Skip to content

Skip to table of contents

ਧਿਆਨ ਰੱਖੋ ਕਿ “ਤੁਹਾਡੇ ਮਨ ਝੱਟ ਉਲਝਣ ਵਿਚ ਨਾ ਪੈ ਜਾਣ”!

ਧਿਆਨ ਰੱਖੋ ਕਿ “ਤੁਹਾਡੇ ਮਨ ਝੱਟ ਉਲਝਣ ਵਿਚ ਨਾ ਪੈ ਜਾਣ”!

‘ਭਰਾਵੋ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਮਨ ਝੱਟ ਉਲਝਣ ਵਿਚ ਨਾ ਪੈ ਜਾਣ।’​—2 ਥੱਸ. 2:1, 2.

1, 2. ਅੱਜ ਧੋਖਾ ਦੇਣਾ ਦੁਨੀਆਂ ਵਿਚ ਆਮ ਗੱਲ ਕਿਉਂ ਹੋ ਗਈ ਹੈ ਤੇ ਕਿਨ੍ਹਾਂ ਤਰੀਕਿਆਂ ਨਾਲ ਧੋਖਾ ਦਿੱਤਾ ਜਾਂਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਅੱਜ ਦੁਨੀਆਂ ਵਿਚ ਛਲ ਕਰਨਾ, ਧੋਖਾ ਦੇਣਾ ਤੇ ਫ਼ਰੇਬ ਕਰਨਾ ਆਮ ਗੱਲ ਹੈ। ਇਹ ਸਾਡੇ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਬਾਈਬਲ ਸਾਫ਼ ਦੱਸਦੀ ਹੈ ਕਿ ਸ਼ੈਤਾਨ ਧੋਖਾ ਦੇਣ ਵਿਚ ਮਾਹਰ ਹੈ ਤੇ ਉਹ ਦੁਨੀਆਂ ਦਾ ਰਾਜਾ ਹੈ। (1 ਤਿਮੋ. 2:14; 1 ਯੂਹੰ. 5:19) ਜਿੱਦਾਂ-ਜਿੱਦਾਂ ਇਸ ਦੁਸ਼ਟ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਸ਼ੈਤਾਨ ਦਾ ਗੁੱਸਾ ਵਧ ਰਿਹਾ ਹੈ ਕਿਉਂਕਿ “ਉਸ ਕੋਲ ਥੋੜ੍ਹਾ ਹੀ ਸਮਾਂ ਹੈ।” (ਪ੍ਰਕਾ. 12:12) ਇਸ ਲਈ ਅਸੀਂ ਜਾਣਦੇ ਹਾਂ ਕਿ ਸ਼ੈਤਾਨ ਦੇ ਪ੍ਰਭਾਵ ਹੇਠ ਲੋਕ ਦਿਨੋ-ਦਿਨ ਧੋਖੇਬਾਜ਼ ਬਣਦੇ ਜਾਣਗੇ। ਉਹ ਖ਼ਾਸ ਕਰਕੇ ਯਹੋਵਾਹ ਦੇ ਸੇਵਕਾਂ ਨੂੰ ਧੋਖਾ ਦੇਣਗੇ।

2 ਮੀਡੀਆ ਦੇ ਜ਼ਰੀਏ ਯਹੋਵਾਹ ਦੇ ਸੇਵਕਾਂ ਤੇ ਉਨ੍ਹਾਂ ਦੇ ਵਿਸ਼ਵਾਸਾਂ ਬਾਰੇ ਗ਼ਲਤ ਗੱਲਾਂ ਤੇ ਝੂਠ ਫੈਲਾਇਆ ਜਾਂਦਾ ਹੈ। ਝੂਠ ਫੈਲਾਉਣ ਲਈ ਅਖ਼ਬਾਰਾਂ, ਟੈਲੀਵਿਯਨ ਤੇ ਇੰਟਰਨੈੱਟ ਦੀ ਵਰਤੋ ਕੀਤੀ ਜਾਂਦੀ ਹੈ। ਅੱਖਾਂ ਬੰਦ ਕਰ ਕੇ ਅਜਿਹੀਆਂ ਖ਼ਬਰਾਂ ’ਤੇ ਵਿਸ਼ਵਾਸ ਕਰਨ ਵਾਲੇ ਲੋਕ ਪਰੇਸ਼ਾਨ ਹੋ ਜਾਂਦੇ ਹਨ ਤੇ ਗੁੱਸੇ ਵਿਚ ਆ ਜਾਂਦੇ ਹਨ।

3. ਗੁਮਰਾਹ ਹੋਣ ਤੋਂ ਬਚਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?

3 ਆਪਣੇ ਦੁਸ਼ਮਣ ਸ਼ੈਤਾਨ ਦੀਆਂ ਚਾਲਾਂ ਨੂੰ ਨਾਕਾਮ ਕਰਨ ਲਈ ਸਾਡੇ ਕੋਲ ਪਰਮੇਸ਼ੁਰ ਦਾ ਬਚਨ ਹੈ ਜੋ ਸੱਚਾਈ ਸਿਖਾਉਣ ਲਈ ਫ਼ਾਇਦੇਮੰਦ ਹੈ। (2 ਤਿਮੋ. 3:16) ਪੌਲੁਸ ਰਸੂਲ ਦੀਆਂ ਚਿੱਠੀਆਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਵਿਚ ਥੱਸਲੁਨੀਕਾ ਦੇ ਕੁਝ ਮਸੀਹੀ ਝੂਠੀਆਂ ਗੱਲਾਂ ਨੂੰ ਮੰਨ ਕੇ ਗੁਮਰਾਹ ਹੋ ਗਏ ਸਨ। ਉਸ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ‘ਉਨ੍ਹਾਂ ਦੇ ਮਨ ਝੱਟ ਉਲਝਣ ਵਿਚ ਨਾ ਪੈ ਜਾਣ।’ (2 ਥੱਸ. 2:1, 2) ਅਸੀਂ ਪੌਲੁਸ ਦੀ ਇਸ ਸਲਾਹ ਤੋਂ ਕੀ ਸਿੱਖ ਸਕਦੇ ਹਾਂ ਤੇ ਅਸੀਂ ਅੱਜ ਇਸ ਸਲਾਹ ਨੂੰ ਕਿਵੇਂ ਮੰਨ ਸਕਦੇ ਹਾਂ?

ਸਮੇਂ ਸਿਰ ਚੇਤਾਵਨੀਆਂ

4. ਥੱਸਲੁਨੀਕਾ ਦੇ ਮਸੀਹੀਆਂ ਨੂੰ ‘ਯਹੋਵਾਹ ਦੇ ਦਿਨ’ ਬਾਰੇ ਕਿਵੇਂ ਚੇਤਾਵਨੀ ਦਿੱਤੀ ਗਈ ਸੀ ਤੇ ਸਾਨੂੰ ਕਿਵੇਂ ਚੇਤਾਵਨੀ ਦਿੱਤੀ ਜਾਂਦੀ ਹੈ?

4 ਥੱਸਲੁਨੀਕਾ ਦੀ ਮੰਡਲੀ ਨੂੰ ਲਿਖੀ ਆਪਣੀ ਪਹਿਲੀ ਚਿੱਠੀ ਵਿਚ ਪੌਲੁਸ ਰਸੂਲ ਨੇ ਉਨ੍ਹਾਂ ਦਾ ਧਿਆਨ ‘ਯਹੋਵਾਹ ਦੇ ਦਿਨ’ ਵੱਲ ਖਿੱਚਿਆ। ਉਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਭਰਾ ਹਨੇਰੇ ਵਿਚ ਰਹਿਣ ਅਤੇ ਉਸ ਦਿਨ ਲਈ ਤਿਆਰ ਨਾ ਹੋਣ। ਪਰ ਉਸ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ‘ਚਾਨਣ ਦੇ ਪੁੱਤਰ’ ਹੋਣ ਕਰਕੇ ਉਹ ‘ਜਾਗਦੇ ਰਹਿਣ ਅਤੇ ਹੋਸ਼ ਵਿਚ ਰਹਿਣ।’ (1 ਥੱਸਲੁਨੀਕੀਆਂ 5:1-6 ਪੜ੍ਹੋ।) ਅੱਜ ਅਸੀਂ ਮਹਾਂ ਬਾਬਲ ਯਾਨੀ ਦੁਨੀਆਂ ਦੇ ਝੂਠੇ ਧਰਮਾਂ ਦਾ ਨਾਸ਼ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ। ਇਹ ਵਿਨਾਸ਼ ਯਹੋਵਾਹ ਦਾ ਦਿਨ ਸ਼ੁਰੂ ਹੋਣ ਦੀ ਨਿਸ਼ਾਨੀ ਹੈ। ਅਸੀਂ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਦੇ ਮਕਸਦ ਬਾਰੇ ਸਾਡੀ ਸਮਝ ਵਿਚ ਵਾਧਾ ਹੋਇਆ ਹੈ। ਨਾਲੇ ਮੰਡਲੀਆਂ ਵਿਚ ਸਾਨੂੰ ਸਮੇਂ ਸਿਰ ਚੇਤਾਵਨੀਆਂ ਮਿਲਦੀਆਂ ਹਨ ਤਾਂਕਿ ਅਸੀਂ ਹੋਸ਼ ਵਿਚ ਰਹਿ ਸਕੀਏ। ਇਨ੍ਹਾਂ ਚੇਤਾਵਨੀਆਂ ਵੱਲ ਧਿਆਨ ਦੇ ਕੇ ਸਾਡਾ ਇਰਾਦਾ ਪੱਕਾ ਹੁੰਦਾ ਹੈ ਕਿ ਅਸੀਂ ‘ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਪਰਮੇਸ਼ੁਰ ਦੀ ਭਗਤੀ’ ਕਰਦੇ ਰਹੀਏ।​—ਰੋਮੀ. 12:1.

ਪੌਲੁਸ ਨੇ ਚਿੱਠੀਆਂ ਲਿਖ ਕੇ ਮਸੀਹੀਆਂ ਨੂੰ ਸਹੀ ਸਮੇਂ ਤੇ ਚੇਤਾਵਨੀਆਂ ਦਿੱਤੀਆਂ ਸਨ (ਪੈਰੇ 4, 5 ਦੇਖੋ)

5, 6. (ੳ) ਪੌਲੁਸ ਨੇ ਥੱਸਲੁਨੀਕਾ ਦੇ ਮਸੀਹੀਆਂ ਨੂੰ ਦੂਜੀ ਚਿੱਠੀ ਵਿਚ ਕਾਹਦੇ ਬਾਰੇ ਲਿਖਿਆ ਸੀ? (ਅ) ਯਿਸੂ ਮਸੀਹ ਦੇ ਜ਼ਰੀਏ ਪਰਮੇਸ਼ੁਰ ਜਲਦੀ ਹੀ ਕੀ ਕਰੇਗਾ ਤੇ ਸਾਨੂੰ ਆਪਣੇ ਆਪ ਤੋਂ ਕੀ ਪੁੱਛਣਾ ਚਾਹੀਦਾ ਹੈ?

5 ਥੱਸਲੁਨੀਕਾ ਦੇ ਮਸੀਹੀਆਂ ਨੂੰ ਪਹਿਲੀ ਚਿੱਠੀ ਲਿਖਣ ਤੋਂ ਜਲਦੀ ਬਾਅਦ ਪੌਲੁਸ ਨੇ ਉਨ੍ਹਾਂ ਨੂੰ ਦੂਜੀ ਚਿੱਠੀ ਲਿਖੀ। ਇਸ ਚਿੱਠੀ ਵਿਚ ਉਸ ਨੇ ਆਉਣ ਵਾਲੇ ਵਿਨਾਸ਼ ਬਾਰੇ ਲਿਖਿਆ ਜਦੋਂ ਯਿਸੂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜੋ “ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਜਿਹੜੇ ਸਾਡੇ ਪ੍ਰਭੂ ਯਿਸੂ ਬਾਰੇ ਖ਼ੁਸ਼ ਖ਼ਬਰੀ ਅਨੁਸਾਰ ਨਹੀਂ ਚੱਲਦੇ।” (2 ਥੱਸ. 1:6-8) ਇਸ ਚਿੱਠੀ ਦੇ ਦੂਜੇ ਅਧਿਆਇ ਵਿਚ ਪੌਲੁਸ ਨੇ ਦੱਸਿਆ ਕਿ ਉਸ ਮੰਡਲੀ ਵਿਚ ਕੁਝ ਮਸੀਹੀ ਸੋਚਣ ਲੱਗ ਪਏ ਕਿ ਯਹੋਵਾਹ ਦਾ ਦਿਨ ਬਸ ਆਉਣ ਹੀ ਵਾਲਾ ਸੀ ਜਿਸ ਕਰਕੇ ਉਹ ਬਹੁਤ “ਘਬਰਾ” ਗਏ। (2 ਥੱਸਲੁਨੀਕੀਆਂ 2:1, 2 ਪੜ੍ਹੋ।) ਪਹਿਲੀ ਸਦੀ ਦੇ ਮਸੀਹੀਆਂ ਨੂੰ ਯਹੋਵਾਹ ਦੇ ਮਕਸਦ ਬਾਰੇ ਘੱਟ ਸਮਝ ਸੀ। ਪੌਲੁਸ ਨੇ ਵੀ ਇਸ ਗੱਲ ਨੂੰ ਸਵੀਕਾਰ ਕਰਦੇ ਹੋਏ ਬਾਅਦ ਵਿਚ ਭਵਿੱਖਬਾਣੀਆਂ ਬਾਰੇ ਲਿਖਿਆ: “ਸਾਡਾ ਗਿਆਨ ਹਾਲੇ ਅਧੂਰਾ ਹੈ ਅਤੇ ਅਸੀਂ ਭਵਿੱਖਬਾਣੀਆਂ ਵੀ ਅਧੂਰੀਆਂ ਕਰਦੇ ਹਾਂ; ਪਰ ਜਦ ਸਾਡੇ ਕੋਲ ਪੂਰਾ ਗਿਆਨ ਹੋਵੇਗਾ ਅਤੇ ਅਸੀਂ ਪੂਰੀ ਤਰ੍ਹਾਂ ਭਵਿੱਖਬਾਣੀਆਂ ਕਰ ਪਾਵਾਂਗੇ, ਤਦ ਅਧੂਰਾ ਗਿਆਨ ਅਤੇ ਅਧੂਰੀਆਂ ਭਵਿੱਖਬਾਣੀਆਂ ਖ਼ਤਮ ਹੋ ਜਾਣਗੀਆਂ।” (1 ਕੁਰਿੰ. 13:9, 10) ਪਰ ਪਵਿੱਤਰ ਸ਼ਕਤੀ ਦੀ ਮਦਦ ਨਾਲ ਪੌਲੁਸ, ਪਤਰਸ ਰਸੂਲ ਤੇ ਹੋਰ ਚੁਣੇ ਹੋਏ ਵਫ਼ਾਦਾਰ ਭਰਾਵਾਂ ਨੇ ਉਸ ਸਮੇਂ ਜੋ ਚੇਤਾਵਨੀਆਂ ਦਿੱਤੀਆਂ ਸਨ, ਉਨ੍ਹਾਂ ਚੇਤਾਵਨੀਆਂ ਤੋਂ ਪਹਿਲੀ ਸਦੀ ਦੇ ਮਸੀਹੀਆਂ ਨੂੰ ਆਪਣੀ ਨਿਹਚਾ ਮਜ਼ਬੂਤ ਰੱਖਣ ਵਿਚ ਮਦਦ ਮਿਲੀ।

6 ਉਨ੍ਹਾਂ ਦੀ ਸੋਚਣੀ ਸੁਧਾਰਨ ਲਈ ਪੌਲੁਸ ਨੇ ਪਵਿੱਤਰ ਸ਼ਕਤੀ ਅਧੀਨ ਸਮਝਾਇਆ ਕਿ ਯਹੋਵਾਹ ਦਾ ਦਿਨ ਆਉਣ ਤੋਂ ਪਹਿਲਾਂ ਉਸ ਦੇ ਖ਼ਿਲਾਫ਼ ਬਗਾਵਤ ਹੋਵੇਗੀ ਤੇ ‘ਦੁਸ਼ਟ ਬੰਦਾ’ ਪ੍ਰਗਟ ਹੋਵੇਗਾ। * ਇਸ ਤੋਂ ਬਾਅਦ ਮਿੱਥੇ ਸਮੇਂ ਤੇ ਪ੍ਰਭੂ ਯਿਸੂ “ਦੁਸ਼ਟ ਬੰਦੇ” ਨੂੰ ਤੇ ਉਸ ਪਿੱਛੇ ਲੱਗੇ ਲੋਕਾਂ ਨੂੰ “ਖ਼ਤਮ” ਕਰੇਗਾ। ਪੌਲੁਸ ਰਸੂਲ ਨੇ ਇਸ ਸਜ਼ਾ ਦਾ ਕਾਰਨ ਦੱਸਿਆ ਕਿ “ਇਨ੍ਹਾਂ ਨੇ ਸੱਚਾਈ ਨੂੰ ਨਾ ਤਾਂ ਕਬੂਲ ਕੀਤਾ ਅਤੇ ਨਾ ਹੀ ਇਸ ਨੂੰ ਪਿਆਰ ਕੀਤਾ।” (2 ਥੱਸ. 2:3, 8-10) ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਮੈਂ ਸੱਚਾਈ ਨੂੰ ਕਿੰਨਾ ਕੁ ਪਿਆਰ ਕਰਦਾ ਹਾਂ? ਕੀ ਮੈਂ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਸਹੀ ਸਮਝ ਲੈਣ ਲਈ ਇਹ ਰਸਾਲਾ ਤੇ ਹੋਰ ਪ੍ਰਕਾਸ਼ਨ ਪੜ੍ਹਦਾ ਹਾਂ ਜੋ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਦਿੱਤੇ ਜਾਂਦੇ ਹਨ?’

ਸਮਝਦਾਰੀ ਨਾਲ ਦੋਸਤ ਚੁਣੋ

7, 8. (ੳ) ਪਹਿਲੀ ਸਦੀ ਦੇ ਮਸੀਹੀਆਂ ਨੂੰ ਕਿਹੜੇ ਕੁਝ ਖ਼ਤਰੇ ਸਨ? (ਅ) ਅੱਜ ਮਸੀਹੀਆਂ ਨੂੰ ਖ਼ਾਸ ਕਰਕੇ ਕਿਹੜਾ ਖ਼ਤਰਾ ਹੈ?

7 ਮਸੀਹੀਆਂ ਨੂੰ ਸਿਰਫ਼ ਧਰਮ-ਤਿਆਗੀਆਂ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਹੀ ਖ਼ਤਰਾ ਨਹੀਂ ਸੀ। ਪੌਲੁਸ ਨੇ ਤਿਮੋਥਿਉਸ ਨੂੰ ਲਿਖਿਆ ਕਿ “ਪੈਸੇ ਨਾਲ ਪਿਆਰ ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹੈ।” ਉਸ ਨੇ ਕਿਹਾ ਕਿ “ਪੈਸੇ ਨਾਲ ਪਿਆਰ ਹੋਣ ਕਰਕੇ ਕਈਆਂ ਨੇ ਗੁਮਰਾਹ ਹੋ ਕੇ ਨਿਹਚਾ ਕਰਨੀ ਛੱਡ ਦਿੱਤੀ ਹੈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ ਨਾਲ ਵਿੰਨ੍ਹਿਆ ਹੈ।” (1 ਤਿਮੋ. 6:10) ਉਨ੍ਹਾਂ ਨੂੰ ‘ਸਰੀਰ ਦੇ ਕੰਮਾਂ’ ਤੋਂ ਵੀ ਹਮੇਸ਼ਾ ਖ਼ਤਰਾ ਰਹਿਣਾ ਸੀ।​—ਗਲਾ. 5:19-21.

8 ਪਰ ਪੌਲੁਸ ਨੇ ਥੱਸਲੁਨੀਕਾ ਦੇ ਮਸੀਹੀਆਂ ਨੂੰ ਖ਼ਾਸ ਤੌਰ ਤੇ ‘ਝੂਠੇ ਰਸੂਲਾਂ’ ਬਾਰੇ ਸਖ਼ਤ ਚੇਤਾਵਨੀ ਦਿੱਤੀ। ਕੁਝ ਝੂਠੇ ਰਸੂਲ “ਚੇਲਿਆਂ ਨੂੰ ਆਪਣੇ ਮਗਰ ਲਾਉਣ ਲਈ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼” ਕਰਦੇ ਸਨ। (2 ਕੁਰਿੰ. 11:4, 13; ਰਸੂ. 20:30) ਬਾਅਦ ਵਿਚ ਯਿਸੂ ਨੇ ਅਫ਼ਸੁਸ ਦੀ ਮੰਡਲੀ ਦੇ ਭੈਣ-ਭਰਾਵਾਂ ਦੀ ਤਾਰੀਫ਼ ਕੀਤੀ ਕਿਉਂਕਿ ਉਨ੍ਹਾਂ ਨੇ “ਬੁਰੇ ਆਦਮੀਆਂ ਨੂੰ ਬਰਦਾਸ਼ਤ ਨਹੀਂ” ਕੀਤਾ ਸੀ। ਉਨ੍ਹਾਂ ਭੈਣ-ਭਰਾਵਾਂ ਨੇ ‘ਉਨ੍ਹਾਂ ਆਦਮੀਆਂ ਨੂੰ ਪਰਖ ਕੇ ਝੂਠਾ ਸਾਬਤ ਕੀਤਾ ਜਿਹੜੇ ਆਪਣੇ ਆਪ ਨੂੰ ਰਸੂਲ ਕਹਿੰਦੇ ਸਨ।’ (ਪ੍ਰਕਾ. 2:2) ਥੱਸਲੁਨੀਕਾ ਨੂੰ ਆਪਣੀ ਦੂਜੀ ਚਿੱਠੀ ਵਿਚ ਪੌਲੁਸ ਨੇ ਇਹ ਹੱਲਾਸ਼ੇਰੀ ਦਿੱਤੀ: “ਭਰਾਵੋ, ਅਸੀਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਂ ’ਤੇ ਹਿਦਾਇਤਾਂ ਦਿੰਦੇ ਹਾਂ ਕਿ ਤੁਸੀਂ ਹਰ ਉਸ ਭਰਾ ਤੋਂ ਦੂਰ ਰਹੋ ਜਿਹੜਾ ਗ਼ਲਤ ਤਰੀਕੇ ਨਾਲ ਚੱਲਦਾ ਹੈ।” ਫਿਰ ਉਸ ਨੇ ਖ਼ਾਸ ਕਰਕੇ ਉਨ੍ਹਾਂ ਮਸੀਹੀਆਂ ਦਾ ਜ਼ਿਕਰ ਕੀਤਾ ਜੋ ‘ਕੰਮ ਨਹੀਂ ਕਰਨਾ ਚਾਹੁੰਦੇ’ ਸਨ। (2 ਥੱਸ. 3:6, 10) ਜੇ ਕੰਮ-ਚੋਰ ਲੋਕਾਂ ਤੋਂ ਦੂਰ ਰਹਿਣਾ ਜ਼ਰੂਰੀ ਸੀ, ਤਾਂ ਉਨ੍ਹਾਂ ਮਸੀਹੀਆਂ ਤੋਂ ਦੂਰ ਰਹਿਣਾ ਹੋਰ ਵੀ ਜ਼ਰੂਰੀ ਸੀ ਜੋ ਧਰਮ-ਤਿਆਗੀਆਂ ਦੇ ਰਾਹ ’ਤੇ ਤੁਰ ਪਏ ਸਨ ਤੇ ਹੋਰ ਮਸੀਹੀਆਂ ਨੂੰ ਵੀ ਭਰਮਾਉਂਦੇ ਸਨ! ਜੀ ਹਾਂ, ਇਨ੍ਹਾਂ ਲੋਕਾਂ ਨਾਲ ਦੋਸਤੀ ਕਰਨੀ ਖ਼ਤਰਨਾਕ ਸੀ। ਇਸ ਲਈ ਇਨ੍ਹਾਂ ਤੋਂ ਦੂਰ ਰਹਿਣਾ ਉਸ ਵੇਲੇ ਵੀ ਜ਼ਰੂਰੀ ਸੀ ਤੇ ਅੱਜ ਵੀ ਜ਼ਰੂਰੀ ਹੈ।​—ਕਹਾ. 13:20.

9. ਸਾਨੂੰ ਕਿਨ੍ਹਾਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਅਤੇ ਕਿਉਂ?

9 ਮਹਾਂ ਕਸ਼ਟ ਅਤੇ ਇਸ ਦੁਸ਼ਟ ਦੁਨੀਆਂ ਦਾ ਅੰਤ ਜਲਦੀ ਹੀ ਆਉਣ ਵਾਲਾ ਹੈ। ਇਸ ਲਈ ਪਵਿੱਤਰ ਸ਼ਕਤੀ ਅਧੀਨ ਪਹਿਲੀ ਸਦੀ ਵਿਚ ਦਿੱਤੀਆਂ ਇਹ ਚੇਤਾਵਨੀਆਂ ਅੱਜ ਸਾਡੇ ਲਈ ਹੋਰ ਜ਼ਿਆਦਾ ਅਹਿਮੀਅਤ ਰੱਖਦੀਆਂ ਹਨ। ਸਾਨੂੰ ‘ਇਹ ਨਹੀਂ ਭੁੱਲਣਾ ਚਾਹੀਦਾ ਕਿ ਪਰਮੇਸ਼ੁਰ ਨੇ ਸਾਡੇ ਉੱਤੇ ਕਿਸ ਮਕਸਦ ਨਾਲ ਅਪਾਰ ਕਿਰਪਾ ਕੀਤੀ ਹੈ।’ ਜੇ ਅਸੀਂ ਭੁੱਲ ਜਾਂਦੇ ਹਾਂ, ਤਾਂ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ, ਚਾਹੇ ਉਹ ਸਵਰਗ ਵਿਚ ਹੋਵੇ ਜਾਂ ਧਰਤੀ ’ਤੇ। (2 ਕੁਰਿੰ. 6:1) ਮੰਡਲੀ ਵਿਚ ਸ਼ਾਇਦ ਕੋਈ ਉਨ੍ਹਾਂ ਗੱਲਾਂ ਬਾਰੇ ਅੰਦਾਜ਼ੇ ਲਾਵੇ ਜੋ ਬਾਈਬਲ ਵਿਚ ਨਹੀਂ ਸਮਝਾਈਆਂ ਗਈਆਂ ਹਨ ਜਾਂ ਮੰਡਲੀ ਦੇ ਬਜ਼ੁਰਗਾਂ ਤੇ ਦੂਸਰਿਆਂ ਦੀ ਨੁਕਤਾਚੀਨੀ ਕਰੇ। ਜੇ ਉਹ ਸਾਨੂੰ ਵੀ ਇਨ੍ਹਾਂ ਗ਼ਲਤ ਗੱਲਾਂ ਵਿਚ ਸ਼ਾਮਲ ਹੋਣ ਲਈ ਉਕਸਾਉਂਦਾ ਹੈ, ਤਾਂ ਸਾਨੂੰ ਉਸ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ।​—2 ਥੱਸ. 3:13-15.

“ਗੱਲਾਂ ’ਤੇ ਪੱਕੇ ਰਹੋ”

10. ਥੱਸਲੁਨੀਕਾ ਦੇ ਮਸੀਹੀਆਂ ਨੂੰ ਕਿਨ੍ਹਾਂ ਗੱਲਾਂ ’ਤੇ ਪੱਕੇ ਰਹਿਣ ਦੀ ਹੱਲਾਸ਼ੇਰੀ ਦਿੱਤੀ ਗਈ ਸੀ?

10 ਪੌਲੁਸ ਨੇ ਥੱਸਲੁਨੀਕਾ ਦੇ ਭਰਾਵਾਂ ਨੂੰ ‘ਮਜ਼ਬੂਤੀ ਨਾਲ ਖੜ੍ਹੇ ਰਹਿਣ’ ਤੇ ਉਨ੍ਹਾਂ ਗੱਲਾਂ ’ਤੇ ਪੱਕੇ ਰਹਿਣ ਦੀ ਹੱਲਾਸ਼ੇਰੀ ਦਿੱਤੀ ਜੋ ਉਨ੍ਹਾਂ ਨੇ ਸਿੱਖੀਆਂ ਸਨ। (2 ਥੱਸਲੁਨੀਕੀਆਂ 2:15 ਪੜ੍ਹੋ।) ਉਨ੍ਹਾਂ ਨੂੰ ਕਿਹੜੀਆਂ “ਗੱਲਾਂ” ਸਿਖਾਈਆਂ ਗਈਆਂ ਸਨ? ਇਹ ਝੂਠੇ ਧਰਮਾਂ ਦੀਆਂ ਸਿੱਖਿਆਵਾਂ ਨਹੀਂ ਸਨ। ਇਸ ਦੀ ਬਜਾਇ, ਇਹ ਯਿਸੂ ਮਸੀਹ ਦੀਆਂ ਸਿੱਖਿਆਵਾਂ ਅਤੇ ਪਵਿੱਤਰ ਸ਼ਕਤੀ ਅਧੀਨ ਪੌਲੁਸ ਤੇ ਹੋਰਨਾਂ ਦੁਆਰਾ ਦਿੱਤੀਆਂ ਸਿੱਖਿਆਵਾਂ ਸਨ। ਪੌਲੁਸ ਨੇ ਕੁਰਿੰਥੁਸ ਦੀ ਮੰਡਲੀ ਦੇ ਭੈਣ-ਭਰਾਵਾਂ ਦੀ ਤਾਰੀਫ਼ ਕਰਦੇ ਹੋਏ ਲਿਖਿਆ: “ਤੁਸੀਂ ਸਾਰੀਆਂ ਗੱਲਾਂ ਵਿਚ ਮੈਨੂੰ ਚੇਤੇ ਰੱਖਦੇ ਹੋ ਅਤੇ ਉਨ੍ਹਾਂ ਗੱਲਾਂ ’ਤੇ ਪੂਰੀ ਤਰ੍ਹਾਂ ਚੱਲਦੇ ਹੋ ਜਿਹੜੀਆਂ ਮੈਂ ਤੁਹਾਨੂੰ ਸਿਖਾਈਆਂ ਸਨ।” (1 ਕੁਰਿੰ. 11:2) ਇਹ ਸਿੱਖਿਆਵਾਂ ਯਹੋਵਾਹ ਤੇ ਉਸ ਦੇ ਪੁੱਤਰ ਵੱਲੋਂ ਦਿੱਤੀਆਂ ਗਈਆਂ ਸਨ, ਇਸ ਲਈ ਇਨ੍ਹਾਂ ’ਤੇ ਪੱਕਾ ਭਰੋਸਾ ਕੀਤਾ ਜਾ ਸਕਦਾ ਸੀ।

11. ਗੁਮਰਾਹ ਹੋਏ ਮਸੀਹੀ ਨਾਲ ਕੀ ਹੋ ਸਕਦਾ ਹੈ?

11 ਇਬਰਾਨੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਦੋ ਗੱਲਾਂ ਵੱਲ ਧਿਆਨ ਖਿੱਚਿਆ ਜਿਨ੍ਹਾਂ ਕਰਕੇ ਇਕ ਮਸੀਹੀ ਨਿਹਚਾ ਕਰਨੀ ਛੱਡ ਦੇਵੇ ਤੇ ਯਹੋਵਾਹ ਦਾ ਵਫ਼ਾਦਾਰ ਨਾ ਰਹੇ। (ਇਬਰਾਨੀਆਂ 2:1; 3:12 ਪੜ੍ਹੋ।) ਉਸ ਨੇ ਯਹੋਵਾਹ ਤੋਂ ‘ਹੌਲੀ-ਹੌਲੀ ਦੂਰ ਚਲੇ ਜਾਣ’ ਤੇ ਜਾਣ-ਬੁੱਝ ਕੇ “ਦੂਰ ਜਾਣ” ਬਾਰੇ ਦੱਸਿਆ। ਇਕ ਕਿਸ਼ਤੀ ਹੌਲੀ-ਹੌਲੀ ਆਪਣੇ ਆਪ ਕਿਨਾਰੇ ਤੋਂ ਦੂਰ ਚਲੀ ਜਾਂਦੀ ਹੈ ਤੇ ਸ਼ਾਇਦ ਪਹਿਲਾਂ ਇਸ ਦਾ ਪਤਾ ਨਾ ਲੱਗੇ। ਪਰ ਕਿਸ਼ਤੀ ਤੇ ਕਿਨਾਰੇ ਵਿਚ ਦੂਰੀ ਵਧਦੀ ਜਾਂਦੀ ਹੈ। ਦੂਜੇ ਪਾਸੇ, ਇਕ ਆਦਮੀ ਜਾਣ-ਬੁੱਝ ਕੇ ਆਪਣੀ ਕਿਸ਼ਤੀ ਨੂੰ ਕਿਨਾਰੇ ਤੋਂ ਦੂਰ ਲੈ ਜਾਂਦਾ ਹੈ। ਇਨ੍ਹਾਂ ਦੋਵਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਇਕ ਮਸੀਹੀ ਗੁਮਰਾਹ ਹੋ ਕੇ ਕਿਵੇਂ ਸੱਚਾਈ ਵਿਚ ਕਮਜ਼ੋਰ ਹੋ ਜਾਂਦਾ ਹੈ।

12. ਅੱਜ ਕਿਹੜੀਆਂ ਗੱਲਾਂ ਕਰਕੇ ਅਸੀਂ ਪਰਮੇਸ਼ੁਰ ਤੋਂ ਦੂਰ ਜਾ ਸਕਦੇ ਹਾਂ?

12 ਥੱਸਲੁਨੀਕਾ ਦੇ ਕੁਝ ਮਸੀਹੀਆਂ ਨਾਲ ਵੀ ਸ਼ਾਇਦ ਇੱਦਾਂ ਹੋਇਆ ਹੋਵੇ। ਅੱਜ ਬਾਰੇ ਕੀ? ਅੱਜ ਸਮਾਂ ਬਰਬਾਦ ਕਰਨ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਹਨ। ਜ਼ਰਾ ਸੋਚੋ ਕਿ ਆਪਣੇ ਸ਼ੌਂਕ ਪੂਰੇ ਕਰਨ, ਸੋਸ਼ਲ ਨੈੱਟਵਰਕਿੰਗ ਸਾਈਟਾਂ ਵਰਤਣ, ਮੈਸਿਜ ਪੜ੍ਹਨ ਤੇ ਭੇਜਣ ਜਾਂ ਖੇਡਾਂ ਦੀਆਂ ਖ਼ਬਰਾਂ ਪੜ੍ਹਨ ਵਿਚ ਕਿੰਨਾ ਕੀਮਤੀ ਸਮਾਂ ਲੱਗਦਾ ਹੈ। ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਇਕ ਮਸੀਹੀ ਦਾ ਧਿਆਨ ਭਟਕਾ ਸਕਦੀ ਹੈ ਤੇ ਯਹੋਵਾਹ ਦੀ ਸੇਵਾ ਵਿਚ ਉਸ ਦਾ ਜੋਸ਼ ਠੰਢਾ ਕਰ ਸਕਦੀ ਹੈ। ਇਸ ਦਾ ਨਤੀਜਾ ਕੀ ਹੋ ਸਕਦਾ ਹੈ? ਉਹ ਸ਼ਾਇਦ ਦਿਲੋਂ ਪ੍ਰਾਰਥਨਾ ਕਰਨੀ ਛੱਡ ਦੇਵੇ, ਬਾਈਬਲ ਦੀ ਸਟੱਡੀ ਵਿਚ ਘੱਟ ਸਮਾਂ ਲਾਵੇ ਅਤੇ ਕਦੇ-ਕਦਾਈਂ ਹੀ ਮੀਟਿੰਗਾਂ ਅਤੇ ਪ੍ਰਚਾਰ ਤੇ ਜਾਵੇ। ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ ਤਾਂਕਿ ਸਾਡੇ ਮਨ ਝੱਟ ਉਲਝਣ ਵਿਚ ਨਾ ਪੈਣ?

ਉਲਝਣ ਵਿਚ ਪੈਣ ਤੋਂ ਬਚੋ

13. ਪਤਰਸ ਦੀ ਭਵਿੱਖਬਾਣੀ ਅਨੁਸਾਰ ਬਹੁਤ ਸਾਰੇ ਲੋਕਾਂ ਦਾ ਰਵੱਈਆ ਕਿਹੋ ਜਿਹਾ ਹੈ ਤੇ ਅਸੀਂ ਆਪਣੀ ਨਿਹਚਾ ਕਿਵੇਂ ਮਜ਼ਬੂਤ ਰੱਖ ਸਕਦੇ ਹਾਂ?

13 ਸਾਨੂੰ ਇਕ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਅੰਤ ਦੇ ਦਿਨਾਂ ਵਿਚ ਰਹਿ ਰਹੇ ਹਾਂ। ਕਈ ਨਹੀਂ ਮੰਨਦੇ ਕਿ ਇਹ ‘ਅੰਤ ਦੇ ਦਿਨ’ ਹਨ। ਜੇ ਅਸੀਂ ਅਜਿਹੇ ਲੋਕਾਂ ਨਾਲ ਸਮਾਂ ਬਿਤਾਉਂਦੇ ਹਾਂ, ਤਾਂ ਸਾਡੇ ’ਤੇ ਉਨ੍ਹਾਂ ਦਾ ਬੁਰਾ ਅਸਰ ਪੈ ਸਕਦਾ ਹੈ। ਪਤਰਸ ਰਸੂਲ ਨੇ ਸਾਡੇ ਸਮੇਂ ਬਾਰੇ ਲਿਖਿਆ ਸੀ: “ਮਖੌਲ ਉਡਾਉਣ ਵਾਲੇ ਲੋਕ ਚੰਗੀਆਂ ਗੱਲਾਂ ਦਾ ਮਖੌਲ ਉਡਾਉਣਗੇ ਅਤੇ ਉਹ ਆਪਣੀਆਂ ਇੱਛਾਵਾਂ ਮੁਤਾਬਕ ਚੱਲਣਗੇ ਅਤੇ ਕਹਿਣਗੇ: ‘ਉਸ ਨੇ ਆਉਣ ਦਾ ਵਾਅਦਾ ਕੀਤਾ ਸੀ। ਕਿੱਥੇ ਹੈ ਉਹ ਹੁਣ? ਸਾਡੇ ਦਾਦੇ-ਪੜਦਾਦੇ ਆਏ ਤੇ ਚਲੇ ਗਏ, ਪਰ ਦੁਨੀਆਂ ਦੇ ਬਣਨ ਤੋਂ ਹੁਣ ਤਕ ਸਭ ਕੁਝ ਉਸੇ ਤਰ੍ਹਾਂ ਚੱਲਦਾ ਆ ਰਿਹਾ ਹੈ।’” (2 ਪਤ. 3:3, 4) ਹਰ ਰੋਜ਼ ਬਾਈਬਲ ਪੜ੍ਹਨ ਤੇ ਇਸ ਦੀ ਬਾਕਾਇਦਾ ਸਟੱਡੀ ਕਰਨ ਨਾਲ ਅਸੀਂ ਆਪਣਾ ਧਿਆਨ ਇਸ ਗੱਲ ਵੱਲ ਲਗਾ ਸਕਾਂਗੇ ਕਿ ਅਸੀਂ “ਅੰਤ ਦੇ ਦਿਨਾਂ” ਵਿਚ ਰਹਿ ਰਹੇ ਹਾਂ। ਬਾਈਬਲ ਵਿਚ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰਨ ਵਾਲਿਆਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ। ਇਹ ਲੋਕ ਪੁਰਾਣੇ ਸਮੇਂ ਵਿਚ ਵੀ ਸਨ ਤੇ ਅੱਜ ਸਾਡੇ ਸਮੇਂ ਵਿਚ ਵੀ ਹਨ। ‘ਦੁਸ਼ਟ ਬੰਦਾ’ ਅੱਜ ਵੀ ਪਰਮੇਸ਼ੁਰ ਦੇ ਸੇਵਕਾਂ ਦਾ ਵਿਰੋਧ ਕਰਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦਾ ਦਿਨ ਬਹੁਤ ਨੇੜੇ ਹੈ।​—ਸਫ਼. 1:7.

ਚੰਗੀ ਤਿਆਰੀ ਕਰ ਕੇ ਪ੍ਰਚਾਰ ਵਿਚ ਹਿੱਸਾ ਲੈਣ ਨਾਲ ਸਾਡੇ ਮਨ ਝੱਟ ਉਲਝਣ ਵਿਚ ਨਹੀਂ ਪੈਣਗੇ (ਪੈਰੇ 14, 15 ਦੇਖੋ)

14. ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਕਰਕੇ ਸਾਡਾ ਬਚਾਅ ਕਿਵੇਂ ਹੋਵੇਗਾ?

14 ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਵੀ ਅਸੀਂ ਉਲਝਣ ਵਿਚ ਪੈਣ ਤੋਂ ਬਚ ਸਕਦੇ ਹਾਂ। ਮੰਡਲੀ ਦੇ ਮੁਖੀ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਹਰ ਕੌਮ ਦੇ ਲੋਕਾਂ ਨੂੰ ਚੇਲੇ ਬਣਾਉਣ ਤੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਸਿਖਾਉਣ ਦਾ ਹੁਕਮ ਦਿੱਤਾ ਜੋ ਉਸ ਨੇ ਸਿਖਾਈਆਂ ਸਨ। ਅਸਲ ਵਿਚ ਯਿਸੂ ਇੱਥੇ ਸਲਾਹ ਦੇ ਰਿਹਾ ਸੀ ਜਿਸ ਨੂੰ ਮੰਨ ਕੇ ਉਸ ਦੇ ਚੇਲੇ ਆਪਣਾ ਬਚਾਅ ਕਰ ਸਕਦੇ ਸਨ। (ਮੱਤੀ 28:19, 20) ਇਸ ਸਲਾਹ ਅਨੁਸਾਰ ਸਾਨੂੰ ਵੀ ਜੋਸ਼ ਨਾਲ ਪ੍ਰਚਾਰ ਵਿਚ ਹਿੱਸਾ ਲੈਣ ਦੀ ਲੋੜ ਹੈ। ਕੀ ਤੁਹਾਨੂੰ ਲੱਗਦਾ ਕਿ ਥੱਸਲੁਨੀਕਾ ਵਿਚ ਭੈਣਾਂ-ਭਰਾਵਾਂ ਨੇ ਪ੍ਰਚਾਰ ਦਾ ਕੰਮ ਸਿਰਫ਼ ਇਕ ਡਿਊਟੀ ਸਮਝ ਕੇ ਅਤੇ ਬੇਦਿਲੀ ਨਾਲ ਕੀਤਾ ਸੀ? ਧਿਆਨ ਦਿਓ ਕਿ ਪੌਲੁਸ ਨੇ ਉਨ੍ਹਾਂ ਨੂੰ ਕੀ ਕਿਹਾ ਸੀ: “ਪਵਿੱਤਰ ਸ਼ਕਤੀ ਦੇ ਕੰਮ ਵਿਚ ਰੁਕਾਵਟ ਨਾ ਬਣੋ। ਭਵਿੱਖਬਾਣੀਆਂ ਨੂੰ ਤੁੱਛ ਨਾ ਸਮਝੋ।” (1 ਥੱਸ. 5:19, 20) ਭਵਿੱਖਬਾਣੀਆਂ ਦੀ ਸਟੱਡੀ ਕਰ ਕੇ ਤੇ ਉਨ੍ਹਾਂ ਬਾਰੇ ਦੂਜਿਆਂ ਨੂੰ ਦੱਸ ਕੇ ਕਿੰਨੀ ਖ਼ੁਸ਼ੀ ਮਿਲਦੀ ਹੈ!

15. ਪਰਿਵਾਰਕ ਸਟੱਡੀ ਦੌਰਾਨ ਅਸੀਂ ਕਿਨ੍ਹਾਂ ਗੱਲਾਂ ’ਤੇ ਚਰਚਾ ਕਰ ਸਕਦੇ ਹਾਂ?

15 ਅਸੀਂ ਸਾਰੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਕਰਨੀ ਚਾਹੁੰਦੇ ਹਾਂ ਕਿ ਉਹ ਚੰਗੇ ਪ੍ਰਚਾਰਕ ਬਣ ਸਕਣ। ਬਹੁਤ ਸਾਰੇ ਭੈਣ-ਭਰਾ ਆਪਣੀ ਪਰਿਵਾਰਕ ਸਟੱਡੀ ਵਿਚ ਇਸ ਗੱਲ ’ਤੇ ਚਰਚਾ ਕਰਦੇ ਹਨ ਕਿ ਉਹ ਵਧੀਆ ਤਰੀਕੇ ਨਾਲ ਪ੍ਰਚਾਰ ਕਿਵੇਂ ਕਰ ਸਕਦੇ ਹਨ। ਤੁਸੀਂ ਸ਼ਾਇਦ ਇਸ ਗੱਲ ’ਤੇ ਚਰਚਾ ਕਰ ਸਕਦੇ ਹੋ ਕਿ ਪਰਿਵਾਰ ਦੇ ਮੈਂਬਰ ਦਿਲਚਸਪੀ ਦਿਖਾਉਣ ਵਾਲੇ ਵਿਅਕਤੀ ਨੂੰ ਦੁਬਾਰਾ ਮਿਲਣ ਲਈ ਤਿਆਰੀ ਕਿਵੇਂ ਕਰ ਸਕਦੇ ਹਨ। ਉਹ ਉਸ ਨੂੰ ਕਦੋਂ ਮਿਲਣ ਜਾ ਸਕਦੇ ਹਨ? ਉਹ ਉਸ ਨਾਲ ਕਿਸ ਵਿਸ਼ੇ ’ਤੇ ਗੱਲ ਕਰਨਗੇ? ਹੋਰ ਕਿਹੜੇ ਵਿਸ਼ਿਆਂ ’ਤੇ ਗੱਲ ਕੀਤੀ ਜਾ ਸਕਦੀ ਹੈ ਤਾਂਕਿ ਉਸ ਵਿਅਕਤੀ ਦੀ ਦਿਲਚਸਪੀ ਬਣੀ ਰਹੇ? ਬਹੁਤ ਸਾਰੇ ਭੈਣ-ਭਰਾ ਪਰਿਵਾਰਕ ਸਟੱਡੀ ਵਿਚ ਕੁਝ ਸਮਾਂ ਆਪਣੀਆਂ ਮੀਟਿੰਗਾਂ ਦੀ ਤਿਆਰੀ ਕਰਨ ਵਿਚ ਵੀ ਲਾਉਂਦੇ ਹਨ ਤਾਂਕਿ ਉਹ ਮੀਟਿੰਗਾਂ ਵਿਚ ਧਿਆਨ ਲਾ ਸਕਣ। ਕੀ ਤੁਸੀਂ ਮੀਟਿੰਗਾਂ ਵਿਚ ਹਿੱਸਾ ਲੈਣ ਲਈ ਹੋਰ ਤਿਆਰੀ ਕਰ ਸਕਦੇ ਹੋ? ਮੀਟਿੰਗਾਂ ਵਿਚ ਹਿੱਸਾ ਲੈ ਕੇ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ ਤੇ ਤੁਹਾਡੇ ਮਨ ਉਲਝਣ ਵਿਚ ਨਹੀਂ ਪੈਣਗੇ। (ਜ਼ਬੂ. 35:18) ਜੀ ਹਾਂ, ਪਰਿਵਾਰਕ ਸਟੱਡੀ ਕਰਨ ਨਾਲ ਤੁਸੀਂ ਉਨ੍ਹਾਂ ਗੱਲਾਂ ਬਾਰੇ ਅੰਦਾਜ਼ੇ ਲਾਉਣ ਤੋਂ ਬਚੋਗੇ ਜੋ ਬਾਈਬਲ ਵਿਚ ਸਮਝਾਈਆਂ ਨਹੀਂ ਗਈਆਂ ਤੇ ਇਸ ਦੀਆਂ ਸਿੱਖਿਆਵਾਂ ’ਤੇ ਸ਼ੱਕ ਨਹੀਂ ਕਰੋਗੇ।

16. ਕਿਹੜੀ ਉਮੀਦ ਚੁਣੇ ਹੋਏ ਮਸੀਹੀਆਂ ਨੂੰ ਉਲਝਣ ਵਿਚ ਪੈਣ ਤੋਂ ਬਚਾਅ ਸਕਦੀ ਹੈ?

16 ਕਈ ਸਾਲਾਂ ਤੋਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਜ਼ਿਆਦਾ ਸਮਝ ਦਿੱਤੀ ਹੈ। ਇਸ ਗਿਆਨ ਕਰਕੇ ਭਵਿੱਖ ਵਿਚ ਮਿਲਣ ਵਾਲੇ ਇਨਾਮ ’ਤੇ ਸਾਡਾ ਭਰੋਸਾ ਵਧਦਾ ਹੈ। ਚੁਣੇ ਹੋਏ ਮਸੀਹੀਆਂ ਨੂੰ ਮਸੀਹ ਨਾਲ ਸਵਰਗ ਵਿਚ ਰਾਜ ਕਰਨ ਦਾ ਇਨਾਮ ਮਿਲੇਗਾ। ਇਹ ਉਮੀਦ ਉਨ੍ਹਾਂ ਨੂੰ ਉਲਝਣ ਵਿਚ ਪੈਣ ਤੋਂ ਬਚਾਅ ਸਕਦੀ ਹੈ। ਥੱਸਲੁਨੀਕਾ ਨੂੰ ਲਿਖੇ ਪੌਲੁਸ ਦੇ ਸ਼ਬਦ ਉਨ੍ਹਾਂ ’ਤੇ ਲਾਗੂ ਹੁੰਦੇ ਹਨ: “ਭਰਾਵੋ, ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਨਾ ਹਮੇਸ਼ਾ ਸਾਡਾ ਫ਼ਰਜ਼ ਬਣਦਾ ਹੈ ਕਿਉਂਕਿ ਪਰਮੇਸ਼ੁਰ ਨੇ . . . ਤੁਹਾਨੂੰ ਪਵਿੱਤਰ ਸ਼ਕਤੀ ਨਾਲ ਪਵਿੱਤਰ ਕਰ ਕੇ ਚੁਣਿਆ ਹੈ ਕਿਉਂਕਿ ਤੁਸੀਂ ਸੱਚਾਈ ਉੱਤੇ ਨਿਹਚਾ ਕੀਤੀ।”​—2 ਥੱਸ. 2:13.

17. ਸਾਨੂੰ 2 ਥੱਸਲੁਨੀਕੀਆਂ 3:1-5 ਦੇ ਸ਼ਬਦਾਂ ਤੋਂ ਕੀ ਹੌਸਲਾ ਮਿਲਦਾ ਹੈ?

17 ਜਿਹੜੇ ਲੋਕਾਂ ਨੂੰ ਇਸ ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਮਿਲਣਾ ਹੈ, ਉਨ੍ਹਾਂ ਨੂੰ ਵੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਮਨ ਝੱਟ ਉਲਝਣ ਵਿਚ ਨਾ ਪੈਣ। ਜੇ ਤੁਹਾਡੇ ਕੋਲ ਧਰਤੀ ’ਤੇ ਰਹਿਣ ਦੀ ਉਮੀਦ ਹੈ, ਤਾਂ ਤੁਸੀਂ ਚੁਣੇ ਹੋਏ ਮਸੀਹੀਆਂ ਨੂੰ ਲਿਖੇ ਪੌਲੁਸ ਦੇ ਸ਼ਬਦਾਂ ਤੋਂ ਹੌਸਲਾ ਪਾ ਸਕਦੇ ਹੋ। (2 ਥੱਸਲੁਨੀਕੀਆਂ 3:1-5 ਪੜ੍ਹੋ।) ਸਾਨੂੰ ਸਾਰਿਆਂ ਨੂੰ ਇਨ੍ਹਾਂ ਪਿਆਰ ਭਰੇ ਸ਼ਬਦਾਂ ਦੀ ਕਦਰ ਕਰਨੀ ਚਾਹੀਦੀ ਹੈ। ਜੀ ਹਾਂ, ਥੱਸਲੁਨੀਕੀਆਂ ਨੂੰ ਲਿਖੀਆਂ ਚਿੱਠੀਆਂ ਵਿਚ ਸਾਨੂੰ ਚੇਤਾਵਨੀਆਂ ਦਿੱਤੀਆਂ ਗਈਆਂ ਹਨ ਕਿ ਅਸੀਂ ਉਨ੍ਹਾਂ ਗੱਲਾਂ ਬਾਰੇ ਅੰਦਾਜ਼ੇ ਨਾ ਲਾਈਏ ਜੋ ਬਾਈਬਲ ਵਿਚ ਨਹੀਂ ਦੱਸੀਆਂ ਗਈਆਂ ਜਾਂ ਦੂਜਿਆਂ ਦੀਆਂ ਅਜਿਹੀਆਂ ਗੱਲਾਂ ’ਤੇ ਵਿਸ਼ਵਾਸ ਨਾ ਕਰੀਏ। ਅੰਤ ਬਹੁਤ ਜਲਦੀ ਆਉਣ ਵਾਲਾ ਹੈ, ਇਸ ਲਈ ਅੱਜ ਅਸੀਂ ਇਨ੍ਹਾਂ ਚੇਤਾਵਨੀਆਂ ਲਈ ਬਹੁਤ ਸ਼ੁਕਰਗੁਜ਼ਾਰ ਹਾਂ।

^ ਪੇਰਗ੍ਰੈਫ 6 ਰਸੂਲਾਂ ਦੇ ਕੰਮ 20:29, 30 ਵਿਚ ਪੌਲੁਸ ਨੇ ਮਸੀਹੀ ਮੰਡਲੀਆਂ ਨੂੰ ਇਹ ਚੇਤਾਵਨੀ ਦਿੱਤੀ ਸੀ: “ਤੁਹਾਡੇ ਵਿੱਚੋਂ ਹੀ ਅਜਿਹੇ ਆਦਮੀ ਉੱਠ ਖੜ੍ਹੇ ਹੋਣਗੇ ਜਿਹੜੇ ਚੇਲਿਆਂ ਨੂੰ ਆਪਣੇ ਮਗਰ ਲਾਉਣ ਲਈ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਨਗੇ।” ਸਮੇਂ ਦੇ ਬੀਤਣ ਨਾਲ ਈਸਾਈ-ਜਗਤ ਦੇ ਪਾਦਰੀਆਂ ਨੇ ਆਪਣੇ ਆਪ ਨੂੰ ਮੰਡਲੀ ਦੇ ਹੋਰ ਮੈਂਬਰਾਂ ਨਾਲੋਂ ਉੱਚਾ ਚੁੱਕਣਾ ਸ਼ੁਰੂ ਕਰ ਦਿੱਤਾ ਸੀ। ਤੀਸਰੀ ਸਦੀ ਤਕ ਇਹ ਸਾਫ਼ ਜ਼ਾਹਰ ਹੋ ਗਿਆ ਸੀ ਕਿ ‘ਦੁਸ਼ਟ ਬੰਦਾ’ ਈਸਾਈ-ਜਗਤ ਦੇ ਪਾਦਰੀ ਹਨ।​—ਪਹਿਰਾਬੁਰਜ, 1 ਸਤੰਬਰ 2003, ਸਫ਼ੇ 6-7 ਦੇਖੋ।