ਪਰਿਵਾਰਕ ਸਟੱਡੀ —ਕੀ ਤੁਸੀਂ ਇਸ ਨੂੰ ਹੋਰ ਮਜ਼ੇਦਾਰ ਬਣਾ ਸਕਦੇ ਹੋ?
ਬ੍ਰਾਜ਼ੀਲ ਤੋਂ ਇਕ ਪਿਤਾ ਕਹਿੰਦਾ ਹੈ ਕਿ “ਅਸੀਂ ਪਰਿਵਾਰਕ ਸਟੱਡੀ ਵਿਚ ਇੰਨਾ ਖੁੱਭ ਜਾਂਦੇ ਹਾਂ ਕਿ ਜੇ ਮੈਂ ਪਰਿਵਾਰ ਨੂੰ ਨਾ ਰੋਕਾਂ, ਤਾਂ ਸਾਡੀ ਗੱਲਬਾਤ ਦੇਰ ਰਾਤ ਤਕ ਚੱਲਦੀ ਰਹਿੰਦੀ ਹੈ।” ਜਪਾਨ ਤੋਂ ਇਕ ਪਰਿਵਾਰ ਦਾ ਮੁਖੀ ਕਹਿੰਦਾ ਹੈ ਕਿ ਉਸ ਦਾ ਦਸ ਸਾਲਾਂ ਦਾ ਮੁੰਡਾ ਸਟੱਡੀ ਨੂੰ ਜਾਰੀ ਰੱਖਣਾ ਚਾਹੁੰਦਾ ਕਿਉਂਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਮਾਂ ਕਦੋਂ ਬੀਤ ਗਿਆ। ਕਿਉਂ? ਪਿਤਾ ਕਹਿੰਦਾ ਹੈ: “ਮੇਰੇ ਬੇਟੇ ਨੂੰ ਸਿੱਖਣ ਦਾ ਇੰਨਾ ਚਾਅ ਹੈ ਕਿ ਉਸ ਨੂੰ ਸਟੱਡੀ ਕਰ ਕੇ ਬੜਾ ਮਜ਼ਾ ਆਉਂਦਾ ਹੈ।”
ਇਹ ਸੱਚ ਹੈ ਕਿ ਸਾਰੇ ਬੱਚੇ ਇੱਦਾਂ ਮਹਿਸੂਸ ਨਹੀਂ ਕਰਦੇ ਕਿਉਂਕਿ ਕਈਆਂ ਨੂੰ ਸ਼ਾਇਦ ਪਰਿਵਾਰਕ ਸਟੱਡੀ ਕਰ ਕੇ ਮਜ਼ਾ ਨਾ ਆਵੇ। ਪਰ ਕਿਉਂ ਨਹੀਂ? ਟੋਗੋ ਵਿਚ ਰਹਿੰਦੇ ਇਕ ਪਿਤਾ ਨੇ ਕਿਹਾ ਕਿ “ਯਹੋਵਾਹ ਦੀ ਭਗਤੀ ਬੋਰਿੰਗ ਨਹੀਂ ਹੋਣੀ ਚਾਹੀਦੀ।” ਜੇ ਪਰਿਵਾਰਕ ਸਟੱਡੀ ਬੋਰਿੰਗ ਹੈ, ਤਾਂ ਸ਼ਾਇਦ ਇਸ ਨੂੰ ਹੋਰ ਵਧੀਆ ਢੰਗ ਨਾਲ ਕਰਾਇਆ ਜਾਣਾ ਚਾਹੀਦਾ ਹੈ। ਜਿੱਦਾਂ ਯਸਾਯਾਹ ਨੇ ਸਬਤ ਦੇ ਦਿਨ ਬਾਰੇ ਕਿਹਾ ਸੀ ਉੱਦਾਂ ਹੀ ਬਹੁਤ ਸਾਰੇ ਪਰਿਵਾਰਾਂ ਨੇ ਦੇਖਿਆ ਹੈ ਕਿ ਪਰਿਵਾਰਕ ਸਟੱਡੀ ਕਰਨ ਨਾਲ ਬੇਹੱਦ “ਖ਼ੁਸ਼ੀ” ਮਿਲਦੀ ਹੈ।
ਮਸੀਹੀ ਪਿਤਾ ਜਾਣਦੇ ਹਨ ਕਿ ਜੇ ਪਰਿਵਾਰ ਦਾ ਮਾਹੌਲ ਵਧੀਆ ਹੋਵੇਗਾ, ਤਾਂ ਹੀ ਸਾਰੇ ਪਰਿਵਾਰਕ ਸਟੱਡੀ ਦਾ ਮਜ਼ਾ ਉਠਾ ਸਕਣਗੇ। ਰਾਲਫ਼ ਨਾਂ ਦੇ ਭਰਾ ਦੀਆਂ ਤਿੰਨ ਧੀਆਂ ਅਤੇ ਇਕ ਬੇਟਾ ਹੈ। ਉਹ ਕਹਿੰਦਾ ਹੈ ਕਿ ਜਦ ਉਨ੍ਹਾਂ ਦਾ ਪਰਿਵਾਰ ਸਟੱਡੀ ਕਰਨ ਲਈ ਬਹਿੰਦਾ ਹੈ, ਤਾਂ ਉਹ ਸਿਰਫ਼ ਪੜ੍ਹਦੇ ਹੀ ਨਹੀਂ, ਸਗੋਂ ਖੁੱਲ੍ਹ ਕੇ ਗੱਲਬਾਤ ਕਰਦੇ ਹਨ। ਪਰ ਇਹ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਇੱਕੋ ਹੀ ਵਿਸ਼ਾ ਪਸੰਦ ਹੋਵੇ ਜਾਂ ਉਸ ਵਿਚ ਦਿਲਚਸਪੀ ਹੋਵੇ। ਇਕ ਮਾਂ ਕਹਿੰਦੀ ਹੈ ਕਿ “ਕਦੀ-ਕਦੀ ਮੈਂ ਬਹੁਤ ਥੱਕੀ ਹੁੰਦੀ ਹਾਂ ਜਿਸ ਕਰਕੇ ਮੈਂ ਪਰਿਵਾਰਕ ਸਟੱਡੀ ਨੂੰ ਉੱਨਾ ਮਜ਼ੇਦਾਰ ਨਹੀਂ ਬਣਾ ਪਾਉਂਦੀ ਜਿੰਨਾ ਮੈਂ ਬਣਾਉਣਾ ਚਾਹੁੰਦੀ ਹਾਂ।” ਕੀ ਤੁਸੀਂ ਵੀ ਇੱਦਾਂ ਮਹਿਸੂਸ ਕਰਦੇ ਹੋ? ਜੇ ਹਾਂ, ਤਾਂ ਤੁਸੀਂ ਕੀ ਕਰ ਸਕਦੇ ਹੋ?
ਫੇਰ-ਬਦਲ ਕਰੋ ਤੇ ਵੱਖ-ਵੱਖ ਤਰੀਕੇ ਅਜ਼ਮਾਓ
ਜਰਮਨੀ ਤੋਂ ਦੋ ਬੱਚਿਆਂ ਦਾ ਪਿਤਾ ਕਹਿੰਦਾ ਹੈ: “ਸਟੱਡੀ ਵਿਚ ਫੇਰ-ਬਦਲ ਕਰਨੀ ਬਹੁਤ ਜ਼ਰੂਰੀ ਹੈ।” ਨਤਾਲਿਆ ਦੋ ਬੱਚਿਆਂ ਦੀ ਮਾਂ ਹੈ ਤੇ ਕਹਿੰਦੀ ਹੈ: “ਸਾਡੇ ਪਰਿਵਾਰ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਵੱਖੋ-ਵੱਖਰੇ ਤਰੀਕਿਆਂ ਨਾਲ ਸਟੱਡੀ ਕਰੀਏ।” ਕਲੇਟਨ ਨਾਂ ਦਾ ਪਿਤਾ ਬ੍ਰਾਜ਼ੀਲ ਤੋਂ ਹੈ ਤੇ ਉਸ ਦੇ ਦੋ ਅੱਲੜ੍ਹ ਉਮਰ ਦੇ ਬੱਚੇ ਹਨ। ਕਈ ਪਰਿਵਾਰਾਂ ਵਾਂਗ ਉਸ ਦੇ ਪਰਿਵਾਰ ਨੇ ਵੀ ਸਟੱਡੀ ਨੂੰ ਕਈ ਹਿੱਸਿਆਂ ਵਿਚ ਵੰਡਿਆ ਹੈ। ਉਹ ਕਹਿੰਦਾ ਹੈ: “ਇਸ ਤਰ੍ਹਾਂ ਸਟੱਡੀ ਹੋਰ ਮਜ਼ੇਦਾਰ ਬਣਦੀ ਹੈ ਅਤੇ ਪਰਿਵਾਰ ਦਾ ਹਰ ਜਣਾ ਉਸ ਵਿਚ ਹਿੱਸਾ ਲੈਂਦਾ ਹੈ।” ਸਟੱਡੀ ਨੂੰ ਵੱਖੋ-ਵੱਖਰੇ ਹਿੱਸਿਆਂ ਵਿਚ ਵੰਡਣ ਨਾਲ ਮਾਪੇ ਹਰ ਬੱਚੇ ਦੀ ਉਮਰ ਅਤੇ ਲੋੜ ਮੁਤਾਬਕ ਉਸ ਦੀ ਮਦਦ ਕਰ ਸਕਦੇ ਹਨ। ਇੱਦਾਂ ਮਾਪੇ ਪਰਿਵਾਰ ਦੇ ਹਰ ਮੈਂਬਰ ਦੀਆਂ ਲੋੜਾਂ ਦਾ ਖ਼ਿਆਲ ਰੱਖਦਿਆਂ ਵੱਖੋ-ਵੱਖਰੇ ਤਰੀਕੇ ਅਤੇ ਵਿਸ਼ੇ ਚੁਣ ਸਕਦੇ ਹਨ।
ਇਸ ਤਰ੍ਹਾਂ ਕਰਨ ਲਈ ਕੁਝ ਪਰਿਵਾਰਾਂ ਨੇ ਕੀ ਕੀਤਾ ਹੈ? ਉਹ ਆਪਣੀ ਪਰਿਵਾਰਕ ਸਟੱਡੀ ਦੇ ਸ਼ੁਰੂ ਵਿਚ ਯਹੋਵਾਹ ਲਈ ਗੀਤ ਗਾਉਂਦੇ ਹਨ। ਮੈਕਸੀਕੋ ਤੋਂ ਖ਼ੁਆਨ ਕਹਿੰਦਾ ਹੈ ਕਿ “ਇਸ ਤਰ੍ਹਾਂ ਮਾਹੌਲ ਚੰਗਾ ਬਣਦਾ ਹੈ ਅਤੇ ਸਟੱਡੀ ਲਈ ਸਾਡਾ ਮਨ ਤਿਆਰ ਹੁੰਦਾ ਹੈ।” ਇਹ ਪਰਿਵਾਰ ਉਸ ਸ਼ਾਮ ਦੀ ਸਟੱਡੀ ਨਾਲ ਮਿਲਦੇ-ਜੁਲਦੇ ਗੀਤ ਚੁਣਦਾ ਹੈ।
ਕਈ ਪਰਿਵਾਰ ਆਪਣੀ ਸਟੱਡੀ ਵਿਚ ਇਕੱਠੇ ਬਾਈਬਲ ਪੜ੍ਹਦੇ ਹਨ। ਇਸ ਨੂੰ ਦਿਲਚਸਪ ਬਣਾਉਣ ਲਈ ਪਰਿਵਾਰ ਦਾ ਹਰ ਮੈਂਬਰ ਵੱਖ-ਵੱਖ ਬਾਈਬਲ ਦੇ ਕਿਰਦਾਰਾਂ ਦੇ ਡਾਇਲਾਗ ਪੜ੍ਹਦਾ ਹੈ। ਜਪਾਨ ਤੋਂ ਇਕ ਪਿਤਾ ਕਹਿੰਦਾ ਹੈ ਕਿ ਇਸ ਤਰ੍ਹਾਂ ਬਾਈਬਲ ਪੜ੍ਹਨੀ “ਪਹਿਲਾਂ ਉਸ ਨੂੰ ਅਜੀਬ ਲੱਗਦੀ ਸੀ।” ਪਰ ਉਸ ਦੇ ਦੋ ਬੇਟੇ ਇਹ ਦੇਖ ਕੇ ਬਹੁਤ ਖ਼ੁਸ਼ ਹੋਏ ਕਿ ਮੰਮੀ-ਡੈਡੀ ਉਨ੍ਹਾਂ ਨਾਲ ਸਮਾਂ ਗੁਜ਼ਾਰਦੇ ਹਨ। ਕੁਝ ਪਰਿਵਾਰ ਬਾਈਬਲ ਕਹਾਣੀਆਂ ਦੀ ਐਕਟਿੰਗ ਕਰਦੇ ਹਨ। ਦੱਖਣੀ ਅਫ਼ਰੀਕਾ ਤੋਂ ਦੋ ਬੇਟਿਆਂ ਦਾ ਪਿਤਾ ਰੌਜਰ ਕਹਿੰਦਾ ਹੈ ਕਿ ਬੱਚੇ “ਅਕਸਰ ਬਾਈਬਲ ਦੀਆਂ ਉਹ ਗੱਲਾਂ ਨੋਟ ਕਰਦੇ ਹਨ ਜੋ ਮਾਪਿਆਂ ਨੂੰ ਨਜ਼ਰ ਨਹੀਂ ਆਉਂਦੀਆਂ।”
ਤੁਸੀਂ ਕਿਸੇ ਪ੍ਰਾਜੈਕਟ ਉੱਤੇ ਇਕੱਠੇ ਕੰਮ ਕਰ ਕੇ ਵੀ ਸਟੱਡੀ ਨੂੰ ਮਜ਼ੇਦਾਰ ਬਣਾ ਸਕਦੇ ਹੋ ਜਿਵੇਂ ਕਿ ਨੂਹ ਦੀ ਕਿਸ਼ਤੀ ਜਾਂ ਸੁਲੇਮਾਨ ਦੇ ਮੰਦਰ ਦਾ ਮਾਡਲ ਬਣਾਉਣਾ। ਅਜਿਹੇ ਪ੍ਰਾਜੈਕਟਾਂ ਲਈ ਰਿਸਰਚ ਕਰ ਕੇ ਤੁਹਾਡੇ ਪਰਿਵਾਰ ਨੂੰ ਬਹੁਤ ਮਜ਼ਾ ਆਵੇਗਾ। ਏਸ਼ੀਆ ਵਿਚ ਇਕ ਪੰਜ ਸਾਲਾਂ ਦੀ ਕੁੜੀ ਨਾਲ ਉਸ ਦੇ ਮਾਪੇ ਤੇ ਦਾਦੀ ਮਾਂ ਨੇ ਪੌਲੁਸ ਰਸੂਲ ਦੇ ਮਿਸ਼ਨਰੀ ਦੌਰਿਆਂ ਬਾਰੇ ਗੇਮ ਬਣਾਈ। ਕੁਝ ਹੋਰ ਪਰਿਵਾਰਾਂ ਨੇ ਕੂਚ ਵਿਚ ਪਾਈਆਂ ਜਾਂਦੀਆਂ ਕਹਾਣੀਆਂ ਬਾਰੇ ਗੇਮਾਂ ਬਣਾਈਆਂ। ਟੋਗੋ ਤੋਂ 19 ਸਾਲਾਂ ਦਾ ਡੌਨਲਡ ਕਹਿੰਦਾ ਹੈ ਕਿ ਵੱਖ-ਵੱਖ ਤਰੀਕੇ ਵਰਤਣ ਨਾਲ “ਸਾਡੇ ਪਰਿਵਾਰ ਅਤੇ ਸਾਡੀ ਪਰਿਵਾਰਕ ਸਟੱਡੀ ਵਿਚ ਨਵੀਂ ਜਾਨ ਪੈ ਗਈ ਹੈ।” ਕੀ ਤੁਸੀਂ ਕਿਸੇ ਪ੍ਰਾਜੈਕਟ ਬਾਰੇ ਸੋਚ ਸਕਦੇ ਹੋ ਜਿਸ ਨਾਲ ਤੁਹਾਡੀ ਪਰਿਵਾਰਕ ਸਟੱਡੀ ਮਜ਼ੇਦਾਰ ਬਣ ਸਕਦੀ ਹੈ?
ਤਿਆਰੀ ਕਰਨੀ ਬੇਹੱਦ ਜ਼ਰੂਰੀ ਹੈ
ਇਹ ਸੱਚ ਹੈ ਕਿ ਉੱਪਰ ਦਿੱਤੇ ਸੁਝਾਅ ਵਰਤਣ ਨਾਲ ਪਰਿਵਾਰਕ ਸਟੱਡੀ ਮਜ਼ੇਦਾਰ ਬਣਦੀ ਹੈ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਸਟੱਡੀ ਤੋਂ ਸਾਰਿਆਂ ਨੂੰ ਕੁਝ ਸਿੱਖਣ ਨੂੰ ਮਿਲੇ, ਤਾਂ ਹਰ ਕਿਸੇ ਨੂੰ ਚੰਗੀ ਤਿਆਰੀ ਕਰਨੀ ਚਾਹੀਦੀ ਹੈ। ਕਦੀ-ਕਦੀ ਬੱਚੇ ਥੱਕੇ ਹੁੰਦੇ ਹਨ, ਇਸ ਲਈ ਜ਼ਰੂਰੀ ਹੈ ਕਿ ਪਿਤਾ ਸੋਚ-ਸਮਝ ਕੇ ਸਟੱਡੀ ਦਾ ਵਿਸ਼ਾ ਚੁਣੇ ਅਤੇ ਤਿਆਰੀ ਕਰਨ ਲਈ ਸਮਾਂ ਕੱਢੇ। ਇਕ ਪਿਤਾ ਕਹਿੰਦਾ ਹੈ: “ਜਦ ਮੈਂ ਚੰਗੀ ਤਿਆਰੀ ਕਰਦਾ ਹਾਂ, ਤਾਂ ਸਾਰੇ ਗੱਲਾਂ ਨੂੰ ਵਧੀਆ ਢੰਗ ਨਾਲ ਸਿੱਖਦੇ ਹਨ।” ਜਰਮਨੀ ਵਿਚ ਇਕ ਪਿਤਾ ਪਹਿਲਾਂ ਤੋਂ ਹੀ ਆਪਣੇ ਪਰਿਵਾਰ ਨੂੰ ਦੱਸਦਾ ਹੈ ਕਿ ਉਹ ਆਉਣ ਵਾਲੇ ਹਫ਼ਤਿਆਂ ਵਿਚ ਕਿਹੜੇ ਵਿਸ਼ਿਆਂ ’ਤੇ ਚਰਚਾ ਕਰਨਗੇ। ਬੇਨਿਨ ਤੋਂ ਇਕ ਪਿਤਾ ਜਦ ਇਹ ਤੈਅ ਕਰਦਾ ਹੈ ਕਿ ਸਾਰੇ ਮਿਲ ਕੇ ਬਾਈਬਲ ਬਾਰੇ ਕੋਈ ਡੀ. ਵੀ. ਡੀ ਦੇਖਣਗੇ, ਤਾਂ ਉਹ ਆਪਣੇ ਛੇ ਛੋਟੇ ਬੱਚਿਆਂ ਨੂੰ ਪਹਿਲਾਂ ਤੋਂ ਹੀ ਕੁਝ ਸਵਾਲ ਦਿੰਦਾ ਹੈ ਜਿਨ੍ਹਾਂ ਦਾ ਜਵਾਬ ਡੀ. ਵੀ. ਡੀ ਵਿੱਚੋਂ ਮਿਲੇਗਾ। ਵਾਕਈ, ਚੰਗੀ ਤਿਆਰੀ ਕਰਨ ਨਾਲ ਪਰਿਵਾਰਕ ਸਟੱਡੀ ਵਧੀਆ ਢੰਗ ਨਾਲ ਹੁੰਦੀ ਹੈ।
ਜਦ ਪਰਿਵਾਰ ਦੇ ਮੈਂਬਰਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਕਿਸ ਵਿਸ਼ੇ ’ਤੇ ਚਰਚਾ ਕੀਤੀ ਜਾਵੇਗੀ, ਤਾਂ ਉਹ ਹਫ਼ਤੇ ਦੌਰਾਨ ਇਸ ਬਾਰੇ ਗੱਲਬਾਤ ਕਰ ਸਕਦੇ ਹਨ ਜਿਸ ਨਾਲ ਸਾਰੇ ਸਟੱਡੀ ਕਰਨ ਲਈ ਉਤਾਵਲੇ ਹੋਣਗੇ। ਜਦੋਂ ਹਰ ਕਿਸੇ ਨੂੰ ਸਟੱਡੀ ਵਿਚ ਕੋਈ ਵਿਸ਼ਾ ਤਿਆਰ ਕਰਨ ਲਈ ਦਿੱਤਾ ਜਾਂਦਾ ਹੈ, ਤਾਂ ਹਰੇਕ ਨੂੰ ਲੱਗੇਗਾ ਕਿ ਉਹ ਵੀ ਪਰਿਵਾਰਕ ਸਟੱਡੀ ਵਿਚ ਹਿੱਸਾ ਲੈ ਰਿਹਾ ਹੈ।
ਹਰ ਹਫ਼ਤੇ ਸਟੱਡੀ ਕਰੋ
ਕਈ ਪਰਿਵਾਰਾਂ ਲਈ ਹਰ ਹਫ਼ਤੇ ਸਟੱਡੀ ਕਰਨੀ ਔਖੀ ਹੁੰਦੀ ਹੈ।
ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਕਈ ਭਰਾਵਾਂ ਨੂੰ ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ। ਮਿਸਾਲ ਲਈ, ਮੈਕਸੀਕੋ ਤੋਂ ਇਕ ਪਿਤਾ ਸਵੇਰੇ ਛੇ ਵਜੇ ਘਰੋਂ ਕੰਮ ਲਈ ਨਿਕਲਦਾ ਹੈ ਅਤੇ ਰਾਤੀਂ ਅੱਠ ਵਜੇ ਘਰ ਵਾਪਸ ਆਉਂਦਾ ਹੈ। ਕਦੀ-ਕਦੀ ਮੰਡਲੀ ਦੇ ਕਿਸੇ ਜ਼ਰੂਰੀ ਕੰਮ ਕਰਕੇ ਪਰਿਵਾਰਕ ਸਟੱਡੀ ਦੇ ਸਮੇਂ ਨੂੰ ਬਦਲਣਾ ਪੈ ਸਕਦਾ ਹੈ।
ਫਿਰ ਵੀ ਤੁਸੀਂ ਹਰ ਹਫ਼ਤੇ ਪਰਿਵਾਰਕ ਸਟੱਡੀ ਕਰਨ ਦੀ ਠਾਣ ਲਓ। ਟੋਗੋ ਤੋਂ 11 ਸਾਲਾਂ ਦੀ ਲੋਇਸ ਦੇ ਪਰਿਵਾਰ ਨੇ ਇਹੀ ਪੱਕਾ ਇਰਾਦਾ ਕੀਤਾ ਹੈ। ਉਹ ਕਹਿੰਦੀ ਹੈ: “ਭਾਵੇਂ ਕਦੀ-ਕਦੀ ਸਾਨੂੰ ਕਿਸੇ ਗੱਲ ਕਾਰਨ ਪਰਿਵਾਰਕ ਸਟੱਡੀ ਲੇਟ ਸ਼ੁਰੂ ਕਰਨੀ ਪੈਂਦੀ ਹੈ, ਪਰ ਅਸੀਂ ਕਰਦੇ ਜ਼ਰੂਰ ਹਾਂ।” ਕੁਝ ਪਰਿਵਾਰ ਆਪਣੀ ਸਟੱਡੀ ਦਾ ਦਿਨ ਹਫ਼ਤੇ ਦੇ ਸ਼ੁਰੂ ਦੇ ਦਿਨਾਂ ਵਿਚ ਰੱਖਦੇ ਹਨ ਤਾਂਕਿ ਅਚਾਨਕ ਕੋਈ ਕੰਮ ਪੈਣ ਤੇ ਉਹ ਹਫ਼ਤੇ ਦੇ ਬਾਕੀ ਦਿਨਾਂ ਵਿਚ ਪਰਿਵਾਰਕ ਸਟੱਡੀ ਕਰ ਸਕਣ।
ਯਾਦ ਰੱਖੋ ਕਿ ਜਦ ਤੁਹਾਡਾ ਪਰਿਵਾਰ ਇਕੱਠਾ ਬੈਠ ਕੇ ਸਟੱਡੀ ਕਰਦਾ ਹੈ, ਤਾਂ ਉਸ ਵੇਲੇ ਤੁਸੀਂ ਯਹੋਵਾਹ ਦੀ ਭਗਤੀ ਕਰ ਰਹੇ ਹੁੰਦੇ ਹੋ। ਸਾਡੀ ਦੁਆ ਹੈ ਕਿ ਤੁਹਾਡਾ ਪਰਿਵਾਰ ਮਿਲ ਕੇ ਹਰ ਹਫ਼ਤੇ ‘ਆਪਣੇ ਬੁੱਲ੍ਹਾਂ’ ਦੇ ਫਲ ਰਾਹੀਂ ਯਹੋਵਾਹ ਦੀ ਮਹਿਮਾ ਕਰਦਾ ਰਹੇ। (ਹੋਸ਼ੇ. 14:2) ਇਸ ਤਰ੍ਹਾਂ ਤੁਹਾਡੇ ਪਰਿਵਾਰ ਦੇ ਹਰ ਮੈਂਬਰ ਦੀ ਖ਼ੁਸ਼ੀ ਦੁਗਣੀ ਹੋ ਜਾਵੇਗੀ “ਕਿਉਂਕਿ ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ।”