Skip to content

Skip to table of contents

‘ਮੇਰੀ ਯਾਦ ਵਿਚ ਇਸ ਤਰ੍ਹਾਂ ਕਰੋ’

‘ਮੇਰੀ ਯਾਦ ਵਿਚ ਇਸ ਤਰ੍ਹਾਂ ਕਰੋ’

“ਪ੍ਰਾਰਥਨਾ ਕਰ ਕੇ [ਉਸ ਨੇ ਰੋਟੀ] ਤੋੜੀ ਅਤੇ ਕਿਹਾ: ‘ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ, ਜੋ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।’”​1 ਕੁਰਿੰ. 11:24.

1, 2. ਪਸਾਹ ਦਾ ਦਿਨ ਲਾਗੇ ਹੋਣ ਕਰਕੇ ਚੇਲਿਆਂ ਨੂੰ ਕੀ ਅਹਿਸਾਸ ਹੋ ਗਿਆ ਹੋਣਾ?

ਯਰੂਸ਼ਲਮ ਵਿਚ ਪਹਿਰੇਦਾਰਾਂ ਨੇ ਚੰਦ ਦੀ ਪਹਿਲੀ ਫਾੜੀ ਦੇਖ ਲਈ ਸੀ। ਯਹੂਦੀ ਮਹਾਸਭਾ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਯਹੂਦੀ ਮਹੀਨੇ ਨੀਸਾਨ ਦੇ ਸ਼ੁਰੂ ਹੋਣ ਦਾ ਐਲਾਨ ਕਰਵਾ ਦਿੱਤਾ ਸੀ। ਫਿਰ ਉੱਚੀ ਥਾਂ ’ਤੇ ਅੱਗ ਦਾ ਸਿਗਨਲ ਦੇ ਕੇ ਜਾਂ ਬੰਦਿਆਂ ਨੂੰ ਘੱਲ ਕੇ ਸਾਰੇ ਪਾਸੇ ਇਸ ਬਾਰੇ ਸੂਚਨਾ ਦਿੱਤੀ ਗਈ ਸੀ। ਯਿਸੂ ਦੇ ਰਸੂਲਾਂ ਨੂੰ ਪਤਾ ਸੀ ਕਿ ਪਸਾਹ ਦਾ ਦਿਨ ਲਾਗੇ ਸੀ। ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੋਣਾ ਕਿ ਯਿਸੂ ਯਰੂਸ਼ਲਮ ਨੂੰ ਤੁਰ ਪੈਣਾ ਚਾਹੁੰਦਾ ਸੀ ਤਾਂਕਿ ਪਸਾਹ ਤੋਂ ਪਹਿਲਾਂ-ਪਹਿਲਾਂ ਉੱਥੇ ਪਹੁੰਚ ਸਕੇ।

2 ਉਸ ਸਮੇਂ ਯਿਸੂ ਯਰਦਨ ਦਰਿਆ ਦੇ ਦੂਜੇ ਪਾਸੇ ਪੀਰਿਆ ਦੇ ਇਲਾਕੇ ਵਿਚ ਸੀ ਜਦੋਂ ਉਹ ਆਖ਼ਰੀ ਵਾਰ ਆਪਣੇ ਰਸੂਲਾਂ ਨਾਲ ਯਰੂਸ਼ਲਮ ਜਾ ਰਿਹਾ ਸੀ। (ਮੱਤੀ 19:1; 20:17, 29; ਮਰ. 10:1, 32, 46) ਜਦੋਂ ਨੀਸਾਨ ਮਹੀਨੇ ਦਾ ਪਹਿਲਾ ਦਿਨ ਨਿਰਧਾਰਿਤ ਕਰ ਲਿਆ ਜਾਂਦਾ ਸੀ, ਤਾਂ ਇਸ ਤੋਂ 13 ਦਿਨਾਂ ਬਾਅਦ 14 ਨੀਸਾਨ ਨੂੰ ਸੂਰਜ ਛਿਪਣ ਤੋਂ ਬਾਅਦ ਪਸਾਹ ਹੁੰਦਾ ਸੀ।

3. ਮਸੀਹੀਆਂ ਲਈ ਪਸਾਹ ਦੀ ਤਾਰੀਖ਼ ਜਾਣਨੀ ਕਿਉਂ ਜ਼ਰੂਰੀ ਹੈ?

3 ਪਸਾਹ ਦੀ ਤਾਰੀਖ਼ ਅਨੁਸਾਰ ਸਾਲ 2014 ਵਿਚ ਪ੍ਰਭੂ ਦਾ ਭੋਜਨ 14 ਅਪ੍ਰੈਲ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਇਆ ਜਾਵੇਗਾ। ਇਹ ਸੱਚੇ ਮਸੀਹੀਆਂ ਅਤੇ ਦਿਲਚਸਪੀ ਰੱਖਣ ਵਾਲਿਆਂ ਲਈ ਇਕ ਖ਼ਾਸ ਦਿਨ ਹੈ। ਕਿਉਂ? ਇਸ ਦਾ ਕਾਰਨ 1 ਕੁਰਿੰਥੀਆਂ 11:23-25 ਵਿਚ ਦੱਸਿਆ ਹੈ: “ਜਿਸ ਰਾਤ ਪ੍ਰਭੂ ਯਿਸੂ ਨੂੰ ਧੋਖੇ ਨਾਲ ਫੜਵਾਇਆ ਜਾਣਾ ਸੀ, ਉਸ ਰਾਤ ਉਸ ਨੇ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ ਅਤੇ ਕਿਹਾ: ‘ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ, ਜੋ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।’ ਅਤੇ ਉਸ ਨੇ ਪਸਾਹ ਦਾ ਖਾਣਾ ਖਾਣ ਤੋਂ ਬਾਅਦ ਦਾਖਰਸ ਦਾ ਪਿਆਲਾ ਲੈ ਕੇ ਇਸੇ ਤਰ੍ਹਾਂ ਕੀਤਾ।”

4. (ੳ) ਪ੍ਰਭੂ ਦੇ ਭੋਜਨ ਸੰਬੰਧੀ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ? (ਅ) ਹਰ ਸਾਲ ਮੈਮੋਰੀਅਲ ਦੀ ਤਾਰੀਖ਼ ਕਿਵੇਂ ਨਿਰਧਾਰਿਤ ਕੀਤੀ ਜਾਂਦੀ ਹੈ? ( “2014 ਵਿਚ ਮੈਮੋਰੀਅਲ” ਨਾਂ ਦੀ ਡੱਬੀ ਦੇਖੋ।)

4 ਯਿਸੂ ਨੇ ਆਪਣੇ ਚੇਲਿਆਂ ਨੂੰ ਹਰ ਸਾਲ ਮੈਮੋਰੀਅਲ ਮਨਾਉਣ ਦਾ ਹੁਕਮ ਦਿੱਤਾ ਸੀ। ਬਿਨਾਂ ਸ਼ੱਕ ਤੁਸੀਂ ਵੀ ਇਸ ਮੌਕੇ ਤੇ ਹਾਜ਼ਰ ਹੋਵੋਗੇ। ਇਸ ਲਈ ਤੁਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛ ਸਕਦੇ ਹੋ: ‘ਮੈਂ ਮੈਮੋਰੀਅਲ ਲਈ ਤਿਆਰੀ ਕਿਵੇਂ ਕਰਾਂ? ਇਸ ਵਿਚ ਕਿਹੜੀਆਂ ਦੋ ਖ਼ਾਸ ਚੀਜ਼ਾਂ ਵਰਤੀਆਂ ਜਾਣਗੀਆਂ? ਇਸ ਮੀਟਿੰਗ ਵਿਚ ਕੀ ਹੋਵੇਗਾ? ਪ੍ਰਭੂ ਦਾ ਭੋਜਨ ਅਤੇ ਇਹ ਦੋ ਖ਼ਾਸ ਚੀਜ਼ਾਂ ਮੇਰੇ ਲਈ ਕੀ ਅਹਿਮੀਅਤ ਰੱਖਦੀਆਂ ਹਨ?’

ਰੋਟੀ ਅਤੇ ਦਾਖਰਸ

5. ਯਿਸੂ ਨੇ ਆਪਣੇ ਰਸੂਲਾਂ ਨਾਲ ਆਖ਼ਰੀ ਪਸਾਹ ਦਾ ਖਾਣਾ ਖਾਣ ਲਈ ਕਿਹੜੀਆਂ ਤਿਆਰੀਆਂ ਕਰਵਾਈਆਂ ਸਨ?

5 ਜਦੋਂ ਯਿਸੂ ਨੇ ਆਪਣੇ ਰਸੂਲਾਂ ਨੂੰ ਪਸਾਹ ਦੇ ਖਾਣੇ ਲਈ ਇਕ ਕਮਰਾ ਤਿਆਰ ਕਰਨ ਲਈ ਕਿਹਾ ਸੀ, ਤਾਂ ਉਸ ਨੇ ਇਹ ਨਹੀਂ ਕਿਹਾ ਸੀ ਕਿ ਕਮਰੇ ਨੂੰ ਬਹੁਤ ਜ਼ਿਆਦਾ ਸਜਾਇਆ ਜਾਵੇ। ਇਸ ਦੀ ਬਜਾਇ, ਉਹ ਚਾਹੁੰਦਾ ਸੀ ਕਿ ਕਮਰਾ ਸਾਫ਼ ਹੋਵੇ ਅਤੇ ਇਸ ਵਿਚ ਸਾਰਿਆਂ ਦੇ ਬੈਠਣ ਲਈ ਜਗ੍ਹਾ ਹੋਵੇ। (ਮਰਕੁਸ 14:12-16 ਪੜ੍ਹੋ।) ਉਨ੍ਹਾਂ ਨੇ ਭੋਜਨ ਵਾਸਤੇ ਬੇਖ਼ਮੀਰੀ ਰੋਟੀ, ਲਾਲ ਦਾਖਰਸ ਤੇ ਹੋਰ ਚੀਜ਼ਾਂ ਦਾ ਵੀ ਇੰਤਜ਼ਾਮ ਕਰਨਾ ਸੀ। ਪਸਾਹ ਦਾ ਭੋਜਨ ਖਾਣ ਤੋਂ ਬਾਅਦ ਯਿਸੂ ਨੇ ਰੋਟੀ ਅਤੇ ਦਾਖਰਸ ਲੈ ਕੇ ਇਕ ਨਵੀਂ ਰੀਤ ਸ਼ੁਰੂ ਕੀਤੀ।

6. (ੳ) ਪਸਾਹ ਦਾ ਭੋਜਨ ਖਾਣ ਤੋਂ ਬਾਅਦ ਯਿਸੂ ਨੇ ਰੋਟੀ ਬਾਰੇ ਕੀ ਕਿਹਾ ਸੀ? (ਅ) ਮੈਮੋਰੀਅਲ ਵਿਚ ਕਿਹੜੀ ਰੋਟੀ ਵਰਤੀ ਜਾਂਦੀ ਹੈ?

6 ਮੱਤੀ ਰਸੂਲ ਉਸ ਸਮੇਂ ਉੱਥੇ ਸੀ ਅਤੇ ਬਾਅਦ ਵਿਚ ਉਸ ਨੇ ਇਸ ਬਾਰੇ ਲਿਖਿਆ: “ਯਿਸੂ ਨੇ ਇਕ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ ਤੇ ਆਪਣੇ ਚੇਲਿਆਂ ਨੂੰ ਦੇ ਕੇ ਕਿਹਾ: ‘ਲਓ ਖਾਓ।’” (ਮੱਤੀ 26:26) ਪਸਾਹ ਦੇ ਭੋਜਨ ਵਿਚ ਬੇਖ਼ਮੀਰੀ ਰੋਟੀ ਖਾਧੀ ਜਾਂਦੀ ਸੀ, ਇਸ ਕਰਕੇ ਯਿਸੂ ਨੇ ਬੇਖ਼ਮੀਰੀ ਰੋਟੀ ਵਰਤੀ ਸੀ। (ਕੂਚ 12:8; ਬਿਵ. 16:3) ਪਾਣੀ ਨਾਲ ਕਣਕ ਦਾ ਆਟਾ ਗੁੰਨ ਕੇ ਰੋਟੀ ਪਕਾਈ ਜਾਂਦੀ ਸੀ ਅਤੇ ਇਸ ਵਿਚ ਖ਼ਮੀਰ ਜਾਂ ਲੂਣ ਵਗੈਰਾ ਨਹੀਂ ਮਿਲਾਇਆ ਜਾਂਦਾ ਸੀ। ਖ਼ਮੀਰ ਨਾ ਹੋਣ ਕਰਕੇ ਆਟਾ ਫੁੱਲਦਾ ਨਹੀਂ ਸੀ ਜਿਸ ਕਰਕੇ ਰੋਟੀ ਸੁੱਕੀ ਤੇ ਪਾਪੜ ਵਰਗੀ ਹੁੰਦੀ ਸੀ। ਅੱਜ ਮੈਮੋਰੀਅਲ ਤੋਂ ਕੁਝ ਸਮਾਂ ਪਹਿਲਾਂ ਸ਼ਾਇਦ ਮੰਡਲੀ ਦੇ ਬਜ਼ੁਰਗ ਕਿਸੇ ਨੂੰ ਇਹ ਰੋਟੀ ਪਕਾਉਣ ਦੀ ਜ਼ਿੰਮੇਵਾਰੀ ਦੇਣ। ਉਹ ਵਿਅਕਤੀ ਕਣਕ ਦੇ ਆਟੇ ਨੂੰ ਪਾਣੀ ਨਾਲ ਗੁੰਨੇ ਅਤੇ ਤਵੇ ਉੱਤੇ ਥੋੜ੍ਹਾ ਜਿਹਾ ਤੇਲ ਪਾ ਕੇ ਪਕਾਵੇ। ਜੇ ਕਣਕ ਦਾ ਆਟਾ ਨਹੀਂ ਮਿਲਦਾ, ਤਾਂ ਚੌਲਾਂ, ਜੌਆਂ, ਮੱਕੀ ਵਗੈਰਾ ਦੇ ਆਟੇ ਦੀ ਰੋਟੀ ਪਕਾਈ ਜਾ ਸਕਦੀ ਹੈ।

7. ਯਿਸੂ ਨੇ ਕਿਹੋ ਜਿਹਾ ਦਾਖਰਸ ਵਰਤਿਆ ਸੀ ਅਤੇ ਅੱਜ ਮੈਮੋਰੀਅਲ ਵਿਚ ਕਿਹੋ ਜਿਹਾ ਦਾਖਰਸ ਵਰਤਿਆ ਜਾਂਦਾ ਹੈ?

7 ਮੱਤੀ ਨੇ ਅੱਗੇ ਲਿਖਿਆ: “ਉਸ ਨੇ ਦਾਖਰਸ ਦਾ ਪਿਆਲਾ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ: “ਲਓ ਤੁਸੀਂ ਸਾਰੇ ਇਸ ਵਿੱਚੋਂ ਪੀਓ।” (ਮੱਤੀ 26:27, 28) ਯਿਸੂ ਨੇ ਉਦੋਂ ਅੰਗੂਰਾਂ ਦਾ ਰਸ ਨਹੀਂ ਵਰਤਿਆ ਸੀ ਕਿਉਂਕਿ ਅੰਗੂਰਾਂ ਦੀ ਵਾਢੀ ਕਾਫ਼ੀ ਸਮਾਂ ਪਹਿਲਾਂ ਖ਼ਤਮ ਹੋ ਚੁੱਕੀ ਸੀ। ਜਦੋਂ ਮਿਸਰ ਵਿਚ ਪਹਿਲੀ ਵਾਰ ਪਸਾਹ ਦਾ ਖਾਣਾ ਖਾਧਾ ਗਿਆ ਸੀ, ਉਦੋਂ ਇਸ ਵਿਚ ਦਾਖਰਸ ਸ਼ਾਮਲ ਨਹੀਂ ਸੀ, ਪਰ ਯਿਸੂ ਨੂੰ ਪਸਾਹ ਦੇ ਖਾਣੇ ਵਿਚ ਦਾਖਰਸ ਪੀਣ ’ਤੇ ਕੋਈ ਇਤਰਾਜ਼ ਨਹੀਂ ਸੀ। ਉਸ ਨੇ ਕੁਝ ਦਾਖਰਸ ਪ੍ਰਭੂ ਦੇ ਭੋਜਨ ਦੌਰਾਨ ਵੀ ਵਰਤਿਆ ਸੀ। ਇਸ ਕਰਕੇ ਮਸੀਹੀ ਮੈਮੋਰੀਅਲ ਵਿਚ ਦਾਖਰਸ (ਵਾਈਨ) ਵਰਤਦੇ ਹਨ। ਸਾਡੀ ਮੁਕਤੀ ਲਈ ਯਿਸੂ ਦਾ ਲਹੂ ਕਾਫ਼ੀ ਸੀ, ਉਸ ਵਿਚ ਹੋਰ ਕਿਸੇ ਚੀਜ਼ ਨੂੰ ਮਿਲਾਉਣ ਦੀ ਜ਼ਰੂਰਤ ਨਹੀਂ ਸੀ। ਇਸੇ ਤਰ੍ਹਾਂ ਦਾਖਰਸ ਵਿਚ ਬਰਾਂਡੀ ਨਹੀਂ ਹੋਣੀ ਚਾਹੀਦੀ ਜਾਂ ਮਸਾਲੇ ਵਗੈਰਾ ਪਾ ਕੇ ਨਹੀਂ ਬਣਾਈ ਗਈ ਹੋਣੀ ਚਾਹੀਦੀ। ਉਹੀ ਵਾਈਨ ਵਰਤੀ ਜਾਵੇ ਜੋ ਸਿਰਫ਼ ਅੰਗੂਰਾਂ ਤੋਂ ਬਣਾਈ ਗਈ ਹੋਵੇ, ਚਾਹੇ ਘਰੇ ਬਣਾਈ ਹੋਵੇ ਜਾਂ ਬਾਜ਼ਾਰੋਂ ਖ਼ਰੀਦੀ ਹੋਵੇ, ਜਿਵੇਂ ਕਿ ਬੋਜ਼ੋਲੇ, ਬਰਗੰਡੀ ਜਾਂ ਕੀਆਂਟੀ (Beaujolais, Burgundy, ਜਾਂ Chianti)।

ਰੋਟੀ ਅਤੇ ਦਾਖਰਸ ਦਾ ਮਤਲਬ

8. ਰੋਟੀ ਅਤੇ ਦਾਖਰਸ ਦੀ ਅਹਿਮੀਅਤ ਵੱਲ ਮਸੀਹੀ ਕਿਉਂ ਧਿਆਨ ਦਿੰਦੇ ਹਨ?

8 ਪੌਲੁਸ ਨੇ ਕੁਝ ਕਿਹਾ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਸਿਰਫ਼ ਰਸੂਲਾਂ ਨੂੰ ਹੀ ਨਹੀਂ, ਸਗੋਂ ਬਾਕੀ ਮਸੀਹੀਆਂ ਨੂੰ ਵੀ ਪ੍ਰਭੂ ਦੇ ਭੋਜਨ ਵਿਚ ਸ਼ਾਮਲ ਹੋਣਾ ਚਾਹੀਦਾ ਸੀ। ਉਸ ਨੇ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਲਿਖਿਆ: “ਪ੍ਰਭੂ ਨੇ ਜੋ ਕੁਝ ਮੈਨੂੰ ਦੱਸਿਆ ਹੈ, ਮੈਂ ਉਹੀ ਕੁਝ ਤੁਹਾਨੂੰ ਸਿਖਾਇਆ ਹੈ ਕਿ . . . ਉਸ ਨੇ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ ਅਤੇ ਕਿਹਾ: ‘ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ, ਜੋ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।’” (1 ਕੁਰਿੰ. 11:23, 24) ਇਸ ਕਰਕੇ ਮਸੀਹੀ ਹਰ ਸਾਲ ਇਸ ਖ਼ਾਸ ਮੌਕੇ ਤੇ ਇਕੱਠੇ ਹੁੰਦੇ ਹਨ ਅਤੇ ਉਹ ਇਸ ਰੋਟੀ ਅਤੇ ਦਾਖਰਸ ਦੀ ਅਹਿਮੀਅਤ ਵੱਲ ਧਿਆਨ ਦਿੰਦੇ ਹਨ।

9. ਯਿਸੂ ਦੁਆਰਾ ਵਰਤੀ ਰੋਟੀ ਬਾਰੇ ਕੁਝ ਲੋਕਾਂ ਦਾ ਕੀ ਗ਼ਲਤ ਵਿਚਾਰ ਹੈ?

9 ਚਰਚ ਜਾਣ ਵਾਲੇ ਕੁਝ ਲੋਕ ਕਹਿੰਦੇ ਹਨ ਕਿ ਯਿਸੂ ਨੇ ਕਿਹਾ ਸੀ: ‘ਇਹ ਮੇਰਾ ਸਰੀਰ ਹੈ।’ ਇਸ ਕਰਕੇ ਉਹ ਮੰਨਦੇ ਹਨ ਕਿ ਰੋਟੀ ਚਮਤਕਾਰੀ ਢੰਗ ਨਾਲ ਉਸ ਦੇ ਮਾਸ ਵਿਚ ਬਦਲ ਜਾਂਦੀ ਹੈ। ਪਰ ਇਹ ਸਹੀ ਨਹੀਂ ਹੈ। * ਯਿਸੂ ਉਨ੍ਹਾਂ ਦੇ ਨਾਲ ਜੀਉਂਦਾ-ਜਾਗਦਾ ਬੈਠਾ ਸੀ ਅਤੇ ਬੇਖ਼ਮੀਰੀ ਰੋਟੀ ਜੋ ਵਫ਼ਾਦਾਰ ਰਸੂਲ ਖਾਣ ਵਾਲੇ ਸਨ, ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਸੀ। ਯਿਸੂ ਇੱਥੇ ਆਪਣੇ ਸਰੀਰ ਦੀ ਤੁਲਨਾ ਰੋਟੀ ਨਾਲ ਕਰ ਰਿਹਾ ਸੀ। ਉਸ ਨੇ ਪਹਿਲਾਂ ਵੀ ਕਈ ਵਾਰ ਦੂਜਿਆਂ ਨੂੰ ਸਿਖਾਉਂਦੇ ਵੇਲੇ ਇਹ ਤਰੀਕਾ ਵਰਤਿਆ ਸੀ।​—ਯੂਹੰ. 2:19-21; 4:13, 14; 10:7; 15:1.

10. ਮੈਮੋਰੀਅਲ ਦੌਰਾਨ ਵਰਤੀ ਜਾਂਦੀ ਰੋਟੀ ਕਿਸ ਨੂੰ ਦਰਸਾਉਂਦੀ ਹੈ?

10 ਬੇਖ਼ਮੀਰੀ ਰੋਟੀ ਯਿਸੂ ਦੇ ਸਰੀਰ ਨੂੰ ਦਰਸਾਉਂਦੀ ਹੈ। ਪਰ ਕਿਹੜੇ ਸਰੀਰ ਨੂੰ? ਪਹਿਲਾਂ ਪਰਮੇਸ਼ੁਰ ਦੇ ਲੋਕ ਸੋਚਦੇ ਸਨ ਕਿ ਰੋਟੀ ਚੁਣੇ ਹੋਏ ਮਸੀਹੀਆਂ ਦੀ ਮੰਡਲੀ ਨੂੰ ਦਰਸਾਉਂਦੀ ਸੀ ਜਿਸ ਨੂੰ ਬਾਈਬਲ ਵਿਚ ‘ਮਸੀਹ ਦਾ ਸਰੀਰ’ ਕਿਹਾ ਗਿਆ ਹੈ। ਉਹ ਇਸ ਕਰਕੇ ਇੱਦਾਂ ਮੰਨਦੇ ਸਨ ਕਿਉਂਕਿ ਯਿਸੂ ਨੇ ਰੋਟੀ ਦੇ ਕਈ ਟੁਕੜੇ ਕੀਤੇ ਸਨ, ਪਰ ਉਸ ਦੀ ਕੋਈ ਵੀ ਹੱਡੀ ਤੋੜੀ ਨਹੀਂ ਗਈ ਸੀ। (ਅਫ਼. 4:12; ਰੋਮੀ. 12:4, 5; 1 ਕੁਰਿੰ. 10:16, 17; 12:27) ਪਰ ਹੋਰ ਰਿਸਰਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਰੋਟੀ ਯਿਸੂ ਦੇ ਇਨਸਾਨੀ ਸਰੀਰ ਨੂੰ ਦਰਸਾਉਂਦੀ ਹੈ। ਬਾਈਬਲ ਵਿਚ ਕਿਹਾ ਗਿਆ ਹੈ ਕਿ ਯਿਸੂ ਨੇ ਕਿਵੇਂ “ਇਨਸਾਨ ਹੁੰਦਿਆਂ ਦੁੱਖ ਝੱਲੇ” ਅਤੇ ਉਸ ਨੂੰ ਤਸੀਹੇ ਦੀ ਸੂਲ਼ੀ ਉੱਤੇ ਟੰਗ ਕੇ ਮਾਰਿਆ ਗਿਆ ਸੀ। ਇਸ ਲਈ ਮੈਮੋਰੀਅਲ ਵਿਚ ਵਰਤੀ ਜਾਂਦੀ ਰੋਟੀ ਉਸ ਦੇ ਇਨਸਾਨੀ ਸਰੀਰ ਨੂੰ ਦਰਸਾਉਂਦੀ ਹੈ ਜਿਸ ਨੂੰ ਉਸ ਨੇ ਸਾਡੇ ਪਾਪਾਂ ਦੀ ਖ਼ਾਤਰ ਕੁਰਬਾਨ ਕੀਤਾ ਸੀ।​—1 ਪਤ. 2:21-24; 4:1; ਯੂਹੰ. 19:33-36; ਇਬ. 10:5-7.

11, 12. (ੳ) ਯਿਸੂ ਨੇ ਦਾਖਰਸ ਬਾਰੇ ਕੀ ਕਿਹਾ ਸੀ? (ਅ) ਮੈਮੋਰੀਅਲ ਵਿਚ ਵਰਤਿਆ ਜਾਂਦਾ ਦਾਖਰਸ ਕਿਸ ਨੂੰ ਦਰਸਾਉਂਦਾ ਹੈ?

11 ਰੋਟੀ ਦਾ ਮਤਲਬ ਜਾਣ ਕੇ ਅਸੀਂ ਦਾਖਰਸ ਦਾ ਮਤਲਬ ਵੀ ਸਮਝ ਸਕਦੇ ਹਾਂ। ਅਸੀਂ ਪੜ੍ਹਦੇ ਹਾਂ: ‘ਉਸ ਨੇ ਦਾਖਰਸ ਦਾ ਪਿਆਲਾ ਲੈ ਕੇ ਇਸੇ ਤਰ੍ਹਾਂ ਕੀਤਾ ਅਤੇ ਕਿਹਾ: “ਇਹ ਦਾਖਰਸ ਦਾ ਪਿਆਲਾ ਮੇਰੇ ਲਹੂ ਦੁਆਰਾ ਕੀਤੇ ਗਏ ਨਵੇਂ ਇਕਰਾਰ ਨੂੰ ਦਰਸਾਉਂਦਾ ਹੈ।”’ (1 ਕੁਰਿੰ. 11:25) ਪੰਜਾਬੀ ਦੀਆਂ ਕਈ ਬਾਈਬਲਾਂ ਵਿਚ ਇਸ ਆਇਤ ਵਿਚ ਕਿਹਾ ਗਿਆ ਹੈ: “ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ।” ਪਿਆਲੇ ਵਿਚ ਜੋ ਦਾਖਰਸ ਸੀ, ਉਹ ਕਿਸ ਨੂੰ ਦਰਸਾਉਂਦਾ ਸੀ? ਉਸ ਦੇ ਵਹਾਏ ਗਏ ਲਹੂ ਨੂੰ।

12 ਮਰਕੁਸ ਦੀ ਇੰਜੀਲ ਵਿਚ ਅਸੀਂ ਯਿਸੂ ਦੇ ਇਹ ਸ਼ਬਦ ਪੜ੍ਹਦੇ ਹਾਂ: “ਇਹ ਦਾਖਰਸ ਮੇਰੇ ਲਹੂ ਨੂੰ ਅਰਥਾਤ ‘ਇਕਰਾਰ ਦੇ ਲਹੂ’ ਨੂੰ ਦਰਸਾਉਂਦਾ ਹੈ ਜੋ ਬਹੁਤ ਸਾਰੇ ਲੋਕਾਂ ਦੀ ਖ਼ਾਤਰ ਵਹਾਇਆ ਜਾਵੇਗਾ।” (ਮਰ. 14:24) ਜੀ ਹਾਂ, ਯਿਸੂ ਦਾ ਲਹੂ ‘ਬਹੁਤ ਸਾਰੇ ਲੋਕਾਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਣਾ ਸੀ।’ (ਮੱਤੀ 26:28) ਇਸ ਲਈ ਲਾਲ ਦਾਖਰਸ ਯਿਸੂ ਦੇ ਲਹੂ ਨੂੰ ਦਰਸਾਉਣ ਲਈ ਬਿਲਕੁਲ ਸਹੀ ਹੈ। ਯਿਸੂ ਨੇ ਆਪਣਾ ਲਹੂ ਵਹਾ ਕੇ ਸਾਡੀ ਰਿਹਾਈ ਦੀ ਕੀਮਤ ਦਿੱਤੀ ਜਿਸ ਕਰਕੇ “ਸਾਡੇ ਪਾਪ ਮਾਫ਼” ਹੁੰਦੇ ਹਨ।​—ਅਫ਼ਸੀਆਂ 1:7 ਪੜ੍ਹੋ।

ਰਸੂਲਾਂ ਨੇ ਦਾਖਰਸ ਪੀਤਾ ਸੀ ਜੋ ਯਿਸੂ ਦੇ ਇਕਰਾਰ ਦੇ ਲਹੂ ਨੂੰ ਦਰਸਾਉਂਦਾ ਸੀ (ਪੈਰੇ 11, 12 ਦੇਖੋ)

ਯਿਸੂ ਦੀ ਮੌਤ ਦੀ ਵਰ੍ਹੇ-ਗੰਢ ਮਨਾਉਣੀ

13. ਦੱਸੋ ਕਿ ਹਰ ਸਾਲ ਮਸੀਹ ਦੀ ਮੌਤ ਦੀ ਵਰ੍ਹੇ-ਗੰਢ ਕਿਵੇਂ ਮਨਾਈ ਜਾਂਦੀ ਹੈ।

13 ਤੁਸੀਂ ਸ਼ਾਇਦ ਪਹਿਲੀ ਵਾਰ ਮੈਮੋਰੀਅਲ ਵਿਚ ਆ ਰਹੇ ਹੋ। ਯਹੋਵਾਹ ਦੇ ਗਵਾਹਾਂ ਦੀ ਇਸ ਖ਼ਾਸ ਮੀਟਿੰਗ ਵਿਚ ਕੀ ਹੋਵੇਗਾ? ਇਹ ਮੀਟਿੰਗ ਇਕ ਸਾਫ਼-ਸੁਥਰੀ ਜਗ੍ਹਾ ਹੋਵੇਗੀ ਜਿੱਥੇ ਸਾਰੇ ਜਣੇ ਆਰਾਮ ਨਾਲ ਬੈਠ ਕੇ ਇਸ ਦਾ ਆਨੰਦ ਮਾਣ ਸਕਣਗੇ। ਉੱਥੇ ਫੁੱਲਾਂ ਨਾਲ ਥੋੜ੍ਹੀ-ਬਹੁਤੀ ਸਜਾਵਟ ਕੀਤੀ ਜਾਵੇਗੀ, ਪਰ ਪਾਰਟੀ ਵਰਗਾ ਮਾਹੌਲ ਨਹੀਂ ਹੋਵੇਗਾ। ਇਕ ਕਾਬਲ ਬਜ਼ੁਰਗ ਸਾਫ਼ ਸ਼ਬਦਾਂ ਵਿਚ ਸਮਝਾਵੇਗਾ ਕਿ ਬਾਈਬਲ ਪ੍ਰਭੂ ਦੇ ਭੋਜਨ ਬਾਰੇ ਕੀ ਦੱਸਦੀ ਹੈ। ਉਹ ਦੱਸੇਗਾ ਕਿ ਮਸੀਹ ਨੇ ਆਪਣੀ ਜਾਨ ਰਿਹਾਈ ਦੀ ਕੀਮਤ ਦੇ ਤੌਰ ਤੇ ਦਿੱਤੀ ਤਾਂਕਿ ਅਸੀਂ ਹਮੇਸ਼ਾ ਲਈ ਜੀ ਸਕੀਏ।​—ਰੋਮੀਆਂ 5:8-10 ਪੜ੍ਹੋ।

14. ਭਾਸ਼ਣ ਵਿਚ ਕਿਹੜੀਆਂ ਦੋ ਉਮੀਦਾਂ ਬਾਰੇ ਦੱਸਿਆ ਜਾਵੇਗਾ?

14 ਭਾਸ਼ਣਕਾਰ ਸਮਝਾਵੇਗਾ ਕਿ ਬਾਈਬਲ ਵਿਚ ਮਸੀਹੀਆਂ ਨੂੰ ਦੋ ਤਰ੍ਹਾਂ ਦੀ ਉਮੀਦ ਦਿੱਤੀ ਗਈ ਹੈ। ਇਕ ਉਮੀਦ ਹੈ ਸਵਰਗ ਵਿਚ ਮਸੀਹ ਨਾਲ ਰਾਜ ਕਰਨਾ। ਇਹ ਉਮੀਦ ਮਸੀਹ ਦੇ ਥੋੜ੍ਹੇ ਚੇਲਿਆਂ ਲਈ ਹੈ ਜਿਵੇਂ ਕਿ ਵਫ਼ਾਦਾਰ ਰਸੂਲ। (ਲੂਕਾ 12:32; 22:19, 20; ਪ੍ਰਕਾ. 14:1) ਦੂਸਰੀ ਉਮੀਦ ਅੱਜ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਜ਼ਿਆਦਾਤਰ ਮਸੀਹੀਆਂ ਲਈ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਉਹ ਸੁੰਦਰ ਧਰਤੀ ਉੱਤੇ ਹਮੇਸ਼ਾ ਲਈ ਜੀਉਣਗੇ। ਫਿਰ ਧਰਤੀ ਉੱਤੇ ਪਰਮੇਸ਼ੁਰ ਦੀ ਇੱਛਾ ਪੂਰੀ ਹੋਵੇਗੀ, ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ। ਇਸ ਗੱਲ ਬਾਰੇ ਮਸੀਹੀ ਲੰਬੇ ਸਮੇਂ ਤੋਂ ਪ੍ਰਾਰਥਨਾ ਕਰਦੇ ਆਏ ਹਨ। (ਮੱਤੀ 6:10) ਬਾਈਬਲ ਵਿਚ ਦੱਸਿਆ ਹੈ ਕਿ ਚੰਗੇ ਹਾਲਾਤਾਂ ਵਿਚ ਹਮੇਸ਼ਾ ਦੀ ਜ਼ਿੰਦਗੀ ਕਿੰਨੀ ਖ਼ੁਸ਼ੀਆਂ ਭਰੀ ਹੋਵੇਗੀ।​—ਯਸਾ. 11:6-9; 35:5, 6; 65:21-23.

15, 16. ਪ੍ਰਭੂ ਦੇ ਭੋਜਨ ਵਿਚ ਰੋਟੀ ਨਾਲ ਕੀ ਕੀਤਾ ਜਾਂਦਾ ਹੈ?

15 ਭਾਸ਼ਣ ਦੇ ਅਖ਼ੀਰਲੇ ਭਾਗ ਵਿਚ ਭਾਸ਼ਣਕਾਰ ਕਹੇਗਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਵੀ ਉਹੀ ਕਰੀਏ ਜੋ ਯਿਸੂ ਨੇ ਆਪਣੇ ਰਸੂਲਾਂ ਨੂੰ ਕਰਨ ਲਈ ਕਿਹਾ ਸੀ। ਬੇਖ਼ਮੀਰੀ ਰੋਟੀ ਅਤੇ ਲਾਲ ਦਾਖਰਸ ਭਾਸ਼ਣਕਾਰ ਦੇ ਲਾਗੇ ਮੇਜ਼ ਉੱਤੇ ਪਿਆ ਹੋਵੇਗਾ। ਉਹ ਬਾਈਬਲ ਵਿੱਚੋਂ ਪੜ੍ਹੇਗਾ ਕਿ ਯਿਸੂ ਨੇ ਇਹ ਰੀਤ ਸ਼ੁਰੂ ਕਰਨ ਵੇਲੇ ਕੀ ਕਿਹਾ ਸੀ ਤੇ ਕੀ ਕੀਤਾ ਸੀ। ਉਦਾਹਰਣ ਲਈ, ਮੱਤੀ ਦੀ ਇੰਜੀਲ ਵਿਚ ਲਿਖਿਆ ਹੈ: “ਯਿਸੂ ਨੇ ਇਕ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ ਤੇ ਆਪਣੇ ਚੇਲਿਆਂ ਨੂੰ ਦੇ ਕੇ ਕਿਹਾ: ‘ਲਓ ਖਾਓ, ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ।’” (ਮੱਤੀ 26:26) ਯਿਸੂ ਨੇ ਰੋਟੀ ਤੋੜੀ ਸੀ ਤਾਂਕਿ ਉਹ ਆਪਣੇ ਦੋਵੇਂ ਪਾਸੇ ਬੈਠੇ ਰਸੂਲਾਂ ਵਿਚ ਵਰਤਾ ਸਕੇ। ਤੁਸੀਂ 14 ਅਪ੍ਰੈਲ ਨੂੰ ਮੀਟਿੰਗ ਵਿਚ ਦੇਖੋਗੇ ਕਿ ਬੇਖ਼ਮੀਰੀ ਰੋਟੀ ਪਹਿਲਾਂ ਹੀ ਤੋੜ ਕੇ ਪਲੇਟਾਂ ਵਿਚ ਰੱਖੀ ਹੋਵੇਗੀ।

16 ਰੋਟੀ ਵਰਤਾਉਣ ਤੋਂ ਪਹਿਲਾਂ ਇਕ ਭਰਾ ਛੋਟੀ ਜਿਹੀ ਪ੍ਰਾਰਥਨਾ ਕਰੇਗਾ। ਕੁਝ ਪਲੇਟਾਂ ਵਰਤੀਆਂ ਜਾਣਗੀਆਂ ਤਾਂਕਿ ਥੋੜ੍ਹੇ ਸਮੇਂ ਵਿਚ ਸਲੀਕੇ ਨਾਲ ਸਾਰਿਆਂ ਵਿਚ ਪਲੇਟਾਂ ਪਾਸ ਕੀਤੀਆਂ ਜਾ ਸਕਣ। ਇਸ ਤਰ੍ਹਾਂ ਕਰਨ ਵੇਲੇ ਕਿਸੇ ਰਸਮ ਦਾ ਦਿਖਾਵਾ ਨਹੀਂ ਕੀਤਾ ਜਾਵੇਗਾ। ਜ਼ਿਆਦਾਤਰ ਮੰਡਲੀਆਂ ਵਿਚ ਇਹ ਰੋਟੀ ਕੁਝ ਹੀ ਮਸੀਹੀ ਖਾਣਗੇ ਜਾਂ ਸ਼ਾਇਦ ਕੋਈ ਵੀ ਨਾ ਖਾਵੇ, ਜਿਵੇਂ 2013 ਦੇ ਮੈਮੋਰੀਅਲ ਵਿਚ ਹੋਇਆ ਸੀ।

17. ਮੈਮੋਰੀਅਲ ਵਿਚ ਦਾਖਰਸ ਬਾਰੇ ਯਿਸੂ ਦੀ ਹਿਦਾਇਤ ਕਿਵੇਂ ਪੂਰੀ ਕੀਤੀ ਜਾਵੇਗੀ?

17 ਇਸ ਤੋਂ ਬਾਅਦ ਭਾਸ਼ਣਕਾਰ ਬਾਈਬਲ ਵਿੱਚੋਂ ਪੜ੍ਹੇਗਾ ਕਿ ਯਿਸੂ ਨੇ ਦਾਖਰਸ ਨਾਲ ਕੀ ਕੀਤਾ ਸੀ: “ਉਸ ਨੇ ਦਾਖਰਸ ਦਾ ਪਿਆਲਾ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ: ‘ਲਓ ਤੁਸੀਂ ਸਾਰੇ ਇਸ ਵਿੱਚੋਂ ਪੀਓ, ਇਹ ਦਾਖਰਸ ਮੇਰੇ ਲਹੂ ਨੂੰ ਅਰਥਾਤ “ਇਕਰਾਰ ਦੇ ਲਹੂ” ਨੂੰ ਦਰਸਾਉਂਦਾ ਹੈ ਜੋ ਬਹੁਤ ਸਾਰੇ ਲੋਕਾਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ।’” (ਮੱਤੀ 26:27, 28) ਇਸ ਨਮੂਨੇ ਉੱਤੇ ਚੱਲਦੇ ਹੋਏ ਇਕ ਹੋਰ ਛੋਟੀ ਜਿਹੀ ਪ੍ਰਾਰਥਨਾ ਕੀਤੀ ਜਾਵੇਗੀ ਤੇ ਫਿਰ ਲਾਲ ਦਾਖਰਸ ਸਾਰਿਆਂ ਵਿਚ ਪਾਸ ਕੀਤਾ ਜਾਵੇਗਾ।

18. ਭਾਵੇਂ ਮੈਮੋਰੀਅਲ ਵਿਚ ਜ਼ਿਆਦਾਤਰ ਲੋਕ ਰੋਟੀ ਨਹੀਂ ਖਾਣਗੇ ਤੇ ਦਾਖਰਸ ਨਹੀਂ ਪੀਣਗੇ, ਫਿਰ ਵੀ ਇਸ ਮੀਟਿੰਗ ਵਿਚ ਆਉਣਾ ਕਿਉਂ ਜ਼ਰੂਰੀ ਹੈ?

18 ਜਦੋਂ ਰੋਟੀ ਅਤੇ ਦਾਖਰਸ ਪਾਸ ਕੀਤਾ ਜਾਵੇਗਾ, ਤਾਂ ਜ਼ਿਆਦਾਤਰ ਹਾਜ਼ਰ ਲੋਕ ਰੋਟੀ ਨਹੀਂ ਖਾਣਗੇ ਅਤੇ ਦਾਖਰਸ ਨਹੀਂ ਪੀਣਗੇ ਕਿਉਂਕਿ ਯਿਸੂ ਨੇ ਕਿਹਾ ਸੀ ਕਿ ਸਿਰਫ਼ ਉਹੀ ਰੋਟੀ ਖਾਣਗੇ ਤੇ ਦਾਖਰਸ ਪੀਣਗੇ ਜਿਹੜੇ ਸਵਰਗ ਵਿਚ ਉਸ ਨਾਲ ਰਾਜ ਕਰਨਗੇ। (ਲੂਕਾ 22:28-30 ਪੜ੍ਹੋ; 2 ਤਿਮੋ. 4:18) ਭਾਵੇਂ ਜ਼ਿਆਦਾਤਰ ਲੋਕ ਰੋਟੀ ਨਹੀਂ ਖਾਣਗੇ ਤੇ ਦਾਖਰਸ ਨਹੀਂ ਪੀਣਗੇ, ਫਿਰ ਵੀ ਉਨ੍ਹਾਂ ਲਈ ਇਸ ਮੀਟਿੰਗ ਵਿਚ ਆਉਣਾ ਜ਼ਰੂਰੀ ਹੈ। ਕਿਉਂ? ਇਸ ਮੀਟਿੰਗ ਵਿਚ ਆ ਕੇ ਉਹ ਦਿਖਾਉਂਦੇ ਹਨ ਕਿ ਉਹ ਯਿਸੂ ਦੀ ਕੁਰਬਾਨੀ ਦੀ ਕਿੰਨੀ ਕਦਰ ਕਰਦੇ ਹਨ। ਮੀਟਿੰਗ ਵਿਚ ਉਹ ਉਨ੍ਹਾਂ ਸਾਰੀਆਂ ਬਰਕਤਾਂ ਉੱਤੇ ਵਿਚਾਰ ਕਰਦੇ ਹਨ ਜੋ ਯਿਸੂ ਦੁਆਰਾ ਦਿੱਤੀ ਰਿਹਾਈ ਦੀ ਕੀਮਤ ਕਰਕੇ ਮਿਲਣਗੀਆਂ। ਮਿਸਾਲ ਲਈ, ਉਨ੍ਹਾਂ ਨੂੰ ਉਮੀਦ ਹੈ ਕਿ ਉਹ ਉਸ “ਵੱਡੀ ਭੀੜ” ਵਿਚ ਹੋਣਗੇ ਜਿਹੜੀ “ਮਹਾਂਕਸ਼ਟ” ਵਿੱਚੋਂ ਬਚ ਨਿਕਲੇਗੀ। ਯਿਸੂ ਦੀ ਕੁਰਬਾਨੀ ਉੱਤੇ ਨਿਹਚਾ ਕਰਨ ਕਰਕੇ ਉਨ੍ਹਾਂ ਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਗਿਣਿਆ ਜਾਵੇਗਾ। ਉਨ੍ਹਾਂ ਨੇ “ਆਪਣੇ ਚੋਗੇ ਲੇਲੇ ਦੇ ਲਹੂ ਨਾਲ ਧੋ ਕੇ ਚਿੱਟੇ” ਕਰ ਲਏ ਹੋਣਗੇ।​—ਪ੍ਰਕਾ. 7:9, 14-17.

19. ਪ੍ਰਭੂ ਦੇ ਭੋਜਨ ਦੇ ਪ੍ਰੋਗ੍ਰਾਮ ਤੋਂ ਪੂਰਾ ਫ਼ਾਇਦਾ ਲੈਣ ਲਈ ਤੁਸੀਂ ਕੀ ਤਿਆਰੀ ਕਰ ਸਕਦੇ ਹੋ?

19 ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ ਇਸ ਖ਼ਾਸ ਮੀਟਿੰਗ ਦੀ ਤਿਆਰੀ ਕਰਦੇ ਹਨ। ਕੁਝ ਹਫ਼ਤੇ ਪਹਿਲਾਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੱਦਾ ਦੇਣਾ ਸ਼ੁਰੂ ਕਰਾਂਗੇ। ਨਾਲੇ ਮੈਮੋਰੀਅਲ ਤੋਂ ਕੁਝ ਦਿਨ ਪਹਿਲਾਂ ਅਸੀਂ ਬਾਈਬਲ ਵਿੱਚੋਂ ਉਹ ਬਿਰਤਾਂਤ ਪੜ੍ਹਨੇ ਸ਼ੁਰੂ ਕਰਾਂਗੇ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ 33 ਈਸਵੀ ਵਿਚ ਯਿਸੂ ਨੇ ਆਪਣੇ ਆਖ਼ਰੀ ਦਿਨਾਂ ਦੌਰਾਨ ਕੀ ਕੀਤਾ ਸੀ ਅਤੇ ਕੀ ਹੋਇਆ ਸੀ। ਅਸੀਂ ਇਸ ਵਿਚ ਹਾਜ਼ਰ ਹੋਣ ਦਾ ਪੱਕਾ ਇੰਤਜ਼ਾਮ ਕਰਾਂਗੇ। ਚੰਗੀ ਗੱਲ ਹੈ ਜੇ ਅਸੀਂ ਪਹਿਲੇ ਗੀਤ ਅਤੇ ਪ੍ਰਾਰਥਨਾ ਤੋਂ ਕਾਫ਼ੀ ਸਮਾਂ ਪਹਿਲਾਂ ਹਾਲ ਵਿਚ ਆ ਜਾਈਏ ਤਾਂਕਿ ਅਸੀਂ ਆਉਣ ਵਾਲੇ ਲੋਕਾਂ ਦਾ ਸੁਆਗਤ ਕਰ ਸਕੀਏ ਅਤੇ ਪੂਰੇ ਪ੍ਰੋਗ੍ਰਾਮ ਦਾ ਮਜ਼ਾ ਲੈ ਸਕੀਏ। ਜਦੋਂ ਭਾਸ਼ਣਕਾਰ ਬਾਈਬਲ ਵਿੱਚੋਂ ਆਇਤਾਂ ਪੜ੍ਹੇਗਾ, ਤਾਂ ਉਸ ਦੇ ਨਾਲ-ਨਾਲ ਆਪਣੀਆਂ ਬਾਈਬਲਾਂ ਵਿੱਚੋਂ ਪੜ੍ਹ ਕੇ ਮੰਡਲੀ ਦੇ ਮੈਂਬਰਾਂ ਨੂੰ ਅਤੇ ਨਵੇਂ ਲੋਕਾਂ ਨੂੰ ਫ਼ਾਇਦਾ ਹੋਵੇਗਾ। ਸਭ ਤੋਂ ਅਹਿਮ ਗੱਲ ਹੈ ਕਿ ਮੈਮੋਰੀਅਲ ਵਿਚ ਆ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਿਸੂ ਦੀ ਕੁਰਬਾਨੀ ਦੀ ਦਿਲੋਂ ਕਦਰ ਕਰਦੇ ਹਾਂ ਤੇ ਉਸ ਦੇ ਇਸ ਹੁਕਮ ਨੂੰ ਮੰਨਦੇ ਹਾਂ: “ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।”​—1 ਕੁਰਿੰ. 11:24.

^ ਪੇਰਗ੍ਰੈਫ 9 ਇਕ ਜਰਮਨ ਵਿਦਵਾਨ ਹਾਇਨਰਿਕ ਮੇਯਰ ਨੇ ਕਿਹਾ ਕਿ ਰਸੂਲਾਂ ਨੇ ਇਹ ਨਹੀਂ ਸੋਚਿਆ ਕਿ ਉਹ ਸੱਚ-ਮੁੱਚ ਯਿਸੂ ਦਾ ਮਾਸ ਖਾ ਰਹੇ ਸਨ ਤੇ ਉਸ ਦਾ ਲਹੂ ਪੀ ਰਹੇ ਸਨ ਕਿਉਂਕਿ “ਯਿਸੂ ਦੇ ਸਰੀਰ ਨੂੰ ਕੁਝ ਨਹੀਂ ਹੋਇਆ ਸੀ (ਅਜੇ ਵੀ ਜੀਉਂਦਾ-ਜਾਗਦਾ ਸੀ)।” ਉਸ ਨੇ ਇਹ ਵੀ ਕਿਹਾ ਕਿ ਯਿਸੂ ਨੇ ਰੋਟੀ ਅਤੇ ਦਾਖਰਸ ਦਾ ਮਤਲਬ “ਸੌਖੇ ਸ਼ਬਦਾਂ ਵਿਚ” ਸਮਝਾਇਆ ਤਾਂਕਿ ਉਸ ਦੇ ਰਸੂਲ ਉਸ ਦੀ ਗੱਲ ਦਾ ਗ਼ਲਤ ਮਤਲਬ ਨਾ ਕੱਢਣ।