ਰਾਜ ਦੇ 100 ਸਾਲ —ਇਸ ਦਾ ਤੁਹਾਡੀ ਜ਼ਿੰਦਗੀ ’ਤੇ ਕੀ ਅਸਰ?
‘ਹੇ ਯੁਗਾਂ-ਯੁਗਾਂ ਦੇ ਮਹਾਰਾਜ ਤੇ ਸਾਡੇ ਪਰਮੇਸ਼ੁਰ ਯਹੋਵਾਹ, ਤੇਰੇ ਕੰਮ ਵੱਡੇ ਅਤੇ ਸ਼ਾਨਦਾਰ ਹਨ।’
1, 2. ਪਰਮੇਸ਼ੁਰ ਦਾ ਰਾਜ ਕੀ-ਕੀ ਕਰੇਗਾ ਅਤੇ ਸਾਨੂੰ ਪੂਰਾ ਯਕੀਨ ਕਿਉਂ ਹੈ ਕਿ ਉਸ ਦਾ ਰਾਜ ਜ਼ਰੂਰ ਆਵੇਗਾ?
ਸਾਲ 31 ਈਸਵੀ ਵਿਚ ਬਸੰਤ ਦੀ ਰੁੱਤ ਸੀ। ਯਿਸੂ ਮਸੀਹ ਕਫ਼ਰਨਾਹੂਮ ਨੇੜੇ ਇਕ ਪਹਾੜ ’ਤੇ ਆਪਣੇ ਚੇਲਿਆਂ ਨਾਲ ਸੀ ਜਦ ਉਸ ਨੇ ਉਨ੍ਹਾਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ: “ਤੇਰਾ ਰਾਜ ਆਵੇ।” (ਮੱਤੀ 6:10) ਅੱਜ ਕਈਆਂ ਨੂੰ ਸ਼ੱਕ ਹੈ ਕਿ ਪਰਮੇਸ਼ੁਰ ਦਾ ਰਾਜ ਆਵੇਗਾ ਜਾਂ ਨਹੀਂ। ਪਰ ਸਾਨੂੰ ਪੂਰਾ ਯਕੀਨ ਹੈ ਕਿ ਪਰਮੇਸ਼ੁਰ ਸਾਡੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦੇ ਹੋਏ ਆਪਣਾ ਰਾਜ ਜ਼ਰੂਰ ਲਿਆਵੇਗਾ।
2 ਯਹੋਵਾਹ ਆਪਣੇ ਰਾਜ ਰਾਹੀਂ ਦੂਤਾਂ ਤੇ ਇਨਸਾਨਾਂ ਨੂੰ ਦੁਬਾਰਾ ਇਕ ਪਰਿਵਾਰ ਵਜੋਂ ਇਕੱਠਾ ਕਰੇਗਾ। ਪਰਮੇਸ਼ੁਰ ਦਾ ਇਹ ਮਕਸਦ ਹਰ ਹਾਲ ਵਿਚ ਪੂਰਾ ਹੋ ਕੇ ਰਹੇਗਾ। (ਯਸਾ. 55:10, 11) ਪਿਛਲੇ 100 ਸਾਲਾਂ ਦੌਰਾਨ ਵਾਪਰੀਆਂ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਯਹੋਵਾਹ ਸਾਡੇ ਜ਼ਮਾਨੇ ਵਿਚ ਰਾਜਾ ਬਣਿਆ ਹੈ! ਪਰਮੇਸ਼ੁਰ ਆਪਣੇ ਲੱਖਾਂ ਹੀ ਵਫ਼ਾਦਾਰ ਸੇਵਕਾਂ ਦੀ ਖ਼ਾਤਰ ਵੱਡੇ-ਵੱਡੇ ਅਤੇ ਸ਼ਾਨਦਾਰ ਕੰਮ ਕਰ ਰਿਹਾ ਹੈ। (ਜ਼ਕ. 14:9; ਪ੍ਰਕਾ. 15:3) ਇਹ ਸੱਚ ਹੈ ਕਿ ਯਿਸੂ ਨੇ ਸਾਨੂੰ ਕਿਹਾ ਸੀ ਕਿ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਪਰਮੇਸ਼ੁਰ ਦਾ ਰਾਜ ਆਵੇ। ਪਰ ਯਹੋਵਾਹ ਦਾ ਰਾਜਾ ਬਣਨਾ ਅਤੇ ਉਸ ਦੇ ਰਾਜ ਦਾ ਆਉਣਾ ਦੋ ਵੱਖ-ਵੱਖ ਗੱਲਾਂ ਹਨ। ਸੋ ਆਓ ਆਪਾਂ ਦੇਖੀਏ ਕਿ ਇਨ੍ਹਾਂ ਗੱਲਾਂ ਵਿਚ ਕੀ ਫ਼ਰਕ ਹੈ ਤੇ ਇਨ੍ਹਾਂ ਦਾ ਸਾਡੀ ਜ਼ਿੰਦਗੀ ’ਤੇ ਕੀ ਅਸਰ ਪੈਂਦਾ ਹੈ।
ਯਹੋਵਾਹ ਦਾ ਚੁਣਿਆ ਰਾਜਾ ਕਦਮ ਚੁੱਕਦਾ ਹੈ
3. (ੳ) ਯਿਸੂ ਰਾਜਾ ਕਦੋਂ ਤੇ ਕਿੱਥੇ ਬਣਿਆ? (ਅ) ਤੁਸੀਂ ਕਿਵੇਂ ਸਾਬਤ ਕਰੋਗੇ ਕਿ ਪਰਮੇਸ਼ੁਰ ਦਾ ਰਾਜ 1914 ਵਿਚ ਕਾਇਮ ਹੋਇਆ ਸੀ? (ਫੁਟਨੋਟ ਦੇਖੋ।)
3 ਤਕਰੀਬਨ 1880 ਵਿਚ ਪਰਮੇਸ਼ੁਰ ਦੇ ਸੇਵਕਾਂ ਨੂੰ ਹੌਲੀ-ਹੌਲੀ ਸਮਝ ਆਈ ਕਿ ਦਾਨੀਏਲ ਨਬੀ ਦੀ 2,500 ਸਾਲ ਪੁਰਾਣੀ ਇਸ ਭਵਿੱਖਬਾਣੀ ਦਾ ਕੀ ਮਤਲਬ ਸੀ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ।” (ਦਾਨੀ. 2:44) ਬਾਈਬਲ ਸਟੂਡੈਂਟਸ ਕਈ ਸਾਲਾਂ ਤੋਂ ਪ੍ਰਚਾਰ ਕਰਦੇ ਆਏ ਸਨ ਕਿ 1914 ਨੇ ਇਕ ਅਹਿਮ ਸਾਲ ਹੋਣਾ ਸੀ। ਉਸ ਸਮੇਂ ਦੁਨੀਆਂ ਦੇ ਕਈ ਲੋਕਾਂ ਨੂੰ ਲੱਗਦਾ ਸੀ ਕਿ ਆਉਣ ਵਾਲਾ ਸਮਾਂ ਬਹੁਤ ਵਧੀਆ ਹੋਵੇਗਾ। ਮਿਸਾਲ ਲਈ ਇਕ ਲੇਖਕ ਨੇ ਕਿਹਾ: “ਸਾਲ 1914 ਵਿਚ ਬਹੁਤ ਸਾਰੇ ਲੋਕ ਇਹ ਉਮੀਦ ਰੱਖਦੇ ਸਨ ਕਿ ਦੁਨੀਆਂ ਦਾ ਭਵਿੱਖ ਸੁਨਹਿਰਾ ਹੋਵੇਗਾ।” ਪਰ ਜਦ ਅਚਾਨਕ ਉਸ ਸਾਲ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ, ਤਾਂ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋਣ ਲੱਗੀਆਂ। ਉਸ ਸਮੇਂ ਤੋਂ ਮਹਾਂਮਾਰੀਆਂ, ਕਾਲ਼ ਤੇ ਭੁਚਾਲ਼ ਆ ਰਹੇ ਹਨ ਅਤੇ ਬਾਈਬਲ ਦੀਆਂ ਹੋਰ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ। ਇਹ ਸਭ ਕੁਝ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਯਿਸੂ ਮਸੀਹ 1914 ਨੂੰ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣ ਗਿਆ ਸੀ। * ਆਪਣੇ ਚੁਣੇ ਹੋਏ ਬੇਟੇ ਨੂੰ ਰਾਜਾ ਬਣਾ ਕੇ ਯਹੋਵਾਹ ਆਪ ਇਕ ਨਵੇਂ ਤਰੀਕੇ ਵਿਚ ਰਾਜਾ ਬਣਿਆ ਸੀ!
4. ਨਵੇਂ ਰਾਜੇ ਨੇ ਸਭ ਤੋਂ ਪਹਿਲਾਂ ਕੀ ਕੀਤਾ ਅਤੇ ਫਿਰ ਉਸ ਨੇ ਕਿਨ੍ਹਾਂ ਵੱਲ ਆਪਣਾ ਧਿਆਨ ਲਾਇਆ?
4 ਸਭ ਤੋਂ ਪਹਿਲਾਂ ਪਰਮੇਸ਼ੁਰ ਦੇ ਨਵੇਂ ਰਾਜੇ ਨੇ ਆਪਣੇ ਪਿਤਾ ਦੇ ਸਭ ਤੋਂ ਵੱਡੇ ਦੁਸ਼ਮਣ ਸ਼ੈਤਾਨ ਨਾਲ ਲੜਾਈ ਕੀਤੀ। ਯਿਸੂ ਤੇ ਉਸ ਦੇ ਦੂਤਾਂ ਨੇ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ ਸਵਰਗੋਂ ਕੱਢ ਦਿੱਤਾ। ਇਸ ਤੋਂ ਬਾਅਦ ਸਵਰਗ ਵਿਚ ਤਾਂ ਖ਼ੁਸ਼ੀਆਂ ਮਨਾਈਆਂ ਗਈਆਂ, ਪਰ ਧਰਤੀ ’ਤੇ ਮੁਸੀਬਤਾਂ ਦਾ ਦੌਰ ਸ਼ੁਰੂ ਹੋ ਗਿਆ। (ਪ੍ਰਕਾਸ਼ ਦੀ ਕਿਤਾਬ 12:7-9, 12 ਪੜ੍ਹੋ।) ਫਿਰ ਰਾਜੇ ਨੇ ਧਰਤੀ ’ਤੇ ਆਪਣੇ ਲੋਕਾਂ ਵੱਲ ਧਿਆਨ ਲਾਇਆ। ਉਸ ਨੇ ਉਨ੍ਹਾਂ ਨੂੰ ਸੁਧਾਰਿਆ, ਸਿਖਾਇਆ ਤੇ ਉਨ੍ਹਾਂ ਲਈ ਇੰਤਜ਼ਾਮ ਕੀਤੇ ਤਾਂਕਿ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਸਕਣ। ਆਓ ਆਪਾਂ ਦੇਖੀਏ ਕਿ ਯਿਸੂ ਦੇ ਚੇਲਿਆਂ ਨੇ ਇਨ੍ਹਾਂ ਤਿੰਨ ਗੱਲਾਂ ਵਿਚ ਉਸ ਦਾ ਕਹਿਣਾ ਮੰਨ ਕੇ ਸਾਡੇ ਲਈ ਵਧੀਆ ਮਿਸਾਲ ਕਿਵੇਂ ਕਾਇਮ ਕੀਤੀ।
ਰਾਜਾ ਯਿਸੂ ਮਸੀਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਸੁਧਾਰਦਾ ਹੈ
5. 1914 ਤੋਂ ਲੈ ਕੇ 1919 ਦੇ ਸ਼ੁਰੂ ਤਕ ਕਿਨ੍ਹਾਂ ਨੂੰ ਸ਼ੁੱਧ ਕੀਤਾ ਗਿਆ ਤੇ ਕਿਵੇਂ?
5 ਰਾਜੇ ਨੇ ਸਵਰਗ ਨੂੰ ਸ਼ੁੱਧ ਕਰਨ ਲਈ ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਨੂੰ ਸਵਰਗੋਂ ਕੱਢਿਆ। ਫਿਰ ਯਹੋਵਾਹ ਨੇ ਯਿਸੂ ਨੂੰ ਜ਼ਿੰਮੇਵਾਰੀ ਦਿੱਤੀ ਕਿ ਉਹ ਧਰਤੀ ’ਤੇ ਆਪਣੇ ਚੇਲਿਆਂ ਦੀ ਜਾਂਚ ਕਰੇ ਕਿ ਉਹ ਪਰਮੇਸ਼ੁਰ ਦੀ ਭਗਤੀ ਕਿਵੇਂ ਕਰਦੇ ਸਨ ਤਾਂਕਿ ਉਹ ਉਨ੍ਹਾਂ ਨੂੰ ਸੁਧਾਰ ਸਕੇ। ਮਲਾਕੀ ਨਬੀ ਨੇ ਇਸ ਸ਼ੁੱਧ ਕਰਨ ਦੇ ਕੰਮ ਬਾਰੇ ਪਹਿਲਾਂ ਹੀ ਦੱਸਿਆ ਸੀ। (ਮਲਾ. 3:1-3) ਉਸ ਸਮੇਂ ਹੋਈਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਇਹ ਸ਼ੁੱਧ ਕਰਨ ਦਾ ਕੰਮ 1914 ਤੋਂ ਲੈ ਕੇ 1919 ਦੇ ਸ਼ੁਰੂ ਤਕ ਹੋਇਆ ਸੀ। * ਜੇ ਅਸੀਂ ਯਹੋਵਾਹ ਦੇ ਵੱਡੇ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹਾਂ, ਤਾਂ ਕਿੰਨਾ ਜ਼ਰੂਰੀ ਹੈ ਕਿ ਅਸੀਂ ਪਵਿੱਤਰ ਰਹੀਏ। (1 ਪਤ. 1:15, 16) ਇਸ ਲਈ ਸਾਡੀ ਸ਼ੁੱਧ ਭਗਤੀ ਵਿਚ ਝੂਠੀਆਂ ਸਿੱਖਿਆਵਾਂ ਜਾਂ ਰਾਜਨੀਤਿਕ ਗੱਲਾਂ ਦੀ ਕੋਈ ਮਿਲਾਵਟ ਨਹੀਂ ਹੋਣੀ ਚਾਹੀਦੀ।
6. ਸਾਨੂੰ ਪਰਮੇਸ਼ੁਰ ਦਾ ਗਿਆਨ ਕਿਵੇਂ ਮਿਲਦਾ ਹੈ ਅਤੇ ਇਹ ਸਾਡੇ ਲਈ ਜ਼ਰੂਰੀ ਕਿਉਂ ਹੈ?
6 ਫਿਰ ਰਾਜੇ ਯਿਸੂ ਨੇ ਆਪਣਾ ਅਧਿਕਾਰ ਵਰਤਦਿਆਂ ਇਕ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਚੁਣਿਆ। ਇਸ ਨੌਕਰ ਨੂੰ ਜ਼ਿੰਮੇਵਾਰੀ ਮਿਲੀ ਕਿ ਉਹ ਯਿਸੂ ਦੀ ਅਗਵਾਈ ਅਧੀਨ “ਇੱਕੋ ਝੁੰਡ” ਨੂੰ ਲਗਾਤਾਰ ਵਧੀਆ ਭੋਜਨ ਯਾਨੀ ਪਰਮੇਸ਼ੁਰ ਦਾ ਗਿਆਨ ਦੇਵੇ। (ਮੱਤੀ 24:45-47; ਯੂਹੰ. 10:16) ਚੁਣੇ ਹੋਏ ਭਰਾਵਾਂ ਦਾ ਇਹ ਛੋਟਾ ਜਿਹਾ ਗਰੁੱਪ 1919 ਤੋਂ “ਨੌਕਰਾਂ-ਚਾਕਰਾਂ” ਨੂੰ ਗਿਆਨ ਦੇਣ ਦੀ ਆਪਣੀ ਜ਼ਿੰਮੇਵਾਰੀ ਵਫ਼ਾਦਾਰੀ ਨਾਲ ਨਿਭਾਉਂਦਾ ਆਇਆ ਹੈ। ਇਹ ਨੌਕਰ ਸਾਨੂੰ ਬਾਈਬਲ ਤੋਂ ਬਹੁਤ ਸਾਰਾ ਗਿਆਨ ਦਿੰਦਾ ਹੈ ਜਿਸ ਨਾਲ ਸਾਡੀ ਨਿਹਚਾ ਹੋਰ ਵੀ ਪੱਕੀ ਹੁੰਦੀ ਹੈ। ਇਸ ਗਿਆਨ ਨਾਲ ਸਾਡਾ ਇਰਾਦਾ ਪੱਕਾ ਹੁੰਦਾ ਹੈ ਕਿ ਅਸੀਂ ਆਪਣੀ ਭਗਤੀ, ਸੋਚ, ਆਪਣਾ ਚਾਲ-ਚਲਣ, ਸਰੀਰ ਤੇ ਘਰ-ਬਾਰ ਸ਼ੁੱਧ ਰੱਖਾਂਗੇ। ਪਰਮੇਸ਼ੁਰ ਦਾ ਗਿਆਨ ਸਾਨੂੰ ਸਿਖਾਉਂਦਾ ਅਤੇ ਇਸ ਕਾਬਲ ਬਣਾਉਂਦਾ ਹੈ ਕਿ ਅਸੀਂ ਦੁਨੀਆਂ ਵਿਚ ਹੋ ਰਹੇ ਸਭ ਤੋਂ ਜ਼ਰੂਰੀ ਕੰਮ ਵਿਚ ਪੂਰਾ-ਪੂਰਾ ਹਿੱਸਾ ਲਈਏ। ਕੀ ਤੁਸੀਂ ਸੰਗਠਨ ਦੇ ਪ੍ਰਬੰਧਾਂ ਦਾ ਪੂਰਾ ਫ਼ਾਇਦਾ ਉਠਾਉਂਦੇ ਹੋ?
ਰਾਜਾ ਆਪਣੇ ਸੇਵਕਾਂ ਨੂੰ ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨ ਲਈ ਸਿੱਖਿਆ ਦਿੰਦਾ ਹੈ
7. ਯਿਸੂ ਨੇ ਧਰਤੀ ’ਤੇ ਰਹਿੰਦਿਆਂ ਕਿਹੜਾ ਅਹਿਮ ਕੰਮ ਸ਼ੁਰੂ ਕੀਤਾ ਤੇ ਇਹ ਕਦੋਂ ਤਕ ਜਾਰੀ ਰਹਿਣਾ ਸੀ?
7 ਯਿਸੂ ਨੇ ਧਰਤੀ ’ਤੇ ਆਪਣੀ ਸੇਵਕਾਈ ਸ਼ੁਰੂ ਕਰਦਿਆਂ ਕਿਹਾ: “ਇਹ ਜ਼ਰੂਰੀ ਹੈ ਕਿ ਮੈਂ ਹੋਰਨਾਂ ਸ਼ਹਿਰਾਂ ਵਿਚ ਵੀ ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ, ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।” (ਲੂਕਾ 4:43) ਯਿਸੂ ਨੇ ਇਸ ਕੰਮ ਨੂੰ ਪੂਰਾ ਕਰਨ ਲਈ ਸਾਢੇ ਤਿੰਨ ਸਾਲਾਂ ਤਕ ਹੱਡ-ਤੋੜ ਮਿਹਨਤ ਕੀਤੀ। ਉਸ ਨੇ ਆਪਣੇ ਚੇਲਿਆਂ ਨੂੰ ਵੀ ਹੁਕਮ ਦਿੱਤਾ: “ਜਾਓ ਅਤੇ ਇਹ ਪ੍ਰਚਾਰ ਕਰੋ: ‘ਸਵਰਗ ਦਾ ਰਾਜ ਨੇੜੇ ਆ ਗਿਆ ਹੈ।’” (ਮੱਤੀ 10:7) ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਯਿਸੂ ਨੇ ਭਵਿੱਖਬਾਣੀ ਕੀਤੀ ਕਿ ਉਸ ਦੇ ਚੇਲੇ “ਧਰਤੀ ਦੇ ਕੋਨੇ-ਕੋਨੇ” ਤਕ ਇਹ ਸੰਦੇਸ਼ ਪਹੁੰਚਾਉਣਗੇ। (ਰਸੂ. 1:8) ਉਸ ਨੇ ਵਾਅਦਾ ਕੀਤਾ ਕਿ ਇਹ ਅਹਿਮ ਕੰਮ ਪੂਰਾ ਕਰਨ ਲਈ ਉਹ ਆਪਣੇ ਚੇਲਿਆਂ ਦਾ ਸਾਡੇ ਸਮੇਂ ਤਕ ਹਰ ਕਦਮ ’ਤੇ ਸਾਥ ਦੇਵੇਗਾ।
8. ਰਾਜੇ ਯਿਸੂ ਨੇ ਆਪਣੇ ਸੇਵਕਾਂ ਨੂੰ ਕਿਹੜੀ ਹੱਲਾਸ਼ੇਰੀ ਦਿੱਤੀ ਅਤੇ ਕਿਵੇਂ?
8 ਸਾਲ 1919 ਤਕ ‘ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ’ ਹੋਰ ਵੀ ਮਾਅਨੇ ਰੱਖਦਾ ਸੀ ਕਿਉਂਕਿ ਹੁਣ ਰਾਜਾ ਸਵਰਗ ਵਿਚ ਰਾਜ ਕਰ ਰਿਹਾ ਸੀ। (ਮੱਤੀ 24:14) ਨਾਲੇ ਯਿਸੂ ਨੇ ਧਰਤੀ ’ਤੇ ਆਪਣੇ ਚੇਲਿਆਂ ਨੂੰ ਸ਼ੁੱਧ ਕਰ ਕੇ ਇਕ ਛੋਟੇ ਜਿਹੇ ਗਰੁੱਪ ਵਜੋਂ ਇਕੱਠਾ ਕੀਤਾ। ਉਹ ਯਿਸੂ ਦਾ ਹੁਕਮ ਮੰਨਦੇ ਹੋਏ ਪੂਰੀ ਦੁਨੀਆਂ ਵਿਚ ਖ਼ੁਸ਼ੀ-ਖ਼ੁਸ਼ੀ ਐਲਾਨ ਕਰਨ ਲੱਗੇ ਕਿ ਪਰਮੇਸ਼ੁਰ ਦਾ ਰਾਜ ਸਵਰਗ ਵਿਚ ਕਾਇਮ ਹੋ ਗਿਆ ਹੈ! (ਰਸੂ. 10:42) ਮਿਸਾਲ ਲਈ, ਸਤੰਬਰ 1922 ਵਿਚ ਅਮਰੀਕਾ ਦੇ ਸੀਡਰ ਪਾਇੰਟ, ਓਹੀਓ ਵਿਚ ਇਕ ਅੰਤਰਰਾਸ਼ਟਰੀ ਜ਼ਿਲ੍ਹਾ ਸੰਮੇਲਨ ਹੋਇਆ ਜਿੱਥੇ ਪਰਮੇਸ਼ੁਰ ਦੇ ਰਾਜ ਦਾ ਪੱਖ ਲੈਣ ਵਾਲੇ ਤਕਰੀਬਨ 20,000 ਲੋਕ ਇਕੱਠੇ ਹੋਏ। ਜ਼ਰਾ ਸੋਚੋ ਕਿ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਹੋਣਾ ਜਦ ਭਰਾ ਰਦਰਫ਼ਰਡ ਨੇ “ਰਾਜ” ਨਾਂ ਦਾ ਭਾਸ਼ਣ ਦਿੰਦਿਆਂ ਕਿਹਾ: “ਦੇਖੋ, ਰਾਜਾ ਰਾਜ ਕਰ ਰਿਹਾ ਹੈ! ਤੁਸੀਂ ਉਸ ਦੇ ਪ੍ਰਚਾਰਕ ਹੋ। ਇਸ ਲਈ ਰਾਜੇ ਅਤੇ ਉਸ ਦੇ ਰਾਜ ਦਾ ਐਲਾਨ ਕਰੋ, ਐਲਾਨ ਕਰੋ, ਐਲਾਨ ਕਰੋ!” ਅਗਲੇ ਹੀ ਦਿਨ 2,000 ਭੈਣਾਂ-ਭਰਾਵਾਂ ਨੇ ਘਰ-ਘਰ ਜਾ ਕੇ ਪ੍ਰਚਾਰ ਕੀਤਾ ਤੇ ਉਨ੍ਹਾਂ ਵਿੱਚੋਂ ਕਈਆਂ ਨੇ ਤਾਂ ਸੰਮੇਲਨ ਦੀ ਜਗ੍ਹਾ ਤੋਂ 72 ਕਿਲੋਮੀਟਰ (45 ਮੀਲ) ਦੂਰ ਤਕ ਪ੍ਰਚਾਰ ਕੀਤਾ। ਇਕ ਭਰਾ ਨੇ ਕਿਹਾ: “ਮੈਂ ਉਸ ਸੰਮੇਲਨ ਨੂੰ ਅਤੇ ਉੱਥੇ ਹਾਜ਼ਰ ਭੈਣਾਂ-ਭਰਾਵਾਂ ਦੇ ਜੋਸ਼ ਨੂੰ ਕਦੀ ਨਹੀਂ ਭੁੱਲਾਂਗਾ ਜਦ ਸਾਨੂੰ ਰਾਜ ਦਾ ਐਲਾਨ ਕਰਨ ਦੀ ਹੱਲਾਸ਼ੇਰੀ ਮਿਲੀ ਸੀ।” ਉਸ ਵੇਲੇ ਇਸ ਭਰਾ ਵਾਂਗ ਬਹੁਤ ਸਾਰੇ ਭੈਣ-ਭਰਾ ਜੋਸ਼ ਨਾਲ ਭਰ ਗਏ ਸਨ।
9, 10. (ੳ) ਸਾਨੂੰ ਟ੍ਰੇਨਿੰਗ ਦੇਣ ਲਈ ਕਿਹੜੇ ਸਕੂਲਾਂ ਦਾ ਇੰਤਜ਼ਾਮ ਕੀਤਾ ਗਿਆ ਹੈ? (ਅ) ਇਸ ਟ੍ਰੇਨਿੰਗ ਨੇ ਤੁਹਾਡੀ ਕਿਵੇਂ ਮਦਦ ਕੀਤੀ ਹੈ?
9 ਸਾਲ 1922 ਤਕ 17,000 ਤੋਂ ਜ਼ਿਆਦਾ ਭੈਣ-ਭਰਾ 58 ਦੇਸ਼ਾਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਸਨ, ਪਰ ਉਨ੍ਹਾਂ ਨੂੰ ਇਸ ਕੰਮ ਲਈ ਟ੍ਰੇਨਿੰਗ ਦੀ ਲੋੜ ਸੀ। ਚੁਣੇ ਹੋਏ ਰਾਜੇ ਨੇ ਪਹਿਲੀ ਸਦੀ ਵਿਚ ਆਪਣੇ ਚੇਲਿਆਂ ਨੂੰ ਸਾਫ਼-ਸਾਫ਼ ਦੱਸਿਆ ਸੀ ਕਿ ਉਨ੍ਹਾਂ ਨੂੰ ਕਿਸ ਗੱਲ ਦਾ, ਕਿੱਥੇ ਤੇ ਕਿਵੇਂ ਪ੍ਰਚਾਰ ਕਰਨਾ ਚਾਹੀਦਾ ਹੈ। (ਮੱਤੀ 10:5-7; ਲੂਕਾ 9:1-6; 10:1-11) ਇਸੇ ਤਰ੍ਹਾਂ ਅੱਜ ਯਿਸੂ ਆਪਣੇ ਚੇਲਿਆਂ ਨੂੰ ਹਿਦਾਇਤਾਂ ਦੇ ਨਾਲ-ਨਾਲ ਬਹੁਤ ਸਾਰੇ ਪ੍ਰਕਾਸ਼ਨ ਵੀ ਦਿੰਦਾ ਹੈ ਤਾਂਕਿ ਉਹ ਅਸਰਦਾਰ ਤਰੀਕੇ ਨਾਲ ਪ੍ਰਚਾਰ ਕਰ ਸਕਣ। (2 ਤਿਮੋ. 3:17) ਮਸੀਹੀ ਮੰਡਲੀ ਰਾਹੀਂ ਯਿਸੂ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨਾ ਸਿਖਾਉਂਦਾ ਹੈ। ਮਿਸਾਲ ਲਈ, ਉਹ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਾਹੀਂ ਉਨ੍ਹਾਂ ਨੂੰ ਟ੍ਰੇਨਿੰਗ ਦਿੰਦਾ ਹੈ। ਇਹ ਸਕੂਲ 1,11,000 ਤੋਂ ਜ਼ਿਆਦਾ ਮੰਡਲੀਆਂ ਵਿਚ ਚਲਾਇਆ ਜਾਂਦਾ ਹੈ। ਇਸ ਸਕੂਲ ਦੀ ਮਦਦ ਨਾਲ 70 ਲੱਖ ਤੋਂ ਜ਼ਿਆਦਾ ਭੈਣ-ਭਰਾ ਸਿੱਖ ਰਹੇ ਹਨ ਕਿ ਉਨ੍ਹਾਂ ਨੂੰ “ਹਰ ਤਰ੍ਹਾਂ ਦੇ ਲੋਕਾਂ” ਨੂੰ ਵਧੀਆ ਤਰ੍ਹਾਂ ਨਾਲ ਸਿਖਾਉਣ ਲਈ ਕਿਵੇਂ ਪ੍ਰਚਾਰ ਕਰਨਾ ਚਾਹੀਦਾ ਹੈ।
10 ਇਸ ਸਕੂਲ ਤੋਂ ਇਲਾਵਾ ਕਈ ਹੋਰ ਬਾਈਬਲ ਸਕੂਲਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਤਾਂਕਿ ਬਜ਼ੁਰਗਾਂ, ਪਾਇਨੀਅਰਾਂ, ਕੁਆਰੇ ਭਰਾਵਾਂ, ਪਤੀ-ਪਤਨੀਆਂ, ਬ੍ਰਾਂਚ ਕਮੇਟੀ ਮੈਂਬਰਾਂ ਤੇ ਉਨ੍ਹਾਂ ਦੀਆਂ ਪਤਨੀਆਂ, ਸਫ਼ਰੀ ਨਿਗਾਹਬਾਨਾਂ ਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਮਿਸ਼ਨਰੀਆਂ ਨੂੰ ਟ੍ਰੇਨਿੰਗ ਮਿਲੇ। * ਪਤੀ-ਪਤਨੀਆਂ ਲਈ ਬਾਈਬਲ ਸਕੂਲ ਦੀ ਇਕ ਕਲਾਸ ਦੇ ਕੁਝ ਸਟੂਡੈਂਟਸ ਨੇ ਸ਼ੁਕਰਗੁਜ਼ਾਰੀ ਦਿਖਾਉਂਦੇ ਹੋਏ ਕਿਹਾ: “ਇਸ ਖ਼ਾਸ ਟ੍ਰੇਨਿੰਗ ਨੇ ਯਹੋਵਾਹ ਨਾਲ ਸਾਡਾ ਪਿਆਰ ਹੋਰ ਵੀ ਗੂੜ੍ਹਾ ਕੀਤਾ ਹੈ ਅਤੇ ਅਸੀਂ ਦੂਜਿਆਂ ਦੀ ਵਧੀਆ ਤਰੀਕੇ ਨਾਲ ਮਦਦ ਕਰਨ ਦੇ ਕਾਬਲ ਬਣੇ ਹਾਂ।”
11. ਵਿਰੋਧ ਦੇ ਬਾਵਜੂਦ ਯਿਸੂ ਦੇ ਚੇਲੇ ਪ੍ਰਚਾਰ ਕਰਨ ਵਿਚ ਕਿਵੇਂ ਲੱਗੇ ਰਹੇ ਹਨ?
11 ਸਾਡਾ ਦੁਸ਼ਮਣ ਸ਼ੈਤਾਨ ਬਹੁਤ ਗੁੱਸੇ ਵਿਚ ਹੈ ਕਿ ਪਰਮੇਸ਼ੁਰ ਦਾ ਸੰਗਠਨ ਵਧ-ਚੜ੍ਹ ਕੇ ਪ੍ਰਚਾਰ ਕਰਨ ਤੇ ਲੋਕਾਂ ਨੂੰ ਸਿਖਾਉਣ ਲਈ ਕਿੰਨੀ ਮਿਹਨਤ ਕਰਦਾ ਹੈ। ਇਸ ਲਈ ਉਹ ਨਾ ਸਿਰਫ਼ ਪ੍ਰਚਾਰਕਾਂ ਦਾ, ਸਗੋਂ ਸੱਚਾਈ ਦਾ ਵੀ ਵਿਰੋਧ ਕਰਦਾ ਹੈ। ਉਹ ਪ੍ਰਚਾਰ ਦੇ ਕੰਮ ਨੂੰ ਰੋਕਣ ਲਈ ਹਰ ਤਰ੍ਹਾਂ ਦਾ ਹੱਥਕੰਡਾ ਵਰਤਦਾ ਹੈ, ਪਰ ਉਹ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋਵੇਗਾ। ਯਹੋਵਾਹ ਨੇ ਆਪਣੇ ਬੇਟੇ ਨੂੰ ‘ਹਰ ਸਰਕਾਰ, ਅਧਿਕਾਰ, ਤਾਕਤ ਅਤੇ ਰਾਜ’ ਤੋਂ ਉੱਚਾ ਅਹੁਦਾ ਦਿੱਤਾ ਹੈ। (ਅਫ਼. 1:20-22) ਰਾਜਾ ਯਿਸੂ ਆਪਣਾ ਅਧਿਕਾਰ ਵਰਤਦੇ ਹੋਏ ਆਪਣੇ ਚੇਲਿਆਂ ਦੀ ਹਿਫਾਜ਼ਤ ਤੇ ਅਗਵਾਈ ਕਰਦਾ ਹੈ ਤਾਂਕਿ ਉਸ ਦੇ ਪਿਤਾ ਦੀ ਮਰਜ਼ੀ ਪੂਰੀ ਹੋਵੇ। * ਇਸ ਲਈ ਖ਼ੁਸ਼ ਖ਼ਬਰੀ ਦਾ ਪ੍ਰਚਾਰ ਦਿਨ-ਬਦਿਨ ਅੱਗੇ ਵਧ ਰਿਹਾ ਹੈ ਅਤੇ ਲੱਖਾਂ ਹੀ ਨੇਕਦਿਲ ਲੋਕ ਯਹੋਵਾਹ ਦੀ ਭਗਤੀ ਕਰਨੀ ਸਿੱਖ ਰਹੇ ਹਨ। ਸਾਡੇ ਲਈ ਇਸ ਸ਼ਾਨਦਾਰ ਕੰਮ ਵਿਚ ਹਿੱਸਾ ਲੈਣਾ ਕਿੰਨੇ ਮਾਣ ਦੀ ਗੱਲ ਹੈ!
ਰਾਜਾ ਕੰਮ ਨੂੰ ਅੱਗੇ ਵਧਾਉਣ ਲਈ ਆਪਣੇ ਸੇਵਕਾਂ ਲਈ ਇੰਤਜ਼ਾਮ ਕਰਦਾ ਹੈ
12. ਸਾਲ 1914 ਤੋਂ ਸੰਗਠਨ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ?
12 ਸਾਲ 1914 ਵਿਚ ਰਾਜ ਦੇ ਕਾਇਮ ਹੋਣ ਤੋਂ ਬਾਅਦ ਰਾਜੇ ਨੇ ਪਰਮੇਸ਼ੁਰ ਦੇ ਸੇਵਕਾਂ ਲਈ ਕਈ ਇੰਤਜ਼ਾਮ ਕੀਤੇ ਹਨ ਤਾਂਕਿ ਉਹ ਹੋਰ ਵੀ ਚੰਗੀ ਤਰ੍ਹਾਂ ਯਹੋਵਾਹ ਦੀ ਮਰਜ਼ੀ ਪੂਰੀ ਕਰ ਸਕਣ। (ਯਸਾਯਾਹ 60:17 ਪੜ੍ਹੋ।) 1919 ਤੋਂ ਹਰ ਮੰਡਲੀ ਵਿਚ ਪ੍ਰਚਾਰ ਦੀ ਅਗਵਾਈ ਕਰਨ ਲਈ ਇਕ ਸਰਵਿਸ ਡਾਇਰੈਕਟਰ ਚੁਣਿਆ ਗਿਆ। ਫਿਰ 1927 ਵਿਚ ਇਹ ਪ੍ਰਬੰਧ ਕੀਤਾ ਗਿਆ ਕਿ ਭੈਣ-ਭਰਾ ਹਰ ਐਤਵਾਰ ਨੂੰ ਘਰ-ਘਰ ਪ੍ਰਚਾਰ ਕਰਨ। ਸਾਲ 1931 ਵਿਚ ਪਰਮੇਸ਼ੁਰ ਦੇ ਸੇਵਕ ਬਾਈਬਲ ਮੁਤਾਬਕ ਯਹੋਵਾਹ ਦੇ ਗਵਾਹਾਂ ਵਜੋਂ ਜਾਣੇ ਜਾਣ ਲੱਗੇ ਜਿਸ ਕਾਰਨ ਉਹ ਰਾਜ ਦੇ ਕੰਮਾਂ ਨੂੰ ਹੋਰ ਵੀ ਜ਼ੋਰਾਂ-ਸ਼ੋਰਾਂ ਨਾਲ ਕਰਨ ਲੱਗੇ। (ਯਸਾ. 43:10-12) 1938 ਤੋਂ ਮੰਡਲੀ ਦੇ ਜ਼ਿੰਮੇਵਾਰ ਭਰਾ ਵੋਟਾਂ ਰਾਹੀਂ ਚੁਣੇ ਜਾਣ ਦੀ ਬਜਾਇ ਬਾਈਬਲ ਦੀਆਂ ਮੰਗਾਂ ਮੁਤਾਬਕ ਚੁਣੇ ਜਾਣ ਲੱਗੇ। ਇਸ ਤੋਂ ਬਾਅਦ 1972 ਵਿਚ ਫ਼ੈਸਲਾ ਕੀਤਾ ਗਿਆ ਕਿ ਸਿਰਫ਼ ਇਕ ਬਜ਼ੁਰਗ ਨਹੀਂ, ਸਗੋਂ ਕਈ ਬਜ਼ੁਰਗ ਮਿਲ ਕੇ ਮੰਡਲੀ ਦੀ ਦੇਖ-ਭਾਲ ਕਰਨਗੇ। ਮੰਡਲੀ ਦੇ ਕਾਬਲ ਭਰਾਵਾਂ ਨੂੰ ਹੱਲਾਸ਼ੇਰੀ ਦਿੱਤੀ ਗਈ ਕਿ ਉਹ ਬਜ਼ੁਰਗ ਜਾਂ ਸਹਾਇਕ ਸੇਵਕ ਬਣਨ ਤਾਂਕਿ ਉਹ “ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ” ਕਰ ਸਕਣ। (1 ਪਤ. 5:2) 1976 ਵਿਚ ਪ੍ਰਬੰਧਕ ਸਭਾ ਨੇ ਛੇ ਕਮੇਟੀਆਂ ਬਣਾਈਆਂ। ਇਸ ਸਭਾ ਦੇ ਵੱਖੋ-ਵੱਖਰੇ ਮੈਂਬਰ ਇਨ੍ਹਾਂ ਕਮੇਟੀਆਂ ਦੀ ਅਗਵਾਈ ਕਰ ਕੇ ਪੂਰੀ ਦੁਨੀਆਂ ਵਿਚ ਰਾਜ ਦੇ ਕੰਮ ਦੀ ਦੇਖ-ਭਾਲ ਕਰਦੇ ਹਨ। ਵਾਕਈ, ਯਹੋਵਾਹ ਦੇ ਚੁਣੇ ਰਾਜੇ ਨੇ ਹੌਲੀ-ਹੌਲੀ ਆਪਣੇ ਚੇਲਿਆਂ ਲਈ ਇਹ ਸਾਰੇ ਇੰਤਜ਼ਾਮ ਕੀਤੇ ਤਾਂਕਿ ਸੰਗਠਨ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਚਲਾਇਆ ਜਾਵੇ।
13. ਰਾਜੇ ਦੇ 100 ਸਾਲਾਂ ਦੌਰਾਨ ਕੀਤੇ ਕੰਮਾਂ ਦਾ ਤੁਹਾਡੀ ਜ਼ਿੰਦਗੀ ’ਤੇ ਕੀ ਅਸਰ ਪਿਆ ਹੈ?
13 ਜ਼ਰਾ ਸੋਚੋ ਕਿ ਰਾਜੇ ਯਿਸੂ ਮਸੀਹ ਨੇ ਆਪਣੇ ਰਾਜ ਦੇ ਪਹਿਲੇ 100 ਸਾਲਾਂ ਦੌਰਾਨ ਕਿੰਨਾ ਕੁਝ ਕੀਤਾ ਹੈ! ਉਸ ਨੇ ਆਪਣੇ ਲੋਕਾਂ ਨੂੰ ਸ਼ੁੱਧ ਕੀਤਾ ਹੈ ਤਾਂਕਿ ਉਹ ਯਹੋਵਾਹ ਦੇ ਗਵਾਹਾਂ ਵਜੋਂ ਪਛਾਣੇ ਜਾਣ ਦੇ ਲਾਇਕ ਬਣਨ। ਉਸ ਨੇ 239 ਦੇਸ਼ਾਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੀ ਅਗਵਾਈ ਕੀਤੀ ਹੈ ਅਤੇ ਲੱਖਾਂ ਹੀ ਲੋਕਾਂ ਨੂੰ ਯਹੋਵਾਹ ਦੀ ਭਗਤੀ ਕਰਨੀ ਸਿਖਾਈ ਹੈ। ਨਾਲੇ ਉਸ ਨੇ 70 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਪਰਜਾ ਵਜੋਂ ਇਕੱਠਾ ਕੀਤਾ ਹੈ। ਇਹ ਸਾਰੇ ਖ਼ੁਸ਼ੀ-ਖ਼ੁਸ਼ੀ ਉਸ ਦੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਤਿਆਰ ਹਨ। (ਜ਼ਬੂ. 110:3) ਯਿਸੂ ਮਸੀਹ ਦੇ ਰਾਜ ਰਾਹੀਂ ਯਹੋਵਾਹ ਨੇ ਸੱਚ-ਮੁੱਚ ਵੱਡੇ-ਵੱਡੇ ਤੇ ਸ਼ਾਨਦਾਰ ਕੰਮ ਕੀਤੇ ਹਨ। ਪਰ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਨਾਲੋਂ ਵੀ ਦਿਲਚਸਪ ਘਟਨਾਵਾਂ ਵਾਪਰਨਗੀਆਂ!
ਯਿਸੂ ਮਸੀਹ ਦੇ ਰਾਜ ਰਾਹੀਂ ਮਿਲਣ ਵਾਲੀਆਂ ਬਰਕਤਾਂ
14. (ੳ) ਜਦ ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ ਕਿ “ਤੇਰਾ ਰਾਜ ਆਵੇ,” ਤਾਂ ਇਸ ਦਾ ਕੀ ਮਤਲਬ ਹੈ? (ਅ) 2014 ਲਈ ਬਾਈਬਲ ਦਾ ਹਵਾਲਾ ਕਿੱਥੋਂ ਲਿਆ ਗਿਆ ਹੈ ਅਤੇ ਇਹ ਕਿਉਂ ਢੁਕਵਾਂ ਹੈ?
14 ਹਾਲਾਂਕਿ 1914 ਵਿਚ ਯਹੋਵਾਹ ਨੇ ਆਪਣੇ ਬੇਟੇ ਯਿਸੂ ਮਸੀਹ ਨੂੰ ਸਵਰਗ ਵਿਚ ਰਾਜਾ ਬਣਾਇਆ, ਫਿਰ ਵੀ ਸਾਨੂੰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ ਕਿ “ਤੇਰਾ ਰਾਜ ਆਵੇ।” (ਮੱਤੀ 6:10) ਕਿਉਂ? ਕਿਉਂਕਿ ਬਾਈਬਲ ਵਿਚ ਪਹਿਲਾਂ ਹੀ ਕਿਹਾ ਗਿਆ ਸੀ ਕਿ ਯਿਸੂ “ਆਪਣੇ ਵੈਰੀਆਂ ਦੇ ਵਿਚਕਾਰ ਰਾਜ” ਕਰੇਗਾ। (ਜ਼ਬੂ. 110:2) ਇਸ ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਸ਼ੈਤਾਨ ਦੇ ਕੰਟ੍ਰੋਲ ਵਿਚ ਹਨ ਅਤੇ ਉਹ ਅਜੇ ਵੀ ਪਰਮੇਸ਼ੁਰ ਦੇ ਰਾਜ ਖ਼ਿਲਾਫ਼ ਖੜ੍ਹੀਆਂ ਹਨ। ਸੋ ਜਦ ਅਸੀਂ ਪ੍ਰਾਰਥਨਾ ਵਿਚ ਪਰਮੇਸ਼ੁਰ ਨੂੰ ਕਹਿੰਦੇ ਹਾਂ ਕਿ ਉਸ ਦਾ ਰਾਜ ਆਵੇ, ਤਾਂ ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਰਾਜਾ ਯਿਸੂ ਮਸੀਹ ਆਪਣੇ 1,44,000 ਰਾਜਿਆਂ ਨਾਲ ਮਿਲ ਕੇ ਧਰਤੀ ਉੱਤੋਂ ਬਾਗ਼ੀ ਇਨਸਾਨਾਂ ਅਤੇ ਸਰਕਾਰਾਂ ਦਾ ਖ਼ਾਤਮਾ ਕਰੇ। ਇਸ ਤਰ੍ਹਾਂ ਦਾਨੀਏਲ 2:44 ਦੀ ਭਵਿੱਖਬਾਣੀ ਪੂਰੀ ਹੋਵੇਗੀ ਕਿ ਪਰਮੇਸ਼ੁਰ ਦਾ ਰਾਜ ‘ਇਨ੍ਹਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇ।’ ਇਹ ਰਾਜ ਪਰਮੇਸ਼ੁਰ ਖ਼ਿਲਾਫ਼ ਖੜ੍ਹੀਆਂ ਸਾਰੀਆਂ ਹਕੂਮਤਾਂ ਨੂੰ ਮਿੱਟੀ ਵਿਚ ਮਿਲਾ ਦੇਵੇਗਾ ਤੇ ਇਸ ਤਰ੍ਹਾਂ ਸਾਨੂੰ ਆਪਣੀ ਪ੍ਰਾਰਥਨਾ ਦਾ ਜਵਾਬ ਮਿਲੇਗਾ। (ਪ੍ਰਕਾ. 6:1, 2; 13:1-18; 19:11-21) ਉਹ ਸਮਾਂ ਹੁਣ ਦਰਵਾਜ਼ੇ ’ਤੇ ਹੈ। ਇਸ ਕਰਕੇ 2014 ਲਈ ਬਾਈਬਲ ਦਾ ਹਵਾਲਾ ਮੱਤੀ 6:10 ਤੋਂ ਲਿਆ ਗਿਆ ਹੈ ਕਿ “ਤੇਰਾ ਰਾਜ ਆਵੇ।” ਹਾਂ, ਸੋਚੋ ਕਿ ਪਰਮੇਸ਼ੁਰ ਦੇ ਰਾਜ ਨੂੰ ਸਵਰਗ ਵਿਚ ਹਕੂਮਤ ਕਰਦਿਆਂ 100 ਸਾਲ ਹੋ ਚੁੱਕੇ ਹਨ!
2014 ਲਈ ਬਾਈਬਲ ਦਾ ਹਵਾਲਾ: “ਤੇਰਾ ਰਾਜ ਆਵੇ।”
15, 16. (ੳ) ਹਜ਼ਾਰ ਸਾਲ ਦੇ ਰਾਜ ਦੌਰਾਨ ਕਿਹੜੀਆਂ ਦਿਲਚਸਪ ਘਟਨਾਵਾਂ ਵਾਪਰਨਗੀਆਂ? (ਅ) ਆਖ਼ਰ ਵਿਚ ਰਾਜਾ ਯਿਸੂ ਮਸੀਹ ਕੀ ਕਰੇਗਾ ਅਤੇ ਇਸ ਗੱਲ ਦਾ ਪਰਮੇਸ਼ੁਰ ਦੇ ਮਕਸਦ ਨਾਲ ਕੀ ਤਅੱਲਕ ਹੈ?
15 ਪਰਮੇਸ਼ੁਰ ਦੇ ਦੁਸ਼ਮਣਾਂ ਦਾ ਖ਼ਾਤਮਾ ਕਰਨ ਤੋਂ ਬਾਅਦ ਯਿਸੂ ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਨੂੰ 1,000 ਸਾਲਾਂ ਲਈ ਅਥਾਹ ਕੁੰਡ ਵਿਚ ਸੁੱਟ ਦੇਵੇਗਾ। (ਪ੍ਰਕਾ. 20:1-3) ਇੱਦਾਂ ਪਰਮੇਸ਼ੁਰ ਦਾ ਰਾਜ ਸਾਡੇ ਉੱਤੋਂ ਸ਼ੈਤਾਨ ਦਾ ਸਾਇਆ ਦੂਰ ਕਰੇਗਾ ਅਤੇ ਸਾਨੂੰ ਯਿਸੂ ਦੀ ਕੁਰਬਾਨੀ ਦੇ ਫ਼ਾਇਦੇ ਦੇਵੇਗਾ ਜਿਸ ਨਾਲ ਆਦਮ ਦੇ ਪਾਪ ਦੇ ਅਸਰ ਮਿਟਾਏ ਜਾਣਗੇ। ਨਾਲੇ ਰਾਜਾ ਲੱਖਾਂ-ਕਰੋੜਾਂ ਲੋਕਾਂ ਨੂੰ ਮੌਤ ਦੀ ਨੀਂਦ ਤੋਂ ਜਗਾਏਗਾ ਅਤੇ ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਉਣ ਦਾ ਇੰਤਜ਼ਾਮ ਕਰੇਗਾ। (ਪ੍ਰਕਾ. 20:12, 13) ਆਖ਼ਰ ਵਿਚ ਪੂਰੀ ਧਰਤੀ ਅਦਨ ਦੇ ਬਾਗ਼ ਵਾਂਗ ਖੂਬਸੂਰਤ ਬਣਾਈ ਜਾਵੇਗੀ ਅਤੇ ਸਾਰੇ ਵਫ਼ਾਦਾਰ ਇਨਸਾਨ ਮੁਕੰਮਲ ਬਣਾਏ ਜਾਣਗੇ।
16 ਮਸੀਹ ਦੇ ਹਜ਼ਾਰ ਸਾਲ ਦੇ ਰਾਜ ਤੋਂ ਬਾਅਦ ਧਰਤੀ ਲਈ ਯਹੋਵਾਹ ਦਾ ਮਕਸਦ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਯਿਸੂ ਆਪਣੇ ਪਿਤਾ ਨੂੰ ਰਾਜ ਵਾਪਸ ਸੌਂਪ ਦੇਵੇਗਾ। (1 ਕੁਰਿੰਥੀਆਂ 15:24-28 ਪੜ੍ਹੋ।) ਫਿਰ ਯਹੋਵਾਹ ਅਤੇ ਇਨਸਾਨਾਂ ਵਿਚਕਾਰ ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ ਹੋਵੇਗੀ। ਸਵਰਗ ਵਿਚ ਪਰਮੇਸ਼ੁਰ ਦੇ ਸਾਰੇ ਪੁੱਤਰ ਅਤੇ ਧਰਤੀ ’ਤੇ ਉਸ ਦੇ ਸਾਰੇ ਬੱਚੇ ਇਕ ਪਰਿਵਾਰ ਵਜੋਂ ਆਪਣੇ ਸਵਰਗੀ ਪਿਤਾ ਨਾਲ ਏਕਤਾ ਵਿਚ ਬੱਝੇ ਹੋਏ ਹੋਣਗੇ।
17. ਤੁਸੀਂ ਪਰਮੇਸ਼ੁਰ ਦੇ ਰਾਜ ਲਈ ਕੀ ਕਰੋਗੇ?
17 ਰਾਜ ਦੇ ਪਹਿਲੇ 100 ਸਾਲਾਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਸਾਨੂੰ ਪੂਰਾ ਭਰੋਸਾ ਮਿਲਦਾ ਹੈ ਕਿ ਸਭ ਕੁਝ ਯਹੋਵਾਹ ਦੇ ਹੱਥਾਂ ਵਿਚ ਹੈ ਅਤੇ ਧਰਤੀ ਲਈ ਉਸ ਦਾ ਮਕਸਦ ਪੂਰਾ ਹੋ ਕੇ ਰਹੇਗਾ। ਆਓ ਆਪਾਂ ਪਰਮੇਸ਼ੁਰ ਦੇ ਵਫ਼ਾਦਾਰ ਬਣੇ ਰਹੀਏ ਤੇ ਰਾਜੇ ਯਿਸੂ ਅਤੇ ਉਸ ਦੇ ਰਾਜ ਦਾ ਐਲਾਨ ਕਰਦੇ ਰਹੀਏ। ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਬਹੁਤ ਜਲਦ ਸਾਡੀ ਦਿਲੋਂ ਕੀਤੀ ਇਸ ਦੁਆ ਦਾ ਜਵਾਬ ਦੇਵੇਗਾ ਕਿ ਹੇ ਪਰਮੇਸ਼ੁਰ “ਤੇਰਾ ਰਾਜ ਆਵੇ”!
^ ਪੇਰਗ੍ਰੈਫ 10 15 ਸਤੰਬਰ 2012 ਦੇ ਪਹਿਰਾਬੁਰਜ ਵਿਚ ਸਫ਼ੇ 13-17 ਉੱਤੇ “ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲ—ਯਹੋਵਾਹ ਦੇ ਪਿਆਰ ਦਾ ਸਬੂਤ” ਨਾਂ ਦਾ ਲੇਖ ਦੇਖੋ।
^ ਪੇਰਗ੍ਰੈਫ 11 ਵੱਖੋ-ਵੱਖਰੇ ਦੇਸ਼ਾਂ ਵਿਚ ਮਿਲੀਆਂ ਕਾਨੂੰਨੀ ਜਿੱਤਾਂ ਬਾਰੇ ਜਾਣਨ ਲਈ 15 ਜੁਲਾਈ 2011 ਸਫ਼ੇ 4-9, 15 ਅਗਸਤ 2012 ਸਫ਼ਾ 17 ਅਤੇ 15 ਅਗਸਤ 2013 ਸਫ਼ਾ 30 ਦੇ ਪਹਿਰਾਬੁਰਜ ਦੇਖੋ।