Skip to content

Skip to table of contents

ਤੁਹਾਨੂੰ ਪਵਿੱਤਰ ਕੀਤਾ ਗਿਆ ਹੈ

ਤੁਹਾਨੂੰ ਪਵਿੱਤਰ ਕੀਤਾ ਗਿਆ ਹੈ

‘ਤੁਹਾਨੂੰ ਸ਼ੁੱਧ ਤੇ ਪਵਿੱਤਰ ਕੀਤਾ ਗਿਆ ਹੈ।’​—1 ਕੁਰਿੰ. 6:11.

1. ਜਦ ਨਹਮਯਾਹ ਯਰੂਸ਼ਲਮ ਵਾਪਸ ਆਇਆ, ਤਾਂ ਉਸ ਨੇ ਕੀ ਦੇਖਿਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਯਰੂਸ਼ਲਮ ਦੇ ਲੋਕ ਗੱਲਾਂ ਕਰ ਰਹੇ ਸਨ ਕਿ ਸ਼ਹਿਰ ਵਿਚ ਕੀ ਕੁਝ ਹੋ ਰਿਹਾ ਸੀ। ਯਹੋਵਾਹ ਦੇ ਇਕ ਵਿਰੋਧੀ ਨੂੰ ਮੰਦਰ ਵਿਚ ਰਹਿਣ ਲਈ ਜਗ੍ਹਾ ਦਿੱਤੀ ਗਈ ਸੀ। ਲੇਵੀਆਂ ਨੇ ਆਪਣਾ ਕੰਮ ਛੱਡ ਦਿੱਤਾ ਸੀ। ਯਹੋਵਾਹ ਦੀ ਭਗਤੀ ਵਿਚ ਅਗਵਾਈ ਲੈਣ ਦੀ ਬਜਾਇ ਬਜ਼ੁਰਗ ਸਬਤ ਵਾਲੇ ਦਿਨ ਆਪਣਾ ਕਾਰੋਬਾਰ ਕਰ ਰਹੇ ਸਨ। ਕਈ ਇਜ਼ਰਾਈਲੀ ਆਲੇ-ਦੁਆਲੇ ਦੀਆਂ ਕੌਮਾਂ ਦੇ ਲੋਕਾਂ ਨਾਲ ਵਿਆਹ ਕਰਵਾ ਰਹੇ ਸਨ। ਜਦ ਨਹਮਯਾਹ 443 ਈਸਵੀ ਪੂਰਵ ਵਿਚ ਯਰੂਸ਼ਲਮ ਵਾਪਸ ਆਇਆ, ਤਾਂ ਉਹ ਅਜਿਹੀਆਂ ਕੁਝ ਬੁਰੀਆਂ ਖ਼ਬਰਾਂ ਸੁਣ ਕੇ ਪਰੇਸ਼ਾਨ ਹੋ ਉੱਠਿਆ।​—ਨਹ. 13:6.

2. ਇਜ਼ਰਾਈਲੀ ਲੋਕ ਇਕ ਪਵਿੱਤਰ ਕੌਮ ਕਿਵੇਂ ਬਣੇ ਸਨ?

2 ਇਜ਼ਰਾਈਲੀ ਲੋਕਾਂ ਨੂੰ ਪਰਮੇਸ਼ੁਰ ਨੇ ਆਪਣੀ ਖ਼ਾਸ ਕੌਮ ਵਜੋਂ ਚੁਣਿਆ ਸੀ। ਸਾਲ 1513 ਈਸਵੀ ਪੂਰਵ ਵਿਚ ਇਜ਼ਰਾਈਲੀਆਂ ਨੇ ਯਹੋਵਾਹ ਦੀ ਇੱਛਾ ਪੂਰੀ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ: “ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।” (ਕੂਚ 24:3) ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ ਚੁਣੇ ਹੋਏ ਲੋਕਾਂ ਵਜੋਂ ਪਵਿੱਤਰ ਕੀਤਾ ਸੀ। ਇਹ ਉਨ੍ਹਾਂ ਲਈ ਕਿੰਨੇ ਮਾਣ ਵਾਲੀ ਗੱਲ ਸੀ! ਇਸ ਤੋਂ 40 ਸਾਲ ਬਾਅਦ ਮੂਸਾ ਨੇ ਉਨ੍ਹਾਂ ਨੂੰ ਯਾਦ ਦਿਵਾਇਆ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਪਵਿੱਤ੍ਰ ਪਰਜਾ ਹੋ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਚੁਣ ਲਿਆ ਕਿ ਤੁਸੀਂ ਸਾਰੀ ਜ਼ਮੀਨ ਦੇ ਉੱਪਰ ਦੇ ਸਾਰੇ ਲੋਕਾਂ ਵਿੱਚੋਂ ਉਸ ਦੀ ਨਿੱਜੀ ਪਰਜਾ ਹੋਵੋ।”​—ਬਿਵ. 7:6.

3. ਜਦੋਂ ਨਹਮਯਾਹ ਯਰੂਸ਼ਲਮ ਵਿਚ ਦੂਜੀ ਵਾਰ ਆਇਆ, ਤਾਂ ਉਸ ਨੇ ਕੀ ਦੇਖਿਆ?

3 ਦੁੱਖ ਦੀ ਗੱਲ ਹੈ ਕਿ ਇਜ਼ਰਾਈਲੀ ਲੋਕਾਂ ਨੇ ਆਪਣਾ ਇਹ ਵਾਅਦਾ ਨਹੀਂ ਨਿਭਾਇਆ। ਹਾਲਾਂਕਿ ਕੁਝ ਯਹੂਦੀ ਪਰਮੇਸ਼ੁਰ ਦੀ ਭਗਤੀ ਕਰਦੇ ਸਨ, ਪਰ ਜ਼ਿਆਦਾਤਰ ਲੋਕ ਸਿਰਫ਼ ਪਵਿੱਤਰ ਹੋਣ ਦਾ ਦਿਖਾਵਾ ਕਰਦੇ ਸਨ ਅਤੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਦੇ ਸਨ। ਨਹਮਯਾਹ ਦੇ ਯਰੂਸ਼ਲਮ ਵਿਚ ਦੂਜੀ ਵਾਰ ਆਉਣ ਤੋਂ ਲਗਭਗ 100 ਸਾਲ ਪਹਿਲਾਂ ਕੁਝ ਵਫ਼ਾਦਾਰ ਯਹੂਦੀਆਂ ਨੇ ਬਾਬਲ ਤੋਂ ਆ ਕੇ ਪਰਮੇਸ਼ੁਰ ਦੀ ਭਗਤੀ ਕਰਨੀ ਸ਼ੁਰੂ ਕੀਤੀ ਸੀ। ਪਰ ਹੁਣ ਨਹਮਯਾਹ ਨੇ ਦੇਖਿਆ ਕਿ ਇਜ਼ਰਾਈਲੀ ਲੋਕ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਨਹੀਂ ਦੇ ਰਹੇ ਸਨ।

4. ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ ਤਾਂਕਿ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਰਹੀਏ?

4 ਇਜ਼ਰਾਈਲੀਆਂ ਵਾਂਗ ਅੱਜ ਯਹੋਵਾਹ ਨੇ ਆਪਣੇ ਲੋਕਾਂ ਨੂੰ ਪਵਿੱਤਰ ਕੀਤਾ ਹੈ। ਚੁਣੇ ਹੋਏ ਮਸੀਹੀ ਅਤੇ “ਵੱਡੀ ਭੀੜ” ਦੇ ਲੋਕ ਪਵਿੱਤਰ ਹਨ ਅਤੇ ਸਿਰਫ਼ ਯਹੋਵਾਹ ਦੀ ਭਗਤੀ ਕਰਦੇ ਹਨ। (ਪ੍ਰਕਾ. 7:9, 14, 15; 1 ਕੁਰਿੰ. 6:11) ਇਜ਼ਰਾਈਲੀਆਂ ਦਾ ਯਹੋਵਾਹ ਨਾਲ ਰਿਸ਼ਤਾ ਟੁੱਟ ਗਿਆ ਕਿਉਂਕਿ ਉਹ ਪਵਿੱਤਰ ਨਹੀਂ ਰਹੇ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨਾਲ ਇੱਦਾਂ ਹੋਵੇ। ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ ਤਾਂਕਿ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਰਹੀਏ ਤੇ ਉਹ ਸਾਡੀ ਭਗਤੀ ਕਬੂਲ ਕਰੇ? ਇਸ ਲੇਖ ਵਿਚ ਅਸੀਂ ਨਹਮਯਾਹ ਦੇ 13ਵੇਂ ਅਧਿਆਇ ਵਿੱਚੋਂ ਚਾਰ ਗੱਲਾਂ ’ਤੇ ਗੌਰ ਕਰਾਂਗੇ: (1) ਬੁਰੀਆਂ ਸੰਗਤਾਂ ਤੋਂ ਦੂਰ ਰਹੋ, (2) ਪਰਮੇਸ਼ੁਰ ਦੇ ਕੀਤੇ ਇੰਤਜ਼ਾਮਾਂ ਮੁਤਾਬਕ ਚੱਲੋ, (3) ਪਰਮੇਸ਼ੁਰ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿਓ ਅਤੇ (4) ਯਹੋਵਾਹ ਦੇ ਗਵਾਹਾਂ ਵਜੋਂ ਆਪਣੀ ਪਛਾਣ ਬਣਾਈ ਰੱਖੋ। ਆਓ ਆਪਾਂ ਇਨ੍ਹਾਂ ਗੱਲਾਂ ’ਤੇ ਗੌਰ ਕਰੀਏ।

ਬੁਰੀਆਂ ਸੰਗਤਾਂ ਤੋਂ ਦੂਰ ਰਹੋ

ਨਹਮਯਾਹ ਨੇ ਕਿਵੇਂ ਦਿਖਾਇਆ ਕਿ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਸੀ? (ਪੈਰੇ 5, 6 ਦੇਖੋ)

5, 6. ਅਲਯਾਸ਼ੀਬ ਤੇ ਟੋਬੀਯਾਹ ਕੌਣ ਸਨ ਅਤੇ ਅਲਯਾਸ਼ੀਬ ਟੋਬੀਯਾਹ ਨਾਲ ਸ਼ਾਇਦ ਕਿਉਂ ਮਿਲਦਾ-ਜੁਲਦਾ ਸੀ?

5 ਨਹਮਯਾਹ 13:4-9 ਪੜ੍ਹੋ। ਅੱਜ ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਲੋਕ ਬੁਰੇ ਕੰਮ ਕਰਦੇ ਹਨ ਅਤੇ ਇਸ ਕਾਰਨ ਸਾਡੇ ਲਈ ਪਵਿੱਤਰ ਰਹਿਣਾ ਆਸਾਨ ਨਹੀਂ ਹੈ। ਜ਼ਰਾ ਅਲਯਾਸ਼ੀਬ ਤੇ ਟੋਬੀਯਾਹ ਨੂੰ ਲੈ ਲਓ। ਅਲਯਾਸ਼ੀਬ ਮਹਾਂ ਪੁਜਾਰੀ ਸੀ ਅਤੇ ਟੋਬੀਯਾਹ ਇਕ ਅੰਮੋਨੀ ਤੇ ਉਹ ਸ਼ਾਇਦ ਯਹੂਦੀਆ ਵਿਚ ਫ਼ਾਰਸੀ ਰਾਜੇ ਲਈ ਕੰਮ ਕਰਦਾ ਸੀ। ਜਦ ਨਹਮਯਾਹ ਯਰੂਸ਼ਲਮ ਦੀਆਂ ਕੰਧਾਂ ਨੂੰ ਦੁਬਾਰਾ ਬਣਾਉਣ ਆਇਆ, ਤਾਂ ਟੋਬੀਯਾਹ ਤੇ ਉਸ ਦੇ ਸਾਥੀਆਂ ਨੇ ਨਹਮਯਾਹ ਦਾ ਵਿਰੋਧ ਕੀਤਾ ਸੀ। (ਨਹ. 2:10) ਅੰਮੋਨੀ ਲੋਕਾਂ ਦਾ ਮੰਦਰ ਵਿਚ ਆਉਣਾ ਮਨ੍ਹਾ ਸੀ। (ਬਿਵ. 23:3) ਤਾਂ ਫਿਰ ਮਹਾਂ ਪੁਜਾਰੀ ਨੇ ਟੋਬੀਯਾਹ ਵਰਗੇ ਆਦਮੀ ਨੂੰ ਮੰਦਰ ਦੀ ਇਕ ਕੋਠੜੀ ਵਿਚ ਰਹਿਣ ਲਈ ਜਗ੍ਹਾ ਕਿਉਂ ਦਿੱਤੀ ਸੀ?

6 ਇਸ ਦੇ ਤਿੰਨ ਕਾਰਨ ਸਨ: ਪਹਿਲਾ, ਟੋਬੀਯਾਹ, ਅਲਯਾਸ਼ੀਬ ਦਾ ਦੋਸਤ ਸੀ। ਦੂਜਾ, ਟੋਬੀਯਾਹ ਤੇ ਉਸ ਦੇ ਬੇਟੇ ਯਹੋਹਾਨਾਨ ਨੇ ਯਹੂਦੀ ਤੀਵੀਆਂ ਨਾਲ ਵਿਆਹ ਕਰਾਇਆ ਸੀ ਅਤੇ ਬਹੁਤ ਸਾਰੇ ਯਹੂਦੀ ਟੋਬੀਯਾਹ ਬਾਰੇ ਚੰਗਾ ਬੋਲਦੇ ਸਨ। (ਨਹ. 6:17-19) ਤੀਜਾ, ਅਲਯਾਸ਼ੀਬ ਦੇ ਇਕ ਪੋਤੇ ਦਾ ਵਿਆਹ ਸਨਬੱਲਟ ਦੀ ਧੀ ਨਾਲ ਹੋਇਆ ਸੀ ਅਤੇ ਸਨਬੱਲਟ ਸਾਮਰੀਆ ਦਾ ਰਾਜਪਾਲ ਤੇ ਟੋਬੀਯਾਹ ਦਾ ਜਿਗਰੀ ਦੋਸਤ ਸੀ। (ਨਹ. 13:28) ਸ਼ਾਇਦ ਇਸੇ ਦੋਸਤੀ ਕਰਕੇ ਮਹਾਂ ਪੁਜਾਰੀ ਅਲਯਾਸ਼ੀਬ ਟੋਬੀਯਾਹ ਦੀਆਂ ਗੱਲਾਂ ਵਿਚ ਆ ਗਿਆ ਭਾਵੇਂ ਉਹ ਯਹੋਵਾਹ ਦਾ ਵਿਰੋਧੀ ਸੀ। ਪਰ ਨਹਮਯਾਹ ਯਹੋਵਾਹ ਦਾ ਵਫ਼ਾਦਾਰ ਰਿਹਾ ਤੇ ਉਸ ਨੇ ਟੋਬੀਯਾਹ ਦਾ ਸਾਰਾ ਸਾਮਾਨ ਕੋਠੜੀ ਵਿੱਚੋਂ ਬਾਹਰ ਸੁੱਟ ਦਿੱਤਾ।

7. ਬਜ਼ੁਰਗ ਅਤੇ ਦੂਜੇ ਭੈਣ-ਭਰਾ ਯਹੋਵਾਹ ਦੀਆਂ ਨਜ਼ਰਾਂ ਵਿਚ ਅਪਵਿੱਤਰ ਹੋਣ ਤੋਂ ਕਿਵੇਂ ਬਚ ਸਕਦੇ ਹਨ?

7 ਪਰਮੇਸ਼ੁਰ ਦੇ ਲੋਕ ਹੋਣ ਕਰਕੇ ਸਭ ਤੋਂ ਪਹਿਲਾਂ ਸਾਨੂੰ ਯਹੋਵਾਹ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ। ਜੇ ਅਸੀਂ ਉਸ ਦੇ ਅਸੂਲਾਂ ’ਤੇ ਨਹੀਂ ਚੱਲਦੇ, ਤਾਂ ਅਸੀਂ ਉਸ ਦੀਆਂ ਨਜ਼ਰਾਂ ਵਿਚ ਪਵਿੱਤਰ ਨਹੀਂ ਰਹਾਂਗੇ। ਸਾਨੂੰ ਆਪਣੇ ਰਿਸ਼ਤੇਦਾਰਾਂ ਨੂੰ ਖ਼ੁਸ਼ ਕਰਨ ਲਈ ਬਾਈਬਲ ਦੇ ਅਸੂਲ ਨਹੀਂ ਤੋੜਨੇ ਚਾਹੀਦੇ। ਮੰਡਲੀ ਦੇ ਬਜ਼ੁਰਗ ਆਪਣੇ ਵਿਚਾਰਾਂ ਜਾਂ ਜਜ਼ਬਾਤਾਂ ਮੁਤਾਬਕ ਨਹੀਂ, ਸਗੋਂ ਯਹੋਵਾਹ ਦੀ ਸੋਚ ਮੁਤਾਬਕ ਚੱਲਦੇ ਹਨ। (1 ਤਿਮੋ. 5:21) ਬਜ਼ੁਰਗਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਇੱਦਾਂ ਦੇ ਹਰ ਕੰਮ ਤੋਂ ਬਚਣ ਜਿਸ ਕਰਕੇ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਪਵਿੱਤਰ ਹੋ ਜਾਣ।​—1 ਤਿਮੋ. 2:8.

8. ਸਾਨੂੰ ਕਿਨ੍ਹਾਂ ਨਾਲ ਉੱਠਣਾ-ਬੈਠਣਾ ਚਾਹੀਦਾ ਹੈ?

8 ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ “ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।” (1 ਕੁਰਿੰ. 15:33) ਸਾਡੇ ਰਿਸ਼ਤੇਦਾਰ ਸਾਡੇ ’ਤੇ ਬੁਰਾ ਅਸਰ ਪਾ ਸਕਦੇ ਹਨ। ਅਲਯਾਸ਼ੀਬ ਨੇ ਪਹਿਲਾਂ ਲੋਕਾਂ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ ਸੀ ਕਿਉਂਕਿ ਜਦੋਂ ਨਹਮਯਾਹ ਯਰੂਸ਼ਲਮ ਦੀਆਂ ਕੰਧਾਂ ਉਸਾਰਨ ਆਇਆ ਸੀ, ਤਾਂ ਅਲਯਾਸ਼ੀਬ ਨੇ ਇਸ ਕੰਮ ਵਿਚ ਉਸ ਦਾ ਪੂਰਾ ਸਾਥ ਦਿੱਤਾ ਸੀ। (ਨਹ. 3:1) ਪਰ ਸਮੇਂ ਦੇ ਬੀਤਣ ਨਾਲ ਟੋਬੀਯਾਹ ਤੇ ਹੋਰਨਾਂ ਦਾ ਬੁਰਾ ਅਸਰ ਉਸ ’ਤੇ ਪਿਆ ਜਿਸ ਕਰਕੇ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਨਾ ਰਿਹਾ। ਚੰਗੇ ਦੋਸਤ ਸਾਨੂੰ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ ਜਿਵੇਂ ਕਿ ਬਾਈਬਲ ਪੜ੍ਹਨੀ, ਮੀਟਿੰਗਾਂ ਨੂੰ ਜਾਣਾ ਅਤੇ ਪ੍ਰਚਾਰ ਕਰਨਾ। ਪਰਿਵਾਰ ਦੇ ਜਿਹੜੇ ਮੈਂਬਰ ਸਾਨੂੰ ਸਹੀ ਕੰਮ ਕਰਨ ਦਾ ਹੌਸਲਾ ਦਿੰਦੇ ਹਨ, ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਤੇ ਉਨ੍ਹਾਂ ਦੀ ਕਦਰ ਕਰਦੇ ਹਾਂ।

ਪਰਮੇਸ਼ੁਰ ਦੇ ਕੀਤੇ ਇੰਤਜ਼ਾਮਾਂ ਮੁਤਾਬਕ ਚੱਲੋ

9. ਮੰਦਰ ਵਿਚ ਕੀ ਹੋ ਰਿਹਾ ਸੀ ਅਤੇ ਨਹਮਯਾਹ ਨੇ ਇਸ ਬਾਰੇ ਕੀ ਕੀਤਾ?

9 ਨਹਮਯਾਹ 13:10-13 ਪੜ੍ਹੋ। ਇੱਦਾਂ ਲੱਗਦਾ ਹੈ ਕਿ ਜਦ ਨਹਮਯਾਹ ਯਰੂਸ਼ਲਮ ਵਾਪਸ ਆਇਆ, ਤਾਂ ਉਸ ਵੇਲੇ ਮੰਦਰ ਵਿਚ ਦਾਨ ਆਉਣਾ ਤਕਰੀਬਨ ਬੰਦ ਹੋ ਗਿਆ ਸੀ। ਇਸ ਕਰਕੇ ਲੇਵੀ ਮੰਦਰ ਵਿਚ ਸੇਵਾ ਕਰਨ ਦੀ ਬਜਾਇ ਆਪਣੇ ਖੇਤਾਂ ਵਿਚ ਜਾ ਕੇ ਕੰਮ ਕਰ ਰਹੇ ਸਨ। ਨਹਮਯਾਹ ਨੇ ਕਿਹਾ ਕਿ ਇਹ ਹਾਕਮਾਂ ਦੀ ਲਾਪਰਵਾਹੀ ਕਰਕੇ ਹੋ ਰਿਹਾ ਸੀ ਕਿਉਂਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ ਸਨ। ਜਾਂ ਤਾਂ ਉਹ ਲੋਕਾਂ ਤੋਂ ਦਸਵੰਧ ਇਕੱਠਾ ਨਹੀਂ ਕਰ ਰਹੇ ਸਨ ਜਾਂ ਫਿਰ ਉਹ ਦਸਵੰਧ ਮੰਦਰ ਵਿਚ ਨਹੀਂ ਦੇ ਰਹੇ ਸਨ। (ਨਹ. 12:44) ਇਸ ਲਈ ਨਹਮਯਾਹ ਨੇ ਦਸਵੰਧ ਇਕੱਠਾ ਕਰਨ ਦਾ ਇੰਤਜ਼ਾਮ ਕੀਤਾ। ਉਸ ਨੇ ਭਰੋਸੇਯੋਗ ਆਦਮੀਆਂ ਨੂੰ ਚੁਣਿਆ ਤਾਂਕਿ ਦਸਵੰਧ ਲੇਵੀਆਂ ਤਕ ਪਹੁੰਚ ਸਕੇ।

10, 11. ਪਰਮੇਸ਼ੁਰ ਦੀ ਮਹਿਮਾ ਕਰਨ ਲਈ ਅਸੀਂ ਕੀ-ਕੀ ਕਰ ਸਕਦੇ ਹਾਂ?

10 ਕੀ ਅਸੀਂ ਇਸ ਤੋਂ ਕੋਈ ਸਬਕ ਸਿੱਖ ਸਕਦੇ ਹਾਂ? ਜੀ ਹਾਂ, ਬਾਈਬਲ ਸਾਨੂੰ ਯਾਦ ਕਰਾਉਂਦੀ ਹੈ ਕਿ ਸਾਡੇ ਕੋਲ ਜੋ ਕੁਝ ਵੀ ਹੈ, ਸਾਨੂੰ ਉਸ ਨਾਲ ਯਹੋਵਾਹ ਦੀ ਮਹਿਮਾ ਕਰਨੀ ਚਾਹੀਦੀ ਹੈ। (ਕਹਾ. 3:9) ਜਦ ਅਸੀਂ ਯਹੋਵਾਹ ਦੇ ਕੰਮਾਂ ਲਈ ਦਾਨ ਦਿੰਦੇ ਹਾਂ, ਤਾਂ ਅਸਲ ਵਿਚ ਅਸੀਂ ਯਹੋਵਾਹ ਦੀਆਂ ਚੀਜ਼ਾਂ ਉਸੇ ਨੂੰ ਹੀ ਵਾਪਸ ਕਰਦੇ ਹਾਂ। (1 ਇਤ. 29:14-16) ਸ਼ਾਇਦ ਸਾਨੂੰ ਲੱਗੇ ਕਿ ਅਸੀਂ ਜ਼ਿਆਦਾ ਨਹੀਂ ਦੇ ਸਕਦੇ, ਪਰ ਅਸੀਂ ਜੋ ਕੁਝ ਵੀ ਦਿਲੋਂ ਦਿੰਦੇ ਹਾਂ ਯਹੋਵਾਹ ਉਸ ਤੋਂ ਖ਼ੁਸ਼ ਹੁੰਦਾ ਹੈ।​—2 ਕੁਰਿੰ. 8:12.

11 ਕਈ ਸਾਲਾਂ ਤੋਂ ਇਕ ਪਰਿਵਾਰ ਇਕ ਬਜ਼ੁਰਗ ਸਪੈਸ਼ਲ ਪਾਇਨੀਅਰ ਜੋੜੇ ਨੂੰ ਹਰ ਹਫ਼ਤੇ ਖਾਣੇ ਤੇ ਬੁਲਾਉਂਦਾ ਸੀ। ਹਾਲਾਂਕਿ ਇਸ ਪਰਿਵਾਰ ਵਿਚ ਅੱਠ ਬੱਚੇ ਸਨ, ਫਿਰ ਵੀ ਮਾਂ ਕਹਿੰਦੀ ਸੀ: “ਜਿੱਥੇ ਮੈਂ 10 ਜਣਿਆਂ ਲਈ ਖਾਣਾ ਬਣਾਉਂਦੀ ਹਾਂ, ਉੱਥੇ 12 ਜਣਿਆਂ ਲਈ ਖਾਣਾ ਬਣਾਉਣਾ ਕਿਹੜੀ ਵੱਡੀ ਗੱਲ ਹੈ।” ਹੋ ਸਕਦਾ ਹੈ ਕਿ ਇਹ ਛੋਟੀ ਜਿਹੀ ਗੱਲ ਲੱਗੇ, ਪਰ ਉਹ ਪਾਇਨੀਅਰ ਜੋੜਾ ਇਸ ਪਰਿਵਾਰ ਦਾ ਬਹੁਤ ਸ਼ੁਕਰਗੁਜ਼ਾਰ ਸੀ। ਇਨ੍ਹਾਂ ਪਾਇਨੀਅਰਾਂ ਦੇ ਵਧੀਆ ਤਜਰਬਿਆਂ ਅਤੇ ਹੌਸਲੇ ਭਰੀਆਂ ਗੱਲਾਂ ਕਰਕੇ ਉਸ ਪਰਿਵਾਰ ਦੇ ਬੱਚਿਆਂ ਨੇ ਸੱਚਾਈ ਵਿਚ ਤਰੱਕੀ ਕੀਤੀ। ਬਾਅਦ ਵਿਚ ਸਾਰੇ ਬੱਚਿਆਂ ਨੇ ਪੂਰੇ ਸਮੇਂ ਦੀ ਸੇਵਾ ਸ਼ੁਰੂ ਕੀਤੀ।

12. ਬਜ਼ੁਰਗ ਤੇ ਸਹਾਇਕ ਸੇਵਕ ਕਿਹੜੀ ਵਧੀਆ ਮਿਸਾਲ ਕਾਇਮ ਕਰਦੇ ਹਨ?

12 ਇਕ ਹੋਰ ਸਬਕ ਇਹ ਹੈ ਕਿ ਨਹਮਯਾਹ ਵਾਂਗ ਬਜ਼ੁਰਗ ਤੇ ਸਹਾਇਕ ਸੇਵਕ ਪਰਮੇਸ਼ੁਰ ਦੇ ਕੀਤੇ ਇੰਤਜ਼ਾਮਾਂ ਮੁਤਾਬਕ ਚੱਲ ਕੇ ਦੂਜਿਆਂ ਲਈ ਇਕ ਵਧੀਆ ਮਿਸਾਲ ਕਾਇਮ ਕਰਦੇ ਹਨ। ਬਜ਼ੁਰਗ ਪੌਲੁਸ ਰਸੂਲ ਦੀ ਮਿਸਾਲ ਦੀ ਰੀਸ ਕਰਦੇ ਹਨ। ਉਹ ਵੀ ਪਰਮੇਸ਼ੁਰ ਦੇ ਕੀਤੇ ਇੰਤਜ਼ਾਮਾਂ ਮੁਤਾਬਕ ਚੱਲਦਾ ਸੀ ਅਤੇ ਉਸ ਨੇ ਭੈਣਾਂ-ਭਰਾਵਾਂ ਨੂੰ ਵਧੀਆ ਸਲਾਹ ਦਿੱਤੀ। ਮਿਸਾਲ ਲਈ, ਉਸ ਨੇ ਦੱਸਿਆ ਕਿ ਉਹ ਦਾਨ ਕਿਵੇਂ ਦੇ ਸਕਦੇ ਹਨ।​—1 ਕੁਰਿੰ. 16:1-3; 2 ਕੁਰਿੰ. 9:5-7.

ਪਰਮੇਸ਼ੁਰ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿਓ

13. ਸਬਤ ਦੇ ਦਿਨ ਕੁਝ ਇਜ਼ਰਾਈਲੀ ਕੀ ਕਰ ਰਹੇ ਸਨ?

13 ਨਹਮਯਾਹ 13:15-21 ਪੜ੍ਹੋ। ਜੇ ਅਸੀਂ ਪੈਸਾ ਜਾਂ ਚੀਜ਼ਾਂ ਇਕੱਠੀਆਂ ਕਰਨ ਵਿਚ ਲੱਗੇ ਰਹਿੰਦੇ ਹਾਂ, ਤਾਂ ਹੌਲੀ-ਹੌਲੀ ਸਾਡਾ ਰਿਸ਼ਤਾ ਪਰਮੇਸ਼ੁਰ ਨਾਲ ਟੁੱਟ ਸਕਦਾ ਹੈ। ਕੂਚ 31:13 ਮੁਤਾਬਕ ਸਬਤ ਦਾ ਦਿਨ ਇਜ਼ਰਾਈਲੀਆਂ ਨੂੰ ਯਾਦ ਕਰਾਉਂਦਾ ਸੀ ਕਿ ਉਹ ਪਰਮੇਸ਼ੁਰ ਦੇ ਪਵਿੱਤਰ ਲੋਕ ਸਨ। ਸਬਤ ਦੇ ਦਿਨ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ ਮਿਲ ਕੇ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੀਦੀ ਸੀ। ਨਾਲੇ ਉਨ੍ਹਾਂ ਨੂੰ ਪ੍ਰਾਰਥਨਾ ਅਤੇ ਪਰਮੇਸ਼ੁਰ ਦੇ ਕਾਨੂੰਨਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਸੀ। ਪਰ ਨਹਮਯਾਹ ਦੇ ਜ਼ਮਾਨੇ ਵਿਚ ਲੋਕਾਂ ਲਈ ਸਬਤ ਦਾ ਦਿਨ ਬਾਕੀ ਦਿਨਾਂ ਵਰਗਾ ਬਣ ਗਿਆ ਸੀ। ਉਹ ਇਸ ਦਿਨ ਭਗਤੀ ਕਰਨ ਦੀ ਬਜਾਇ ਆਪਣਾ ਕਾਰੋਬਾਰ ਕਰਦੇ ਸਨ। ਇਹ ਸਭ ਕੁਝ ਦੇਖ ਕੇ ਨਹਮਯਾਹ ਨੇ ਛੇਵੇਂ ਦਿਨ ਸ਼ਾਮ ਨੂੰ ਸ਼ਹਿਰ ਦੇ ਫਾਟਕ ਬੰਦ ਕਰਵਾ ਦਿੱਤੇ ਅਤੇ ਸਬਤ ਸ਼ੁਰੂ ਹੋਣ ਤੋਂ ਪਹਿਲਾਂ ਦੂਜੀਆਂ ਕੌਮਾਂ ਦੇ ਵਪਾਰੀਆਂ ਨੂੰ ਉੱਥੋਂ ਭਜਾ ਦਿੱਤਾ।

14, 15. (ੳ) ਜੇ ਅਸੀਂ ਪੈਸਾ ਕਮਾਉਣ ਵਿਚ ਲੱਗੇ ਰਹਿੰਦੇ ਹਾਂ, ਤਾਂ ਕੀ ਹੋ ਸਕਦਾ ਹੈ? (ਅ) ਅਸੀਂ ਪਰਮੇਸ਼ੁਰ ਦੇ ਆਰਾਮ ਵਿਚ ਕਿਵੇਂ ਸ਼ਾਮਲ ਹੋ ਸਕਦੇ ਹਾਂ?

14 ਅਸੀਂ ਨਹਮਯਾਹ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? ਇਕ ਗੱਲ ਇਹ ਹੈ ਕਿ ਸਾਨੂੰ ਯਹੋਵਾਹ ਦੀ ਭਗਤੀ ਛੱਡ ਕੇ ਪੈਸਾ ਕਮਾਉਣ ਵਿਚ ਲੱਗੇ ਨਹੀਂ ਰਹਿਣਾ ਚਾਹੀਦਾ, ਖ਼ਾਸ ਕਰਕੇ ਜੇ ਸਾਨੂੰ ਆਪਣਾ ਕੰਮ ਬਹੁਤ ਪਿਆਰਾ ਹੈ। ਯਾਦ ਕਰੋ ਯਿਸੂ ਨੇ ਦੋ ਮਾਲਕਾਂ ਦੀ ਗ਼ੁਲਾਮੀ ਬਾਰੇ ਕੀ ਚੇਤਾਵਨੀ ਦਿੱਤੀ ਸੀ। (ਮੱਤੀ 6:24 ਪੜ੍ਹੋ।) ਜੇ ਨਹਮਯਾਹ ਚਾਹੁੰਦਾ, ਤਾਂ ਉਹ ਵੀ ਬਹੁਤ ਪੈਸਾ ਕਮਾ ਸਕਦਾ ਸੀ। ਉਹ ਸੂਰ ਦੇ ਲੋਕਾਂ ਅਤੇ ਹੋਰ ਵਪਾਰੀਆਂ ਨਾਲ ਕਾਰੋਬਾਰ ਕਰਨ ਵਿਚ ਸਮਾਂ ਲਾ ਸਕਦਾ ਸੀ। ਪਰ ਇਸ ਦੀ ਬਜਾਇ ਉਸ ਨੇ ਕੀ ਕੀਤਾ? (ਨਹ. 5:14-18) ਉਸ ਨੇ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਅਤੇ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨ ਵਿਚ ਸਖ਼ਤ ਮਿਹਨਤ ਕੀਤੀ। ਇਸੇ ਤਰ੍ਹਾਂ ਅੱਜ ਬਜ਼ੁਰਗ ਤੇ ਸਹਾਇਕ ਸੇਵਕ ਆਪਣਾ ਸਮਾਂ ਤੇ ਤਾਕਤ ਲਾ ਕੇ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ। ਫਿਰ ਭੈਣ-ਭਰਾ ਵੀ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਨ। ਨਤੀਜੇ ਵਜੋਂ ਪਰਮੇਸ਼ੁਰ ਦੇ ਲੋਕ ਪਿਆਰ, ਸੁੱਖ-ਸ਼ਾਂਤੀ ਤੇ ਏਕਤਾ ਦੇ ਬੰਧਨ ਵਿਚ ਬੱਝ ਜਾਂਦੇ ਹਨ।​—ਹਿਜ਼. 34:25, 28.

15 ਭਾਵੇਂ ਕਿ ਅੱਜ ਮਸੀਹੀ ਸਬਤ ਨਹੀਂ ਮਨਾਉਂਦੇ, ਪਰ ਪੌਲੁਸ ਸਾਨੂੰ ਦੱਸਦਾ ਹੈ: “ਪਰਮੇਸ਼ੁਰ ਦੇ ਲੋਕਾਂ ਲਈ ਸਬਤ ਦੇ ਦਿਨ ਵਾਂਗ ਆਰਾਮ ਦਾ ਦਿਨ ਅਜੇ ਵੀ ਹੈ। ਜਿਹੜਾ ਇਨਸਾਨ ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਹੋਇਆ ਹੈ, ਉਸ ਨੇ ਆਪਣੇ ਕੰਮਾਂ ਤੋਂ ਵੀ ਆਰਾਮ ਕੀਤਾ ਹੈ, ਜਿਵੇਂ ਪਰਮੇਸ਼ੁਰ ਨੇ ਆਪਣੇ ਕੰਮਾਂ ਤੋਂ ਆਰਾਮ ਕੀਤਾ ਸੀ।” (ਇਬ. 4:9, 10) ਅਸੀਂ ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਹੋ ਸਕਦੇ ਹਾਂ ਜੇ ਅਸੀਂ ਉਸ ਦਾ ਕਹਿਣਾ ਮੰਨੀਏ ਅਤੇ ਉਸ ਦੀ ਇੱਛਾ ਮੁਤਾਬਕ ਚੱਲੀਏ। ਕੀ ਤੁਸੀਂ ਆਪਣੇ ਪਰਿਵਾਰ ਨਾਲ ਮਿਲ ਕੇ ਪਰਮੇਸ਼ੁਰ ਦੀ ਭਗਤੀ, ਮੀਟਿੰਗਾਂ ਅਤੇ ਪ੍ਰਚਾਰ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹੋ? ਨੌਕਰੀ ਦੀ ਜਗ੍ਹਾ ਤੇ ਸਾਡੇ ਬਾਸ ਜਾਂ ਦੂਜੇ ਲੋਕਾਂ ਨੂੰ ਸ਼ਾਇਦ ਇਹ ਗੱਲਾਂ ਫ਼ਜ਼ੂਲ ਲੱਗਣ। ਇਸ ਲਈ ਉਨ੍ਹਾਂ ਨੂੰ ਦਿਖਾਓ ਕਿ ਯਹੋਵਾਹ ਦਾ ਕੰਮ ਸਾਡੇ ਲਈ ਸਭ ਤੋਂ ਜ਼ਰੂਰੀ ਹੈ। ਜਿੱਦਾਂ ਨਹਮਯਾਹ ਨੇ ਸੂਰ ਦੇ ਲੋਕਾਂ ਨੂੰ ਭਜਾ ਕੇ ਸ਼ਹਿਰ ਦੇ ਫਾਟਕ ਬੰਦ ਕਰ ਦਿੱਤੇ ਸਨ, ਉਸੇ ਤਰ੍ਹਾਂ ਸਾਨੂੰ ਪਵਿੱਤਰ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣੀ ਚਾਹੀਦੀ ਹੈ। ਯਹੋਵਾਹ ਨੇ ਸਾਨੂੰ ਆਪਣੇ ਲੋਕਾਂ ਵਜੋਂ ਪਵਿੱਤਰ ਕੀਤਾ ਹੈ, ਸੋ ਖ਼ੁਦ ਨੂੰ ਪੁੱਛੋ: ‘ਕੀ ਮੈਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੇ ਕੰਮਾਂ ਨੂੰ ਪਹਿਲ ਦਿੰਦਾ ਹਾਂ?’​—ਮੱਤੀ 6:33.

ਯਹੋਵਾਹ ਦੇ ਗਵਾਹਾਂ ਵਜੋਂ ਆਪਣੀ ਪਛਾਣ ਬਣਾਈ ਰੱਖੋ

16. ਨਹਮਯਾਹ ਦੇ ਦਿਨਾਂ ਵਿਚ ਇਹ ਪਤਾ ਕਿਉਂ ਨਹੀਂ ਲੱਗ ਰਿਹਾ ਸੀ ਕਿ ਇਜ਼ਰਾਈਲੀ ਪਰਮੇਸ਼ੁਰ ਦੇ ਪਵਿੱਤਰ ਲੋਕ ਸਨ ਜਾਂ ਨਹੀਂ?

16 ਨਹਮਯਾਹ 13:23-27 ਪੜ੍ਹੋ। ਨਹਮਯਾਹ ਦੇ ਦਿਨਾਂ ਵਿਚ ਇਜ਼ਰਾਈਲੀ ਆਦਮੀ ਦੂਜੀਆਂ ਕੌਮਾਂ ਦੀਆਂ ਤੀਵੀਆਂ ਨਾਲ ਵਿਆਹ ਕਰਾ ਰਹੇ ਸਨ। ਜਦ ਨਹਮਯਾਹ ਪਹਿਲੀ ਵਾਰ ਯਰੂਸ਼ਲਮ ਵਿਚ ਆਇਆ, ਤਾਂ ਉਸ ਨੇ ਸਾਰੇ ਬਜ਼ੁਰਗਾਂ ਕੋਲੋਂ ਇਕਰਾਰਨਾਮਾ ਲਿਖਵਾਇਆ ਕਿ ਉਹ ਦੂਜੀਆਂ ਕੌਮਾਂ ਵਿਚ ਵਿਆਹ ਨਹੀਂ ਕਰਾਉਣਗੇ। (ਨਹ. 9:38; 10:30) ਪਰ ਜਦ ਉਹ ਕੁਝ ਸਾਲਾਂ ਬਾਅਦ ਵਾਪਸ ਆਇਆ, ਤਾਂ ਉਸ ਨੇ ਦੇਖਿਆ ਕਿ ਇਜ਼ਰਾਈਲੀਆਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਇੱਥੋਂ ਤਕ ਕਿ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਪਰਮੇਸ਼ੁਰ ਦੇ ਪਵਿੱਤਰ ਲੋਕ ਸਨ ਜਾਂ ਨਹੀਂ! ਉਨ੍ਹਾਂ ਦੇ ਬੱਚੇ ਨਾ ਤਾਂ ਇਬਰਾਨੀ ਭਾਸ਼ਾ ਪੜ੍ਹ ਸਕਦੇ ਸਨ ਤੇ ਨਾ ਹੀ ਬੋਲ ਸਕਦੇ ਸਨ। ਕੀ ਉਹ ਵੱਡੇ ਹੋ ਕੇ ਖ਼ੁਦ ਨੂੰ ਇਜ਼ਰਾਈਲੀ ਕਹਿੰਦੇ? ਜਾਂ ਉਹ ਖ਼ੁਦ ਨੂੰ ਅਸ਼ਦੋਦੀ, ਅੰਮੋਨੀ ਜਾਂ ਮੋਆਬੀ ਕਹਿੰਦੇ? ਇਬਰਾਨੀ ਭਾਸ਼ਾ ਨਾ ਆਉਣ ਕਰਕੇ ਕੀ ਉਹ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਸਮਝ ਪਾਉਂਦੇ? ਉਨ੍ਹਾਂ ਦੀਆਂ ਮਾਵਾਂ ਜਿਨ੍ਹਾਂ ਦੇਵੀ-ਦੇਵਤਿਆਂ ਦੀ ਪੂਜਾ ਕਰਦੀਆਂ ਸਨ, ਕੀ ਉਹ ਉਨ੍ਹਾਂ ਦੀ ਭਗਤੀ ਕਰਨੀ ਚੁਣਦੇ ਜਾਂ ਯਹੋਵਾਹ ਦੀ? ਨਹਮਯਾਹ ਨੇ ਇਸ ਬਾਰੇ ਕੁਝ ਕਰਨ ਲਈ ਠੋਸ ਕਦਮ ਚੁੱਕੇ ਤਾਂਕਿ ਇਜ਼ਰਾਈਲੀ ਯਹੋਵਾਹ ਦੇ ਪਵਿੱਤਰ ਲੋਕਾਂ ਵਜੋਂ ਆਪਣੀ ਪਛਾਣ ਬਣਾਈ ਰੱਖਣ।​—ਨਹ. 13:28.

ਆਪਣੇ ਬੱਚਿਆਂ ਦੀ ਮਦਦ ਕਰੋ ਤਾਂਕਿ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਕਾਇਮ ਕਰਨ (ਪੈਰੇ 17, 18 ਦੇਖੋ)

17. ਯਹੋਵਾਹ ਨਾਲ ਆਪਣਾ ਰਿਸ਼ਤਾ ਕਾਇਮ ਕਰਨ ਲਈ ਮਾਪੇ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ?

17 ਅੱਜ ਸਾਨੂੰ ਆਪਣੇ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਉਹ ਯਹੋਵਾਹ ਦੇ ਗਵਾਹ ਬਣਨ। ਮਾਪਿਓ, ਖ਼ੁਦ ਨੂੰ ਪੁੱਛੋ: ‘ਕੀ ਮੇਰੇ ਬੱਚੇ “ਪਵਿੱਤਰ ਬੋਲੀ” ਬੋਲਦੇ ਯਾਨੀ ਬਾਈਬਲ ਵਿਚ ਪਾਈ ਜਾਂਦੀ ਸੱਚਾਈ ਨੂੰ ਚੰਗੀ ਤਰ੍ਹਾਂ ਸਮਝਦੇ ਹਨ? (ਸਫ਼. 3:9, CL) ਕੀ ਉਨ੍ਹਾਂ ਦੀ ਗੱਲਬਾਤ ਤੇ ਉਨ੍ਹਾਂ ਦੀ ਸੋਚ ਦੁਨੀਆਂ ਦੇ ਲੋਕਾਂ ਵਰਗੀ ਹੈ ਜਾਂ ਪਰਮੇਸ਼ੁਰ ਵਰਗੀ?’ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚਿਆਂ ਨੂੰ ਆਪਣੇ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਹੌਸਲਾ ਨਾ ਹਾਰੋ। ਕੋਈ ਨਵੀਂ ਭਾਸ਼ਾ ਸਿੱਖਣ ਵਿਚ ਸਮਾਂ ਲੱਗਦਾ ਹੈ, ਖ਼ਾਸ ਕਰਕੇ ਜਦੋਂ ਸਾਡੇ ਆਲੇ-ਦੁਆਲੇ ਦੀਆਂ ਚੀਜ਼ਾਂ ਸਾਡਾ ਧਿਆਨ ਖਿੱਚਦੀਆਂ ਹਨ। ਇਹ ਦੁਨੀਆਂ ਤੁਹਾਡੇ ਬੱਚਿਆਂ ’ਤੇ ਦਬਾਅ ਪਾਉਂਦੀ ਹੈ ਤਾਂਕਿ ਉਹ ਪਰਮੇਸ਼ੁਰ ਦਾ ਕਹਿਣਾ ਨਾ ਮੰਨਣ। ਇਸ ਲਈ ਧੀਰਜ ਰੱਖੋ ਅਤੇ ਪਰਿਵਾਰਕ ਸਟੱਡੀ ਦੌਰਾਨ ਤੇ ਹੋਰ ਮੌਕਿਆਂ ’ਤੇ ਆਪਣੇ ਬੱਚਿਆਂ ਦੀ ਮਦਦ ਕਰੋ ਤਾਂਕਿ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਣ। (ਬਿਵ. 6:6-9) ਉਨ੍ਹਾਂ ਨੂੰ ਦੱਸੋ ਕਿ ਸ਼ੈਤਾਨ ਦੀ ਦੁਨੀਆਂ ਤੋਂ ਦੂਰ ਰਹਿਣ ਦੇ ਕੀ-ਕੀ ਫ਼ਾਇਦੇ ਹਨ। (ਯੂਹੰ. 17:15-17) ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰੋ।

18. ਇਹ ਮਾਪਿਆਂ ਦਾ ਫ਼ਰਜ਼ ਕਿਉਂ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਗਵਾਹ ਬਣਨ ਵਿਚ ਮਦਦ ਦੇਣ?

18 ਅਖ਼ੀਰ ਵਿਚ ਇਹ ਫ਼ੈਸਲਾ ਤੁਹਾਡੇ ਬੱਚਿਆਂ ਦਾ ਹੈ ਕਿ ਉਹ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ ਜਾਂ ਨਹੀਂ। ਪਰ ਮਾਂ-ਬਾਪ ਹੋਣ ਦੇ ਨਾਤੇ ਉਨ੍ਹਾਂ ਦੀ ਮਦਦ ਕਰੋ। ਤੁਸੀਂ ਉਨ੍ਹਾਂ ਦੇ ਸਾਮ੍ਹਣੇ ਇਕ ਵਧੀਆ ਮਿਸਾਲ ਰੱਖੋ, ਉਨ੍ਹਾਂ ਨੂੰ ਦੱਸੋ ਕਿ ਪਰਮੇਸ਼ੁਰ ਨੂੰ ਕਿੱਦਾਂ ਦਾ ਚਾਲ-ਚਲਣ ਪਸੰਦ ਹੈ ਅਤੇ ਉਨ੍ਹਾਂ ਨੂੰ ਸਮਝਾਓ ਕਿ ਉਨ੍ਹਾਂ ਦੇ ਫ਼ੈਸਲਿਆਂ ਦੇ ਕਿਹੜੇ ਬੁਰੇ ਅੰਜਾਮ ਹੋ ਸਕਦੇ ਹਨ। ਮਾਪਿਓ, ਇਹ ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਗਵਾਹ ਬਣਨ ਵਿਚ ਮਦਦ ਦਿਓ। ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੇ ਅਸੂਲਾਂ ਮੁਤਾਬਕ ਚੱਲੀਏ ਅਤੇ ਆਪਣੇ ਵਿਚ ਉਹ ਗੁਣ ਪੈਦਾ ਕਰੀਏ ਜੋ ਉਸ ਨੂੰ ਪਸੰਦ ਹਨ।​—ਪ੍ਰਕਾ. 3:4, 5; 16:15.

ਯਹੋਵਾਹ ਸਾਡੇ ਚੰਗੇ ਕੰਮ ਚੇਤੇ ਰੱਖੇਗਾ

19, 20. ਯਹੋਵਾਹ ਸਾਡੇ ਚੰਗੇ ਕੰਮਾਂ ਲਈ ਸਾਨੂੰ ਕਿਵੇਂ ਚੇਤੇ ਰੱਖੇਗਾ?

19 ਨਹਮਯਾਹ ਦੇ ਜ਼ਮਾਨੇ ਵਿਚ ਰਹਿਣ ਵਾਲੇ ਮਲਾਕੀ ਨਬੀ ਨੇ ਕਿਹਾ: ‘ਯਹੋਵਾਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਯਾਦਗੀਰੀ ਦੀ ਪੁਸਤਕ ਲਿਖੀ ਗਈ।’ (ਮਲਾ. 3:16, 17) ਪਰਮੇਸ਼ੁਰ ਉਨ੍ਹਾਂ ਨੂੰ ਕਦੀ ਨਹੀਂ ਭੁੱਲੇਗਾ ਜੋ ਉਸ ਲਈ ਸ਼ਰਧਾ ਰੱਖਦੇ ਹਨ ਅਤੇ ਉਸ ਦੇ ਨਾਂ ਨੂੰ ਪਿਆਰ ਕਰਦੇ ਹਨ।​—ਇਬ. 6:10.

20 ਨਹਮਯਾਹ ਨੇ ਪ੍ਰਾਰਥਨਾ ਵਿਚ ਕਿਹਾ: “ਹੇ ਮੇਰੇ ਪਰਮੇਸ਼ੁਰ, ਭਲਿਆਈ ਲਈ ਮੈਨੂੰ ਚੇਤੇ ਕਰ!” (ਨਹ. 13:31) ਜੇ ਅਸੀਂ ਬੁਰੀਆਂ ਸੰਗਤਾਂ ਤੋਂ ਦੂਰ ਰਹੀਏ, ਪਰਮੇਸ਼ੁਰ ਦੇ ਕੀਤੇ ਇੰਤਜ਼ਾਮਾਂ ਮੁਤਾਬਕ ਚੱਲੀਏ, ਪਰਮੇਸ਼ੁਰ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਈਏ ਤੇ ਯਹੋਵਾਹ ਦੇ ਗਵਾਹਾਂ ਵਜੋਂ ਆਪਣੀ ਪਛਾਣ ਬਣਾਈ ਰੱਖੀਏ, ਤਾਂ ਨਹਮਯਾਹ ਵਾਂਗ ਯਹੋਵਾਹ ਸਾਡਾ ਨਾਂ ਵੀ ਯਾਦਗੀਰੀ ਦੀ ਪੁਸਤਕ ਵਿਚ ਲਿਖੇਗਾ। ਆਓ ਆਪਾਂ ‘ਆਪਣੇ ਆਪ ਨੂੰ ਪਰਖਦੇ ਰਹੀਏ ਕਿ ਅਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹਾਂ ਜਾਂ ਨਹੀਂ।’ (2 ਕੁਰਿੰ. 13:5) ਜੇ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਪਵਿੱਤਰ ਬਣਾਈ ਰੱਖਾਂਗੇ, ਤਾਂ ਉਹ ਸਾਨੂੰ ਸਾਡੇ ਚੰਗੇ ਕੰਮਾਂ ਲਈ ਚੇਤੇ ਰੱਖੇਗਾ।