ਇਸੇ ਤਰ੍ਹਾਂ ਬਚਾਇਆ। (ਉਤ. 12:14-20; 20:1-14; 26:6-11) ਅਸੀਂ ਪੜ੍ਹਦੇ ਹਾਂ: “[ਯਹੋਵਾਹ] ਨੇ ਕਿਸੇ ਨੂੰ ਉਨ੍ਹਾਂ ਉੱਤੇ ਅਨ੍ਹੇਰ ਨਾ ਕਰਨ ਦਿੱਤਾ, ਅਤੇ ਉਨ੍ਹਾਂ ਦੇ ਕਾਰਨ ਰਾਜਿਆਂ ਨੂੰ ਝਿੜਕਿਆ,—ਭਈ ਮੇਰੇ ਮਸਹ ਕੀਤੇ ਹੋਇਆਂ ਨੂੰ ਨਾ ਛੂਹੋ, ਨਾ ਮੇਰੇ ਨਬੀਆਂ ਦੀ ਹਾਣ ਕਰੋ!”​—ਜ਼ਬੂ. 105:14, 15.

‘ਮੈਂ ਤੈਨੂੰ ਨਹੀਂ ਵਿਸਾਰਾਂਗਾ’

6. ਇਸਹਾਕ ਨੇ ਯਾਕੂਬ ਨੂੰ ਕੀ ਕਰਨ ਲਈ ਕਿਹਾ ਸੀ ਤੇ ਯਾਕੂਬ ਨੇ ਸ਼ਾਇਦ ਕੀ ਸੋਚਿਆ ਹੋਣਾ?

6 ਉਨ੍ਹਾਂ ਨਬੀਆਂ ਵਿਚ ਅਬਰਾਹਾਮ ਦਾ ਪੋਤਾ ਯਾਕੂਬ ਵੀ ਸ਼ਾਮਲ ਸੀ। ਜਦੋਂ ਯਾਕੂਬ ਦੇ ਵਿਆਹ ਦੀ ਗੱਲ ਆਈ, ਤਾਂ ਉਸ ਦੇ ਪਿਤਾ ਇਸਹਾਕ ਨੇ ਉਸ ਨੂੰ ਕਿਹਾ: “ਤੂੰ ਕਨਾਨੀ ਧੀਆਂ ਵਿੱਚੋਂ ਤੀਵੀਂ ਨਾ ਕਰੀਂ। ਉੱਠ ਪਦਨ ਅਰਾਮ ਨੂੰ ਆਪਣੇ ਨਾਨੇ ਬਥੂਏਲ ਦੇ ਘਰ ਜਾਹ ਅਰ ਉੱਥੋਂ ਆਪਣੇ ਮਾਮੇ ਲਾਬਾਨ ਦੀਆਂ ਧੀਆਂ ਵਿੱਚੋਂ ਇੱਕ ਆਪਣੇ ਲਈ ਤੀਵੀਂ ਵਿਆਹ ਲਈਂ।” (ਉਤ. 28:1, 2) ਯਾਕੂਬ ਨੇ ਆਪਣੇ ਪਿਤਾ ਦੀ ਗੱਲ ਮੰਨੀ। ਉਹ ਕਨਾਨ ਵਿਚ ਆਪਣੇ ਪਰਿਵਾਰ ਨੂੰ ਛੱਡ ਕੇ ਸੈਂਕੜੇ ਕਿਲੋਮੀਟਰ ਦੂਰ ਹਾਰਾਨ ਦੇ ਇਲਾਕੇ ਨੂੰ ਇਕੱਲਾ ਤੁਰ ਪਿਆ। (ਉਤ. 28:10) ਸ਼ਾਇਦ ਉਸ ਨੇ ਸੋਚਿਆ ਹੋਣਾ: ‘ਮੈਂ ਕਦੋਂ ਘਰ ਵਾਪਸ ਆਵਾਂਗਾ? ਕੀ ਮੇਰੇ ਮਾਮਾ ਜੀ ਮੈਨੂੰ ਦੇਖ ਕੇ ਖ਼ੁਸ਼ ਹੋਣਗੇ? ਕੀ ਮੈਨੂੰ ਯਹੋਵਾਹ ਨੂੰ ਪਿਆਰ ਕਰਨ ਵਾਲੀ ਕੁੜੀ ਮਿਲੇਗੀ?’ ਜੇ ਯਾਕੂਬ ਨੂੰ ਇਨ੍ਹਾਂ ਗੱਲਾਂ ਦਾ ਫ਼ਿਕਰ ਸੀ, ਤਾਂ ਬਏਰਸਬਾ ਤੋਂ 100 ਕਿਲੋਮੀਟਰ (60 ਮੀਲ) ਦੂਰ ਲੂਜ਼ ਪਹੁੰਚ ਕੇ ਉਸ ਦਾ ਫ਼ਿਕਰ ਖ਼ਤਮ ਹੋ ਗਿਆ। ਲੂਜ਼ ਵਿਚ ਕੀ ਹੋਇਆ ਸੀ?

7. ਇਕ ਸੁਪਨੇ ਵਿਚ ਪਰਮੇਸ਼ੁਰ ਨੇ ਯਾਕੂਬ ਨੂੰ ਕੀ ਦੱਸਿਆ ਸੀ?

7 ਲੂਜ਼ ਵਿਚ ਯਹੋਵਾਹ ਨੇ ਇਕ ਸੁਪਨੇ ਵਿਚ ਯਾਕੂਬ ਨੂੰ ਦੱਸਿਆ: “ਵੇਖ ਮੈਂ ਤੇਰੇ ਅੰਗ ਸੰਗ ਹਾਂ ਅਰ ਜਿੱਥੇ ਕਿਤੇ ਤੂੰ ਜਾਵੇਂਗਾ ਮੈਂ ਤੇਰੀ ਰਾਖੀ ਕਰਾਂਗਾ ਅਰ ਤੈਨੂੰ ਫੇਰ ਏਸ ਦੇਸ ਵਿੱਚ ਲੈ ਆਵਾਂਗਾ ਅਰ ਜਿੰਨਾਂ ਚਿਰ ਤੀਕ ਤੇਰੇ ਨਾਲ ਆਪਣਾ ਬੋਲ ਪੂਰਾ ਨਾ ਕਰ ਲਵਾਂ ਤੈਨੂੰ ਨਹੀਂ ਵਿਸਾਰਾਂਗਾ।” (ਉਤ. 28:15) ਇਨ੍ਹਾਂ ਸ਼ਬਦਾਂ ਤੋਂ ਯਾਕੂਬ ਨੂੰ ਜ਼ਰੂਰ ਹੌਸਲਾ ਤੇ ਦਿਲਾਸਾ ਮਿਲਿਆ ਹੋਣਾ! ਇਸ ਤੋਂ ਬਾਅਦ ਯਾਕੂਬ ਇਹ ਦੇਖਣ ਲਈ ਉਤਾਵਲਾ ਹੋਇਆ ਹੋਣਾ ਕਿ ਯਹੋਵਾਹ ਆਪਣਾ ਵਾਅਦਾ ਕਿਵੇਂ ਪੂਰਾ ਕਰੇਗਾ। ਜੇ ਤੁਸੀਂ ਘਰ ਤੋਂ ਦੂਰ ਰਹਿੰਦੇ ਹੋ, ਸ਼ਾਇਦ ਕਿਸੇ ਹੋਰ ਦੇਸ਼ ਵਿਚ ਪਰਮੇਸ਼ੁਰ ਦੀ ਸੇਵਾ ਕਰਨ ਲਈ, ਤਾਂ ਤੁਸੀਂ ਯਾਕੂਬ ਦੇ ਜਜ਼ਬਾਤਾਂ ਨੂੰ ਸਮਝ ਸਕਦੇ ਹੋ। ਤੁਸੀਂ ਵੀ ਦੇਖਿਆ ਹੋਣਾ ਕਿ ਯਹੋਵਾਹ ਨੇ ਤੁਹਾਡੀ ਦੇਖ-ਭਾਲ ਕਿਵੇਂ ਕੀਤੀ ਹੈ।

8, 9. ਯਹੋਵਾਹ ਯਾਕੂਬ ਲਈ “ਆਸਰੇ ਦੀ ਥਾਂ” ਕਿਵੇਂ ਸਾਬਤ ਹੋਇਆ ਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?

8 ਜਦ ਯਾਕੂਬ ਹਾਰਾਨ ਪਹੁੰਚਿਆ, ਤਾਂ ਉਸ ਦੇ ਮਾਮੇ ਲਾਬਾਨ ਨੇ ਉਸ ਦਾ ਿਨੱਘਾ ਸੁਆਗਤ ਕੀਤਾ ਤੇ ਬਾਅਦ ਵਿਚ ਆਪਣੀਆਂ ਦੋ ਧੀਆਂ ਦੇ ਵਿਆਹ ਉਸ ਨਾਲ ਕੀਤੇ। ਪਰ ਸਮੇਂ ਦੇ ਬੀਤਣ ਨਾਲ ਲਾਬਾਨ ਨੇ ਯਾਕੂਬ ਦਾ ਨਾਜਾਇਜ਼ ਫ਼ਾਇਦਾ ਉਠਾਇਆ ਤੇ ਉਸ ਦੀ ਮਜ਼ਦੂਰੀ ਦਸ ਵਾਰ ਬਦਲੀ। (ਉਤ. 31:41, 42) ਫਿਰ ਵੀ ਯਾਕੂਬ ਇਨ੍ਹਾਂ ਬੇਇਨਸਾਫ਼ੀਆਂ ਨੂੰ ਸਹਿੰਦਾ ਰਿਹਾ ਕਿਉਂਕਿ ਉਸ ਨੂੰ ਭਰੋਸਾ ਸੀ ਕਿ ਯਹੋਵਾਹ ਉਸ ਦੀ ਦੇਖ-ਭਾਲ ਕਰਦਾ ਰਹੇਗਾ ਤੇ ਯਹੋਵਾਹ ਨੇ ਇਸੇ ਤਰ੍ਹਾਂ ਕੀਤਾ। ਕੁਝ ਸਾਲ ਬਾਅਦ ਜਦ ਪਰਮੇਸ਼ੁਰ ਨੇ ਯਾਕੂਬ ਨੂੰ ਕਨਾਨ ਵਾਪਸ ਜਾਣ ਲਈ ਕਿਹਾ, ਤਾਂ ਉਸ ਕੋਲ “ਬਹੁਤ ਇੱਜੜ ਅਤੇ ਗੋੱਲੀਆਂ ਗੋੱਲੇ ਅਰ ਊਠ ਅਰ ਗਧੇ ਸਨ।” (ਉਤ. 30:43) ਯਾਕੂਬ ਨੇ ਦਿਲੋਂ ਯਹੋਵਾਹ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਵਿਚ ਕਿਹਾ: “ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲਗੀਆਂ ਅਰ ਉਸ ਸਾਰੀ ਸਚਿਆਈ ਤੋਂ ਜਿਹੜੀ ਤੈਂ ਆਪਣੇ ਦਾਸ ਦੇ ਸੰਗ ਕੀਤੀ ਬਹੁਤ ਹੀ ਛੋਟਾ ਹਾਂ। ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ।”​—ਉਤ. 32:10.

9 ਵਾਕਈ ਮੂਸਾ ਦੇ ਇਹ ਸ਼ਬਦ ਕਿੰਨੇ ਸਹੀ ਸਨ: “ਹੇ ਪ੍ਰਭੂ [ਯਹੋਵਾਹ], ਤੂੰ ਹਮੇਸ਼ਾ ਸਾਡੇ ਆਸਰੇ ਦੀ ਥਾਂ ਰਿਹਾ ਹੈਂ।” (ਜ਼ਬੂ. 90:1, CL) ਇਹ ਸ਼ਬਦ ਅੱਜ ਵੀ ਲਾਗੂ ਹੁੰਦੇ ਹਨ ਕਿਉਂਕਿ ਯਹੋਵਾਹ “ਕਦੀ ਬਦਲਦਾ ਨਹੀਂ, ਜਿਵੇਂ ਪਰਛਾਵੇਂ ਬਦਲ ਜਾਂਦੇ ਹਨ।” (ਯਾਕੂ. 1:17) ਯਹੋਵਾਹ ਅੱਜ ਵੀ ਆਪਣੇ ਲੋਕਾਂ ਲਈ ਆਸਰੇ ਦੀ ਥਾਂ ਹੈ। ਆਓ ਦੇਖੀਏ ਕਿਵੇਂ।

ਯਹੋਵਾਹ—ਅੱਜ ਸਾਡੇ ਲਈ “ਆਸਰੇ ਦੀ ਥਾਂ” ਹੈ

10. ਅਸੀਂ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਅੱਜ ਵੀ ਯਹੋਵਾਹ ਆਪਣੇ ਸੇਵਕਾਂ ਲਈ ਆਸਰੇ ਦੀ ਥਾਂ ਹੈ?

10 ਜ਼ਰਾ ਕਲਪਨਾ ਕਰੋ: ਤੁਸੀਂ ਅਦਾਲਤ ਵਿਚ ਕਿਸੇ ਖ਼ਤਰਨਾਕ ਗੁੰਡੇ ਦੇ ਖ਼ਿਲਾਫ਼ ਗਵਾਹੀ ਦੇ ਰਹੇ ਹੋ। ਉਹ ਇਕ ਵੱਡੇ ਗੈਂਗ ਦਾ ਲੀਡਰ ਹੈ ਤੇ ਦੁਨੀਆਂ ਭਰ ਵਿਚ ਲੋਕ ਉਸ ਲਈ ਕੰਮ ਕਰਦੇ ਹਨ। ਉਹ ਚਲਾਕ, ਝੂਠਾ ਤੇ ਤਾਕਤਵਰ ਹੋਣ ਤੋਂ ਇਲਾਵਾ ਬੇਰਹਿਮ ਤੇ ਖ਼ੂਨੀ ਵੀ ਹੈ। ਅਜਿਹੇ ਖ਼ਤਰਨਾਕ ਬੰਦੇ ਖ਼ਿਲਾਫ਼ ਗਵਾਹੀ ਦੇਣ ਤੋਂ ਬਾਅਦ ਜਦ ਤੁਸੀਂ ਅਦਾਲਤ ਵਿੱਚੋਂ ਬਾਹਰ ਆਉਂਦੇ ਹੋ, ਤਾਂ ਤੁਹਾਨੂੰ ਕਿੱਦਾਂ ਲੱਗਦਾ ਹੈ? ਕੀ ਤੁਹਾਨੂੰ ਡਰ ਲੱਗਦਾ ਹੈ? ਬਿਨਾਂ ਸ਼ੱਕ ਤੁਸੀਂ ਪੁਲਸ ਦੀ ਹਿਫਾਜ਼ਤ ਚਾਹੁੰਦੇ ਹੋ। ਯਹੋਵਾਹ ਦੇ ਸੇਵਕਾਂ ਵਜੋਂ ਸਾਡੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ। ਅਸੀਂ ਯਹੋਵਾਹ ਦੇ ਪੱਖ ਵਿਚ ਗਵਾਹੀ ਦਿੰਦੇ ਹਾਂ ਤੇ ਉਸ ਦੇ ਸਭ ਤੋਂ ਵੱਡੇ ਦੁਸ਼ਮਣ ਸ਼ੈਤਾਨ ਦਾ ਪਰਦਾਫ਼ਾਸ਼ ਕਰਦੇ ਹਾਂ। (ਪ੍ਰਕਾਸ਼ ਦੀ ਕਿਤਾਬ 12:17 ਪੜ੍ਹੋ।) ਪਰ ਕੀ ਸ਼ੈਤਾਨ ਸਾਨੂੰ ਚੁੱਪ ਕਰਾ ਸਕਿਆ ਹੈ? ਬਿਲਕੁਲ ਨਹੀਂ! ਦਰਅਸਲ ਅਸੀਂ ਪੂਰੀ ਦੁਨੀਆਂ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ। ਇਹ ਕਿਵੇਂ ਮੁਮਕਿਨ ਹੋਇਆ ਹੈ? ਸਿਰਫ਼ ਇਸ ਕਰਕੇ ਕਿਉਂਕਿ ਯਹੋਵਾਹ ਸਾਡੇ ਲਈ “ਆਸਰੇ ਦੀ ਥਾਂ” ਹੈ। ਉਹ ਇਨ੍ਹਾਂ ਆਖ਼ਰੀ ਦਿਨਾਂ ਵਿਚ ਆਪਣੇ ਲੋਕਾਂ ਦੀ ਰਾਖੀ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਬਰਕਤਾਂ ਦੇ ਰਿਹਾ ਹੈ। (ਯਸਾਯਾਹ 54:14, 17 ਪੜ੍ਹੋ।) ਜੇ ਅਸੀਂ ਸ਼ੈਤਾਨ ਦੇ ਧੋਖੇ ਵਿਚ ਆ ਕੇ ਆਪਣੇ ਆਸਰੇ ਦੀ ਥਾਂ ਨਾ ਛੱਡੀਏ, ਤਾਂ ਹੀ ਯਹੋਵਾਹ ਸਾਡੀ ਰਾਖੀ ਕਰਦਾ ਰਹੇਗਾ।

ਪਰਮੇਸ਼ੁਰ ਦੇ ਦੂਤ ਉਸ ਦੇ ਸੇਵਕਾਂ ਦੀ ਮਦਦ ਤੇ ਰਾਖੀ ਕਰਦੇ ਹਨ

11. ਅਸੀਂ ਅਬਰਾਹਾਮ, ਇਸਹਾਕ ਤੇ ਯਾਕੂਬ ਦੀ ਮਿਸਾਲ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ?

11 ਅਸੀਂ ਅਬਰਾਹਾਮ, ਇਸਹਾਕ ਤੇ ਯਾਕੂਬ ਦੀ ਮਿਸਾਲ ਤੋਂ ਇਕ ਹੋਰ ਸਬਕ ਸਿੱਖ ਸਕਦੇ ਹਾਂ। ਕਨਾਨ ਦੇਸ਼ ਵਿਚ ਰਹਿਣ ਦੇ ਬਾਵਜੂਦ ਉਹ ਉਸ ਦੇਸ਼ ਦੇ ਲੋਕਾਂ ਨਾਲ ਘੱਟ ਹੀ ਮਿਲਦੇ-ਜੁਲਦੇ ਸਨ ਤੇ ਉਨ੍ਹਾਂ ਦੇ ਬੁਰੇ ਕੰਮਾਂ ਨਾਲ ਨਫ਼ਰਤ ਕਰਦੇ ਸਨ। (ਉਤ. 27:46) ਉਨ੍ਹਾਂ ਨੂੰ ਕਾਇਦੇ-ਕਾਨੂੰਨਾਂ ਦੀ ਲੰਬੀ ਲਿਸਟ ਦੀ ਲੋੜ ਨਹੀਂ ਸੀ ਕਿਉਂਕਿ ਉਹ ਜਾਣਦੇ ਸਨ ਕਿ ਯਹੋਵਾਹ ਦੀ ਨਜ਼ਰ ਵਿਚ ਕੀ ਸਹੀ ਹੈ ਤੇ ਕੀ ਗ਼ਲਤ। ਉਹ ਇਹ ਵੀ ਜਾਣਦੇ ਸਨ ਕਿ ਪਰਮੇਸ਼ੁਰ ਕਿਨ੍ਹਾਂ ਚੀਜ਼ਾਂ ਨਾਲ ਪਿਆਰ ਕਰਦਾ ਸੀ ਤੇ ਕਿਨ੍ਹਾਂ ਚੀਜ਼ਾਂ ਨਾਲ ਨਫ਼ਰਤ। ਉਹ ਯਹੋਵਾਹ ਦੇ ਨੇੜੇ ਰਹਿਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਦੁਨੀਆਂ ਤੋਂ ਦੂਰ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਰੱਖੀ। ਕੀ ਤੁਸੀਂ ਇਨ੍ਹਾਂ ਵਫ਼ਾਦਾਰ ਸੇਵਕਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹੋ? ਕੀ ਤੁਸੀਂ ਸੋਚ-ਸਮਝ ਕੇ ਦੋਸਤ ਚੁਣਦੇ ਹੋ? ਕੀ ਤੁਸੀਂ ਉਹ ਮਨੋਰੰਜਨ ਕਰਦੇ ਹੋ ਜੋ ਯਹੋਵਾਹ ਨੂੰ ਖ਼ੁਸ਼ ਕਰਦਾ ਹੈ? ਅਫ਼ਸੋਸ ਦੀ ਗੱਲ ਹੈ ਕਿ ਮੰਡਲੀ ਵਿਚ ਕੁਝ ਭੈਣ-ਭਰਾ ਸ਼ੈਤਾਨ ਦੀ ਦੁਨੀਆਂ ਤੋਂ ਦੂਰ ਰਹਿਣ ਦੀ ਬਜਾਇ ਦਿਖਾਉਂਦੇ ਹਨ ਕਿ ਉਹ ਕੁਝ ਹੱਦ ਤਕ ਦੁਨੀਆਂ ਨੂੰ ਪਸੰਦ ਕਰਦੇ ਹਨ। ਜੇ ਤੁਸੀਂ ਜ਼ਰਾ ਵੀ ਸ਼ੈਤਾਨ ਦੀ ਦੁਨੀਆਂ ਨੂੰ ਪਸੰਦ ਕਰਦੇ ਹੋ, ਤਾਂ ਇਸ ਬਾਰੇ ਪ੍ਰਾਰਥਨਾ ਕਰੋ। ਯਾਦ ਰੱਖੋ ਕਿ ਇਹ ਦੁਨੀਆਂ ਹੈ ਤਾਂ ਸ਼ੈਤਾਨ ਦੀ। ਉਹ ਖ਼ੁਦਗਰਜ਼ ਹੈ ਤੇ ਉਸ ਨੂੰ ਸਾਡੀ ਕੋਈ ਪਰਵਾਹ ਨਹੀਂ ਤੇ ਦੁਨੀਆਂ ਦੇ ਲੋਕ ਵੀ ਉਸੇ ਵਰਗੇ ਹਨ।​—2 ਕੁਰਿੰ. 4:4; ਅਫ਼. 2:1, 2.

12. (ੳ) ਯਹੋਵਾਹ ਨੇ ਆਪਣੇ ਲੋਕਾਂ ਲਈ ਕਿਹੜੇ ਪ੍ਰਬੰਧ ਕੀਤੇ ਹਨ? (ਅ) ਇਨ੍ਹਾਂ ਪ੍ਰਬੰਧਾਂ ਬਾਰੇ ਤੁਹਾਨੂੰ ਕਿੱਦਾਂ ਲੱਗਦਾ ਹੈ?

12 ਸ਼ੈਤਾਨ ਦੀਆਂ ਚਾਲਾਂ ਤੋਂ ਬਚਣ ਲਈ ਸਾਨੂੰ ਯਹੋਵਾਹ ਦੇ ਪ੍ਰਬੰਧਾਂ ਦਾ ਪੂਰਾ ਫ਼ਾਇਦਾ ਲੈਣ ਦੀ ਜ਼ਰੂਰਤ ਹੈ। ਮਿਸਾਲ ਲਈ, ਯਹੋਵਾਹ ਨੇ ਮੀਟਿੰਗਾਂ ਤੇ ਪਰਿਵਾਰਕ ਸਟੱਡੀ ਤੋਂ ਇਲਾਵਾ ਬਜ਼ੁਰਗਾਂ ਦਾ ਵੀ ਪ੍ਰਬੰਧ ਕੀਤਾ ਹੈ। ਬਜ਼ੁਰਗ ਮੁਸ਼ਕਲ ਘੜੀਆਂ ਦੌਰਾਨ ਸਾਨੂੰ ਹੌਸਲਾ ਤੇ ਦਿਲਾਸਾ ਦਿੰਦੇ ਹਨ। (ਅਫ਼. 4:8-12) ਭਰਾ ਜਾਰਜ ਗੈਂਗਸ, ਜੋ ਪ੍ਰਬੰਧਕ ਸਭਾ ਦਾ ਮੈਂਬਰ ਸੀ, ਨੇ ਲਿਖਿਆ: “ਜਦ ਮੈਂ ਪਰਮੇਸ਼ੁਰ ਦੇ ਲੋਕਾਂ ਨਾਲ ਹੁੰਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਘਰ ਆਪਣੇ ਪਰਿਵਾਰ ਨਾਲ ਹਾਂ।” ਕੀ ਤੁਹਾਨੂੰ ਵੀ ਇੱਦਾਂ ਲੱਗਦਾ ਹੈ?

13. ਅਸੀਂ ਇਬਰਾਨੀਆਂ 11:13 ਤੋਂ ਕਿਹੜਾ ਜ਼ਰੂਰੀ ਸਬਕ ਸਿੱਖ ਸਕਦੇ ਹਾਂ?

13 ਪਰਮੇਸ਼ੁਰ ਦੇ ਪੁਰਾਣੇ ਸੇਵਕ ਆਲੇ-ਦੁਆਲੇ ਦੇ ਲੋਕਾਂ ਤੋਂ ਵੱਖਰੇ ਨਜ਼ਰ ਆਉਣਾ ਚਾਹੁੰਦੇ ਸਨ। ਇਹ ਵੀ ਸਾਡੇ ਲਈ ਚੰਗੀ ਮਿਸਾਲ ਹੈ। ਜਿਵੇਂ  ਇਸ ਲੇਖ ਦੇ ਸ਼ੁਰੂ ਵਿਚ ਕਿਹਾ ਗਿਆ ਸੀ ਉਨ੍ਹਾਂ ਨੇ “ਸਾਰਿਆਂ ਸਾਮ੍ਹਣੇ ਐਲਾਨ ਕੀਤਾ ਕਿ ਉਹ ਉਸ ਦੇਸ਼ ਵਿਚ ਅਜਨਬੀ ਤੇ ਪਰਦੇਸੀ ਸਨ।” (ਇਬ. 11:13) ਕੀ ਤੁਸੀਂ ਵੀ ਉਨ੍ਹਾਂ ਵਾਂਗ ਦੁਨੀਆਂ ਦੇ ਲੋਕਾਂ ਤੋਂ ਵੱਖਰੇ ਨਜ਼ਰ ਆਉਣ ਦਾ ਪੱਕਾ ਇਰਾਦਾ ਕੀਤਾ ਹੈ? ਇਹ ਸੱਚ ਹੈ ਕਿ ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਪਰ ਪਰਮੇਸ਼ੁਰ ਤੇ ਭੈਣਾਂ-ਭਰਾਵਾਂ ਦੀ ਮਦਦ ਨਾਲ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ। ਯਾਦ ਰੱਖੋ ਕਿ ਤੁਸੀਂ ਇਕੱਲੇ ਨਹੀਂ ਹੋ। ਜਿਹੜੇ ਵੀ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ ਉਨ੍ਹਾਂ ਸਾਰਿਆਂ ਨੂੰ ਸ਼ੈਤਾਨ ਤੇ ਉਸ ਦੀ ਦੁਨੀਆਂ ਨਾਲ ਲੜਨਾ ਪੈਂਦਾ ਹੈ। (ਅਫ਼. 6:12) ਪਰ ਅਸੀਂ ਇਹ ਲੜਾਈ ਜਿੱਤ ਸਕਦੇ ਹਾਂ ਜੇ ਅਸੀਂ ਯਹੋਵਾਹ ’ਤੇ ਭਰੋਸਾ ਰੱਖੀਏ ਤੇ ਉਸ ਨੂੰ ਆਪਣਾ ਆਸਰਾ ਬਣਾਈਏ।

14. ਯਹੋਵਾਹ ਦੇ ਸੇਵਕਾਂ ਨੇ ਕਿਸ “ਸ਼ਹਿਰ” ਦੀ ਉਡੀਕ ਕੀਤੀ ਹੈ?

14 ਸਾਨੂੰ ਅਬਰਾਹਾਮ ਦੀ ਰੀਸ ਕਰਦੇ ਹੋਏ ਆਪਣੀ ਨਜ਼ਰ ਭਵਿੱਖ ਵਿਚ ਮਿਲਣ ਵਾਲੇ ਇਨਾਮ ’ਤੇ ਲਾਈ ਰੱਖਣੀ ਚਾਹੀਦੀ ਹੈ। (2 ਕੁਰਿੰ. 4:18) ਪੌਲੁਸ ਰਸੂਲ ਨੇ ਲਿਖਿਆ ਕਿ ਅਬਰਾਹਾਮ “ਉਸ ਸ਼ਹਿਰ ਦੀ ਉਡੀਕ ਕਰ ਰਿਹਾ ਸੀ ਜਿਸ ਦੀਆਂ ਨੀਂਹਾਂ ਪੱਕੀਆਂ ਸਨ ਤੇ ਜਿਸ ਦਾ ਨਕਸ਼ਾ ਬਣਾਉਣ ਵਾਲਾ ਤੇ ਰਾਜ ਮਿਸਤਰੀ ਪਰਮੇਸ਼ੁਰ ਹੈ।” (ਇਬ. 11:10) ਇਹ “ਸ਼ਹਿਰ” ਪਰਮੇਸ਼ੁਰ ਦਾ ਰਾਜ ਹੈ। ਅਬਰਾਹਾਮ ਨੂੰ ਇਸ “ਸ਼ਹਿਰ” ਦੀ ਬਹੁਤ ਉਡੀਕ ਕਰਨੀ ਪਈ। ਪਰ ਸਾਡੇ ਲਈ ਇਹ ਉਡੀਕ ਲੰਬੀ ਨਹੀਂ ਹੈ ਕਿਉਂਕਿ ਇਹ ਰਾਜ ਹੁਣ ਸਵਰਗ ਵਿਚ ਹਕੂਮਤ ਕਰ ਰਿਹਾ ਹੈ। ਨਾਲੇ ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਜਲਦੀ ਹੀ ਇਹ ਰਾਜ ਧਰਤੀ ’ਤੇ ਹਕੂਮਤ ਕਰੇਗਾ। ਕੀ ਤੁਸੀਂ ਮੰਨਦੇ ਹੋ ਕਿ ਪਰਮੇਸ਼ੁਰ ਦਾ ਰਾਜ ਸਵਰਗ ਵਿਚ ਹਕੂਮਤ ਕਰ ਰਿਹਾ ਹੈ? ਜੇ ਹਾਂ, ਤਾਂ ਕੀ ਤੁਹਾਡੇ ਕੰਮਾਂ ਤੋਂ ਇਸ ਗੱਲ ਦਾ ਸਬੂਤ ਮਿਲਦਾ ਹੈ? ਕੀ ਤੁਸੀਂ ਰਾਜ ਨੂੰ ਪਹਿਲ ਦਿੰਦੇ ਹੋ ਅਤੇ ਦੁਨੀਆਂ ਤੋਂ ਵੱਖਰੇ ਰਹਿੰਦੇ ਹੋ?​—2 ਪਤਰਸ 3:11, 12 ਪੜ੍ਹੋ।

ਯਹੋਵਾਹ ਹਮੇਸ਼ਾ ਸਾਡੇ ਲਈ “ਆਸਰੇ ਦੀ ਥਾਂ” ਰਹੇਗਾ

15. ਉਨ੍ਹਾਂ ਲੋਕਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ ਜਿਹੜੇ ਇਸ ਦੁਨੀਆਂ ’ਤੇ ਭਰੋਸਾ ਰੱਖਦੇ ਹਨ?

15 ਅੰਤ ਆਉਣ ਤੋਂ ਪਹਿਲਾਂ ਦੁਨੀਆਂ ਦੇ ਹਾਲਾਤ ਵਿਗੜਦੇ ਜਾਣਗੇ। (ਮੱਤੀ 24:7, 8) ਮਹਾਂਕਸ਼ਟ ਦੌਰਾਨ ਤਾਂ ਹਾਲਾਤ ਹੋਰ ਵੀ ਵਿਗੜ ਜਾਣਗੇ। ਦੁਨੀਆਂ ਭਰ ਵਿਚ ਤਬਾਹੀ ਹੋਵੇਗੀ ਤੇ ਲੋਕ ਉਲਝਣ ਵਿਚ ਪੈ ਜਾਣਗੇ ਤੇ ਡਰੇ ਹੋਏ ਹੋਣਗੇ। (ਹਬ. 3:16, 17) ਡਰ ਦੇ ਮਾਰੇ ਉਹ “ਪਹਾੜਾਂ ਦੀਆਂ ਗੁਫਾਵਾਂ ਅਤੇ ਚਟਾਨਾਂ” ਵਿਚ ਲੁਕਣ ਦੀ ਕੋਸ਼ਿਸ਼ ਕਰਨਗੇ। (ਪ੍ਰਕਾ. 6:15-17) ਪਰ ਕੋਈ ਗੁਫਾ ਜਾਂ ਚਟਾਨ ਉਨ੍ਹਾਂ ਨੂੰ ਬਚਾ ਨਹੀਂ ਸਕੇਗੀ ਤੇ ਨਾ ਹੀ ਪਹਾੜ ਵਰਗੀਆਂ ਰਾਜਨੀਤਿਕ ਤੇ ਵਪਾਰਕ ਸੰਸਥਾਵਾਂ ਉਨ੍ਹਾਂ ਦੀ ਮਦਦ ਕਰ ਸਕਣਗੀਆਂ।

16. ਮੰਡਲੀ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ ਅਤੇ ਕਿਉਂ?

16 ਪਰ ਮਹਾਂਕਸ਼ਟ ਦੌਰਾਨ ਯਹੋਵਾਹ ਪਰਮੇਸ਼ੁਰ ਆਪਣੇ ਲੋਕਾਂ ਲਈ “ਆਸਰੇ ਦੀ ਥਾਂ” ਰਹੇਗਾ। ਹਬੱਕੂਕ ਨਬੀ ਵਾਂਗ ਅਸੀਂ ‘ਯਹੋਵਾਹ ਵਿੱਚ ਬਾਗ ਬਾਗ ਹੋਵਾਂਗੇ, ਅਸੀਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗੇ।’ (ਹਬ. 3:18) ਅਜੇ ਸਾਨੂੰ ਪਤਾ ਨਹੀਂ ਹੈ ਕਿ ਉਸ ਮੁਸ਼ਕਲ ਸਮੇਂ ਦੌਰਾਨ ਯਹੋਵਾਹ ਸਾਡੇ ਲਈ “ਆਸਰੇ ਦੀ ਥਾਂ” ਕਿਵੇਂ ਸਾਬਤ ਹੋਵੇਗਾ। ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ “ਵੱਡੀ ਭੀੜ” ਲਈ ਪ੍ਰਬੰਧ ਕਰੇਗਾ ਤੇ ਉਨ੍ਹਾਂ ਨੂੰ ਹਿਦਾਇਤਾਂ ਦੇਵੇਗਾ, ਜਿਵੇਂ ਉਸ ਨੇ ਮਿਸਰ ਛੱਡਣ ਵੇਲੇ ਇਜ਼ਰਾਈਲੀਆਂ ਲਈ ਪ੍ਰਬੰਧ ਕੀਤੇ ਸਨ। (ਪ੍ਰਕਾ. 7:9; ਕੂਚ 13:18 ਪੜ੍ਹੋ।) ਯਹੋਵਾਹ ਇਹ ਹਿਦਾਇਤਾਂ ਕਿਵੇਂ ਦੇਵੇਗਾ? ਸ਼ਾਇਦ ਮੰਡਲੀ ਰਾਹੀਂ। ਬਾਈਬਲ ਵਿਚ “ਕੋਠੜੀਆਂ” ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਵਿਚ ਯਹੋਵਾਹ ਦੇ ਲੋਕਾਂ ਨੂੰ ਸੁਰੱਖਿਆ ਮਿਲੇਗੀ। ਲੱਗਦਾ ਹੈ ਕਿ ਇਹ ਕੋਠੜੀਆਂ ਦੁਨੀਆਂ ਭਰ ਵਿਚ ਹਜ਼ਾਰਾਂ ਹੀ ਮੰਡਲੀਆਂ ਹਨ। (ਯਸਾਯਾਹ 26:20 ਪੜ੍ਹੋ।) ਕੀ ਤੁਸੀਂ ਮੀਟਿੰਗਾਂ ਦੀ ਕਦਰ ਕਰਦੇ ਹੋ? ਕੀ ਤੁਸੀਂ ਮੰਡਲੀ ਰਾਹੀਂ ਦਿੱਤੀ ਯਹੋਵਾਹ ਦੀ ਸਲਾਹ ਨੂੰ ਇਕਦਮ ਲਾਗੂ ਕਰਦੇ ਹੋ?​—ਇਬ. 13:17.

17. ਯਹੋਵਾਹ ਆਪਣੇ ਮਰ ਚੁੱਕੇ ਵਫ਼ਾਦਾਰ ਸੇਵਕਾਂ ਲਈ “ਆਸਰੇ ਦੀ ਥਾਂ” ਕਿਵੇਂ ਹੈ?

17 ਜਿਹੜੇ ਵਫ਼ਾਦਾਰ ਭੈਣ-ਭਰਾ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਮੌਤ ਦੀ ਨੀਂਦ ਸੌ ਜਾਣਗੇ, ਯਹੋਵਾਹ ਉਨ੍ਹਾਂ ਲਈ ਵੀ “ਆਸਰੇ ਦੀ ਥਾਂ” ਰਹੇਗਾ। ਕਿਵੇਂ? ਅਬਰਾਹਾਮ, ਇਸਹਾਕ ਤੇ ਯਾਕੂਬ ਦੀ ਮੌਤ ਹੋਣ ਤੋਂ ਕਈ ਸਾਲ ਬਾਅਦ ਯਹੋਵਾਹ ਨੇ ਮੂਸਾ ਨੂੰ ਕਿਹਾ ਸੀ: “[ਮੈਂ] ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ, ਤੇ ਯਾਕੂਬ ਦਾ ਪਰਮੇਸ਼ੁਰ ਹਾਂ।” (ਕੂਚ 3:6) ਇਨ੍ਹਾਂ ਸ਼ਬਦਾਂ ਦਾ ਹਵਾਲਾ ਦੇਣ ਤੋਂ ਬਾਅਦ ਯਿਸੂ ਨੇ ਅੱਗੇ ਕਿਹਾ ਸੀ: “ਉਹ ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ, ਕਿਉਂਕਿ ਉਸ ਦੀਆਂ ਨਜ਼ਰਾਂ ਵਿਚ ਉਹ ਸਾਰੇ ਜੀਉਂਦੇ ਹਨ।” (ਲੂਕਾ 20:38) ਜੀ ਹਾਂ, ਯਹੋਵਾਹ ਦੇ ਜਿਹੜੇ ਵੀ ਵਫ਼ਾਦਾਰ ਸੇਵਕ ਮਰ ਚੁੱਕੇ ਹਨ, ਉਹ ਉਸ ਦੀਆਂ ਨਜ਼ਰਾਂ ਵਿਚ ਜੀਉਂਦੇ ਹਨ ਅਤੇ ਉਹ ਉਨ੍ਹਾਂ ਨੂੰ ਜ਼ਰੂਰ ਦੁਬਾਰਾ ਜੀਉਂਦਾ ਕਰੇਗਾ।​—ਉਪ. 7:1.

18. ਨਵੀਂ ਦੁਨੀਆਂ ਵਿਚ ਯਹੋਵਾਹ ਖ਼ਾਸ ਤਰੀਕੇ ਨਾਲ ਆਪਣੇ ਲੋਕਾਂ ਲਈ “ਆਸਰੇ ਦੀ ਥਾਂ” ਕਿਵੇਂ ਹੋਵੇਗਾ?

18 ਆਉਣ ਵਾਲੀ ਨਵੀਂ ਦੁਨੀਆਂ ਵਿਚ ਯਹੋਵਾਹ ਆਪਣੇ ਲੋਕਾਂ ਲਈ ਇਕ ਹੋਰ ਤਰੀਕੇ ਨਾਲ “ਆਸਰੇ ਦੀ ਥਾਂ” ਹੋਵੇਗਾ। ਪ੍ਰਕਾਸ਼ ਦੀ ਕਿਤਾਬ 21:3 ਵਿਚ ਲਿਖਿਆ ਹੈ: “ਦੇਖ! ਪਰਮੇਸ਼ੁਰ ਦਾ ਬਸੇਰਾ ਇਨਸਾਨਾਂ ਦੇ ਵਿਚ ਹੋਵੇਗਾ ਅਤੇ ਉਹ ਉਨ੍ਹਾਂ ਦੇ ਨਾਲ ਰਹੇਗਾ।” ਪਹਿਲਾਂ ਤਾਂ ਯਹੋਵਾਹ ਯਿਸੂ ਮਸੀਹ ਰਾਹੀਂ ਆਪਣੇ ਲੋਕਾਂ ’ਤੇ ਰਾਜ ਕਰੇਗਾ। ਫਿਰ 1,000 ਸਾਲ ਰਾਜ ਕਰਨ ਤੋਂ ਬਾਅਦ ਯਿਸੂ ਧਰਤੀ ਲਈ ਪਰਮੇਸ਼ੁਰ ਦਾ ਮਕਸਦ ਪੂਰਾ ਕਰ ਚੁੱਕੇਗਾ ਜਿਸ ਕਰਕੇ ਉਹ ਰਾਜ ਆਪਣੇ ਪਿਤਾ ਨੂੰ ਸੌਂਪ ਦੇਵੇਗਾ। (1 ਕੁਰਿੰ. 15:28) ਇਸ ਤੋਂ ਬਾਅਦ ਯਹੋਵਾਹ ਖ਼ੁਦ ਆਪਣੇ ਮੁਕੰਮਲ ਲੋਕਾਂ ’ਤੇ ਸਿੱਧਾ ਰਾਜ ਕਰੇਗਾ। ਸਾਡਾ ਭਵਿੱਖ ਕਿੰਨਾ ਵਧੀਆ ਹੋਵੇਗਾ! ਤਾਂ ਫਿਰ ਆਓ ਆਪਾਂ ਪੁਰਾਣੇ ਸੇਵਕਾਂ ਦੀ ਰੀਸ ਕਰਦੇ ਹੋਏ ਦਿਖਾਈਏ ਕਿ ਯਹੋਵਾਹ ਸਾਡੇ ਲਈ “ਆਸਰੇ ਦੀ ਥਾਂ” ਹੈ।

^ ਪੇਰਗ੍ਰੈਫ 2 ਪੰਜਾਬੀ ਦੀ ਇਕ ਹੋਰ ਬਾਈਬਲ ਵਿਚ ਜ਼ਬੂਰ 90:1 ਵਿਚ ਇਸ ਤਰ੍ਹਾਂ ਕਿਹਾ ਗਿਆ ਹੈ: “ਹੇ ਮਾਲਕ, ਤੁਸੀਂ ਸਦਾ ਸਦਾ ਲਈ ਸਾਡਾ ਘਰ ਰਹੇ ਹੋ।”—ਈਜ਼ੀ ਟੂ ਰੀਡ ਵਰਯਨ।