ਪਾਠਕਾਂ ਵੱਲੋਂ ਸਵਾਲ
ਕੀ ਮੀਟਿੰਗਾਂ ਵਿਚ ਮਸੀਹੀ ਮਾਪਿਆਂ ਲਈ ਆਪਣੇ ਛੇਕੇ ਹੋਏ ਬੱਚੇ ਨਾਲ ਬੈਠਣਾ ਠੀਕ ਹੈ?
ਕਿਸੇ ਨੂੰ ਇਸ ਬਾਰੇ ਫ਼ਿਕਰ ਕਰਨ ਦੀ ਲੋੜ ਨਹੀਂ ਕਿ ਇਕ ਛੇਕਿਆ ਹੋਇਆ ਵਿਅਕਤੀ ਕਿੰਗਡਮ ਹਾਲ ਵਿਚ ਕਿੱਥੇ ਬੈਠਦਾ ਹੈ। ਇਸ ਰਸਾਲੇ ਰਾਹੀਂ ਮਾਪਿਆਂ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਜੇ ਠੀਕ ਲੱਗੇ, ਤਾਂ ਉਹ ਆਪਣੇ ਨਾਲ ਰਹਿੰਦੇ ਛੇਕੇ ਹੋਏ ਬੱਚੇ ਦੀ ਮਦਦ ਕਰਨ ਤਾਂਕਿ ਉਹ ਦੁਬਾਰਾ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਜੋੜ ਸਕੇ। ਜਿਵੇਂ 1 ਅਕਤੂਬਰ 2001 ਦੇ ਪਹਿਰਾਬੁਰਜ ਵਿਚ ਸਫ਼ੇ 16-18 ਉੱਤੇ ਦੱਸਿਆ ਗਿਆ ਹੈ, ਮਾਪੇ ਆਪਣੇ ਨਾਲ ਰਹਿੰਦੇ ਛੇਕੇ ਹੋਏ ਨਾਬਾਲਗ ਬੱਚੇ ਨਾਲ ਸਟੱਡੀ ਵੀ ਕਰ ਸਕਦੇ ਹਨ। ਹੋ ਸਕਦਾ ਹੈ ਕਿ ਇੱਦਾਂ ਬੱਚੇ ਨੂੰ ਆਪਣਾ ਗ਼ਲਤ ਰਾਹ ਛੱਡਣ ਦਾ ਹੌਸਲਾ ਮਿਲੇ।
ਜਦੋਂ ਕਿੰਗਡਮ ਹਾਲ ਵਿਚ ਬੈਠਣ ਦੀ ਗੱਲ ਆਉਂਦੀ ਹੈ, ਤਾਂ ਇਸ ਵਿਚ ਕੋਈ ਹਰਜ਼ ਨਹੀਂ ਜੇ ਇਕ ਛੇਕਿਆ ਹੋਇਆ ਨਾਬਾਲਗ ਬੱਚਾ ਆਪਣੇ ਮਾਪਿਆਂ ਨਾਲ ਚੁੱਪ-ਚਾਪ ਬੈਠੇ। ਇਹ ਜ਼ਰੂਰੀ ਨਹੀਂ ਕਿ ਇਕ ਛੇਕਿਆ ਹੋਇਆ ਵਿਅਕਤੀ ਕਿੰਗਡਮ ਹਾਲ ਦੀਆਂ ਪਿਛਲੀਆਂ ਸੀਟਾਂ ’ਤੇ ਬੈਠੇ। ਸੋ ਜੇ ਮੀਟਿੰਗਾਂ ਵਿਚ ਇਕ ਛੇਕਿਆ ਹੋਇਆ ਬੱਚਾ ਆਪਣੇ ਮਾਪਿਆਂ ਨਾਲ ਕਿਤੇ ਵੀ ਬੈਠਦਾ ਹੈ, ਤਾਂ ਕਿਸੇ ਨੂੰ ਇਸ ਬਾਰੇ ਇਤਰਾਜ਼ ਨਹੀਂ ਕਰਨਾ ਚਾਹੀਦਾ। ਆਪਣੇ ਬੱਚੇ ਨਾਲ ਸਟੱਡੀ ਕਰਨੀ ਮਾਪਿਆਂ ਦੀ ਜ਼ਿੰਮੇਵਾਰੀ ਹੈ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਮੀਟਿੰਗਾਂ ਵਿਚ ਧਿਆਨ ਨਾਲ ਸੁਣੇ। ਬੱਚੇ ਨੂੰ ਆਪਣੇ ਨਾਲ ਬਿਠਾ ਕੇ ਉਹ ਉਸ ਦੀ ਮਦਦ ਕਰ ਸਕਣਗੇ।
ਪਰ ਉਦੋਂ ਕੀ ਜਦੋਂ ਇਕ ਛੇਕਿਆ ਹੋਇਆ ਬੱਚਾ ਆਪਣੇ ਮਾਪਿਆਂ ਨਾਲ ਨਹੀਂ ਰਹਿੰਦਾ? ਕੀ ਉਹ ਆਪਣੇ ਮਾਪਿਆਂ ਨਾਲ ਮੀਟਿੰਗਾਂ ਵਿਚ ਬੈਠ ਸਕਦਾ ਹੈ? ਸਾਡੇ ਪ੍ਰਕਾਸ਼ਨਾਂ ਵਿਚ ਸਾਫ਼ ਦੱਸਿਆ ਗਿਆ ਹੈ ਕਿ ਜੇ ਸਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਛੇਕਿਆ ਗਿਆ ਹੈ ਤੇ ਉਹ ਸਾਡੇ ਨਾਲ ਨਹੀਂ ਰਹਿੰਦਾ, ਤਾਂ ਉਸ ਨਾਲ ਮਿਲਣ-ਜੁਲਣ ਬਾਰੇ ਸਾਡਾ ਕੀ ਰਵੱਈਆ ਹੋਣਾ ਚਾਹੀਦਾ ਹੈ। * ਪਰ ਜਦ ਪਰਿਵਾਰ ਦੇ ਮੈਂਬਰ ਮੀਟਿੰਗਾਂ ਵਿਚ ਕਿਸੇ ਛੇਕੇ ਹੋਏ ਰਿਸ਼ਤੇਦਾਰ ਨਾਲ ਬੈਠਦੇ ਹਨ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਉਸ ਨੂੰ ਜਾਣ-ਬੁੱਝ ਕੇ ਮਿਲਣ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਸੱਚਾਈ ਵਿਚ ਪਰਿਵਾਰ ਦੇ ਮੈਂਬਰਾਂ ਦਾ ਛੇਕੇ ਹੋਏ ਰਿਸ਼ਤੇਦਾਰ ਨਾਲ ਨਾ ਮਿਲਣ-ਜੁਲਣ ਬਾਰੇ ਸਹੀ ਰਵੱਈਆ ਹੈ ਅਤੇ ਉਹ ਬਾਈਬਲ ਦੀ ਸਲਾਹ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਕਿਸੇ ਨੂੰ ਇਹ ਚਿੰਤਾ ਕਰਨ ਦੀ ਲੋੜ ਨਹੀਂ ਕਿ ਕੌਣ ਕਿੱਥੇ ਬੈਠਦਾ ਹੈ।—1 ਕੁਰਿੰ. 5:11, 13; 2 ਯੂਹੰ. 11.
ਜੇ ਇਕ ਛੇਕਿਆ ਹੋਇਆ ਵਿਅਕਤੀ ਆਪਣੇ ਪਰਿਵਾਰ ਜਾਂ ਮੰਡਲੀ ਦੇ ਕਿਸੇ ਹੋਰ ਮੈਂਬਰ ਨਾਲ ਚੁੱਪ-ਚਾਪ ਬੈਠਦਾ ਹੈ, ਤਾਂ ਕਿਸੇ ਨੂੰ ਇਸ ਗੱਲ ’ਤੇ ਇਤਰਾਜ਼ ਨਹੀਂ ਕਰਨਾ ਚਾਹੀਦਾ। ਜੇ ਇੱਦਾਂ ਦੀ ਪਾਬੰਦੀ ਲਾਈ ਜਾਂਦੀ ਹੈ ਕਿ ਕਿਸ ਨੂੰ ਕਿੱਥੇ ਬੈਠਣਾ ਚਾਹੀਦਾ ਹੈ, ਤਾਂ ਮੰਡਲੀ ਵਿਚ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਜੇ ਮੰਡਲੀ ਵਿਚ ਸਾਰੇ ਭੈਣ-ਭਰਾ ਤੇ ਸੱਚਾਈ ਵਿਚ ਰਿਸ਼ਤੇਦਾਰ ਛੇਕੇ ਜਾਣ ਬਾਰੇ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਦੇ ਹਨ ਅਤੇ ਛੇਕੇ ਹੋਏ ਵਿਅਕਤੀ ਦੇ ਆਪਣੇ ਪਰਿਵਾਰ ਨਾਲ ਬੈਠਣ ਤੋਂ ਕਿਸੇ ਨੂੰ ਠੋਕਰ ਨਹੀਂ ਲੱਗਦੀ, ਤਾਂ ਸਾਨੂੰ ਇਸ ਬਾਰੇ ਫ਼ਿਕਰ ਕਰਨ ਦੀ ਲੋੜ ਨਹੀਂ ਕਿ ਮੀਟਿੰਗਾਂ ਵਿਚ ਕੌਣ ਕਿੱਥੇ ਬੈਠਦਾ ਹੈ।
^ ਪੇਰਗ੍ਰੈਫ 5 ਪਰਮੇਸ਼ੁਰ ਨਾਲ ਪਿਆਰ ਨਾਂ ਦੀ ਕਿਤਾਬ ਦੇ ਸਫ਼ੇ 207-209 ਦੇਖੋ।