ਮਾੜੇ ਦਿਨ ਆਉਣ ਤੋਂ ਪਹਿਲਾਂ ਯਹੋਵਾਹ ਦੀ ਸੇਵਾ ਕਰੋ
“ਆਪਣੇ ਕਰਤਾਰ ਨੂੰ ਚੇਤੇ ਰੱਖ।”
1, 2. (ੳ) ਸੁਲੇਮਾਨ ਨੇ ਨੌਜਵਾਨਾਂ ਨੂੰ ਕਿਹੜੀ ਸਲਾਹ ਦਿੱਤੀ? (ਅ) 50-60 ਸਾਲਾਂ ਦੀ ਉਮਰ ਦੇ ਭੈਣ-ਭਰਾ ਸੁਲੇਮਾਨ ਦੀ ਸਲਾਹ ਤੋਂ ਕੀ ਸਿੱਖ ਸਕਦੇ ਹਨ?
ਯਹੋਵਾਹ ਨੇ ਰਾਜਾ ਸੁਲੇਮਾਨ ਰਾਹੀਂ ਨੌਜਵਾਨਾਂ ਨੂੰ ਇਹ ਸਲਾਹ ਦਿੱਤੀ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ, ਜਦ ਕਿ ਓਹ ਮਾੜੇ ਦਿਨ ਅਜੇ ਨਹੀਂ ਆਏ।” ਇਹ “ਮਾੜੇ ਦਿਨ” ਕਿਹੜੇ ਹਨ? ਸੁਲੇਮਾਨ ਨੇ ਸ਼ਾਇਰਾਨਾ ਅੰਦਾਜ਼ ਵਿਚ ਢਲ਼ਦੀ ਉਮਰ ਦੇ ਮਾੜੇ ਦਿਨਾਂ ਦਾ ਜ਼ਿਕਰ ਕੀਤਾ ਜਿਵੇਂ ਕੰਬਦੇ ਹੱਥ, ਲੜਖੜਾਉਂਦੀਆਂ ਲੱਤਾਂ, ਦੰਦਾਂ ਦਾ ਟੁੱਟਣਾ, ਕਮਜ਼ੋਰ ਨਿਗਾਹ, ਉੱਚਾ ਸੁਣਨਾ, ਚਿੱਟੇ ਵਾਲ਼ ਅਤੇ ਕੁੱਬ ਨਿਕਲਣਾ। ਇਸੇ ਲਈ ਸੁਲੇਮਾਨ ਨੇ ਸਾਨੂੰ ਆਪਣੀ ਜਵਾਨੀ ਵਿਚ ਯਹੋਵਾਹ ਨੂੰ ਯਾਦ ਕਰਨ ਲਈ ਕਿਹਾ।
2 ਬਹੁਤ ਸਾਰੇ ਭੈਣ-ਭਰਾ ਜੋ 50-60 ਸਾਲਾਂ ਦੇ ਹਨ, ਉਨ੍ਹਾਂ ਕੋਲ ਅਜੇ ਵੀ ਯਹੋਵਾਹ ਦੀ ਸੇਵਾ ਕਰਨ ਦੀ ਬਹੁਤ ਤਾਕਤ ਹੈ। ਹੋ ਸਕਦਾ ਹੈ ਕਿ ਉਨ੍ਹਾਂ ਦੇ ਥੋੜ੍ਹੇ-ਬਹੁਤੇ ਵਾਲ਼ ਚਿੱਟੇ ਹੋਣ, ਪਰ ਸ਼ਾਇਦ ਅਜੇ ਉਨ੍ਹਾਂ ’ਤੇ ਉਹ ਮਾੜਾ ਸਮਾਂ ਨਹੀਂ ਆਇਆ ਜਿਸ ਬਾਰੇ ਸੁਲੇਮਾਨ ਨੇ ਕਿਹਾ ਸੀ। ਭਾਵੇਂ ਕਿ ਸੁਲੇਮਾਨ ਨੇ ਨੌਜਵਾਨਾਂ ਨੂੰ ਇਹ ਸਲਾਹ ਦਿੱਤੀ ਸੀ ਕਿ “ਆਪਣੇ ਕਰਤਾਰ ਨੂੰ ਚੇਤੇ ਰੱਖ,” ਪਰ ਕੀ ਇਸ ਤੋਂ ਇਨ੍ਹਾਂ ਭੈਣਾਂ-ਭਰਾਵਾਂ ਨੂੰ ਕੋਈ ਫ਼ਾਇਦਾ ਹੋ ਸਕਦਾ ਹੈ? ਇਸ ਸਲਾਹ ਦਾ ਕੀ ਮਤਲਬ ਹੈ?
3. ਆਪਣੇ ਮਹਾਨ ਸਿਰਜਣਹਾਰ ਨੂੰ ਯਾਦ ਕਰਨ ਦਾ ਕੀ ਮਤਲਬ ਹੈ?
3 ਸ਼ਾਇਦ ਅਸੀਂ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰਦੇ ਹੋਈਏ, ਫਿਰ ਵੀ ਚੰਗਾ ਹੋਵੇਗਾ ਕਿ ਅਸੀਂ ਸਮੇਂ-ਸਮੇਂ ’ਤੇ ਸੋਚੀਏ ਕਿ ਸਾਡਾ ਕਰਤਾਰ ਕਿੰਨਾ ਬੇਮਿਸਾਲ ਹੈ। ਕੀ ਇਹ ਸੋਚ ਕੇ ਸਾਡਾ ਦਿਲ ਸ਼ਰਧਾ ਨਾਲ ਨਹੀਂ ਭਰ ਜਾਂਦਾ? ਪਰਮੇਸ਼ੁਰ ਨੇ ਹਰ ਚੀਜ਼ ਇੰਨੀ ਕਮਾਲ ਦੀ ਬਣਾਈ ਹੈ ਜੋ ਸਾਡੀ ਸਮਝ ਤੋਂ ਪਰੇ ਹੈ। ਯਹੋਵਾਹ ਨੇ ਸਾਡੇ ਲਈ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਹਨ ਤਾਂਕਿ ਅਸੀਂ ਜ਼ਿੰਦਗੀ ਦਾ ਮਜ਼ਾ ਉਠਾ ਸਕੀਏ। ਜਦ ਅਸੀਂ ਯਹੋਵਾਹ ਦੀ ਬਣਾਈ ਸ੍ਰਿਸ਼ਟੀ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਨੂੰ ਉਸ ਦੇ ਪਿਆਰ, ਬੁੱਧ ਅਤੇ ਤਾਕਤ ਦਾ ਹੋਰ ਵੀ ਅਹਿਸਾਸ ਹੁੰਦਾ ਹੈ। (ਜ਼ਬੂ. 143:5) ਪਰ ਆਪਣੇ ਮਹਾਨ ਸਿਰਜਣਹਾਰ ਨੂੰ ਯਾਦ ਰੱਖਣ ਦਾ ਇਹ ਵੀ ਮਤਲਬ ਹੈ ਕਿ ਅਸੀਂ ਉਸ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਨੂੰ ਨਿਭਾਈਏ। ਇਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰਦਿਆਂ ਸਾਡਾ ਇਰਾਦਾ ਪੱਕਾ ਹੁੰਦਾ ਹੈ ਕਿ ਅਸੀਂ ਜੀਉਂਦੇ-ਜੀ ਉਸ ਦੀ ਸੇਵਾ ਕਰਦੇ ਰਹੀਏ। ਇੱਦਾਂ ਅਸੀਂ ਦਿਖਾਵਾਂਗੇ ਕਿ ਅਸੀਂ ਜ਼ਿੰਦਗੀ ਲਈ ਉਸ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ।
ਤਜਰਬੇਕਾਰ ਭੈਣਾਂ-ਭਰਾਵਾਂ ਕੋਲ ਸੇਵਾ ਕਰਨ ਦੇ ਖ਼ਾਸ ਮੌਕੇ
4. ਜ਼ਿਆਦਾ ਤਜਰਬਾ ਰੱਖਣ ਵਾਲੇ ਭੈਣ-ਭਰਾ ਖ਼ੁਦ ਨੂੰ ਕੀ ਪੁੱਛ ਸਕਦੇ ਹਨ ਅਤੇ ਕਿਉਂ?
4 ਜੇ ਤੁਸੀਂ ਜ਼ਿੰਦਗੀ ਦੇਖੀ ਹੈ, ਤਾਂ ਖ਼ੁਦ ਨੂੰ ਇਹ ਜ਼ਰੂਰੀ ਸਵਾਲ ਪੁੱਛੋ: ‘ਜੇ ਮੇਰੇ ਕੋਲ ਅਜੇ ਵੀ ਤਾਕਤ ਹੈ, ਤਾਂ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਕਿਸ ਤਰ੍ਹਾਂ ਬਿਤਾਵਾਂਗਾ?’ ਜੇ ਤੁਸੀਂ ਕਈ ਸਾਲਾਂ ਤੋਂ ਸੱਚਾਈ ਵਿਚ ਹੋ, ਤਾਂ ਤੁਹਾਡੇ ਕੋਲ ਪਰਮੇਸ਼ੁਰ ਦੀ ਸੇਵਾ ਕਰਨ ਦੇ ਉਹ ਮੌਕੇ ਹਨ ਜੋ ਸ਼ਾਇਦ ਦੂਜਿਆਂ ਕੋਲ ਨਹੀਂ ਹਨ। ਮਿਸਾਲ ਲਈ, ਤੁਸੀਂ ਨੌਜਵਾਨਾਂ ਨੂੰ ਯਹੋਵਾਹ ਬਾਰੇ ਸਿਖਾ ਸਕਦੇ ਹੋ। ਤੁਸੀਂ ਯਹੋਵਾਹ ਦੀ ਸੇਵਾ ਵਿਚ ਮਿਲੇ ਤਜਰਬਿਆਂ ਤੋਂ ਵੀ ਦੂਜਿਆਂ ਨੂੰ ਸੱਚਾਈ ਵਿਚ ਤਕੜਾ ਕਰ ਸਕਦੇ ਹੋ। ਰਾਜਾ ਦਾਊਦ ਦੀ ਇਹੀ ਖ਼ਾਹਸ਼ ਸੀ ਅਤੇ ਉਸ ਨੇ ਪ੍ਰਾਰਥਨਾ ਕੀਤੀ: “ਹੇ ਪਰਮੇਸ਼ੁਰ, ਤੈਂ ਮੈਨੂੰ ਜੁਆਨੀ ਤੋਂ ਸਿਖਲਾਇਆ ਹੈ। . . . ਸੋ ਬੁਢੇਪੇ ਤੇ ਧੌਲਿਆਂ ਤੀਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੀਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ।”
5. ਸਿਆਣੇ ਭੈਣ-ਭਰਾ ਸਿੱਖੀਆਂ ਗੱਲਾਂ ਨਾਲ ਦੂਜਿਆਂ ਦਾ ਹੌਸਲਾ ਕਿਵੇਂ ਵਧਾ ਸਕਦੇ ਹਨ?
5 ਆਪਣੀ ਜ਼ਿੰਦਗੀ ਦੌਰਾਨ ਸਿੱਖੀਆਂ ਗੱਲਾਂ ਤੁਸੀਂ ਦੂਜਿਆਂ ਨਾਲ ਕਿਵੇਂ ਸਾਂਝੀਆਂ ਕਰ ਸਕਦੇ ਹੋ? ਕੀ ਤੁਸੀਂ ਨੌਜਵਾਨਾਂ ਨੂੰ ਆਪਣੇ ਘਰੇ ਬੁਲਾ ਕੇ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹੋ? ਕੀ ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਪ੍ਰਚਾਰ ’ਤੇ ਲਿਜਾ ਸਕਦੇ ਹੋ ਤਾਂਕਿ ਉਹ ਦੇਖਣ ਕਿ ਤੁਹਾਨੂੰ ਯਹੋਵਾਹ ਦੀ ਸੇਵਾ ਵਿਚ ਕਿੰਨਾ ਮਜ਼ਾ ਆ ਰਿਹਾ ਹੈ? ਅਲੀਹੂ ਨੇ ਬਜ਼ੁਰਗਾਂ ਬਾਰੇ ਕਿਹਾ: “ਦਿਨ ਬੋਲਣ, ਅਤੇ ਬਹੁਤੇ ਵਰ੍ਹੇ ਬੁੱਧ ਸਿਖਾਉਣ।” (ਅੱਯੂ. 32:7) ਪੌਲੁਸ ਰਸੂਲ ਨੇ ਤਜਰਬੇਕਾਰ ਭੈਣਾਂ ਨੂੰ ਕਿਹਾ ਕਿ ਉਹ ਆਪਣੀ ਕਹਿਣੀ ਤੇ ਕਰਨੀ ਰਾਹੀਂ ਦੂਜਿਆਂ ਦੀ ਹੌਸਲਾ-ਅਫ਼ਜ਼ਾਈ ਕਰਨ। ਉਸ ਨੇ ਲਿਖਿਆ: ‘ਸਿਆਣੀ ਉਮਰ ਦੀਆਂ ਭੈਣਾਂ ਦੂਜਿਆਂ ਨੂੰ ਚੰਗੀਆਂ ਗੱਲਾਂ ਸਿਖਾਉਣ।’
ਤੁਸੀਂ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹੋ?
6. ਸਾਨੂੰ ਮੰਡਲੀ ਵਿਚ ਤਜਰਬੇਕਾਰ ਭੈਣਾਂ-ਭਰਾਵਾਂ ਦੀ ਕਿਉਂ ਲੋੜ ਹੈ?
6 ਜੇ ਤੁਸੀਂ ਇਕ ਤਜਰਬੇਕਾਰ ਮਸੀਹੀ ਹੋ, ਤਾਂ ਤੁਸੀਂ ਦੂਜਿਆਂ ਦੀ ਮਦਦ ਲਈ ਬਹੁਤ ਕੁਝ ਕਰ ਸਕਦੇ ਹੋ। ਜ਼ਰਾ ਸੋਚੋ ਕਿ ਤੁਸੀਂ 30-40 ਸਾਲਾਂ ਦੌਰਾਨ ਕਿੰਨਾ ਕੁਝ ਸਿੱਖਿਆ ਹੈ। ਤੁਸੀਂ ਜ਼ਿੰਦਗੀ ਦੇ ਵੱਖ-ਵੱਖ ਹਾਲਾਤਾਂ ਵਿਚ ਬਾਈਬਲ ਦੇ ਅਸੂਲ ਲਾਗੂ ਕਰਨੇ ਸਿੱਖੇ ਹਨ। ਨਾਲੇ ਤੁਸੀਂ ਦੂਜਿਆਂ ਦੇ ਦਿਲਾਂ ਤਕ ਬਾਈਬਲ ਦੀ ਸੱਚਾਈ ਪਹੁੰਚਾਉਣ ਦੇ ਕਾਬਲ ਹੋ। ਜੇ ਤੁਸੀਂ ਮੰਡਲੀ ਵਿਚ ਇਕ ਬਜ਼ੁਰਗ ਹੋ, ਤਾਂ ਕਿਸੇ ਭੈਣ-ਭਰਾ ਦੇ ਗ਼ਲਤ ਕਦਮ ਚੁੱਕ ਲੈਣ ’ਤੇ ਤੁਸੀਂ ਉਸ ਦੀ ਮਦਦ ਕਰਨੀ ਜਾਣਦੇ ਹੋ। (ਗਲਾ. 6:1) ਸ਼ਾਇਦ ਤੁਸੀਂ ਸਿੱਖਿਆ ਹੈ ਕਿ ਮੰਡਲੀ, ਅਸੈਂਬਲੀਆਂ ਦੇ ਡਿਪਾਰਟਮੈਂਟ ਜਾਂ ਕਿੰਗਡਮ ਹਾਲ ਦੀ ਉਸਾਰੀ ਦੇ ਕੰਮਾਂ ਵਿਚ ਕਿੱਦਾਂ ਅਗਵਾਈ ਕੀਤੀ ਜਾਂਦੀ ਹੈ। ਨਾਲੇ ਤੁਸੀਂ ਡਾਕਟਰਾਂ ਨਾਲ ਗੱਲਬਾਤ ਕਰਨੀ ਜਾਣਦੇ ਹੋ ਕਿ ਉਹ ਖ਼ੂਨ ਤੋਂ ਬਿਨਾਂ ਇਲਾਜ ਦੇ ਕਿਹੜੇ ਤਰੀਕੇ ਵਰਤ ਸਕਦੇ ਹਨ। ਜੇ ਤੁਸੀਂ ਹੁਣੇ-ਹੁਣੇ ਸੱਚਾਈ ਸਿੱਖੀ ਹੈ, ਤਾਂ ਵੀ ਤੁਹਾਨੂੰ ਜ਼ਿੰਦਗੀ ਦਾ ਕਾਫ਼ੀ ਤਜਰਬਾ ਹੈ। ਮਿਸਾਲ ਲਈ, ਜੇ ਤੁਸੀਂ ਬੱਚਿਆ ਦੀ ਪਰਵਰਿਸ਼ ਕੀਤੀ ਹੈ, ਤਾਂ ਤੁਸੀਂ ਇਸ ਤਜਰਬੇ ਨਾਲ ਦੂਜਿਆਂ ਦੀ ਮਦਦ ਕਰ ਸਕਦੇ ਹੋ। ਹਾਂ, ਸਿਆਣੀ ਉਮਰ ਦੇ ਭੈਣੋ-ਭਰਾਵੋ ਤੁਹਾਨੂੰ ਪਰਮੇਸ਼ੁਰ ਦੀ ਸੇਵਾ ਦਾ ਬਹੁਤ ਤਜਰਬਾ ਹੈ। ਇਸ ਨਾਲ ਤੁਸੀਂ ਯਹੋਵਾਹ ਦੇ ਲੋਕਾਂ ਨੂੰ ਸਿਖਾਉਣ, ਅਗਵਾਈ ਕਰਨ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਵਿਚ ਮਦਦ ਕਰ ਸਕਦੇ ਹੋ।
7. ਤਜਰਬੇਕਾਰ ਭੈਣ-ਭਰਾ ਨੌਜਵਾਨਾਂ ਨੂੰ ਕਿਹੜੀ ਵਧੀਆ ਟ੍ਰੇਨਿੰਗ ਦੇ ਸਕਦੇ ਹਨ?
7 ਤੁਸੀਂ ਹੋਰ ਕਿਹੜੇ ਤਰੀਕਿਆਂ ਨਾਲ ਦੂਜਿਆਂ ਦੀ ਮਦਦ ਕਰ ਸਕਦੇ ਹੋ? ਸ਼ਾਇਦ ਤੁਸੀਂ ਨੌਜਵਾਨਾਂ ਨੂੰ ਬਾਈਬਲ ਸਟੱਡੀਆਂ ਕਰਾਉਣੀਆਂ ਸਿਖਾ ਸਕਦੇ ਹੋ। ਭੈਣੋ, ਕੀ ਤੁਸੀਂ ਜਵਾਨ ਮਾਵਾਂ ਨੂੰ ਸਲਾਹ ਦੇ ਸਕਦੀਆਂ ਹੋ ਕਿ ਉਹ ਆਪਣੇ ਨੰਨ੍ਹੇ-ਮੁੰਨਿਆਂ ਦੀ ਪਰਵਰਿਸ਼ ਕਰਨ ਦੇ ਨਾਲ-ਨਾਲ ਪਰਮੇਸ਼ੁਰ ਦੀ ਸੇਵਾ ਵੱਲ ਵੀ ਧਿਆਨ ਦੇਣ? ਭਰਾਵੋ, ਕੀ ਤੁਸੀਂ ਨੌਜਵਾਨ ਭਰਾਵਾਂ ਨੂੰ ਜੋਸ਼ ਨਾਲ ਭਾਸ਼ਣ ਦੇਣੇ ਅਤੇ ਵਧੀਆ ਢੰਗ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸਿਖਾ ਸਕਦੇ ਹੋ? ਜਦ ਤੁਸੀਂ ਬਿਰਧ ਭੈਣਾਂ-ਭਰਾਵਾਂ ਨੂੰ ਮਿਲਣ ਜਾਂਦੇ ਹੋ, ਤਾਂ ਕੀ ਤੁਸੀਂ ਨੌਜਵਾਨਾਂ ਨੂੰ ਆਪਣੇ ਨਾਲ ਲਿਜਾ ਸਕਦੇ ਹੋ ਤਾਂਕਿ ਉਹ ਵੀ ਹੌਸਲਾ ਦੇਣਾ ਸਿੱਖਣ? ਪਰ ਜੇ ਹੁਣ ਤੁਹਾਡੇ ਕੋਲ ਪਹਿਲਾਂ ਵਰਗੀ ਤਾਕਤ ਨਹੀਂ ਹੈ, ਤਾਂ ਵੀ ਤੁਹਾਡੇ ਕੋਲ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਦੇ ਹੋਰ ਕਈ ਸ਼ਾਨਦਾਰ ਮੌਕੇ ਹਨ। ਬਾਈਬਲ ਕਹਿੰਦੀ ਹੈ: “ਜੁਆਨਾਂ ਦੀ ਸੋਭਾ ਤਾਂ ਉਨ੍ਹਾਂ ਦਾ ਬਲ ਹੈ, ਅਤੇ ਬੁੱਢਿਆਂ ਦੀ ਸਜਾਵਟ ਉਨ੍ਹਾਂ ਦੇ ਧੌਲੇ ਵਾਲ ਹਨ।”
ਜ਼ਿਆਦਾ ਲੋੜ ਵਾਲੀਆਂ ਥਾਵਾਂ ’ਤੇ ਸੇਵਾ ਕਰਨੀ
8. ਜਿੱਦਾਂ-ਜਿੱਦਾਂ ਪੌਲੁਸ ਰਸੂਲ ਦੀ ਉਮਰ ਢਲ਼ਦੀ ਗਈ, ਉਸ ਨੇ ਕੀ ਕੀਤਾ?
8 ਜਿੱਦਾਂ-ਜਿੱਦਾਂ ਪੌਲੁਸ ਰਸੂਲ ਦੀ ਉਮਰ ਢਲ਼ਦੀ ਗਈ, ਉਹ ਪਰਮੇਸ਼ੁਰ ਦੀ ਸੇਵਾ ਵਿਚ ਲੱਗਾ ਰਿਹਾ। ਪੌਲੁਸ ਨੂੰ 61 ਈਸਵੀ ਵਿਚ ਰੋਮ ਦੀ ਕੈਦ ਵਿੱਚੋਂ ਰਿਹਾ ਕੀਤਾ ਗਿਆ ਸੀ। ਉਸ ਨੇ ਕਈ ਸਾਲਾਂ ਤਕ ਮਿਸ਼ਨਰੀ ਵਜੋਂ ਸਖ਼ਤ ਮਿਹਨਤ ਕਰਦੇ ਹੋਏ ਕਈ ਅਜ਼ਮਾਇਸ਼ਾਂ ਸਹੀਆਂ। ਜੇ ਉਹ ਚਾਹੁੰਦਾ, ਤਾਂ ਉਹ ਰੋਮ ਵਿਚ ਰਹਿ ਕੇ ਆਰਾਮ ਨਾਲ ਆਪਣੀ ਬਾਕੀ ਦੀ ਜ਼ਿੰਦਗੀ ਗੁਜ਼ਾਰ ਸਕਦਾ ਸੀ। (2 ਕੁਰਿੰ. 11:23-27) ਨਾਲੇ ਇਸ ਗੱਲੋਂ ਉੱਥੇ ਦੇ ਭਰਾਵਾਂ ਨੇ ਬਹੁਤ ਖ਼ੁਸ਼ ਹੋਣਾ ਸੀ ਕਿਉਂਕਿ ਉਹ ਪਰਮੇਸ਼ੁਰ ਦੀ ਸੇਵਾ ਵਿਚ ਉਨ੍ਹਾਂ ਦਾ ਹੱਥ ਵਟਾ ਸਕਦਾ ਸੀ। ਪਰ ਪੌਲੁਸ ਨੇ ਦੇਖਿਆ ਕਿ ਹੋਰ ਦੇਸ਼ਾਂ ਵਿਚ ਪ੍ਰਚਾਰ ਕਰਨ ਦੀ ਜ਼ਿਆਦਾ ਲੋੜ ਸੀ। ਇਸ ਲਈ ਉਸ ਨੇ ਤਿਮੋਥਿਉਸ ਅਤੇ ਤੀਤੁਸ ਦੇ ਨਾਲ ਆਪਣੀ ਮਿਸ਼ਨਰੀ ਸੇਵਾ ਜਾਰੀ ਰੱਖੀ। ਉਹ ਪਹਿਲਾਂ ਅਫ਼ਸੁਸ ਤੇ ਫਿਰ ਕ੍ਰੀਟ ਅਤੇ ਸ਼ਾਇਦ ਮਕਦੂਨੀਆ ਵੀ ਗਿਆ। (1 ਤਿਮੋ. 1:3; ਤੀਤੁ. 1:5) ਅਸੀਂ ਨਹੀਂ ਜਾਣਦੇ ਕਿ ਉਹ ਸਪੇਨ ਗਿਆ ਜਾਂ ਨਹੀਂ, ਪਰ ਉਸ ਦਾ ਉੱਥੇ ਜਾਣ ਦਾ ਇਰਾਦਾ ਜ਼ਰੂਰ ਸੀ।
9. ਪਤਰਸ ਲੋੜ ਵਾਲੇ ਇਲਾਕੇ ਵਿਚ ਸ਼ਾਇਦ ਕਦੋਂ ਗਿਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
9 ਪਤਰਸ ਰਸੂਲ ਸ਼ਾਇਦ 50 ਤੋਂ ਜ਼ਿਆਦਾ ਸਾਲ ਦੀ ਉਮਰ ਦਾ ਸੀ ਜਦ ਉਹ ਲੋੜ ਵਾਲੇ ਇਲਾਕੇ ਵਿਚ ਸੇਵਾ ਕਰਨ ਗਿਆ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਜੇ ਪਤਰਸ, ਯਿਸੂ ਦੀ ਜਾਂ ਸ਼ਾਇਦ ਉਸ ਤੋਂ ਥੋੜ੍ਹੀ ਜ਼ਿਆਦਾ ਉਮਰ ਦਾ ਸੀ, ਤਾਂ ਹੋ ਸਕਦਾ ਹੈ ਕਿ ਉਹ 50 ਸਾਲਾਂ ਦਾ ਹੋਵੇ ਜਦ ਉਹ 49 ਈਸਵੀ ਵਿਚ ਯਰੂਸ਼ਲਮ ਵਿਚ ਦੂਜੇ ਰਸੂਲਾਂ ਨੂੰ ਮਿਲਿਆ। (ਰਸੂ. 15:7) ਇਸ ਤੋਂ ਕੁਝ ਸਮੇਂ ਬਾਅਦ ਪਤਰਸ ਬਾਬਲ ਸ਼ਹਿਰ ਗਿਆ ਕਿਉਂਕਿ ਲੱਗਦਾ ਹੈ ਕਿ ਉਹ ਉੱਥੇ ਦੇ ਯਹੂਦੀਆਂ ਨੂੰ ਪ੍ਰਚਾਰ ਕਰਨਾ ਚਾਹੁੰਦਾ ਸੀ। (ਗਲਾ. 2:9) ਬਾਈਬਲ ਵਿਚ ਦਰਜ ਉਸ ਨੇ ਆਪਣੀ ਪਹਿਲੀ ਚਿੱਠੀ ਤਕਰੀਬਨ 62 ਈਸਵੀ ਵਿਚ ਇੱਥੇ ਹੀ ਲਿਖੀ। (1 ਪਤ. 5:13) ਹਾਲਾਂਕਿ ਲੋੜ ਵਾਲੇ ਇਲਾਕੇ ਵਿਚ ਜਾ ਕੇ ਸੇਵਾ ਕਰਨੀ ਔਖੀ ਹੋ ਸਕਦੀ ਹੈ, ਪਰ ਪਤਰਸ ਨੇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕੀਤੀ ਤੇ ਆਪਣੀ ਉਮਰ ਨੂੰ ਰੁਕਾਵਟ ਨਹੀਂ ਬਣਨ ਦਿੱਤਾ।
10, 11. ਰੌਬਰਟ ਤੇ ਉਸ ਦੀ ਪਤਨੀ ਨੇ ਕੀ ਫ਼ੈਸਲਾ ਕੀਤਾ?
10 ਅੱਜ ਬਹੁਤ ਸਾਰੇ ਮਸੀਹੀ ਜੋ 50-60 ਸਾਲਾਂ ਦੇ ਹਨ, ਉਨ੍ਹਾਂ ਨੇ ਦੇਖਿਆ ਹੈ ਕਿ ਉਨ੍ਹਾਂ ਦੇ ਹਾਲਾਤ ਬਦਲ ਗਏ ਹਨ ਅਤੇ ਉਹ ਯਹੋਵਾਹ ਦੀ ਸੇਵਾ ਨਵੇਂ ਤਰੀਕਿਆਂ ਨਾਲ ਕਰ ਸਕਦੇ ਹਨ। ਕਈ ਲੋੜ ਵਾਲੇ ਇਲਾਕਿਆਂ ਵਿਚ ਸੇਵਾ ਕਰਨ ਗਏ ਹਨ। ਮਿਸਾਲ ਲਈ, ਰੌਬਰਟ ਲਿਖਦਾ ਹੈ: “ਮੈਂ ਤੇ ਮੇਰੀ ਪਤਨੀ ਤਕਰੀਬਨ 55 ਸਾਲਾਂ ਦੇ ਸੀ ਜਦ ਸਾਨੂੰ ਅਹਿਸਾਸ ਹੋਇਆ ਕਿ ਸਾਡੇ ਕੋਲ ਸੇਵਾ ਕਰਨ ਦੇ ਹੋਰ ਵੀ ਕਈ ਮੌਕੇ ਹਨ। ਸਾਡੇ ਬੇਟੇ ਨੇ ਘਰ ਛੱਡ ਦਿੱਤਾ ਸੀ ਤੇ ਸਾਡੇ ਬਜ਼ੁਰਗ ਮਾਪੇ ਵੀ ਨਹੀਂ ਸਨ ਜਿਨ੍ਹਾਂ ਦੀ ਸਾਨੂੰ ਦੇਖ-ਭਾਲ ਕਰਨੀ ਪੈਂਦੀ। ਪਰ ਸਾਨੂੰ ਵਿਰਾਸਤ ਵਿਚ ਥੋੜ੍ਹੇ-ਬਹੁਤੇ ਪੈਸੇ ਮਿਲੇ ਸਨ। ਅਸੀਂ ਹਿਸਾਬ-ਕਿਤਾਬ ਲਾਇਆ ਕਿ ਜੇ ਅਸੀਂ ਆਪਣਾ ਘਰ ਵੇਚ ਦੇਈਏ, ਤਾਂ ਇਸ ਨਾਲ ਅਸੀਂ ਆਪਣਾ ਕਰਜ਼ਾ ਚੁੱਕਾ ਸਕਾਂਗੇ। ਨਾਲੇ ਬਚੇ ਹੋਏ ਪੈਸਿਆਂ ਨਾਲ ਅਸੀਂ ਆਪਣਾ ਗੁਜ਼ਾਰਾ ਤਦ ਤਕ ਤੋਰ ਸਕਦੇ ਸੀ ਜਦ ਤਕ ਮੇਰੀ ਪੈਨਸ਼ਨ ਨਾ ਲੱਗ ਜਾਂਦੀ। ਫਿਰ ਸਾਨੂੰ ਪਤਾ ਲੱਗਾ ਕਿ ਬੋਲੀਵੀਆ ਵਿਚ ਬਹੁਤ ਸਾਰੇ ਲੋਕ ਬਾਈਬਲ ਸਟੱਡੀ ਕਰਨੀ ਚਾਹੁੰਦੇ ਹਨ ਅਤੇ ਉੱਥੇ ਰਹਿਣਾ ਵੀ ਸਸਤਾ ਸੀ। ਸੋ ਅਸੀਂ ਉੱਥੇ ਜਾਣ ਦਾ ਫ਼ੈਸਲਾ ਕੀਤਾ। ਉੱਤਰੀ ਅਮਰੀਕਾ ਤੋਂ ਆ ਕੇ ਇਸ ਨਵੀਂ ਥਾਂ ਵਿਚ ਰਹਿਣਾ ਆਸਾਨ ਨਹੀਂ ਸੀ ਕਿਉਂਕਿ ਇੱਥੇ ਹਰ ਚੀਜ਼ ਬਹੁਤ ਵੱਖਰੀ ਸੀ। ਪਰ ਯਹੋਵਾਹ ਨੇ ਸਾਡੀ ਮਿਹਨਤ ’ਤੇ ਬਰਕਤ ਦਿੱਤੀ।”
11 ਰੌਬਰਟ ਕਹਿੰਦਾ ਹੈ: “ਹੁਣ ਅਸੀਂ ਜ਼ਿਆਦਾਤਰ ਮੰਡਲੀ ਦੇ ਕੰਮਾਂ-ਕਾਰਾਂ ਵਿਚ ਬਿਜ਼ੀ ਰਹਿੰਦੇ ਹਾਂ। ਸਾਡੀਆਂ ਕੁਝ ਸਟੱਡੀਆਂ ਨੇ ਬਪਤਿਸਮਾ ਵੀ ਲਿਆ ਹੈ। ਅਸੀਂ ਇਕ ਗ਼ਰੀਬ ਪਰਿਵਾਰ ਨਾਲ ਸਟੱਡੀ ਕੀਤੀ ਜੋ ਕਾਫ਼ੀ ਦੂਰ ਪਿੰਡ ਵਿਚ ਰਹਿੰਦਾ ਹੈ। ਪਰ ਹਰ ਹਫ਼ਤੇ ਇਹ ਪਰਿਵਾਰ ਲੰਬਾ ਤੇ ਮੁਸ਼ਕਲ ਸਫ਼ਰ ਤੈਅ ਕਰ ਕੇ ਮੀਟਿੰਗਾਂ ਵਿਚ ਆਉਂਦਾ ਹੈ। ਇਸ ਪਰਿਵਾਰ ਨੂੰ ਸੱਚਾਈ ਵਿਚ ਤਰੱਕੀ ਕਰਦਿਆਂ ਅਤੇ ਉਨ੍ਹਾਂ ਦੇ ਵੱਡੇ ਮੁੰਡੇ ਨੂੰ ਪਾਇਨੀਅਰ ਬਣਦਾ ਦੇਖ ਸਾਡੇ ਕੋਲ ਆਪਣੀ ਖ਼ੁਸ਼ੀ ਸੰਭਾਲੀ ਨਹੀਂ ਗਈ।”
ਹੋਰ ਭਾਸ਼ਾ ਬੋਲਣ ਵਾਲੇ ਇਲਾਕਿਆਂ ਵਿਚ ਲੋੜ
12, 13. ਰੀਟਾਇਰ ਹੋਣ ਤੋਂ ਬਾਅਦ ਬ੍ਰਾਇਅਨ ਤੇ ਉਸ ਦੀ ਪਤਨੀ ਨੇ ਕੀ ਕੀਤਾ?
12 ਹੋਰ ਭਾਸ਼ਾ ਬੋਲਣ ਵਾਲੀਆਂ ਮੰਡਲੀਆਂ ਤੇ ਗਰੁੱਪਾਂ ਨੂੰ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦੀ ਮਿਸਾਲ ਤੋਂ ਬਹੁਤ ਫ਼ਾਇਦਾ ਮਿਲ ਸਕਦਾ ਹੈ। ਨਾਲੇ ਅਜਿਹੇ ਇਲਾਕਿਆਂ ਵਿਚ ਪ੍ਰਚਾਰ ਕਰ ਕੇ ਬੜਾ ਮਜ਼ਾ ਆਉਂਦਾ ਹੈ। ਮਿਸਾਲ ਲਈ, ਇੰਗਲੈਂਡ ਤੋਂ ਬ੍ਰਾਇਅਨ ਨਾਂ ਦੇ ਭਰਾ ਨੇ ਲਿਖਿਆ ਕਿ ਜਦ ਉਹ 65 ਸਾਲਾਂ ਦੀ ਉਮਰ ਵਿਚ ਰੀਟਾਇਰ ਹੋਇਆ, ਤਾਂ ਉਸ ਦੀ ਅਤੇ ਉਸ ਦੀ ਪਤਨੀ ਦੀ ਜ਼ਿੰਦਗੀ ਬੜੀ ਬੋਰਿੰਗ ਸੀ। ਉਸ ਨੇ ਅੱਗੇ ਕਿਹਾ: “ਸਾਡੇ ਬੱਚੇ ਵੀ ਘਰੋਂ ਚਲੇ ਗਏ ਸਨ ਅਤੇ ਸਾਨੂੰ ਪ੍ਰਚਾਰ ਵਿਚ ਅਜਿਹੇ ਲੋਕ ਘੱਟ ਹੀ ਮਿਲਦੇ ਸਨ ਜੋ ਬਾਈਬਲ ਸਟੱਡੀ ਕਰਨੀ ਚਾਹੁੰਦੇ ਸਨ। ਫਿਰ ਇਕ ਦਿਨ ਮੈਨੂੰ ਚੀਨੀ ਆਦਮੀ ਮਿਲਿਆ ਜੋ ਯੂਨੀਵਰਸਿਟੀ ਵਿਚ ਰੀਸਰਚ ਕਰਦਾ ਸੀ। ਉਸ ਨੇ ਮੀਟਿੰਗ ਆਉਣ ਦਾ ਸੱਦਾ ਕਬੂਲ ਕੀਤਾ ਅਤੇ ਮੈਂ ਉਸ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਕੁਝ ਹਫ਼ਤਿਆਂ ਬਾਅਦ ਉਹ ਯੂਨੀਵਰਸਿਟੀ ਵਿਚ ਰੀਸਰਚ ਕਰਨ ਵਾਲੇ ਇਕ ਹੋਰ ਬੰਦੇ ਨੂੰ ਲਿਆਇਆ। ਫਿਰ ਦੋ ਹਫ਼ਤਿਆਂ ਬਾਅਦ ਉਹ ਤੀਜੇ ਤੇ ਚੌਥੇ ਬੰਦੇ ਨੂੰ ਲਿਆਇਆ।
13 “ਜਦ ਪੰਜਵੇਂ ਬੰਦੇ ਨੇ ਆ ਕੇ ਮੈਥੋਂ ਬਾਈਬਲ ਸਟੱਡੀ ਮੰਗੀ, ਤਾਂ ਮੈਂ ਮਨ ਹੀ ਮਨ ਸੋਚਿਆ ਕਿ ‘65 ਸਾਲਾਂ ਦਾ ਹੋਣ ਦਾ ਮਤਲਬ ਇਹ ਨਹੀਂ ਕਿ ਮੈਂ ਹੁਣ ਯਹੋਵਾਹ ਦੀ ਸੇਵਾ ਤੋਂ ਰੀਟਾਇਰ ਹੋ ਚੁੱਕਾ ਹਾਂ।’ ਮੇਰੀ ਪਤਨੀ ਮੇਰੇ ਤੋਂ ਦੋ ਸਾਲ ਛੋਟੀ ਹੈ ਅਤੇ ਮੈਂ ਚੀਨੀ ਭਾਸ਼ਾ ਸਿੱਖਣ ਬਾਰੇ ਉਸ ਦੀ ਰਾਇ ਪੁੱਛੀ। ਫਿਰ ਅਸੀਂ ਦੋਵਾਂ ਨੇ ਕੈਸੇਟਾਂ ਰਾਹੀਂ ਚੀਨੀ ਭਾਸ਼ਾ ਸਿੱਖੀ। ਇਹ ਅੱਜ ਤੋਂ ਦੱਸ ਸਾਲ ਪਹਿਲਾਂ ਦੀ ਗੱਲ ਹੈ। ਹੋਰ ਭਾਸ਼ਾ ਬੋਲਣ ਵਾਲੇ ਇਲਾਕੇ ਵਿਚ ਸੇਵਾ ਕਰ ਕੇ ਅਸੀਂ ਖ਼ੁਦ ਨੂੰ ਜਵਾਨ ਮਹਿਸੂਸ ਕਰਦੇ ਹਾਂ। ਹੁਣ ਤਕ ਅਸੀਂ 112 ਚੀਨੀ ਲੋਕਾਂ ਨਾਲ ਸਟੱਡੀ ਕੀਤੀ ਹੈ! ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਮੀਟਿੰਗਾਂ ਵਿਚ ਆਏ ਹਨ ਅਤੇ ਸਾਡੀ ਇਕ ਸਟੱਡੀ ਤਾਂ ਸਾਡੇ ਨਾਲ ਪਾਇਨੀਅਰਿੰਗ ਵੀ ਕਰਦੀ ਹੈ।”
ਜੋ ਤੁਸੀਂ ਕਰ ਸਕਦੇ ਹੋ, ਉਸ ਦਾ ਪੂਰਾ ਮਜ਼ਾ ਉਠਾਓ
14. 50-60 ਸਾਲਾਂ ਦੇ ਭੈਣਾਂ-ਭਰਾਵਾਂ ਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ ਅਤੇ ਉਹ ਪੌਲੁਸ ਦੀ ਮਿਸਾਲ ਤੋਂ ਕਿਵੇਂ ਹੌਸਲਾ ਪਾ ਸਕਦੇ ਹਨ?
14 ਇਹ ਸੱਚ ਹੈ ਕਿ 50 ਕੁ ਸਾਲਾਂ ਦੀ ਉਮਰ ਦੇ ਸਾਰੇ ਭੈਣ-ਭਰਾ ਯਹੋਵਾਹ ਦੀ ਸੇਵਾ ਵੱਖੋ-ਵੱਖਰੇ ਤਰੀਕਿਆਂ ਨਾਲ ਨਹੀਂ ਕਰ ਸਕਦੇ। ਉਨ੍ਹਾਂ ਵਿੱਚੋਂ ਕਈਆਂ ਦੀ ਸਿਹਤ ਠੀਕ ਨਹੀਂ ਰਹਿੰਦੀ ਅਤੇ ਦੂਜਿਆਂ ਨੂੰ ਆਪਣੇ ਬੱਚਿਆਂ ਜਾਂ ਬਜ਼ੁਰਗ ਮਾਪਿਆਂ ਦੀ ਜ਼ਿੰਮੇਵਾਰੀ ਸੰਭਾਲਣੀ ਪੈਂਦੀ ਹੈ। ਪਰ ਇਹ ਗੱਲ ਯਾਦ ਰੱਖੋ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਜੋ ਕੁਝ ਵੀ ਕਰਦੇ ਹੋ, ਉਹ ਉਸ ਦੀ ਬਹੁਤ ਕਦਰ ਕਰਦਾ ਹੈ। ਇਸ ਲਈ ਜੋ ਤੁਸੀਂ ਨਹੀਂ ਕਰ ਸਕਦੇ, ਉਸ ਬਾਰੇ ਸੋਚ-ਸੋਚ ਕੇ ਪਰੇਸ਼ਾਨ ਨਾ ਹੋਵੋ, ਸਗੋਂ ਜੋ ਤੁਸੀਂ ਕਰ ਸਕਦੇ ਹੋ ਉਸ ਦਾ ਪੂਰਾ ਮਜ਼ਾ ਉਠਾਓ। ਜ਼ਰਾ ਪੌਲੁਸ ਰਸੂਲ ਦੀ ਮਿਸਾਲ ’ਤੇ ਗੌਰ ਕਰੋ। ਕਈ ਸਾਲਾਂ ਤਕ ਇਕ ਘਰ ਵਿਚ ਕੈਦ ਹੋਣ ਕਾਰਨ ਉਹ ਹੋਰ ਮਿਸ਼ਨਰੀ ਦੌਰਿਆਂ ’ਤੇ ਨਹੀਂ ਜਾ ਸਕਿਆ। ਪਰ ਜਦ ਵੀ ਲੋਕ ਉਸ ਨੂੰ ਮਿਲਣ ਆਉਂਦੇ ਸਨ, ਤਾਂ ਉਹ ਉਨ੍ਹਾਂ ਨਾਲ ਪਰਮੇਸ਼ੁਰ ਬਾਰੇ ਗੱਲਬਾਤ ਕਰਦਾ ਸੀ ਤੇ ਉਨ੍ਹਾਂ ਦੀ ਨਿਹਚਾ ਤਕੜੀ ਕਰਦਾ ਸੀ।
15. ਸਿਆਣੇ ਭੈਣ-ਭਰਾ ਸਾਡੇ ਲਈ ਅਨਮੋਲ ਕਿਉਂ ਹਨ?
15 ਸਿਆਣੇ ਭੈਣਾਂ-ਭਰਾਵਾਂ ਦੀ ਵੀ ਸੇਵਾ ਨੂੰ ਯਹੋਵਾਹ ਬਹੁਤ ਅਨਮੋਲ ਸਮਝਦਾ ਹੈ। ਸੁਲੇਮਾਨ ਨੇ ਮੰਨਿਆ ਕਿ ਬੁਢਾਪੇ ਦੇ “ਮਾੜੇ ਦਿਨਾਂ” ਨੂੰ ਕੱਟਣਾ ਔਖਾ ਹੁੰਦਾ ਹੈ, ਪਰ ਬਾਈਬਲ ਸਾਨੂੰ ਯਾਦ ਕਰਾਉਂਦੀ ਹੈ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਸੇਵਾ ਬੜੀ ਮਾਅਨੇ ਰੱਖਦੀ ਹੈ। (ਲੂਕਾ 21:2-4) ਅਜਿਹੇ ਭੈਣ-ਭਰਾ ਨਿਹਚਾ ਅਤੇ ਧੀਰਜ ਦੀ ਬਹੁਤ ਵਧੀਆ ਮਿਸਾਲ ਹਨ ਅਤੇ ਮੰਡਲੀ ਵਿਚ ਸਾਰੇ ਇਸ ਗੱਲ ਦੀ ਦਿਲੋਂ ਕਦਰ ਕਰਦੇ ਹਨ।
16. ਬਜ਼ੁਰਗ ਅੱਨਾ ਨੂੰ ਕਿਹੜੇ ਮੌਕੇ ਨਹੀਂ ਮਿਲੇ, ਪਰ ਉਹ ਪਰਮੇਸ਼ੁਰ ਦੀ ਸੇਵਾ ਵਿਚ ਕੀ ਕੁਝ ਕਰ ਸਕੀ?
16 ਬਾਈਬਲ ਅੱਨਾ ਨਾਂ ਦੀ ਇਕ ਵਿਧਵਾ ਬਾਰੇ ਦੱਸਦੀ ਹੈ ਜੋ ਢਲ਼ਦੀ ਉਮਰ ਵਿਚ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਭਗਤੀ ਕਰਦੀ ਰਹੀ। ਯਿਸੂ ਦੇ ਜਨਮ ਵੇਲੇ ਉਹ 84 ਸਾਲਾਂ ਦੀ ਸੀ। ਇਸ ਉਮਰ ਵਿਚ ਉਸ ਨੂੰ ਮਸੀਹੀ ਬਣਨ, ਪਵਿੱਤਰ ਸ਼ਕਤੀ ਨਾਲ ਚੁਣੇ ਜਾਣ ਅਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਪ੍ਰਚਾਰ ਕਰਨ ਦਾ ਮੌਕਾ ਨਹੀਂ ਮਿਲਿਆ ਹੋਣਾ। ਇਸ ਦੇ ਬਾਵਜੂਦ ਅੱਨਾ ਜੋ ਵੀ ਕਰ ਸਕਦੀ ਸੀ, ਉਸ ਨੇ ਖ਼ੁਸ਼ੀ-ਖ਼ੁਸ਼ੀ ਕੀਤਾ। ਬਾਈਬਲ ਦੱਸਦੀ ਹੈ: “ਉਹ ਹਮੇਸ਼ਾ ਮੰਦਰ ਵਿਚ ਆਉਂਦੀ ਸੀ ਅਤੇ ਦਿਨ-ਰਾਤ ਭਗਤੀ ਵਿਚ ਲੀਨ ਰਹਿੰਦੀ ਸੀ।” (ਲੂਕਾ 2:36, 37) ਮਿਸਾਲ ਲਈ, ਜਦ ਪੁਜਾਰੀ ਹਰ ਸਵੇਰੇ ਸ਼ਾਮੀਂ ਧੂਪ ਧੁਖਾਉਂਦਾ ਸੀ, ਤਾਂ ਅੱਨਾ ਮੰਦਰ ਦੇ ਵਿਹੜੇ ਵਿਚ ਆਏ ਲੋਕਾਂ ਨਾਲ ਹੁੰਦੀ ਸੀ ਅਤੇ ਉਹ ਸ਼ਾਇਦ ਅੱਧੇ ਘੰਟੇ ਤਕ ਮਨ ਹੀ ਮਨ ਵਿਚ ਪ੍ਰਾਰਥਨਾ ਕਰਦੀ ਹੁੰਦੀ ਸੀ। ਨਾਲੇ ਯਿਸੂ ਨੂੰ ਇਕ ਬੱਚੇ ਵਜੋਂ ਦੇਖ ਕੇ ਉਹ “ਯਰੂਸ਼ਲਮ ਦੇ ਛੁਟਕਾਰੇ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਬੱਚੇ ਬਾਰੇ ਦੱਸਣ ਲੱਗੀ।”
17. ਅਸੀਂ ਬਜ਼ੁਰਗ ਜਾਂ ਬੀਮਾਰ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਤਾਂਕਿ ਉਹ ਪਰਮੇਸ਼ੁਰ ਦੀ ਭਗਤੀ ਕਰਦੇ ਰਹਿ ਸਕਣ?
17 ਅੱਜ ਵੀ ਸਾਨੂੰ ਬਜ਼ੁਰਗ ਜਾਂ ਬੀਮਾਰ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਕੁਝ ਭੈਣਾਂ-ਭਰਾਵਾਂ ਨੂੰ ਮੀਟਿੰਗਾਂ ਜਾਂ ਅਸੈਂਬਲੀਆਂ ਵਿਚ ਆਉਣ ਦਾ ਬੜਾ ਚਾਅ ਹੈ, ਪਰ ਉਹ ਆ ਨਹੀਂ ਸਕਦੇ। ਕੁਝ ਥਾਵਾਂ ’ਤੇ ਮੰਡਲੀਆਂ ਇੰਤਜ਼ਾਮ ਕਰਦੀਆਂ ਹਨ ਤਾਂਕਿ ਬਜ਼ੁਰਗ ਭੈਣ-ਭਰਾ ਟੈਲੀਫ਼ੋਨ ਰਾਹੀਂ ਮੀਟਿੰਗਾਂ ਸੁਣ ਸਕਣ। ਪਰ ਹਰ ਜਗ੍ਹਾ ਸ਼ਾਇਦ ਇੱਦਾਂ ਕਰਨਾ ਮੁਮਕਿਨ ਨਾ ਹੋਵੇ। ਫਿਰ ਵੀ ਜੋ ਮਸੀਹੀ ਭੈਣ-ਭਰਾ ਮੀਟਿੰਗਾਂ ’ਤੇ ਨਹੀਂ ਆ ਸਕਦੇ, ਉਹ ਸੱਚੀ ਭਗਤੀ ਵਿਚ ਹਿੱਸਾ ਲੈ ਸਕਦੇ ਹਨ। ਮਿਸਾਲ ਲਈ, ਉਹ ਪ੍ਰਾਰਥਨਾ ਕਰ ਸਕਦੇ ਹਨ ਤਾਂਕਿ ਮੰਡਲੀ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੀ ਰਹੇ।
18, 19. (ੳ) ਸਿਆਣੇ ਭੈਣ-ਭਰਾ ਦੂਜਿਆਂ ਨੂੰ ਕਿਵੇਂ ਹੌਸਲਾ ਦੇ ਸਕਦੇ ਹਨ? (ਅ) “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ” ਸਲਾਹ ਨੂੰ ਕੌਣ ਲਾਗੂ ਕਰ ਸਕਦੇ ਹਨ?
18 ਸਿਆਣੇ ਭੈਣਾਂ-ਭਰਾਵਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਾ ਹੋਵੇ ਕਿ ਉਹ ਦੂਜਿਆਂ ਨੂੰ ਕਿੰਨਾ ਹੌਸਲਾ ਦੇ ਰਹੇ ਹਨ। ਜ਼ਰਾ ਫਿਰ ਤੋਂ ਅੱਨਾ ਬਾਰੇ ਸੋਚੋ। ਭਾਵੇਂ ਕਿ ਉਹ ਬਹੁਤ ਸਾਲਾਂ ਤਕ ਵਫ਼ਾਦਾਰੀ ਨਾਲ ਮੰਦਰ ਜਾਂਦੀ ਰਹੀ, ਪਰ ਸ਼ਾਇਦ ਉਹ ਇਹ ਨਹੀਂ ਜਾਣਦੀ ਸੀ ਕਿ ਇਕ ਦਿਨ ਯਹੋਵਾਹ ਲਈ ਉਸ ਦਾ ਪਿਆਰ ਬਾਈਬਲ ਵਿਚ ਦਰਜ ਕੀਤਾ ਜਾਵੇਗਾ ਅਤੇ ਸਦੀਆਂ ਬਾਅਦ ਉਸ ਦੀ ਮਿਸਾਲ ਤੋਂ ਦੂਜਿਆਂ ਨੂੰ ਹੌਸਲਾ ਮਿਲੇਗਾ। ਇਸੇ ਤਰ੍ਹਾਂ, ਮੰਡਲੀ ਦੇ ਭੈਣ-ਭਰਾ ਇਹ ਗੱਲ ਕਦੇ ਨਹੀਂ ਭੁੱਲਦੇ ਕਿ ਤੁਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹੋ। ਇਸੇ ਲਈ ਬਾਈਬਲ ਕਹਿੰਦੀ ਹੈ: “ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।”—ਕਹਾ. 16:31.
19 ਸਾਡੇ ਹਾਲਾਤਾਂ ਮੁਤਾਬਕ ਅਸੀਂ ਪਰਮੇਸ਼ੁਰ ਦੀ ਜਿੰਨੀ ਸੇਵਾ ਕਰਨੀ ਚਾਹੁੰਦੇ ਹਾਂ, ਉੱਨੀ ਕਰ ਨਹੀਂ ਪਾਉਂਦੇ। ਪਰ ਆਓ ਆਪਾਂ ਸਾਰੇ ਜਿਨ੍ਹਾਂ ਕੋਲ ਤਾਕਤ ਹੈ, ਇਹ ਪੱਕਾ ਇਰਾਦਾ ਕਰੀਏ ਕਿ ਅਸੀਂ ‘ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖਾਂਗੇ, ਜਦ ਕਿ ਓਹ ਮਾੜੇ ਦਿਨ ਅਜੇ ਨਹੀਂ ਆਏ।’