Skip to content

Skip to table of contents

ਕੀ ਤੁਸੀਂ ਯਹੋਵਾਹ ਦੇ ਸੰਗਠਨ ਨਾਲ ਅੱਗੇ ਵਧ ਰਹੇ ਹੋ?

ਕੀ ਤੁਸੀਂ ਯਹੋਵਾਹ ਦੇ ਸੰਗਠਨ ਨਾਲ ਅੱਗੇ ਵਧ ਰਹੇ ਹੋ?

“ਯਹੋਵਾਹ ਦੀਆਂ ਨਜ਼ਰਾਂ ਧਰਮੀਆਂ ਉੱਤੇ ਟਿਕੀਆਂ ਹੋਈਆਂ ਹਨ।”1 ਪਤ. 3:12.

1. ਕਿਹੜੇ ਸੰਗਠਨ ਨੇ ਇਜ਼ਰਾਈਲ ਕੌਮ ਦੀ ਜਗ੍ਹਾ ਲੈ ਲਈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਅੱਜ ਧਰਤੀ ’ਤੇ ਯਹੋਵਾਹ ਦੇ ਲੋਕ ਉਸ ਦੀ ਮਰਜ਼ੀ ਮੁਤਾਬਕ ਭਗਤੀ ਕਰਦੇ ਹਨ। ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ, ਪੁਰਾਣੇ ਸਮੇਂ ਵਿਚ ਇਜ਼ਰਾਈਲੀ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਸਨ, ਪਰ ਉਨ੍ਹਾਂ ਨੇ ਪਰਮੇਸ਼ੁਰ ਤੋਂ ਮੂੰਹ ਮੋੜ ਲਿਆ। ਫਿਰ ਯਹੋਵਾਹ ਨੇ ਆਪਣੀ ਭਗਤੀ ਲਈ ਯਿਸੂ ਦੇ ਚੇਲਿਆਂ ਦਾ ਇਕ ਨਵਾਂ ਸੰਗਠਨ ਬਣਾਇਆ ਜੋ 70 ਈਸਵੀ ਵਿਚ ਯਰੂਸ਼ਲਮ ਦੀ ਤਬਾਹੀ ਵਿਚ ਖ਼ਤਮ ਨਹੀਂ ਹੋਇਆ। (ਲੂਕਾ 21:20, 21) ਅੱਜ ਇਨ੍ਹਾਂ ਆਖ਼ਰੀ ਦਿਨਾਂ ਵਿਚ ਵੀ ਇਹ ਸੰਗਠਨ ਯਹੋਵਾਹ ਦੀ ਭਗਤੀ ਕਰਦਾ ਹੈ। ਜਲਦੀ ਹੀ ਸ਼ੈਤਾਨ ਦੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ, ਪਰ ਯਹੋਵਾਹ ਦਾ ਸੰਗਠਨ ਖ਼ਤਮ ਨਹੀਂ ਹੋਵੇਗਾ। (2 ਤਿਮੋ. 3:1) ਅਸੀਂ ਇਹ ਗੱਲ ਭਰੋਸੇ ਨਾਲ ਕਿਉਂ ਕਹਿ ਸਕਦੇ ਹਾਂ?

2. ਯਿਸੂ ਨੇ “ਮਹਾਂਕਸ਼ਟ” ਬਾਰੇ ਕੀ ਕਿਹਾ ਸੀ ਤੇ ਇਹ ਕਿਵੇਂ ਸ਼ੁਰੂ ਹੋਵੇਗਾ?

2 ਆਪਣੀ ਮੌਜੂਦਗੀ ਤੇ ਇਸ ਯੁਗ ਦੇ ਆਖ਼ਰੀ ਸਮੇਂ ਬਾਰੇ ਯਿਸੂ ਨੇ ਕਿਹਾ ਸੀ ਕਿ ਆਖ਼ਰੀ ਦਿਨਾਂ ਵਿਚ “ਮਹਾਂਕਸ਼ਟ ਆਵੇਗਾ। ਅਜਿਹਾ ਕਸ਼ਟ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਨਾ ਕਦੇ ਆਇਆ ਹੈ ਤੇ ਨਾ ਦੁਬਾਰਾ ਕਦੇ ਆਵੇਗਾ।” (ਮੱਤੀ 24:3, 21) ਇਹ ਮਹਾਂਕਸ਼ਟ ਉਦੋਂ ਸ਼ੁਰੂ ਹੋਵੇਗਾ ਜਦੋਂ ਯਹੋਵਾਹ ਇਨਸਾਨੀ ਸਰਕਾਰਾਂ ਰਾਹੀਂ ਮਹਾਂ ਬਾਬਲ ਯਾਨੀ ਦੁਨੀਆਂ ਦੇ ਸਾਰੇ ਝੂਠੇ ਧਰਮਾਂ ਦਾ ਨਾਸ਼ ਕਰੇਗਾ। (ਪ੍ਰਕਾ. 17:3-5, 16) ਇਸ ਤੋਂ ਬਾਅਦ ਕੀ ਹੋਵੇਗਾ?

 ਸ਼ੈਤਾਨ ਦੇ ਹਮਲੇ ਨਾਲ ਆਰਮਾਗੇਡਨ ਦੀ ਸ਼ੁਰੂਆਤ

3. ਝੂਠੇ ਧਰਮਾਂ ਦੇ ਨਾਸ਼ ਤੋਂ ਬਾਅਦ ਯਹੋਵਾਹ ਦੇ ਲੋਕਾਂ ਨਾਲ ਕੀ ਹੋਵੇਗਾ?

3 ਝੂਠੇ ਧਰਮਾਂ ਦੇ ਨਾਸ਼ ਤੋਂ ਬਾਅਦ ਸ਼ੈਤਾਨ ਤੇ ਉਸ ਦੇ ਲੋਕ ਯਹੋਵਾਹ ਦੇ ਲੋਕਾਂ ’ਤੇ ਹਮਲਾ ਕਰਨਗੇ। “ਗੋਗ ਜਿਹੜਾ ਮਾਗੋਗ ਦੀ ਧਰਤੀ” ਦਾ ਹੈ, ਉਸ ਬਾਰੇ ਬਾਈਬਲ ਕਹਿੰਦੀ ਹੈ: “ਤੂੰ ਚੜ੍ਹਾਈ ਕਰੇਂਗਾ ਅਤੇ ਅਨ੍ਹੇਰੀ ਵਾਂਙੁ ਆਵੇਂਗਾ, ਤੂੰ ਬੱਦਲ ਵਾਂਙੁ ਧਰਤੀ ਨੂੰ ਲੁਕਾ ਲਵੇਂਗਾ, ਤੂੰ ਅਤੇ ਤੇਰੀ ਸਾਰੀ ਮਹਾਇਣ ਅਤੇ ਬਹੁਤ ਸਾਰੇ ਲੋਕੀ ਤੇਰੇ ਨਾਲ।” ਯਹੋਵਾਹ ਦੇ ਗਵਾਹ ਸ਼ਾਂਤੀ-ਪਸੰਦ ਲੋਕ ਹਨ ਅਤੇ ਉਨ੍ਹਾਂ ਕੋਲ ਕੋਈ ਫ਼ੌਜ ਨਹੀਂ ਹੈ। ਇਸ ਕਰਕੇ ਸ਼ੈਤਾਨ ਅਤੇ ਉਸ ਦੇ ਲੋਕਾਂ ਨੂੰ ਲੱਗੇਗਾ ਕਿ ਉਨ੍ਹਾਂ ਨੂੰ ਆਸਾਨੀ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ। ਪਰ ਇਹ ਹਮਲਾ ਉਨ੍ਹਾਂ ਨੂੰ ਬਹੁਤ ਮਹਿੰਗਾ ਪਵੇਗਾ!ਹਿਜ਼. 38:1, 2, 9-12.

4, 5. ਜਦੋਂ ਸ਼ੈਤਾਨ ਯਹੋਵਾਹ ਦੇ ਲੋਕਾਂ ’ਤੇ ਹਮਲਾ ਕਰੇਗਾ, ਤਾਂ ਯਹੋਵਾਹ ਕੀ ਕਰੇਗਾ?

4 ਜਦੋਂ ਸ਼ੈਤਾਨ ਯਹੋਵਾਹ ਦੇ ਲੋਕਾਂ ’ਤੇ ਹਮਲਾ ਕਰੇਗਾ, ਤਾਂ ਯਹੋਵਾਹ ਨੂੰ ਇੱਦਾਂ ਲੱਗੇਗਾ ਜਿੱਦਾਂ ਉਸ ’ਤੇ ਹਮਲਾ ਕੀਤਾ ਗਿਆ ਹੋਵੇ। (ਜ਼ਕਰਯਾਹ 2:8 ਪੜ੍ਹੋ।) ਫਿਰ ਯਹੋਵਾਹ ਕੀ ਕਰੇਗਾ? ਆਪਣੇ ਲੋਕਾਂ ਨੂੰ ਬਚਾਉਣ ਲਈ ਸਰਬਸ਼ਕਤੀਮਾਨ ਪਰਮੇਸ਼ੁਰ ਇਕਦਮ ਕਦਮ ਚੁੱਕੇਗਾ। ਉਦੋਂ ਯਹੋਵਾਹ ਆਰਮਾਗੇਡਨ ਦੀ ਲੜਾਈ ਸ਼ੁਰੂ ਕਰੇਗਾ ਤੇ ਸ਼ੈਤਾਨ ਦੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾ ਕੇ ਆਪਣੇ ਲੋਕਾਂ ਨੂੰ ਬਚਾਵੇਗਾ।ਪ੍ਰਕਾ. 16:14, 16.

5 ਆਰਮਾਗੇਡਨ ਸੰਬੰਧੀ ਬਾਈਬਲ ਦੀ ਭਵਿੱਖਬਾਣੀ ਕਹਿੰਦੀ ਹੈ: “ਯਹੋਵਾਹ ਦਾ ਕੌਮਾਂ ਨਾਲ ਝਗੜਾ ਹੈ, ਓਹ ਸਾਰੇ ਬਸ਼ਰਾਂ ਦਾ ਨਿਆਉਂ ਕਰੇਗਾ, ਅਤੇ ਦੁਸ਼ਟ ਤਲਵਾਰ ਦੇ ਹਵਾਲੇ ਕੀਤੇ ਜਾਣਗੇ, ਯਹੋਵਾਹ ਦਾ ਵਾਕ ਹੈ। ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ,—ਵੇਖੋ, ਬੁਰਿਆਈ ਕੌਮ ਕੌਮ ਉੱਤੇ ਆ ਪਵੇਗੀ, ਅਤੇ ਇੱਕ ਵੱਡਾ ਤੁਫਾਨ ਧਰਤੀ ਦੀਆਂ ਹੱਦਾਂ ਤੋਂ ਉਠਾਇਆ ਜਾਵੇਗਾ! ਯਹੋਵਾਹ ਦੇ ਮਾਰੇ ਹੋਏ ਉਸ ਦਿਨ ਧਰਤੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੀਕ ਪਏ ਰਹਿਣਗੇ। ਓਹਨਾਂ ਲਈ ਸੋਗ ਨਾ ਹੋਵੇਗਾ, ਓਹ ਨਾ ਇਕੱਠੇ ਕੀਤੇ ਜਾਣਗੇ, ਨਾ ਦੱਬੇ ਜਾਣਗੇ, ਓਹ ਭੋਂ ਉੱਤੇ ਬਿਸ਼ਟਾ ਵਾਂਙੁ ਹੋਣਗੇ।” (ਯਿਰ. 25:31-33) ਆਰਮਾਗੇਡਨ ਦੀ ਲੜਾਈ ਵਿਚ ਇਸ ਦੁਸ਼ਟ ਦੁਨੀਆਂ ਦਾ ਖ਼ਾਤਮਾ ਹੋ ਜਾਵੇਗਾ, ਪਰ ਯਹੋਵਾਹ ਦਾ ਸੰਗਠਨ ਕਾਇਮ ਰਹੇਗਾ।

ਯਹੋਵਾਹ ਦਾ ਸੰਗਠਨ ਤਰੱਕੀ ਕਿਉਂ ਕਰਦਾ ਹੈ?

6, 7. (ੳ) ਇਹ “ਵੱਡੀ ਭੀੜ” ਕਿਨ੍ਹਾਂ ਲੋਕਾਂ ਨਾਲ ਬਣੀ ਹੈ? (ਅ) ਹਾਲ ਹੀ ਦੇ ਸਾਲਾਂ ਵਿਚ ਪਰਮੇਸ਼ੁਰ ਦੇ ਲੋਕਾਂ ਵਿਚ ਕਿੰਨਾ ਕੁ ਵਾਧਾ ਹੋਇਆ ਹੈ?

6 ਅੱਜ ਯਹੋਵਾਹ ਦਾ ਸੰਗਠਨ ਤਰੱਕੀ ਕਰ ਰਿਹਾ ਹੈ ਕਿਉਂਕਿ ਇਸ ਦੇ ਮੈਂਬਰਾਂ ਉੱਤੇ ਉਸ ਦੀ ਮਿਹਰ ਹੈ। ਬਾਈਬਲ ਭਰੋਸਾ ਦਿਵਾਉਂਦੀ ਹੈ: “ਯਹੋਵਾਹ ਦੀਆਂ ਨਜ਼ਰਾਂ ਧਰਮੀਆਂ ਉੱਤੇ ਟਿਕੀਆਂ ਹੋਈਆਂ ਹਨ ਅਤੇ ਉਸ ਦੇ ਕੰਨ ਉਨ੍ਹਾਂ ਦੀ ਫ਼ਰਿਆਦ ਸੁਣਨ ਵੱਲ ਲੱਗੇ ਹੋਏ ਹਨ।” (1 ਪਤ. 3:12) ਇਨ੍ਹਾਂ ਧਰਮੀ ਲੋਕਾਂ ਵਿਚ “ਇਕ ਵੱਡੀ ਭੀੜ” ਵੀ ਹੈ ਜੋ “ਮਹਾਂਕਸ਼ਟ” ਵਿੱਚੋਂ ਬਚ ਨਿਕਲੇਗੀ। ਇਸ ਭੀੜ ਵਿਚ ਅਣਗਿਣਤ ਲੋਕ ਹਨ। (ਪ੍ਰਕਾ. 7:9, 14) ਕੀ ਤੁਸੀਂ ਦੇਖ ਸਕਦੇ ਹੋ ਕਿ “ਮਹਾਂਕਸ਼ਟ” ਵਿੱਚੋਂ ਬਚ ਨਿਕਲੇ ਲੋਕਾਂ ਵਿਚ ਤੁਸੀਂ ਵੀ ਹੋ?

7 ਇਹ ਵੱਡੀ ਭੀੜ ਸਾਰੀਆਂ ਕੌਮਾਂ ਦੇ ਲੋਕਾਂ ਨਾਲ ਬਣੀ ਹੈ। ਇਨ੍ਹਾਂ ਨੂੰ ਪ੍ਰਚਾਰ ਕੰਮ ਦੇ ਜ਼ਰੀਏ ਇਕੱਠਾ ਕੀਤਾ ਗਿਆ ਹੈ। ਯਿਸੂ ਨੇ ਪਹਿਲਾਂ ਹੀ ਕਿਹਾ ਸੀ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।” (ਮੱਤੀ 24:14) ਇਨ੍ਹਾਂ ਆਖ਼ਰੀ ਦਿਨਾਂ ਵਿਚ ਯਹੋਵਾਹ ਦੇ ਸੰਗਠਨ ਦਾ ਇਹ ਮੁੱਖ ਕੰਮ ਹੈ। ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਤੇ ਸਿਖਾਉਣ ਦੇ ਕੰਮ ਕਰਕੇ ਲੱਖਾਂ ਹੀ ਲੋਕਾਂ ਨੇ “ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਤੇ ਸੱਚਾਈ ਨਾਲ ਪਰਮੇਸ਼ੁਰ ਦੀ ਭਗਤੀ” ਕਰਨੀ ਸਿੱਖੀ ਹੈ। (ਯੂਹੰ. 4:23, 24) ਮਿਸਾਲ ਲਈ, 2003 ਤੋਂ ਲੈ ਕੇ 2012 ਤਕ 27,07,000 ਤੋਂ ਜ਼ਿਆਦਾ ਲੋਕਾਂ ਨੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲਿਆ ਹੈ। ਪੂਰੀ ਦੁਨੀਆਂ ਵਿਚ 79,00,000 ਤੋਂ ਜ਼ਿਆਦਾ ਗਵਾਹ ਹਨ ਤੇ ਹੋਰ ਵੀ ਲੱਖਾਂ ਹੀ ਲੋਕ ਮੀਟਿੰਗਾਂ ਵਿਚ, ਖ਼ਾਸ  ਕਰਕੇ ਹਰ ਸਾਲ ਮੈਮੋਰੀਅਲ ਤੇ ਆਉਂਦੇ ਹਨ। ਅਸੀਂ ਯਹੋਵਾਹ ਦੇ ਲੋਕਾਂ ਦੀ ਗਿਣਤੀ ਦੱਸ ਕੇ ਸ਼ੇਖ਼ੀ ਨਹੀਂ ਮਾਰਦੇ ਕਿਉਂਕਿ ਅਸੀਂ ਜਾਣਦੇ ਹਾਂ ਕਿ ‘ਪਰਮੇਸ਼ੁਰ ਹੀ ਇਸ ਨੂੰ ਵਧਾ ਰਿਹਾ ਹੈ।’ (1 ਕੁਰਿੰ. 3:5-7) ਇਹ ਗੱਲ ਸਾਫ਼ ਜ਼ਾਹਰ ਹੈ ਕਿ ਵੱਡੀ ਭੀੜ ਹਰ ਸਾਲ ਵੱਡੀ ਤੋਂ ਵੱਡੀ ਹੁੰਦੀ ਜਾ ਰਹੀ ਹੈ।

8. ਯਹੋਵਾਹ ਦੇ ਸੰਗਠਨ ਵਿਚ ਇੰਨਾ ਵਾਧਾ ਕਿਉਂ ਹੋ ਰਿਹਾ ਹੈ?

8 ਪਰਮੇਸ਼ੁਰ ਦੇ ਲੋਕਾਂ ਦੀ ਗਿਣਤੀ ਵਿਚ ਸ਼ਾਨਦਾਰ ਵਾਧਾ ਹੋ ਰਿਹਾ ਹੈ ਕਿਉਂਕਿ ਯਹੋਵਾਹ ਆਪਣੇ ਗਵਾਹਾਂ ਦੀ ਮਦਦ ਕਰ ਰਿਹਾ ਹੈ। (ਯਸਾਯਾਹ 43:10-12 ਪੜ੍ਹੋ।) ਇਸ ਵਾਧੇ ਬਾਰੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ: “ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ, ਮੈਂ ਯਹੋਵਾਹ ਵੇਲੇ ਸਿਰ ਏਹ ਨੂੰ ਛੇਤੀ ਕਰਾਂਗਾ।” (ਯਸਾ. 60:22) ਇਕ ਸਮੇਂ ਤੇ ਧਰਤੀ ’ਤੇ ਚੁਣੇ ਹੋਏ ਮਸੀਹੀਆਂ ਦੀ ਗਿਣਤੀ ਬਹੁਤ ਥੋੜ੍ਹੀ ਸੀ, ਪਰ ਹੋਰ ਚੁਣੇ ਹੋਏ ਮਸੀਹੀਆਂ ਨੂੰ ਪਰਮੇਸ਼ੁਰ ਦੇ ਸੰਗਠਨ ਵਿਚ ਲਿਆਉਣ ਨਾਲ ਉਨ੍ਹਾਂ ਦੀ ਗਿਣਤੀ ਵਧਦੀ ਗਈ। (ਗਲਾ. 6:16) ਯਹੋਵਾਹ ਦੀ ਅਸੀਸ ਹੋਣ ਕਰਕੇ ਸਾਲਾਂ ਤੋਂ ਵੱਡੀ ਭੀੜ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।

ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ?

9. ਜੇ ਅਸੀਂ ਭਵਿੱਖ ਵਿਚ ਬਰਕਤਾਂ ਪਾਉਣੀਆਂ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

9 ਚਾਹੇ ਅਸੀਂ ਚੁਣੇ ਹੋਏ ਮਸੀਹੀ ਹਾਂ ਜਾਂ ਵੱਡੀ ਭੀੜ ਦੇ ਮੈਂਬਰ, ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਭਵਿੱਖ ਵਿਚ ਬਰਕਤਾਂ ਦੇਣ ਦਾ ਵਾਅਦਾ ਕੀਤਾ ਹੈ। ਇਨ੍ਹਾਂ ਬਰਕਤਾਂ ਨੂੰ ਪਾਉਣ ਲਈ ਸਾਨੂੰ ਯਹੋਵਾਹ ਦੇ ਹੁਕਮਾਂ ਨੂੰ ਮੰਨਣ ਦੀ ਲੋੜ ਹੈ। (ਯਸਾ. 48:17, 18) ਜ਼ਰਾ ਇਜ਼ਰਾਈਲੀਆਂ ’ਤੇ ਗੌਰ ਕਰੋ ਜੋ ਮੂਸਾ ਦੇ ਕਾਨੂੰਨ ਅਧੀਨ ਸਨ। ਇਜ਼ਰਾਈਲੀਆਂ ਦੇ ਬਚਾਅ ਲਈ ਉਨ੍ਹਾਂ ਨੂੰ ਕਾਨੂੰਨ ਦਿੱਤਾ ਗਿਆ ਸੀ। ਉਨ੍ਹਾਂ ਨੂੰ ਬਹੁਤ ਸਾਰੇ ਮਾਮਲਿਆਂ ਸੰਬੰਧੀ ਕਾਨੂੰਨ ਦਿੱਤੇ ਗਏ ਸਨ ਜਿਵੇਂ ਕਿ ਗ਼ਲਤ ਕੰਮਾਂ ਸੰਬੰਧੀ, ਬਿਜ਼ਨਿਸ ਦੇ ਮਾਮਲੇ ਵਿਚ, ਬੱਚਿਆਂ ਦੇ ਪਾਲਣ-ਪੋਸ਼ਣ ਤੇ ਦੂਜਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਬਾਰੇ। (ਕੂਚ 20:14; ਲੇਵੀ. 19:18, 35-37; ਬਿਵ. 6:6-9) ਅੱਜ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਮੰਨਣ ਕਰਕੇ ਸਾਡਾ ਵੀ ਬਚਾਅ ਹੁੰਦਾ ਹੈ ਤੇ ਉਸ ਦੀ ਇੱਛਾ ਪੂਰੀ ਕਰਨੀ ਸਾਡੇ ਲਈ ਬੋਝ ਨਹੀਂ ਹੈ। (1 ਯੂਹੰਨਾ 5:3 ਪੜ੍ਹੋ।) ਦਰਅਸਲ ਜਿੱਦਾਂ ਕਾਨੂੰਨਾਂ ਨੂੰ ਮੰਨ ਕੇ ਇਜ਼ਰਾਈਲੀਆਂ ਦਾ ਬਚਾਅ ਹੁੰਦਾ ਸੀ, ਉਸੇ ਤਰ੍ਹਾਂ ਯਹੋਵਾਹ ਦੇ ਕਾਨੂੰਨ ਤੇ ਅਸੂਲ ਸਾਡੀ ਰੱਖਿਆ ਕਰਦੇ ਹਨ ਅਤੇ ਸਾਡੀ “ਨਿਹਚਾ ਮਜ਼ਬੂਤ” ਕਰਦੇ ਹਨ।ਤੀਤੁ. 1:13.

10. ਸਾਨੂੰ ਬਾਈਬਲ ਸਟੱਡੀ ਤੇ ਹਰ ਹਫ਼ਤੇ ਪਰਿਵਾਰਕ ਸਟੱਡੀ ਲਈ ਸਮਾਂ ਕਿਉਂ ਰੱਖਣਾ ਚਾਹੀਦਾ ਹੈ?

10 ਧਰਤੀ ’ਤੇ ਯਹੋਵਾਹ ਦਾ ਸੰਗਠਨ ਅਲੱਗ-ਅਲੱਗ ਤਰੀਕਿਆਂ ਨਾਲ ਅੱਗੇ ਵਧ ਰਿਹਾ ਹੈ। ਮਿਸਾਲ ਲਈ, ਬਾਈਬਲ ਵਿਚ ਦੱਸੀ ਸੱਚਾਈ ਬਾਰੇ ਸਾਡੀ ਸਮਝ ਲਗਾਤਾਰ ਵਧ ਰਹੀ ਹੈ। ਇਸ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ: “ਧਰਮੀਆਂ ਦਾ ਰਾਹ ਫ਼ਜਰ ਦੇ ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ।” (ਕਹਾ. 4:18) ਪਰ ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ: ‘ਹਾਲ ਹੀ ਵਿਚ ਬਾਈਬਲ ਦੀ ਸੱਚਾਈ ਬਾਰੇ ਸਾਡੀ ਸਮਝ ਵਿਚ ਜੋ ਸੁਧਾਰ ਕੀਤਾ ਗਿਆ ਹੈ, ਕੀ ਮੈਨੂੰ ਉਸ ਬਾਰੇ ਪਤਾ ਹੈ? ਕੀ ਮੈਂ ਬਾਕਾਇਦਾ ਬਾਈਬਲ ਪੜ੍ਹਦਾ ਹਾਂ? ਕੀ ਮੈਂ ਨਵੇਂ ਪ੍ਰਕਾਸ਼ਨ ਪੜ੍ਹਨ ਲਈ ਉਤਾਵਲਾ ਹੁੰਦਾ ਹਾਂ? ਕੀ ਮੈਂ ਆਪਣੇ ਪਰਿਵਾਰ ਨਾਲ ਹਰ ਹਫ਼ਤੇ ਸਟੱਡੀ ਕਰਦਾ ਹਾਂ?’ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਸਹਿਮਤ ਹੋਣਗੇ ਕਿ ਇਹ ਸਭ ਕੁਝ ਕਰਨਾ ਬਹੁਤਾ ਔਖਾ ਤਾਂ ਨਹੀਂ ਹੈ, ਪਰ ਇਨ੍ਹਾਂ ਨੂੰ ਕਰਨ ਲਈ ਅਲੱਗ ਸਮਾਂ ਰੱਖਣ ਦੀ ਲੋੜ ਹੈ। ਨਾਲੇ ਕਿੰਨਾ ਜ਼ਰੂਰੀ ਹੈ ਕਿ ਅਸੀਂ ਬਾਈਬਲ ਦਾ ਸਹੀ ਗਿਆਨ ਲਈਏ, ਸਿੱਖੀਆਂ ਗੱਲਾਂ ਨੂੰ ਲਾਗੂ ਕਰੀਏ ਤੇ ਸੱਚਾਈ ਵਿਚ ਤਰੱਕੀ ਕਰੀਏ, ਖ਼ਾਸ ਕਰਕੇ ਹੁਣ ਜਦੋਂ ਮਹਾਂਕਸ਼ਟ ਬਹੁਤ ਨੇੜੇ ਹੈ!

11. ਪੁਰਾਣੇ ਜ਼ਮਾਨੇ ਦੇ ਤਿਉਹਾਰਾਂ ਵਾਂਗ ਅੱਜ ਮੀਟਿੰਗਾਂ, ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਤੋਂ ਕੀ ਫ਼ਾਇਦੇ ਹੁੰਦੇ ਹਨ?

11 ਯਹੋਵਾਹ ਦਾ ਸੰਗਠਨ ਸਾਨੂੰ ਪੌਲੁਸ ਰਸੂਲ ਦੀ ਸਲਾਹ ਮੰਨਣ ਦੀ ਹੱਲਾਸ਼ੇਰੀ ਦਿੰਦਾ ਹੈ: “ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਈਏ ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੀਏ, ਜਿਵੇਂ ਕਈਆਂ ਦੀ ਆਦਤ ਹੈ, ਸਗੋਂ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ ਅਤੇ ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੀਏ।” (ਇਬ.  10:24, 25) ਇਜ਼ਰਾਈਲੀ ਹਰ ਸਾਲ ਤਿਉਹਾਰ ਮਨਾਉਣ ਤੇ ਭਗਤੀ ਕਰਨ ਲਈ ਇਕੱਠੇ ਹੁੰਦੇ ਸਨ ਜਿਸ ਕਰਕੇ ਉਹ ਪਰਮੇਸ਼ੁਰ ਦੇ ਨੇੜੇ ਆਉਂਦੇ ਸਨ। ਇਸ ਤੋਂ ਇਲਾਵਾ, ਇਹ ਤਿਉਹਾਰ ਖ਼ੁਸ਼ੀ ਦੇ ਮੌਕੇ ਵੀ ਹੁੰਦੇ ਸਨ ਜਿਵੇਂ ਕਿ ਨਹਮਯਾਹ ਦੇ ਜ਼ਮਾਨੇ ਵਿਚ ਡੇਰਿਆਂ ਦਾ ਤਿਉਹਾਰ। (ਕੂਚ 23:15, 16; ਨਹ. 8:9-18) ਅੱਜ ਸਾਡੇ ਲਈ ਵੀ ਮੀਟਿੰਗਾਂ, ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸਾਨੂੰ ਇਨ੍ਹਾਂ ਵਿਚ ਹਾਜ਼ਰ ਹੋਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਤੋਂ ਸਾਨੂੰ ਯਹੋਵਾਹ ਦੇ ਨੇੜੇ ਰਹਿਣ ਤੇ ਉਸ ਦੀ ਸੇਵਾ ਖ਼ੁਸ਼ੀ ਨਾਲ ਕਰਦੇ ਰਹਿਣ ਵਿਚ ਮਦਦ ਮਿਲਦੀ ਹੈ।ਤੀਤੁ. 2:2.

12. ਸਾਨੂੰ ਪ੍ਰਚਾਰ ਦੇ ਕੰਮ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?

12 ਯਹੋਵਾਹ ਦੇ ਸੰਗਠਨ ਦੇ ਮੈਂਬਰ ਹੋਣ ਕਰਕੇ ਅਸੀਂ ਖ਼ੁਸ਼ ਹਾਂ ਕਿ ਸਾਡੇ ਕੋਲ “ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਨ ਦਾ ਮੌਕਾ ਹੈ। (ਰੋਮੀ. 15:16) ਇਸ “ਪਵਿੱਤਰ ਕੰਮ” ਵਿਚ ਹਿੱਸਾ ਲੈ ਕੇ ਅਸੀਂ “ਪਵਿੱਤਰ ਪਰਮੇਸ਼ੁਰ” ਯਹੋਵਾਹ ਨਾਲ “ਮਿਲ ਕੇ ਕੰਮ ਕਰਦੇ ਹਾਂ।” (1 ਕੁਰਿੰ. 3:9; 1 ਪਤ. 1:15) ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਅਸੀਂ ਯਹੋਵਾਹ ਦੇ ਪਵਿੱਤਰ ਨਾਂ ਨੂੰ ਵਡਿਆਉਂਦੇ ਹਾਂ। ਇਹ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ ਕਿ ਸਾਨੂੰ “ਖ਼ੁਸ਼ਦਿਲ ਪਰਮੇਸ਼ੁਰ ਦੀ ਸ਼ਾਨਦਾਰ ਖ਼ੁਸ਼ ਖ਼ਬਰੀ” ਸੁਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।1 ਤਿਮੋ. 1:11.

13. ਸਾਡੀ ਜ਼ਿੰਦਗੀ ਅਤੇ ਯਹੋਵਾਹ ਨਾਲ ਸਾਡੀ ਦੋਸਤੀ ਕਿਸ ਗੱਲ ’ਤੇ ਨਿਰਭਰ ਕਰਦੀ ਹੈ?

13 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਰਹਿ ਕੇ ਅਤੇ ਉਸ ਦੇ ਸੰਗਠਨ ਵੱਲੋਂ ਕੀਤੇ ਜਾਂਦੇ ਅਲੱਗ-ਅਲੱਗ ਕੰਮਾਂ ਵਿਚ ਹਿੱਸਾ ਲੈ ਕੇ ਸੱਚਾਈ ਵਿਚ ਮਜ਼ਬੂਤ ਰਹੀਏ। ਮੂਸਾ ਨੇ ਇਜ਼ਰਾਈਲੀਆਂ ਨੂੰ ਕਿਹਾ: “ਮੈਂ ਅੱਜੋ ਤੁਹਾਡੇ ਵਿਰੁੱਧ ਅਕਾਸ਼ ਅਤੇ ਧਰਤੀ ਨੂੰ ਗਵਾਹ ਬਣਾਉਂਦਾ ਹਾਂ ਭਈ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਏਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡੀ ਅੰਸ ਜੀਉਂਦੇ ਰਹੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ ਕਿਉਂ ਜੋ ਉਹ ਤੁਹਾਡਾ ਜੀਵਨ ਅਤੇ ਤੁਹਾਡੇ ਦਿਨਾਂ ਦੀ ਲਮਾਨ ਹੈ ਤਾਂ ਜੋ ਤੁਸੀਂ ਉਸ ਜ਼ਮੀਨ ਵਿੱਚ ਵੱਸਿਆ ਕਰੋ ਜਿਹੜੀ ਯਹੋਵਾਹ ਨੇ ਤੁਹਾਡੇ ਪਿਉ ਦਾਦਿਆਂ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਦੇਣ ਲਈ ਸੌਂਹ ਖਾਧੀ ਸੀ।” (ਬਿਵ. 30:19, 20) ਯਹੋਵਾਹ ਦੀ ਇੱਛਾ ਪੂਰੀ ਕਰ ਕੇ, ਉਸ ਨਾਲ ਪਿਆਰ ਕਰ ਕੇ, ਉਸ ਦਾ ਕਹਿਣਾ ਮੰਨ ਕੇ ਤੇ ਉਸ ਦੇ ਨੇੜੇ ਰਹਿ ਕੇ ਅਸੀਂ ਜ਼ਿੰਦਗੀ ਨੂੰ ਚੁਣ ਸਕਦੇ ਹਾਂ।

14. ਪਰਮੇਸ਼ੁਰ ਦੇ ਸੰਗਠਨ ਪ੍ਰਤੀ ਇਕ ਭਰਾ ਕਿਵੇਂ ਮਹਿਸੂਸ ਕਰਦਾ ਸੀ?

14 ਭਰਾ ਪਰਾਈਸ ਹਿਊਜ਼ ਸਾਰੀ ਉਮਰ ਯਹੋਵਾਹ ਤੇ ਉਸ ਦੇ ਸੰਗਠਨ ਪ੍ਰਤੀ ਵਫ਼ਾਦਾਰ ਰਿਹਾ। ਇਕ ਵਾਰ ਉਸ ਨੇ ਲਿਖਿਆ: ‘ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਮੈਂ 1914 ਤੋਂ ਪਹਿਲਾਂ ਯਹੋਵਾਹ ਦੇ ਮਕਸਦਾਂ ਦਾ ਗਿਆਨ ਲਿਆ। ਮੇਰੇ ਲਈ ਸਭ ਤੋਂ ਮਹੱਤਵਪੂਰਣ ਗੱਲ ਸੀ ਯਹੋਵਾਹ ਦੇ ਸੰਗਠਨ ਦੇ ਨੇੜੇ ਰਹਿਣਾ। ਸੱਚਾਈ ਦੇ ਪਹਿਲੇ ਸਾਲਾਂ ਦੌਰਾਨ ਮੈਂ ਸਿੱਖਿਆ ਕਿ ਇਨਸਾਨੀ ਸੋਚ ਉੱਤੇ ਭਰੋਸਾ ਰੱਖਣਾ ਕਿੰਨਾ ਗ਼ਲਤ ਹੈ। ਜਦੋਂ ਇਹ ਗੱਲ ਮੇਰੇ ਅੰਦਰ ਘਰ ਕਰ ਗਈ, ਤਾਂ ਮੈਂ ਇਸ ਸੰਗਠਨ ਦੇ ਨਾਲ-ਨਾਲ ਚੱਲਣ ਦਾ ਪੱਕਾ ਇਰਾਦਾ ਕੀਤਾ। ਸਿਰਫ਼ ਇਸ ਸੰਗਠਨ ਰਾਹੀਂ ਸਾਨੂੰ ਯਹੋਵਾਹ ਦੀ ਕਿਰਪਾ ਅਤੇ ਬਰਕਤ ਹਾਸਲ ਹੁੰਦੀ ਹੈ।’

ਪਰਮੇਸ਼ੁਰ ਦੇ ਸੰਗਠਨ ਨਾਲ ਅੱਗੇ ਵਧਦੇ ਰਹੋ

15. ਬਾਈਬਲ ਵਿੱਚੋਂ ਇਕ ਮਿਸਾਲ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਬਾਰੇ ਸਾਡੀ ਸਮਝ ਵਿਚ ਸੁਧਾਰ ਹੋਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ।

15 ਜੇ ਅਸੀਂ ਯਹੋਵਾਹ ਦੀ ਮਿਹਰ ਤੇ ਬਰਕਤਾਂ ਪਾਉਣੀਆਂ ਚਾਹੁੰਦੇ ਹਾਂ, ਤਾਂ ਸਾਨੂੰ ਉਸ ਦੇ ਸੰਗਠਨ ਦਾ ਸਮਰਥਨ ਕਰਨਾ ਚਾਹੀਦਾ ਹੈ ਤੇ ਬਾਈਬਲ ਬਾਰੇ ਸਾਡੀ ਸਮਝ ਵਿਚ ਕੀਤੇ ਸੁਧਾਰ ਨੂੰ ਮੰਨਣਾ ਚਾਹੀਦਾ ਹੈ। ਜ਼ਰਾ ਗੌਰ ਕਰੋ: ਯਿਸੂ ਦੀ ਮੌਤ ਤੋਂ ਬਾਅਦ ਹਜ਼ਾਰਾਂ ਹੀ ਯਹੂਦੀ ਮਸੀਹੀ ਜੋਸ਼ ਨਾਲ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਦੇ ਸਨ। ਉਨ੍ਹਾਂ ਨੂੰ ਮੂਸਾ ਦੇ ਕਾਨੂੰਨ ਨੂੰ ਛੱਡਣਾ ਔਖਾ ਲੱਗਦਾ ਸੀ। (ਰਸੂ. 21:17-20) ਪਰ ਇਬਰਾਨੀਆਂ ਨੂੰ ਲਿਖੀ ਪੌਲੁਸ ਦੀ ਚਿੱਠੀ ਪੜ੍ਹ ਕੇ ਉਨ੍ਹਾਂ ਨੂੰ ਇਹ ਗੱਲ ਸਮਝ ਆਈ ਕਿ ਉਹ “ਮੂਸਾ ਦੇ ਕਾਨੂੰਨ ਅਨੁਸਾਰ ਚੜ੍ਹਾਈਆਂ ਜਾਂਦੀਆਂ” ਬਲ਼ੀਆਂ  ਕਰਕੇ ਨਹੀਂ, ਸਗੋਂ “ਯਿਸੂ ਮਸੀਹ ਦੇ ਸਰੀਰ ਦੀ ਬਲ਼ੀ ਰਾਹੀਂ ਇੱਕੋ ਵਾਰ ਹਮੇਸ਼ਾ ਲਈ ਸ਼ੁੱਧ” ਕੀਤੇ ਗਏ ਸਨ। (ਇਬ. 10:5-10) ਬਿਨਾਂ ਸ਼ੱਕ ਜ਼ਿਆਦਾਤਰ ਯਹੂਦੀ ਮਸੀਹੀਆਂ ਨੇ ਆਪਣੀ ਸੋਚਣੀ ਨੂੰ ਬਦਲਿਆ ਤੇ ਸੱਚਾਈ ਵਿਚ ਤਰੱਕੀ ਕੀਤੀ। ਜਦੋਂ ਯਹੋਵਾਹ ਦਾ ਸੰਗਠਨ ਪਰਮੇਸ਼ੁਰ ਦੇ ਬਚਨ ਦੀ ਸਮਝ ਵਿਚ ਜਾਂ ਪ੍ਰਚਾਰ ਸੰਬੰਧੀ ਕੋਈ ਤਬਦੀਲੀਆਂ ਕਰਦਾ ਹੈ, ਤਾਂ ਸਾਨੂੰ ਵੀ ਬਾਈਬਲ ਤੇ ਹੋਰ ਪ੍ਰਕਾਸ਼ਨਾਂ ਦੀ ਧਿਆਨ ਨਾਲ ਸਟੱਡੀ ਕਰਨੀ ਚਾਹੀਦੀ ਹੈ ਅਤੇ ਨਿਮਰਤਾ ਨਾਲ ਇਨ੍ਹਾਂ ਤਬਦੀਲੀਆਂ ਨੂੰ ਮੰਨਣਾ ਚਾਹੀਦਾ ਹੈ।

16. (ੳ) ਅਸੀਂ ਨਵੀਂ ਦੁਨੀਆਂ ਵਿਚ ਕਿਹੜੀਆਂ ਬਰਕਤਾਂ ਦਾ ਆਨੰਦ ਮਾਣਾਂਗੇ? (ਅ) ਤੁਸੀਂ ਨਵੀਂ ਦੁਨੀਆਂ ਵਿਚ ਕਿਹੜਾ ਵਾਅਦਾ ਪੂਰਾ ਹੁੰਦਾ ਦੇਖਣਾ ਚਾਹੁੰਦੇ ਹੋ?

16 ਯਹੋਵਾਹ ਤੇ ਉਸ ਦੇ ਸੰਗਠਨ ਪ੍ਰਤੀ ਵਫ਼ਾਦਾਰ ਰਹਿਣ ਵਾਲਿਆਂ ਨੂੰ ਹਮੇਸ਼ਾ-ਹਮੇਸ਼ਾ ਲਈ ਬਰਕਤਾਂ ਮਿਲਦੀਆਂ ਰਹਿਣਗੀਆਂ। ਚੁਣੇ ਹੋਏ ਵਫ਼ਾਦਾਰ ਮਸੀਹੀ ਸਵਰਗ ਵਿਚ ਯਿਸੂ ਮਸੀਹ ਨਾਲ ਰਾਜ ਕਰਨਗੇ। (ਰੋਮੀ. 8:16, 17) ਜੇ ਸਾਡੀ ਉਮੀਦ ਧਰਤੀ ’ਤੇ ਰਹਿਣ ਦੀ ਹੈ, ਤਾਂ ਸਾਡੇ ਲਈ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਬਾਗ਼ ਵਰਗੀ ਸੋਹਣੀ ਧਰਤੀ ’ਤੇ ਹਮੇਸ਼ਾ ਲਈ ਜੀ ਸਕਾਂਗੇ। ਸਾਰੀ ਦੁਨੀਆਂ ਵਿਚ ਯਹੋਵਾਹ ਦੇ ਲੋਕਾਂ ਕੋਲ ਦੂਜਿਆਂ ਨੂੰ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਦੱਸਣ ਦਾ ਸਨਮਾਨ ਹੈ। (2 ਪਤ. 3:13) ਜ਼ਬੂਰਾਂ ਦੀ ਪੋਥੀ 37:11 ਵਿਚ ਲਿਖਿਆ ਹੈ: “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” ਲੋਕ “ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ” ਤੇ “ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।” (ਯਸਾ. 65:21, 22) ਉੱਥੇ ਜ਼ੁਲਮ, ਗ਼ਰੀਬੀ ਤੇ ਭੁੱਖਮਰੀ ਨਹੀਂ ਹੋਵੇਗੀ। (ਜ਼ਬੂ. 72:13-16) ਮਹਾਂ ਬਾਬਲ ਕਿਸੇ ਨੂੰ ਧੋਖਾ ਨਹੀਂ ਦੇ ਸਕੇਗਾ ਕਿਉਂਕਿ ਉਸ ਦਾ ਨਾਸ਼ ਕਰ ਦਿੱਤਾ ਜਾਵੇਗਾ। (ਪ੍ਰਕਾ. 18:8, 21) ਮਰਿਆਂ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਤੇ ਉਨ੍ਹਾਂ ਕੋਲ ਹਮੇਸ਼ਾ ਲਈ ਜੀਉਣ ਦਾ ਮੌਕਾ ਹੋਵੇਗਾ। (ਯਸਾ. 25:8; ਰਸੂ. 24:15) ਉਨ੍ਹਾਂ ਲੱਖਾਂ ਲੋਕਾਂ ਦਾ ਭਵਿੱਖ ਕਿੰਨਾ ਵਧੀਆ ਹੈ ਜਿਨ੍ਹਾਂ ਨੇ ਯਹੋਵਾਹ ਨੂੰ ਆਪਣੀਆਂ ਜ਼ਿੰਦਗੀਆਂ ਸਮਰਪਿਤ ਕੀਤੀਆਂ ਹਨ! ਜੇ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਦੇ ਹਾਂ ਤੇ ਉਸ ਦੇ ਸੰਗਠਨ ਨਾਲ ਅੱਗੇ ਵਧਦੇ ਰਹਿੰਦੇ ਹਾਂ, ਤਾਂ ਅਸੀਂ ਇਨ੍ਹਾਂ ਸ਼ਾਨਦਾਰ ਵਾਅਦਿਆਂ ਨੂੰ ਜ਼ਰੂਰ ਪੂਰਾ ਹੁੰਦਿਆਂ ਦੇਖਾਂਗੇ।

ਕੀ ਤੁਸੀਂ ਆਪਣੇ ਆਪ ਨੂੰ ਨਵੀਂ ਦੁਨੀਆਂ ਵਿਚ ਦੇਖ ਸਕਦੇ ਹੋ? (ਪੈਰਾ 16 ਦੇਖੋ)

17. ਯਹੋਵਾਹ ਦੀ ਭਗਤੀ ਤੇ ਉਸ ਦੇ ਸੰਗਠਨ ਪ੍ਰਤੀ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ?

17 ਸ਼ੈਤਾਨ ਦੀ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। ਅੰਤ ਤੋਂ ਬਚਣ ਲਈ ਸਾਨੂੰ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਣ ਤੇ ਯਹੋਵਾਹ ਦੇ ਸੰਗਠਨ ਨਾਲ ਮਿਲ ਕੇ ਉਸ ਦੀ ਭਗਤੀ ਵਫ਼ਾਦਾਰੀ ਨਾਲ ਕਰਨ ਦੀ ਲੋੜ ਹੈ। ਸਾਡਾ ਰਵੱਈਆ ਜ਼ਬੂਰਾਂ ਦੇ ਲਿਖਾਰੀ ਵਰਗਾ ਹੋਣਾ ਚਾਹੀਦਾ ਹੈ ਜਿਸ ਨੇ ਗਾਇਆ: “ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਂਗਾ, ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ, ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ।” (ਜ਼ਬੂ. 27:4) ਆਓ ਆਪਾਂ ਸਾਰੇ ਜਣੇ ਯਹੋਵਾਹ ਦੇ ਨੇੜੇ ਰਹੀਏ ਅਤੇ ਉਸ ਦੇ ਸੰਗਠਨ ਨਾਲ ਲਗਾਤਾਰ ਅੱਗੇ ਵਧਦੇ ਰਹੀਏ।