Skip to content

Skip to table of contents

ਯਹੋਵਾਹ—ਸਾਡਾ ਜਿਗਰੀ ਦੋਸਤ

ਯਹੋਵਾਹ—ਸਾਡਾ ਜਿਗਰੀ ਦੋਸਤ

“[ਅਬਰਾਹਾਮ] ‘ਯਹੋਵਾਹ ਦਾ ਦੋਸਤ’ ਕਹਾਇਆ ਗਿਆ।”ਯਾਕੂ. 2:23.

1. ਪਰਮੇਸ਼ੁਰ ਦੇ “ਸਰੂਪ” ’ਤੇ ਬਣੇ ਹੋਣ ਕਾਰਨ ਸਾਡੇ ਕੋਲ ਕਿਹੜੀ ਕਾਬਲੀਅਤ ਹੈ?

“ਜਿਹਾ ਪਿਓ ਤਿਹਾ ਪੁੱਤ।” ਅਸੀਂ ਕਈ ਵਾਰ ਇਹ ਕਹਾਵਤ ਲੋਕਾਂ ਕੋਲੋਂ ਸੁਣਦੇ ਹਾਂ ਕਿਉਂਕਿ ਅਕਸਰ ਬੱਚੇ ਆਪਣੇ ਮਾਪਿਆਂ ’ਤੇ ਜਾਂਦੇ ਹਨ। ਜੋ ਖੂਬੀਆਂ ਮਾਪਿਆਂ ਵਿਚ ਹੁੰਦੀਆਂ ਹਨ, ਉਹੀ ਬੱਚਿਆਂ ਵਿਚ ਵੀ ਦੇਖਣ ਨੂੰ ਮਿਲਦੀਆਂ ਹਨ। ਸਾਡੇ ਸਵਰਗੀ ਪਿਤਾ ਯਹੋਵਾਹ ਨੇ ਸਾਨੂੰ ਜ਼ਿੰਦਗੀ ਬਖ਼ਸ਼ੀ ਹੈ। (ਜ਼ਬੂ. 36:9) ਇਸ ਲਈ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ ਜਿਸ ਕਰਕੇ ਕੁਝ ਹੱਦ ਤਕ ਸਾਡੇ ਵਿਚ ਉਸ ਦੀਆਂ ਖੂਬੀਆਂ ਹਨ। ਉਸ ਨੇ ਸਾਨੂੰ ਆਪਣੇ “ਸਰੂਪ” ’ਤੇ ਬਣਾਇਆ ਹੈ, ਇਸ ਲਈ ਸਾਡੇ ਕੋਲ ਸੋਚਣ-ਸਮਝਣ ਅਤੇ ਫ਼ੈਸਲੇ ਕਰਨ ਦੀ ਕਾਬਲੀਅਤ ਹੈ ਤੇ ਅਸੀਂ ਦੂਜਿਆਂ ਨਾਲ ਗੂੜ੍ਹੀ ਦੋਸਤੀ ਕਰ ਸਕਦੇ ਹਾਂ।ਉਤ. 1:26.

2. ਸਾਡੇ ਲਈ ਯਹੋਵਾਹ ਨਾਲ ਦੋਸਤੀ ਕਰਨੀ ਕਿਵੇਂ ਮੁਮਕਿਨ ਹੋਈ ਹੈ?

2 ਯਹੋਵਾਹ ਸਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਹੈ ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ। ਨਾਲੇ ਜੇ ਅਸੀਂ ਪਰਮੇਸ਼ੁਰ ਦੇ ਗੂੜ੍ਹੇ ਦੋਸਤ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਉੱਤੇ ਅਤੇ ਉਸ ਦੇ ਬੇਟੇ ’ਤੇ ਨਿਹਚਾ ਕਰਨੀ ਚਾਹੀਦੀ ਹੈ। ਯਿਸੂ ਨੇ ਕਿਹਾ: “ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।” (ਯੂਹੰ. 3:16) ਸਾਡੇ ਕੋਲ ਬਹੁਤ ਸਾਰੇ ਲੋਕਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਯਹੋਵਾਹ ਨਾਲ ਗੂੜ੍ਹੀ ਦੋਸਤੀ ਕੀਤੀ। ਆਓ ਅਸੀਂ ਦੋ ਮਿਸਾਲਾਂ ’ਤੇ ਗੌਰ ਕਰੀਏ।

‘ਮੇਰਾ ਦੋਸਤ ਅਬਰਾਹਾਮ’

3, 4. ਯਹੋਵਾਹ ਨਾਲ ਅਬਰਾਹਾਮ ਅਤੇ ਇਜ਼ਰਾਈਲੀਆਂ ਦੀ ਦੋਸਤੀ ਵਿਚ ਕੀ ਫ਼ਰਕ ਸੀ?

3 ਯਹੋਵਾਹ ਨੇ ਇਜ਼ਰਾਈਲੀਆਂ ਦੇ ਪੂਰਵਜ ਅਬਰਾਹਾਮ ਨੂੰ ‘ਮੇਰਾ ਦੋਸਤ’ ਕਹਿ ਕੇ  ਬੁਲਾਇਆ। (ਯਸਾ. 41:8) ਦੂਜਾ ਇਤਹਾਸ 20:7 ਵਿਚ ਵੀ ਉਸ ਨੂੰ ਪਰਮੇਸ਼ੁਰ ਦਾ ਮਿੱਤਰ ਕਿਹਾ ਗਿਆ ਹੈ। ਪਰ ਅਬਰਾਹਾਮ ਆਪਣੇ ਸਿਰਜਣਹਾਰ ਨਾਲ ਪੱਕੀ ਦੋਸਤੀ ਕਿਵੇਂ ਕਰ ਸਕਿਆ? ਆਪਣੀ ਮਜ਼ਬੂਤ ਨਿਹਚਾ ਕਰਕੇ।ਉਤ. 15:6; ਯਾਕੂਬ 2:21-23 ਪੜ੍ਹੋ।

4 ਯਹੋਵਾਹ ਅਬਰਾਹਾਮ ਦੀ ਔਲਾਦ ਯਾਨੀ ਇਜ਼ਰਾਈਲੀ ਕੌਮ ਦਾ ਵੀ ਪਿਤਾ ਅਤੇ ਦੋਸਤ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਦੀ ਦੋਸਤੀ ਪਰਮੇਸ਼ੁਰ ਨਾਲ ਟੁੱਟ ਗਈ। ਕਿਉਂ? ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਵਾਅਦਿਆਂ ’ਤੇ ਨਿਹਚਾ ਨਹੀਂ ਕੀਤੀ।

5, 6. (ੳ) ਯਹੋਵਾਹ ਤੁਹਾਡਾ ਦੋਸਤ ਕਿਵੇਂ ਬਣਿਆ ਹੈ? (ਅ) ਸਾਨੂੰ ਖ਼ੁਦ ਨੂੰ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

5 ਜਿੰਨਾ ਜ਼ਿਆਦਾ ਤੁਸੀਂ ਯਹੋਵਾਹ ਬਾਰੇ ਸਿੱਖਦੇ ਹੋ, ਉੱਨੀ ਜ਼ਿਆਦਾ ਤੁਹਾਡੀ ਨਿਹਚਾ ਮਜ਼ਬੂਤ ਹੁੰਦੀ ਜਾਂਦੀ ਹੈ ਅਤੇ ਉਸ ਨਾਲ ਤੁਹਾਡਾ ਪਿਆਰ ਗਹਿਰਾ ਹੁੰਦਾ ਜਾਂਦਾ ਹੈ। ਜ਼ਰਾ ਉਹ ਸਮਾਂ ਯਾਦ ਕਰੋ ਜਦ ਤੁਸੀਂ ਪਹਿਲੀ ਵਾਰ ਇਹ ਜਾਣਿਆ ਕਿ ਪਰਮੇਸ਼ੁਰ ਅਜਿਹਾ ਸ਼ਖ਼ਸ ਹੈ ਜਿਸ ਨਾਲ ਤੁਸੀਂ ਗੂੜ੍ਹੀ ਦੋਸਤੀ ਕਰ ਸਕਦੇ ਹੋ। ਤੁਸੀਂ ਇਹ ਵੀ ਸਿੱਖਿਆ ਕਿ ਆਦਮ ਦੀ ਅਣਆਗਿਆਕਾਰੀ ਕਰਕੇ ਅਸੀਂ ਸਾਰੇ ਪਾਪੀ ਹਾਂ ਅਤੇ ਜ਼ਿਆਦਾਤਰ ਇਨਸਾਨਾਂ ਦਾ ਪਰਮੇਸ਼ੁਰ ਨਾਲ ਕੋਈ ਰਿਸ਼ਤਾ ਨਹੀਂ ਹੈ। (ਕੁਲੁ. 1:21) ਫਿਰ ਤੁਹਾਨੂੰ ਇਹ ਵੀ ਪਤਾ ਲੱਗਾ ਕਿ ਸਾਡਾ ਸਵਰਗੀ ਪਿਤਾ ਸਾਡੇ ਤੋਂ ਦੂਰ ਨਹੀਂ ਹੈ ਅਤੇ ਉਸ ਨੂੰ ਸਾਡਾ ਬਹੁਤ ਫ਼ਿਕਰ ਹੈ। ਨਾਲੇ ਅਸੀਂ ਸਿੱਖਿਆ ਕਿ ਯਿਸੂ ਨੇ ਸਾਡੀ ਖ਼ਾਤਰ ਆਪਣੀ ਜਾਨ ਦਿੱਤੀ ਅਤੇ ਉਸ ਦੀ ਕੁਰਬਾਨੀ ’ਤੇ ਨਿਹਚਾ ਕਰਨ ਨਾਲ ਅਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹਾਂ।

6 ਇਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰਦਿਆਂ ਖ਼ੁਦ ਨੂੰ ਪੁੱਛੋ: ‘ਕੀ ਮੈਂ ਪਰਮੇਸ਼ੁਰ ਨਾਲ ਆਪਣੀ ਦੋਸਤੀ ਪੱਕੀ ਕਰ ਰਿਹਾ ਹਾਂ? ਕੀ ਮੈਨੂੰ ਯਹੋਵਾਹ ’ਤੇ ਪੱਕਾ ਭਰੋਸਾ ਹੈ ਅਤੇ ਕੀ ਮੈਂ ਉਸ ਨਾਲ ਆਪਣਾ ਪਿਆਰ ਦਿਨੋ-ਦਿਨ ਗੂੜ੍ਹਾ ਕਰ ਰਿਹਾ ਹਾਂ?’ ਪੁਰਾਣੇ ਜ਼ਮਾਨੇ ਵਿਚ ਗਿਦਾਊਨ ਨਾਂ ਦਾ ਇਕ ਬੰਦਾ ਸੀ ਜੋ ਪਰਮੇਸ਼ੁਰ ਦਾ ਗੂੜ੍ਹਾ ਦੋਸਤ ਸੀ। ਆਓ ਆਪਾਂ ਉਸ ਬਾਰੇ ਸਿੱਖੀਏ ਅਤੇ ਉਸ ਦੀ ਵਧੀਆ ਮਿਸਾਲ ’ਤੇ ਚੱਲੀਏ।

“ਯਹੋਵਾਹ ਸ਼ਾਂਤੀ ਹੈ”

7-9. (ੳ) ਗਿਦਾਊਨ ਨਾਲ ਕੀ ਵਾਪਰਿਆ ਅਤੇ ਇਸ ਦਾ ਨਤੀਜਾ ਕੀ ਨਿਕਲਿਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਅਸੀਂ ਪਰਮੇਸ਼ੁਰ ਦੇ ਦੋਸਤ ਕਿਵੇਂ ਬਣ ਸਕਦੇ ਹਾਂ?

7 ਗਿਦਾਊਨ ਉਦੋਂ ਨਿਆਈ ਵਜੋਂ ਪਰਮੇਸ਼ੁਰ ਦੀ ਸੇਵਾ ਕਰਦਾ ਸੀ ਜਦ ਇਜ਼ਰਾਈਲੀਆਂ ਦੇ ਹਾਲਾਤ ਬਹੁਤ ਵਿਗੜੇ ਹੋਏ ਸਨ। ਉਸ ਸਮੇਂ ਮਿਦਯਾਨੀ ਲੋਕ ਇਜ਼ਰਾਈਲੀ ਕੌਮ ਲਈ ਖ਼ਤਰਾ ਬਣੇ ਹੋਏ ਸਨ। ਇਸ ਕਰਕੇ ਗਿਦਾਊਨ ਖੁੱਲ੍ਹੀ ਥਾਂ ਦੀ ਬਜਾਇ ਇਕ ਚੁਬੱਚੇ ਵਿਚ ਕਣਕ ਛੱਟ ਰਿਹਾ ਸੀ ਤਾਂਕਿ ਉਹ ਇਸ ਨੂੰ ਛੇਤੀ ਲੁਕਾ ਸਕੇ। ਨਿਆਈਆਂ ਦੇ 6ਵੇਂ ਅਧਿਆਇ ਵਿਚ ਦੱਸਿਆ ਗਿਆ ਹੈ ਕਿ ਇਸ ਸਮੇਂ ਯਹੋਵਾਹ ਦਾ ਫ਼ਰਿਸ਼ਤਾ ਆਫ਼ਰਾਹ ਨਾਂ ਦੀ ਜਗ੍ਹਾ ’ਤੇ ਗਿਦਾਊਨ ਨੂੰ ਮਿਲਣ ਆਇਆ। ਗਿਦਾਊਨ ਬੜਾ ਹੈਰਾਨ ਹੋਇਆ ਜਦ ਫ਼ਰਿਸ਼ਤੇ ਨੇ ਉਸ ਨੂੰ ‘ਤਕੜਾ ਸੂਰਬੀਰ’ ਕਹਿ ਕੇ ਬੁਲਾਇਆ। ਹਾਲਾਂਕਿ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਛੁਡਾਇਆ ਸੀ, ਫਿਰ ਵੀ ਗਿਦਾਊਨ ਨੂੰ ਸ਼ੱਕ ਸੀ ਕਿ ਪਤਾ ਨਹੀਂ ਪਰਮੇਸ਼ੁਰ ਇਸ ਵਾਰ ਉਨ੍ਹਾਂ ਦੀ ਮਦਦ ਕਰੇਗਾ ਜਾਂ ਨਹੀਂ। ਫ਼ਰਿਸ਼ਤੇ ਨੇ ਯਹੋਵਾਹ ਵੱਲੋਂ ਬੋਲਦੇ ਹੋਏ ਗਿਦਾਊਨ ਨੂੰ ਯਕੀਨ ਦਿਵਾਇਆ ਕਿ ਪਰਮੇਸ਼ੁਰ ਉਸ ਦੇ ਨਾਲ ਹੈ।

8 ਗਿਦਾਊਨ ਜਾਣਨਾ ਚਾਹੁੰਦਾ ਸੀ ਕਿ ਉਹ ਆਪ “ਇਸਰਾਏਲ ਨੂੰ ਮਿਦਯਾਨੀਆਂ ਦੇ ਹੱਥੋਂ” ਕਿਵੇਂ ਛੁਡਾ ਸਕੇਗਾ। ਯਹੋਵਾਹ ਨੇ ਫ਼ਰਿਸ਼ਤੇ ਰਾਹੀਂ ਸਾਫ਼-ਸਾਫ਼ ਦੱਸਿਆ: “ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ ਅਤੇ ਤੂੰ ਮਿਦਯਾਨੀਆਂ ਨੂੰ ਇੱਕੇ ਮਨੁੱਖ ਵਾਂਗਰ ਵੱਢ ਸੁੱਟੇਂਗਾ।” (ਨਿਆ. 6:11-16) ਪਰ ਸ਼ਾਇਦ ਗਿਦਾਊਨ ਅਜੇ ਵੀ ਸ਼ੱਕ ਕਰ ਰਿਹਾ ਸੀ, ਇਸ ਲਈ ਉਸ ਨੇ ਪਰਮੇਸ਼ੁਰ ਕੋਲੋਂ ਇਕ ਨਿਸ਼ਾਨੀ ਮੰਗੀ। ਧਿਆਨ ਦਿਓ ਕਿ ਇਸ ਗੱਲਬਾਤ ਦੌਰਾਨ ਗਿਦਾਊਨ ਨੇ ਇਹ ਸ਼ੱਕ ਨਹੀਂ ਕੀਤਾ ਕਿ ਪਰਮੇਸ਼ੁਰ ਸੱਚ-ਮੁੱਚ ਹੈ ਜਾਂ ਨਹੀਂ।

9 ਇਸ ਤੋਂ ਬਾਅਦ ਜੋ ਵਾਪਰਿਆ, ਉਸ ਕਾਰਨ ਗਿਦਾਊਨ ਦੀ ਨਿਹਚਾ ਪੱਕੀ ਹੋਈ ਅਤੇ ਉਸ ਦਾ ਰਿਸ਼ਤਾ ਪਰਮੇਸ਼ੁਰ ਨਾਲ ਗੂੜ੍ਹਾ ਹੋਇਆ। ਇੱਦਾਂ ਹੋਇਆ ਕਿ ਜਦ ਗਿਦਾਊਨ ਨੇ ਖਾਣਾ ਤਿਆਰ ਕਰ ਕੇ ਫ਼ਰਿਸ਼ਤੇ ਨੂੰ ਦਿੱਤਾ, ਤਾਂ ਫ਼ਰਿਸ਼ਤੇ ਨੇ ਖਾਣੇ ਨੂੰ ਆਪਣੀ ਸੋਟੀ ਨਾਲ ਛੂਹ ਕੇ ਸਾੜ ਦਿੱਤਾ। ਇਹ ਚਮਤਕਾਰ ਦੇਖ ਕੇ ਗਿਦਾਊਨ ਨੂੰ ਅਹਿਸਾਸ ਹੋਇਆ ਕਿ ਵਾਕਈ ਯਹੋਵਾਹ ਨੇ ਫ਼ਰਿਸ਼ਤੇ ਨੂੰ ਭੇਜਿਆ ਸੀ। ਉਸ ਨੇ ਡਰ ਦੇ ਮਾਰੇ ਉੱਚੀ ਆਵਾਜ਼ ਵਿਚ ਕਿਹਾ: “ਹਾਏ ਹਾਏ! ਹੇ ਪ੍ਰਭੁ ਯਹੋਵਾਹ, ਕਿਉਂ ਜੋ ਮੈਂ ਯਹੋਵਾਹ ਦੇ ਦੂਤ ਨੂੰ ਆਹਮੋ ਸਾਹਮਣੇ ਡਿੱਠਾ!” (ਨਿਆ. 6:17-22) ਪਰ ਕੀ ਇਸ ਕਾਰਨ ਗਿਦਾਊਨ ਅਤੇ ਪਰਮੇਸ਼ੁਰ ਦੇ ਰਿਸ਼ਤੇ ਵਿਚ ਦਰਾੜ ਪੈ ਗਈ? ਬਿਲਕੁਲ ਨਹੀਂ। ਇਸ ਦੀ ਬਜਾਇ ਉਸ ਨੂੰ ਮਹਿਸੂਸ ਹੋਇਆ ਕਿ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਸ਼ਾਂਤੀ ਭਰਿਆ ਹੈ। ਅਸੀਂ ਇਹ ਇਸ ਲਈ ਕਹਿ ਸਕਦੇ ਹਾਂ ਕਿ ਕਿਉਂਕਿ ਗਿਦਾਊਨ ਨੇ “ਯਹੋਵਾਹ ਸ਼ਲੋਮ” ਨਾਂ ਦੀ ਇਕ ਵੇਦੀ ਬਣਾਈ ਜਿਸ ਦਾ ਮਤਲਬ ਸੀ “ਯਹੋਵਾਹ ਸ਼ਾਂਤੀ ਹੈ।” (ਨਿਆਈਆਂ 6:23, 24 ਪੜ੍ਹੋ।) ਜਦ ਅਸੀਂ ਇਸ ਗੱਲ ’ਤੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਹਰ ਦਿਨ ਸਾਡੇ ਲਈ  ਕਿੰਨਾ ਕੁਝ ਕਰਦਾ ਹੈ, ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਉਹ ਸਾਡਾ ਸੱਚਾ ਦੋਸਤ ਹੈ। ਰੋਜ਼ ਪ੍ਰਾਰਥਨਾ ਕਰਨ ਨਾਲ ਸਾਨੂੰ ਪਰਮੇਸ਼ੁਰ ਵੱਲੋਂ ਸ਼ਾਂਤੀ ਮਿਲਦੀ ਹੈ ਅਤੇ ਉਸ ਨਾਲ ਸਾਡੀ ਦੋਸਤੀ ਗਹਿਰੀ ਹੁੰਦੀ ਜਾਂਦੀ ਹੈ।

‘ਯਹੋਵਾਹ ਦੇ ਡੇਹਰੇ ਵਿੱਚ ਕੌਣ ਟਿਕੇਗਾ?’

10. ਜ਼ਬੂਰ 15:3, 5 ਮੁਤਾਬਕ ਜੇ ਅਸੀਂ ਯਹੋਵਾਹ ਦੇ ਦੋਸਤ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?

10 ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡਾ ਦੋਸਤ ਬਣੇ, ਤਾਂ ਸਾਨੂੰ ਉਸ ਦੀਆਂ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ। ਦਾਊਦ ਨੇ 15ਵੇਂ ਜ਼ਬੂਰ ਵਿਚ ਦੱਸਿਆ ਕਿ ‘ਯਹੋਵਾਹ ਦੇ ਡੇਹਰੇ ਵਿੱਚ ਟਿਕਣ’ ਯਾਨੀ ਪਰਮੇਸ਼ੁਰ ਦੇ ਦੋਸਤ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। (ਜ਼ਬੂ. 15:1) ਆਓ ਅਸੀਂ ਦੋ ਮੰਗਾਂ ’ਤੇ ਗੌਰ ਕਰੀਏ। ਪਹਿਲੀ, ਸਾਨੂੰ ਦੂਜਿਆਂ ਨੂੰ ਬਦਨਾਮ ਕਰਨ ਲਈ ਝੂਠੀਆਂ ਗੱਲਾਂ ਨਹੀਂ ਫੈਲਾਉਣੀਆਂ ਚਾਹੀਦੀਆਂ। ਦੂਜੀ, ਸਾਨੂੰ ਹਰ ਕੰਮ ਈਮਾਨਦਾਰੀ ਨਾਲ ਕਰਨਾ ਚਾਹੀਦਾ ਹੈ। ਦਾਊਦ ਨੇ ਦੱਸਿਆ ਕਿ ਯਹੋਵਾਹ ਉਸ ਨਾਲ ਦੋਸਤੀ ਕਰਦਾ ਹੈ ‘ਜਿਹੜਾ ਆਪਣੀ ਜੀਭ ਨਾਲ ਚੁਗਲੀ ਨਹੀਂ ਕਰਦਾ ਅਤੇ ਨਾ ਨਿਰਦੋਸ਼ ਦੇ ਵਿਰੁੱਧ ਵੱਢੀ ਲੈਂਦਾ ਹੈ।’ਜ਼ਬੂ. 15:3, 5.

11. ਸਾਨੂੰ ਦੂਜਿਆਂ ਬਾਰੇ ਝੂਠੀਆਂ ਗੱਲਾਂ ਫੈਲਾਉਣ ਤੋਂ ਦੂਰ ਕਿਉਂ ਰਹਿਣਾ ਚਾਹੀਦਾ ਹੈ?

11 ਇਕ ਹੋਰ ਜ਼ਬੂਰ ਵਿਚ ਦਾਊਦ ਨੇ ਚੇਤਾਵਨੀ ਦਿੱਤੀ: ‘ਆਪਣੀ ਜੀਭ ਨੂੰ ਬੁਰਿਆਈ ਤੋਂ ਰੋਕ ਰੱਖ।’ (ਜ਼ਬੂ. 34:13) ਜੇ ਅਸੀਂ ਪਰਮੇਸ਼ੁਰ ਵੱਲੋਂ ਮਿਲੀ ਇਸ ਸਲਾਹ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਤਾਂ ਸਾਡੇ ਅਤੇ ਯਹੋਵਾਹ ਪਿਤਾ ਵਿਚ ਦੂਰੀਆਂ ਪੈਦਾ ਹੋ ਜਾਣਗੀਆਂ। ਯਹੋਵਾਹ ਦਾ ਦੁਸ਼ਮਣ ਸ਼ੈਤਾਨ ਦੂਜਿਆਂ ਨੂੰ ਬਦਨਾਮ ਕਰਨ ਵਾਲੀਆਂ ਝੂਠੀਆਂ ਗੱਲਾਂ ਫੈਲਾਉਣ ਲਈ ਜਾਣਿਆ ਜਾਂਦਾ ਹੈ। ਇਸੇ ਲਈ ਬਾਈਬਲ ਵਿਚ ਸ਼ੈਤਾਨ ਨੂੰ ਤੁਹਮਤਾਂ ਲਾਉਣ ਵਾਲਾ ਕਿਹਾ ਗਿਆ ਹੈ। ਸਾਨੂੰ ਦੂਜਿਆਂ ਨਾਲ ਗੱਲ ਕਰਦਿਆਂ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ। ਇੱਦਾਂ ਸਾਡਾ ਰਿਸ਼ਤਾ ਯਹੋਵਾਹ ਨਾਲ ਗੂੜ੍ਹਾ ਬਣਿਆ ਰਹੇਗਾ। ਜਿਨ੍ਹਾਂ ਭਰਾਵਾਂ ਨੂੰ ਮੰਡਲੀ ਵਿਚ ਅਗਵਾਈ ਕਰਨ ਲਈ ਚੁਣਿਆ ਗਿਆ ਹੈ, ਸਾਨੂੰ ਖ਼ਾਸ ਕਰਕੇ ਉਨ੍ਹਾਂ ਬਾਰੇ ਆਪਣਾ ਰਵੱਈਆ ਸਹੀ ਰੱਖਣਾ ਚਾਹੀਦਾ ਹੈ।ਇਬਰਾਨੀਆਂ 13:17; ਯਹੂਦਾਹ 8 ਪੜ੍ਹੋ।

12, 13. (ੳ) ਸਾਨੂੰ ਹਰ ਕੰਮ ਈਮਾਨਦਾਰੀ ਨਾਲ ਕਿਉਂ ਕਰਨਾ ਚਾਹੀਦਾ ਹੈ? (ਅ) ਈਮਾਨਦਾਰੀ ਬਣਾਈ ਰੱਖਣ ਨਾਲ ਦੂਜਿਆਂ ’ਤੇ ਕੀ ਅਸਰ ਪੈਂਦਾ ਹੈ?

12 ਯਹੋਵਾਹ ਦੇ ਸੇਵਕ ਈਮਾਨਦਾਰ ਲੋਕਾਂ ਵਜੋਂ ਜਾਣੇ ਜਾਂਦੇ ਹਨ। ਪੌਲੁਸ ਰਸੂਲ ਨੇ ਲਿਖਿਆ: “ਸਾਡੇ ਵਾਸਤੇ ਪ੍ਰਾਰਥਨਾ ਕਰਦੇ ਰਹੋ ਕਿਉਂਕਿ ਸਾਨੂੰ ਭਰੋਸਾ ਹੈ ਕਿ ਸਾਡੀ ਜ਼ਮੀਰ ਸਾਫ਼ ਹੈ ਅਤੇ ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।” (ਇਬ. 13:18) ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਉਂਦੇ ਕਿਉਂਕਿ “ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ” ਲੈਣ ਦਾ ਫ਼ੈਸਲਾ ਕੀਤਾ ਹੈ। ਮਿਸਾਲ ਲਈ, ਜੇ ਅਸੀਂ ਉਨ੍ਹਾਂ ਨੂੰ ਕੰਮ ’ਤੇ ਰੱਖਿਆ ਹੈ, ਤਾਂ ਅਸੀਂ ਉਨ੍ਹਾਂ ਨਾਲ ਸਹੀ ਤਰੀਕੇ ਨਾਲ ਪੇਸ਼ ਆਵਾਂਗੇ ਤੇ ਜਿੰਨੇ ਪੈਸੇ ਦੇਣ ਦਾ ਇਕਰਾਰ ਕੀਤਾ ਹੈ, ਉੱਨੇ ਹੀ ਦੇਵਾਂਗੇ। ਹਾਂ, ਮਸੀਹੀਆਂ ਵਜੋਂ ਅਸੀਂ ਹਰ ਕਿਸੇ ਨਾਲ ਈਮਾਨਦਾਰੀ ਨਾਲ ਪੇਸ਼ ਆਉਂਦੇ ਹਾਂ, ਉਨ੍ਹਾਂ ਨਾਲ ਵੀ ਜੋ ਸਾਡੇ ਲਈ ਕੰਮ ਕਰਦੇ ਹਨ। ਨਾਲੇ ਜੇ ਕਿਸੇ ਭੈਣ-ਭਰਾ ਨੇ ਸਾਨੂੰ ਨੌਕਰੀ ਦਿੱਤੀ ਹੈ, ਤਾਂ ਸਾਨੂੰ ਉਨ੍ਹਾਂ ਦਾ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ ਅਤੇ ਕਿਸੇ ਖ਼ਾਸ ਤਰ੍ਹਾਂ ਦੀਆਂ ਮੰਗਾਂ ਨਹੀਂ ਕਰਨੀਆਂ ਚਾਹੀਦੀਆਂ।

13 ਦੁਨੀਆਂ ਦੇ ਲੋਕ ਅਕਸਰ ਯਹੋਵਾਹ ਦੇ ਗਵਾਹਾਂ ਦੀ ਇਸ ਗੱਲ ਲਈ ਤਾਰੀਫ਼ ਕਰਦੇ ਹਨ ਕਿ ਉਹ ਈਮਾਨਦਾਰ ਹਨ! ਮਿਸਾਲ ਲਈ, ਇਕ ਵੱਡੀ ਕੰਪਨੀ ਦੇ ਡਾਇਰੈਕਟਰ ਨੇ ਗੌਰ ਕੀਤਾ ਕਿ ਯਹੋਵਾਹ ਦੇ ਗਵਾਹ ਆਪਣਾ ਹਰ ਵਾਅਦਾ ਨਿਭਾਉਂਦੇ ਹਨ। ਉਸ ਨੇ ਕਿਹਾ: “ਤੁਸੀਂ ਜੋ ਕਹਿੰਦੇ ਹੋ ਉਹ ਹਮੇਸ਼ਾ ਕਰ ਕੇ ਦਿਖਾਉਂਦੇ ਹੋ।” (ਜ਼ਬੂ. 15:4) ਈਮਾਨਦਾਰੀ ਬਣਾਈ ਰੱਖਣ ਨਾਲ ਨਾ ਸਿਰਫ਼ ਸਾਡੀ ਦੋਸਤੀ ਯਹੋਵਾਹ ਨਾਲ ਬਣੀ ਰਹਿੰਦੀ ਹੈ, ਸਗੋਂ ਸਾਡੇ ਸਵਰਗੀ ਪਿਤਾ ਦੀ ਵਡਿਆਈ ਵੀ ਹੁੰਦੀ ਹੈ।

ਦੂਜਿਆਂ ਦੀ ਯਹੋਵਾਹ ਦੇ ਦੋਸਤ ਬਣਨ ਵਿਚ ਮਦਦ ਕਰੋ

ਅਸੀਂ ਦੂਜਿਆਂ ਦੀ ਯਹੋਵਾਹ ਦੇ ਦੋਸਤ ਬਣਨ ਵਿਚ ਮਦਦ ਕਰਦੇ ਹਾਂ (ਪੈਰੇ 14, 15 ਦੇਖੋ)

14, 15. ਪ੍ਰਚਾਰ ਵਿਚ ਅਸੀਂ ਦੂਜਿਆਂ ਨੂੰ ਯਹੋਵਾਹ ਦੇ ਦੋਸਤ ਬਣਨ ਵਿਚ ਕਿੱਦਾਂ ਮਦਦ ਦੇ ਸਕਦੇ ਹਾਂ?

14 ਪ੍ਰਚਾਰ ਵਿਚ ਸਾਨੂੰ ਬਹੁਤ ਸਾਰੇ ਲੋਕ ਮਿਲਦੇ ਹਨ ਜੋ ਰੱਬ ਨੂੰ ਤਾਂ ਸ਼ਾਇਦ ਮੰਨਦੇ ਹੋਣ, ਪਰ ਇਹ ਨਹੀਂ ਮੰਨਦੇ ਕਿ ਰੱਬ ਉਨ੍ਹਾਂ ਦਾ ਪੱਕਾ ਦੋਸਤ ਬਣ ਸਕਦਾ ਹੈ। ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ? ਗੌਰ ਕਰੋ ਕਿ ਜਦ ਯਿਸੂ ਨੇ ਆਪਣੇ 70 ਚੇਲਿਆਂ ਨੂੰ ਦੋ-ਦੋ ਕਰ ਕੇ ਪ੍ਰਚਾਰ ਵਿਚ ਭੇਜਿਆ, ਤਾਂ ਉਸ ਨੇ ਉਨ੍ਹਾਂ ਨੂੰ ਇਹ ਹਿਦਾਇਤਾਂ ਦਿੱਤੀਆਂ: “ਜਦੋਂ ਤੁਹਾਨੂੰ ਕੋਈ ਅੰਦਰ ਬੁਲਾਉਂਦਾ ਹੈ, ਤਾਂ ਪਹਿਲਾਂ ਕਹੋ: ‘ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ।’ ਅਤੇ ਜੇ ਉਸ ਘਰ ਵਿਚ ਕੋਈ ਸ਼ਾਂਤੀ ਚਾਹੁਣ ਵਾਲਾ ਹੈ, ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਰਹੇਗੀ; ਪਰ ਜੇ ਨਹੀਂ ਹੈ, ਤਾਂ ਤੁਹਾਡੀ ਸ਼ਾਂਤੀ ਤੁਹਾਡੇ ਕੋਲ ਹੀ ਰਹੇਗੀ।” (ਲੂਕਾ 10:5, 6) ਅਸੀਂ ਵੀ ਲੋਕਾਂ ਨਾਲ ਦੋਸਤਾਨਾ ਤਰੀਕੇ ਨਾਲ ਪੇਸ਼ ਆ ਕੇ ਉਨ੍ਹਾਂ ਨੂੰ ਸੱਚਾਈ ਵੱਲ ਖਿੱਚ ਸਕਦੇ ਹਾਂ। ਜੇ ਅਸੀਂ ਆਪਣੇ  ਵਿਰੋਧੀਆਂ ਨਾਲ ਨਰਮਾਈ ਨਾਲ ਪੇਸ਼ ਆਉਂਦੇ ਹਾਂ, ਤਾਂ ਉਨ੍ਹਾਂ ਦਾ ਗੁੱਸਾ ਸ਼ਾਂਤ ਹੋ ਸਕਦਾ ਹੈ ਅਤੇ ਉਹ ਅਗਲੀ ਵਾਰੀ ਸੱਚਾਈ ਸੁਣਨ ਲਈ ਤਿਆਰ ਹੋ ਸਕਦੇ ਹਨ।

15 ਜਦ ਅਸੀਂ ਅਜਿਹੇ ਲੋਕਾਂ ਨੂੰ ਮਿਲਦੇ ਹਾਂ ਜੋ ਆਪਣੇ ਧਰਮ ਜਾਂ ਗ਼ਲਤ ਰੀਤਾਂ-ਰਿਵਾਜਾਂ ਨੂੰ ਮੰਨਦੇ ਹਨ, ਤਾਂ ਅਸੀਂ ਉਨ੍ਹਾਂ ਨਾਲ ਵੀ ਸ਼ਾਂਤੀ ਰੱਖਦੇ ਹੋਏ ਬੜੇ ਪਿਆਰ ਨਾਲ ਪੇਸ਼ ਆਉਂਦੇ ਹਾਂ। ਜੋ ਲੋਕ ਇਸ ਦੁਨੀਆਂ ਦੇ ਹਾਲਾਤਾਂ ਕਰਕੇ ਮਾਯੂਸ ਤੇ ਨਿਰਾਸ਼ ਹੋ ਚੁੱਕੇ ਹਨ ਅਤੇ ਪਰਮੇਸ਼ੁਰ ਬਾਰੇ ਹੋਰ ਸਿੱਖਣਾ ਚਾਹੁੰਦੇ ਹਨ, ਅਸੀਂ ਉਨ੍ਹਾਂ ਦਾ ਮੀਟਿੰਗਾਂ ਵਿਚ ਨਿੱਘਾ ਸੁਆਗਤ ਕਰਦੇ ਹਾਂ। ਅਜਿਹੀਆਂ ਕਈ ਵਧੀਆ ਮਿਸਾਲਾਂ “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਨਾਂ ਦੇ ਲੇਖਾਂ ਵਿਚ ਦਿੱਤੀਆਂ ਗਈਆਂ ਹਨ।

ਆਪਣੇ ਜਿਗਰੀ ਦੋਸਤ ਨਾਲ ਮਿਲ ਕੇ ਕੰਮ ਕਰੋ

16. ਅਸੀਂ ਯਹੋਵਾਹ ਦੇ ਦੋਸਤ ਅਤੇ ਉਸ ਨਾਲ “ਮਿਲ ਕੇ ਕੰਮ” ਕਰਨ ਵਾਲੇ ਕਿਵੇਂ ਹਾਂ?

16 ਅਕਸਰ ਮਿਲ ਕੇ ਕੰਮ ਕਰਨ ਵਾਲੇ ਲੋਕਾਂ ਦੀ ਆਪਸ ਵਿਚ ਗੂੜ੍ਹੀ ਦੋਸਤੀ ਹੋ ਜਾਂਦੀ ਹੈ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸੌਂਪੀ ਹੈ, ਉਨ੍ਹਾਂ ਨੂੰ ਪਰਮੇਸ਼ੁਰ ਦੇ ਦੋਸਤ ਬਣਨ ਅਤੇ ਉਸ ਨਾਲ “ਮਿਲ ਕੇ ਕੰਮ” ਕਰਨ ਦਾ ਸਨਮਾਨ ਮਿਲਿਆ ਹੈ। (1 ਕੁਰਿੰਥੀਆਂ 3:9 ਪੜ੍ਹੋ।) ਵਾਕਈ, ਜਦ ਅਸੀਂ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦੇ ਹਾਂ, ਤਾਂ ਸਾਨੂੰ ਆਪਣੇ ਸਵਰਗੀ ਪਿਤਾ ਦੇ ਸ਼ਾਨਦਾਰ ਗੁਣਾਂ ਨੂੰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲਦਾ ਹੈ। ਨਾਲੇ ਅਸੀਂ ਇਹ ਵੀ ਦੇਖਦੇ ਹਾਂ ਕਿ ਉਸ ਦੀ ਪਵਿੱਤਰ ਸ਼ਕਤੀ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਕਿਵੇਂ ਮਦਦ ਕਰਦੀ ਹੈ।

17. ਅਸੈਂਬਲੀਆਂ ਅਤੇ ਸੰਮੇਲਨਾਂ ਰਾਹੀਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡਾ ਦੋਸਤ ਹੈ?

17 ਜਿੰਨਾ ਜ਼ਿਆਦਾ ਅਸੀਂ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦੇ ਹਾਂ, ਉੱਨਾ ਜ਼ਿਆਦਾ ਅਸੀਂ ਖ਼ੁਦ ਨੂੰ ਯਹੋਵਾਹ ਦੇ ਕਰੀਬ ਮਹਿਸੂਸ ਕਰਦੇ ਹਾਂ। ਮਿਸਾਲ ਲਈ, ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਪ੍ਰਚਾਰ ਦਾ ਕੰਮ ਬੰਦ ਕਰਨਾ ਚਾਹੁੰਦੇ ਹਨ, ਯਹੋਵਾਹ ਉਨ੍ਹਾਂ ਨੂੰ ਕਿਵੇਂ ਰੋਕਦਾ ਹੈ। ਜ਼ਰਾ ਪਿਛਲੇ ਕੁਝ ਸਾਲਾਂ ’ਤੇ ਗੌਰ ਕਰੋ। ਕੀ ਅਸੀਂ ਇਹ ਨਹੀਂ ਦੇਖਿਆ ਕਿ ਪਰਮੇਸ਼ੁਰ ਸਾਡੀ ਅਗਵਾਈ ਕਰ ਰਿਹਾ ਹੈ? ਕੀ ਅਸੀਂ ਦੰਗ ਨਹੀਂ ਰਹਿ ਜਾਂਦੇ ਕਿ ਸਾਨੂੰ ਲਗਾਤਾਰ ਪਰਮੇਸ਼ੁਰ ਦਾ ਗਿਆਨ ਮਿਲ ਰਿਹਾ ਹੈ? ਅਸੈਂਬਲੀਆਂ ਅਤੇ ਸੰਮੇਲਨਾਂ ਰਾਹੀਂ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਪਿਤਾ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਡੀਆਂ ਮੁਸ਼ਕਲਾਂ ਅਤੇ ਜ਼ਰੂਰਤਾਂ ਨੂੰ ਜਾਣਦਾ ਹੈ। ਇਕ ਸੰਮੇਲਨ ਲਈ ਇਕ ਪਰਿਵਾਰ ਨੇ ਸ਼ੁਕਰਗੁਜ਼ਾਰੀ ਦਿਖਾਉਂਦੇ ਹੋਏ ਚਿੱਠੀ ਵਿਚ ਲਿਖਿਆ: “ਇਸ ਪ੍ਰੋਗ੍ਰਾਮ ਨੇ ਸਾਡੇ ਦਿਲਾਂ ਨੂੰ ਛੂਹ ਲਿਆ। ਅਸੀਂ ਮਹਿਸੂਸ ਕੀਤਾ ਕਿ ਯਹੋਵਾਹ ਸਾਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਵਿਚ ਕਾਮਯਾਬ ਹੋਈਏ।” ਜਰਮਨੀ ਤੋਂ ਇਕ ਪਤੀ-ਪਤਨੀ ਆਇਰਲੈਂਡ ਵਿਚ ਇਕ ਸਪੈਸ਼ਲ ਸੰਮੇਲਨ ਲਈ ਗਏ। ਉੱਥੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਮਹਿਮਾਨਨਿਵਾਜ਼ੀ ਦਿਖਾਈ ਗਈ ਜਿਸ ਦੇ ਉਹ ਤਹਿ ਦਿਲੋਂ ਸ਼ੁਕਰਗੁਜ਼ਾਰ ਸਨ। ਉਨ੍ਹਾਂ ਨੇ ਕਿਹਾ: “ਸਭ ਤੋਂ ਜ਼ਿਆਦਾ ਅਸੀਂ ਯਹੋਵਾਹ ਅਤੇ ਆਪਣੇ ਰਾਜੇ ਯਿਸੂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਨ੍ਹਾਂ ਨੇ ਆਪਣੇ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਇਕੱਠਾ ਕੀਤਾ ਹੈ ਅਤੇ ਸਾਨੂੰ ਇਸ ਵਿਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਹੈ। ਅਸੀਂ ਏਕਤਾ ਬਾਰੇ ਸਿਰਫ਼ ਗੱਲਾਂ ਨਹੀਂ ਕਰਦੇ, ਸਗੋਂ ਇਹ ਏਕਤਾ ਸਾਨੂੰ ਹਰ ਦਿਨ ਪਰਮੇਸ਼ੁਰ ਦੇ ਲੋਕਾਂ ਵਿਚ ਦੇਖਣ ਨੂੰ ਮਿਲਦੀ ਹੈ। ਅਸੀਂ ਡਬਲਿਨ ਵਿਖੇ ਹੋਏ ਖ਼ਾਸ ਸੰਮੇਲਨ ਨੂੰ ਕਦੇ ਨਹੀਂ ਭੁੱਲਾਂਗੇ। ਅਸੀਂ ਹਮੇਸ਼ਾ ਚੇਤੇ ਰੱਖਾਂਗੇ ਕਿ ਸਾਨੂੰ ਤੁਹਾਡੇ ਸਾਰਿਆਂ ਨਾਲ  ਮਿਲ ਕੇ ਆਪਣੇ ਮਹਾਨ ਪਰਮੇਸ਼ੁਰ ਦੀ ਸੇਵਾ ਕਰਨ ਦਾ ਖ਼ਾਸ ਸਨਮਾਨ ਬਖ਼ਸ਼ਿਆ ਗਿਆ ਹੈ।”

ਦੋਸਤ ਗੱਲਬਾਤ ਕਰਦੇ ਹਨ

18. ਯਹੋਵਾਹ ਨਾਲ ਆਪਣੀ ਗੱਲਬਾਤ ਬਾਰੇ ਸਾਨੂੰ ਖ਼ੁਦ ਨੂੰ ਕੀ ਪੁੱਛਣਾ ਚਾਹੀਦਾ ਹੈ?

18 ਜਦੋਂ ਦੋਸਤ ਇਕ-ਦੂਜੇ ਨਾਲ ਖੁੱਲ੍ਹ ਕੇ ਗੱਲਬਾਤ ਕਰਦੇ ਹਨ, ਤਾਂ ਉਨ੍ਹਾਂ ਦੀ ਦੋਸਤੀ ਹੋਰ ਵੀ ਪੱਕੀ ਹੁੰਦੀ ਹੈ। ਅੱਜ ਲੋਕ ਇਕ-ਦੂਜੇ ਨੂੰ ਇੰਟਰਨੈੱਟ ਅਤੇ ਮੋਬਾਇਲ ਰਾਹੀਂ ਮੈਸਿਜ ਭੇਜਣ ਵਿਚ ਬਹੁਤ ਸਮਾਂ ਗੁਜ਼ਾਰਦੇ ਹਨ। ਪਰ ਅਸੀਂ ਆਪਣੇ ਜਿਗਰੀ ਦੋਸਤ ਯਹੋਵਾਹ ਨਾਲ ਕਿੰਨੀ ਵਾਰੀ ਗੱਲ ਕਰਦੇ ਹਾਂ? ਇਹ ਸੱਚ ਹੈ ਕਿ ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। (ਜ਼ਬੂ. 65:2) ਪਰ ਅਸੀਂ ਉਸ ਨਾਲ ਪ੍ਰਾਰਥਨਾ ਵਿਚ ਕਿੰਨਾ ਸਮਾਂ ਗੁਜ਼ਾਰਦੇ ਹਾਂ?

19. ਜੇ ਸਾਨੂੰ ਆਪਣੇ ਦਿਲ ਦੀ ਗੱਲ ਯਹੋਵਾਹ ਨੂੰ ਖੁੱਲ੍ਹ ਕੇ ਦੱਸਣੀ ਔਖੀ ਲੱਗਦੀ ਹੈ, ਤਾਂ ਸਾਨੂੰ ਮਦਦ ਕਿੱਥੋਂ ਮਿਲ ਸਕਦੀ ਹੈ?

19 ਪਰਮੇਸ਼ੁਰ ਦੇ ਕੁਝ ਸੇਵਕਾਂ ਨੂੰ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਦੱਸਣੀ ਔਖੀ ਲੱਗਦੀ ਹੈ। ਫਿਰ ਵੀ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪ੍ਰਾਰਥਨਾ ਵਿਚ ਉਸ ਨੂੰ ਆਪਣੇ ਜਜ਼ਬਾਤ ਖੁੱਲ੍ਹ ਕੇ ਬਿਆਨ ਕਰੀਏ। (ਜ਼ਬੂ. 119:145; ਵਿਰ. 3:41) ਜੇ ਸਾਨੂੰ ਆਪਣੇ ਜਜ਼ਬਾਤਾਂ ਨੂੰ ਸ਼ਬਦਾਂ ਵਿਚ ਜ਼ਾਹਰ ਕਰਨਾ ਮੁਸ਼ਕਲ ਲੱਗਦਾ ਹੈ, ਤਾਂ ਸਾਨੂੰ ਮਦਦ ਕਿੱਥੋਂ ਮਿਲ ਸਕਦੀ ਹੈ? ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਲਿਖਿਆ: “ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਸ ਚੀਜ਼ ਲਈ ਪ੍ਰਾਰਥਨਾ ਕਰੀਏ। ਅਜਿਹੇ ਸਮਿਆਂ ਵਿਚ ਸਾਡੇ ਕੋਲ ਆਪਣੇ ਅੰਦਰ ਦੇ ਹਉਕਿਆਂ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹੁੰਦੇ। ਉਸ ਵੇਲੇ ਪਰਮੇਸ਼ੁਰ ਦੀ ਸ਼ਕਤੀ ਸਾਡੇ ਲਈ ਬੇਨਤੀ ਕਰਦੀ ਹੈ। ਪਰਮੇਸ਼ੁਰ ਦਿਲਾਂ ਦੀਆਂ ਗੱਲਾਂ ਜਾਣਦਾ ਹੈ ਅਤੇ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਦੀ ਸ਼ਕਤੀ ਦੀ ਮਦਦ ਨਾਲ ਕੀ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਸ਼ਕਤੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਪਵਿੱਤਰ ਸੇਵਕਾਂ ਦੇ ਲਈ ਬੇਨਤੀ ਕਰਦੀ ਹੈ।” (ਰੋਮੀ. 8:26, 27) ਅੱਯੂਬ, ਜ਼ਬੂਰਾਂ ਦੀ ਪੋਥੀ ਅਤੇ ਕਹਾਉਤਾਂ ਦੀਆਂ ਕਿਤਾਬਾਂ ਵਿਚ ਲਿਖੀਆਂ ਗੱਲਾਂ ’ਤੇ ਮਨਨ ਕਰ ਕੇ ਸਾਨੂੰ ਆਪਣੇ ਦਿਲ ਦੀਆਂ ਗੱਲਾਂ ਯਹੋਵਾਹ ਨੂੰ ਦੱਸਣ ਵਿਚ ਮਦਦ ਮਿਲੇਗੀ।

20, 21. ਫ਼ਿਲਿੱਪੀਆਂ 4:6, 7 ਵਿਚ ਦੱਸੇ ਪੌਲੁਸ ਦੇ ਸ਼ਬਦਾਂ ਤੋਂ ਸਾਨੂੰ ਕਿਹੜਾ ਦਿਲਾਸਾ ਮਿਲਦਾ ਹੈ?

20 ਜਦ ਅਸੀਂ ਔਖੀਆਂ ਘੜੀਆਂ ਵਿਚ ਹੁੰਦੇ ਹਾਂ, ਤਾਂ ਸਾਨੂੰ ਫ਼ਿਲਿੱਪੀਆਂ ਦੇ ਭੈਣਾਂ-ਭਰਾਵਾਂ ਨੂੰ ਦਿੱਤੀ ਪੌਲੁਸ ਦੀ ਇਹ ਸਲਾਹ ਚੇਤੇ ਰੱਖਣੀ ਚਾਹੀਦੀ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ।” ਆਪਣੇ ਦੋਸਤ ਯਹੋਵਾਹ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਨਾਲ ਸਾਡੇ ਮਨ ਨੂੰ ਤਸੱਲੀ ਤੇ ਸਕੂਨ ਮਿਲੇਗਾ। ਫਿਰ ਪੌਲੁਸ ਨੇ ਅੱਗੇ ਕਿਹਾ: “ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” (ਫ਼ਿਲਿ. 4:6, 7) ਆਓ ਆਪਾਂ ਇਸ ਗੱਲ ਲਈ ਹਮੇਸ਼ਾ ਸ਼ੁਕਰਗੁਜ਼ਾਰ ਹੋਈਏ ਕਿ “ਪਰਮੇਸ਼ੁਰ ਦੀ ਸ਼ਾਂਤੀ” ਸੱਚ-ਮੁੱਚ ਸਾਡੇ ਦਿਲ-ਦਿਮਾਗ਼ ਦੀ ਰਾਖੀ ਕਰਦੀ ਹੈ।

ਪ੍ਰਾਰਥਨਾ ਰਾਹੀਂ ਪਰਮੇਸ਼ੁਰ ਨਾਲ ਸਾਡੀ ਦੋਸਤੀ ਕਿਵੇਂ ਗੂੜ੍ਹੀ ਹੁੰਦੀ ਹੈ? (ਪੈਰਾ 21 ਦੇਖੋ)

21 ਪ੍ਰਾਰਥਨਾ ਰਾਹੀਂ ਸਾਡੀ ਦੋਸਤੀ ਯਹੋਵਾਹ ਨਾਲ ਪੱਕੀ ਹੁੰਦੀ ਹੈ। ਇਸ ਲਈ “ਲਗਾਤਾਰ ਪ੍ਰਾਰਥਨਾ ਕਰਦੇ ਰਹੋ।” (1 ਥੱਸ. 5:17) ਆਓ ਆਪਾਂ ਪਰਮੇਸ਼ੁਰ ਨਾਲ ਆਪਣੀ ਦੋਸਤੀ ਗੂੜ੍ਹੀ ਕਰਦੇ ਰਹੀਏ ਅਤੇ ਠਾਣ ਲਈਏ ਕਿ ਅਸੀਂ ਉਸ ਦੇ ਅਸੂਲਾਂ ’ਤੇ ਚੱਲਦੇ ਰਹਾਂਗੇ। ਨਾਲੇ ਆਓ ਆਪਾਂ ਉਸ ਵੱਲੋਂ ਮਿਲੀਆਂ ਬਰਕਤਾਂ ਬਾਰੇ ਸੋਚੀਏ ਕਿਉਂਕਿ ਯਹੋਵਾਹ ਸਾਡਾ ਪਿਤਾ, ਸਾਡਾ ਪਰਮੇਸ਼ੁਰ ਅਤੇ ਸਾਡਾ ਦੋਸਤ ਹੈ।