ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ —ਪੱਛਮੀ ਅਫ਼ਰੀਕਾ
ਪਾਸਕਲ ਦੀ ਪਰਵਰਿਸ਼ ਕੋਟ ਡਿਵੁਆਰ ਦੇ ਇਕ ਗ਼ਰੀਬ ਇਲਾਕੇ ਵਿਚ ਹੋਈ, ਪਰ ਉਹ ਦੀ ਖ਼ਾਹਸ਼ ਸੀ ਕਿ ਉਸ ਦੀ ਜ਼ਿੰਦਗੀ ਵਧੀਆ ਹੋਵੇ। ਉਸ ਨੂੰ ਬਾਕਸਿੰਗ ਦਾ ਬੜਾ ਸ਼ੌਕ ਸੀ ਤੇ ਉਸ ਨੇ ਸੋਚਿਆ ਕਿ ‘ਮੈਂ ਖੇਡਾਂ ਦੀ ਦੁਨੀਆਂ ਵਿਚ ਵੱਡਾ ਨਾਂ ਕਮਾ ਕੇ ਅਮੀਰ ਕਿਵੇਂ ਬਣ ਸਕਦਾ ਹਾਂ?’ ਉਸ ਨੇ 25 ਕੁ ਸਾਲਾਂ ਦੀ ਉਮਰ ਵਿਚ ਯੂਰਪ ਜਾਣ ਦਾ ਫ਼ੈਸਲਾ ਕੀਤਾ। ਪਰ ਕਾਨੂੰਨੀ ਕਾਗਜ਼-ਪੱਤਰ ਨਾ ਹੋਣ ਕਾਰਨ ਉਸ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਯੂਰਪ ਜਾਣਾ ਪੈਣਾ ਸੀ।
ਪਾਸਕਲ ਨੇ 27 ਸਾਲਾਂ ਦੀ ਉਮਰ ਵਿਚ 1998 ਨੂੰ ਆਪਣਾ ਸਫ਼ਰ ਸ਼ੁਰੂ ਕੀਤਾ। ਉਹ ਬਾਰਡਰ ਪਾਰ ਕਰ ਕੇ ਘਾਨਾ ਤੇ ਫਿਰ ਟੋਗੋ ਲੰਘ ਕੇ ਬੇਨਿਨ ਪਹੁੰਚਿਆ ਅਤੇ ਆਖ਼ਰਕਾਰ ਉਹ ਨਾਈਜੀਰ ਦੇ ਬਰਨੀ ਨਕੋਨੀ ਨਾਂ ਦੀ ਜਗ੍ਹਾ ਪਹੁੰਚਿਆ। ਪਰ ਹੁਣ ਉਹ ਅਜਿਹਾ ਸਫ਼ਰ ਸ਼ੁਰੂ ਕਰਨ ਵਾਲਾ ਸੀ ਜੋ ਖ਼ਤਰੇ ਤੋਂ ਖਾਲੀ ਨਹੀਂ ਸੀ। ਉੱਤਰ ਵੱਲ ਨੂੰ ਜਾਣ ਲਈ ਉਸ ਨੂੰ ਇਕ ਟਰੱਕ ’ਤੇ ਚੜ੍ਹ ਕੇ ਸਹਾਰਾ ਰੇਗਿਸਤਾਨ ਪਾਰ ਕਰਨਾ ਪੈਣਾ ਸੀ। ਫਿਰ ਭੂਮੱਧ ਸਾਗਰ ਪਹੁੰਚ ਕੇ ਉਸ ਨੂੰ ਕਿਸ਼ਤੀ ਰਾਹੀਂ ਯੂਰਪ ਜਾਣਾ ਪੈਣਾ ਸੀ। ਪਰ ਉਹ ਆਪਣੇ ਇਰਾਦੇ ਵਿਚ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਨਾਈਜੀਰ ਵਿਚ ਉਸ ਨਾਲ ਦੋ ਗੱਲਾਂ ਹੋਈਆਂ।
ਪਹਿਲੀ ਗੱਲ ਕਿ ਉਸ ਦੇ ਪੈਸੇ ਖ਼ਤਮ ਹੋ ਗਏ। ਦੂਜੀ ਇਹ ਕਿ ਉਹ ਨੋਆ ਨਾਂ ਦੇ ਇਕ ਪਾਇਨੀਅਰ ਨੂੰ ਮਿਲਿਆ ਜਿਸ ਨੇ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਪਾਸਕਲ ਦੇ ਦਿਲ ’ਤੇ ਸਿੱਖੀਆਂ ਗੱਲਾਂ ਦਾ ਇੰਨਾ ਗਹਿਰਾ ਅਸਰ ਹੋਇਆ ਕਿ ਜ਼ਿੰਦਗੀ ਬਾਰੇ ਉਸ ਦਾ ਨਜ਼ਰੀਆ ਹੀ ਬਦਲ ਗਿਆ। ਦੌਲਤ-ਸ਼ੌਹਰਤ ਕਮਾਉਣ ਦੀ ਬਜਾਇ ਉਹ ਪਰਮੇਸ਼ੁਰ ਦੀ ਸੇਵਾ ਕਰਨ ਲੱਗ ਪਿਆ। ਉਸ ਨੇ ਦਸੰਬਰ 1999 ਵਿਚ ਬਪਤਿਸਮਾ ਲਿਆ। ਫਿਰ 2001 ਵਿਚ ਯਹੋਵਾਹ ਨੂੰ ਸ਼ੁਕਰਗੁਜ਼ਾਰੀ ਦਿਖਾਉਣ ਲਈ ਉਸ ਨੇ ਨਾਈਜੀਰ ਵਿਖੇ ਪਾਇਨੀਅਰਿੰਗ ਸ਼ੁਰੂ ਕਰ ਦਿੱਤੀ। ਇਹ ਉਹੀ ਇਲਾਕਾ ਸੀ ਜਿੱਥੇ ਉਸ ਨੇ ਸੱਚਾਈ ਸਿੱਖੀ ਸੀ। ਉਹ ਪਰਮੇਸ਼ੁਰ ਦੀ ਸੇਵਾ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਉਹ ਕਹਿੰਦਾ ਹੈ: “ਜ਼ਿੰਦਗੀ ਜੀਣ ਦਾ ਇਹੀ ਸਭ ਤੋਂ ਵਧੀਆ ਤਰੀਕਾ ਹੈ!”
ਅਫ਼ਰੀਕਾ ਵਿਚ ਸੇਵਾ ਕਰਕੇ ਦਿਲੋਂ ਖ਼ੁਸ਼ੀ ਮਿਲੀ
ਪਾਸਕਲ ਵਾਂਗ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਦੇਖਿਆ ਹੈ ਕਿ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣ ਨਾਲ ਦਿਲੋਂ ਖ਼ੁਸ਼ੀ ਮਿਲਦੀ ਹੈ। ਇਸ ਲਈ ਕਈਆਂ ਨੇ ਵਧ-ਚੜ੍ਹ ਕੇ ਸੇਵਾ ਕਰਨ ਲਈ ਯੂਰਪ ਛੱਡਿਆ ਤੇ ਉਹ ਅਫ਼ਰੀਕਾ ਦੇ ਉਨ੍ਹਾਂ ਇਲਾਕਿਆਂ ਵਿਚ ਗਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਦਰਅਸਲ 17 ਤੋਂ 70 ਸਾਲਾਂ ਦੇ ਕੁਝ 65 ਭੈਣਾਂ-ਭਰਾਵਾਂ ਨੇ ਯੂਰਪ ਛੱਡ ਕੇ ਪੱਛਮੀ ਅਫ਼ਰੀਕਾ ਦੇ ਜ਼ਿਆਦਾ ਲੋੜ ਵਾਲੇ ਇਲਾਕਿਆਂ ਜਿਵੇਂ ਕਿ ਬੇਨਿਨ, ਬੁਰਕੀਨਾ ਫਾਸੋ, ਨਾਈਜੀਰ ਅਤੇ ਟੋਗੋ ਨੂੰ ਜਾਣ ਦਾ ਫ਼ੈਸਲਾ ਕੀਤਾ। * ਕਿਹੜੀ ਗੱਲ ਨੇ ਉਨ੍ਹਾਂ ਨੂੰ ਆਪਣਾ ਘਰ-ਬਾਰ ਛੱਡ ਕੇ ਨਵੀਂ ਥਾਂ ’ਤੇ ਜਾਣ ਦੀ ਹੱਲਾਸ਼ੇਰੀ ਦਿੱਤੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
ਡੈਨਮਾਰਕ ਤੋਂ ਐਨ-ਰੌਕੇਲ ਨਾਂ ਦੀ ਭੈਣ ਦੱਸਦੀ ਹੈ: “ਮੇਰੇ ਮੰਮੀ-ਡੈਡੀ ਨੇ ਸੈਨੇਗਾਲ ਵਿਚ ਮਿਸ਼ਨਰੀਆਂ ਵਜੋਂ ਸੇਵਾ ਕੀਤੀ ਸੀ। ਉਹ ਆਪਣੀ ਮਿਸ਼ਨਰੀ ਸੇਵਾ ਬਾਰੇ ਹਮੇਸ਼ਾ ਬੜੇ ਜੋਸ਼ ਨਾਲ ਗੱਲਾਂ ਕਰਦੇ ਸਨ ਅਤੇ ਮੈਂ ਵੀ ਇੱਦਾਂ ਦੀ ਜ਼ਿੰਦਗੀ ਜੀਣੀ ਚਾਹੁੰਦੀ ਸੀ।” ਤਕਰੀਬਨ 15 ਸਾਲ ਪਹਿਲਾਂ ਜਦ ਐਨ-ਰੌਕੇਲ 20 ਕੁ ਸਾਲਾਂ ਦੀ ਸੀ, ਤਾਂ ਉਹ ਟੋਗੋ ਆ ਗਈ ਜਿੱਥੇ ਉਹ ਸੈਨਤ ਭਾਸ਼ਾ ਮੰਡਲੀ ਵਿਚ ਸੇਵਾ ਕਰਨ ਲੱਗੀ। ਉਸ ਦੇ ਇਸ ਫ਼ੈਸਲੇ ਦਾ ਦੂਜਿਆਂ ’ਤੇ ਕੀ ਅਸਰ ਪਿਆ? ਉਹ ਕਹਿੰਦੀ ਹੈ: “ਬਾਅਦ ਵਿਚ ਮੇਰੀ ਛੋਟੀ ਭੈਣ ਤੇ ਮੇਰਾ ਭਰਾ ਵੀ ਟੋਗੋ ਆ ਗਏ।”
ਫਰਾਂਸ ਤੋਂ 70 ਸਾਲਾਂ ਦਾ ਔਰੈਲ ਨਾਂ ਦਾ ਵਿਆਹੁਤਾ ਭਰਾ ਕਹਿੰਦਾ ਹੈ: “ਪੰਜ ਸਾਲ ਪਹਿਲਾਂ ਜਦ ਮੈਂ ਰੀਟਾਇਰ ਹੋਇਆ, ਤਾਂ ਮੇਰੇ ਸਾਮ੍ਹਣੇ ਦੋ ਰਸਤੇ ਸਨ। ਜਾਂ ਤਾਂ ਮੈਂ ਫਰਾਂਸ ਵਿਚ ਹੀ ਆਰਾਮ ਦੀ ਜ਼ਿੰਦਗੀ ਜੀਉਂਦੇ ਹੋਏ ਨਵੀਂ ਦੁਨੀਆਂ ਦਾ ਇੰਤਜ਼ਾਰ ਕਰ ਸਕਦਾ ਸੀ ਜਾਂ ਫਿਰ ਮੈਂ ਵਧ-ਚੜ੍ਹ ਕੇ ਪ੍ਰਚਾਰ ਕਰ ਸਕਦਾ ਸੀ।” ਔਰੈਲ ਤੇ ਉਸ ਦੀ ਪਤਨੀ ਅਲਬੇਰ-ਫੇਏਟ ਨੇ ਵਧ-ਚੜ੍ਹ ਕੇ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ। ਕੁਝ ਤਿੰਨ ਸਾਲ ਪਹਿਲਾਂ ਉਹ ਦੋਵੇਂ ਬੇਨਿਨ ਆ ਗਏ। ਔਰੈਲ ਕਹਿੰਦਾ ਹੈ: “ਇੱਥੇ ਆ ਕੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਸਭ ਤੋਂ ਵਧੀਆ ਰਿਹਾ।” ਉਹ ਮੁਸਕਰਾ ਕੇ ਅੱਗੇ ਕਹਿੰਦਾ ਹੈ: “ਜਿਨ੍ਹਾਂ ਇਲਾਕਿਆਂ ਵਿਚ ਅਸੀਂ ਪ੍ਰਚਾਰ ਕਰਦੇ ਹਾਂ ਉਹ ਸਮੁੰਦਰ ਦੇ ਕਿਨਾਰੇ ’ਤੇ ਹਨ। ਇਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਨਵੀਂ ਦੁਨੀਆਂ ਇੱਦਾਂ ਦੀ ਹੋਵੇਗੀ।”
ਕਲੋਡੋਮੀਰ ਤੇ ਉਸ ਦੀ ਪਤਨੀ ਲੀਸਿਆਨ 16 ਸਾਲ ਪਹਿਲਾਂ ਫਰਾਂਸ ਤੋਂ ਬੇਨਿਨ ਆਏ। ਪਹਿਲਾਂ-ਪਹਿਲਾਂ ਉਨ੍ਹਾਂ ਨੂੰ ਘਰ ਦੀ ਅਤੇ ਆਪਣੇ ਦੋਸਤਾਂ ਦੀ ਬੜੀ ਯਾਦ ਆਉਂਦੀ ਸੀ। ਨਾਲੇ ਉਨ੍ਹਾਂ ਨੂੰ ਡਰ ਸੀ ਕਿ ਉਹ ਖ਼ੁਦ ਨੂੰ ਇਨ੍ਹਾਂ ਨਵੇਂ ਹਾਲਾਤਾਂ ਮੁਤਾਬਕ ਢਾਲ ਸਕਣਗੇ ਜਾਂ ਨਹੀਂ। ਪਰ ਉਨ੍ਹਾਂ ਨੂੰ ਪ੍ਰਚਾਰ ਵਿਚ ਬਹੁਤ ਖ਼ੁਸ਼ੀ ਮਿਲੀ ਜਿਸ ਕਾਰਨ ਉਨ੍ਹਾਂ ਦਾ ਡਰ ਜਾਂਦਾ ਰਿਹਾ। ਕਲੋਡੋਮੀਰ ਕਹਿੰਦਾ ਹੈ: “ਇਨ੍ਹਾਂ 16 ਸਾਲਾਂ ਦੌਰਾਨ ਤਕਰੀਬਨ ਹਰ ਸਾਲ ਸਾਡੀ ਇਕ ਬਾਈਬਲ ਸਟੱਡੀ ਬਪਤਿਸਮਾ ਲੈਂਦੀ ਹੈ।”
ਸਬੈਸਟੀਅਨ ਤੇ ਯੋਆਨਾ ਨਾਂ ਦਾ ਵਿਆਹੁਤਾ ਜੋੜਾ 2010 ਵਿਚ ਬੇਨਿਨ ਆਇਆ। ਸਬੈਸਟੀਅਨ ਕਹਿੰਦਾ ਹੈ: “ਮੰਡਲੀ ਵਿਚ ਬਹੁਤ ਸਾਰਾ ਕੰਮ ਕਰਨ ਨੂੰ ਹੈ। ਇੱਥੇ ਸੇਵਾ ਕਰ ਕੇ ਅਸੀਂ ਥੋੜ੍ਹੇ ਹੀ ਸਮੇਂ ਵਿਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸਿੱਖੀਆਂ ਹਨ!” ਕੀ ਲੋਕ ਪ੍ਰਚਾਰ ਵਿਚ ਸੁਣਦੇ ਹਨ? ਯੋਆਨਾ ਕਹਿੰਦੀ ਹੈ: “ਲੋਕ ਸੱਚਾਈ ਦੇ ਪਿਆਸੇ ਹਨ। ਜਦ ਅਸੀਂ ਪ੍ਰਚਾਰ ਨਹੀਂ ਵੀ ਕਰ ਰਹੇ ਹੁੰਦੇ, ਤਾਂ ਵੀ ਲੋਕ ਸਾਨੂੰ ਸੜਕਾਂ ’ਤੇ ਰੋਕ ਕੇ ਬਾਈਬਲ ਬਾਰੇ ਸਵਾਲ ਪੁੱਛਦੇ ਹਨ ਤੇ ਸਾਡੇ ਕੋਲੋਂ ਪ੍ਰਕਾਸ਼ਨ ਮੰਗਦੇ ਹਨ।” ਇਸ ਨਵੀਂ ਥਾਂ ’ਤੇ ਆ ਕੇ ਉਨ੍ਹਾਂ ਦੇ ਵਿਆਹ ਤੇ ਕੀ ਅਸਰ ਪਿਆ ਹੈ? ਸਬੈਸਟੀਅਨ ਦੱਸਦਾ ਹੈ: “ਸਾਡਾ ਵਿਆਹ ਦਾ ਬੰਧਨ ਮਜ਼ਬੂਤ ਹੋਇਆ ਹੈ। ਆਪਣੀ ਪਤਨੀ ਨਾਲ ਪ੍ਰਚਾਰ ਵਿਚ ਪੂਰਾ ਦਿਨ ਬਿਤਾ ਕੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ।”
ਐਰੀਕ ਤੇ ਉਸ ਦੀ ਪਤਨੀ ਕੇਟੀ ਉੱਤਰੀ ਬੇਨਿਨ ਵਿਚ ਘੱਟ ਆਬਾਦੀ ਵਾਲੇ ਇਲਾਕੇ ਵਿਚ ਪਾਇਨੀਅਰ ਹਨ। ਕੁਝ 10 ਸਾਲ ਪਹਿਲਾਂ ਜਦ ਉਹ ਫਰਾਂਸ ਵਿਚ ਸਨ, ਤਾਂ ਉਨ੍ਹਾਂ ਨੇ ਹੋਰ ਲੋੜ ਵਾਲੇ ਇਲਾਕਿਆਂ ਵਿਚ ਪ੍ਰਚਾਰ ਕਰਨ ਬਾਰੇ ਲੇਖ ਪੜ੍ਹੇ। ਨਾਲੇ ਉਨ੍ਹਾਂ ਨੇ ਪੂਰੇ ਸਮੇਂ ਦੀ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਨਵੀਂ ਥਾਂ ’ਤੇ ਜਾ ਕੇ ਪ੍ਰਚਾਰ ਕਰਨ ਦਾ ਮਨ ਬਣਾਇਆ ਅਤੇ ਉਹ 2005 ਵਿਚ ਬੇਨਿਨ ਆ ਗਏ। ਇਸ ਸਮੇਂ ਦੌਰਾਨ ਮੰਡਲੀ ਵਿਚ ਕਾਫ਼ੀ ਵਾਧਾ ਹੋਇਆ ਹੈ। ਐਰੀਕ ਕਹਿੰਦਾ ਹੈ: “ਸਾਡਾ ਗਰੁੱਪ ਤਾਨਗੀਤਾ ਕਸਬੇ ਵਿਚ ਹੈ ਅਤੇ ਦੋ ਸਾਲ ਪਹਿਲਾਂ ਇਸ ਵਿਚ ਸਿਰਫ਼ 9 ਭੈਣ-ਭਰਾ ਸਨ, ਪਰ ਹੁਣ ਅਸੀਂ 30 ਜਣੇ ਹਾਂ। ਐਤਵਾਰ ਦੀ ਮੀਟਿੰਗ ਵਿਚ 50-80 ਜਣੇ ਹੁੰਦੇ ਹਨ। ਅਸੀਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ ਕਿ ਇੰਨਾ ਵਾਧਾ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਹੋਈ ਹੈ!”
ਮੁਸ਼ਕਲਾਂ ਪਾਰ ਕਰਨੀਆਂ
ਲੋੜ ਵਾਲੇ ਇਲਾਕਿਆਂ ਵਿਚ ਜਾ ਕੇ ਸੇਵਾ ਕਰਨ ਵਿਚ ਭੈਣਾਂ-ਭਰਾਵਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ? ਐਨ-ਰੌਕੇਲ ਦਾ ਭਰਾ ਬੈਂਜਾਮਿਨ 33 ਸਾਲਾਂ ਦਾ ਹੈ। ਸਾਲ 2000 ਵਿਚ ਉਹ ਡੈਨਮਾਰਕ ਵਿਖੇ ਇਕ ਮਿਸ਼ਨਰੀ ਨੂੰ ਮਿਲਿਆ ਜਿਸ ਨੇ ਟੋਗੋ ਵਿਚ ਸੇਵਾ ਕੀਤੀ ਸੀ। ਬੈਂਜਾਮਿਨ ਯਾਦ ਕਰਦਾ ਹੈ: “ਜਦ ਮੈਂ ਉਸ ਮਿਸ਼ਨਰੀ ਭਰਾ ਨੂੰ ਦੱਸਿਆ ਕਿ ਮੈਂ ਪਾਇਨੀਅਰ ਬਣਨਾ ਚਾਹੁੰਦਾ ਹਾਂ, ਤਾਂ ਉਸ ਨੇ ਕਿਹਾ: ‘ਤੂੰ ਟੋਗੋ ਵਿਚ ਪਾਇਨੀਅਰਿੰਗ ਕਰ ਸਕਦਾ ਹੈਂ।’” ਬੈਂਜਾਮਿਨ ਨੇ ਇਸ ਬਾਰੇ ਸੋਚ-ਵਿਚਾਰ ਕੀਤਾ। ਉਹ ਕਹਿੰਦਾ ਹੈ: “ਉਸ ਵੇਲੇ ਮੈਂ 20 ਸਾਲਾਂ ਦਾ ਵੀ ਨਹੀਂ ਸੀ, ਪਰ ਮੇਰੀਆਂ ਦੋਵੇਂ ਭੈਣਾਂ ਪਹਿਲਾਂ ਹੀ ਟੋਗੋ ਵਿਚ ਸੇਵਾ ਕਰ ਰਹੀਆਂ ਸਨ। ਜਿਸ ਕਾਰਨ ਮੇਰਾ ਉੱਥੇ ਜਾਣਾ ਹੋਰ ਵੀ ਆਸਾਨ ਹੋ ਗਿਆ।” ਸੋ ਉਹ ਟੋਗੋ ਆ ਗਿਆ, ਪਰ ਉਸ ਸਾਮ੍ਹਣੇ ਇਕ ਮੁਸ਼ਕਲ ਸੀ। ਉਹ ਕਹਿੰਦਾ ਹੈ: “ਮੈਨੂੰ ਫ੍ਰੈਂਚ ਭਾਸ਼ਾ ਦਾ ਇਕ ਅੱਖਰ ਵੀ ਨਹੀਂ ਸੀ ਆਉਂਦਾ। ਪਹਿਲੇ ਛੇ ਮਹੀਨੇ ਬਹੁਤ ਔਖੇ ਗੁਜ਼ਰੇ ਕਿਉਂਕਿ ਮੈਂ ਕਿਸੇ ਨਾਲ ਗੱਲਬਾਤ ਹੀ ਨਹੀਂ ਕਰ ਸਕਦਾ ਸੀ।” ਹੌਲੀ-ਹੌਲੀ ਉਸ ਨੇ ਭਾਸ਼ਾ ਸਿੱਖੀ ਅਤੇ ਹੁਣ ਉਹ ਬੇਨਿਨ ਦੇ ਬੈਥਲ ਵਿਚ ਸੇਵਾ ਕਰਦਾ ਹੈ। ਉਹ ਮੰਡਲੀਆਂ ਤਕ ਪ੍ਰਕਾਸ਼ਨ ਪਹੁੰਚਾਉਂਦਾ ਹੈ ਅਤੇ ਕੰਪਿਊਟਰ ਡਿਪਾਰਟਮੈਂਟ ਵਿਚ ਕੰਮ ਕਰਦਾ ਹੈ।
ਐਰੀਕ ਤੇ ਕੇਟੀ ਜਿਨ੍ਹਾਂ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਬੇਨਿਨ ਆਉਣ ਤੋਂ ਪਹਿਲਾਂ ਫਰਾਂਸ ਵਿਚ ਕੋਈ ਹੋਰ ਭਾਸ਼ਾ ਬੋਲਣ ਵਾਲੀ ਮੰਡਲੀ ਵਿਚ ਸੇਵਾ ਕਰਦੇ ਸਨ। ਪਰ ਅਫ਼ਰੀਕਾ ਫਰਾਂਸ ਤੋਂ ਵੱਖਰਾ ਹੈ। ਕਿਵੇਂ? ਕੇਟੀ ਕਹਿੰਦੀ ਹੈ: “ਇੱਥੇ ਰਹਿਣ ਦੇ ਲਾਇਕ ਜਗ੍ਹਾ ਲੱਭਣੀ ਬਹੁਤ ਮੁਸ਼ਕਲ ਸੀ। ਕਈ ਮਹੀਨੇ ਅਸੀਂ ਐਸੇ ਘਰ ਵਿਚ ਰਹੇ ਜਿੱਥੇ ਨਾ ਤਾਂ ਬਿਜਲੀ ਸੀ ਤੇ ਨਾ ਹੀ ਪਾਣੀ।” ਐਰੀਕ ਕਹਿੰਦਾ ਹੈ: “ਸਾਡੇ ਗੁਆਂਢ ਵਿਚ ਦੇਰ ਰਾਤ ਤਕ ਉੱਚੀ-ਉੱਚੀ ਮਿਊਜ਼ਿਕ ਵੱਜਦਾ ਸੀ। ਇਹ ਗੱਲਾਂ ਤੁਹਾਨੂੰ ਸਬਰ ਰੱਖਦਿਆਂ ਸਹਿਣੀਆਂ ਪੈਂਦੀਆਂ ਹਨ ਤੇ ਆਪਣੇ ਆਪ ਨੂੰ ਹਾਲਾਤਾਂ ਮੁਤਾਬਕ ਢਾਲਣ ਲਈ ਤਿਆਰ ਹੋਣਾ ਪੈਂਦਾ ਹੈ।” ਉਹ ਦੋਵੇਂ ਮੰਨਦੇ ਹਨ: “ਇਸ ਇਲਾਕੇ ਵਿਚ ਪਹਿਲਾਂ ਕਦੇ ਵੀ ਪ੍ਰਚਾਰ ਨਹੀਂ ਹੋਇਆ। ਇਸ ਲਈ ਇੱਥੇ ਸੇਵਾ ਕਰ ਕੇ ਇੰਨਾ ਮਜ਼ਾ ਆਉਂਦਾ ਹੈ ਕਿ ਅਸੀਂ ਕਿਸੇ ਵੀ ਮੁਸ਼ਕਲ ਨੂੰ ਪਾਰ ਕਰ ਸਕਦੇ ਹਾਂ।”
58-59 ਸਾਲਾਂ ਦਾ ਮਿਸ਼ੈਲ ਤੇ ਮਰੀ-ਐਨੀਆ ਨਾਂ ਦਾ ਇਕ ਵਿਆਹੁਤਾ ਜੋੜਾ ਪੰਜ ਸਾਲ ਪਹਿਲਾਂ ਫਰਾਂਸ ਤੋਂ ਬੇਨਿਨ ਆਇਆ। ਉਨ੍ਹਾਂ ਨੂੰ ਵੀ ਬੇਨਿਨ ਆਉਣ ਤੋਂ ਪਹਿਲਾਂ ਡਰ ਲੱਗਦਾ ਸੀ। ਮਿਸ਼ੈਲ ਕਹਿੰਦਾ ਹੈ ਕਿ ਕੁਝ ਲੋਕਾਂ ਨੇ ਸੋਚਿਆ ਕਿ ਉੱਥੇ ਜਾਣਾ ਬੇਵਕੂਫ਼ੀ ਸੀ। ਉਸ ਨੇ ਅੱਗੇ ਕਿਹਾ: ‘ਸਾਨੂੰ ਡਰ ਤਾਂ ਲੱਗਦਾ ਜੇ ਪਰਮੇਸ਼ੁਰ ਸਾਡਾ ਸਾਥ ਨਾ ਦਿੰਦਾ। ਪਰ ਅਸੀਂ ਯਹੋਵਾਹ ਦੀ ਖ਼ਾਤਰ ਅਤੇ ਉਸ ਦੀ ਮਦਦ ਨਾਲ ਬੇਨਿਨ ਗਏ।’
ਖ਼ੁਦ ਨੂੰ ਤਿਆਰ ਕਿਵੇਂ ਕਰੀਏ
ਲੋੜ ਵਾਲੀਆਂ ਥਾਵਾਂ ’ਤੇ ਸੇਵਾ ਕਰਨ ਵਾਲੇ ਭੈਣ-ਭਰਾ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਖ਼ੁਦ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਇਹ ਕਦਮ ਚੁੱਕੋ: ਪਹਿਲਾਂ ਤਿਆਰੀ ਕਰੋ, ਆਪਣੇ ਆਪ ਨੂੰ ਢਾਲੋ, ਬਜਟ ਬਣਾਓ ਤੇ ਯਹੋਵਾਹ ’ਤੇ ਭਰੋਸਾ ਰੱਖੋ।—ਲੂਕਾ 14:28-30.
ਸਬੈਸਟੀਅਨ ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਇੱਥੇ ਆਉਣ ਤੋਂ ਪਹਿਲਾਂ ਮੈਂ ਤੇ ਯੋਆਨਾ ਨੇ ਦੋ ਸਾਲਾਂ ਤਕ ਪੈਸੇ ਜੋੜੇ। ਅਸੀਂ ਬਾਹਰ ਘੁੰਮਣ-ਫਿਰਨ ’ਤੇ ਘੱਟ ਖ਼ਰਚਾ ਕੀਤਾ ਤੇ ਫਾਲਤੂ ਚੀਜ਼ਾਂ ਨਹੀਂ ਖ਼ਰੀਦੀਆਂ।” ਇੱਥੇ ਸੇਵਾ ਕਰਦੇ ਰਹਿਣ ਲਈ ਉਹ ਹਰ ਸਾਲ ਯੂਰਪ ਜਾ ਕੇ ਕੁਝ ਮਹੀਨੇ ਕੰਮ ਕਰਦੇ ਹਨ ਅਤੇ ਫਿਰ ਬੇਨਿਨ ਆ ਕੇ ਬਾਕੀ ਮਹੀਨੇ ਪਾਇਨੀਅਰਿੰਗ ਕਰਦੇ ਹਨ।
ਪੱਛਮੀ ਅਫ਼ਰੀਕਾ ਵਿਚ ਕੁਝ 20 ਕੁਆਰੀਆਂ ਭੈਣਾਂ ਲੋੜ ਵਾਲੀਆਂ ਥਾਵਾਂ ’ਤੇ ਸੇਵਾ ਕਰ ਰਹੀਆਂ ਹਨ ਜਿਨ੍ਹਾਂ ਵਿੱਚੋਂ ਮਰੀ-ਤਰੇਜ਼ ਇਕ ਹੈ। ਉਹ ਫਰਾਂਸ ਵਿਚ ਬੱਸ ਚਲਾਉਂਦੀ ਸੀ ਤੇ ਉਹ 2006 ਵਿਚ ਇਕ ਸਾਲ ਦੀ ਛੁੱਟੀ ਲੈ ਕੇ ਨਾਈਜੀਰ ਵਿਚ ਪਾਇਨੀਅਰਿੰਗ ਕਰਨ ਆਈ। ਇੱਥੇ ਰਹਿ ਕੇ ਕੁਝ ਹੀ ਸਮੇਂ ਬਾਅਦ ਉਸ ਨੂੰ ਲੱਗਿਆ ਕਿ ਉਹ ਇੱਦਾਂ ਦੀ ਜ਼ਿੰਦਗੀ ਜੀਣੀ ਚਾਹੁੰਦੀ ਸੀ। ਉਹ ਕਹਿੰਦੀ ਹੈ: “ਫਰਾਂਸ ਵਾਪਸ ਜਾ ਕੇ ਮੈਂ ਆਪਣੇ ਮਾਲਕ ਨਾਲ ਗੱਲ ਕੀਤੀ ਕਿ ਮੈਂ ਪੂਰਾ ਸਾਲ ਕੰਮ ਕਰਨ ਦੀ ਬਜਾਇ ਕੁਝ ਹੀ ਮਹੀਨੇ ਕੰਮ ਕਰਨਾ ਚਾਹੁੰਦੀ ਹਾਂ ਅਤੇ ਉਹ ਮੇਰੀ ਗੱਲ ਮੰਨ ਗਿਆ। ਹੁਣ ਮਈ ਤੋਂ ਅਗਸਤ ਤਕ ਮੈਂ ਫਰਾਂਸ ਵਿਚ ਬਸ ਚਲਾਉਂਦੀ ਹਾਂ ਤੇ ਸਤੰਬਰ ਤੋਂ ਅਪ੍ਰੈਲ ਤਕ ਨਾਈਜੀਰ ਵਿਚ ਪਾਇਨੀਅਰਿੰਗ ਕਰਦੀ ਹਾਂ।”
ਜਿਹੜੇ ਭੈਣ-ਭਰਾ “ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ” ਦਿੰਦੇ ਹਨ, ਉਹ ਇਸ ਗੱਲ ਦਾ ਯਕੀਨ ਰੱਖ ਸਕਦੇ ਹਨ ਕਿ ਉਨ੍ਹਾਂ ਨੂੰ ‘ਸਭ ਜ਼ਰੂਰੀ ਚੀਜ਼ਾਂ ਦਿੱਤੀਆਂ ਜਾਣਗੀਆਂ।’ (ਮੱਤੀ 6:33) ਜ਼ਰਾ ਫਰਾਂਸ ਤੋਂ ਸਫ਼ੀਰਾ ਨਾਂ ਦੀ ਕੁਆਰੀ ਭੈਣ ਦੀ ਮਿਸਾਲ ’ਤੇ ਗੌਰ ਕਰੋ। ਉਹ 28-29 ਸਾਲਾਂ ਦੀ ਹੈ ਅਤੇ ਬੇਨਿਨ ਵਿਚ ਪਾਇਨੀਅਰ ਵਜੋਂ ਕੰਮ ਕਰਦੀ ਹੈ। ਅਫ਼ਰੀਕਾ ਵਿਚ ਪੰਜ ਸਾਲ ਪਾਇਨੀਅਰਿੰਗ ਕਰਨ ਤੋਂ ਬਾਅਦ ਉਹ 2011 ਵਿਚ ਵਾਪਸ ਫਰਾਂਸ ਆਈ ਤਾਂਕਿ ਉਹ ਇਕ ਹੋਰ ਸਾਲ ਆਪਣਾ ਗੁਜ਼ਾਰਾ ਤੋਰਨ ਲਈ ਪੈਸੇ ਕਮਾ ਸਕੇ। ਉਹ ਦੱਸਦੀ ਹੈ: “ਸ਼ੁੱਕਰਵਾਰ ਨੂੰ ਮੇਰੀ ਨੌਕਰੀ ਦਾ ਆਖ਼ਰੀ ਦਿਨ ਸੀ। ਪਰ ਮੈਨੂੰ ਅਜੇ ਵੀ ਹੋਰ ਦਸ ਦਿਨਾਂ ਦੇ ਕੰਮ ਦੀ ਲੋੜ ਸੀ ਤਾਂਕਿ ਮੈਂ ਅਗਲੇ ਸਾਲ ਲਈ ਪੈਸੇ ਕਮਾ ਸਕਾਂ। ਫਰਾਂਸ ਵਿਚ ਮੇਰੇ ਸਿਰਫ਼ ਦੋ ਹੀ ਹਫ਼ਤੇ ਰਹਿੰਦੇ ਸਨ ਅਤੇ ਮੈਂ ਯਹੋਵਾਹ ਨੂੰ ਪ੍ਰਾਰਥਨਾ ਵਿਚ ਆਪਣੀ ਸਾਰੀ ਗੱਲ ਦੱਸੀ। ਥੋੜ੍ਹੀ ਹੀ ਦੇਰ ਬਾਅਦ ਇਕ ਏਜੰਸੀ ਤੋਂ ਮੈਨੂੰ ਫ਼ੋਨ ਆਇਆ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਮੈਨੂੰ ਦੋ ਹਫ਼ਤੇ ਲਈ ਕਿਸੇ ਹੋਰ ਦੀ ਜਗ੍ਹਾ ਕੰਮ ’ਤੇ ਰੱਖਣਾ ਚਾਹੁੰਦੇ ਹਨ।” ਟ੍ਰੇਨਿੰਗ ਲੈਣ ਲਈ ਸੋਮਵਾਰ ਨੂੰ ਸਫ਼ੀਰਾ ਨੌਕਰੀ ’ਤੇ ਗਈ। ਉਹ ਦੱਸਦੀ ਹੈ: “ਮੈਂ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਮੈਨੂੰ ਟ੍ਰੇਨਿੰਗ ਇਕ ਪਾਇਨੀਅਰ ਭੈਣ ਦੇ ਰਹੀ ਸੀ ਜਿਸ ਦੀ ਜਗ੍ਹਾ ਮੈਂ ਕੰਮ ਕਰਨਾ ਸੀ। ਪਾਇਨੀਅਰ ਸਕੂਲ ਜਾਣ ਲਈ ਇਸ ਭੈਣ ਨੂੰ ਦਸ ਦਿਨਾਂ ਦੀ ਛੁੱਟੀ ਚਾਹੀਦੀ ਸੀ। ਪਰ ਮਾਲਕ ਨੇ ਉਸ ਭੈਣ ਨੂੰ ਕਿਹਾ ਸੀ ਕਿ ਜਦ ਤਕ ਕੋਈ ਹੋਰ ਉਸ ਦੀ ਜਗ੍ਹਾ ਕੰਮ ’ਤੇ ਨਹੀਂ ਰੱਖ ਲਿਆ ਜਾਂਦਾ ਤਦ ਤਕ ਉਸ ਨੂੰ ਛੁੱਟੀ ਨਹੀਂ ਮਿਲੇਗੀ। ਯਹੋਵਾਹ ਨੇ ਮੇਰੀਆਂ ਤੇ ਉਸ ਭੈਣ ਦੀਆਂ ਦੁਆਵਾਂ ਦਾ ਕਿੰਨਾ ਵਧੀਆ ਜਵਾਬ ਦਿੱਤਾ!”
ਸੱਚੀ ਖ਼ੁਸ਼ੀ ਦਾ ਰਾਜ਼
ਕੁਝ ਭੈਣਾਂ-ਭਰਾਵਾਂ ਨੇ ਹੋਰ ਦੇਸ਼ਾਂ ਤੋਂ ਆ ਕੇ ਪੱਛਮੀ ਅਫ਼ਰੀਕਾ ਵਿਚ ਕਈ ਸਾਲਾਂ ਤਕ ਸੇਵਾ ਕੀਤੀ ਹੈ ਅਤੇ ਕਈ ਇੱਥੇ ਹੀ ਰਹਿ ਪਏ ਹਨ। ਦੂਜੇ ਭੈਣ-ਭਰਾ ਕੁਝ ਸਾਲ ਇੱਥੇ ਰਹਿਣ ਤੋਂ ਬਾਅਦ ਆਪਣੇ ਦੇਸ਼ ਵਾਪਸ ਚਲੇ ਗਏ। ਪਰ ਲੋੜ ਵਾਲੀਆਂ ਥਾਵਾਂ ’ਤੇ ਸੇਵਾ ਕਰ ਕੇ ਅਜਿਹੇ ਭੈਣਾਂ-ਭਰਾਵਾਂ ਨੇ ਕਾਫ਼ੀ ਗੱਲਾਂ ਸਿੱਖੀਆਂ ਹਨ ਜੋ ਉਨ੍ਹਾਂ ਦੇ ਅੱਜ ਵੀ ਕੰਮ ਆ ਰਹੀਆਂ ਹਨ। ਉਨ੍ਹਾਂ ਨੇ ਸਿੱਖਿਆ ਹੈ ਕਿ ਸੱਚੀ ਖ਼ੁਸ਼ੀ ਸਿਰਫ਼ ਯਹੋਵਾਹ ਦੀ ਸੇਵਾ ਕਰਨ ਨਾਲ ਹੀ ਮਿਲਦੀ ਹੈ।
^ ਪੇਰਗ੍ਰੈਫ 6 ਫ੍ਰੈਂਚ ਬੋਲਣ ਵਾਲੇ ਇਨ੍ਹਾਂ ਚਾਰ ਦੇਸ਼ਾਂ ਦਾ ਕੰਮ ਬੇਨਿਨ ਬ੍ਰਾਂਚ ਸੰਭਾਲਦੀ ਹੈ।