Skip to content

Skip to table of contents

ਸਾਨੂੰ “ਹਰੇਕ ਨੂੰ ਕਿਵੇਂ ਜਵਾਬ ਦੇਣਾ” ਚਾਹੀਦਾ ਹੈ?

ਸਾਨੂੰ “ਹਰੇਕ ਨੂੰ ਕਿਵੇਂ ਜਵਾਬ ਦੇਣਾ” ਚਾਹੀਦਾ ਹੈ?

“ਤੁਸੀਂ ਸਲੀਕੇ ਨਾਲ ਗੱਲ ਕਰੋ ਤਾਂਕਿ . . . ਤੁਹਾਨੂੰ ਪਤਾ ਰਹੇਗਾ ਕਿ ਤੁਸੀਂ ਹਰੇਕ ਨੂੰ ਕਿਵੇਂ ਜਵਾਬ ਦੇਣਾ ਹੈ।”ਕੁਲੁ. 4:6.

1, 2. (ੳ) ਇਕ ਤਜਰਬਾ ਦੱਸੋ ਜੋ ਦਿਖਾਉਂਦਾ ਹੈ ਕਿ ਸੋਚ-ਸਮਝ ਕੇ ਸਵਾਲ ਪੁੱਛਣ ਦੇ ਵਧੀਆ ਨਤੀਜੇ ਨਿਕਲਦੇ ਹਨ। (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਸਾਨੂੰ ਔਖੇ ਵਿਸ਼ਿਆਂ ’ਤੇ ਗੱਲ ਕਰਨ ਲੱਗਿਆਂ ਡਰਨਾ ਕਿਉਂ ਨਹੀਂ ਚਾਹੀਦਾ?

ਕਈ ਸਾਲ ਪਹਿਲਾਂ ਇਕ ਭੈਣ ਆਪਣੇ ਅਵਿਸ਼ਵਾਸੀ ਪਤੀ ਨਾਲ ਬਾਈਬਲ ਬਾਰੇ ਗੱਲ ਕਰ ਰਹੀ ਸੀ ਜਿਹੜਾ ਪਹਿਲਾਂ ਇਕ ਚਰਚ ਦਾ ਮੈਂਬਰ ਹੁੰਦਾ ਸੀ। ਉਸ ਦੇ ਪਤੀ ਨੇ ਕਿਹਾ ਕਿ ਉਹ ਤ੍ਰਿਏਕ ਵਿਚ ਵਿਸ਼ਵਾਸ ਕਰਦਾ ਹੈ, ਪਰ ਗੱਲਬਾਤ ਦੌਰਾਨ ਉਸ ਭੈਣ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੂੰ ਸ਼ਾਇਦ ਤ੍ਰਿਏਕ ਦੀ ਸਿੱਖਿਆ ਬਾਰੇ ਪੂਰੀ ਸਮਝ ਨਹੀਂ ਹੈ। ਇਸ ਲਈ ਉਸ ਭੈਣ ਨੇ ਸਮਝਦਾਰੀ ਨਾਲ ਪੁੱਛਿਆ, “ਕੀ ਤੁਸੀਂ ਮੰਨਦੇ ਹੋ ਕਿ ਰੱਬ ਰੱਬ ਹੈ, ਯਿਸੂ ਵੀ ਰੱਬ ਹੈ ਅਤੇ ਪਵਿੱਤਰ ਸ਼ਕਤੀ ਵੀ ਰੱਬ ਹੈ; ਫਿਰ ਵੀ ਤਿੰਨ ਨਹੀਂ, ਸਗੋਂ ਇਕ ਰੱਬ ਹੈ?” ਪਤੀ ਨੇ ਹੈਰਾਨ ਹੋ ਕੇ ਕਿਹਾ, “ਨਹੀਂ, ਮੈਂ ਇਹ ਨਹੀਂ ਮੰਨਦਾ!” ਨਤੀਜੇ ਵਜੋਂ ਉਨ੍ਹਾਂ ਵਿਚ ਵਧੀਆ ਗੱਲਬਾਤ ਹੋਈ ਕਿ ਪਰਮੇਸ਼ੁਰ ਅਸਲ ਵਿਚ ਕਿਹੋ ਜਿਹਾ ਹੈ।

2 ਇਸ ਤਜਰਬੇ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਸੋਚ-ਸਮਝ ਕੇ ਸਵਾਲ ਪੁੱਛਣ ਦੇ ਵਧੀਆ ਨਤੀਜੇ ਨਿਕਲਦੇ ਹਨ। ਇਸ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਸਾਨੂੰ ਔਖੇ ਵਿਸ਼ਿਆਂ ’ਤੇ ਗੱਲ ਕਰਨ ਲੱਗਿਆਂ ਡਰਨਾ ਨਹੀਂ ਚਾਹੀਦਾ ਜਿੱਦਾਂ ਕਿ ਤ੍ਰਿਏਕ, ਨਰਕ ਜਾਂ ਸ੍ਰਿਸ਼ਟੀਕਰਤਾ ਦੇ ਵਜੂਦ ਬਾਰੇ। ਜੇ ਅਸੀਂ ਯਹੋਵਾਹ ਅਤੇ ਉਸ ਵੱਲੋਂ ਮਿਲਦੀ ਸਿਖਲਾਈ ’ਤੇ ਭਰੋਸਾ ਰੱਖਦੇ ਹਾਂ, ਤਾਂ ਅਸੀਂ ਸਿੱਖ ਸਕਦੇ ਹਾਂ ਕਿ ਚੰਗੇ ਢੰਗ ਨਾਲ ਜਵਾਬ ਦੇ ਕੇ ਅਸੀਂ ਲੋਕਾਂ ਦੇ ਦਿਲਾਂ ਤਕ ਕਿਵੇਂ ਪਹੁੰਚ ਸਕਦੇ ਹਾਂ। (ਕੁਲੁ. 4:6) ਆਓ ਆਪਾਂ  ਦੇਖੀਏ ਕਿ ਵਧੀਆ ਪ੍ਰਚਾਰਕ ਅਜਿਹੇ ਵਿਸ਼ਿਆਂ ’ਤੇ ਕਿੱਦਾਂ ਗੱਲਬਾਤ ਕਰਦੇ ਹਨ। ਅਸੀਂ ਦੇਖਾਂਗੇ ਕਿ ਅਸੀਂ (1) ਪ੍ਰਚਾਰ ਵਿਚ ਕਿਸੇ ਦੇ ਵਿਸ਼ਵਾਸਾਂ ਬਾਰੇ ਜਾਣਨ ਲਈ ਸਵਾਲ ਕਿਵੇਂ ਪੁੱਛ ਸਕਦੇ ਹਾਂ, (2) ਤਰਕ ਕਰ ਕੇ ਆਇਤਾਂ ਕਿਵੇਂ ਸਮਝਾ ਸਕਦੇ ਹਾਂ ਅਤੇ (3) ਆਪਣੀ ਗੱਲ ਸਮਝਾਉਣ ਲਈ ਮਿਸਾਲਾਂ ਕਿਵੇਂ ਵਰਤ ਸਕਦੇ ਹਾਂ।

ਕਿਸੇ ਦੇ ਵਿਸ਼ਵਾਸਾਂ ਬਾਰੇ ਜਾਣਨ ਲਈ ਸਵਾਲ ਪੁੱਛੋ

3, 4. ਕਿਸੇ ਦੇ ਵਿਸ਼ਵਾਸਾਂ ਬਾਰੇ ਜਾਣਨ ਲਈ ਸਵਾਲ ਪੁੱਛਣੇ ਜ਼ਰੂਰੀ ਕਿਉਂ ਹਨ? ਮਿਸਾਲ ਦਿਓ।

3 ਸਵਾਲ ਇਹ ਜਾਣਨ ਵਿਚ ਸਾਡੀ ਮਦਦ ਕਰ ਸਕਦੇ ਹਨ ਕਿ ਘਰ-ਮਾਲਕ ਕੀ ਮੰਨਦਾ ਹੈ। ਇਹ ਜਾਣਨਾ ਜ਼ਰੂਰੀ ਕਿਉਂ ਹੈ? ਕਹਾਉਤਾਂ 18:13 ਵਿਚ ਲਿਖਿਆ ਹੈ ਕਿ “ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ,—ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ।” ਵਾਕਈ ਕਿਸੇ ਵਿਸ਼ੇ ਬਾਰੇ ਬਾਈਬਲ ਵਿੱਚੋਂ ਸਮਝਾਉਣ ਤੋਂ ਪਹਿਲਾਂ ਸਾਨੂੰ ਇਹ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੀ ਗੱਲ ਸੁਣਨ ਵਾਲੇ ਵਿਅਕਤੀ ਦੇ ਵਿਸ਼ਵਾਸ ਕੀ ਹਨ? ਨਹੀਂ ਤਾਂ ਹੋ ਸਕਦਾ ਹੈ ਕਿ ਜਿਸ ਗੱਲ ਨੂੰ ਉਹ ਮੰਨਦਾ ਹੀ ਨਹੀਂ, ਉਸ ਗੱਲ ਨੂੰ ਗ਼ਲਤ ਸਾਬਤ ਕਰਨ ਲਈ ਅਸੀਂ ਆਪਣਾ ਸਮਾਂ ਬਰਬਾਦ ਕਰ ਦੇਈਏ।1 ਕੁਰਿੰ. 9:26.

4 ਮੰਨ ਲਓ ਕਿ ਅਸੀਂ ਕਿਸੇ ਨਾਲ ਨਰਕ ਬਾਰੇ ਗੱਲ ਕਰ ਰਹੇ ਹਾਂ। ਲੋਕਾਂ ਦੇ ਇਸ ਬਾਰੇ ਵੱਖੋ-ਵੱਖਰੇ ਵਿਚਾਰ ਹਨ। ਬਹੁਤ ਸਾਰੇ ਲੋਕ ਇਹ ਨਹੀਂ ਮੰਨਦੇ ਕਿ ਨਰਕ ਕੋਈ ਅਸਲੀ ਜਗ੍ਹਾ ਹੈ ਜਿੱਥੇ ਬੁਰੇ ਲੋਕਾਂ ਨੂੰ ਅੱਗ ਵਿਚ ਤੜਫ਼ਾਇਆ ਜਾਂਦਾ ਹੈ। ਇਸ ਲਈ ਅਸੀਂ ਕੁਝ ਇੱਦਾਂ ਕਹਿ ਸਕਦੇ ਹਾਂ, “ਨਰਕ ਬਾਰੇ ਲੋਕਾਂ ਦੇ ਅਲੱਗ-ਅਲੱਗ ਵਿਸ਼ਵਾਸ ਹਨ। ਕੀ ਮੈਂ ਤੁਹਾਡੇ ਵਿਚਾਰ ਜਾਣ ਸਕਦਾ ਹਾਂ?” ਘਰ-ਮਾਲਕ ਦਾ ਜਵਾਬ ਸੁਣਨ ਤੋਂ ਬਾਅਦ ਅਸੀਂ ਨਰਕ ਬਾਰੇ ਬਾਈਬਲ ਤੋਂ ਸਹੀ ਸਮਝ ਲੈਣ ਵਿਚ ਉਸ ਦੀ ਮਦਦ ਕਰ ਸਕਦੇ ਹਾਂ।

5. ਸਵਾਲ ਇਹ ਜਾਣਨ ਵਿਚ ਸਾਡੀ ਕਿਵੇਂ ਮਦਦ ਕਰ ਸਕਦੇ ਹਨ ਕਿ ਘਰ-ਮਾਲਕ ਕਿਸੇ ਗੱਲ ’ਤੇ ਵਿਸ਼ਵਾਸ ਕਿਉਂ ਕਰਦਾ ਹੈ?

5 ਸੋਚ-ਸਮਝ ਕੇ ਸਵਾਲ ਪੁੱਛਣ ਨਾਲ ਅਸੀਂ ਇਹ ਜਾਣ ਸਕਦੇ ਹਾਂ ਕਿ ਘਰ-ਮਾਲਕ ਕਿਸੇ ਗੱਲ ’ਤੇ ਵਿਸ਼ਵਾਸ ਕਿਉਂ ਕਰਦਾ ਹੈ। ਮਿਸਾਲ ਲਈ, ਅਸੀਂ ਪ੍ਰਚਾਰ ਵਿਚ ਕਿਸੇ ਅਜਿਹੇ ਇਨਸਾਨ ਨੂੰ ਮਿਲਦੇ ਹਾਂ ਜੋ ਰੱਬ ’ਤੇ ਵਿਸ਼ਵਾਸ ਨਹੀਂ ਕਰਦਾ। ਕੀ ਸਾਡੇ ਲਈ ਇਹ ਅੰਦਾਜ਼ਾ ਲਾਉਣਾ ਸਹੀ ਹੋਵੇਗਾ ਕਿ ਉਹ ਰੱਬ ਨੂੰ ਕਿਉਂ ਨਹੀਂ ਮੰਨਦਾ? ਬਿਲਕੁਲ ਨਹੀਂ। (ਜ਼ਬੂ. 10:4) ਕੁਝ ਲੋਕ ਇਸ ਕਰਕੇ ਰੱਬ ਨੂੰ ਮੰਨਣਾ ਛੱਡ ਦਿੰਦੇ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਦੁੱਖ ਝੱਲੇ ਹੁੰਦੇ ਹਨ ਜਾਂ ਦੂਸਰਿਆਂ ਨੂੰ ਦੁੱਖ ਝੱਲਦੇ ਦੇਖਿਆ ਹੁੰਦਾ ਹੈ। ਉਨ੍ਹਾਂ ਲਈ ਇਹ ਵਿਸ਼ਵਾਸ ਕਰਨਾ ਔਖਾ ਹੁੰਦਾ ਹੈ ਕਿ ਜੇ ਰੱਬ ਹੈ, ਤਾਂ ਇੰਨੇ ਦੁੱਖ ਕਿਉਂ ਹਨ। ਜੇ ਘਰ-ਮਾਲਕ ਰੱਬ ਦੇ ਵਜੂਦ ’ਤੇ ਸ਼ੱਕ ਕਰਦਾ ਹੈ, ਤਾਂ ਅਸੀਂ ਪੁੱਛ ਸਕਦੇ ਹਾਂ, “ਕੀ ਤੁਸੀਂ ਪਹਿਲਾਂ ਤੋਂ ਹੀ ਰੱਬ ਨੂੰ ਨਹੀਂ ਮੰਨਦੇ?” ਜੇ ਉਹ ਵਿਅਕਤੀ ਨਾਂਹ ਕਹਿੰਦਾ ਹੈ, ਤਾਂ ਅਸੀਂ ਪੁੱਛ ਸਕਦੇ ਹਾਂ ਕਿ ਉਸ ਨੇ ਕਿਹੜੀ ਗੱਲ ਕਰਕੇ ਰੱਬ ਨੂੰ ਮੰਨਣਾ ਛੱਡ ਦਿੱਤਾ। ਉਸ ਦਾ ਜਵਾਬ ਸਾਡੀ ਇਹ ਜਾਣਨ ਵਿਚ ਮਦਦ ਕਰ ਸਕਦਾ ਹੈ ਕਿ ਅਸੀਂ ਉਸ ਨੂੰ ਰੱਬ ਬਾਰੇ ਸੱਚਾਈ ਕਿੱਦਾਂ ਦੱਸ ਸਕਦੇ ਹਾਂ।ਕਹਾਉਤਾਂ 20:5 ਪੜ੍ਹੋ।

6. ਸਵਾਲ ਪੁੱਛਣ ਤੋਂ ਬਾਅਦ ਸਾਡੇ ਲਈ ਕੀ ਕਰਨਾ ਜ਼ਰੂਰੀ ਹੈ?

6 ਸਵਾਲ ਪੁੱਛਣ ਤੋਂ ਬਾਅਦ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਸ ਦੀ ਗੱਲ ਧਿਆਨ ਨਾਲ ਸੁਣੀਏ ਅਤੇ ਉਸ ਨੂੰ ਦੱਸੀਏ ਕਿ ਅਸੀਂ ਉਸ ਦੀਆਂ ਭਾਵਨਾਵਾਂ ਨੂੰ ਸਮਝਦੇ ਹਾਂ। ਮਿਸਾਲ ਲਈ, ਸ਼ਾਇਦ ਕੋਈ ਕਹੇ ਕਿ ਜ਼ਿੰਦਗੀ ਵਿਚ ਕੋਈ ਬੁਰੀ ਘਟਨਾ ਵਾਪਰਨ ਕਰਕੇ ਉਸ ਨੇ ਸ੍ਰਿਸ਼ਟੀਕਰਤਾ ਦੇ ਵਜੂਦ ’ਤੇ ਵਿਸ਼ਵਾਸ ਕਰਨਾ ਛੱਡ ਦਿੱਤਾ। ਉਸ ਵਿਅਕਤੀ ਨੂੰ ਰੱਬ ਦੇ ਵਜੂਦ ਬਾਰੇ ਕੋਈ ਸਬੂਤ ਦੇਣ ਤੋਂ ਪਹਿਲਾਂ ਸਾਨੂੰ ਉਸ ਨੂੰ ਹਮਦਰਦੀ ਦਿਖਾਉਣੀ ਚਾਹੀਦੀ ਹੈ। ਨਾਲੇ ਸਾਨੂੰ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਸੋਚਣਾ ਗ਼ਲਤ ਨਹੀਂ ਕਿ ਅਸੀਂ ਦੁੱਖ ਕਿਉਂ ਸਹਿੰਦੇ ਹਾਂ। (ਹਬ. 1:2, 3) ਜੇ ਅਸੀਂ ਧੀਰਜ ਅਤੇ ਪਿਆਰ ਨਾਲ ਗੱਲ ਕਰਦੇ ਹਾਂ, ਤਾਂ ਸ਼ਾਇਦ ਉਹ ਵਿਅਕਤੀ ਹੋਰ ਸਿੱਖਣ ਲਈ ਤਿਆਰ ਹੋ ਜਾਵੇ।

ਤਰਕ ਕਰ ਕੇ ਆਇਤਾਂ ਸਮਝਾਓ

ਅਸਰਦਾਰ ਢੰਗ ਨਾਲ ਪ੍ਰਚਾਰ ਕਰਨ ਵਿਚ ਕਿਹੜੀ ਗੱਲ ਜ਼ਿਆਦਾ ਮਾਅਨੇ ਰੱਖਦੀ ਹੈ? (ਪੈਰਾ 7 ਦੇਖੋ)

7. ਅਸਰਕਾਰੀ ਢੰਗ ਨਾਲ ਪ੍ਰਚਾਰ ਕਰਨਾ ਕਿਸ ਗੱਲ ’ਤੇ ਨਿਰਭਰ ਕਰਦਾ ਹੈ?

7 ਆਓ ਆਪਾਂ ਹੁਣ ਦੇਖੀਏ ਕਿ ਅਸੀਂ ਤਰਕ ਕਰ ਕੇ ਆਇਤਾਂ ਕਿਵੇਂ ਸਮਝਾ ਸਕਦੇ ਹਾਂ। ਅਸੀਂ ਪ੍ਰਚਾਰ ਵਿਚ ਮੁੱਖ ਤੌਰ ਤੇ ਬਾਈਬਲ ਵਰਤਦੇ ਹਾਂ ਅਤੇ ਇਸ ਦੀ ਮਦਦ ਨਾਲ ਅਸੀਂ “ਹਰ ਚੰਗਾ ਕੰਮ ਕਰਨ ਲਈ ਪੂਰੀ ਤਰ੍ਹਾਂ ਕਾਬਲ ਅਤੇ ਤਿਆਰ” ਹੁੰਦੇ ਹਾਂ। (2 ਤਿਮੋ. 3:16, 17) ਅਸਰਕਾਰੀ ਢੰਗ ਨਾਲ ਪ੍ਰਚਾਰ ਕਰਨਾ ਇਸ ਗੱਲ ’ਤੇ  ਨਿਰਭਰ ਨਹੀਂ ਕਰਦਾ ਕਿ ਅਸੀਂ ਕਿੰਨੀਆਂ ਆਇਤਾਂ ਪੜ੍ਹਦੇ ਹਾਂ, ਸਗੋਂ ਇਸ ਗੱਲ ’ਤੇ ਕਰਦਾ ਹੈ ਕਿ ਅਸੀਂ ਤਰਕ ਕਰ ਕੇ ਆਇਤਾਂ ਨੂੰ ਕਿਵੇਂ ਸਮਝਾਉਂਦੇ ਹਾਂ। (ਰਸੂਲਾਂ ਦੇ ਕੰਮ 17:2, 3 ਪੜ੍ਹੋ।) ਇਸ ਗੱਲ ਨੂੰ ਸਮਝਣ ਲਈ ਆਓ ਆਪਾਂ ਤਿੰਨ ਮਿਸਾਲਾਂ ’ਤੇ ਗੌਰ ਕਰੀਏ।

8, 9. (ੳ) ਜਿਹੜਾ ਵਿਅਕਤੀ ਯਿਸੂ ਨੂੰ ਰੱਬ ਦੇ ਬਰਾਬਰ ਸਮਝਦਾ ਹੈ, ਅਸੀਂ ਉਸ ਨਾਲ ਕਿਹੜੇ ਇਕ ਤਰੀਕੇ ਨਾਲ ਤਰਕ ਕਰ ਸਕਦੇ ਹਾਂ? (ਅ) ਦੱਸੋ ਕਿ ਤੁਸੀਂ ਇਸ ਵਿਸ਼ੇ ਬਾਰੇ ਲੋਕਾਂ ਨਾਲ ਕਿੱਦਾਂ ਤਰਕ ਕੀਤਾ ਹੈ।

8 ਪਹਿਲੀ ਮਿਸਾਲ: ਪ੍ਰਚਾਰ ਵਿਚ ਅਸੀਂ ਅਜਿਹੇ ਵਿਅਕਤੀ ਨੂੰ ਮਿਲਦੇ ਹਾਂ ਜੋ ਵਿਸ਼ਵਾਸ ਕਰਦਾ ਹੈ ਕਿ ਯਿਸੂ ਰੱਬ ਦੇ ਬਰਾਬਰ ਹੈ। ਇਸ ਗੱਲ ’ਤੇ ਤਰਕ ਕਰਨ ਲਈ ਅਸੀਂ ਕਿਹੜੀਆਂ ਆਇਤਾਂ ਦਿਖਾ ਸਕਦੇ ਹਾਂ? ਅਸੀਂ ਉਸ ਨਾਲ ਯੂਹੰਨਾ 6:38 ਪੜ੍ਹ ਸਕਦੇ ਹਾਂ ਜਿੱਥੇ ਯਿਸੂ ਨੇ ਕਿਹਾ: “ਮੈਂ ਸਵਰਗੋਂ ਆਪਣੀ ਨਹੀਂ, ਸਗੋਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਨ ਆਇਆ ਹਾਂ।” ਇਸ ਆਇਤ ਨੂੰ ਪੜ੍ਹਨ ਤੋਂ ਬਾਅਦ ਅਸੀਂ ਉਸ ਨੂੰ ਪੁੱਛ ਸਕਦੇ ਹਾਂ, “ਜੇ ਯਿਸੂ ਰੱਬ ਹੈ, ਤਾਂ ਉਸ ਨੂੰ ਧਰਤੀ ’ਤੇ ਕਿਸ ਨੇ ਭੇਜਿਆ ਸੀ? ਕੀ ਉਹ ਯਿਸੂ ਤੋਂ ਵੱਡਾ ਨਹੀਂ ਹੈ? ਕੀ ਘੱਲਣ ਵਾਲਾ ਜ਼ਿਆਦਾ ਵੱਡਾ ਨਹੀਂ ਹੁੰਦਾ?”

9 ਇਸੇ ਤਰ੍ਹਾਂ ਦੀ ਗੱਲ ਅਸੀਂ ਫ਼ਿਲਿੱਪੀਆਂ 2:9 ਵਿੱਚੋਂ ਵੀ ਪੜ੍ਹਾ ਸਕਦੇ ਹਾਂ ਜਿੱਥੇ ਪੌਲੁਸ ਰਸੂਲ ਨੇ ਦੱਸਿਆ ਕਿ ਪਰਮੇਸ਼ੁਰ ਨੇ ਯਿਸੂ ਦੇ ਮਰਨ ਅਤੇ ਜੀਉਂਦਾ ਕੀਤੇ ਜਾਣ ਤੋਂ ਬਾਅਦ ਕੀ ਕੀਤਾ ਸੀ। ਇਸ ਆਇਤ ਵਿਚ ਲਿਖਿਆ ਹੈ: “ਪਰਮੇਸ਼ੁਰ ਨੇ ਮਿਹਰਬਾਨ ਹੋ ਕੇ ਉਸ [ਯਿਸੂ] ਨੂੰ ਪਹਿਲਾਂ ਨਾਲੋਂ ਜ਼ਿਆਦਾ ਉੱਚਾ ਰੁਤਬਾ ਦਿੱਤਾ ਅਤੇ ਉਸ ਨੂੰ ਉਹ ਨਾਂ ਦਿੱਤਾ ਜਿਹੜਾ ਸਾਰਿਆਂ ਨਾਵਾਂ ਨਾਲੋਂ ਉੱਚਾ ਹੈ।” ਇਸ ਆਇਤ ਬਾਰੇ ਗੱਲ ਕਰਦਿਆਂ ਅਸੀਂ ਕਹਿ ਸਕਦੇ ਹਾਂ: “ਜੇ ਯਿਸੂ ਮਰਨ ਤੋਂ ਪਹਿਲਾਂ ਰੱਬ ਦੇ ਬਰਾਬਰ ਸੀ ਅਤੇ ਬਾਅਦ ਵਿਚ ਪਰਮੇਸ਼ੁਰ ਨੇ ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਉੱਚਾ ਰੁਤਬਾ ਦਿੱਤਾ, ਤਾਂ ਕੀ ਯਿਸੂ ਪਰਮੇਸ਼ੁਰ ਤੋਂ ਵੱਡਾ ਨਹੀਂ ਹੋ ਗਿਆ? ਪਰ ਕੋਈ ਰੱਬ ਤੋਂ ਵੱਡਾ ਕਿੱਦਾਂ ਹੋ ਸਕਦਾ ਹੈ?” ਜੇ ਉਹ ਵਿਅਕਤੀ ਰੱਬ ਦੇ ਬਚਨ ਦਾ ਆਦਰ ਕਰਦਾ ਹੈ ਅਤੇ ਨੇਕਦਿਲ ਹੈ, ਤਾਂ ਉਹ ਇਹ ਦਲੀਲ ਸੁਣ ਕੇ ਸ਼ਾਇਦ ਇਸ ਵਿਸ਼ੇ ਬਾਰੇ ਹੋਰ ਸਿੱਖਣ ਲਈ ਤਿਆਰ ਹੋ ਜਾਵੇ।ਰਸੂ. 17:11.

10. (ੳ) ਅਸੀਂ ਉਸ ਵਿਅਕਤੀ ਨਾਲ ਤਰਕ ਕਿਵੇਂ ਕਰ ਸਕਦੇ ਹਾਂ ਜੋ ਨਰਕ ਦੀ ਅੱਗ ਵਿਚ ਵਿਸ਼ਵਾਸ ਕਰਦਾ ਹੈ? (ਅ) ਦੱਸੋ ਕਿ ਤੁਸੀਂ ਨਰਕ ਬਾਰੇ ਲੋਕਾਂ ਨਾਲ ਕਿੱਦਾਂ ਤਰਕ ਕੀਤਾ ਹੈ।

10 ਦੂਸਰੀ ਮਿਸਾਲ: ਧਰਮ ਵਿਚ ਬਹੁਤ ਸ਼ਰਧਾ ਰੱਖਣ ਵਾਲੇ ਇਨਸਾਨ ਲਈ ਇਹ ਗੱਲ ਮੰਨਣੀ ਔਖੀ ਹੈ ਕਿ ਬੁਰੇ ਲੋਕ ਹਮੇਸ਼ਾ ਲਈ ਨਰਕ ਦੀ ਅੱਗ ਵਿਚ ਤੜਫ਼ਾਏ ਨਹੀਂ ਜਾਣਗੇ। ਉਹ ਇਹ ਗੱਲ ਇਸ ਲਈ ਮੰਨਦਾ ਹੈ ਕਿਉਂਕਿ ਉਹ ਦੇਖਣਾ ਚਾਹੁੰਦਾ ਹੈ ਕਿ ਬੁਰੇ ਲੋਕ ਆਪਣੀ ਕੀਤੀ ਦਾ ਫਲ ਭੁਗਤਣ। ਅਸੀਂ ਉਸ ਵਿਅਕਤੀ ਨਾਲ ਤਰਕ ਕਿੱਦਾਂ ਕਰ ਸਕਦੇ ਹਾਂ? ਪਹਿਲੀ ਗੱਲ, ਅਸੀਂ ਉਸ ਨੂੰ ਯਕੀਨ ਦਿਵਾ ਸਕਦੇ ਹਾਂ ਕਿ ਬੁਰੇ ਲੋਕਾਂ ਨੂੰ ਜ਼ਰੂਰ ਸਜ਼ਾ ਮਿਲੇਗੀ। (2 ਥੱਸ. 1:9) ਫਿਰ ਅਸੀਂ ਉਸ ਤੋਂ ਉਤਪਤ 2:16, 17 ਪੜ੍ਹਾ ਸਕਦੇ ਹਾਂ ਜਿੱਥੇ ਲਿਖਿਆ ਹੈ ਕਿ ਪਾਪ ਦੀ ਸਜ਼ਾ ਮੌਤ ਹੈ। ਅਸੀਂ ਸਮਝਾ ਸਕਦੇ ਹਾਂ ਕਿ ਪਹਿਲੇ ਇਨਸਾਨ ਆਦਮ ਦੇ ਪਾਪ ਕਰਕੇ ਸਾਰੇ ਇਨਸਾਨ ਜਨਮ ਤੋਂ ਹੀ ਪਾਪੀ ਹਨ। (ਰੋਮੀ. 5:12) ਪਰ ਅਸੀਂ ਕਹਿ ਸਕਦੇ ਹਾਂ ਕਿ ਰੱਬ ਨੇ ਆਦਮ  ਨੂੰ ਨਰਕ ਦੀ ਅੱਗ ਵਿਚ ਤੜਫ਼ਾਉਣ ਬਾਰੇ ਕੁਝ ਨਹੀਂ ਕਿਹਾ ਸੀ। ਫਿਰ ਅਸੀਂ ਪੁੱਛ ਸਕਦੇ ਹਾਂ: “ਜੇ ਆਦਮ ਤੇ ਹੱਵਾਹ ਨੂੰ ਹਮੇਸ਼ਾ ਲਈ ਨਰਕ ਦੀ ਅੱਗ ਵਿਚ ਤੜਫ਼ਾਇਆ ਜਾਣਾ ਸੀ, ਤਾਂ ਕੀ ਉਨ੍ਹਾਂ ਨੂੰ ਇਸ ਬਾਰੇ ਪਹਿਲਾਂ ਖ਼ਬਰਦਾਰ ਨਹੀਂ ਸੀ ਕੀਤਾ ਜਾਣਾ ਚਾਹੀਦਾ?” ਨਾਲੇ ਅਸੀਂ ਉਤਪਤ 3:19 ਵੀ ਪੜ੍ਹ ਸਕਦੇ ਹਾਂ ਜਿੱਥੇ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਪਾਪ ਕਰਨ ਤੋਂ ਬਾਅਦ ਪਰਮੇਸ਼ੁਰ ਨੇ ਉਨ੍ਹਾਂ ਨੂੰ ਕੀ ਸਜ਼ਾ ਦਿੱਤੀ ਸੀ। ਇਸ ਵਿਚ ਕਿਹਾ ਗਿਆ ਹੈ ਕਿ ਆਦਮ ਮਿੱਟੀ ਵਿਚ ਵਾਪਸ ਮੁੜ ਜਾਵੇਗਾ, ਨਾ ਕਿ ਉਸ ਨੂੰ ਨਰਕ ਦੀ ਅੱਗ ਵਿਚ ਤੜਫ਼ਾਇਆ ਜਾਵੇਗਾ। ਅਸੀਂ ਪੁੱਛ ਸਕਦੇ ਹਾਂ: “ਜੇਕਰ ਆਦਮ ਨੇ ਨਰਕ ਦੀ ਅੱਗ ਵਿਚ ਤੜਫ਼ਣਾ ਸੀ, ਤਾਂ ਕੀ ਉਸ ਨੂੰ ਇਹ ਕਹਿਣਾ ਠੀਕ ਸੀ ਕਿ ਉਹ ਮਿੱਟੀ ਵਿਚ ਵਾਪਸ ਮੁੜ ਜਾਵੇਗਾ?” ਜੇਕਰ ਉਹ ਵਿਅਕਤੀ ਖੁੱਲ੍ਹੇ ਵਿਚਾਰਾਂ ਦਾ ਹੈ, ਤਾਂ ਸ਼ਾਇਦ ਇਹ ਸਵਾਲ ਉਸ ਨੂੰ ਹੋਰ ਸੋਚਣ ਲਈ ਮਜਬੂਰ ਕਰੇ।

11. (ੳ) ਅਸੀਂ ਉਸ ਵਿਅਕਤੀ ਨਾਲ ਤਰਕ ਕਿਵੇਂ ਕਰ ਸਕਦੇ ਹਾਂ ਜੋ ਵਿਸ਼ਵਾਸ ਕਰਦਾ ਹੈ ਕਿ ਸਾਰੇ ਚੰਗੇ ਲੋਕ ਸਵਰਗ ਨੂੰ ਜਾਂਦੇ ਹਨ? (ਅ) ਦੱਸੋ ਕਿ ਤੁਸੀਂ ਸਵਰਗ ਜਾਣ ਬਾਰੇ ਲੋਕਾਂ ਨਾਲ ਕਿੱਦਾਂ ਤਰਕ ਕੀਤਾ ਹੈ।

11 ਤੀਸਰੀ ਮਿਸਾਲ: ਪ੍ਰਚਾਰ ਵਿਚ ਅਸੀਂ ਅਜਿਹੇ ਵਿਅਕਤੀ ਨੂੰ ਮਿਲਦੇ ਹਾਂ ਜੋ ਵਿਸ਼ਵਾਸ ਕਰਦਾ ਹੈ ਕਿ ਸਾਰੇ ਚੰਗੇ ਲੋਕ ਸਵਰਗ ਨੂੰ ਜਾਂਦੇ ਹਨ। ਅਜਿਹਾ ਵਿਸ਼ਵਾਸ ਹੋਣ ਕਰਕੇ ਸ਼ਾਇਦ ਉਹ ਬਾਈਬਲ ਦੀਆਂ ਗੱਲਾਂ ਦਾ ਆਪਣਾ ਮਤਲਬ ਕੱਢੇ। ਮਿਸਾਲ ਲਈ, ਅਸੀਂ ਉਸ ਨਾਲ ਪ੍ਰਕਾਸ਼ ਦੀ ਕਿਤਾਬ 21:4 (ਪੜ੍ਹੋ।) ਉੱਤੇ ਗੱਲ ਕਰਨੀ ਹੈ। ਸ਼ਾਇਦ ਉਸ ਨੂੰ ਲੱਗੇ ਕਿ ਇਸ ਆਇਤ ਵਿਚ ਲਿਖੀਆਂ ਬਰਕਤਾਂ ਸਵਰਗ ਵਿਚ ਮਿਲਣਗੀਆਂ। ਅਸੀਂ ਉਸ ਨਾਲ ਕਿੱਦਾਂ ਤਰਕ ਕਰ ਸਕਦੇ ਹਾਂ? ਹੋਰ ਆਇਤਾਂ ਦਿਖਾਉਣ ਦੀ ਬਜਾਇ ਅਸੀਂ ਇਸੇ ਆਇਤ ’ਤੇ ਚਰਚਾ ਕਰ ਸਕਦੇ ਹਾਂ। ਇਹ ਆਇਤ ਕਹਿੰਦੀ ਹੈ: “ਕੋਈ ਨਹੀਂ ਮਰੇਗਾ।” ਅਸੀਂ ਉਸ ਵਿਅਕਤੀ ਨੂੰ ਪੁੱਛ ਸਕਦੇ ਹਾਂ, ‘ਜੇ ਕਿਸੇ ਚੀਜ਼ ਨੂੰ ਖ਼ਤਮ ਕਰਨਾ ਹੈ, ਤਾਂ ਕੀ ਉਸ ਚੀਜ਼ ਦਾ ਪਹਿਲਾਂ ਹੋਣਾ ਜ਼ਰੂਰੀ ਨਹੀਂ?’ ਸ਼ਾਇਦ ਉਹ ਹਾਂ ਕਹੇ। ਫਿਰ ਅਸੀਂ ਕਹਿ ਸਕਦੇ ਹਾਂ ਕਿ ਸਵਰਗ ਵਿਚ ਕਦੇ ਕੋਈ ਮਰਿਆ ਨਹੀਂ, ਇਨਸਾਨ ਸਿਰਫ਼ ਧਰਤੀ ’ਤੇ ਮਰਦੇ ਹਨ। ਇਸ ਦਾ ਮਤਲਬ ਹੈ ਕਿ ਪ੍ਰਕਾਸ਼ ਦੀ ਕਿਤਾਬ 21:4 ਵਿਚ ਦੱਸੀਆਂ ਬਰਕਤਾਂ ਭਵਿੱਖ ਵਿਚ ਧਰਤੀ ’ਤੇ ਮਿਲਣਗੀਆਂ, ਨਾ ਕਿ ਸਵਰਗ ਵਿਚ।ਜ਼ਬੂ. 37:29.

ਆਪਣੀ ਗੱਲ ਸਮਝਾਉਣ ਲਈ ਮਿਸਾਲਾਂ ਵਰਤੋਂ

12. ਯਿਸੂ ਮਿਸਾਲਾਂ ਕਿਉਂ ਵਰਤਦਾ ਸੀ?

12 ਯਿਸੂ ਪ੍ਰਚਾਰ ਵਿਚ ਸਵਾਲ ਪੁੱਛਣ ਦੇ ਨਾਲ-ਨਾਲ ਮਿਸਾਲਾਂ ਵੀ ਵਰਤਦਾ ਸੀ। (ਮੱਤੀ 13:34, 35 ਪੜ੍ਹੋ।) ਯਿਸੂ ਦੀਆਂ ਮਿਸਾਲਾਂ ਉਸ ਦੀ ਗੱਲ ਸੁਣਨ ਵਾਲੇ ਲੋਕਾਂ ਦੇ ਇਰਾਦੇ ਜ਼ਾਹਰ ਕਰਦੀਆਂ ਸਨ। (ਮੱਤੀ 13:10-15) ਨਾਲੇ ਮਿਸਾਲਾਂ ਕਰਕੇ ਯਿਸੂ ਦੀਆਂ ਸਿੱਖਿਆਵਾਂ ਲੋਕਾਂ ਨੂੰ ਚੰਗੀਆਂ ਲੱਗਦੀਆਂ ਸਨ ਅਤੇ ਚੇਤੇ ਰਹਿੰਦੀਆਂ ਸਨ। ਅਸੀਂ ਸਿਖਾਉਣ ਵੇਲੇ ਮਿਸਾਲਾਂ ਕਿਵੇਂ ਵਰਤ ਸਕਦੇ ਹਾਂ?

13. ਅਸੀਂ ਕਿਹੜੀ ਮਿਸਾਲ ਦੇ ਕੇ ਸਮਝਾ ਸਕਦੇ ਹਾਂ ਕਿ ਪਰਮੇਸ਼ੁਰ ਯਿਸੂ ਨਾਲੋਂ ਵੱਡਾ ਹੈ?

13 ਸੌਖੀਆਂ ਮਿਸਾਲਾਂ ਵਰਤਣੀਆਂ ਵਧੀਆ ਹੁੰਦੀਆਂ ਹਨ। ਮਿਸਾਲ ਲਈ, ਅਸੀਂ ਅੱਗੇ ਦੱਸਿਆ ਸੁਝਾਅ ਵਰਤ ਕੇ ਦਿਖਾ ਸਕਦੇ ਹਾਂ ਕਿ ਪਰਮੇਸ਼ੁਰ ਯਿਸੂ ਤੋਂ ਵੱਡਾ ਹੈ। ਅਸੀਂ ਦੱਸ ਸਕਦੇ ਹਾਂ ਕਿ ਪਰਮੇਸ਼ੁਰ ਨੇ ਯਿਸੂ ਨੂੰ ਆਪਣਾ ਪੁੱਤਰ ਅਤੇ ਯਿਸੂ ਨੇ ਪਰਮੇਸ਼ੁਰ ਨੂੰ ਆਪਣਾ ਪਿਤਾ ਕਿਹਾ ਸੀ। (ਲੂਕਾ 3:21, 22; ਯੂਹੰ. 14:28) ਫਿਰ ਅਸੀਂ ਘਰ-ਮਾਲਕ ਨੂੰ ਪੁੱਛ ਸਕਦੇ ਹਾਂ: “ਜੇ ਤੁਸੀਂ ਮੈਨੂੰ ਇਹ ਗੱਲ ਸਮਝਾਉਣੀ ਚਾਹੁੰਦੇ ਹੋ ਕਿ ਦੋ ਇਨਸਾਨ ਬਰਾਬਰ ਹਨ, ਤਾਂ ਤੁਸੀਂ ਕਿਹੜੇ ਰਿਸ਼ਤੇ ਦੀ ਮਿਸਾਲ ਦਿਓਗੇ?” ਸ਼ਾਇਦ ਉਹ ਕਹੇ: ਭਰਾਵਾਂ ਦੀ ਜਾਂ ਜੌੜਿਆਂ ਦੀ। ਜੇ ਉਹ ਇੱਦਾਂ ਕਹਿੰਦਾ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਰਿਸ਼ਤੇ ਦੀ ਮਿਸਾਲ ਦੇਣੀ ਕੁਦਰਤੀ ਹੈ। ਫਿਰ ਅਸੀਂ ਪੁੱਛ ਸਕਦੇ ਹਾਂ: “ਜੇ ਤੁਹਾਡੇ ਅਤੇ ਮੇਰੇ ਮਨ ਵਿਚ ਇਸ ਰਿਸ਼ਤੇ ਬਾਰੇ ਇਕਦਮ ਇਹ ਮਿਸਾਲ ਆ ਗਈ ਹੈ, ਤਾਂ ਕੀ ਮਹਾਨ ਸਿੱਖਿਅਕ ਯਿਸੂ ਇਹ ਮਿਸਾਲ ਨਹੀਂ ਸੋਚ ਸਕਦਾ ਸੀ? ਪਰ ਯਿਸੂ ਨੇ ਪਰਮੇਸ਼ੁਰ ਨੂੰ ਆਪਣਾ ਭਰਾ ਕਹਿਣ ਦੀ ਬਜਾਇ ਆਪਣਾ ਪਿਤਾ ਕਿਹਾ। ਇਹ ਕਹਿ ਕੇ ਯਿਸੂ ਨੇ ਦਿਖਾਇਆ ਕਿ ਪਰਮੇਸ਼ੁਰ ਉਸ ਨਾਲੋਂ ਵੱਡਾ ਹੈ ਅਤੇ ਉਸ ਕੋਲ ਯਿਸੂ ਨਾਲੋਂ ਵੱਧ ਅਧਿਕਾਰ ਹੈ।”

14. ਇਕ ਮਿਸਾਲ ਦੇ ਕੇ ਸਮਝਾਓ ਕਿ ਪਰਮੇਸ਼ੁਰ ਨੇ ਸ਼ੈਤਾਨ ਨੂੰ ਲੋਕਾਂ ਨੂੰ ਨਰਕ ਵਿਚ ਤੜਫ਼ਾਉਣ ਦਾ ਅਧਿਕਾਰ ਨਹੀਂ ਦਿੱਤਾ ਹੈ।

14 ਕੁਝ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਨੇ ਸ਼ੈਤਾਨ ਨੂੰ ਲੋਕਾਂ ਨੂੰ ਨਰਕ ਵਿਚ ਤੜਫ਼ਾਉਣ ਦਾ ਅਧਿਕਾਰ ਦਿੱਤਾ ਹੈ। ਅੱਗੇ ਦੱਸੀ ਮਿਸਾਲ ਮਾਪਿਆਂ ਦੀ ਸ਼ਾਇਦ ਇਹ ਸਮਝਣ ਵਿਚ ਮਦਦ ਕਰ ਸਕਦੀ ਹੈ ਕਿ ਇਹ ਗੱਲ ਸੱਚ ਨਹੀਂ ਹੈ। ਅਸੀਂ ਕੁਝ ਇੱਦਾਂ ਕਹਿ ਸਕਦੇ ਹਾਂ: “ਮੰਨ ਲਓ ਕਿ ਤੁਹਾਡਾ ਬੱਚਾ ਬਹੁਤ ਵਿਗੜ ਗਿਆ ਹੈ ਅਤੇ ਬੁਰੇ ਕੰਮ  ਕਰਨ ਲੱਗ ਗਿਆ ਹੈ। ਤੁਸੀਂ ਕੀ ਕਰੋਗੇ?” ਮਾਪੇ ਕਹਿਣਗੇ ਕਿ ਉਹ ਆਪਣੇ ਬੱਚੇ ਨੂੰ ਸੁਧਾਰਨਗੇ। ਉਹ ਬੱਚੇ ਨੂੰ ਬੁਰਾ ਕਰਨ ਤੋਂ ਰੋਕਣ ਦੀ ਵਾਰ-ਵਾਰ ਕੋਸ਼ਿਸ਼ ਕਰਨਗੇ। (ਕਹਾ. 22:15) ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜੇ ਬੱਚਾ ਉਨ੍ਹਾਂ ਦੀ ਗੱਲ ਨਾ ਮੰਨੇ, ਤਾਂ ਉਹ ਕੀ ਕਰਨਗੇ? ਬਹੁਤ ਸਾਰੇ ਮਾਪੇ ਕਹਿਣਗੇ ਕਿ ਫਿਰ ਉਨ੍ਹਾਂ ਕੋਲ ਆਪਣੇ ਬੱਚੇ ਨੂੰ ਸਜ਼ਾ ਦੇਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਵੇਗਾ। ਫਿਰ ਅਸੀਂ ਕਹਿ ਸਕਦੇ ਹਾਂ: “ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਕਿਸੇ ਬੁਰੇ ਵਿਅਕਤੀ ਨੇ ਤੁਹਾਡੇ ਬੱਚੇ ਨੂੰ ਵਿਗਾੜਿਆ ਹੈ, ਤਾਂ ਤੁਸੀਂ ਕੀ ਕਰੋਗੇ?” ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਪੇ ਉਸ ਵਿਅਕਤੀ ਨਾਲ ਬਹੁਤ ਗੁੱਸੇ ਹੋਣਗੇ। ਫਿਰ ਮਿਸਾਲ ਦਾ ਮਤਲਬ ਸਮਝਾਉਂਦੇ ਹੋਏ ਅਸੀਂ ਮਾਪਿਆਂ ਨੂੰ ਪੁੱਛ ਸਕਦੇ ਹਾਂ: “ਕੀ ਤੁਸੀਂ ਉਸ ਵਿਅਕਤੀ ਨੂੰ ਆਪਣੇ ਬੱਚੇ ਨੂੰ ਸਜ਼ਾ ਦੇਣ ਲਈ ਕਹੋਗੇ ਜਿਸ ਨੇ ਤੁਹਾਡੇ ਬੱਚੇ ਨੂੰ ਵਿਗਾੜਿਆ ਹੈ?” ਮਾਪੇ ਜਵਾਬ ਦੇਣਗੇ ਕਿ ਬਿਲਕੁਲ ਨਹੀਂ। ਇਸੇ ਤਰ੍ਹਾਂ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਸ਼ੈਤਾਨ ਨੂੰ ਨਹੀਂ ਕਹੇਗਾ ਜੋ ਉਸ ਦੇ ਬੁਰੇ ਪ੍ਰਭਾਵ ਕਰਕੇ ਗ਼ਲਤ ਕੰਮ ਕਰਦੇ ਹਨ।

ਸਹੀ ਨਜ਼ਰੀਆ ਬਣਾਈ ਰੱਖੋ

15, 16. (ੳ) ਸਾਨੂੰ ਇਹ ਉਮੀਦ ਕਿਉਂ ਨਹੀਂ ਰੱਖਣੀ ਚਾਹੀਦੀ ਕਿ ਪ੍ਰਚਾਰ ਵਿਚ ਹਰ ਕੋਈ ਰਾਜ ਦੇ ਸੰਦੇਸ਼ ਨੂੰ ਕਬੂਲ ਕਰੇਗਾ? (ਅ) ਕੀ ਅਸਰਦਾਰ ਢੰਗ ਨਾਲ ਪ੍ਰਚਾਰ ਕਰਨ ਲਈ ਸਾਡੇ ਵਿਚ ਕੋਈ ਖ਼ਾਸ ਕਾਬਲੀਅਤ ਹੋਣੀ ਚਾਹੀਦੀ ਹੈ? ਸਮਝਾਓ। ( “ਲੇਖ ਜੋ ਜਵਾਬ ਦੇਣ ਵਿਚ ਸਾਡੀ ਮਦਦ ਕਰਦੇ ਹਨ” ਨਾਂ ਦੀ ਡੱਬੀ ਦੇਖੋ।)

15 ਸਾਨੂੰ ਇਹ ਪਤਾ ਹੈ ਕਿ ਹਰ ਕੋਈ ਰਾਜ ਦੇ ਸੰਦੇਸ਼ ਨੂੰ ਕਬੂਲ ਨਹੀਂ ਕਰੇਗਾ। (ਮੱਤੀ 10:11-14) ਇਹ ਗੱਲ ਉਦੋਂ ਵੀ ਸੱਚ ਹੈ ਜਦ ਅਸੀਂ ਸਹੀ ਸਵਾਲ ਪੁੱਛਦੇ ਹਾਂ, ਵਧੀਆ ਤਰਕ ਕਰਦੇ ਹਾਂ ਅਤੇ ਵਧੀਆ ਮਿਸਾਲਾਂ ਵਰਤਦੇ ਹਾਂ। ਯਿਸੂ ਦੀ ਗੱਲ ਵੀ ਤਾਂ ਥੋੜ੍ਹੇ ਜਿਹੇ ਲੋਕਾਂ ਨੇ ਸੁਣੀ ਸੀ ਭਾਵੇਂ ਕਿ ਉਹ ਧਰਤੀ ’ਤੇ ਸਭ ਤੋਂ ਵਧੀਆ ਸਿੱਖਿਅਕ ਸੀ।—ਯੂਹੰ. 6:66; 7:45-48.

16 ਦੂਜੇ ਪਾਸੇ, ਭਾਵੇਂ ਅਸੀਂ ਸੋਚਦੇ ਹਾਂ ਕਿ ਸਾਡੇ ਵਿਚ ਕੋਈ ਖ਼ਾਸ ਕਾਬਲੀਅਤ ਨਹੀਂ ਹੈ, ਫਿਰ ਵੀ ਅਸੀਂ ਪ੍ਰਚਾਰ ਵਧੀਆ ਢੰਗ ਨਾਲ ਕਰ ਸਕਦੇ ਹਾਂ। (ਰਸੂਲਾਂ ਦੇ ਕੰਮ 4:13 ਪੜ੍ਹੋ।) ਪਰਮੇਸ਼ੁਰ ਦਾ ਬਚਨ ਇਹ ਯਕੀਨ ਦਿਵਾਉਂਦਾ ਹੈ ਕਿ ‘ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ ਹਨ,’ ਉਹ ਖ਼ੁਸ਼ ਖ਼ਬਰੀ ਨੂੰ ਜ਼ਰੂਰ ਕਬੂਲ ਕਰਨਗੇ। (ਰਸੂ. 13:48) ਸੋ ਆਓ ਆਪਾਂ ਆਪਣੇ ਬਾਰੇ ਅਤੇ ਲੋਕਾਂ ਬਾਰੇ ਸਹੀ ਨਜ਼ਰੀਆ ਬਣਾਈ ਰੱਖੀਏ। ਸਾਨੂੰ ਆਪਣੇ ਸਿਖਾਉਣ ਦੇ ਢੰਗ ਵਿਚ ਹਮੇਸ਼ਾ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ, ਪਰ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਜਦੋਂ ਲੋਕ ਰਾਜ ਦੀ ਖ਼ੁਸ਼ ਖ਼ਬਰੀ ਨਹੀਂ ਸੁਣਦੇ। ਨਾਲੇ ਆਓ ਆਪਾਂ ਯਹੋਵਾਹ ਤੋਂ ਸਿਖਲਾਈ ਲੈਂਦੇ ਰਹੀਏ ਅਤੇ ਭਰੋਸਾ ਰੱਖੀਏ ਕਿ ਇਸ ਤੋਂ ਸਾਨੂੰ ਅਤੇ ਸਾਡੀ ਗੱਲ ਸੁਣਨ ਵਾਲਿਆਂ ਨੂੰ ਫ਼ਾਇਦਾ ਹੋਵੇਗਾ। (1 ਤਿਮੋ. 4:16) ਯਹੋਵਾਹ ਦੀ ਮਦਦ ਨਾਲ ਅਸੀਂ ਸਿੱਖ ਸਕਦੇ ਹਾਂ ਕਿ ਅਸੀਂ “ਹਰੇਕ ਨੂੰ ਕਿਵੇਂ ਜਵਾਬ ਦੇਣਾ ਹੈ।” ਅਸੀਂ ਅਗਲੇ ਲੇਖ ਵਿਚ ਦੇਖਾਂਗੇ ਕਿ ਅਸੀਂ ਇਕ ਉੱਤਮ ਅਸੂਲ ਉੱਤੇ ਚੱਲ ਕੇ ਵਧੀਆ ਢੰਗ ਨਾਲ ਪ੍ਰਚਾਰ ਕਿਵੇਂ ਕਰ ਸਕਦੇ ਹਾਂ।