Skip to content

Skip to table of contents

“ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ?”

“ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ?”

“ਤੇਰੀ ਮੌਜੂਦਗੀ ਦੀ ਅਤੇ ਇਸ ਯੁਗ ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?”​—ਮੱਤੀ 24:3.

1. ਯਿਸੂ ਦੇ ਰਸੂਲਾਂ ਵਾਂਗ ਅਸੀਂ ਕੀ ਜਾਣਨਾ ਚਾਹੁੰਦੇ ਹਾਂ?

ਯਿਸੂ ਧਰਤੀ ਉੱਤੇ ਆਪਣੀ ਸੇਵਕਾਈ ਖ਼ਤਮ ਕਰਨ ਵਾਲਾ ਸੀ ਅਤੇ ਉਸ ਦੇ ਚੇਲੇ ਬੇਸਬਰੀ ਨਾਲ ਜਾਣਨਾ ਚਾਹੁੰਦੇ ਸਨ ਕਿ ਭਵਿੱਖ ਵਿਚ ਕੀ ਹੋਵੇਗਾ। ਇਸ ਲਈ ਉਸ ਦੀ ਮੌਤ ਤੋਂ ਕੁਝ ਹੀ ਦਿਨ ਪਹਿਲਾਂ ਚਾਰ ਰਸੂਲਾਂ ਨੇ ਉਸ ਨੂੰ ਇਹ ਸਵਾਲ ਪੁੱਛਿਆ: “ਇਹ ਘਟਨਾਵਾਂ ਕਦੋਂ ਵਾਪਰਨਗੀਆਂ ਅਤੇ ਤੇਰੀ ਮੌਜੂਦਗੀ ਦੀ ਅਤੇ ਇਸ ਯੁਗ ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?” (ਮੱਤੀ 24:3; ਮਰ. 13:3) ਜਵਾਬ ਵਿਚ ਯਿਸੂ ਨੇ ਇਕ ਲੰਬੀ-ਚੌੜੀ ਭਵਿੱਖਬਾਣੀ ਕੀਤੀ ਜੋ ਅਸੀਂ ਮੱਤੀ 24 ਤੇ 25 ਵਿਚ ਪੜ੍ਹਦੇ ਹਾਂ। ਇਸ ਭਵਿੱਖਬਾਣੀ ਵਿਚ ਯਿਸੂ ਨੇ ਕਈ ਖ਼ਾਸ ਘਟਨਾਵਾਂ ਦੱਸੀਆਂ। ਇਹ ਗੱਲਾਂ ਸਾਡੇ ਲਈ ਵੀ ਮਾਅਨੇ ਰੱਖਦੀਆਂ ਹਨ ਕਿਉਂਕਿ ਅਸੀਂ ਵੀ ਭਵਿੱਖ ਬਾਰੇ ਜਾਣਨਾ ਚਾਹੁੰਦੇ ਹਾਂ।

2. (ੳ) ਸਾਲਾਂ ਦੌਰਾਨ ਅਸੀਂ ਯਿਸੂ ਦੀ ਕਿਸ ਭਵਿੱਖਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ? (ਅ) ਅਸੀਂ ਕਿਨ੍ਹਾਂ ਤਿੰਨ ਸਵਾਲਾਂ ’ਤੇ ਗੌਰ ਕਰਾਂਗੇ?

2 ਸਾਲਾਂ ਦੌਰਾਨ ਯਹੋਵਾਹ ਦੇ ਸੇਵਕਾਂ ਨੇ ਆਖ਼ਰੀ ਦਿਨਾਂ ਬਾਰੇ ਯਿਸੂ ਦੀ ਇਸ ਭਵਿੱਖਬਾਣੀ ਨੂੰ ਸਮਝਣ ਲਈ ਬਹੁਤ ਸਟੱਡੀ ਤੇ ਪ੍ਰਾਰਥਨਾ ਕੀਤੀ ਹੈ। ਉਨ੍ਹਾਂ ਨੇ ਖ਼ਾਸ ਕਰਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਗੱਲਾਂ ਕਦੋਂ ਪੂਰੀਆਂ ਹੋਣਗੀਆਂ। ਇਹ ਦੇਖਣ ਲਈ ਕਿ ਇਸ ਭਵਿੱਖਬਾਣੀ ਬਾਰੇ ਸਾਡੀ ਸਮਝ ਕਿਵੇਂ ਵਧੀ ਹੈ, ਆਓ ਆਪਾਂ ਤਿੰਨ ਸਵਾਲਾਂ ’ਤੇ ਗੌਰ ਕਰੀਏ। “ਮਹਾਂਕਸ਼ਟ” ਕਦੋਂ ਸ਼ੁਰੂ ਹੁੰਦਾ ਹੈ? ਯਿਸੂ “ਭੇਡਾਂ ਅਤੇ ਬੱਕਰੀਆਂ” ਦਾ ਨਿਆਂ ਕਦੋਂ ਕਰਦਾ ਹੈ? ਯਿਸੂ ਕਦੋਂ ‘ਆਉਂਦਾ’ ਹੈ?​—ਮੱਤੀ 24:21; 25:31-33.

ਮਹਾਂਕਸ਼ਟ ਕਦੋਂ ਸ਼ੁਰੂ ਹੁੰਦਾ ਹੈ?

3. ਪਹਿਲਾਂ ਅਸੀਂ ਮਹਾਂਕਸ਼ਟ ਬਾਰੇ ਕੀ ਸੋਚਦੇ ਸੀ?

3 ਕਈ ਸਾਲਾਂ ਤਕ ਅਸੀਂ ਸੋਚਿਆ ਕਿ ਮਹਾਂਕਸ਼ਟ 1914 ਵਿਚ ਪਹਿਲੇ ਵਿਸ਼ਵ ਯੁੱਧ ਨਾਲ ਸ਼ੁਰੂ ਹੋਇਆ ਸੀ। ਨਾਲੇ ਅਸੀਂ ਮੰਨਦੇ ਸੀ ਕਿ ਯਹੋਵਾਹ ਨੇ ‘ਦਿਨ ਉਦੋਂ ਘਟਾਏ’ ਜਦ 1918 ਵਿਚ ਇਹ ਯੁੱਧ ਖ਼ਤਮ ਹੋਇਆ ਤਾਂਕਿ ਚੁਣੇ ਹੋਏ ਮਸੀਹੀ ਸਾਰੀਆਂ ਕੌਮਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਣ। (ਮੱਤੀ 24:21, 22) ਫਿਰ ਪ੍ਰਚਾਰ ਪੂਰਾ ਹੋਣ ਤੋਂ ਬਾਅਦ ਸ਼ੈਤਾਨ ਦੀ ਦੁਨੀਆਂ ਦਾ ਨਾਸ਼ ਹੋਣਾ ਸੀ। ਸੋ ਮੰਨਿਆ ਜਾਂਦਾ ਸੀ ਕਿ ਮਹਾਂਕਸ਼ਟ ਦੇ ਤਿੰਨ ਹਿੱਸੇ ਸਨ: ਇਸ ਦੀ ਸ਼ੁਰੂਆਤ 1914-1918 ਵਿਚ ਹੋਈ, 1918 ਤੋਂ ਇਸ ਨੂੰ ਕੁਝ ਸਮੇਂ ਲਈ ਰੋਕਿਆ ਗਿਆ ਅਤੇ ਫਿਰ ਆਰਮਾਗੇਡਨ ਦੀ ਲੜਾਈ ਨਾਲ ਇਸ ਦਾ ਅੰਤ ਹੋਵੇਗਾ।

4. ਕਿਹੜੀ ਜਾਣਕਾਰੀ ਕਰਕੇ ਅਸੀਂ ਯਿਸੂ ਦੀ ਭਵਿੱਖਬਾਣੀ ਬਾਰੇ ਹੋਰ ਗੱਲਾਂ ਸਮਝ ਪਾਏ ਹਾਂ?

4 ਆਖ਼ਰੀ ਦਿਨਾਂ ਬਾਰੇ ਯਿਸੂ ਦੀ ਭਵਿੱਖਬਾਣੀ ਦੀ ਹੋਰ ਜਾਂਚ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇਸ ਭਵਿੱਖਬਾਣੀ ਦੀ ਪੂਰਤੀ ਦੋ ਸਮਿਆਂ ’ਤੇ ਹੋਣੀ ਸੀ। (ਮੱਤੀ 24:4-22) ਪਹਿਲੀ ਵਾਰ ਪਹਿਲੀ ਸਦੀ ਵਿਚ ਯਹੂਦੀਆ ਵਿਚ ਹੋਈ ਸੀ ਅਤੇ ਦੂਜੀ ਵਾਰ ਸਾਡੇ ਜ਼ਮਾਨੇ ਵਿਚ ਪੂਰੀ ਦੁਨੀਆਂ ਵਿਚ ਹੁੰਦੀ ਹੈ। ਇਸ ਜਾਣਕਾਰੀ ਕਰਕੇ ਸਾਨੂੰ ਇਸ ਭਵਿੱਖਬਾਣੀ ਦੀਆਂ ਹੋਰ ਕਈ ਗੱਲਾਂ ਬਾਰੇ ਆਪਣੀ ਸਮਝ ਵਿਚ ਤਬਦੀਲੀ ਕਰਨੀ ਪਈ। *

5. (ੳ) ਸਾਲ 1914 ਵਿਚ ਕਿਹੜਾ ਮੁਸ਼ਕਲ ਸਮਾਂ ਸ਼ੁਰੂ ਹੋਇਆ ਸੀ? (ਅ) ਇਹ ਮੁਸ਼ਕਲ ਸਮਾਂ ਪਹਿਲੀ ਸਦੀ ਦੇ ਕਿਸ ਸਮੇਂ ਨਾਲ ਮਿਲਦਾ-ਜੁਲਦਾ ਹੈ?

5 ਸਾਨੂੰ ਇਹ ਵੀ ਪਤਾ ਲੱਗਾ ਕਿ ਮਹਾਂਕਸ਼ਟ 1914 ਵਿਚ ਸ਼ੁਰੂ ਨਹੀਂ ਸੀ ਹੋਇਆ। ਕਿਉਂ? ਕਿਉਂਕਿ ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਮਹਾਂਕਸ਼ਟ ਕੌਮਾਂ ਦੇ ਕਿਸੇ ਯੁੱਧ ਨਾਲ ਨਹੀਂ, ਸਗੋਂ ਧਰਮਾਂ ਉੱਤੇ ਹਮਲੇ ਨਾਲ ਸ਼ੁਰੂ ਹੋਵੇਗਾ। ਇਸ ਲਈ 1914 ਵਿਚ ਸ਼ੁਰੂ ਹੋਈਆਂ ਘਟਨਾਵਾਂ ਮਹਾਂਕਸ਼ਟ ਦੀ ਨਹੀਂ, ਬਲਕਿ “ਪੀੜਾਂ ਦੀ ਸ਼ੁਰੂਆਤ” ਸੀ। (ਮੱਤੀ 24:8) ਇਹ “ਪੀੜਾਂ” ਉਨ੍ਹਾਂ ਘਟਨਾਵਾਂ ਨਾਲ ਮਿਲਦੀਆਂ-ਜੁਲਦੀਆਂ ਹਨ ਜੋ ਯਰੂਸ਼ਲਮ ਅਤੇ ਯਹੂਦੀਆ ਵਿਚ 33 ਤੋਂ 66 ਈਸਵੀ ਦੌਰਾਨ ਹੋਈਆਂ ਸਨ।

6. ਮਹਾਂਕਸ਼ਟ ਦੇ ਸ਼ੁਰੂ ਹੋਣ ਦੀ ਕੀ ਨਿਸ਼ਾਨੀ ਹੋਵੇਗੀ?

6 ਮਹਾਂਕਸ਼ਟ ਦੇ ਸ਼ੁਰੂ ਹੋਣ ਦੀ ਕੀ ਨਿਸ਼ਾਨੀ ਹੋਵੇਗੀ? ਯਿਸੂ ਨੇ ਕਿਹਾ ਸੀ: “ਜਦ ਤੁਸੀਂ ਬਰਬਾਦ ਕਰਨ ਵਾਲੀ ਘਿਣਾਉਣੀ ਚੀਜ਼ ਨੂੰ ਪਵਿੱਤਰ ਥਾਂ ’ਤੇ ਖੜ੍ਹੀ ਦੇਖੋਗੇ, ਜਿਵੇਂ ਦਾਨੀਏਲ ਨਬੀ ਨੇ ਦੱਸਿਆ ਸੀ (ਇਸ ਬਿਰਤਾਂਤ ਨੂੰ ਪੜ੍ਹਨ ਵਾਲਾ ਸਮਝ ਤੋਂ ਕੰਮ ਲਵੇ), ਤਾਂ ਜਿਹੜੇ ਯਹੂਦੀਆ ਵਿਚ ਹੋਣ, ਉਹ ਪਹਾੜਾਂ ਨੂੰ ਭੱਜ ਜਾਣ।” (ਮੱਤੀ 24:15, 16) ਪਹਿਲੀ ਵਾਰ ਘਿਣਾਉਣੀ ਚੀਜ਼ ਨੂੰ ਪਵਿੱਤਰ ਥਾਂ ’ਤੇ ਕਦੋਂ ਖੜ੍ਹੀ ਦੇਖਿਆ ਗਿਆ ਸੀ? 66 ਈਸਵੀ ਵਿਚ ਜਦ ਰੋਮੀ ਫ਼ੌਜ (“ਘਿਣਾਉਣੀ ਚੀਜ਼”) ਨੇ ਯਰੂਸ਼ਲਮ ਤੇ ਉਸ ਦੇ ਮੰਦਰ (ਯਹੂਦੀਆਂ ਦੀਆਂ ਨਜ਼ਰਾਂ ਵਿਚ ਪਵਿੱਤਰ ਥਾਂ) ਉੱਤੇ ਹਮਲਾ ਕੀਤਾ ਸੀ। ਸਾਡੇ ਜ਼ਮਾਨੇ ਵਿਚ ਇਹ ਭਵਿੱਖਬਾਣੀ ਉਦੋਂ ਪੂਰੀ ਹੋਵੇਗੀ ਜਦ ਸੰਯੁਕਤ ਰਾਸ਼ਟਰ-ਸੰਘ (“ਘਿਣਾਉਣੀ ਚੀਜ਼”) ਈਸਾਈ ਧਰਮ (ਈਸਾਈਆਂ ਦੀਆਂ ਨਜ਼ਰਾਂ ਵਿਚ ਪਵਿੱਤਰ) ਅਤੇ ਬਾਕੀ ਮਹਾਂ ਬਾਬਲ ਉੱਤੇ ਹਮਲਾ ਕਰੇਗਾ। ਇਸੇ ਹਮਲੇ ਬਾਰੇ ਪ੍ਰਕਾਸ਼ ਦੀ ਕਿਤਾਬ 17:16-18 ਵਿਚ ਵੀ ਗੱਲ ਕੀਤੀ ਗਈ ਹੈ। ਇਹ ਘਟਨਾ ਮਹਾਂਕਸ਼ਟ ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੋਵੇਗੀ।

7. (ੳ) ਪਹਿਲੀ ਸਦੀ ਵਿਚ ਮਸੀਹੀਆਂ ਨੂੰ ਕਿਵੇਂ ਬਚਾਇਆ ਗਿਆ ਸੀ? (ਅ) ਮਹਾਂਕਸ਼ਟ ਦੌਰਾਨ ਕੀ ਹੋਵੇਗਾ?

7 ਯਿਸੂ ਨੇ ਇਹ ਵੀ ਕਿਹਾ ਸੀ: ‘ਪਰਮੇਸ਼ੁਰ ਇਹ ਦਿਨ ਘਟਾਵੇਗਾ।’ ਪਹਿਲੀ ਸਦੀ ਵਿਚ ਇਹ ਗੱਲ 66 ਈਸਵੀ ਵਿਚ ਪੂਰੀ ਹੋਈ ਜਦ ਰੋਮੀ ਫ਼ੌਜ ਨੇ ਯਰੂਸ਼ਲਮ ਉੱਤੇ ਹਮਲਾ ਤਾਂ ਕੀਤਾ, ਪਰ ਕਿਸੇ ਕਾਰਨ ਕਰਕੇ ਪਿੱਛੇ ਹਟ ਗਈ। ਫਿਰ ਯਰੂਸ਼ਲਮ ਤੇ ਯਹੂਦੀਆ ਵਿਚ ਚੁਣੇ ਹੋਏ ਮਸੀਹੀ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜ ਗਏ। (ਮੱਤੀ 24:22 ਪੜ੍ਹੋ; ਮਲਾ. 3:17) ਸੋ ਆਉਣ ਵਾਲੇ ਮਹਾਂਕਸ਼ਟ ਦੌਰਾਨ ਕੀ ਹੋਵੇਗਾ? ਯਹੋਵਾਹ ਧਰਮਾਂ ਉੱਤੇ ਸੰਯੁਕਤ ਰਾਸ਼ਟਰ-ਸੰਘ ਦੇ ਹਮਲੇ ਦੇ “ਦਿਨ ਘਟਾਵੇਗਾ” ਤਾਂਕਿ ਸੱਚੇ ਧਰਮ ਦਾ ਖ਼ਾਤਮਾ ਨਾ ਹੋਵੇ। ਇਸ ਤਰ੍ਹਾਂ ਪਰਮੇਸ਼ੁਰ ਦੇ ਲੋਕਾਂ ਨੂੰ ਬਚਾਇਆ ਜਾਵੇਗਾ।

8. (ੳ) ਮਹਾਂਕਸ਼ਟ ਦੌਰਾਨ ਅੱਗੇ ਕੀ ਹੋਵੇਗਾ? (ਅ) ਅਸੀਂ 1,44,000 ਦੇ ਆਖ਼ਰੀ ਮੈਂਬਰ ਦੇ ਸਵਰਗ ਲਿਜਾਏ ਜਾਣ ਬਾਰੇ ਕੀ ਕਹਿ ਸਕਦੇ ਹਾਂ? (ਨੋਟ ਦੇਖੋ।)

 8 ਮਹਾਂਕਸ਼ਟ ਦੌਰਾਨ ਅੱਗੇ ਕੀ ਹੋਵੇਗਾ? ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਮਹਾਂਕਸ਼ਟ ਸ਼ੁਰੂ ਹੋਣ ਤੋਂ ਬਾਅਦ ਆਰਮਾਗੇਡਨ ਇਕਦਮ ਨਹੀਂ, ਸਗੋਂ ਕੁਝ ਸਮੇਂ ਬਾਅਦ ਆਵੇਗਾ। ਆਰਮਾਗੇਡਨ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਵਾਪਰਨਗੀਆਂ? ਸਾਨੂੰ ਇਸ ਦਾ ਜਵਾਬ ਹਿਜ਼ਕੀਏਲ 38:14-16 ਅਤੇ ਮੱਤੀ 24:29-31 (ਪੜ੍ਹੋ।) ਵਿਚ ਮਿਲਦਾ ਹੈ। * ਫਿਰ ਅਸੀਂ ਆਪਣੀ ਅੱਖੀਂ ਮਹਾਂਕਸ਼ਟ ਦਾ ਅੰਤ ਯਾਨੀ ਆਰਮਾਗੇਡਨ ਦੀ ਲੜਾਈ ਦੇਖਾਂਗੇ ਜੋ 70 ਈਸਵੀ ਵਿਚ ਯਰੂਸ਼ਲਮ ਦੀ ਤਬਾਹੀ ਨਾਲ ਮੇਲ ਖਾਂਦੀ ਹੈ। (ਮਲਾ. 4:1) ਆਰਮਾਗੇਡਨ ਦੀ ਲੜਾਈ ਨਾਲ ਮਹਾਂਕਸ਼ਟ ਖ਼ਤਮ ਹੋਵੇਗਾ। ਇਹ ਅਜਿਹਾ ਕਸ਼ਟ ਹੋਵੇਗਾ ਜੋ ‘ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਕਦੇ ਨਹੀਂ ਆਇਆ।’ (ਮੱਤੀ 24:21) ਇਸ ਲੜਾਈ ਤੋਂ ਬਾਅਦ ਯਿਸੂ ਦਾ ਹਜ਼ਾਰ ਸਾਲ ਦਾ ਰਾਜ ਸ਼ੁਰੂ ਹੋਵੇਗਾ।

9. ਮਹਾਂਕਸ਼ਟ ਬਾਰੇ ਯਿਸੂ ਦੀ ਭਵਿੱਖਬਾਣੀ ਦਾ ਯਹੋਵਾਹ ਦੇ ਲੋਕਾਂ ਉੱਤੇ ਕੀ ਅਸਰ ਪੈਂਦਾ ਹੈ?

9 ਮਹਾਂਕਸ਼ਟ ਬਾਰੇ ਇਸ ਭਵਿੱਖਬਾਣੀ ਤੋਂ ਸਾਨੂੰ ਹੌਸਲਾ ਮਿਲਦਾ ਹੈ। ਕਿਉਂ? ਕਿਉਂਕਿ ਸਾਨੂੰ ਭਰੋਸਾ ਹੈ ਕਿ ਉਸ ਸਮੇਂ ਸਾਨੂੰ ਜੋ ਮਰਜ਼ੀ ਮੁਸ਼ਕਲਾਂ ਸਹਿਣੀਆਂ ਪੈਣ, ਯਹੋਵਾਹ ਦੇ ਲੋਕ ਮਹਾਂਕਸ਼ਟ ਵਿੱਚੋਂ ਬਚਾਏ ਜਾਣਗੇ। (ਪ੍ਰਕਾ. 7:9, 14) ਸਭ ਤੋਂ ਵੱਧ ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਆਰਮਾਗੇਡਨ ਰਾਹੀਂ ਯਹੋਵਾਹ ਸਾਬਤ ਕਰੇਗਾ ਕਿ ਉਸ ਦੇ ਰਾਜ ਕਰਨ ਦਾ ਤਰੀਕਾ ਹੀ ਸਹੀ ਹੈ ਅਤੇ ਉਹ ਆਪਣੇ ਨਾਂ ਨੂੰ ਪਵਿੱਤਰ ਕਰੇਗਾ।—ਜ਼ਬੂ. 83:18; ਹਿਜ਼. 38:23.

ਯਿਸੂ ਭੇਡਾਂ ਅਤੇ ਬੱਕਰੀਆਂ ਦਾ ਨਿਆਂ ਕਦੋਂ ਕਰਦਾ ਹੈ?

10. ਪਹਿਲਾਂ ਅਸੀਂ ਭੇਡਾਂ ਅਤੇ ਬੱਕਰੀਆਂ ਦੇ ਨਿਆਂ ਬਾਰੇ ਕੀ ਸੋਚਦੇ ਸੀ?

10 ਆਓ ਹੁਣ ਆਪਾਂ ਯਿਸੂ ਦੀ ਭਵਿੱਖਬਾਣੀ ਦੇ ਇਕ ਹੋਰ ਹਿੱਸੇ ਬਾਰੇ ਗੱਲ ਕਰੀਏ ਯਾਨੀ ਭੇਡਾਂ ਅਤੇ ਬੱਕਰੀਆਂ ਦੇ ਨਿਆਂ ਦੀ ਮਿਸਾਲ। (ਮੱਤੀ 25:31-46) ਪਹਿਲਾਂ ਅਸੀਂ ਸੋਚਦੇ ਸੀ ਕਿ ਇਸ ਮਿਸਾਲ ਮੁਤਾਬਕ ਲੋਕਾਂ ਦਾ ਨਿਆਂ 1914 ਤੋਂ ਸ਼ੁਰੂ ਹੋ ਕੇ ਆਖ਼ਰੀ ਦਿਨਾਂ ਦੌਰਾਨ ਹੁੰਦਾ ਰਹੇਗਾ। ਅਸੀਂ ਇਹ ਸਿੱਟਾ ਕੱਢਿਆ ਸੀ ਕਿ ਜਿਹੜੇ ਲੋਕ ਰਾਜ ਦੇ ਸੰਦੇਸ਼ ਨੂੰ ਕਬੂਲ ਨਹੀਂ ਕਰਦੇ ਅਤੇ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਮਰ ਜਾਂਦੇ ਹਨ, ਉਨ੍ਹਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ।

11. ਸਾਲ 1914 ਵਿਚ ਭੇਡਾਂ ਅਤੇ ਬੱਕਰੀਆਂ ਦਾ ਨਿਆਂ ਕਿਉਂ ਨਹੀਂ ਸ਼ੁਰੂ ਹੋ ਸਕਦਾ ਸੀ?

11 ਸਾਲ 1995 ਵਿਚ ਪਹਿਰਾਬੁਰਜ ਨੇ ਮੱਤੀ 25:31 ਵੱਲ ਦੁਬਾਰਾ ਧਿਆਨ ਦਿੱਤਾ ਜਿੱਥੇ ਲਿਖਿਆ ਹੈ: “ਜਦੋਂ ਮਨੁੱਖ ਦਾ ਪੁੱਤਰ ਪੂਰੀ ਸ਼ਾਨੋ-ਸ਼ੌਕਤ ਨਾਲ ਆਪਣੇ ਸਾਰੇ ਦੂਤਾਂ ਸਣੇ ਆਵੇਗਾ, ਉਦੋਂ ਉਹ ਆਪਣੇ ਸ਼ਾਨਦਾਰ ਸਿੰਘਾਸਣ ਉੱਤੇ ਬੈਠੇਗਾ।” ਪਹਿਰਾਬੁਰਜ ਵਿਚ ਸਮਝਾਇਆ ਗਿਆ ਸੀ ਕਿ ਯਿਸੂ 1914 ਵਿਚ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਿਆ ਸੀ, ਪਰ ਉਹ “ਸਾਰੀਆਂ ਕੌਮਾਂ” ਦਾ ਨਿਆਂ ਕਰਨ ਲਈ “ਆਪਣੇ ਸ਼ਾਨਦਾਰ ਸਿੰਘਾਸਣ ਉੱਤੇ” ਨਹੀਂ ਬੈਠਾ ਸੀ। (ਮੱਤੀ 25:32; ਦਾਨੀਏਲ 7:13 ਵਿਚ ਨੁਕਤਾ ਦੇਖੋ।) ਲੇਕਿਨ ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਵਿਚ ਯਿਸੂ ਨੂੰ ਖ਼ਾਸ ਕਰਕੇ ਨਿਆਂਕਾਰ ਵਜੋਂ ਦਿਖਾਇਆ ਗਿਆ ਹੈ। (ਮੱਤੀ 25:31-34, 41, 46 ਪੜ੍ਹੋ।) ਸਾਲ 1914 ਵਿਚ ਯਿਸੂ ਨੇ ਅਜੇ ਸਾਰੀਆਂ ਕੌਮਾਂ ਦਾ ਨਿਆਂ ਕਰਨਾ ਸ਼ੁਰੂ ਨਹੀਂ ਕੀਤਾ ਸੀ, ਇਸ ਲਈ ਭੇਡਾਂ ਅਤੇ ਬੱਕਰੀਆਂ ਦਾ ਨਿਆਂ ਉਸ ਸਾਲ ਨਹੀਂ ਸ਼ੁਰੂ ਹੋ ਸਕਦਾ ਸੀ। * ਤਾਂ ਫਿਰ ਯਿਸੂ ਨਿਆਂ ਕਰਨਾ ਕਦੋਂ ਸ਼ੁਰੂ ਕਰੇਗਾ?

12. (ੳ) ਯਿਸੂ ਸਾਰੀਆਂ ਕੌਮਾਂ ਦਾ ਨਿਆਂ ਕਦੋਂ ਕਰੇਗਾ? (ਅ) ਮੱਤੀ 24:30, 31 ਅਤੇ ਮੱਤੀ 25:31-33, 46 ਵਿਚ ਕਿਹੜੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ?

 12 ਆਖ਼ਰੀ ਦਿਨਾਂ ਬਾਰੇ ਯਿਸੂ ਦੀ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਧਰਮਾਂ ਦੇ ਖ਼ਾਤਮੇ ਤੋਂ ਬਾਅਦ ਹੀ ਯਿਸੂ ਸਾਰੀਆਂ ਕੌਮਾਂ ਦਾ ਨਿਆਂ ਕਰੇਗਾ।  ਪੈਰਾ 8 ਮੁਤਾਬਕ ਮੱਤੀ 24:30, 31 ਵਿਚ ਦੱਸਿਆ ਗਿਆ ਹੈ ਕਿ ਉਸ ਸਮੇਂ ਕਿਹੜੀਆਂ ਕੁਝ ਘਟਨਾਵਾਂ ਹੋਣਗੀਆਂ। ਇਨ੍ਹਾਂ ਆਇਤਾਂ ਦੀ ਜਾਂਚ ਕਰ ਕੇ ਤੁਸੀਂ ਦੇਖੋਗੇ ਕਿ ਇਨ੍ਹਾਂ ਵਿਚ ਦੱਸੀਆਂ ਗੱਲਾਂ ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਵਿਚ ਦੱਸੀਆਂ ਗੱਲਾਂ ਨਾਲ ਮੇਲ ਖਾਂਦੀਆਂ ਹਨ। ਮਿਸਾਲ ਲਈ, ਮਨੁੱਖ ਦਾ ਪੁੱਤਰ ਪੂਰੀ ਸ਼ਾਨੋ-ਸ਼ੌਕਤ ਨਾਲ ਦੂਤਾਂ ਸਣੇ ਆਵੇਗਾ; ਸਾਰੀਆਂ ਕੌਮਾਂ ਇਕੱਠੀਆਂ ਕੀਤੀਆਂ ਜਾਣਗੀਆਂ; ਜਿਨ੍ਹਾਂ ਲੋਕਾਂ ਦਾ ਨਿਆਂ ਭੇਡਾਂ ਵਜੋਂ ਕੀਤਾ ਜਾਵੇਗਾ, ਉਹ ਆਪਣੇ ‘ਸਿਰ ਉੱਪਰ ਚੁੱਕਣਗੇ’ ਕਿਉਂਕਿ ਉਨ੍ਹਾਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਮਿਲੇਗੀ। * ਜਿਨ੍ਹਾਂ ਲੋਕਾਂ ਦਾ ਨਿਆਂ ਬੱਕਰੀਆਂ ਵਜੋਂ ਕੀਤਾ ਜਾਵੇਗਾ, ਉਹ ‘ਆਪਣੀ ਛਾਤੀ ਪਿੱਟਣਗੇ’ ਕਿਉਂਕਿ ਉਹ “ਹਮੇਸ਼ਾ ਲਈ ਖ਼ਤਮ ਹੋ ਜਾਣਗੇ।”—ਮੱਤੀ 25:31-33, 46.

13. (ੳ) ਯਿਸੂ ਭੇਡਾਂ ਅਤੇ ਬੱਕਰੀਆਂ ਵਜੋਂ ਲੋਕਾਂ ਦਾ ਨਿਆਂ ਕਦੋਂ ਕਰੇਗਾ? (ਅ) ਪ੍ਰਚਾਰ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?

13 ਤਾਂ ਫਿਰ ਅਸੀਂ ਕੀ ਸਿੱਖਿਆ ਹੈ? ਯਿਸੂ ਸਾਰੀਆਂ ਕੌਮਾਂ ਦੇ ਲੋਕਾਂ ਦਾ ਨਿਆਂ ਭੇਡਾਂ ਜਾਂ ਬੱਕਰੀਆਂ ਵਜੋਂ ਉਦੋਂ ਕਰੇਗਾ ਜਦ ਉਹ ਮਹਾਂਕਸ਼ਟ ਦੌਰਾਨ ਆਵੇਗਾ। ਫਿਰ ਮਹਾਂਕਸ਼ਟ ਦੇ ਅੰਤ ਵਿਚ ਯਾਨੀ ਆਰਮਾਗੇਡਨ ਦੀ ਲੜਾਈ ਵਿਚ ਉਨ੍ਹਾਂ ਲੋਕਾਂ ਨੂੰ ‘ਖ਼ਤਮ ਕੀਤਾ ਜਾਵੇਗਾ’ ਜਿਨ੍ਹਾਂ ਦਾ ਨਿਆਂ ਬੱਕਰੀਆਂ ਵਜੋਂ ਹੁੰਦਾ ਹੈ। ਇਨ੍ਹਾਂ ਗੱਲਾਂ ਕਰਕੇ ਪ੍ਰਚਾਰ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ? ਪ੍ਰਚਾਰ ਕਰਨਾ ਬੇਹੱਦ ਜ਼ਰੂਰੀ ਹੈ। ਜਿੰਨਾ ਚਿਰ ਮਹਾਂਕਸ਼ਟ ਸ਼ੁਰੂ ਨਹੀਂ ਹੁੰਦਾ, ਉੱਨਾ ਚਿਰ ਲੋਕਾਂ ਕੋਲ ਆਪਣੀ ਸੋਚ ਬਦਲਣ ਅਤੇ ‘ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦੇ’ ਤੰਗ ਰਾਹ ਉੱਤੇ ਚੱਲਣ ਦਾ ਮੌਕਾ ਹੈ। (ਮੱਤੀ 7:13, 14) ਇਹ ਸੱਚ ਹੈ ਕਿ ਕਈ ਲੋਕ ਸਾਡੀ ਗੱਲ ਸੁਣਦੇ ਹਨ ਤੇ ਕਈ ਨਹੀਂ। ਫਿਰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਲੋਕਾਂ ਦਾ ਆਖ਼ਰੀ ਨਿਆਂ ਮਹਾਂਕਸ਼ਟ ਦੌਰਾਨ ਹੋਵੇਗਾ। ਇਸ ਲਈ ਸਾਨੂੰ ਵਧ-ਚੜ੍ਹ ਕੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੱਚਾਈ ਕਬੂਲ ਕਰਨ ਦਾ ਮੌਕਾ ਮਿਲੇ।

ਜਿੰਨਾ ਚਿਰ ਮਹਾਂਕਸ਼ਟ ਸ਼ੁਰੂ ਨਹੀਂ ਹੁੰਦਾ, ਉੱਨਾ ਚਿਰ ਲੋਕਾਂ ਕੋਲ ਆਪਣੀ ਸੋਚ ਬਦਲਣ ਦਾ ਮੌਕਾ ਹੈ (ਪੈਰਾ 13 ਦੇਖੋ)

ਯਿਸੂ ਕਦੋਂ ਆਉਂਦਾ ਹੈ?

14, 15. ਕਿਨ੍ਹਾਂ ਚਾਰ ਆਇਤਾਂ ਵਿਚ ਉਸ ਸਮੇਂ ਦੀ ਗੱਲ ਕੀਤੀ ਗਈ ਹੈ ਜਦ ਯਿਸੂ ਨਿਆਂ ਕਰਨ ਆਵੇਗਾ?

14 ਯਿਸੂ ਦੀ ਭਵਿੱਖਬਾਣੀ ਉੱਤੇ ਗੌਰ ਕਰਨ ਤੋਂ ਬਾਅਦ, ਕੀ ਸਾਨੂੰ ਇਸ ਵਿਚ ਦੱਸੀਆਂ ਹੋਰ ਗੱਲਾਂ ਬਾਰੇ ਵੀ ਆਪਣੀ ਸੋਚ ਬਦਲਣ ਦੀ ਲੋੜ ਹੈ? ਬਾਈਬਲ ਵਿਚ ਇਸ ਪੂਰੀ ਭਵਿੱਖਬਾਣੀ ਦੀ ਧਿਆਨ ਨਾਲ ਸਟੱਡੀ ਕਰ ਕੇ ਸਾਨੂੰ ਇਸ ਦਾ ਜਵਾਬ ਮਿਲਦਾ ਹੈ। ਆਓ ਦੇਖੀਏ ਕਿਵੇਂ।

15 ਮੱਤੀ 24:29–25:46 ਵਿਚ ਯਿਸੂ ਖ਼ਾਸ ਕਰਕੇ ਦੱਸਦਾ ਹੈ ਕਿ ਆਖ਼ਰੀ ਦਿਨਾਂ ਵਿਚ ਅਤੇ ਆਉਣ ਵਾਲੇ ਮਹਾਂਕਸ਼ਟ ਵਿਚ ਕੀ-ਕੀ ਹੋਵੇਗਾ। ਇਨ੍ਹਾਂ ਆਇਤਾਂ ਵਿਚ ਯਿਸੂ ਅੱਠ ਵਾਰ ਆਪਣੇ ‘ਆਉਣ’ ਜਾਂ ਪਹੁੰਚਣ ਦੀ ਗੱਲ ਕਰਦਾ ਹੈ। * ਮਹਾਂਕਸ਼ਟ ਬਾਰੇ ਉਹ ਕਹਿੰਦਾ ਹੈ: ‘ਕੌਮਾਂ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਵਿਚ ਆਉਂਦਾ ਦੇਖਣਗੀਆਂ।’ “ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹੜੇ ਦਿਨ ਆਵੇਗਾ।” “ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਤੁਸੀਂ ਉਸ ਦੇ ਆਉਣ ਦੀ ਆਸ ਨਾ ਰੱਖੋਗੇ।” ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਵਿਚ ਯਿਸੂ ਨੇ ਕਿਹਾ: ‘ਮਨੁੱਖ ਦਾ ਪੁੱਤਰ ਪੂਰੀ ਸ਼ਾਨੋ-ਸ਼ੌਕਤ ਨਾਲ ਆਵੇਗਾ।’ (ਮੱਤੀ 24:30, 42, 44; 25:31) ਇਨ੍ਹਾਂ ਚਾਰਾਂ ਆਇਤਾਂ ਵਿਚ ਉਸ ਸਮੇਂ ਦੀ ਗੱਲ ਕੀਤੀ ਗਈ ਹੈ ਜਦ ਯਿਸੂ ਭਵਿੱਖ ਵਿਚ ਨਿਆਂ ਕਰਨ ਆਵੇਗਾ। ਯਿਸੂ ਦੀ ਭਵਿੱਖਬਾਣੀ ਵਿਚ ਉਸ ਦੇ ਆਉਣ ਬਾਰੇ ਹੋਰ ਕਿਹੜੀਆਂ ਚਾਰ ਆਇਤਾਂ ਹਨ?

16. ਕਿਨ੍ਹਾਂ ਹੋਰ ਆਇਤਾਂ ਵਿਚ ਯਿਸੂ ਦੇ ਆਉਣ ਦਾ ਜ਼ਿਕਰ ਕੀਤਾ ਗਿਆ ਹੈ?

16 ਵਫ਼ਾਦਾਰ ਅਤੇ ਸਮਝਦਾਰ ਨੌਕਰ ਬਾਰੇ ਯਿਸੂ ਨੇ ਕਿਹਾ ਸੀ: “ਖ਼ੁਸ਼ ਹੈ ਉਹ ਨੌਕਰ ਜਿਸ ਦਾ ਮਾਲਕ ਆ ਕੇ ਉਸ ਨੂੰ ਆਪਣਾ ਕੰਮ ਕਰਦਿਆਂ ਦੇਖੇ!” ਕੁਆਰੀਆਂ ਦੀ ਮਿਸਾਲ ਵਿਚ ਯਿਸੂ ਨੇ ਕਿਹਾ: “ਜਦ ਮੂਰਖ ਕੁਆਰੀਆਂ ਤੇਲ ਖ਼ਰੀਦਣ ਗਈਆਂ ਹੋਈਆਂ ਸਨ, ਤਾਂ ਲਾੜਾ ਪਹੁੰਚ ਗਿਆ।” ਚਾਂਦੀ ਦੇ ਸਿੱਕਿਆਂ ਦੀਆਂ ਥੈਲੀਆਂ ਦੀ ਮਿਸਾਲ ਵਿਚ ਯਿਸੂ ਨੇ ਕਿਹਾ: “ਲੰਬੇ ਸਮੇਂ ਬਾਅਦ ਮਾਲਕ ਵਾਪਸ ਆਇਆ।” ਇਸੇ ਮਿਸਾਲ ਵਿਚ ਮਾਲਕ ਨੇ ਬਾਅਦ ਵਿਚ ਕਿਹਾ: “ਜਦੋਂ ਮੈਂ ਆਉਂਦਾ, ਤਾਂ ਮੈਨੂੰ ਵਿਆਜ ਸਮੇਤ ਆਪਣੇ ਪੈਸੇ ਵਾਪਸ ਮਿਲਦੇ।” (ਮੱਤੀ 24:46; 25:10, 19, 27) ਇਨ੍ਹਾਂ ਆਇਤਾਂ ਮੁਤਾਬਕ ਯਿਸੂ ਕਦੋਂ ਆਉਂਦਾ ਹੈ?

17. ਪਹਿਲਾਂ ਅਸੀਂ ਮੱਤੀ 24:46 ਵਿਚ ਯਿਸੂ ਦੇ ਆਉਣ ਬਾਰੇ ਕੀ ਸੋਚਦੇ ਸੀ?

17 ਪਹਿਲਾਂ ਅਸੀਂ ਆਪਣੇ ਪ੍ਰਕਾਸ਼ਨਾਂ ਵਿਚ ਕਹਿੰਦੇ ਸੀ ਕਿ ਇਨ੍ਹਾਂ ਆਖ਼ਰੀ ਚਾਰ ਆਇਤਾਂ ਮੁਤਾਬਕ ਯਿਸੂ 1918 ਵਿਚ ਆਇਆ ਸੀ। ਮਿਸਾਲ ਲਈ, ਜ਼ਰਾ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਬਾਰੇ ਯਿਸੂ ਦੀ ਗੱਲ ਲੈ ਲਓ। (ਮੱਤੀ 24:45-47 ਪੜ੍ਹੋ।) ਅਸੀਂ ਮੰਨਦੇ ਸੀ ਕਿ 46ਵੀਂ ਆਇਤ ਵਿਚ ਯਿਸੂ ਦੇ ਆਉਣ ਦਾ ਮਤਲਬ ਸੀ ਕਿ ਉਹ 1918 ਵਿਚ ਚੁਣੇ ਹੋਏ ਮਸੀਹੀਆਂ ਦੀ ਨਿਹਚਾ ਦੀ ਪਰਖ ਕਰਨ ਆਇਆ ਸੀ ਅਤੇ ਫਿਰ ਉਸ ਨੇ 1919 ਵਿਚ ਇਸ ਨੌਕਰ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਇਆ ਸੀ। (ਮਲਾ. 3:1) ਪਰ ਯਿਸੂ ਦੀ ਭਵਿੱਖਬਾਣੀ ਵੱਲ ਹੋਰ ਧਿਆਨ ਦੇਣ ਤੋਂ ਬਾਅਦ ਪਤਾ ਲੱਗਾ ਹੈ ਕਿ ਸਾਨੂੰ ਇਨ੍ਹਾਂ ਗੱਲਾਂ ਦੀ ਸਮਝ ਵਿਚ ਤਬਦੀਲੀ ਕਰਨ ਦੀ ਲੋੜ ਹੈ। ਕਿਉਂ?

18. ਯਿਸੂ ਦੀ ਪੂਰੀ ਭਵਿੱਖਬਾਣੀ ਪੜ੍ਹ ਕੇ ਸਾਨੂੰ ਉਸ ਦੇ ਆਉਣ ਬਾਰੇ ਕੀ ਪਤਾ ਲੱਗਦਾ ਹੈ?

18 ਧਿਆਨ ਦਿਓ ਕਿ ਮੱਤੀ 24:46 ਤੋਂ ਪਹਿਲਾਂ ਦੀਆਂ ਆਇਤਾਂ ਵਿਚ ਜਦ ਵੀ ਯਿਸੂ ਦੇ ‘ਆਉਣ’ ਦੀ ਗੱਲ ਕੀਤੀ ਗਈ ਹੈ, ਤਾਂ ਇਹ ਹਮੇਸ਼ਾ ਉਸ ਸਮੇਂ ਨੂੰ ਸੰਕੇਤ ਕਰਦੀਆਂ ਹਨ ਜਦ ਯਿਸੂ ਮਹਾਂਕਸ਼ਟ ਦੌਰਾਨ ਨਿਆਂ ਕਰਨ ਤੇ ਸਜ਼ਾ ਦੇਣ ਆਵੇਗਾ। (ਮੱਤੀ 24:30, 42, 44) ਨਾਲੇ ਜਿਵੇਂ ਅਸੀਂ  12ਵੇਂ ਪੈਰੇ ਵਿਚ ਦੇਖਿਆ ਸੀ, ਮੱਤੀ 25:31 ਮੁਤਾਬਕ ਵੀ ਯਿਸੂ ਉਸੇ ਸਮੇਂ ਨਿਆਂ ਕਰਨ “ਆਵੇਗਾ।” ਤਾਂ ਫਿਰ ਇਹ ਕਹਿਣਾ ਸਹੀ ਹੋਵੇਗਾ ਕਿ ਮੱਤੀ 24:46, 47 ਮੁਤਾਬਕ ਯਿਸੂ ਵਫ਼ਾਦਾਰ ਨੌਕਰ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਉਣ ਲਈ ਵੀ ਭਵਿੱਖ ਵਿਚ ਮਹਾਂਕਸ਼ਟ ਦੌਰਾਨ ਆਵੇਗਾ। ਯਿਸੂ ਦੀ ਪੂਰੀ ਭਵਿੱਖਬਾਣੀ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਸ ਦੇ ਆਉਣ ਬਾਰੇ ਇਨ੍ਹਾਂ ਅੱਠ ਆਇਤਾਂ ਵਿਚ ਉਸ ਸਮੇਂ ਦੀ ਗੱਲ ਕੀਤੀ ਹੈ ਜਦ ਉਹ ਭਵਿੱਖ ਵਿਚ ਮਹਾਂਕਸ਼ਟ ਦੌਰਾਨ ਨਿਆਂ ਕਰਨ ਆਵੇਗਾ।

19. ਅਸੀਂ ਕੀ ਸਿੱਖਿਆ ਹੈ ਅਤੇ ਅਗਲੇ ਲੇਖਾਂ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?

19 ਸੋ ਅਸੀਂ ਕੀ ਸਿੱਖਿਆ ਹੈ? ਇਸ ਲੇਖ ਦੇ ਸ਼ੁਰੂ ਵਿਚ ਅਸੀਂ ਤਿੰਨ ਸਵਾਲ ਪੁੱਛੇ ਸੀ। ਪਹਿਲਾਂ ਅਸੀਂ ਦੇਖਿਆ ਸੀ ਕਿ ਮਹਾਂਕਸ਼ਟ 1914 ਵਿਚ ਨਹੀਂ ਸ਼ੁਰੂ ਹੋਇਆ ਸੀ, ਸਗੋਂ ਉਦੋਂ ਸ਼ੁਰੂ ਹੋਵੇਗਾ ਜਦ ਸੰਯੁਕਤ ਰਾਸ਼ਟਰ-ਸੰਘ ਮਹਾਂ ਬਾਬਲ ਉੱਤੇ ਹਮਲਾ ਕਰੇਗਾ। ਫਿਰ ਅਸੀਂ ਦੇਖਿਆ ਸੀ ਕਿ ਯਿਸੂ ਨੇ ਭੇਡਾਂ ਅਤੇ ਬੱਕਰੀਆਂ ਦਾ ਨਿਆਂ 1914 ਵਿਚ ਨਹੀਂ ਕੀਤਾ ਸੀ, ਸਗੋਂ ਉਹ ਮਹਾਂਕਸ਼ਟ ਦੌਰਾਨ ਨਿਆਂ ਕਰੇਗਾ। ਅਖ਼ੀਰ ਵਿਚ ਅਸੀਂ ਸਿੱਖਿਆ ਸੀ ਕਿ ਯਿਸੂ ਨੇ ਵਫ਼ਾਦਾਰ ਨੌਕਰ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ 1919 ਵਿਚ ਨਹੀਂ ਬਣਾਇਆ ਸੀ, ਪਰ ਉਹ ਮਹਾਂਕਸ਼ਟ ਦੌਰਾਨ ਬਣਾਉਣ ਆਵੇਗਾ। ਤਾਂ ਫਿਰ ਇਹ ਤਿੰਨੇ ਗੱਲਾਂ ਭਵਿੱਖ ਵਿਚ ਮਹਾਂਕਸ਼ਟ ਦੌਰਾਨ ਹੀ ਪੂਰੀਆਂ ਹੋਣਗੀਆਂ। ਇਨ੍ਹਾਂ ਗੱਲਾਂ ਦੀ ਸਮਝ ਵਿਚ ਤਬਦੀਲੀ ਕਰਕੇ, ਕੀ ਸਾਨੂੰ ਵਫ਼ਾਦਾਰ ਨੌਕਰ ਦੀ ਮਿਸਾਲ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ? ਨਾਲੇ ਯਿਸੂ ਦੀਆਂ ਹੋਰ ਮਿਸਾਲਾਂ ਵਿਚ ਦੱਸੀਆਂ ਉਨ੍ਹਾਂ ਗੱਲਾਂ ਬਾਰੇ ਕੀ ਜੋ ਇਸ ਸਮੇਂ ਪੂਰੀਆਂ ਹੋ ਰਹੀਆਂ ਹਨ? ਇਨ੍ਹਾਂ ਜ਼ਰੂਰੀ ਸਵਾਲਾਂ ਦੇ ਜਵਾਬ ਅਗਲੇ ਲੇਖਾਂ ਵਿਚ ਦਿੱਤੇ ਜਾਣਗੇ।

 

^ ਪੇਰਗ੍ਰੈਫ 4 ਪੈਰਾ 4: ਹੋਰ ਜਾਣਕਾਰੀ ਲਈ ਪਹਿਰਾਬੁਰਜ, 1 ਮਈ 1999, ਸਫ਼ੇ 8-20 ਦੇਖੋ।

^ ਪੇਰਗ੍ਰੈਫ 8 ਪੈਰਾ 8: ਇਨ੍ਹਾਂ ਆਇਤਾਂ ਵਿਚ ਇਕ ਘਟਨਾ ਹੈ ‘ਚੁਣੇ ਹੋਏ ਲੋਕਾਂ ਨੂੰ ਇਕੱਠਾ ਕਰਨਾ।’ (ਮੱਤੀ 24:31) ਇਸ ਲਈ ਲੱਗਦਾ ਹੈ ਕਿ ਮਹਾਂਕਸ਼ਟ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਚੁਣੇ ਹੋਏ ਮਸੀਹੀ ਧਰਤੀ ’ਤੇ ਹੋਣਗੇ, ਉਨ੍ਹਾਂ ਨੂੰ ਆਰਮਾਗੇਡਨ ਦੀ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਸਵਰਗ ਲਿਜਾਇਆ ਜਾਵੇਗਾ। ਸੋ ਇਸ ਨਵੀਂ ਸਮਝ ਕਰਕੇ ਅੰਗ੍ਰੇਜ਼ੀ ਦੇ ਪਹਿਰਾਬੁਰਜ, 15 ਅਗਸਤ 1990, ਸਫ਼ਾ 30 ਉੱਤੇ ਦਿੱਤੀ ਜਾਣਕਾਰੀ ਪੁਰਾਣੀ ਹੋ ਚੁੱਕੀ ਹੈ।

^ ਪੇਰਗ੍ਰੈਫ 11 ਪੈਰਾ 11: ਪਹਿਰਾਬੁਰਜ, 1 ਅਕਤੂਬਰ 1995, ਸਫ਼ੇ 19-25 ਦੇਖੋ।

^ ਪੇਰਗ੍ਰੈਫ 12 ਪੈਰਾ 12: ਲੂਕਾ 21:28 ਵਿਚ ਮਿਲਦਾ-ਜੁਲਦਾ ਹਵਾਲਾ ਦੇਖੋ।

^ ਪੇਰਗ੍ਰੈਫ 15 ਪੈਰਾ 15: ਇੱਕੋ ਯੂਨਾਨੀ ਸ਼ਬਦ ਅਰਖੋਮਾਈ ਦਾ ਤਰਜਮਾ ‘ਆਉਣ’ ਅਤੇ ‘ਪਹੁੰਚਣ’ ਕੀਤਾ ਗਿਆ ਹੈ।