Skip to content

Skip to table of contents

ਯਿਸੂ ਦੀ ਦਿਲੋਂ ਕੀਤੀ ਪ੍ਰਾਰਥਨਾ ਮੁਤਾਬਕ ਚੱਲੋ

ਯਿਸੂ ਦੀ ਦਿਲੋਂ ਕੀਤੀ ਪ੍ਰਾਰਥਨਾ ਮੁਤਾਬਕ ਚੱਲੋ

‘ਹੇ ਪਿਤਾ, ਆਪਣੇ ਪੁੱਤਰ ਦੀ ਮਹਿਮਾ ਕਰ ਤਾਂਕਿ ਤੇਰਾ ਪੁੱਤਰ ਤੇਰੀ ਮਹਿਮਾ ਕਰੇ।’​—ਯੂਹੰ. 17:1.

1, 2. ਸਾਲ 33 ਈਸਵੀ ਵਿਚ ਪਸਾਹ ਦਾ ਤਿਉਹਾਰ ਮਨਾਉਣ ਤੋਂ ਬਾਅਦ ਯਿਸੂ ਨੇ ਕੀ ਕੀਤਾ?

14 ਨੀਸਾਨ, 33 ਈਸਵੀ ਨੂੰ ਕਾਫ਼ੀ ਸ਼ਾਮ ਪੈ ਚੁੱਕੀ ਸੀ। ਯਿਸੂ ਅਤੇ ਉਸ ਦੇ ਸਾਥੀ ਪਸਾਹ ਦਾ ਤਿਉਹਾਰ ਮਨਾ ਚੁੱਕੇ ਸਨ। ਇਸ ਰਾਹੀਂ ਉਨ੍ਹਾਂ ਨੂੰ ਯਾਦ ਆਇਆ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਮਿਸਰ ਦੀ ਗ਼ੁਲਾਮੀ ਵਿੱਚੋਂ ਕਿਵੇਂ ਛੁਡਾਇਆ ਸੀ। ਪਰ ਯਿਸੂ ਦੇ ਵਫ਼ਾਦਾਰ ਚੇਲਿਆਂ ਨੂੰ “ਹਮੇਸ਼ਾ ਲਈ ਮੁਕਤੀ” ਮਿਲਣੀ ਸੀ। ਅਗਲੇ ਦਿਨ * ਉਨ੍ਹਾਂ ਦੇ ਆਗੂ ਨੂੰ ਦੁਸ਼ਮਣਾਂ ਨੇ ਮੌਤ ਦੇ ਘਾਟ ਉਤਾਰ ਦੇਣਾ ਸੀ। ਪਰ ਇਹ ਦੁੱਖ ਦਾ ਵੇਲਾ ਬਰਕਤ ਵਿਚ ਬਦਲ ਜਾਣਾ ਸੀ ਕਿਉਂਕਿ ਯਿਸੂ ਨੇ ਆਪਣੀ ਮੁਕੰਮਲ ਜਾਨ ਦੇ ਕੇ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਦਿਵਾਉਣਾ ਸੀ।​—ਇਬ. 9:12-14.

2 ਯਿਸੂ ਚਾਹੁੰਦਾ ਸੀ ਕਿ ਅਸੀਂ ਇਸ ਕੁਰਬਾਨੀ ਨੂੰ ਕਦੇ ਨਾ ਭੁੱਲੀਏ, ਇਸ ਲਈ ਉਸ ਨੇ ਪਸਾਹ ਦੇ ਤਿਉਹਾਰ ਦੀ ਥਾਂ ਇਕ ਨਵੀਂ ਰੀਤ ਸ਼ੁਰੂ ਕੀਤੀ ਜੋ ਹਰ ਸਾਲ ਮਨਾਈ ਜਾਣੀ ਸੀ। ਉਸ ਨੇ ਬੇਖ਼ਮੀਰੀ ਰੋਟੀ ਤੋੜ ਕੇ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਦਿੰਦੇ ਹੋਏ ਕਿਹਾ: “ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ, ਜੋ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।” ਇਸੇ ਤਰ੍ਹਾਂ ਉਸ ਨੇ ਦਾਖਰਸ ਦਾ ਪਿਆਲਾ ਲੈ ਕੇ ਉਨ੍ਹਾਂ ਨੂੰ ਕਿਹਾ ਕਿ ਇਹ “ਮੇਰੇ ਲਹੂ ਦੁਆਰਾ ਕੀਤੇ ਗਏ ਨਵੇਂ ਇਕਰਾਰ ਨੂੰ ਦਰਸਾਉਂਦਾ ਹੈ।”​—ਲੂਕਾ 22:19, 20.

3. (ੳ) ਯਿਸੂ ਦੀ ਮੌਤ ਤੋਂ ਬਾਅਦ ਕਿਹੜੀ ਵੱਡੀ ਤਬਦੀਲੀ ਆਈ? (ਅ) ਯਿਸੂ ਦੀ ਪ੍ਰਾਰਥਨਾ ਦੀ ਜਾਂਚ ਕਰਦਿਆਂ ਸਾਨੂੰ ਖ਼ੁਦ ਨੂੰ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

3 ਪਰਮੇਸ਼ੁਰ ਅਤੇ ਇਜ਼ਰਾਈਲੀ ਕੌਮ ਵਿਚਕਾਰ ਮੂਸਾ ਰਾਹੀਂ ਕੀਤਾ ਇਕਰਾਰ ਜਲਦ ਖ਼ਤਮ ਹੋਣ ਵਾਲਾ ਸੀ। ਸੋ ਇਸ ਦੀ ਜਗ੍ਹਾ ਯਹੋਵਾਹ ਨੇ ਯਿਸੂ ਦੇ ਚੁਣੇ ਹੋਏ ਚੇਲਿਆਂ ਨਾਲ ਇਕ ਨਵਾਂ ਇਕਰਾਰ ਕਰਨਾ ਸੀ। ਯਿਸੂ ਚਾਹੁੰਦਾ ਸੀ ਕਿ ਉਸ ਦੇ ਚੇਲੇ ਇਜ਼ਰਾਈਲੀ ਕੌਮ ਵਰਗੇ ਨਾ ਬਣਨ ਕਿਉਂਕਿ ਉਹ ਕੌਮ ਮਿਲ ਕੇ ਪਰਮੇਸ਼ੁਰ ਦੀ ਭਗਤੀ ਨਹੀਂ ਕਰਦੀ ਸੀ ਜਿਸ ਕਰਕੇ ਪਰਮੇਸ਼ੁਰ ਦਾ ਨਾਂ ਬਦਨਾਮ ਹੋ ਰਿਹਾ ਸੀ। (ਯੂਹੰ. 7:45-49; ਰਸੂ. 23:6-9) ਯਿਸੂ ਦੀ ਤਮੰਨਾ ਸੀ ਕਿ ਉਸ ਦੇ ਚੇਲੇ ਪੂਰੀ ਤਰ੍ਹਾਂ ਏਕਤਾ ਵਿਚ ਬੱਝੇ ਰਹਿਣ ਅਤੇ ਮਿਲ ਕੇ ਕੰਮ ਕਰਨ ਤਾਂਕਿ ਪਰਮੇਸ਼ੁਰ ਦੇ ਨਾਂ ਦੀ ਮਹਿਮਾ ਹੋਵੇ। ਸੋ ਯਿਸੂ ਨੇ ਕੀ ਕੀਤਾ? ਉਸ ਨੇ ਅਜਿਹੀ ਮਨਭਾਉਂਦੀ ਪ੍ਰਾਰਥਨਾ ਕੀਤੀ ਜੋ ਹਰ ਇਨਸਾਨ ਲਈ ਪੜ੍ਹਨੀ ਸਨਮਾਨ ਦੀ ਗੱਲ ਹੋਵੇਗੀ। (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) ਇਹ ਪ੍ਰਾਰਥਨਾ ਯੂਹੰਨਾ 17:1-26 ਵਿਚ ਪਾਈ ਜਾਂਦੀ ਹੈ। ਇਸ ਦੀ ਜਾਂਚ ਕਰਦਿਆਂ ਅਸੀਂ ਖ਼ੁਦ ਨੂੰ ਇਹ ਸਵਾਲ ਪੁੱਛ ਸਕਦੇ ਹਾਂ: “ਕੀ ਪਰਮੇਸ਼ੁਰ ਨੇ ਯਿਸੂ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ? ਕੀ ਮੈਂ ਉਸ ਦੀ ਪ੍ਰਾਰਥਨਾ ਮੁਤਾਬਕ ਚੱਲ ਰਿਹਾ ਹਾਂ?”

ਯਿਸੂ ਲਈ ਸਭ ਤੋਂ ਜ਼ਰੂਰੀ ਕੀ ਸੀ

4, 5. (ੳ) ਯਿਸੂ ਨੇ ਪ੍ਰਾਰਥਨਾ ਦੇ ਸ਼ੁਰੂ ਵਿਚ ਜੋ ਕਿਹਾ, ਅਸੀਂ ਉਸ ਤੋਂ ਕੀ ਸਿੱਖਦੇ ਹਾਂ? (ਅ) ਕੀ ਯਹੋਵਾਹ ਨੇ ਯਿਸੂ ਦੀ ਖ਼ਾਹਸ਼ ਪੂਰੀ ਕੀਤੀ?

4 ਯਿਸੂ ਅੱਧੀ ਰਾਤ ਤਕ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੀਆਂ ਸ਼ਾਨਦਾਰ ਗੱਲਾਂ ਸਿਖਾਉਂਦਾ ਰਿਹਾ। ਫਿਰ ਉਹ ਆਕਾਸ਼ ਵੱਲ ਨਜ਼ਰਾਂ ਚੁੱਕ ਕੇ ਪ੍ਰਾਰਥਨਾ ਕਰਨ ਲੱਗਾ: “ਹੇ ਪਿਤਾ, ਸਮਾਂ ਆ ਗਿਆ ਹੈ; ਆਪਣੇ ਪੁੱਤਰ ਦੀ ਮਹਿਮਾ ਕਰ ਤਾਂਕਿ ਤੇਰਾ ਪੁੱਤਰ ਤੇਰੀ ਮਹਿਮਾ ਕਰੇ, ਕਿਉਂਕਿ ਤੂੰ ਉਸ ਨੂੰ ਸਾਰੇ ਲੋਕਾਂ ਉੱਤੇ ਅਧਿਕਾਰ ਦਿੱਤਾ ਹੈ, ਤਾਂਕਿ ਉਹ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਤੂੰ ਪੁੱਤਰ ਦੇ ਹੱਥ ਸੌਂਪਿਆ ਹੈ, ਹਮੇਸ਼ਾ ਦੀ ਜ਼ਿੰਦਗੀ ਦੇਵੇ। . . . ਤੂੰ ਮੈਨੂੰ ਜੋ ਕੰਮ ਦਿੱਤਾ ਸੀ, ਮੈਂ ਉਹ ਕੰਮ ਪੂਰਾ ਕਰ ਕੇ ਧਰਤੀ ਉੱਤੇ ਤੇਰੀ ਮਹਿਮਾ ਕੀਤੀ ਹੈ। ਇਸ ਲਈ ਹੇ ਪਿਤਾ, ਹੁਣ ਤੂੰ ਮੈਨੂੰ ਆਪਣੇ ਨਾਲ ਉਹੀ ਮਹਿਮਾ ਦੇ ਜੋ ਮਹਿਮਾ ਦੁਨੀਆਂ ਦੀ ਸ੍ਰਿਸ਼ਟੀ ਤੋਂ ਪਹਿਲਾਂ ਤੇਰੇ ਨਾਲ ਰਹਿੰਦਿਆਂ ਹੁੰਦੀ ਸੀ।”​—ਯੂਹੰ. 17:1-5.

5 ਜ਼ਰਾ ਗੌਰ ਕਰੋ ਕਿ ਯਿਸੂ ਨੇ ਆਪਣੀ ਪ੍ਰਾਰਥਨਾ ਦੇ ਸ਼ੁਰੂ ਵਿਚ ਕਿਹੜੀਆਂ ਗੱਲਾਂ ਉੱਤੇ ਜ਼ੋਰ ਦਿੱਤਾ। ਉਸ ਨੂੰ ਸਭ ਤੋਂ ਜ਼ਿਆਦਾ ਇਸ ਗੱਲ ਦਾ ਫ਼ਿਕਰ ਸੀ ਕਿ ਉਸ ਦੇ ਪਿਤਾ ਦੀ ਵਡਿਆਈ ਹੋਵੇ। ਉਸ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਉਂਦੇ ਵੇਲੇ ਇਹੀ ਕਿਹਾ ਸੀ: “ਹੇ ਪਿਤਾ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।” (ਲੂਕਾ 11:2) ਫਿਰ ਯਿਸੂ ਨੇ ਕਿਹਾ ਕਿ ਉਹ ਆਪਣੇ ਚੇਲਿਆਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਦੇ ਸਕੇ। ਇਸ ਤੋਂ ਬਾਅਦ ਉਸ ਨੇ ਆਪਣੇ ਬਾਰੇ ਕਿਹਾ: “ਹੇ ਪਿਤਾ, ਹੁਣ ਤੂੰ ਮੈਨੂੰ ਆਪਣੇ ਨਾਲ ਉਹੀ ਮਹਿਮਾ ਦੇ ਜੋ ਮਹਿਮਾ ਦੁਨੀਆਂ ਦੀ ਸ੍ਰਿਸ਼ਟੀ ਤੋਂ ਪਹਿਲਾਂ ਤੇਰੇ ਨਾਲ ਰਹਿੰਦਿਆਂ ਹੁੰਦੀ ਸੀ।” ਯਹੋਵਾਹ ਨੇ ਆਪਣੇ ਵਫ਼ਾਦਾਰ ਬੇਟੇ ਦੀ ਅਰਜ਼ੋਈ ਸੁਣੀ ਤੇ ਯਿਸੂ ਨੂੰ ਉਸ ਦੇ ਮੰਗਣ ਨਾਲੋਂ ਕਿਤੇ ਜ਼ਿਆਦਾ ਦਿੱਤਾ। ਉਸ ਨੇ ਯਿਸੂ ਨੂੰ “ਦੂਤਾਂ ਦੇ ਨਾਵਾਂ ਨਾਲੋਂ ਉੱਚਾ ਨਾਂ ਦਿੱਤਾ।”​—ਇਬ. 1:4.

‘ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਸਿੱਖਦੇ ਰਹਿਣਾ’

6. ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਰਸੂਲਾਂ ਨੂੰ ਕੀ ਕਰਨ ਦੀ ਲੋੜ ਸੀ ਅਤੇ ਅਸੀਂ ਕਿਵੇਂ ਜਾਣਦੇ ਹਾਂ ਕਿ ਉਨ੍ਹਾਂ ਨੇ ਇੱਦਾਂ ਹੀ ਕੀਤਾ?

6 ਯਿਸੂ ਨੇ ਆਪਣੀ ਪ੍ਰਾਰਥਨਾ ਵਿਚ ਇਹ ਵੀ ਕਿਹਾ ਕਿ ਸਾਨੂੰ ਪਾਪੀ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਵਰਦਾਨ ਪਾਉਣ ਲਈ ਕੀ ਕਰਨ ਦੀ ਲੋੜ ਹੈ। (ਯੂਹੰਨਾ 17:3 ਪੜ੍ਹੋ।) ਉਸ ਨੇ ਕਿਹਾ ਕਿ ਸਾਨੂੰ ਪਰਮੇਸ਼ੁਰ ਅਤੇ ਯਿਸੂ ਮਸੀਹ ਬਾਰੇ “ਸਿੱਖਦੇ ਰਹਿਣ” ਦੀ ਲੋੜ ਹੈ। ਇਹ ਅਸੀਂ ਕਿਵੇਂ ਕਰ ਸਕਦੇ ਹਾਂ? ਪਹਿਲਾ, ਸਾਨੂੰ ਯਹੋਵਾਹ ਅਤੇ ਉਸ ਦੇ ਬੇਟੇ ਬਾਰੇ ਗਿਆਨ ਲੈਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੂਜਾ, ਸਾਨੂੰ ਸਿੱਖੀਆਂ ਗੱਲਾਂ ਮੁਤਾਬਕ ਚੱਲਣਾ ਚਾਹੀਦਾ ਹੈ। ਰਸੂਲਾਂ ਨੇ ਇਨ੍ਹਾਂ ਦੋ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕੀਤਾ ਜਿੱਦਾਂ ਯਿਸੂ ਨੇ ਆਪਣੀ ਪ੍ਰਾਰਥਨਾ ਵਿਚ ਕਿਹਾ ਸੀ: “ਤੂੰ ਮੈਨੂੰ ਜੋ ਵੀ ਦੱਸਿਆ, ਉਹੀ ਮੈਂ ਉਨ੍ਹਾਂ ਨੂੰ ਦੱਸਿਆ ਹੈ ਅਤੇ ਉਨ੍ਹਾਂ ਨੇ ਮੇਰੀਆਂ ਗੱਲਾਂ ਨੂੰ ਕਬੂਲ ਕੀਤਾ ਹੈ।” (ਯੂਹੰ. 17:8) ਪਰ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ’ਤੇ ਸੋਚ-ਵਿਚਾਰ ਕਰਨ ਅਤੇ ਸਿੱਖੀਆਂ ਹੋਈਆਂ ਗੱਲਾਂ ਮੁਤਾਬਕ ਚੱਲਦੇ ਰਹਿਣ ਦੀ ਲੋੜ ਸੀ। ਕੀ ਉਨ੍ਹਾਂ ਨੇ ਧਰਤੀ ’ਤੇ ਰਹਿੰਦਿਆਂ ਇੱਦਾਂ ਕੀਤਾ? ਬਿਲਕੁਲ। ਅਸੀਂ ਇਹ ਗੱਲ ਜਾਣਦੇ ਹਾਂ ਕਿ ਨਵੇਂ ਯਰੂਸ਼ਲਮ ਦੀ ਨੀਂਹ ਦੇ ਬਾਰਾਂ ਪੱਥਰਾਂ ਉੱਤੇ ਰਸੂਲਾਂ ਦੇ ਨਾਂ ਹਮੇਸ਼ਾ ਲਈ ਲਿਖੇ ਗਏ ਹਨ।​—ਪ੍ਰਕਾ. 21:14.

7. ਪਰਮੇਸ਼ੁਰ ਬਾਰੇ “ਸਿੱਖਦੇ ਰਹਿਣ” ਵਿਚ ਕੀ ਸ਼ਾਮਲ ਹੈ ਅਤੇ ਇੱਦਾਂ ਕਰਨਾ ਕਿਉਂ ਜ਼ਰੂਰੀ ਹੈ?

7 ਜੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਣੀ ਚਾਹੁੰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਬਾਰੇ “ਸਿੱਖਦੇ ਰਹਿਣ” ਦੀ ਲੋੜ ਹੈ। ਇਸ ਵਿਚ ਕੀ ਸ਼ਾਮਲ ਹੈ? ਇੱਥੇ ਵਰਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਇਹ ਵੀ ਹੋ ਸਕਦਾ ਹੈ “ਲਗਾਤਾਰ ਜਾਣਨ ਦੀ ਕੋਸ਼ਿਸ਼ ਕਰਦੇ ਰਹਿਣਾ।” ਇਸ ਲਈ ਪਰਮੇਸ਼ੁਰ ਬਾਰੇ “ਸਿੱਖਦੇ ਰਹਿਣ” ਦਾ ਮਤਲਬ ਹੈ ਉਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਗਿਆਨ ਲੈਣਾ। ਪਰ ਸਿਰਫ਼ ਇੰਨਾ ਜਾਣਨਾ ਕਾਫ਼ੀ ਨਹੀਂ ਕਿ ਉਸ ਦੀਆਂ ਕਿਹੜੀਆਂ ਖੂਬੀਆਂ ਹਨ ਤੇ ਉਸ ਦਾ ਮਕਸਦ ਕੀ ਹੈ, ਸਗੋਂ ਸਾਨੂੰ ਪਰਮੇਸ਼ੁਰ ਨੂੰ ਤਹਿ ਦਿਲੋਂ ਪਿਆਰ ਕਰਨਾ ਅਤੇ ਉਸ ਦੇ ਹੋਰ ਕਰੀਬ ਆਉਣਾ ਚਾਹੀਦਾ ਹੈ। ਨਾਲੇ ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ। ਬਾਈਬਲ ਦੱਸਦੀ ਹੈ: “ਜਿਹੜੇ ਪਿਆਰ ਨਹੀਂ ਕਰਦੇ, ਉਹ ਪਰਮੇਸ਼ੁਰ ਨੂੰ ਨਹੀਂ ਜਾਣਦੇ।” (1 ਯੂਹੰ. 4:8) ਪਰਮੇਸ਼ੁਰ ਨੂੰ ਜਾਣਨ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਉਸ ਦਾ ਕਹਿਣਾ ਮੰਨੀਏ। (1 ਯੂਹੰਨਾ 2:3-5 ਪੜ੍ਹੋ।) ਯਹੋਵਾਹ ਨੇ ਸਾਨੂੰ ਕਿੰਨਾ ਵੱਡਾ ਮਾਣ ਬਖ਼ਸ਼ਿਆ ਹੈ ਕਿ ਅਸੀਂ ਉਸ ਨੂੰ ਜਾਣ ਸਕਦੇ ਹਾਂ! ਪਰ ਆਓ ਆਪਾਂ ਯਹੂਦਾ ਇਸਕਰਿਓਤੀ ਵਰਗੇ ਨਾ ਬਣੀਏ ਜੋ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਗੁਆ ਬੈਠਾ। ਇਸ ਦੀ ਬਜਾਇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਰਹੋ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਯਹੋਵਾਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਵਰਦਾਨ ਬਖ਼ਸ਼ੇਗਾ।​—ਮੱਤੀ 24:13.

“ਆਪਣੇ ਨਾਂ ਦੀ ਖ਼ਾਤਰ”

8, 9. ਧਰਤੀ ’ਤੇ ਯਿਸੂ ਲਈ ਸਭ ਤੋਂ ਜ਼ਰੂਰੀ ਗੱਲ ਕਿਹੜੀ ਸੀ ਅਤੇ ਉਸ ਨੂੰ ਕਿਸ ਗੱਲ ਤੋਂ ਖਿੱਝ ਆਈ ਹੋਣੀ?

8 ਜਦ ਅਸੀਂ ਯੂਹੰਨਾ ਦੇ 17ਵੇਂ ਅਧਿਆਇ ਵਿਚ ਯਿਸੂ ਦੀ ਪ੍ਰਾਰਥਨਾ ਪੜ੍ਹਦੇ ਹਾਂ, ਤਾਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਉਸ ਨੂੰ ਸਿਰਫ਼ ਆਪਣੇ ਰਸੂਲਾਂ ਨਾਲ ਹੀ ਨਹੀਂ, ਸਗੋਂ ਸਾਡੇ ਨਾਲ ਵੀ ਗਹਿਰਾ ਪਿਆਰ ਹੈ। (ਯੂਹੰ. 17:20) ਅਸੀਂ ਇਹ ਵੀ ਦੇਖਦੇ ਹਾਂ ਕਿ ਉਸ ਦੀ ਨਜ਼ਰ ਵਿਚ ਸਾਡੇ ਲਈ ਮੁਕਤੀ ਪਾਉਣੀ ਸਭ ਤੋਂ ਜ਼ਰੂਰੀ ਨਹੀਂ ਸੀ। ਜਦ ਉਹ ਧਰਤੀ ’ਤੇ ਸੀ, ਤਾਂ ਉਸ ਲਈ ਸਭ ਤੋਂ ਜ਼ਰੂਰੀ ਇਹ ਸੀ ਕਿ ਉਸ ਦੇ ਪਿਤਾ ਦੇ ਨਾਂ ਦੀ ਮਹਿਮਾ ਹੋਵੇ ਅਤੇ ਇਸ ਨੂੰ ਪਵਿੱਤਰ ਕੀਤਾ ਜਾਵੇ। ਮਿਸਾਲ ਲਈ, ਯਿਸੂ ਨੇ ਯਸਾਯਾਹ ਦੀ ਕਿਤਾਬ ਵਿੱਚੋਂ ਪੜ੍ਹ ਕੇ ਸਮਝਾਇਆ ਕਿ ਉਹ ਧਰਤੀ ਉੱਤੇ ਕਿਉਂ ਆਇਆ ਸੀ: “ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਹੈ ਅਤੇ ਉਸ ਨੇ ਮੈਨੂੰ ਚੁਣਿਆ ਹੈ ਕਿ ਮੈਂ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂ।” ਜਦ ਯਿਸੂ ਨੇ ਨਾਸਰਤ ਦੇ ਸਭਾ ਘਰ ਵਿਚ ਇਹ ਹਵਾਲਾ ਪੜ੍ਹਿਆ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਸ ਨੇ ਜ਼ਰੂਰ ਪਰਮੇਸ਼ੁਰ ਦਾ ਨਾਂ ਸਹੀ ਢੰਗ ਨਾਲ ਲਿਆ ਹੋਣਾ।​—ਲੂਕਾ 4:16-21.

9 ਯਿਸੂ ਦੇ ਧਰਤੀ ’ਤੇ ਆਉਣ ਤੋਂ ਬਹੁਤ ਸਮਾਂ ਪਹਿਲਾਂ ਯਹੂਦੀ ਰੀਤ ਕਰਕੇ ਧਾਰਮਿਕ ਆਗੂ ਲੋਕਾਂ ਨੂੰ ਪਰਮੇਸ਼ੁਰ ਦਾ ਨਾਂ ਲੈਣ ਤੋਂ ਮਨ੍ਹਾ ਕਰਦੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਯਿਸੂ ਨੂੰ ਇਸ ਰੀਤ ਤੋਂ ਖਿੱਝ ਆਈ ਹੋਣੀ। ਇਸੇ ਲਈ ਉਸ ਨੇ ਆਪਣੇ ਵਿਰੋਧੀਆਂ ਨੂੰ ਕਿਹਾ: “ਮੈਂ ਆਪਣੇ ਪਿਤਾ ਦੇ ਨਾਂ ’ਤੇ ਆਇਆ ਹਾਂ, ਪਰ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ; ਜੇ ਹੋਰ ਕੋਈ ਆਪਣੇ ਨਾਂ ’ਤੇ ਆਉਂਦਾ, ਤਾਂ ਤੁਸੀਂ ਉਸ ਨੂੰ ਜ਼ਰੂਰ ਕਬੂਲ ਕਰ ਲੈਂਦੇ।” (ਯੂਹੰ. 5:43) ਫਿਰ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਯਿਸੂ ਨੇ ਪ੍ਰਾਰਥਨਾ ਵਿਚ ਦੱਸਿਆ ਕਿ ਉਸ ਲਈ ਸਭ ਤੋਂ ਜ਼ਰੂਰੀ ਗੱਲ ਕਿਹੜੀ ਸੀ: “ਹੇ ਪਿਤਾ, ਆਪਣੇ ਨਾਂ ਦੀ ਮਹਿਮਾ ਕਰ।” (ਯੂਹੰ. 12:28) ਨਾਲੇ ਜਿਸ ਪ੍ਰਾਰਥਨਾ ਬਾਰੇ ਅਸੀਂ ਸਿੱਖ ਰਹੇ ਹਾਂ, ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਲਈ ਆਪਣੇ ਪਿਤਾ ਦੇ ਨਾਂ ਦੀ ਵਡਿਆਈ ਕਰਨੀ ਸਭ ਤੋਂ ਅਹਿਮ ਗੱਲ ਸੀ।

10, 11. (ੳ) ਯਿਸੂ ਨੇ ਆਪਣੇ ਪਿਤਾ ਦੇ ਨਾਂ ਨੂੰ ਕਿਵੇਂ ਜ਼ਾਹਰ ਕੀਤਾ? (ਅ) ਯਿਸੂ ਦੇ ਚੇਲੇ ਯਹੋਵਾਹ ਦਾ ਨਾਂ ਕਿਉਂ ਐਲਾਨ ਕਰਦੇ ਹਨ?

10 ਯਿਸੂ ਨੇ ਆਪਣੀ ਦੁਆ ਵਿਚ ਕਿਹਾ: “ਮੈਂ ਉਨ੍ਹਾਂ ਲੋਕਾਂ ਸਾਮ੍ਹਣੇ ਤੇਰਾ ਨਾਂ ਪ੍ਰਗਟ ਕੀਤਾ ਹੈ ਜਿਨ੍ਹਾਂ ਨੂੰ ਤੂੰ ਦੁਨੀਆਂ ਵਿੱਚੋਂ ਮੇਰੇ ਹੱਥ ਸੌਂਪਿਆ ਹੈ। ਉਹ ਤੇਰੇ ਸਨ ਅਤੇ ਤੂੰ ਉਨ੍ਹਾਂ ਨੂੰ ਮੇਰੇ ਹੱਥ ਸੌਂਪਿਆ ਹੈ ਅਤੇ ਉਨ੍ਹਾਂ ਨੇ ਤੇਰਾ ਬਚਨ ਮੰਨਿਆ ਹੈ। ਨਾਲੇ, ਮੈਂ ਦੁਨੀਆਂ ਨੂੰ ਛੱਡ ਕੇ ਤੇਰੇ ਕੋਲ ਆ ਰਿਹਾ ਹਾਂ, ਪਰ ਉਹ ਦੁਨੀਆਂ ਵਿਚ ਹਨ। ਇਸ ਲਈ, ਹੇ ਪਵਿੱਤਰ ਪਿਤਾ, ਤੂੰ ਆਪਣੇ ਨਾਂ ਦੀ ਖ਼ਾਤਰ, ਜੋ ਨਾਂ ਤੂੰ ਮੈਨੂੰ ਦਿੱਤਾ ਹੈ, ਉਨ੍ਹਾਂ ਦੀ ਰੱਖਿਆ ਕਰ ਤਾਂਕਿ ਉਨ੍ਹਾਂ ਵਿਚ ਵੀ ਏਕਤਾ ਹੋਵੇ ਜਿਵੇਂ ਸਾਡੇ ਵਿਚ ਏਕਤਾ ਹੈ।”​—ਯੂਹੰ. 17:6, 11.

11 ਯਿਸੂ ਨੇ ਆਪਣੇ ਚੇਲਿਆਂ ਨੂੰ ਸਿਰਫ਼ ਇਹੀ ਨਹੀਂ ਦੱਸਿਆ ਕਿ ਉਸ ਦੇ ਪਿਤਾ ਦਾ ਨਾਂ ਯਹੋਵਾਹ ਹੈ, ਸਗੋਂ ਉਨ੍ਹਾਂ ਨੂੰ ਸਮਝਾਇਆ ਕਿ ਯਹੋਵਾਹ ਕੌਣ ਹੈ ਅਤੇ ਉਸ ਵਿਚ ਕਿਹੜੀਆਂ ਖੂਬੀਆਂ ਹਨ ਤੇ ਉਹ ਸਾਡੇ ਨਾਲ ਕਿਵੇਂ ਪੇਸ਼ ਆਉਂਦਾ ਹੈ। (ਕੂਚ 34:5-7) ਹੁਣ ਯਿਸੂ ਸਵਰਗ ਵਿਚ ਰਾਜਾ ਹੈ ਅਤੇ ਆਪਣੇ ਚੇਲਿਆਂ ਦੀ ਮਦਦ ਕਰ ਰਿਹਾ ਹੈ ਤਾਂਕਿ ਉਹ ਦੁਨੀਆਂ ਦੇ ਕੋਨੇ-ਕੋਨੇ ਤਕ ਪਰਮੇਸ਼ੁਰ ਦਾ ਨਾਂ ਐਲਾਨ ਕਰ ਸਕਣ। ਇਹ ਕੰਮ ਕਿਉਂ ਕੀਤਾ ਜਾ ਰਿਹਾ ਹੈ? ਤਾਂ ਜੋ ਇਸ ਬੁਰੀ ਦੁਨੀਆਂ ਦੇ ਖ਼ਾਤਮੇ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਲੋਕ ਯਹੋਵਾਹ ਬਾਰੇ ਜਾਣਨ। ਫਿਰ ਜਦ ਉਹ ਸਮਾਂ ਆਵੇਗਾ, ਤਾਂ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਬਚਾਵੇਗਾ ਤੇ ਸਾਰਿਆਂ ਨੂੰ ਯਹੋਵਾਹ ਦੇ ਬੁਲੰਦ ਨਾਂ ਬਾਰੇ ਪਤਾ ਲੱਗੇਗਾ!​—ਹਿਜ਼. 36:23.

“ਤਾਂਕਿ ਦੁਨੀਆਂ ਨੂੰ ਵਿਸ਼ਵਾਸ ਹੋਵੇ”

12. ਪ੍ਰਚਾਰ ਦਾ ਕੰਮ ਪੂਰਾ ਕਰਨ ਲਈ ਸਾਨੂੰ ਕਿਹੜੀਆਂ ਤਿੰਨ ਗੱਲਾਂ ’ਤੇ ਚੱਲਣ ਦੀ ਲੋੜ ਹੈ?

12 ਯਿਸੂ ਨੇ ਆਪਣੇ ਚੇਲਿਆਂ ਨੂੰ ਉਹ ਕੰਮ ਪੂਰਾ ਕਰਨ ਦਾ ਹੁਕਮ ਦਿੱਤਾ ਜੋ ਉਸ ਨੇ ਸ਼ੁਰੂ ਕੀਤਾ ਸੀ। ਉਸ ਨੇ ਪ੍ਰਾਰਥਨਾ ਕੀਤੀ: “ਜਿਵੇਂ ਤੂੰ ਮੈਨੂੰ ਦੁਨੀਆਂ ਵਿਚ ਘੱਲਿਆ, ਤਿਵੇਂ ਮੈਂ ਵੀ ਉਨ੍ਹਾਂ ਨੂੰ ਦੁਨੀਆਂ ਵਿਚ ਘੱਲਿਆ ਹੈ।” ਪਰ ਯਿਸੂ ਜਾਣਦਾ ਸੀ ਕਿ ਉਨ੍ਹਾਂ ਨੂੰ ਇਸ ਕੰਮ ਵਿਚ ਮਦਦ ਦੀ ਲੋੜ ਸੀ। ਜਦ ਉਹ ਆਪਣੇ ਚੇਲਿਆਂ ਨਾਲ ਧਰਤੀ ’ਤੇ ਸੀ, ਤਾਂ ਉਸ ਨੇ ਉਨ੍ਹਾਂ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ’ਤੇ ਕਾਬੂ ਪਾਉਣ ਵਿਚ ਮਦਦ ਦਿੱਤੀ। ਉਸ ਨੇ ਫ਼ਰਿਆਦ ਕੀਤੀ ਕਿ ਯਹੋਵਾਹ ਚੇਲਿਆਂ ਨੂੰ ਤਿੰਨ ਜ਼ਰੂਰੀ ਗੱਲਾਂ ਮੁਤਾਬਕ ਚੱਲਣ ਵਿਚ ਮਦਦ ਦੇਵੇ। ਪਹਿਲੀ, ਉਸ ਨੇ ਪ੍ਰਾਰਥਨਾ ਕੀਤੀ ਕਿ ਉਸ ਦੇ ਚੇਲੇ ਸ਼ੈਤਾਨ ਦੀ ਦੁਨੀਆਂ ਵਰਗੇ ਨਾ ਬਣਨ। ਦੂਜੀ, ਉਹ ਪਰਮੇਸ਼ੁਰ ਦੇ ਬਚਨ ਮੁਤਾਬਕ ਚੱਲ ਕੇ ਆਪਣੇ ਆਪ ਨੂੰ ਪਵਿੱਤਰ ਰੱਖਣ। ਤੀਜੀ, ਯਿਸੂ ਨੇ ਬੇਨਤੀ ਕੀਤੀ ਕਿ ਜਿੱਦਾਂ ਉਹ ਅਤੇ ਪਿਤਾ ਆਪਸੀ ਪਿਆਰ ਤੇ ਏਕਤਾ ਵਿਚ ਬੱਝੇ ਹੋਏ ਹਨ ਉੱਦਾਂ ਹੀ ਉਸ ਦੇ ਚੇਲੇ ਹੋਣ। ਇਸ ਲਈ ਖ਼ੁਦ ਨੂੰ ਪੁੱਛੋ: ‘ਕੀ ਮੈਂ ਯਿਸੂ ਦੀਆਂ ਇਨ੍ਹਾਂ ਤਿੰਨਾਂ ਗੱਲਾਂ ਮੁਤਾਬਕ ਚੱਲ ਰਿਹਾ ਹਾਂ?’ ਯਿਸੂ ਨੂੰ ਪੂਰਾ ਯਕੀਨ ਸੀ ਕਿ ਜੇ ਉਸ ਦੇ ਚੇਲੇ ਇਨ੍ਹਾਂ ਗੱਲਾਂ ਮੁਤਾਬਕ ਚੱਲਣਗੇ, ਤਾਂ ਬਹੁਤ ਸਾਰੇ ਲੋਕ ਉਨ੍ਹਾਂ ਦਾ ਸੰਦੇਸ਼ ਕਬੂਲ ਕਰਨਗੇ।​—ਯੂਹੰਨਾ 17:15-21 ਪੜ੍ਹੋ।

ਪਹਿਲੀ ਸਦੀ ਦੇ ਮਸੀਹੀ ਏਕਤਾ ਬਣਾਈ ਰੱਖਣ ਲਈ ਪਵਿੱਤਰ ਸ਼ਕਤੀ ਮੁਤਾਬਕ ਚੱਲੇ (ਪੈਰਾ 13 ਦੇਖੋ)

13. ਪਹਿਲੀ ਸਦੀ ਵਿਚ ਯਹੋਵਾਹ ਨੇ ਯਿਸੂ ਦੀ ਪ੍ਰਾਰਥਨਾ ਦਾ ਜਵਾਬ ਕਿਵੇਂ ਦਿੱਤਾ?

13 ਰਸੂਲਾਂ ਦੇ ਕੰਮ ਦੀ ਕਿਤਾਬ ਪੜ੍ਹ ਕੇ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਨੇ ਯਿਸੂ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ। ਕਿਵੇਂ? ਪਹਿਲੀ ਸਦੀ ਦੀਆਂ ਮੰਡਲੀਆਂ ਯਹੂਦੀ, ਗ਼ੈਰ-ਯਹੂਦੀ, ਅਮੀਰ-ਗ਼ਰੀਬ, ਗ਼ੁਲਾਮ ਤੇ ਉਨ੍ਹਾਂ ਦੇ ਮਾਲਕਾਂ ਨਾਲ ਬਣੀਆਂ ਹੋਈਆਂ ਸਨ। ਇਸ ਲਈ ਉਨ੍ਹਾਂ ਮਸੀਹੀਆਂ ਵਿਚ ਆਸਾਨੀ ਨਾਲ ਫੁੱਟ ਪੈ ਸਕਦੀ ਸੀ! ਫਿਰ ਵੀ ਉਹ ਏਕਤਾ ਦੇ ਬੰਧਨ ਵਿਚ ਇੱਦਾਂ ਬੰਨ੍ਹੇ ਹੋਏ ਸਨ ਕਿ ਪੌਲੁਸ ਰਸੂਲ ਨੇ ਕਿਹਾ ਕਿ ਮੰਡਲੀ ਦੇ ਭੈਣ-ਭਰਾ ਸਰੀਰ ਦੇ ਵੱਖੋ-ਵੱਖਰੇ ਅੰਗਾਂ ਵਰਗੇ ਸਨ ਅਤੇ ਯਿਸੂ ਉਨ੍ਹਾਂ ਸਾਰਿਆਂ ਦਾ ਸਿਰ ਸੀ। (ਅਫ਼. 4:15, 16) ਸ਼ੈਤਾਨ ਦੀ ਵੰਡੀ ਹੋਈ ਦੁਨੀਆਂ ਵਿਚ ਮਸੀਹੀਆਂ ਦੀ ਏਕਤਾ ਇਕ ਚਮਤਕਾਰ ਨਾਲੋਂ ਘੱਟ ਨਹੀਂ ਸੀ! ਇਸ ਸਭ ਦਾ ਸਿਹਰਾ ਯਹੋਵਾਹ ਨੂੰ ਜਾਂਦਾ ਹੈ ਕਿਉਂਕਿ ਉਸ ਦੀ ਪਵਿੱਤਰ ਸ਼ਕਤੀ ਰਾਹੀਂ ਉਸ ਦੇ ਲੋਕ ਏਕਤਾ ਵਿੱਚ ਬੱਝੇ ਹੋਏ ਸਨ।​—1 ਕੁਰਿੰ. 3:5-7.

ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ ਏਕਤਾ ਵਿਚ ਬੱਝੇ ਹੋਏ ਹਨ (ਪੈਰਾ 14 ਦੇਖੋ)

14. ਸਾਡੇ ਜ਼ਮਾਨੇ ਵਿਚ ਯਿਸੂ ਦੀ ਪ੍ਰਾਰਥਨਾ ਦਾ ਜਵਾਬ ਕਿਵੇਂ ਮਿਲਿਆ?

14 ਪਰ ਅਫ਼ਸੋਸ ਦੀ ਗੱਲ ਹੈ ਕਿ ਰਸੂਲਾਂ ਦੀ ਮੌਤ ਤੋਂ ਬਾਅਦ ਇਹ ਏਕਤਾ ਕਾਇਮ ਨਾ ਰਹੀ। ਜਿਵੇਂ ਪਹਿਲਾਂ ਹੀ ਦੱਸਿਆ ਗਿਆ ਸੀ, ਬਹੁਤ ਸਾਰੇ ਲੋਕ ਸੱਚਾਈ ਦਾ ਰਾਹ ਛੱਡ ਕੇ ਧਰਮ-ਤਿਆਗੀ ਬਣ ਗਏ ਜਿਸ ਕਰਕੇ ਮੰਡਲੀ ਵਿਚ ਫੁੱਟ ਪੈ ਗਈ। (ਰਸੂ. 20:29, 30) ਪਰ 1919 ਵਿਚ ਯਿਸੂ ਨੇ ਚੁਣੇ ਹੋਏ ਮਸੀਹੀਆਂ ਨੂੰ ਝੂਠੇ ਧਰਮਾਂ ਦੇ ਸ਼ਿਕੰਜੇ ਤੋਂ ਛੁਡਾ ਕੇ ‘ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਿਆ।’ (ਕੁਲੁ. 3:14) ਉਨ੍ਹਾਂ ਦੇ ਇਕ-ਮੁੱਠ ਹੋ ਕੇ ਪ੍ਰਚਾਰ ਕਰਨ ਦਾ ਦੁਨੀਆਂ ’ਤੇ ਕੀ ਅਸਰ ਪਿਆ? ਅੱਜ “ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਬੋਲੀਆਂ” ਵਿੱਚੋਂ 70 ਲੱਖ ਤੋਂ ਜ਼ਿਆਦਾ ਲੋਕ ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰ ਰਹੇ ਹਨ। (ਯੂਹੰ. 10:16; ਪ੍ਰਕਾ. 7:9) ਵਾਕਈ, ਯਹੋਵਾਹ ਨੇ ਯਿਸੂ ਦੀ ਇਸ ਪ੍ਰਾਰਥਨਾ ਦਾ ਕਿੰਨਾ ਹੀ ਸ਼ਾਨਦਾਰ ਜਵਾਬ ਦਿੱਤਾ: “ਦੁਨੀਆਂ ਨੂੰ ਇਹ ਪਤਾ ਲੱਗੇ ਕਿ ਤੂੰ ਮੈਨੂੰ ਘੱਲਿਆ ਹੈ ਅਤੇ ਤੂੰ ਉਨ੍ਹਾਂ ਨੂੰ ਪਿਆਰ ਕਰਦਾ ਹੈਂ ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ।”​—ਯੂਹੰ. 17:23.

ਦਿਲ ਛੂਹ ਲੈਣ ਵਾਲੇ ਯਿਸੂ ਦੇ ਆਖ਼ਰੀ ਲਫ਼ਜ਼

15. ਯਿਸੂ ਨੇ ਆਪਣੇ ਚੁਣੇ ਹੋਏ ਚੇਲਿਆਂ ਲਈ ਕਿਹੜੀ ਪ੍ਰਾਰਥਨਾ ਕੀਤੀ?

15 ਉਸੇ 14 ਨੀਸਾਨ ਦੀ ਸ਼ਾਮ ਨੂੰ ਯਿਸੂ ਨੇ ਆਪਣੇ ਰਸੂਲਾਂ ਨੂੰ ਮਹਿਮਾ ਦਿੱਤੀ ਜਦ ਉਸ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਕਿ ਉਹ ਉਸ ਨਾਲ ਸਵਰਗ ਵਿਚ ਰਾਜ ਕਰਨਗੇ। (ਲੂਕਾ 22:28-30; ਯੂਹੰ. 17:22) ਇਸ ਲਈ ਯਿਸੂ ਨੇ ਆਪਣੇ ਸਾਰੇ ਚੁਣੇ ਹੋਏ ਚੇਲਿਆਂ ਲਈ ਪ੍ਰਾਰਥਨਾ ਕੀਤੀ: “ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਨ੍ਹਾਂ ਨੂੰ ਤੂੰ ਮੇਰੇ ਹੱਥ ਸੌਂਪਿਆ ਹੈ, ਉਹ ਵੀ ਮੇਰੇ ਨਾਲ ਉੱਥੇ ਹੋਣ ਜਿੱਥੇ ਮੈਂ ਹਾਂ, ਤਾਂਕਿ ਉਹ ਮੇਰੀ ਮਹਿਮਾ ਦੇਖਣ ਜੋ ਤੂੰ ਮੈਨੂੰ ਦਿੱਤੀ ਹੈ ਕਿਉਂਕਿ ਤੂੰ ਦੁਨੀਆਂ ਦੀ ਨੀਂਹ ਰੱਖਣ ਦੇ ਸਮੇਂ ਤੋਂ ਪਹਿਲਾਂ ਮੇਰੇ ਨਾਲ ਪਿਆਰ ਕੀਤਾ ਹੈ।” (ਯੂਹੰ. 17:24) ਜਿਨ੍ਹਾਂ ਦੀ ਉਮੀਦ ਧਰਤੀ ’ਤੇ ਰਹਿਣ ਦੀ ਹੈ, ਉਹ ਚੁਣੇ ਹੋਏ ਮਸੀਹੀਆਂ ਨਾਲ ਜਲ਼ਣ ਦੀ ਬਜਾਇ ਉਨ੍ਹਾਂ ਦੀ ਉਮੀਦ ਤੋਂ ਖ਼ੁਸ਼ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਸੱਚੇ ਮਸੀਹੀ ਅੱਜ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਹਨ।

16, 17. (ੳ) ਆਪਣੀ ਦੁਆ ਦੇ ਅਖ਼ੀਰ ਵਿਚ ਯਿਸੂ ਨੇ ਆਪਣਾ ਕਿਹੜਾ ਇਰਾਦਾ ਜ਼ਾਹਰ ਕੀਤਾ? (ਅ) ਸਾਨੂੰ ਕੀ ਠਾਣ ਲੈਣਾ ਚਾਹੀਦਾ ਹੈ?

16 ਧਾਰਮਿਕ ਆਗੂਆਂ ਦੇ ਬਹਿਕਾਵੇ ਵਿਚ ਆ ਕੇ ਦੁਨੀਆਂ ਦੇ ਜ਼ਿਆਦਾਤਰ ਲੋਕ ਇਹ ਗੱਲ ਮੰਨਣ ਤੋਂ ਇਨਕਾਰ ਕਰਦੇ ਹਨ ਕਿ ਯਹੋਵਾਹ ਦੇ ਗਵਾਹ ਏਕਤਾ ਵਿਚ ਬੱਝੇ ਹੋਏ ਹਨ ਅਤੇ ਸੱਚ-ਮੁੱਚ ਪਰਮੇਸ਼ੁਰ ਨੂੰ ਜਾਣਦੇ ਹਨ। ਇਹ ਗੱਲ ਯਿਸੂ ਦੇ ਦਿਨਾਂ ਵਿਚ ਵੀ ਸੱਚ ਸੀ। ਸੋ ਉਸ ਨੇ ਆਪਣੀ ਦੁਆ ਦੇ ਅਖ਼ੀਰ ਵਿਚ ਇਹ ਸ਼ਬਦ ਕਹੇ: “ਹੇ ਸੱਚੇ ਪਿਤਾ, ਦੁਨੀਆਂ ਤੈਨੂੰ ਨਹੀਂ ਜਾਣਦੀ; ਪਰ ਮੈਂ ਤੈਨੂੰ ਜਾਣਦਾ ਹਾਂ ਅਤੇ ਉਹ ਵੀ ਜਾਣ ਗਏ ਹਨ ਕਿ ਤੂੰ ਮੈਨੂੰ ਘੱਲਿਆ ਹੈ। ਅਤੇ ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ ਅਤੇ ਦੱਸਦਾ ਰਹਾਂਗਾ ਤਾਂਕਿ ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ, ਉਹ ਵੀ ਉਸੇ ਤਰ੍ਹਾਂ ਪਿਆਰ ਕਰਨ ਅਤੇ ਮੈਂ ਉਨ੍ਹਾਂ ਨਾਲ ਏਕਤਾ ਵਿਚ ਬੱਝਾ ਰਹਾਂ।”​—ਯੂਹੰ. 17:25, 26.

17 ਯਿਸੂ ਨੇ ਹਮੇਸ਼ਾ ਆਪਣੇ ਪਿਤਾ ਦਾ ਨਾਂ ਰੌਸ਼ਨ ਕਰਨ ਲਈ ਪੂਰੀ ਜੀ-ਜਾਨ ਲਾਈ ਹੈ। ਹੁਣ ਮੰਡਲੀ ਦੇ ਮੁਖੀ ਵਜੋਂ ਉਹ ਸਾਡੀ ਮਦਦ ਕਰ ਰਿਹਾ ਹੈ ਤਾਂਕਿ ਅਸੀਂ ਉਸ ਦੇ ਪਿਤਾ ਦੇ ਨਾਂ ਅਤੇ ਮਕਸਦਾਂ ਬਾਰੇ ਦੂਜਿਆਂ ਨੂੰ ਦੱਸੀਏ। ਆਓ ਅਸੀਂ ਯਿਸੂ ਦਾ ਕਹਿਣਾ ਮੰਨਦੇ ਹੋਏ ਪੂਰੇ ਜੋਸ਼ ਨਾਲ ਪ੍ਰਚਾਰ ਕਰੀਏ ਅਤੇ ਚੇਲੇ ਬਣਾਈਏ। (ਮੱਤੀ 28:19, 20; ਰਸੂ. 10:42) ਇਸ ਦੇ ਨਾਲ-ਨਾਲ ਅਸੀਂ ਆਪਣਾ ਏਕਤਾ ਦਾ ਬੰਧਨ ਬਣਾਈ ਰੱਖਣ ਲਈ ਮਿਹਨਤ ਕਰਦੇ ਰਹੀਏ। ਇੱਦਾਂ ਕਰਨ ਨਾਲ ਅਸੀਂ ਯਿਸੂ ਦੀ ਪ੍ਰਾਰਥਨਾ ਮੁਤਾਬਕ ਚੱਲਾਂਗੇ, ਯਹੋਵਾਹ ਦੇ ਨਾਂ ਨੂੰ ਮਹਿਮਾ ਦੇਵਾਂਗੇ ਅਤੇ ਹਮੇਸ਼ਾ ਲਈ ਖ਼ੁਸ਼ ਰਹਾਂਗੇ।

^ ਪੇਰਗ੍ਰੈਫ 1 ਇਹ ਅਜੇ ਵੀ 14 ਨੀਸਾਨ ਸੀ।