Skip to content

Skip to table of contents

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮੈਕਸੀਕੋ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮੈਕਸੀਕੋ

ਸਾਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਕਈ ਨੌਜਵਾਨ ਭੈਣਾਂ-ਭਰਾਵਾਂ ਨੇ ਜ਼ਿਆਦਾ ਪ੍ਰਚਾਰ ਕਰਨ ਲਈ ਆਪਣੀ ਜ਼ਿੰਦਗੀ ਸਾਦੀ ਬਣਾਈ ਹੈ। (ਮੱਤੀ 6:22) ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ? ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ? ਇਹ ਪਤਾ ਕਰਨ ਲਈ ਆਓ ਆਪਾਂ ਮੈਕਸੀਕੋ ਵਿਚ ਸੇਵਾ ਕਰ ਰਹੇ ਕੁਝ ਭੈਣਾਂ-ਭਰਾਵਾਂ ਬਾਰੇ ਜਾਣੀਏ।

“ਸਾਨੂੰ ਆਪਣੀ ਜ਼ਿੰਦਗੀ ਬਦਲਣੀ ਪੈਣੀ ਸੀ”

ਡਸਟਿਨ ਤੇ ਜੇਸਾ

ਡਸਟਿਨ ਤੇ ਜੇਸਾ ਅਮਰੀਕਾ ਤੋਂ ਹਨ ਅਤੇ ਉਨ੍ਹਾਂ ਦਾ ਵਿਆਹ ਜਨਵਰੀ 2007 ਵਿਚ ਹੋਇਆ ਸੀ। ਉਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਕੋਲ ਆਪਣੀ ਕਿਸ਼ਤੀ ਹੋਵੇ ਜਿੱਥੇ ਉਹ ਰਹਿ ਸਕਣ। ਉਨ੍ਹਾਂ ਦੇ ਵਿਆਹ ਤੋਂ ਥੋੜ੍ਹੀ ਹੀ ਦੇਰ ਬਾਅਦ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੋ ਗਿਆ। ਉਨ੍ਹਾਂ ਨੇ ਆਪਣੀ ਕਿਸ਼ਤੀ ਸ਼ਾਂਤ ਮਹਾਂਸਾਗਰ ਦੇ ਨੇੜਲੇ ਸ਼ਹਿਰ ਐਸਟੋਰੀਆ, ਆਰੇਗਨ ਵਿਚ ਖੜ੍ਹੀ ਕੀਤੀ। ਇਹ ਬਹੁਤ ਸੋਹਣੀ ਜਗ੍ਹਾ ਹੈ ਜਿਸ ਦੇ ਆਲੇ-ਦੁਆਲੇ ਜੰਗਲ ਅਤੇ ਬਰਫ਼ ਨਾਲ ਢਕੇ ਹੋਏ ਪਹਾੜ ਹਨ। ਡਸਟਿਨ ਕਹਿੰਦਾ ਹੈ: “ਤੁਸੀਂ ਜਿੱਥੇ ਕਿਤੇ ਵੀ ਦੇਖੋ ਤੁਹਾਨੂੰ ਹਰ ਤਰਫ਼ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਦਾ ਹੈ!” ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਯਹੋਵਾਹ ’ਤੇ ਭਰੋਸਾ ਰੱਖਦੇ ਹੋਏ ਸਾਦੀ ਜ਼ਿੰਦਗੀ ਜੀ ਰਹੇ ਸਨ। ਉਨ੍ਹਾਂ ਨੇ ਸੋਚਿਆ ਕਿ ‘ਅਸੀਂ ਤਾਂ ਇਕ ਘਰ ਵਿਚ ਰਹਿਣ ਦੀ ਬਜਾਇ ਇਕ ਛੋਟੀ ਜਿਹੀ ਕਿਸ਼ਤੀ ’ਤੇ ਰਹਿੰਦੇ ਹਾਂ, ਪਾਰਟ-ਟਾਈਮ ਕੰਮ ਕਰਦੇ ਹਾਂ, ਹੋਰ ਭਾਸ਼ਾ ਬੋਲਣ ਵਾਲੀ ਮੰਡਲੀ ਵਿਚ ਸੇਵਾ ਕਰਦੇ ਹਾਂ ਅਤੇ ਕਦੀ-ਕਦੀ ਔਗਜ਼ੀਲਰੀ ਪਾਇਨੀਅਰਿੰਗ ਵੀ ਕਰਦੇ ਹਾਂ।’ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਖ਼ੁਦ ਨੂੰ ਧੋਖਾ ਦੇ ਰਹੇ ਸਨ। ਡਸਟਿਨ ਕਹਿੰਦਾ ਹੈ: “ਮੰਡਲੀ ਦੇ ਕੰਮਾਂ ਵਿਚ ਹਿੱਸਾ ਲੈਣ ਦੀ ਬਜਾਇ ਅਸੀਂ ਜ਼ਿਆਦਾਤਰ ਆਪਣਾ ਸਮਾਂ ਕਿਸ਼ਤੀ ਦੀ ਦੇਖ-ਰੇਖ ਵਿਚ ਲਗਾ ਦਿੰਦੇ ਸੀ। ਅਸੀਂ ਜਾਣਦੇ ਸੀ ਕਿ ਜੇ ਅਸੀਂ ਵਾਕਈ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਣੀ ਚਾਹੁੰਦੇ ਸੀ, ਤਾਂ ਸਾਨੂੰ ਆਪਣੀ ਜ਼ਿੰਦਗੀ ਬਦਲਣੀ ਪੈਣੀ ਸੀ।”

ਜੇਸਾ ਦੱਸਦੀ ਹੈ: “ਵਿਆਹ ਤੋਂ ਪਹਿਲਾਂ ਮੈਂ ਮੈਕਸੀਕੋ ਵਿਚ ਰਹਿੰਦੀ ਸੀ ਜਿੱਥੇ ਮੈਂ ਅੰਗ੍ਰੇਜ਼ੀ ਮੰਡਲੀ ਵਿਚ ਜਾਂਦੀ ਹੁੰਦੀ ਸੀ। ਉੱਥੇ ਸੇਵਾ ਕਰ ਕੇ ਮੈਂ ਬਹੁਤ ਖ਼ੁਸ਼ ਸੀ ਅਤੇ ਮੈਕਸੀਕੋ ਵਾਪਸ ਜਾਣ ਲਈ ਬੇਤਾਬ ਸੀ।” ਆਪਣੇ ਇਸ ਇਰਾਦੇ ਨੂੰ ਹੋਰ ਮਜ਼ਬੂਤ ਕਰਨ ਲਈ ਡਸਟਿਨ ਤੇ ਜੇਸਾ ਨੇ ਆਪਣੀ ਪਰਿਵਾਰਕ ਸਟੱਡੀ ਵਿਚ ਉਨ੍ਹਾਂ ਭੈਣਾਂ-ਭਰਾਵਾਂ ਦੀਆਂ ਜੀਵਨੀਆਂ ਪੜ੍ਹੀਆਂ ਜਿਨ੍ਹਾਂ ਨੇ ਉਨ੍ਹਾਂ ਦੇਸ਼ਾਂ ਵਿਚ ਜਾ ਕੇ ਸੇਵਾ ਕੀਤੀ ਜਿੱਥੇ ਬਹੁਤ ਸਾਰੇ ਲੋਕ ਸੱਚਾਈ ਸਿੱਖਣੀ ਚਾਹੁੰਦੇ ਸਨ। (ਯੂਹੰ. 4:35) ਡਸਟਿਨ ਦੱਸਦਾ ਹੈ: “ਅਸੀਂ ਵੀ ਚਾਹੁੰਦੇ ਸੀ ਕਿ ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਵਰਗੀ ਖ਼ੁਸ਼ੀ ਮਿਲੇ।” ਜਦੋਂ ਉਨ੍ਹਾਂ ਦੇ ਦੋਸਤਾਂ ਨੇ ਦੱਸਿਆ ਕਿ ਮੈਕਸੀਕੋ ਵਿਚ ਇਕ ਨਵੇਂ ਗਰੁੱਪ ਨੂੰ ਮਦਦ ਦੀ ਲੋੜ ਹੈ, ਤਾਂ ਉਨ੍ਹਾਂ ਨੇ ਉੱਥੇ ਜਾਣ ਦਾ ਆਪਣਾ ਮਨ ਬਣਾ ਲਿਆ। ਉਨ੍ਹਾਂ ਨੇ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ, ਕਿਸ਼ਤੀ ਵੇਚ ਦਿੱਤੀ ਤੇ ਫਿਰ ਮੈਕਸੀਕੋ ਚਲੇ ਗਏ।

“ਸਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ”

ਡਸਟਿਨ ਤੇ ਜੇਸਾ ਟੈਕੋਮੈਨ ਇਲਾਕੇ ਵਿਚ ਰਹਿਣ ਲੱਗੇ। ਇਹ ਜਗ੍ਹਾ ਸ਼ਾਂਤ ਮਹਾਂਸਾਗਰ ਦੇ ਨੇੜੇ ਹੈ, ਪਰ ਐਸਟੋਰੀਆ ਤੋਂ 4,345 ਕਿਲੋਮੀਟਰ (2,700 ਮੀਲ) ਦੀ ਦੂਰੀ ਤੋਂ ਦੱਖਣ ਵੱਲ ਹੈ। ਡਸਟਿਨ ਕਹਿੰਦਾ ਹੈ: “ਇੱਥੇ ਨਾ ਤਾਂ ਠੰਢੀ ਹਵਾ ਸੀ ਤੇ ਨਾ ਹੀ ਪਹਾੜ, ਸਗੋਂ ਅੱਤ ਦੀ ਗਰਮੀ ਅਤੇ ਹਰ ਜਗ੍ਹਾ ਨਿੰਬੂਆਂ ਦੇ ਦਰਖ਼ਤ ਸਨ।” ਪਹਿਲਾਂ-ਪਹਿਲਾਂ ਨੌਕਰੀ ਮਿਲਣੀ ਔਖੀ ਸੀ। ਪੈਸੇ ਦੀ ਕਮੀ ਕਰਕੇ ਉਹ ਕਈ ਹਫ਼ਤੇ ਦਿਨ ਵਿਚ ਦੋ ਵਾਰ ਚੌਲ ਤੇ ਰਾਜਮਾਂਹ ਖਾ ਕੇ ਗੁਜ਼ਾਰਾ ਕਰਦੇ ਸਨ। ਜੇਸਾ ਕਹਿੰਦੀ ਹੈ: “ਜਦ ਅਸੀਂ ਇਹ ਖਾਣਾ ਖਾ-ਖਾ ਕੇ ਅੱਕ ਗਏ, ਤਾਂ ਸਾਡੀਆਂ ਬਾਈਬਲ ਸਟੱਡੀਆਂ ਨੇ ਸਾਨੂੰ ਨਿੰਬੂਆਂ ਨਾਲ ਭਰੇ ਬੈਗ ਦੇਣੇ ਸ਼ੁਰੂ ਕਰ ਦਿੱਤੇ ਅਤੇ ਅੰਬ, ਕੇਲੇ ਤੇ ਪਪੀਤੇ ਵੀ ਦਿੱਤੇ!” ਕੁਝ ਸਮੇਂ ਬਾਅਦ ਉਨ੍ਹਾਂ ਨੂੰ ਤਾਈਵਾਨ ਦੇ ਇਕ ਆਨ ਲਾਈਨ ਸਕੂਲ ਵਿਚ ਨੌਕਰੀ ਮਿਲ ਗਈ ਜੋ ਉਹ ਕੰਪਿਊਟਰ ਰਾਹੀਂ ਕਰ ਸਕਦੇ ਸਨ। ਹੁਣ ਉਹ ਆਪਣੀ ਤਨਖ਼ਾਹ ਨਾਲ ਆਪਣੀਆਂ ਲੋੜਾਂ ਪੂਰੀਆਂ ਕਰ ਸਕਦੇ ਹਨ।

ਮੈਕਸੀਕੋ ਜਾ ਕੇ ਡਸਟਿਨ ਤੇ ਜੇਸਾ ਨੂੰ ਕਿੱਦਾਂ ਲੱਗਦਾ ਹੈ? ਉਹ ਕਹਿੰਦੇ ਹਨ: “ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਰਿਹਾ ਹੈ। ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਯਹੋਵਾਹ ਅਤੇ ਇਕ-ਦੂਜੇ ਨਾਲ ਸਾਡਾ ਰਿਸ਼ਤਾ ਇੰਨਾ ਪੱਕਾ ਹੋ ਜਾਵੇਗਾ। ਅਸੀਂ ਰੋਜ਼ ਕਈ ਕੰਮ ਇਕੱਠੇ ਮਿਲ ਕੇ ਕਰਦੇ ਹਾਂ ਜਿਵੇਂ ਕਿ ਪ੍ਰਚਾਰ ਕਰਨਾ, ਮੀਟਿੰਗਾਂ ਦੀ ਤਿਆਰੀ ਕਰਨੀ ਅਤੇ ਇਸ ਬਾਰੇ ਗੱਲਬਾਤ ਕਰਨੀ ਕਿ ਅਸੀਂ ਬਾਈਬਲ ਸਟੱਡੀਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ। ਨਾਲੇ ਹੁਣ ਸਾਡੇ ’ਤੇ ਪਹਿਲਾਂ ਵਰਗੀਆਂ ਚਿੰਤਾਵਾਂ ਦਾ ਬੋਝ ਨਹੀਂ ਹੈ। ਅਸੀਂ ਆਪਣੀ ਜ਼ਿੰਦਗੀ ਵਿਚ ਜ਼ਬੂਰ 34:8 ਦੇ ਸ਼ਬਦ ਪੂਰੇ ਹੁੰਦੇ ਦੇਖੇ ਹਨ ਜਿੱਥੇ ਲਿਖਿਆ ਹੈ, ‘ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ।’”

ਹਜ਼ਾਰਾਂ ਭੈਣਾਂ-ਭਰਾਵਾਂ ਨੇ ਖ਼ੁਸ਼ੀ-ਖ਼ੁਸ਼ੀ ਸੇਵਾ ਕਰਨੀ ਕਿਉਂ ਚਾਹੀ?

2,900 ਤੋਂ ਜ਼ਿਆਦਾ ਭੈਣ-ਭਰਾ ਮੈਕਸੀਕੋ ਦੇ ਉਨ੍ਹਾਂ ਇਲਾਕਿਆਂ ਵਿਚ ਸੇਵਾ ਕਰਨ ਗਏ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਇਹ ਵਿਆਹੇ ਤੇ ਅਣਵਿਆਹੇ ਭੈਣ-ਭਰਾ 20 ਤੋਂ 40 ਸਾਲਾਂ ਦੀ ਉਮਰ ਦੇ ਹਨ। ਇਨ੍ਹਾਂ ਸਾਰਿਆਂ ਨੇ ਇੱਦਾਂ ਕਿਉਂ ਕੀਤਾ? ਇਹ ਸਵਾਲ ਪੁੱਛੇ ਜਾਣ ਤੇ ਉਨ੍ਹਾਂ ਵਿੱਚੋਂ ਕਈਆਂ ਨੇ ਇਸ ਦੇ ਤਿੰਨ ਕਾਰਨ ਦੱਸੇ। ਕਿਹੜੇ?

ਲਟੀਸੀਆ ਤੇ ਅਰਮੀਲੋ

ਯਹੋਵਾਹ ਅਤੇ ਇਨਸਾਨਾਂ ਲਈ ਪਿਆਰ ਦਿਖਾਉਣ ਲਈ। ਲਟੀਸੀਆ ਦਾ ਬਪਤਿਸਮਾ 18 ਸਾਲ ਦੀ ਉਮਰ ਵਿਚ ਹੋਇਆ ਸੀ। ਉਹ ਦੱਸਦੀ ਹੈ: “ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪਣ ਵੇਲੇ ਮੈਂ ਜਾਣਦੀ ਸੀ ਕਿ ਮੈਨੂੰ ਉਸ ਦੀ ਸੇਵਾ ਪੂਰੇ ਦਿਲ ਤੇ ਪੂਰੀ ਜਾਨ ਨਾਲ ਕਰਨੀ ਚਾਹੀਦੀ ਹੈ। ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਦੇਣ ਲਈ ਮੈਂ ਉਸ ਦੀ ਸੇਵਾ ਵਿਚ ਆਪਣਾ ਸਮਾਂ ਤੇ ਆਪਣੀ ਤਾਕਤ ਹੋਰ ਵੀ ਲਾਉਣੀ ਚਾਹੁੰਦੀ ਸੀ।” (ਮਰ. 12:30) ਅਰਮੀਲੋ ਦਾ ਵਿਆਹ ਲਟੀਸੀਆ ਨਾਲ ਹੋਇਆ ਹੈ। ਉਹ 20-22 ਸਾਲਾਂ ਦੀ ਉਮਰ ਵਿਚ ਉੱਥੇ ਗਿਆ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਉਹ ਕਹਿੰਦਾ ਹੈ: “ਮੈਨੂੰ ਅਹਿਸਾਸ ਹੋਇਆ ਕਿ ਲੋਕਾਂ ਨੂੰ ਪਿਆਰ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਮੈਂ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾਵਾਂ।” (ਮਰ. 12:31) ਇਸ ਲਈ ਉਸ ਨੇ ਮਾਂਟੇਰੀ ਨਾਂ ਦਾ ਅਮੀਰ ਸ਼ਹਿਰ ਛੱਡ ਦਿੱਤਾ ਜਿੱਥੇ ਉਹ ਬੈਂਕ ਵਿਚ ਕੰਮ ਕਰਦਾ ਸੀ। ਇੱਥੋਂ ਤਕ ਕਿ ਉਹ ਸੁੱਖ-ਆਰਾਮ ਵਾਲੀ ਜ਼ਿੰਦਗੀ ਛੱਡ ਕੇ ਇਕ ਛੋਟੇ ਜਿਹੇ ਪਿੰਡ ਵਿਚ ਰਹਿਣ ਲੱਗ ਪਿਆ।

ਐਸਲੀ

ਸੱਚੀ ਖ਼ੁਸ਼ੀ ਪਾਉਣ ਲਈ। ਆਪਣੇ ਬਪਤਿਸਮੇ ਤੋਂ ਥੋੜ੍ਹੇ ਸਮੇਂ ਬਾਅਦ ਲਟੀਸੀਆ ਨੇ ਇਕ ਤਜਰਬੇਕਾਰ ਪਾਇਨੀਅਰ ਭੈਣ ਨਾਲ ਇਕ ਦੂਰ ਦੇ ਇਲਾਕੇ ਵਿਚ ਇਕ ਮਹੀਨੇ ਲਈ ਪ੍ਰਚਾਰ ਕੀਤਾ। ਲਟੀਸੀਆ ਯਾਦ ਕਰਦੀ ਹੈ: “ਜਦੋਂ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ, ਤਾਂ ਉਨ੍ਹਾਂ ਨੇ ਸਾਡੀ ਗੱਲ ਬੜੇ ਹੀ ਧਿਆਨ ਨਾਲ ਸੁਣੀ। ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਅਤੇ ਮੈਨੂੰ ਬਹੁਤ ਖ਼ੁਸ਼ੀ ਹੋਈ। ਮਹੀਨੇ ਦੇ ਅਖ਼ੀਰ ਵਿਚ ਮੈਂ ਖ਼ੁਦ ਨੂੰ ਕਿਹਾ, ‘ਮੈਂ ਵੀ ਜ਼ਿੰਦਗੀ ਵਿਚ ਇਹੀ ਕਰਨਾ ਚਾਹੁੰਦੀ ਹਾਂ!’” ਇਸੇ ਤਰ੍ਹਾਂ ਐਸਲੀ ਨਾਂ ਦੀ ਇਕ ਕੁਆਰੀ ਭੈਣ, ਜੋ ਹੁਣ 20-22 ਸਾਲਾਂ ਦੀ ਹੈ, ਨੇ ਦੇਖਿਆ ਕਿ ਜਿੱਥੇ ਜ਼ਿਆਦਾ ਲੋੜ ਹੈ ਉੱਥੇ ਜਾ ਕੇ ਪ੍ਰਚਾਰ ਕਰਨ ਨਾਲ ਕਿੰਨੀ ਖ਼ੁਸ਼ੀ ਮਿਲਦੀ ਹੈ। ਜਦੋਂ ਉਹ ਅਜੇ ਹਾਈ ਸਕੂਲ ਵਿਚ ਹੀ ਸੀ, ਤਾਂ ਉਹ ਕਈ ਜੋਸ਼ੀਲੇ ਭੈਣਾਂ-ਭਰਾਵਾਂ ਨੂੰ ਮਿਲੀ ਜੋ ਉੱਥੇ ਸੇਵਾ ਕਰਦੇ ਸਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਉਹ ਕਹਿੰਦੀ ਹੈ: “ਉਨ੍ਹਾਂ ਭੈਣਾਂ-ਭਰਾਵਾਂ ਦੇ ਮੁਸਕਰਾਉਂਦੇ ਚਿਹਰੇ ਵੇਖ ਕੇ ਮੈਂ ਵੀ ਉਨ੍ਹਾਂ ਵਾਂਗ ਜ਼ਿੰਦਗੀ ਜੀਉਣਾ ਚਾਹੁੰਦੀ ਸੀ।” ਐਸਲੀ ਵਾਂਗ ਕਈ ਭੈਣਾਂ ਨੇ ਅਜਿਹਾ ਫ਼ੈਸਲਾ ਕੀਤਾ ਹੈ। ਦਰਅਸਲ ਮੈਕਸੀਕੋ ਵਿਚ 680 ਤੋਂ ਵੀ ਜ਼ਿਆਦਾ ਕੁਆਰੀਆਂ ਭੈਣਾਂ ਉੱਥੇ ਸੇਵਾ ਕਰ ਰਹੀਆਂ ਹਨ ਜਿੱਥੇ ਜ਼ਿਆਦਾ ਲੋੜ ਹੈ। ਇਹ ਭੈਣਾਂ ਸਾਡੇ ਸਾਰਿਆਂ ਲਈ ਕਿੰਨੀ ਹੀ ਵਧੀਆ ਮਿਸਾਲ ਹਨ!

ਮਕਸਦ ਭਰੀ ਜ਼ਿੰਦਗੀ ਪਾਉਣ ਲਈ। ਹਾਈ ਸਕੂਲ ਖ਼ਤਮ ਕਰਨ ਤੋਂ ਬਾਅਦ ਐਸਲੀ ਨੂੰ ਯੂਨੀਵਰਸਿਟੀ ਦਾ ਵਜ਼ੀਫ਼ਾ ਮਿਲਿਆ। ਉਸ ਦੇ ਦੋਸਤਾਂ ਨੇ ਕਿਹਾ ਕਿ ਉਹ ਵਜ਼ੀਫ਼ਾ ਲੈ ਲਵੇ ਅਤੇ ਫਿਰ ਬਾਕੀ ਲੋਕਾਂ ਵਾਂਗ ਜ਼ਿੰਦਗੀ ਦਾ ਮਜ਼ਾ ਲਵੇ। ਇੱਦਾਂ ਉਸ ਨੂੰ ਡਿਗਰੀ ਕਰਨ ਤੋਂ ਬਾਅਦ ਇਕ ਚੰਗੀ ਨੌਕਰੀ ਮਿਲ ਸਕਦੀ ਸੀ, ਉਹ ਆਪਣੇ ਲਈ ਕਾਰ ਖ਼ਰੀਦ ਸਕਦੀ ਸੀ ਅਤੇ ਦੁਨੀਆਂ ਦੀ ਸੈਰ ਕਰ ਸਕਦੀ ਸੀ। ਪਰ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਐਸਲੀ ਕਹਿੰਦੀ ਹੈ: “ਮੈਂ ਦੇਖਿਆ ਹੈ ਕਿ ਮੇਰੇ ਕਈ ਮਸੀਹੀ ਦੋਸਤ ਇਨ੍ਹਾਂ ਕੰਮਾਂ ਦੇ ਚੱਕਰਾਂ ਵਿਚ ਪੈ ਕੇ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਗਏ। ਨਾਲੇ ਜਿੰਨਾ ਜ਼ਿਆਦਾ ਉਹ ਦੁਨੀਆਂ ਦੇ ਕੰਮਾਂ-ਕਾਰਾਂ ਵਿਚ ਪੈ ਗਏ ਉੱਨਾ ਜ਼ਿਆਦਾ ਉਹ ਮੁਸੀਬਤਾਂ ਵਿਚ ਫਸ ਗਏ। ਪਰ ਮੈਂ ਆਪਣੀ ਜਵਾਨੀ ਯਹੋਵਾਹ ਦੀ ਸੇਵਾ ਵਿਚ ਲਾਉਣਾ ਚਾਹੁੰਦੀ ਸੀ।”

ਰਾਕੇਲ ਤੇ ਫਿਲਿਪ

ਐਸਲੀ ਨੇ ਹਾਈ ਸਕੂਲ ਤੋਂ ਬਾਅਦ ਕੁਝ ਅਜਿਹੇ ਕੋਰਸ ਕੀਤੇ ਜਿਨ੍ਹਾਂ ਨਾਲ ਉਹ ਪਾਇਨੀਅਰਿੰਗ ਕਰਦਿਆਂ ਆਪਣਾ ਗੁਜ਼ਾਰਾ ਤੋਰ ਸਕਦੀ ਸੀ। ਫਿਰ ਉਹ ਉੱਥੇ ਗਈ ਜਿੱਥੇ ਪ੍ਰਚਾਰਕਾਂ ਦੀ ਸਖ਼ਤ ਲੋੜ ਸੀ। ਇੱਥੋਂ ਤਕ ਕਿ ਉਸ ਨੇ ਓਟੋਮੀ ਅਤੇ ਤਲਾਪਾਨੀਕੋ ਲੋਕਾਂ ਦੀਆਂ ਭਾਸ਼ਾਵਾਂ ਨੂੰ ਸਿੱਖਣਾ ਸ਼ੁਰੂ ਕੀਤਾ। ਇਸ ਦੂਰ-ਦੁਰਾਡੇ ਇਲਾਕੇ ਵਿਚ ਤਿੰਨ ਸਾਲ ਪ੍ਰਚਾਰ ਕਰਨ ਤੋਂ ਬਾਅਦ ਹੁਣ ਉਹ ਕਹਿੰਦੀ ਹੈ: “ਇੱਥੇ ਸੇਵਾ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਮਿਲੀ ਹੈ ਅਤੇ ਮੇਰੀ ਜ਼ਿੰਦਗੀ ਨੂੰ ਮਕਸਦ ਮਿਲਿਆ ਹੈ। ਇਸ ਤੋਂ ਵੀ ਕਿਤੇ ਵਧ ਮੇਰਾ ਰਿਸ਼ਤਾ ਯਹੋਵਾਹ ਨਾਲ ਮਜ਼ਬੂਤ ਹੋਇਆ ਹੈ।” ਫਿਲਿਪ ਅਤੇ ਰਾਕੇਲ ਨਾਂ ਦਾ ਜੋੜਾ ਜੋ 30-33 ਸਾਲਾਂ ਦਾ ਹੈ, ਪਹਿਲਾਂ ਅਮਰੀਕਾ ਵਿਚ ਰਹਿੰਦਾ ਹੁੰਦਾ ਸੀ। ਇਹ ਦੋਵੇਂ ਮੰਨਦੇ ਹਨ: “ਇਹ ਦੁਨੀਆਂ ਇੰਨੀ ਤੇਜ਼ੀ ਨਾਲ ਬਦਲ ਰਹੀ ਹੈ ਕਿ ਲੋਕ ਨਹੀਂ ਜਾਣਦੇ ਕਿ ਕੱਲ੍ਹ ਉਨ੍ਹਾਂ ਨਾਲ ਕੀ ਹੋਵੇਗਾ। ਪਰ ਇੱਥੇ ਸੇਵਾ ਕਰ ਕੇ ਅਸੀਂ ਬਹੁਤ ਖ਼ੁਸ਼ ਹਾਂ ਕਿਉਂਕਿ ਅਜੇ ਵੀ ਬਹੁਤ ਸਾਰੇ ਲੋਕ ਬਾਈਬਲ ਦੇ ਸੰਦੇਸ਼ ਨੂੰ ਸੁਣ ਰਹੇ ਹਨ। ਸਾਨੂੰ ਲੱਗਦਾ ਹੈ ਕਿ ਇਸ ਤੋਂ ਵਧੀਆ ਜ਼ਿੰਦਗੀ ਹੋ ਹੀ ਨਹੀਂ ਸਕਦੀ!”

ਮੁਸ਼ਕਲਾਂ ਦਾ ਸਾਮ੍ਹਣਾ ਕਰਨਾ

ਵਰੋਨੀਕਾ

ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਉੱਥੇ ਸੇਵਾ ਕਰਨੀ ਇੰਨੀ ਸੌਖੀ ਨਹੀਂ ਹੈ। ਇਕ ਮੁਸ਼ਕਲ ਹੈ ਆਪਣਾ ਗੁਜ਼ਾਰਾ ਤੋਰਨਾ। ਇਸ ਵਾਸਤੇ ਤੁਹਾਨੂੰ ਉਸ ਇਲਾਕੇ ਦੇ ਹਾਲਾਤਾਂ ਮੁਤਾਬਕ ਢਲ਼ਣ ਦੀ ਲੋੜ ਹੈ। ਵਰੋਨੀਕਾ ਨਾਂ ਦੀ ਇਕ ਤਜਰਬੇਕਾਰ ਪਾਇਨੀਅਰ ਦੱਸਦੀ ਹੈ: “ਜਿਸ ਇਲਾਕੇ ਵਿਚ ਮੈਂ ਸੇਵਾ ਕਰਦੀ ਸੀ, ਮੈਂ ਉੱਥੇ ਸਸਤਾ ਫਾਸਟ ਫੂਡ ਤਿਆਰ ਕਰ ਕੇ ਵੇਚਦੀ ਹੁੰਦੀ ਸੀ। ਇਕ ਹੋਰ ਜਗ੍ਹਾ ਮੈਂ ਕੱਪੜੇ ਵੇਚਦੀ ਸੀ ਅਤੇ ਲੋਕਾਂ ਦੇ ਵਾਲ਼ ਕੱਟਦੀ ਸੀ। ਹੁਣ ਮੈਂ ਇਕ ਘਰ ਵਿਚ ਸਫ਼ਾਈ ਦਾ ਕੰਮ ਕਰਦੀ ਹਾਂ ਅਤੇ ਨਵੇਂ ਬਣੇ ਮਾਪਿਆਂ ਨੂੰ ਇਹ ਸਿਖਾਉਂਦੀ ਹਾਂ ਕਿ ਉਹ ਆਪਣੇ ਬੱਚਿਆਂ ਨਾਲ ਕਿਵੇਂ ਗੱਲਬਾਤ ਕਰ ਸਕਦੇ ਹਨ ਤੇ ਉਨ੍ਹਾਂ ਦੇ ਜਜ਼ਬਾਤ ਕਿਵੇਂ ਸਮਝ ਸਕਦੇ ਹਨ।”

ਕਿਸੇ ਇਲਾਕੇ ਦੇ ਸਭਿਆਚਾਰ ਅਤੇ ਉੱਥੇ ਦੀਆਂ ਵੱਖ-ਵੱਖ ਰੀਤਾਂ-ਰਿਵਾਜਾਂ ਮੁਤਾਬਕ ਖ਼ੁਦ ਨੂੰ ਢਾਲਣਾ ਔਖਾ ਹੋ ਸਕਦਾ ਹੈ, ਖ਼ਾਸ ਕਰਕੇ ਜਦੋਂ ਤੁਸੀਂ ਕਿਸੇ ਦੂਰ-ਦੁਰਾਡੇ ਇਲਾਕੇ ਵਿਚ ਸੇਵਾ ਕਰਦੇ ਹੋ। ਫਿਲਿਪ ਤੇ ਰਾਕੇਲ ਨਾਲ ਵੀ ਇੱਦਾਂ ਹੀ ਹੋਇਆ ਜਦੋਂ ਉਹ ਨਹੂਆਟਲ ਲੋਕਾਂ ਨੂੰ ਪ੍ਰਚਾਰ ਕਰਨ ਲੱਗੇ। ਫਿਲਿਪ ਦੱਸਦਾ ਹੈ: “ਉਨ੍ਹਾਂ ਦੇ ਰੀਤ-ਰਿਵਾਜ ਸਾਡੇ ਤੋਂ ਬਿਲਕੁਲ ਵੱਖਰੇ ਸਨ।” ਕਿਹੜੀ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ? “ਅਸੀਂ ਨਹੂਆਟਲ ਲੋਕਾਂ ਦੀਆਂ ਖੂਬੀਆਂ ਵੱਲ ਧਿਆਨ ਦਿੱਤਾ ਜਿਵੇਂ ਕਿ ਪਰਿਵਾਰ ਵਿਚ ਆਪਸੀ ਪਿਆਰ ਹੋਣਾ, ਇਕ-ਦੂਜੇ ਦੀ ਦਿਲੋਂ ਇੱਜ਼ਤ ਕਰਨੀ ਅਤੇ ਦਰਿਆ-ਦਿਲੀ ਦਿਖਾਉਣੀ।” ਰਾਕੇਲ ਅੱਗੇ ਦੱਸਦੀ ਹੈ: “ਅਸੀਂ ਉੱਥੇ ਰਹਿ ਕੇ ਅਤੇ ਉੱਥੇ ਦੇ ਭੈਣਾਂ-ਭਰਾਵਾਂ ਨਾਲ ਸੇਵਾ ਕਰ ਕੇ ਬਹੁਤ ਕੁਝ ਸਿੱਖਿਆ।”

ਖ਼ੁਦ ਨੂੰ ਤਿਆਰ ਕਰਨਾ

ਜੇ ਤੁਸੀਂ ਦੂਰ-ਦੁਰਾਡੇ ਇਲਾਕੇ ਵਿਚ ਸੇਵਾ ਕਰਨੀ ਚਾਹੁੰਦੇ ਹੋ ਜਿੱਥੇ ਜ਼ਿਆਦਾ ਲੋੜ ਹੈ, ਤਾਂ ਤੁਸੀਂ ਹੁਣ ਖ਼ੁਦ ਨੂੰ ਕਿਵੇਂ ਤਿਆਰ ਕਰ ਸਕਦੇ ਹੋ? ਜਿਨ੍ਹਾਂ ਭੈਣਾਂ-ਭਰਾਵਾਂ ਨੇ ਇੱਦਾਂ ਕੀਤਾ ਹੈ, ਉਹ ਕਹਿੰਦੇ ਹਨ: ਉਸ ਇਲਾਕੇ ਵਿਚ ਜਾਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਸਾਦੀ ਬਣਾਓ ਅਤੇ ਸੰਤੁਸ਼ਟ ਰਹਿਣਾ ਸਿੱਖੋ। (ਫ਼ਿਲਿ. 4:11, 12) ਨਾਲੇ ਤੁਸੀਂ ਹੋਰ ਕੀ ਕਰ ਸਕਦੇ ਹੋ? ਲਟੀਸੀਆ ਦੱਸਦੀ ਹੈ: “ਮੈਂ ਉੱਦਾਂ ਦੀਆਂ ਨੌਕਰੀਆਂ ਨਹੀਂ ਕੀਤੀਆਂ ਜਿਨ੍ਹਾਂ ਕਰਕੇ ਮੈਨੂੰ ਇਕ ਹੀ ਜਗ੍ਹਾ ਲੰਬੇ ਸਮੇਂ ਲਈ ਰਹਿਣਾ ਪਵੇ ਤਾਂਕਿ ਮੈਂ ਲੋੜ ਪੈਣ ਤੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਆਸਾਨੀ ਨਾਲ ਜਾ ਸਕਾਂ।” ਅਰਮੀਲੋ ਕਹਿੰਦਾ ਹੈ: “ਮੈਂ ਖਾਣਾ ਬਣਾਉਣਾ, ਕੱਪੜੇ ਧੋਣੇ ਅਤੇ ਪ੍ਰੈੱਸ ਕਰਨੇ ਸਿੱਖੇ।” ਵਰੋਨੀਕਾ ਕਹਿੰਦੀ ਹੈ: “ਜਦੋਂ ਮੈਂ ਆਪਣੇ ਪਰਿਵਾਰ ਨਾਲ ਰਹਿੰਦੀ ਹੁੰਦੀ ਸੀ, ਤਾਂ ਘਰ ਦੀ ਸਫ਼ਾਈ ਕਰਦੀ ਸੀ। ਮੈਂ ਥੋੜ੍ਹੇ ਪੈਸਿਆਂ ਵਿਚ ਵਧੀਆ ਖਾਣਾ ਬਣਾਉਣਾ ਸਿੱਖਿਆ। ਮੈਂ ਪੈਸੇ ਬਚਾਉਣੇ ਵੀ ਸਿੱਖੇ।”

ਅਮੀਲੀਆ ਤੇ ਲੀਵਾਏ

ਲੀਵਾਏ ਅਤੇ ਅਮੀਲੀਆ ਅਮਰੀਕਾ ਤੋਂ ਹਨ ਅਤੇ ਉਨ੍ਹਾਂ ਦੇ ਵਿਆਹ ਨੂੰ ਅੱਠ ਸਾਲ ਹੋ ਚੁੱਕੇ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀਆਂ ਪ੍ਰਾਰਥਨਾਵਾਂ ਵਿਚ ਖ਼ਾਸ ਗੱਲਾਂ ਦਾ ਜ਼ਿਕਰ ਕੀਤਾ ਤਾਂਕਿ ਉਹ ਮੈਕਸੀਕੋ ਵਿਚ ਸੇਵਾ ਕਰਨ ਲਈ ਤਿਆਰ ਹੋ ਸਕਣ। ਲੀਵਾਏ ਕਹਿੰਦਾ ਹੈ: “ਅਸੀਂ ਪਹਿਲਾਂ ਹੀ ਹਿਸਾਬ-ਕਿਤਾਬ ਲਾ ਲਿਆ ਕਿ ਸਾਨੂੰ ਕਿਸੇ ਹੋਰ ਦੇਸ਼ ਵਿਚ ਇਕ ਸਾਲ ਸੇਵਾ ਕਰਨ ਲਈ ਕਿੰਨੇ ਕੁ ਪੈਸਿਆਂ ਦੀ ਲੋੜ ਸੀ। ਫਿਰ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਿਹਾ ਕਿ ਉਹ ਸਾਨੂੰ ਉੱਨੇ ਹੀ ਪੈਸੇ ਕਮਾਉਣ ਵਿਚ ਮਦਦ ਕਰੇ।” ਕੁਝ ਮਹੀਨਿਆਂ ਵਿਚ ਉਨ੍ਹਾਂ ਨੇ ਉੱਨੇ ਪੈਸੇ ਜੋੜ ਲਏ ਜਿੰਨੇ ਉਨ੍ਹਾਂ ਨੇ ਪ੍ਰਾਰਥਨਾ ਵਿਚ ਯਹੋਵਾਹ ਨੂੰ ਕਹੇ ਸਨ। ਫਿਰ ਉਹ ਮੈਕਸੀਕੋ ਚਲੇ ਗਏ। ਲੀਵਾਏ ਦੱਸਦਾ ਹੈ: “ਯਹੋਵਾਹ ਨੇ ਸਾਡੀ ਖ਼ਾਸ ਪ੍ਰਾਰਥਨਾ ਸੁਣ ਲਈ ਸੀ ਅਤੇ ਹੁਣ ਸਾਨੂੰ ਕਦਮ ਚੁੱਕਣ ਦੀ ਲੋੜ ਸੀ।” ਅਮੀਲੀਆ ਅੱਗੇ ਕਹਿੰਦੀ ਹੈ: “ਅਸੀਂ ਸੋਚਿਆ ਸੀ ਕਿ ਅਸੀਂ ਸਿਰਫ਼ ਇਕ ਸਾਲ ਮੈਕਸੀਕੋ ਰਹਾਂਗੇ, ਪਰ ਹੁਣ ਸਾਨੂੰ ਇੱਥੇ ਰਹਿੰਦਿਆਂ ਸੱਤ ਸਾਲ ਹੋ ਚੁੱਕੇ ਹਨ ਅਤੇ ਸਾਡਾ ਵਾਪਸ ਜਾਣ ਦਾ ਕੋਈ ਇਰਾਦਾ ਨਹੀਂ ਹੈ! ਯਹੋਵਾਹ ਹਰ ਤਰੀਕੇ ਨਾਲ ਸਾਡੀ ਮਦਦ ਕਰਦਾ ਹੈ ਅਤੇ ਉਹ ਰੋਜ਼ ਸਾਨੂੰ ਬੇਸ਼ੁਮਾਰ ਬਰਕਤਾਂ ਦਿੰਦਾ ਹੈ।”

ਐਡਮ ਤੇ ਜੈਨੀਫ਼ਰ

ਅਮਰੀਕਾ ਤੋਂ ਆਏ ਐਡਮ ਅਤੇ ਜੈਨੀਫ਼ਰ ਮੈਕਸੀਕੋ ਵਿਚ ਇਕ ਅੰਗ੍ਰੇਜ਼ੀ ਮੰਡਲੀ ਵਿਚ ਸੇਵਾ ਕਰ ਰਹੇ ਹਨ। ਇਹ ਜੋੜਾ ਦੱਸਦਾ ਹੈ ਕਿ ਪ੍ਰਾਰਥਨਾ ਕਰਨੀ ਕਿੰਨੀ ਜ਼ਰੂਰੀ ਹੈ: “ਜੇ ਤੁਸੀਂ ਕਿਸੇ ਹੋਰ ਦੇਸ਼ ਵਿਚ ਸੇਵਾ ਕਰਨੀ ਚਾਹੁੰਦੇ ਹੋ, ਤਾਂ ਯਹੋਵਾਹ ਨੂੰ ਇਸ ਬਾਰੇ ਪ੍ਰਾਰਥਨਾ ਕਰੋ ਅਤੇ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕਦਮ ਚੁੱਕੋ। ਇਹ ਨਾ ਸੋਚੋ ਕਿ ਤੁਹਾਡੇ ਹਾਲਾਤ ਵਧੀਆ ਹੋਣਗੇ, ਤਾਂ ਹੀ ਤੁਸੀਂ ਕਿਸੇ ਹੋਰ ਜਗ੍ਹਾ ਸੇਵਾ ਕਰੋਗੇ। ਆਪਣੀ ਜ਼ਿੰਦਗੀ ਸਾਦੀ ਬਣਾਓ, ਜਿਸ ਦੇਸ਼ ਵਿਚ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਉੱਥੇ ਦੇ ਬ੍ਰਾਂਚ ਆਫ਼ਿਸ ਨੂੰ ਲਿਖੋ ਅਤੇ ਹਿਸਾਬ-ਕਿਤਾਬ ਕਰਨ ਤੋਂ ਬਾਅਦ ਉੱਥੇ ਚਲੇ ਜਾਓ!” * ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਹਾਨੂੰ ਯਹੋਵਾਹ ਤੋਂ ਢੇਰ ਸਾਰੀਆਂ ਬਰਕਤਾਂ ਮਿਲਣਗੀਆਂ।

^ ਪੇਰਗ੍ਰੈਫ 21 ਹੋਰ ਜਾਣਕਾਰੀ ਲਈ ਅਗਸਤ 2011 ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤਾ ਇਹ ਲੇਖ “ਕੀ ਤੁਸੀਂ ‘ਮਕਦੂਨਿਯਾ ਵਿੱਚ ਉਤਰ ਕੇ’ ਸਹਾਇਤਾ ਕਰ ਸਕਦੇ ਹੋ?” ਦੇਖੋ।