Skip to content

Skip to table of contents

 ਜੀਵਨੀ

ਯਹੋਵਾਹ ਨੇ ਸੱਚ-ਮੁੱਚ ਮੇਰੀ ਮਦਦ ਕੀਤੀ ਹੈ

ਯਹੋਵਾਹ ਨੇ ਸੱਚ-ਮੁੱਚ ਮੇਰੀ ਮਦਦ ਕੀਤੀ ਹੈ

ਉਸ ਦਿਨ ਸਵੇਰੇ ਬਹੁਤ ਹੀ ਠੰਢ ਸੀ ਜਦ ਮੈਂ ਆਪਣੇ ਵਿਆਹ ਤੋਂ ਕੁਝ ਦਿਨਾਂ ਬਾਅਦ ਆਪਣੀ ਪਤਨੀ ਈਵਲੀਨ ਨਾਲ ਹੋਰਨਪੇਨ ਨਾਂ ਦੇ ਇਕ ਪੇਂਡੂ ਇਲਾਕੇ ਵਿਚ ਗੱਡੀ ਤੋਂ ਉਤਰਿਆ ਸੀ। ਇਹ ਇਲਾਕਾ ਕੈਨੇਡਾ ਦੇ ਆਂਟੇਰੀਓ ਸੂਬੇ ਦੇ ਉੱਤਰ ਵਿਚ ਹੈ। ਉੱਥੋਂ ਦਾ ਇਕ ਭਰਾ ਸਾਨੂੰ ਸਟੇਸ਼ਨ ਤੋਂ ਲੈਣ ਆਇਆ। ਉਸ ਦੇ ਪਰਿਵਾਰ ਵਿਚ ਉਸ ਦੀ ਪਤਨੀ ਤੇ ਉਸ ਦਾ ਮੁੰਡਾ ਸੀ। ਰੱਜ ਕੇ ਨਾਸ਼ਤਾ ਕਰਨ ਤੋਂ ਬਾਅਦ ਅਸੀਂ ਸਾਰੇ ਘਰ-ਘਰ ਪ੍ਰਚਾਰ ਕਰਨ ਲਈ ਬਰਫ਼ ਵਿੱਚੋਂ ਦੀ ਤੁਰ ਕੇ ਗਏ। ਦੁਪਹਿਰੇ ਮੈਂ ਸਰਕਟ ਓਵਰਸੀਅਰ ਦੇ ਤੌਰ ਤੇ ਆਪਣਾ ਪਹਿਲਾ ਪਬਲਿਕ ਭਾਸ਼ਣ ਦਿੱਤਾ। ਮੀਟਿੰਗ ਵਿਚ ਅਸੀਂ ਸਿਰਫ਼ ਪੰਜ ਜਣੇ ਹੀ ਸੀ, ਹੋਰ ਕੋਈ ਨਹੀਂ ਆਇਆ।

ਅਸਲ ਵਿਚ 1957 ਵਿਚ ਆਪਣੇ ਭਾਸ਼ਣ ਵਿਚ ਥੋੜ੍ਹੇ ਜਣਿਆਂ ਨੂੰ ਦੇਖ ਕੇ ਮੈਂ ਨਿਰਾਸ਼ ਨਹੀਂ ਹੋਇਆ। ਇਸ ਦਾ ਕਾਰਨ ਹੈ ਕਿ ਮੈਂ ਬਚਪਨ ਤੋਂ ਹੀ ਬਹੁਤ ਸ਼ਰਮੀਲੇ ਸੁਭਾਅ ਦਾ ਹਾਂ। ਜਦੋਂ ਮੈਂ ਛੋਟਾ ਹੁੰਦਾ ਸੀ, ਤਾਂ ਮੈਂ ਘਰ ਆਏ ਪਰਾਹੁਣਿਆਂ ਨੂੰ ਦੇਖ ਕੇ ਲੁਕ ਜਾਂਦਾ ਸੀ, ਭਾਵੇਂ ਕਿ ਮੈਂ ਉਨ੍ਹਾਂ ਵਿੱਚੋਂ ਕਈਆਂ ਨੂੰ ਜਾਣਦਾ ਹੁੰਦਾ ਸੀ।

ਇਸ ਲਈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਯਹੋਵਾਹ ਦੀ ਸੰਸਥਾ ਵਿਚ ਮਿਲੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਕਰਕੇ ਮੈਨੂੰ ਲੋਕਾਂ ਨਾਲ ਗੱਲ ਕਰਨੀ ਪੈਂਦੀ ਹੈ, ਉਹ ਚਾਹੇ ਦੋਸਤ ਹੋਣ ਜਾਂ ਅਜਨਬੀ। ਮੈਂ ਜ਼ਿੰਦਗੀ ਭਰ ਆਪਣੇ ਸ਼ਰਮੀਲੇ ਸੁਭਾਅ ਨਾਲ ਲੜਦਾ ਰਿਹਾ ਤੇ ਜੱਕਦਾ ਰਿਹਾ, ਇਸ ਕਰਕੇ ਮੈਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਣ ਦਾ ਸਿਹਰਾ ਆਪਣੇ ਸਿਰ ਨਹੀਂ ਲੈ ਸਕਦਾ। ਯਹੋਵਾਹ ਨੇ ਆਪਣੇ ਇਸ ਵਾਅਦੇ ਮੁਤਾਬਕ ਮੇਰੀ ਮਦਦ ਕੀਤੀ ਹੈ: “ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।” (ਯਸਾ. 41:10) ਯਹੋਵਾਹ ਨੇ ਖ਼ਾਸ ਤੌਰ ਤੇ ਭੈਣਾਂ-ਭਰਾਵਾਂ ਰਾਹੀਂ ਮੇਰੀ ਮਦਦ ਕੀਤੀ। ਆਓ ਮੈਂ ਤੁਹਾਨੂੰ ਉਨ੍ਹਾਂ ਵਿੱਚੋਂ ਕੁਝ ਬਾਰੇ ਦੱਸਾਂ। ਮੈਂ ਗੱਲ ਉਦੋਂ ਤੋਂ ਸ਼ੁਰੂ ਕਰਦਾ ਹਾਂ ਜਦੋਂ ਮੈਂ ਛੋਟਾ ਹੁੰਦਾ ਸੀ।

ਉਸ ਨੇ ਬਾਈਬਲ ਤੇ ਇਕ ਕਾਲੇ ਰੰਗ ਦੀ ਛੋਟੀ ਕਾਪੀ ਤੋਂ ਸਾਨੂੰ ਸਟੱਡੀ ਕਰਾਈ

ਆਂਟੇਰੀਓ ਦੇ ਦੱਖਣੀ-ਪੱਛਮੀ ਇਲਾਕੇ ਵਿਚ ਆਪਣੇ ਫਾਰਮ ’ਤੇ

ਸਾਡਾ ਪਰਿਵਾਰ ਆਂਟੇਰੀਓ ਦੇ ਦੱਖਣੀ-ਪੱਛਮੀ ਇਲਾਕੇ ਵਿਚ ਇਕ ਫਾਰਮ ’ਤੇ ਰਹਿੰਦਾ ਸੀ। 1944 ਵਿਚ ਇਕ ਦਿਨ ਐਤਵਾਰ ਸਵੇਰੇ ਐਲਸੀ ਹਨਟਿੰਗਫਰਡ ਸਾਡੇ ਫਾਰਮ ’ਤੇ ਆਈ। ਮੇਰੇ ਮੰਮੀ ਜੀ ਨੇ ਦਰਵਾਜ਼ਾ  ਖੋਲ੍ਹਿਆ ਤੇ ਉਸ ਨਾਲ ਗੱਲ ਕੀਤੀ। ਡੈਡੀ ਜੀ ਮੇਰੇ ਵਾਂਗ ਸ਼ਰਮੀਲੇ ਸੁਭਾਅ ਦੇ ਹੋਣ ਕਰਕੇ ਮੇਰੇ ਨਾਲ ਅੰਦਰ ਬੈਠੇ ਰਹੇ ਤੇ ਉਨ੍ਹਾਂ ਦੀਆਂ ਗੱਲਾਂ ਸੁਣਦੇ ਰਹੇ। ਉਨ੍ਹਾਂ ਨੇ ਸੋਚਿਆ ਕਿ ਭੈਣ ਐਲਸੀ ਹਨਟਿੰਗਫਰਡ ਕੁਝ ਵੇਚਣ ਆਈ ਸੀ ਤੇ ਮੰਮੀ ਜੀ ਨੇ ਐਵੇਂ ਕੋਈ ਚੀਜ਼ ਖ਼ਰੀਦ ਲੈਣੀ। ਇਸ ਕਰਕੇ ਡੈਡੀ ਜੀ ਬਾਹਰ ਗਏ ਤੇ ਕਿਹਾ ਕਿ ਸਾਨੂੰ ਕੁਝ ਨਹੀਂ ਚਾਹੀਦਾ। ਭੈਣ ਹਨਟਿੰਗਫਰਡ ਨੇ ਪੁੱਛਿਆ: “ਕੀ ਤੁਸੀਂ ਬਾਈਬਲ ਸਟੱਡੀ ਨਹੀਂ ਕਰਨੀ ਚਾਹੁੰਦੇ?” ਡੈਡੀ ਜੀ ਨੇ ਉੱਤਰ ਦਿੱਤਾ: “ਹਾਂ ਜੀ ਅਸੀਂ ਸਟੱਡੀ ਕਰਨੀ ਚਾਹੁੰਦੇ ਹਾਂ।”

ਭੈਣ ਹਨਟਿੰਗਫਰਡ ਬਿਲਕੁਲ ਸਹੀ ਸਮੇਂ ਤੇ ਸਾਡੇ ਘਰ ਆਈ ਸੀ। ਮੇਰੇ ਮਾਪੇ ਕੈਨੇਡਾ ਦੇ ਯੂਨਾਇਟਿਡ ਚਰਚ ਦੇ ਮੈਂਬਰ ਸਨ, ਪਰ ਹਾਲ ਹੀ ਵਿਚ ਉਨ੍ਹਾਂ ਨੇ ਚਰਚ ਜਾਣਾ ਛੱਡ ਦਿੱਤਾ ਸੀ। ਕਿਉਂ? ਕਿਉਂਕਿ ਪਾਦਰੀ ਚੰਦਾ ਦੇਣ ਵਾਲੇ ਲੋਕਾਂ ਦੇ ਨਾਵਾਂ ਦੀ ਲਿਸਟ ਉਸ ਜਗ੍ਹਾ ਲਾ ਦਿੰਦਾ ਸੀ ਜਿੱਥੇ ਸਾਰੇ ਜਣੇ ਦੇਖ ਸਕਦੇ ਸਨ। ਜ਼ਿਆਦਾ ਚੰਦਾ ਦੇਣ ਵਾਲਿਆਂ ਦੇ ਨਾਂ ਲਿਸਟ ਵਿਚ ਉੱਪਰ ਤੇ ਘੱਟ ਦੇਣ ਵਾਲਿਆਂ ਦੇ ਨਾਂ ਥੱਲੇ ਹੁੰਦੇ ਸਨ। ਮੇਰੇ ਮਾਪੇ ਗ਼ਰੀਬ ਹੋਣ ਕਰਕੇ ਘੱਟ ਚੰਦਾ ਦਿੰਦੇ ਸਨ, ਇਸ ਕਰਕੇ ਉਨ੍ਹਾਂ ਦੇ ਨਾਂ ਅਕਸਰ ਲਿਸਟ ਦੇ ਬਿਲਕੁਲ ਥੱਲੇ ਹੁੰਦੇ ਸਨ। ਚਰਚ ਦੇ ਬਜ਼ੁਰਗ ਮੈਂਬਰ ਉਨ੍ਹਾਂ ’ਤੇ ਜ਼ਿਆਦਾ ਚੰਦਾ ਦੇਣ ਦਾ ਦਬਾਅ ਪਾਉਂਦੇ ਸਨ। ਨਾਲੇ ਇਕ ਪਾਦਰੀ ਨੇ ਦੱਸਿਆ ਕਿ ਉਹ ਚਰਚ ਵਿਚ ਜੋ ਸਿਖਾਉਂਦਾ ਹੈ, ਉਹ ਆਪ ਉਨ੍ਹਾਂ ਗੱਲਾਂ ਨੂੰ ਨਹੀਂ ਮੰਨਦਾ। ਪਰ ਜੇ ਉਹ ਇਹ ਗੱਲਾਂ ਨਹੀਂ ਸਿਖਾਉਂਦਾ, ਤਾਂ ਉਸ ਦੀ ਨੌਕਰੀ ਜਾ ਸਕਦੀ ਸੀ। ਇਸ ਕਰਕੇ ਅਸੀਂ ਚਰਚ ਜਾਣਾ ਛੱਡ ਦਿੱਤਾ, ਪਰ ਅਸੀਂ ਅਜੇ ਵੀ ਰੱਬ ਦੀ ਭਗਤੀ ਕਰਨੀ ਚਾਹੁੰਦੇ ਸੀ ਤੇ ਉਸ ਬਾਰੇ ਸਿੱਖਣਾ ਚਾਹੁੰਦੇ ਸੀ।

ਕੈਨੇਡਾ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ’ਤੇ ਪਾਬੰਦੀ ਲੱਗੀ ਹੋਣ ਕਰਕੇ ਭੈਣ ਹਨਟਿੰਗਫਰਡ ਬਾਈਬਲ ਤੇ ਇਕ ਕਾਲੇ ਰੰਗ ਦੀ ਛੋਟੀ ਕਾਪੀ ਤੋਂ ਸਾਡੇ ਪਰਿਵਾਰ ਨੂੰ ਸਟੱਡੀ ਕਰਾਉਂਦੀ ਸੀ। ਇਸ ਕਾਪੀ ਵਿਚ ਉਸ ਨੇ ਕੁਝ ਨੋਟਸ ਲਿਖੇ ਹੋਏ ਸਨ। ਜਦ ਉਸ ਨੂੰ ਯਕੀਨ ਹੋ ਗਿਆ ਕਿ ਅਸੀਂ ਉਸ ਨਾਲ ਧੋਖਾ ਕਰ ਕੇ ਉਸ ਬਾਰੇ ਸਰਕਾਰੀ ਅਧਿਕਾਰੀਆਂ ਨੂੰ ਨਹੀਂ ਦੱਸਾਂਗੇ, ਤਾਂ ਉਸ ਨੇ ਸਾਨੂੰ ਬਾਈਬਲ-ਆਧਾਰਿਤ ਪ੍ਰਕਾਸ਼ਨ ਦਿੱਤੇ। ਹਰ ਸਟੱਡੀ ਤੋਂ ਬਾਅਦ ਅਸੀਂ ਧਿਆਨ ਨਾਲ ਪ੍ਰਕਾਸ਼ਨ ਛੁਪਾ ਦਿੰਦੇ ਸੀ। *

ਮੇਰੇ ਮਾਪਿਆਂ ਨੇ ਸੱਚਾਈ ਸਵੀਕਾਰ ਕੀਤੀ ਤੇ 1948 ਵਿਚ ਬਪਤਿਸਮਾ ਲਿਆ

ਭੈਣ ਹਨਟਿੰਗਫਰਡ ਵਿਰੋਧਤਾ ਤੇ ਮੁਸ਼ਕਲਾਂ ਦੇ ਬਾਵਜੂਦ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੀ ਰਹੀ। ਉਸ ਦੇ ਜੋਸ਼ ਨੂੰ ਦੇਖ ਕੇ ਮੈਂ ਵੀ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। 1948 ਵਿਚ ਆਪਣੇ ਮਾਪਿਆਂ ਦੇ ਬਪਤਿਸਮੇ ਤੋਂ ਇਕ ਸਾਲ ਬਾਅਦ ਮੈਂ ਵੀ 17 ਸਾਲਾਂ ਦੀ ਉਮਰ ਵਿਚ ਬਪਤਿਸਮਾ ਲੈ ਲਿਆ। ਮੇਰਾ ਬਪਤਿਸਮਾ ਇਕ ਖੁਰਲੀ ਵਿਚ ਹੋਇਆ ਸੀ ਜਿਸ ਵਿਚ ਪਸ਼ੂਆਂ ਨੂੰ ਪਾਣੀ ਪਿਲ਼ਾਇਆ ਜਾਂਦਾ ਹੈ। ਬਪਤਿਸਮੇ ਤੋਂ ਬਾਅਦ ਮੈਂ ਪਾਇਨੀਅਰਿੰਗ ਕਰਨ ਦਾ ਇਰਾਦਾ ਕਰ ਲਿਆ।

ਯਹੋਵਾਹ ਨੇ ਕਦਮ ਚੁੱਕਣ ਵਿਚ ਮੇਰੀ ਮਦਦ ਕੀਤੀ

ਮੈਨੂੰ ਹੈਰਾਨੀ ਹੋਈ ਜਦੋਂ 1952 ਵਿਚ ਮੈਨੂੰ ਬੈਥਲ ਦਾ ਸੱਦਾ ਮਿਲਿਆ

ਮੈਂ ਇਕਦਮ ਪਾਇਨੀਅਰਿੰਗ ਸ਼ੁਰੂ ਕਰਨ ਤੋਂ ਹਿਚਕਿਚਾ ਰਿਹਾ ਸੀ। ਮੈਂ ਸੋਚਿਆ ਕਿ ਪਾਇਨੀਅਰਿੰਗ ਕਰਨ ਤੋਂ ਪਹਿਲਾਂ ਮੈਨੂੰ ਕੁਝ ਪੈਸੇ  ਕਮਾਉਣ ਦੀ ਲੋੜ ਹੈ। ਇਸ ਲਈ ਮੈਂ ਕੁਝ ਸਮਾਂ ਇਕ ਬੈਂਕ ਤੇ ਆਫ਼ਿਸ ਵਿਚ ਕੰਮ ਕੀਤਾ। ਪਰ ਘੱਟ ਤਜਰਬਾ ਹੋਣ ਕਰਕੇ ਮੈਂ ਛੇਤੀ ਹੀ ਆਪਣੇ ਸਾਰੇ ਪੈਸੇ ਖ਼ਰਚ ਕਰ ਦਿੱਤੇ। ਇਸ ਲਈ ਟੈੱਡ ਸਾਰਜੰਟ ਨਾਂ ਦੇ ਇਕ ਭਰਾ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਕਿ ਮੈਂ ਫ਼ਿਕਰ ਕਰਨ ਦੀ ਬਜਾਇ ਯਹੋਵਾਹ ’ਤੇ ਭਰੋਸਾ ਰੱਖਾਂ। (1 ਇਤ. 28:10) ਇਸ ਹੱਲਾਸ਼ੇਰੀ ਨੇ ਮੇਰੀ ਮਦਦ ਕੀਤੀ ਤੇ ਮੈਂ 1951 ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਮੇਰੇ ਕੋਲ ਉਸ ਵੇਲੇ ਸਿਰਫ਼ 40 ਡਾਲਰ (ਲਗਭਗ 2500 ਰੁਪਏ), ਇਕ ਪੁਰਾਣਾ ਸਾਈਕਲ ਤੇ ਇਕ ਨਵਾਂ ਬ੍ਰੀਫ-ਕੇਸ ਸੀ। ਪਰ ਯਹੋਵਾਹ ਨੇ ਹਮੇਸ਼ਾ ਮੇਰੀਆਂ ਲੋੜਾਂ ਪੂਰੀਆਂ ਕੀਤੀਆਂ। ਮੈਂ ਭਰਾ ਟੈੱਡ ਦਾ ਬੜਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਪਾਇਨੀਅਰਿੰਗ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ। ਇਸ ਫ਼ੈਸਲੇ ਕਰਕੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ।

ਮੈਨੂੰ ਅਗਸਤ 1952 ਵਿਚ ਇਕ ਦਿਨ ਸ਼ਾਮ ਨੂੰ ਟੋਰੌਂਟੋ ਤੋਂ ਫ਼ੋਨ ਆਇਆ। ਕੈਨੇਡਾ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਤੋਂ ਮੈਨੂੰ ਸੱਦਾ ਮਿਲਿਆ ਕਿ ਮੈਂ ਸਤੰਬਰ ਤੋਂ ਬੈਥਲ ਵਿਚ ਸੇਵਾ ਸ਼ੁਰੂ ਕਰਾਂ। ਭਾਵੇਂ ਮੈਂ ਸ਼ਰਮੀਲੇ ਸੁਭਾਅ ਦਾ ਸੀ ਤੇ ਕਦੇ ਬੈਥਲ ਨਹੀਂ ਗਿਆ ਸੀ, ਫਿਰ ਵੀ ਮੈਂ ਬਹੁਤ ਖ਼ੁਸ਼ ਸੀ ਕਿਉਂਕਿ ਮੈਂ ਹੋਰ ਪਾਇਨੀਅਰਾਂ ਤੋਂ ਬੈਥਲ ਬਾਰੇ ਬਹੁਤ ਵਧੀਆ ਗੱਲਾਂ ਸੁਣੀਆਂ ਸਨ। ਬੈਥਲ ਜਾਂਦੇ ਹੀ ਮੇਰਾ ਦਿਲ ਲੱਗ ਗਿਆ।

“ਭਰਾਵਾਂ ਨੂੰ ਦਿਖਾ ਕਿ ਤੈਨੂੰ ਉਨ੍ਹਾਂ ਦੀ ਪਰਵਾਹ ਹੈ”

ਬੈਥਲ ਜਾਣ ਤੋਂ ਦੋ ਸਾਲ ਬਾਅਦ ਹੀ ਮੈਨੂੰ ਟੋਰੌਂਟੋ ਦੀ ਇਕ ਮੰਡਲੀ ਵਿਚ ਭਰਾ ਬਿਲ ਯੇਕਸ ਦੀ ਥਾਂ ਮੰਡਲੀ ਦਾ ਸੇਵਕ ਬਣਾਇਆ ਗਿਆ। (ਹੁਣ ਮੰਡਲੀ ਦੇ ਸੇਵਕ ਨੂੰ ਬਜ਼ੁਰਗਾਂ ਦੇ ਸਮੂਹ ਦਾ ਸਹਾਇਕ ਕਿਹਾ ਜਾਂਦਾ ਹੈ।) ਮੈਂ 23 ਸਾਲਾਂ ਦਾ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਨੂੰ ਕੁਝ ਨਹੀਂ ਆਉਂਦਾ। ਪਰ ਭਰਾ ਯੇਕਸ ਨੇ ਬੜੀ ਨਿਮਰਤਾ ਤੇ ਪਿਆਰ ਨਾਲ ਮੈਨੂੰ ਸਾਰਾ ਕੁਝ ਸਿਖਾਇਆ। ਨਾਲੇ ਯਹੋਵਾਹ ਨੇ ਸੱਚ-ਮੁੱਚ ਮੇਰੀ ਮਦਦ ਕੀਤੀ।

ਭਰਾ ਯੇਕਸ ਹੱਟਾ-ਕੱਟਾ ਸੀ ਤੇ ਹਮੇਸ਼ਾ ਹੱਸਦਾ ਰਹਿੰਦਾ ਸੀ। ਉਹ ਦਿਲੋਂ ਲੋਕਾਂ ਦੀ ਪਰਵਾਹ ਕਰਦਾ ਸੀ। ਭਰਾ ਯੇਕਸ ਭੈਣਾਂ-ਭਰਾਵਾਂ ਨੂੰ ਤੇ ਭੈਣ-ਭਰਾ ਉਸ ਨੂੰ ਪਿਆਰ ਕਰਦੇ ਸਨ। ਉਹ ਭੈਣਾਂ-ਭਰਾਵਾਂ ਨੂੰ ਬਾਕਾਇਦਾ ਉਨ੍ਹਾਂ ਦੇ ਘਰ ਮਿਲਣ ਜਾਂਦਾ ਸੀ, ਪਰ ਸਿਰਫ਼ ਉਦੋਂ ਹੀ ਨਹੀਂ, ਜਦੋਂ ਉਨ੍ਹਾਂ ਨੂੰ ਕੋਈ ਸਮੱਸਿਆ ਹੁੰਦੀ ਸੀ। ਉਸ ਨੇ ਮੈਨੂੰ ਵੀ ਇਹੀ ਕਰਨ ਲਈ ਉਤਸ਼ਾਹਿਤ ਕੀਤਾ। ਨਾਲੇ ਉਸ ਨੇ ਮੈਨੂੰ ਪ੍ਰਚਾਰ ਵਿਚ ਭੈਣਾਂ-ਭਰਾਵਾਂ ਨਾਲ ਕੰਮ ਕਰਨ ਦੀ ਵੀ ਹੱਲਾਸ਼ੇਰੀ ਦਿੱਤੀ। ਉਸ ਨੇ ਕਿਹਾ: “ਕੈੱਨ, ਭਰਾਵਾਂ ਨੂੰ ਦਿਖਾ ਕਿ ਤੈਨੂੰ ਉਨ੍ਹਾਂ ਦੀ ਪਰਵਾਹ ਹੈ। ਇਸ ਕਰਕੇ ਉਹ ਤੇਰੀਆਂ ਕਮੀਆਂ-ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰਨਗੇ।”

ਮੇਰੀ ਪਤਨੀ ਯਹੋਵਾਹ ਤੇ ਮੇਰੇ ਪ੍ਰਤੀ ਵਫ਼ਾਦਾਰ ਰਹੀ

ਜਨਵਰੀ 1957 ਤੋਂ ਯਹੋਵਾਹ ਨੇ ਇਕ ਖ਼ਾਸ ਇਨਸਾਨ ਰਾਹੀਂ ਮੇਰੀ ਮਦਦ ਕੀਤੀ। ਉਸ ਮਹੀਨੇ ਈਵਲੀਨ ਨਾਲ ਮੇਰਾ ਵਿਆਹ ਹੋਇਆ ਸੀ ਜੋ ਗਿਲਿਅਡ ਸਕੂਲ ਦੀ 14ਵੀਂ ਕਲਾਸ ਤੋਂ ਗ੍ਰੈਜੂਏਟ ਹੋਈ ਸੀ। ਵਿਆਹ ਤੋਂ ਪਹਿਲਾਂ ਉਹ ਕਿਊਬੈੱਕ ਸੂਬੇ ਵਿਚ ਸੇਵਾ ਕਰਦੀ ਸੀ ਜਿੱਥੇ ਫ੍ਰੈਂਚ ਬੋਲੀ ਜਾਂਦੀ ਹੈ। ਉਨ੍ਹਾਂ ਦਿਨਾਂ ਵਿਚ ਕਿਊਬੈੱਕ ’ਤੇ ਰੋਮਨ ਕੈਥੋਲਿਕ ਚਰਚ ਦਾ ਬਹੁਤ ਪ੍ਰਭਾਵ ਸੀ। ਸੋ ਈਵਲੀਨ ਲਈ ਉਸ ਇਲਾਕੇ ਵਿਚ ਪ੍ਰਚਾਰ ਕਰਨਾ ਮੁਸ਼ਕਲ ਸੀ, ਪਰ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਕੇ ਪ੍ਰਚਾਰ ਕਰਦੀ ਰਹੀ।

1957 ਵਿਚ ਮੇਰਾ ਤੇ ਈਵਲੀਨ ਦਾ ਵਿਆਹ ਹੋਇਆ

ਈਵਲੀਨ ਮੇਰੇ ਪ੍ਰਤੀ ਵੀ ਵਫ਼ਾਦਾਰ ਰਹੀ ਹੈ। (ਅਫ਼. 5:31) ਦਰਅਸਲ ਵਿਆਹ ਤੋਂ ਛੇਤੀ ਬਾਅਦ ਉਸ ਦੀ ਵਫ਼ਾਦਾਰੀ ਪਰਖੀ ਗਈ। ਅਸੀਂ ਅਮਰੀਕਾ ਦੇ ਫ਼ਲੋਰਿਡਾ ਰਾਜ ਵਿਚ ਹਨੀਮੂਨ ਤੇ ਜਾਣ ਦਾ ਪ੍ਰੋਗ੍ਰਾਮ ਬਣਾਇਆ ਸੀ, ਪਰ ਵਿਆਹ ਤੋਂ ਦੂਜੇ ਦਿਨ ਹੀ ਬ੍ਰਾਂਚ ਨੇ ਮੈਨੂੰ ਕੈਨੇਡਾ ਬੈਥਲ ਵਿਚ ਹੋਣ ਵਾਲੀ ਇਕ ਮੀਟਿੰਗ ਵਿਚ ਹਾਜ਼ਰ ਹੋਣ ਲਈ ਕਿਹਾ ਜੋ ਇਕ ਹਫ਼ਤਾ ਚੱਲਣੀ ਸੀ। ਭਾਵੇਂ ਇਸ ਮੀਟਿੰਗ ਕਰਕੇ ਅਸੀਂ ਫ਼ਲੋਰਿਡਾ ਨਹੀਂ ਜਾ ਸਕਣਾ ਸੀ, ਪਰ ਮੈਂ ਤੇ ਈਵਲੀਨ ਉਹੀ ਕਰਨਾ ਚਾਹੁੰਦੇ ਸੀ ਜੋ ਯਹੋਵਾਹ ਨੇ ਸਾਨੂੰ ਕਰਨ ਲਈ ਕਿਹਾ ਸੀ। ਇਸ ਲਈ ਅਸੀਂ ਆਪਣਾ ਹਨੀਮੂਨ ਕੈਂਸਲ ਕਰ ਦਿੱਤਾ। ਉਸ ਹਫ਼ਤੇ ਦੌਰਾਨ ਉਸ ਨੇ ਬੈਥਲ ਦੇ ਨੇੜੇ ਪ੍ਰਚਾਰ ਕੀਤਾ। ਭਾਵੇਂ ਕਿ ਇੱਥੇ ਪ੍ਰਚਾਰ ਕਰਨਾ ਕਿਊਬੈੱਕ ਤੋਂ ਕਾਫ਼ੀ ਵੱਖਰਾ ਸੀ, ਪਰ ਉਹ ਪ੍ਰਚਾਰ ਕਰਨ ਵਿਚ ਲੱਗੀ ਰਹੀ।

ਹਫ਼ਤੇ ਦੇ ਅਖ਼ੀਰ ਵਿਚ ਮੈਨੂੰ ਇਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਮਿਲੀ। ਮੈਨੂੰ ਆਂਟੇਰੀਓ ਦੇ ਉੱਤਰੀ ਇਲਾਕੇ ਦਾ ਸਰਕਟ ਓਵਰਸੀਅਰ  ਬਣਾਇਆ ਗਿਆ। ਮੇਰਾ ਨਵਾਂ-ਨਵਾਂ ਵਿਆਹ ਹੋਇਆ ਸੀ, ਮੇਰੀ ਉਮਰ ਸਿਰਫ਼ 25 ਸਾਲਾਂ ਦੀ ਸੀ ਤੇ ਮੇਰੇ ਕੋਲ ਬਹੁਤ ਹੀ ਘੱਟ ਤਜਰਬਾ ਸੀ, ਪਰ ਅਸੀਂ ਯਹੋਵਾਹ ’ਤੇ ਭਰੋਸਾ ਰੱਖ ਕੇ ਤੁਰ ਪਏ। ਕੈਨੇਡਾ ਦੀ ਕੜਾਕੇ ਦੀ ਠੰਢ ਵਿਚ ਅਸੀਂ ਪੂਰੀ ਰਾਤ ਗੱਡੀ ਵਿਚ ਸਫ਼ਰ ਕੀਤਾ। ਉਸ ਗੱਡੀ ਵਿਚ ਹੋਰ ਬਹੁਤ ਸਾਰੇ ਤਜਰਬੇਕਾਰ ਸਫ਼ਰੀ ਨਿਗਾਹਬਾਨ ਸਨ ਜੋ ਮੰਡਲੀਆਂ ਦਾ ਦੌਰਾ ਕਰਨ ਜਾ ਰਹੇ ਸਨ। ਉਨ੍ਹਾਂ ਨੇ ਸਾਡਾ ਹੌਸਲਾ ਵਧਾਇਆ। ਇਕ ਭਰਾ ਨੇ ਗੱਡੀ ਵਿਚ ਸੌਣ ਵਾਲੀ ਸੀਟ ਬੁੱਕ ਕਰਵਾਈ ਸੀ ਤੇ ਉਸ ਨੇ ਉੱਥੇ ਸੌਣ ਲਈ ਸਾਡੇ ’ਤੇ ਜ਼ੋਰ ਪਾਇਆ ਤਾਂਕਿ ਸਾਨੂੰ ਸਾਰੀ ਰਾਤ ਬੈਠ ਕੇ ਨਾ ਕੱਟਣੀ ਪਵੇ। ਅਗਲੇ ਦਿਨ ਅਸੀਂ ਹੋਰਨਪੇਨ ਪਹੁੰਚੇ ਜਿੱਥੇ ਇਕ ਛੋਟਾ ਜਿਹਾ ਗਰੁੱਪ ਸੀ, ਜਿੱਦਾਂ ਮੈਂ ਇਸ ਲੇਖ ਦੇ ਸ਼ੁਰੂ ਵਿਚ ਦੱਸਿਆ ਸੀ। ਸਰਕਟ ਓਵਰਸੀਅਰ ਦੇ ਤੌਰ ਤੇ ਇਹ ਮੇਰਾ ਪਹਿਲਾ ਦੌਰਾ ਸੀ ਤੇ ਸਾਡੇ ਵਿਆਹ ਨੂੰ ਸਿਰਫ਼ 15 ਦਿਨ ਹੀ ਹੋਏ ਸਨ।

ਸਾਡੀ ਜ਼ਿੰਦਗੀ ਵਿਚ ਹੋਰ ਵੀ ਬਹੁਤ ਸਾਰੀਆਂ ਤਬਦੀਲੀਆਂ ਹੋਣ ਵਾਲੀਆਂ ਸਨ। ਜਦੋਂ ਮੈਂ 1960 ਦੇ ਆਖ਼ਰੀ ਮਹੀਨਿਆਂ ਦੌਰਾਨ ਡਿਸਟ੍ਰਿਕਟ ਓਵਰਸੀਅਰ ਦੇ ਤੌਰ ਤੇ ਸੇਵਾ ਕਰ ਰਿਹਾ ਸੀ, ਤਾਂ ਮੈਨੂੰ ਗਿਲਿਅਡ ਸਕੂਲ ਦੀ 36ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਇਹ ਦਸਾਂ ਮਹੀਨਿਆਂ ਦੀ ਕਲਾਸ ਫਰਵਰੀ 1961 ਵਿਚ ਸ਼ੁਰੂ ਹੋਣੀ ਸੀ ਤੇ ਇਹ ਬਰੁਕਲਿਨ, ਨਿਊਯਾਰਕ ਵਿਚ ਹੋਣੀ ਸੀ। ਇਹ ਸੱਚ ਹੈ ਕਿ ਮੈਨੂੰ ਇਹ ਸੱਦਾ ਮਿਲਣ ’ਤੇ ਬਹੁਤ ਖ਼ੁਸ਼ੀ ਹੋਈ ਸੀ, ਪਰ ਮੈਂ ਉਦਾਸ ਵੀ ਸੀ ਕਿਉਂਕਿ ਈਵਲੀਨ ਨੂੰ ਇਸ ਕਲਾਸ ਵਿਚ ਹਾਜ਼ਰ ਹੋਣ ਦਾ ਸੱਦਾ ਨਹੀਂ ਮਿਲਿਆ ਸੀ। ਕਲਾਸ ਦੇ ਹੋਰ ਭਰਾਵਾਂ ਦੀਆਂ ਪਤਨੀਆਂ ਦੀ ਤਰ੍ਹਾਂ ਈਵਲੀਨ ਨੂੰ ਵੀ ਚਿੱਠੀ ਵਿਚ ਇਹ ਲਿਖਣ ਲਈ ਕਿਹਾ ਗਿਆ ਕਿ ਉਹ ਘੱਟੋ-ਘੱਟ ਦਸ ਮਹੀਨਿਆਂ ਤਕ ਮੇਰੇ ਤੋਂ ਅਲੱਗ ਰਹਿਣ ਲਈ ਤਿਆਰ ਸੀ। ਇੰਨਾ ਸਮਾਂ ਮੇਰੇ ਤੋਂ ਦੂਰ ਹੋਣ ਦੇ ਖ਼ਿਆਲ ਕਰਕੇ ਈਵਲੀਨ ਰੋਈ, ਪਰ ਅਸੀਂ ਇਸ ਗੱਲ ਨਾਲ ਸਹਿਮਤ ਸੀ ਕਿ ਮੈਂ ਇਸ ਕਲਾਸ ਵਿਚ ਹਾਜ਼ਰ ਹੋਵਾਂ। ਉਹ ਖ਼ੁਸ਼ ਸੀ ਕਿ ਮੈਨੂੰ ਗਿਲਿਅਡ ਵਿਚ ਇੰਨੀ ਵਧੀਆ ਟ੍ਰੇਨਿੰਗ ਮਿਲਣੀ ਸੀ।

ਇਸ ਸਮੇਂ ਦੌਰਾਨ ਈਵਲੀਨ ਨੇ ਕੈਨੇਡਾ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕੀਤੀ। ਉਸ ਨੂੰ ਸਵਰਗੀ ਉਮੀਦ ਰੱਖਣ ਵਾਲੀ ਇਕ ਭੈਣ ਮਾਰਗਰਟ ਲਵੈਲ ਨਾਲ ਇੱਕੋ ਕਮਰੇ ਵਿਚ ਰਹਿਣ ਦਾ ਮੌਕਾ ਮਿਲਿਆ। ਮੈਂ ਤੇ ਈਵਲੀਨ ਇਕ-ਦੂਜੇ ਨੂੰ ਬਹੁਤ ਯਾਦ ਕਰਦੇ ਸੀ। ਪਰ ਯਹੋਵਾਹ ਦੀ ਮਦਦ ਨਾਲ ਅਸੀਂ ਆਪੋ-ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਰੁੱਝ ਗਏ। ਈਵਲੀਨ ਯਹੋਵਾਹ ਦੀ ਖ਼ਾਤਰ ਕੁਰਬਾਨੀਆਂ ਕਰਨ ਲਈ ਤਿਆਰ ਸੀ ਤਾਂਕਿ ਅਸੀਂ ਯਹੋਵਾਹ ਤੇ ਉਸ ਦੀ ਸੰਸਥਾ ਦੇ ਹੋਰ ਕੰਮ ਆ ਸਕੀਏ। ਇਸ ਕਰਕੇ ਮੇਰੇ ਦਿਲ ਵਿਚ ਉਸ ਲਈ ਪਿਆਰ ਤੇ ਇੱਜ਼ਤ ਹੋਰ ਵਧ ਗਈ।

ਮੈਨੂੰ ਗਿਲਿਅਡ ਕਲਾਸ ਵਿਚ ਟ੍ਰੇਨਿੰਗ ਲੈਂਦਿਆਂ ਨੂੰ ਲਗਭਗ ਤਿੰਨ ਮਹੀਨੇ ਹੋਏ ਸਨ ਜਦੋਂ ਭਰਾ ਨੇਥਨ ਨੌਰ ਨੇ ਮੈਨੂੰ ਇਕ ਹੋਰ ਜ਼ਿੰਮੇਵਾਰੀ ਨਿਭਾਉਣ ਬਾਰੇ ਪੁੱਛਿਆ। ਉਸ ਸਮੇਂ ਭਰਾ ਨੇਥਨ ਨੌਰ ਦੁਨੀਆਂ ਭਰ ਵਿਚ ਪ੍ਰਚਾਰ ਕੰਮ ਵਿਚ ਅਗਵਾਈ ਲੈ ਰਹੇ ਸਨ। ਉਨ੍ਹਾਂ ਨੇ ਮੈਨੂੰ ਪੁੱਛਿਆ: ਕੀ ਮੈਂ ਗਿਲਿਅਡ ਸਕੂਲ ਵਿੱਚੇ ਛੱਡ ਕੇ ਕੈਨੇਡਾ ਵਾਪਸ ਜਾ ਸਕਦਾ ਤੇ ਉੱਥੇ ਬ੍ਰਾਂਚ ਵਿਚ ਕਿੰਗਡਮ ਮਿਨਿਸਟ੍ਰੀ ਸਕੂਲ ਵਿਚ ਭਰਾਵਾਂ ਨੂੰ ਟ੍ਰੇਨਿੰਗ ਦੇ ਸਕਦਾ? ਭਰਾ ਨੌਰ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਮੈਂ ਇਹ ਜ਼ਿੰਮੇਵਾਰੀ ਸਵੀਕਾਰ ਕਰਾਂ। ਜੇ ਮੈਂ ਚਾਹਾਂ, ਤਾਂ ਮੈਂ ਗਿਲਿਅਡ ਦੀ ਟ੍ਰੇਨਿੰਗ ਪੂਰੀ ਕਰ ਸਕਦਾ ਹਾਂ ਤੇ ਫਿਰ ਸਾਨੂੰ ਮਿਸ਼ਨਰੀ ਕੰਮ ਲਈ ਕਿਸੇ ਵੀ ਦੇਸ਼ ਭੇਜਿਆ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਮੈਂ ਕੈਨੇਡਾ ਜਾਣ ਦਾ ਫ਼ੈਸਲਾ ਕਰਦਾ ਹਾਂ, ਤਾਂ ਫਿਰ ਸ਼ਾਇਦ ਮੈਨੂੰ ਗਿਲਿਅਡ ਲਈ ਦੁਬਾਰਾ ਸੱਦਾ ਨਾ ਮਿਲੇ ਤੇ ਕਿੰਗਡਮ ਮਿਨਿਸਟ੍ਰੀ ਸਕੂਲ ਦੀ ਟ੍ਰੇਨਿੰਗ ਖ਼ਤਮ ਹੋਣ ਤੋਂ ਕੁਝ ਸਮੇਂ ਬਾਅਦ ਸ਼ਾਇਦ ਸਾਨੂੰ ਬੈਥਲ ਤੋਂ ਬਾਹਰ ਸੇਵਾ ਕਰਨ ਲਈ ਭੇਜਿਆ ਜਾਵੇ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਆਪਣੀ ਪਤਨੀ ਨਾਲ ਸਲਾਹ-ਮਸ਼ਵਰਾ ਕਰ ਕੇ ਫ਼ੈਸਲਾ ਕਰ ਸਕਦਾ।

ਈਵਲੀਨ ਨੇ ਮੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਉਹ ਯਹੋਵਾਹ ਦੀ ਸੇਵਾ ਵਿਚ ਮਿਲੀਆਂ ਜ਼ਿੰਮੇਵਾਰੀਆਂ ਬਾਰੇ ਕੀ ਸੋਚਦੀ ਸੀ, ਇਸ ਕਰਕੇ ਮੈਂ ਉਸੇ ਵੇਲੇ ਭਰਾ ਨੌਰ ਨੂੰ ਕਿਹਾ: “ਯਹੋਵਾਹ ਦੀ ਸੰਸਥਾ ਸਾਨੂੰ ਜੋ  ਵੀ ਕਰਨ ਲਈ ਕਹਿੰਦੀ ਹੈ, ਅਸੀਂ ਕਰਨ ਲਈ ਤਿਆਰ ਹਾਂ।” ਸਾਨੂੰ ਲੱਗਦਾ ਹੈ ਕਿ ਸਾਨੂੰ ਹਮੇਸ਼ਾ ਉਹੀ ਕਰਨਾ ਚਾਹੀਦਾ ਹੈ ਜੋ ਯਹੋਵਾਹ ਦੀ ਸੰਸਥਾ ਸਾਨੂੰ ਕਰਨ ਲਈ ਕਹਿੰਦੀ ਹੈ, ਭਾਵੇਂ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਕੁਝ ਹੋਰ ਕਰਨਾ ਚਾਹੁੰਦੇ ਹਾਂ।

ਅਪ੍ਰੈਲ 1961 ਵਿਚ ਮੈਂ ਕਿੰਗਡਮ ਮਿਨਿਸਟ੍ਰੀ ਸਕੂਲ ਵਿਚ ਭਰਾਵਾਂ ਨੂੰ ਟ੍ਰੇਨਿੰਗ ਦੇਣ ਲਈ ਕੈਨੇਡਾ ਵਾਪਸ ਆ ਗਿਆ। ਬਾਅਦ ਵਿਚ ਅਸੀਂ ਕੈਨੇਡਾ ਦੇ ਬੈਥਲ ਵਿਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਫਿਰ ਮੈਨੂੰ ਹੈਰਾਨੀ ਹੋਈ ਜਦ ਮੈਨੂੰ ਗਿਲਿਅਡ ਦੀ 40ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਇਹ ਕਲਾਸ 1965 ਵਿਚ ਸ਼ੁਰੂ ਹੋਣੀ ਸੀ। ਇਕ ਵਾਰ ਫਿਰ ਈਵਲੀਨ ਨੂੰ ਚਿੱਠੀ ਲਿਖਣੀ ਪੈਣੀ ਸੀ ਕਿ ਉਹ ਕੁਝ ਸਮਾਂ ਮੇਰੇ ਤੋਂ ਬਗੈਰ ਰਹਿਣ ਲਈ ਤਿਆਰ ਸੀ। ਪਰ ਕੁਝ ਹਫ਼ਤਿਆਂ ਬਾਅਦ ਉਸ ਨੂੰ ਮੇਰੇ ਨਾਲ ਸਕੂਲ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਅਸੀਂ ਦੋਨੋਂ ਬਹੁਤ ਖ਼ੁਸ਼ ਹੋਏ।

ਗਿਲਿਅਡ ਸਕੂਲ ਪਹੁੰਚਣ ਤੋਂ ਬਾਅਦ ਭਰਾ ਨੌਰ ਨੇ ਸਾਨੂੰ ਦੱਸਿਆ ਕਿ ਜਿਹੜੇ ਵਿਦਿਆਰਥੀ ਫ਼੍ਰੈਂਚ ਭਾਸ਼ਾ ਸਿੱਖ ਰਹੇ ਸਨ, ਉਨ੍ਹਾਂ ਨੂੰ ਅਫ਼ਰੀਕਾ ਭੇਜਿਆ ਜਾਵੇਗਾ। ਅਸੀਂ ਵੀ ਫ੍ਰੈਂਚ ਭਾਸ਼ਾ ਸਿੱਖ ਰਹੇ ਸੀ। ਪਰ ਗ੍ਰੈਜੂਏਸ਼ਨ ਵਾਲੇ ਦਿਨ ਸਾਨੂੰ ਪਤਾ ਲੱਗਾ ਕਿ ਸਾਨੂੰ ਦੁਬਾਰਾ ਕੈਨੇਡਾ ਭੇਜਿਆ ਜਾਵੇਗਾ। ਮੈਨੂੰ ਉੱਥੇ ਦਾ ਨਵਾਂ ਬ੍ਰਾਂਚ ਓਵਰਸੀਅਰ ਬਣਾਇਆ ਗਿਆ ਸੀ। (ਹੁਣ ਬ੍ਰਾਂਚ ਓਵਰਸੀਅਰ ਨੂੰ ਬ੍ਰਾਂਚ ਕਮੇਟੀ ਦਾ ਕੋਆਰਡੀਨੇਟਰ ਕਿਹਾ ਜਾਂਦਾ ਹੈ।) ਮੇਰੀ ਉਮਰ ਸਿਰਫ਼ 34 ਸਾਲਾਂ ਦੀ ਸੀ। ਮੈਂ ਭਰਾ ਨੌਰ ਨੂੰ ਕਿਹਾ: “ਮੈਨੂੰ ਤਾਂ ਬਹੁਤਾ ਤਜਰਬਾ ਨਹੀਂ ਹੈ।” ਪਰ ਉਨ੍ਹਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾ ਸਕਦਾ ਹਾਂ। ਸ਼ੁਰੂ ਤੋਂ ਹੀ ਮੈਂ ਗੰਭੀਰ ਫ਼ੈਸਲੇ ਕਰਨ ਤੋਂ ਪਹਿਲਾਂ ਬੈਥਲ ਦੇ ਜ਼ਿਆਦਾ ਤਜਰਬੇਕਾਰ ਭਰਾਵਾਂ ਤੋਂ ਸਲਾਹ ਲੈਂਦਾ ਸੀ।

ਬੈਥਲ—ਸਿੱਖਣ ਤੇ ਸਿਖਾਉਣ ਦੀ ਜਗ੍ਹਾ

ਬੈਥਲ ਸੇਵਾ ਨੇ ਮੈਨੂੰ ਦੂਜਿਆਂ ਤੋਂ ਸਿੱਖਣ ਦੇ ਵਧੀਆ ਮੌਕੇ ਦਿੱਤੇ ਹਨ। ਮੈਂ ਹੋਰ ਬ੍ਰਾਂਚ ਕਮੇਟੀ ਦੇ ਮੈਂਬਰਾਂ ਦਾ ਆਦਰ ਕਰਦਾ ਹਾਂ ਤੇ ਉਨ੍ਹਾਂ ਦੇ ਕੰਮ ਦੀ ਤਾਰੀਫ਼ ਕਰਦਾ ਹਾਂ। ਹਰ ਉਮਰ ਦੇ ਸੈਂਕੜੇ ਭੈਣਾਂ-ਭਰਾਵਾਂ ਨੇ ਮੇਰੇ ’ਤੇ ਚੰਗਾ ਪ੍ਰਭਾਵ ਪਾਇਆ ਜਿਨ੍ਹਾਂ ਨੂੰ ਮੈਂ ਬੈਥਲ ਤੇ ਵੱਖੋ-ਵੱਖਰੀਆਂ ਮੰਡਲੀਆਂ ਵਿਚ ਸੇਵਾ ਕਰਦਿਆਂ ਮਿਲਿਆ ਹਾਂ।

ਕੈੱਨਥ ਲਿਟਲ ਕੈਨੇਡਾ ਦੇ ਬੈਥਲ ਵਿਚ ਸਵੇਰ ਨੂੰ ਬਾਈਬਲ ਦੇ ਹਵਾਲਿਆਂ ਦੀ ਚਰਚਾ ਕਰਦਾ ਹੋਇਆ

ਬੈਥਲ ਸੇਵਾ ਨੇ ਮੈਨੂੰ ਦੂਜਿਆਂ ਨੂੰ ਸਿਖਾਉਣ ਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਨ ਦਾ ਵੀ ਮੌਕਾ ਦਿੱਤਾ। ਪੌਲੁਸ ਨੇ ਤਿਮੋਥਿਉਸ ਨੂੰ ਕਿਹਾ ਸੀ: ‘ਤੂੰ ਜਿਹੜੀਆਂ ਗੱਲਾਂ ਸਿੱਖੀਆਂ ਹਨ, ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹਿ।’ ਉਸ ਨੇ ਇਹ ਵੀ ਕਿਹਾ ਸੀ: “ਜੋ ਗੱਲਾਂ ਤੂੰ ਮੇਰੇ ਤੋਂ ਸੁਣੀਆਂ ਸਨ ਅਤੇ ਜਿਨ੍ਹਾਂ ਦੀ ਬਹੁਤ ਸਾਰੇ ਗਵਾਹਾਂ ਨੇ ਹਾਮੀ ਭਰੀ ਸੀ, ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ ਤਾਂਕਿ ਉਹ ਵੀ ਅੱਗੋਂ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣਨ।” (2 ਤਿਮੋ. 2:2; 3:14) ਕਈ ਵਾਰ ਭੈਣ-ਭਰਾ ਮੇਰੇ ਤੋਂ ਪੁੱਛਦੇ ਹਨ ਕਿ 57 ਸਾਲਾਂ ਦੀ ਬੈਥਲ ਸੇਵਾ ਦੌਰਾਨ ਮੈਂ ਕੀ ਸਿੱਖਿਆ ਹੈ। ਮੇਰਾ ਜਵਾਬ ਹੁੰਦਾ ਹੈ: “ਯਹੋਵਾਹ ਦੀ ਸੰਸਥਾ ਤੁਹਾਨੂੰ ਜੋ ਵੀ ਕਰਨ ਨੂੰ ਕਹਿੰਦੀ ਹੈ, ਉਸ ਨੂੰ ਖ਼ੁਸ਼ੀ-ਖ਼ੁਸ਼ੀ ਇਕਦਮ ਕਰੋ ਅਤੇ ਯਹੋਵਾਹ ’ਤੇ ਭਰੋਸਾ ਰੱਖੋ ਕਿ ਉਹ ਤੁਹਾਡੀ ਮਦਦ ਕਰੇਗਾ।”

ਇੱਦਾਂ ਲੱਗਦਾ ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ ਜਦੋਂ ਮੈਂ ਬੈਥਲ ਆਇਆ ਸੀ। ਮੈਂ ਸ਼ਰਮੀਲੇ ਸੁਭਾਅ ਦਾ ਸੀ ਤੇ ਮੈਨੂੰ ਕੋਈ ਤਜਰਬਾ ਨਹੀਂ ਸੀ। ਫਿਰ ਵੀ ਇਨ੍ਹਾਂ ਸਾਰੇ ਸਾਲਾਂ ਦੌਰਾਨ ਯਹੋਵਾਹ ਨੇ ਮੇਰਾ “ਸੱਜਾ ਹੱਥ ਫੜੀ” ਰੱਖਿਆ। ਉਸ ਨੇ ਖ਼ਾਸ ਕਰਕੇ ਭੈਣਾਂ-ਭਰਾਵਾਂ ਦੇ ਜ਼ਰੀਏ ਲੋੜ ਵੇਲੇ ਮੇਰੀ ਮਦਦ ਕੀਤੀ। ਇਸ ਤਰ੍ਹਾਂ ਯਹੋਵਾਹ ਹਮੇਸ਼ਾ ਮੈਨੂੰ ਇਹ ਯਕੀਨ ਦਿਵਾਉਂਦਾ ਰਿਹਾ ਹੈ: “ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।”ਯਸਾ. 41:13.

^ ਪੇਰਗ੍ਰੈਫ 10 22 ਮਈ 1945 ਵਿਚ ਕੈਨੇਡਾ ਦੀ ਸਰਕਾਰ ਨੇ ਸਾਡੇ ਕੰਮ ਤੋਂ ਪਾਬੰਦੀ ਹਟਾ ਦਿੱਤੀ।