Skip to content

Skip to table of contents

ਕੀ ਤੁਸੀਂ ਇਨਸਾਨੀ ਕਮਜ਼ੋਰੀਆਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਦੇ ਹੋ?

ਕੀ ਤੁਸੀਂ ਇਨਸਾਨੀ ਕਮਜ਼ੋਰੀਆਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਦੇ ਹੋ?

“ਸਰੀਰ ਦੇ ਜਿਹੜੇ ਅੰਗ ਕਮਜ਼ੋਰ ਲੱਗਦੇ ਹਨ, ਅਸਲ ਵਿਚ ਸਾਨੂੰ ਉਨ੍ਹਾਂ ਦੀ ਲੋੜ ਹੁੰਦੀ ਹੈ।”1 ਕੁਰਿੰ. 12:22.

1, 2. ਪੌਲੁਸ ਨੂੰ ਕਮਜ਼ੋਰ ਭੈਣਾਂ-ਭਰਾਵਾਂ ਨਾਲ ਹਮਦਰਦੀ ਕਿਉਂ ਸੀ?

ਅਸੀਂ ਸਾਰੇ ਕਈ ਵਾਰ ਕਮਜ਼ੋਰ ਮਹਿਸੂਸ ਕਰਦੇ ਹਾਂ। ਫਲੂ ਜਾਂ ਅਲਰਜੀ ਕਰਕੇ ਸ਼ਾਇਦ ਅਸੀਂ ਇੰਨੇ ਕਮਜ਼ੋਰ ਮਹਿਸੂਸ ਕਰੀਏ ਕਿ ਸਾਨੂੰ ਆਪਣੇ ਰੋਜ਼ ਦੇ ਕੰਮ-ਕਾਰ ਕਰਨੇ ਵੀ ਔਖੇ ਲੱਗਣ। ਹੁਣ ਜ਼ਰਾ ਕਲਪਨਾ ਕਰੋ ਕਿ ਤੁਸੀਂ ਸਿਰਫ਼ ਇਕ-ਦੋ ਹਫ਼ਤੇ ਨਹੀਂ, ਸਗੋਂ ਮਹੀਨਿਆਂ ਤਕ ਕਮਜ਼ੋਰ ਮਹਿਸੂਸ ਕਰਦੇ ਹੋ। ਇਸ ਹਾਲਤ ਵਿਚ ਕੀ ਤੁਸੀਂ ਉਨ੍ਹਾਂ ਦੇ ਸ਼ੁਕਰਗੁਜ਼ਾਰ ਨਹੀਂ ਹੋਵੋਗੇ ਜੋ ਤੁਹਾਨੂੰ ਹਮਦਰਦੀ ਦਿਖਾਉਂਦੇ ਹਨ?

2 ਮੰਡਲੀ ਦੇ ਅੰਦਰੋਂ ਤੇ ਬਾਹਰੋਂ ਆਉਂਦੀਆਂ ਮੁਸ਼ਕਲਾਂ ਕਰਕੇ ਪੌਲੁਸ ਰਸੂਲ ਨੇ ਵੀ ਕਈ ਵਾਰ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕੀਤਾ। ਕਈ ਵਾਰ ਉਸ ਨੂੰ ਲੱਗਾ ਕਿ ਹੁਣ ਉਹ ਹੋਰ ਸਹਿਣ ਨਹੀਂ ਕਰ ਸਕਦਾ। (2 ਕੁਰਿੰ. 1:8; 7:5) ਆਪਣੀ ਜ਼ਿੰਦਗੀ ਬਾਰੇ ਅਤੇ ਵਫ਼ਾਦਾਰ ਮਸੀਹੀ ਹੋਣ ਕਰਕੇ ਝੱਲੀਆਂ ਬਹੁਤ ਸਾਰੀਆਂ ਮੁਸ਼ਕਲਾਂ ਬਾਰੇ ਸੋਚਦੇ ਹੋਏ ਪੌਲੁਸ ਨੇ ਕਿਹਾ: “ਜੇ ਕੋਈ ਕਮਜ਼ੋਰ ਹੈ, ਤਾਂ ਮੈਨੂੰ ਦੁੱਖ ਹੁੰਦਾ ਹੈ।” (2 ਕੁਰਿੰ. 11:29) ਪੌਲੁਸ ਨੇ ਮੰਡਲੀ ਦੇ ਅਲੱਗ-ਅਲੱਗ ਭੈਣਾਂ-ਭਰਾਵਾਂ ਦੀ ਤੁਲਨਾ ਸਰੀਰ ਦੇ ਅੰਗਾਂ ਨਾਲ ਕਰਦਿਆਂ ਕਿਹਾ ਕਿ ਜਿਹੜੇ “ਅੰਗ ਕਮਜ਼ੋਰ ਲੱਗਦੇ ਹਨ, ਅਸਲ ਵਿਚ ਸਾਨੂੰ ਉਨ੍ਹਾਂ ਦੀ ਲੋੜ ਹੁੰਦੀ ਹੈ।” (1 ਕੁਰਿੰ. 12:22) ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ? ਜਿਹੜੇ ਭੈਣ-ਭਰਾ ਕਮਜ਼ੋਰ ਨਜ਼ਰ ਆਉਂਦੇ ਹਨ, ਸਾਨੂੰ ਉਨ੍ਹਾਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਕਿਉਂ ਰੱਖਣਾ ਚਾਹੀਦਾ ਹੈ? ਸਾਨੂੰ ਇਸ ਤਰ੍ਹਾਂ ਕਰਨ ਦਾ ਕੀ ਫ਼ਾਇਦਾ ਹੋਵੇਗਾ?

 ਇਨਸਾਨੀ ਕਮਜ਼ੋਰੀਆਂ ਪ੍ਰਤੀ ਯਹੋਵਾਹ ਦਾ ਨਜ਼ਰੀਆ

3. ਅਸੀਂ ਸ਼ਾਇਦ ਆਪਣੇ ਭੈਣਾਂ-ਭਰਾਵਾਂ ਪ੍ਰਤੀ ਗ਼ਲਤ ਨਜ਼ਰੀਆ ਕਿਉਂ ਰੱਖਣ ਲੱਗ ਪਈਏ?

3 ਅੱਜ ਦੁਨੀਆਂ ਆਪਣੇ ਸੁਆਰਥ ਲਈ ਕਮਜ਼ੋਰ ਲੋਕਾਂ ਦਾ ਫ਼ਾਇਦਾ ਉਠਾਉਂਦੀ ਹੈ। ਨੌਜਵਾਨ ਅਤੇ ਤਾਕਤਵਰ ਲੋਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਅਜਿਹੇ ਲੋਕ ਦੂਜਿਆਂ ਤੋਂ ਅੱਗੇ ਨਿਕਲਣ ਲਈ ਕਮਜ਼ੋਰਾਂ ਨੂੰ ਦਬਾਉਂਦੇ ਹਨ। ਦੁਨੀਆਂ ਦੇ ਇਸ ਰਵੱਈਏ ਦਾ ਸਾਡੇ ’ਤੇ ਵੀ ਅਸਰ ਪੈ ਸਕਦਾ ਹੈ। ਅਸੀਂ ਸ਼ਾਇਦ ਉਨ੍ਹਾਂ ਭੈਣਾਂ-ਭਰਾਵਾਂ ਪ੍ਰਤੀ ਗ਼ਲਤ ਨਜ਼ਰੀਆ ਰੱਖਣ ਲੱਗ ਪਈਏ ਜਿਨ੍ਹਾਂ ਨੂੰ ਅਕਸਰ ਮਦਦ ਦੀ ਲੋੜ ਹੁੰਦੀ ਹੈ। ਪਰ ਅਸੀਂ ਮੰਡਲੀ ਦੇ ਹਰ ਭੈਣ-ਭਰਾ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ?

4, 5. (ੳ) 1 ਕੁਰਿੰਥੀਆਂ 12:21-23 ਵਿਚ ਦਿੱਤੀ ਮਿਸਾਲ ਤੋਂ ਇਨਸਾਨੀ ਕਮਜ਼ੋਰੀਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਣ ਵਿਚ ਸਾਨੂੰ ਕਿਵੇਂ ਮਦਦ ਮਿਲਦੀ ਹੈ? (ਅ) ਸਾਨੂੰ ਕਮਜ਼ੋਰ ਭੈਣਾਂ-ਭਰਾਵਾਂ ਦੀ ਮਦਦ ਕਰਨ ਨਾਲ ਕੀ ਫ਼ਾਇਦੇ ਹੋ ਸਕਦੇ ਹਨ?

4 ਇਨਸਾਨੀ ਕਮਜ਼ੋਰੀਆਂ ਪ੍ਰਤੀ ਯਹੋਵਾਹ ਦੇ ਨਜ਼ਰੀਏ ਨੂੰ ਸਮਝਾਉਣ ਲਈ ਪੌਲੁਸ ਨੇ ਕੁਰਿੰਥੀਆਂ ਨੂੰ ਲਿਖੀ ਪਹਿਲੀ ਚਿੱਠੀ ਵਿਚ ਇਕ ਮਿਸਾਲ ਦਿੱਤੀ ਸੀ। ਉਸ ਨੇ ਪਹਿਲਾ ਕੁਰਿੰਥੀਆਂ ਦੇ 12ਵੇਂ ਅਧਿਆਇ ਵਿਚ ਸਾਨੂੰ ਦੱਸਿਆ ਕਿ ਸਰੀਰ ਦੇ ਜਿਹੜੇ ਅੰਗ ਕਮਜ਼ੋਰ ਹੁੰਦੇ ਜਾਂ ਸੋਹਣੇ ਨਹੀਂ ਹੁੰਦੇ, ਉਹ ਵੀ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ। (1 ਕੁਰਿੰਥੀਆਂ 12:12, 18, 21-23 ਪੜ੍ਹੋ।) ਵਿਕਾਸਵਾਦ ’ਤੇ ਵਿਸ਼ਵਾਸ ਕਰਨ ਵਾਲੇ ਕੁਝ ਲੋਕਾਂ ਨੇ ਕਿਹਾ ਹੈ ਕਿ ਸਰੀਰ ਦੇ ਕੁਝ ਅੰਗਾਂ ਦੀ ਲੋੜ ਨਹੀਂ ਹੈ। * ਮਿਸਾਲ ਲਈ, ਕੁਝ ਲੋਕ ਪਹਿਲਾਂ ਕਹਿੰਦੇ ਸਨ ਕਿ ਪੈਰ ਦੀ ਚੀਚੀ ਦਾ ਕੋਈ ਫ਼ਾਇਦਾ ਨਹੀਂ। ਪਰ ਹੁਣ ਵਿਗਿਆਨੀਆਂ ਨੂੰ ਪਤਾ ਲੱਗਾ ਹੈ ਕਿ ਖੜ੍ਹੇ ਹੋਣ ਵੇਲੇ ਪੂਰੇ ਸਰੀਰ ਦੇ ਸੰਤੁਲਨ ਲਈ ਚੀਚੀ ਜ਼ਰੂਰੀ ਹੈ।

5 ਪੌਲੁਸ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਮੰਡਲੀ ਦੇ ਸਾਰੇ ਮੈਂਬਰਾਂ ਦੀ ਲੋੜ ਹੈ। ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਕਿਸੇ ਕੰਮ ਦੇ ਨਾ ਸਮਝੀਏ। ਪਰ ਯਹੋਵਾਹ ਨੂੰ ਆਪਣੇ ਸਾਰੇ ਸੇਵਕਾਂ ਦੀ “ਲੋੜ” ਹੈ, ਉਨ੍ਹਾਂ ਦੀ ਵੀ ਜਿਹੜੇ ਕਮਜ਼ੋਰ ਲੱਗਦੇ ਹਨ। (ਅੱਯੂ. 4:18, 19) ਇਹ ਸੁਣ ਕੇ ਸਾਨੂੰ ਕਿੰਨਾ ਵਧੀਆ ਲੱਗਦਾ ਹੈ ਕਿ ਅਸੀਂ ਆਪਣੀ ਮੰਡਲੀ ਤੇ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਸੰਗਠਨ ਦਾ ਹਿੱਸਾ ਹਾਂ। ਮਿਸਾਲ ਲਈ, ਜ਼ਰਾ ਉਸ ਸਮੇਂ ਬਾਰੇ ਸੋਚੋ ਜਦੋਂ ਤੁਸੀਂ ਕਿਸੇ ਬਜ਼ੁਰਗ ਦਾ ਹੱਥ ਫੜ ਕੇ ਉਸ ਦੀ ਮਦਦ ਕੀਤੀ ਸੀ। ਸ਼ਾਇਦ ਤੁਹਾਨੂੰ ਉਸ ਦੇ ਨਾਲ-ਨਾਲ ਹੌਲੀ ਤੁਰਨਾ ਪਿਆ ਸੀ। ਇਸ ਤੋਂ ਉਸ ਨੂੰ ਫ਼ਾਇਦਾ ਹੋਇਆ। ਪਰ ਕੀ ਤੁਹਾਨੂੰ ਵੀ ਫ਼ਾਇਦਾ ਹੋਇਆ ਸੀ? ਜੀ ਹਾਂ। ਦੂਜਿਆਂ ਦੀ ਮਦਦ ਕਰ ਕੇ ਸਾਨੂੰ ਖ਼ੁਸ਼ੀ ਹੁੰਦੀ ਹੈ, ਅਸੀਂ ਹੋਰ ਧੀਰਜ ਰੱਖਣਾ ਸਿੱਖਦੇ ਹਾਂ, ਆਪਣੇ ਭੈਣਾਂ-ਭਰਾਵਾਂ ਨਾਲ ਹੋਰ ਜ਼ਿਆਦਾ ਪਿਆਰ ਕਰਦੇ ਹਾਂ ਤੇ ਚੰਗੇ ਮਸੀਹੀ ਬਣਦੇ ਹਾਂ। (ਅਫ਼. 4:15, 16) ਯਹੋਵਾਹ ਜਾਣਦਾ ਹੈ ਕਿ ਜਿਹੜੀ ਮੰਡਲੀ ਆਪਣੇ ਸਾਰੇ ਮੈਂਬਰਾਂ ਦੀ ਕਦਰ ਕਰਦੀ ਹੈ, ਉਨ੍ਹਾਂ ਦੀ ਵੀ ਜਿਹੜੇ ਕਮਜ਼ੋਰ ਲੱਗਦੇ ਹਨ, ਉਸ ਮੰਡਲੀ ਵਿਚ ਪਿਆਰ ਹੁੰਦਾ ਹੈ ਤੇ ਸਾਰੇ ਮੈਂਬਰ ਇਕ-ਦੂਜੇ ਤੋਂ ਜ਼ਿਆਦਾ ਉਮੀਦ ਨਹੀਂ ਰੱਖਦੇ।

6. ਪੌਲੁਸ ਨੇ ਕਈ ਵਾਰ “ਕਮਜ਼ੋਰ” ਤੇ “ਨਿਹਚਾ ਵਿਚ ਪੱਕੇ” ਸ਼ਬਦਾਂ ਦੀ ਵਰਤੋਂ ਕਿਸ ਅਰਥ ਵਿਚ ਕੀਤੀ?

6 ਕੁਰਿੰਥੀਆਂ ਨੂੰ ਚਿੱਠੀ ਲਿਖਦੇ ਹੋਏ ਪੌਲੁਸ ਨੇ “ਕਮਜ਼ੋਰ” ਸ਼ਬਦ ਦੀ ਵਰਤੋਂ ਕੀਤੀ ਕਿਉਂਕਿ ਪਹਿਲੀ ਸਦੀ ਵਿਚ ਕੁਝ ਅਵਿਸ਼ਵਾਸੀ ਲੋਕ ਮਸੀਹੀਆਂ ਨੂੰ ਕਮਜ਼ੋਰ ਸਮਝਦੇ ਸਨ। ਨਾਲੇ ਕਈ ਵਾਰ ਉਹ ਆਪ ਵੀ ਕਮਜ਼ੋਰ ਮਹਿਸੂਸ ਕਰਦਾ ਸੀ। (1 ਕੁਰਿੰ. 1:26, 27; 2:3) ਜਦੋਂ ਪੌਲੁਸ ਨੇ “ਨਿਹਚਾ ਵਿਚ ਪੱਕੇ” ਮਸੀਹੀਆਂ ਬਾਰੇ ਗੱਲ ਕੀਤੀ ਸੀ, ਤਾਂ ਉਹ ਇਹ ਨਹੀਂ ਚਾਹੁੰਦਾ ਸੀ ਕਿ ਅਜਿਹੇ ਮਸੀਹੀ ਦੂਜਿਆਂ ਨੂੰ ਆਪਣੇ ਤੋਂ ਨੀਵੇਂ ਸਮਝਣ। (ਰੋਮੀ. 15:1) ਇਸ ਦੀ ਬਜਾਇ, ਉਹ ਕਹਿ ਰਿਹਾ ਸੀ ਕਿ ਜ਼ਿਆਦਾ ਤਜਰਬੇਕਾਰ ਮਸੀਹੀ ਉਨ੍ਹਾਂ ਭੈਣਾਂ-ਭਰਾਵਾਂ ਨਾਲ ਧੀਰਜ ਰੱਖਣ ਜਿਹੜੇ ਅਜੇ ਸੱਚਾਈ ਵਿਚ ਮਜ਼ਬੂਤ ਨਹੀਂ ਸਨ।

ਕੀ ਸਾਨੂੰ ਆਪਣੇ ਨਜ਼ਰੀਏ ਨੂੰ ਬਦਲਣ ਦੀ ਲੋੜ ਹੈ?

7. ਅਸੀਂ ਸ਼ਾਇਦ ਕਿਹੜੀਆਂ ਗੱਲਾਂ ਕਰਕੇ ਉਨ੍ਹਾਂ ਲੋਕਾਂ ਦੀ ਮਦਦ ਕਰਨ ਤੋਂ ਪਿੱਛੇ ਹਟ ਜਾਈਏ ਜਿਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ?

7 ਜਦੋਂ ਅਸੀਂ ਕਮਜ਼ੋਰ ਲੋਕਾਂ ਦੀ ਮਦਦ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਰੀਸ ਕਰਦੇ ਹਾਂ ਅਤੇ ਉਹ ਸਾਡੇ ਤੋਂ ਖ਼ੁਸ਼ ਹੁੰਦਾ ਹੈ। (ਜ਼ਬੂ. 41:1; ਅਫ਼. 5:1) ਪਰ ਕਈ ਵਾਰ ਸ਼ਾਇਦ ਸਾਡਾ ਉਨ੍ਹਾਂ ਭੈਣਾਂ-ਭਰਾਵਾਂ ਪ੍ਰਤੀ ਗ਼ਲਤ ਨਜ਼ਰੀਆ ਹੋਵੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ। ਇਸ ਕਰਕੇ ਅਸੀਂ ਉਨ੍ਹਾਂ ਦੀ ਮਦਦ ਕਰਨ ਤੋਂ ਪਿੱਛੇ ਹਟ ਜਾਈਏ। ਜਾਂ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਕਿ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਭੈਣਾਂ-ਭਰਾਵਾਂ ਨੂੰ ਅਸੀਂ ਕੀ ਕਹੀਏ ਜਿਸ ਕਰਕੇ  ਸ਼ਾਇਦ ਅਸੀਂ ਉਨ੍ਹਾਂ ਦੀ ਮਦਦ ਕਰਨ ਤੋਂ ਹਿਚਕਿਚਾਈਏ ਅਤੇ ਉਨ੍ਹਾਂ ਤੋਂ ਦੂਰ-ਦੂਰ ਰਹੀਏ। ਭੈਣ ਸਿੰਥੀਆ * ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ। ਉਹ ਦੱਸਦੀ ਹੈ: “ਜੇ ਭੈਣ-ਭਰਾ ਤੁਹਾਨੂੰ ਨਜ਼ਰਅੰਦਾਜ਼ ਕਰਦੇ ਹਨ ਜਾਂ ਚੰਗੇ ਦੋਸਤਾਂ ਵਾਂਗ ਤੁਹਾਡੀ ਮਦਦ ਨਹੀਂ ਕਰਦੇ, ਤਾਂ ਤੁਹਾਨੂੰ ਦੁੱਖ ਲੱਗਦਾ ਹੈ। ਜਦੋਂ ਤੁਸੀਂ ਔਖੀਆਂ ਘੜੀਆਂ ਵਿੱਚੋਂ ਲੰਘਦੇ ਹੋ, ਤਾਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਪਣੇ ਤੁਹਾਡੇ ਕੋਲ ਹੋਣ।” ਰਾਜਾ ਦਾਊਦ ਜਾਣਦਾ ਸੀ ਕਿ ਜਦੋਂ ਤੁਹਾਨੂੰ ਕੋਈ ਪੁੱਛਦਾ ਨਹੀਂ, ਤਾਂ ਕਿੱਦਾਂ ਲੱਗਦਾ ਹੈ।ਜ਼ਬੂ. 31:12.

8. ਹੋਰ ਜ਼ਿਆਦਾ ਹਮਦਰਦ ਬਣਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

8 ਜਦੋਂ ਅਸੀਂ ਯਾਦ ਰੱਖਾਂਗੇ ਕਿ ਸਾਡੇ ਕੁਝ ਭੈਣ-ਭਰਾ ਮਾੜੀ ਸਿਹਤ ਕਰਕੇ, ਅਵਿਸ਼ਵਾਸੀ ਪਰਿਵਾਰਾਂ ਵਿਚ ਰਹਿਣ ਕਰਕੇ, ਡਿਪਰੈਸ਼ਨ ਹੋਣ ਕਰਕੇ ਜਾਂ ਹੋਰ ਮਾੜੇ ਹਾਲਾਤਾਂ ਕਰਕੇ ਕਮਜ਼ੋਰ ਹੋਏ ਹਨ, ਤਾਂ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਜ਼ਿਆਦਾ ਹਮਦਰਦੀ ਦਿਖਾ ਸਕਾਂਗੇ। ਸ਼ਾਇਦ ਇਕ ਦਿਨ ਸਾਡੇ ਹਾਲਾਤ ਵੀ ਇਹੋ ਜਿਹੇ ਹੋਣ। ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਤੋਂ ਪਹਿਲਾਂ ਇਜ਼ਰਾਈਲੀਆਂ ਨੂੰ ਯਾਦ ਕਰਾਇਆ ਗਿਆ ਸੀ ਕਿ ਉਹ ਆਪਣੇ ਦੁਖੀ ਭੈਣ-ਭਰਾਵਾਂ ਪ੍ਰਤੀ ਆਪਣੇ “ਮਨ ਕਠੋਰ” ਨਾ ਕਰਨ ਕਿਉਂਕਿ ਉਹ ਆਪ ਵੀ ਮਿਸਰ ਦੇਸ਼ ਵਿਚ ਗ਼ਰੀਬ ਤੇ ਕਮਜ਼ੋਰ ਸਨ। ਯਹੋਵਾਹ ਉਨ੍ਹਾਂ ਤੋਂ ਉਮੀਦ ਰੱਖਦਾ ਸੀ ਕਿ ਉਹ ਗ਼ਰੀਬਾਂ ਦੀ ਮਦਦ ਕਰਨ।ਬਿਵ. 15:7, 11; ਲੇਵੀ. 25:35-38.

9. ਜਦੋਂ ਕੋਈ ਮਸੀਹੀ ਕਮਜ਼ੋਰ ਹੋ ਜਾਂਦਾ ਹੈ, ਤਾਂ ਉਸ ਨੂੰ ਕਿਹੜੀ ਗੱਲ ਦੀ ਲੋੜ ਹੁੰਦੀ ਹੈ? ਮਿਸਾਲ ਦਿਓ।

9 ਔਖੇ ਹਾਲਾਤਾਂ ਦਾ ਸਾਮ੍ਹਣਾ ਕਰ ਰਹੇ ਭੈਣਾਂ-ਭਰਾਵਾਂ ਵਿਚ ਨੁਕਸ ਕੱਢਣ ਜਾਂ ਸ਼ੱਕ ਕਰਨ ਦੀ ਬਜਾਇ ਸਾਨੂੰ ਉਨ੍ਹਾਂ ਨੂੰ ਬਾਈਬਲ ਤੋਂ ਦਿਲਾਸਾ ਦੇਣਾ ਚਾਹੀਦਾ ਹੈ। (ਅੱਯੂ. 33:6, 7; ਮੱਤੀ 7:1) ਮਿਸਾਲ ਲਈ, ਜਦੋਂ ਕਿਸੇ ਮੋਟਰ ਸਾਈਕਲ ਸਵਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਸ ਨੂੰ ਐਮਰਜੈਂਸੀ ਵਾਰਡ ਵਿਚ ਲਿਜਾਇਆ ਜਾਂਦਾ ਹੈ, ਤਾਂ ਡਾਕਟਰ ਤੇ ਨਰਸਾਂ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਐਕਸੀਡੈਂਟ ਕਿਹਦੇ ਕਰਕੇ ਹੋਇਆ ਸੀ। ਇਸ ਦੀ ਬਜਾਇ, ਉਹ ਇਕਦਮ ਉਸ ਦਾ ਇਲਾਜ ਕਰਦੇ ਹਨ। ਇਸੇ ਤਰ੍ਹਾਂ ਜੇ ਸਾਡੀ ਭੈਣ ਜਾਂ ਭਰਾ ਆਪਣੀਆਂ ਸਮੱਸਿਆਵਾਂ ਕਰਕੇ ਕਮਜ਼ੋਰ ਹੋ ਜਾਂਦਾ ਹੈ, ਤਾਂ ਸਾਨੂੰ ਜਲਦੀ ਤੋਂ ਜਲਦੀ ਉਸ ਦੀ ਬਾਈਬਲ ਤੋਂ ਮਦਦ ਕਰਨੀ ਚਾਹੀਦੀ ਹੈ।1 ਥੱਸਲੁਨੀਕੀਆਂ 5:14 ਪੜ੍ਹੋ।

10. ਜਿਹੜੇ ਭੈਣ-ਭਰਾ ਕਮਜ਼ੋਰ ਲੱਗਦੇ ਹਨ, ਸ਼ਾਇਦ ਉਹ “ਨਿਹਚਾ ਵਿਚ ਧਨੀ” ਕਿਵੇਂ ਹੋਣ?

10 ਕਈ ਭੈਣ-ਭਰਾ ਸ਼ਾਇਦ ਕਮਜ਼ੋਰ ਲੱਗਣ। ਪਰ ਜੇ ਅਸੀਂ ਉਨ੍ਹਾਂ ਦੇ ਹਾਲਾਤਾਂ ਬਾਰੇ ਸੋਚੀਏ, ਤਾਂ ਸ਼ਾਇਦ ਸਾਨੂੰ ਪਤਾ ਲੱਗੇ ਕਿ ਉਹ ਬਿਲਕੁਲ ਵੀ ਕਮਜ਼ੋਰ ਨਹੀਂ ਹਨ। ਜ਼ਰਾ ਸੋਚੋ ਉਸ ਭੈਣ ਲਈ ਯਹੋਵਾਹ ਦੀ ਸੇਵਾ ਕਰਨੀ ਕਿੰਨੀ ਔਖੀ ਹੈ ਜਿਸ ਦਾ ਪਤੀ ਸੱਚਾਈ ਵਿਚ ਨਹੀਂ ਹੈ। ਇਕੱਲੀ ਮਾਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਕਿੰਨੀ ਸਖ਼ਤ ਮਿਹਨਤ ਕਰਦੀ ਹੈ ਤੇ ਫਿਰ ਵੀ ਬਾਕਾਇਦਾ ਮੀਟਿੰਗਾਂ ਵਿਚ ਆਉਂਦੀ ਹੈ। ਜਾਂ ਉਸ ਨੌਜਵਾਨ ਬਾਰੇ ਸੋਚੋ ਜੋ ਸਕੂਲ ਵਿਚ ਬੁਰੇ ਪ੍ਰਭਾਵ ਦਾ ਸਾਮ੍ਹਣਾ ਕਰਦੇ ਹੋਏ ਸੱਚਾਈ ਵਿਚ ਪੱਕਾ ਰਹਿੰਦਾ ਹੈ। ਉਹ ਸਾਰੇ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੇ ਉਸ ਪ੍ਰਤੀ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ। ਬਿਨਾਂ ਸ਼ੱਕ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਭੈਣ-ਭਰਾ ਕਮਜ਼ੋਰ ਲੱਗਦੇ ਹਨ, ਉਹ ਸ਼ਾਇਦ ਉਨ੍ਹਾਂ ਨਾਲੋਂ “ਨਿਹਚਾ ਵਿਚ ਧਨੀ ਹੋਣ” ਜਿਨ੍ਹਾਂ ਦੇ ਹਾਲਾਤ ਵਧੀਆ ਹਨ।ਯਾਕੂ. 2:5.

ਯਹੋਵਾਹ ਵਰਗਾ ਨਜ਼ਰੀਆ ਰੱਖੋ

11, 12. (ੳ) ਜਦ ਸਾਡੇ ਭੈਣ-ਭਰਾ ਗ਼ਲਤੀਆਂ ਕਰਦੇ ਹਨ, ਤਾਂ ਯਹੋਵਾਹ ਵਰਗਾ ਨਜ਼ਰੀਆ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? (ਅ) ਯਹੋਵਾਹ ਹਾਰੂਨ ਨਾਲ ਜਿਸ ਤਰ੍ਹਾਂ ਪੇਸ਼ ਆਇਆ, ਅਸੀਂ ਉਸ ਤੋਂ ਕੀ ਸਿੱਖਦੇ ਹਾਂ?

11 ਸਾਨੂੰ ਆਪਣੇ ਭੈਣਾਂ-ਭਰਾਵਾਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਣਾ ਚਾਹੀਦਾ ਹੈ, ਭਾਵੇਂ ਕਿ ਉਹ ਗ਼ਲਤੀਆਂ ਕਰਦੇ ਹਨ। ਬਾਈਬਲ ਦੀਆਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਪ੍ਰਤੀ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ। (ਜ਼ਬੂਰਾਂ ਦੀ ਪੋਥੀ 130:3 ਪੜ੍ਹੋ।) ਮਿਸਾਲ ਲਈ, ਮੰਨ ਲਓ ਤੁਸੀਂ ਉਸ ਸਮੇਂ ਮੂਸਾ ਦੇ ਨਾਲ ਸੀ ਜਦੋਂ ਹਾਰੂਨ ਦੱਸ ਰਿਹਾ ਸੀ ਕਿ ਉਸ ਨੇ ਸੋਨੇ ਦਾ ਵੱਛਾ ਕਿਉਂ ਬਣਾਇਆ ਸੀ। ਤੁਸੀਂ ਹਾਰੂਨ ਦੇ ਬਹਾਨੇ ਸੁਣ ਕੇ ਕਿੱਦਾਂ ਮਹਿਸੂਸ ਕਰਦੇ? (ਕੂਚ 32:21-24) ਜਾਂ ਤੁਸੀਂ ਹਾਰੂਨ ਦੇ ਰਵੱਈਏ ਬਾਰੇ ਕੀ ਸੋਚਦੇ ਜਦੋਂ ਉਸ ਨੇ ਆਪਣੀ ਭੈਣ ਮਿਰਯਮ ਦੀਆਂ ਗੱਲਾਂ ਵਿਚ ਆ ਕੇ ਮੂਸਾ ਦੀ ਨੁਕਤਾਚੀਨੀ ਕੀਤੀ ਕਿ ਉਸ ਨੇ ਪਰਾਈ ਕੌਮ ਦੀ ਤੀਵੀਂ ਨਾਲ ਵਿਆਹ ਕਰਾਇਆ ਸੀ? (ਗਿਣ. 12:1, 2) ਤੁਸੀਂ ਉਦੋਂ ਕੀ ਕਰਦੇ ਜਦੋਂ ਮੂਸਾ ਤੇ ਹਾਰੂਨ ਨੇ ਯਹੋਵਾਹ ਦੀ ਵਡਿਆਈ ਨਹੀਂ ਕੀਤੀ ਜਿਸ ਨੇ ਮਰੀਬਾਹ ਵਿਚ ਚਮਤਕਾਰੀ ਤਰੀਕੇ ਨਾਲ ਪਾਣੀ ਕੱਢਿਆ ਸੀ?ਗਿਣ. 20:10-13.

12 ਯਹੋਵਾਹ ਉਸੇ ਵੇਲੇ ਹਾਰੂਨ ਨੂੰ ਇਨ੍ਹਾਂ ਸਾਰੀਆਂ  ਗ਼ਲਤੀਆਂ ਦੀ ਸਜ਼ਾ ਦੇ ਸਕਦਾ ਸੀ। ਪਰ ਉਹ ਜਾਣਦਾ ਸੀ ਕਿ ਹਾਰੂਨ ਬੁਰਾ ਇਨਸਾਨ ਨਹੀਂ ਸੀ। ਪਰ ਲੱਗਦਾ ਹੈ ਕਿ ਹਾਲਾਤਾਂ ਜਾਂ ਦੂਜਿਆਂ ਦੇ ਪ੍ਰਭਾਵ ਕਰਕੇ ਉਹ ਸਹੀ ਕੰਮ ਕਰਨ ਤੋਂ ਪਿੱਛੇ ਹਟ ਗਿਆ। ਉਸ ਨੇ ਹਰ ਵਾਰ ਆਪਣੀ ਗ਼ਲਤੀ ਮੰਨੀ ਤੇ ਯਹੋਵਾਹ ਦੀ ਸਲਾਹ ਕਬੂਲ ਕੀਤੀ। (ਕੂਚ 32:26; ਗਿਣ. 12:11; 20:23-27) ਯਹੋਵਾਹ ਨੇ ਇਸ ਗੱਲ ’ਤੇ ਧਿਆਨ ਲਾਇਆ ਕਿ ਹਾਰੂਨ ਨਿਹਚਾ ਕਰਦਾ ਸੀ ਅਤੇ ਉਸ ਨੇ ਤੋਬਾ ਕੀਤੀ ਸੀ। ਸਦੀਆਂ ਬਾਅਦ ਵੀ ਹਾਰੂਨ ਤੇ ਉਸ ਦੀ ਸੰਤਾਨ ਨੂੰ ਯਹੋਵਾਹ ਤੋਂ ਡਰਨ ਵਾਲਿਆਂ ਵਜੋਂ ਯਾਦ ਕੀਤਾ ਜਾਂਦਾ ਸੀ।ਜ਼ਬੂ. 115:10-12; 135:19, 20.

13. ਅਸੀਂ ਆਪਣੇ ਨਜ਼ਰੀਏ ਨੂੰ ਕਿਵੇਂ ਬਦਲ ਸਕਦੇ ਹਾਂ? ਮਿਸਾਲ ਦਿਓ।

13 ਯਹੋਵਾਹ ਵਰਗਾ ਨਜ਼ਰੀਆ ਰੱਖਣ ਲਈ ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਪ੍ਰਤੀ ਆਪਣੇ ਨਜ਼ਰੀਏ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਜੋ ਕਮਜ਼ੋਰ ਲੱਗਦੇ ਹਨ। (1 ਸਮੂ. 16:7) ਮਿਸਾਲ ਲਈ, ਅਸੀਂ ਉਦੋਂ ਕਿੱਦਾਂ ਪੇਸ਼ ਆਉਂਦੇ ਹਾਂ ਜਦੋਂ ਇਕ ਨੌਜਵਾਨ ਸਮਝਦਾਰੀ ਨਾਲ ਮਨੋਰੰਜਨ ਨਹੀਂ ਚੁਣਦਾ ਜਾਂ ਉਹ ਲਾਪਰਵਾਹੀ ਵਾਲਾ ਰਵੱਈਆ ਦਿਖਾਉਂਦਾ ਹੈ? ਉਸ ਦੀ ਹੱਦੋਂ ਵੱਧ ਨੁਕਤਾਚੀਨੀ ਕਰਨ ਦੀ ਬਜਾਇ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹਾਂ। ਸਾਨੂੰ ਸਮਾਂ ਕੱਢ ਕੇ ਉਸ ਨੂੰ ਸਹੀ ਫ਼ੈਸਲੇ ਕਰਨੇ ਸਿਖਾਉਣੇ ਚਾਹੀਦੇ ਹਨ। ਜਦੋਂ ਅਸੀਂ ਇਸ ਤਰ੍ਹਾਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਾਂਗੇ, ਤਾਂ ਅਸੀਂ ਉਨ੍ਹਾਂ ਨਾਲ ਹੋਰ ਧੀਰਜ ਰੱਖਾਂਗੇ ਤੇ ਉਨ੍ਹਾਂ ਲਈ ਸਾਡਾ ਪਿਆਰ ਵੀ ਵਧੇਗਾ।

14, 15. (ੳ) ਯਹੋਵਾਹ ਨੇ ਏਲੀਯਾਹ ਬਾਰੇ ਕੀ ਸੋਚਿਆ ਜਦੋਂ ਉਹ ਡਰ ਗਿਆ ਸੀ? (ਅ) ਏਲੀਯਾਹ ਦੇ ਤਜਰਬੇ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ?

14 ਦੂਜਿਆਂ ਪ੍ਰਤੀ ਸਾਡੇ ਨਜ਼ਰੀਏ ਵਿਚ ਉਦੋਂ ਵੀ ਸੁਧਾਰ ਆਉਂਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਯਹੋਵਾਹ ਆਪਣੇ ਨਿਰਾਸ਼ ਸੇਵਕਾਂ ਨਾਲ ਕਿਵੇਂ ਪੇਸ਼ ਆਇਆ ਸੀ। ਏਲੀਯਾਹ ਨਬੀ ਉਨ੍ਹਾਂ ਵਿੱਚੋਂ ਇਕ ਸੀ ਜਿਸ ਨੇ ਨਿ­ਡਰਤਾ ਨਾਲ ਬਆਲ ਦੇ 450 ਨਬੀਆਂ ਨੂੰ ਚੁਣੌਤੀ ਦਿੱਤੀ ਸੀ। ਪਰ ਬਾਅਦ ਵਿਚ ਉਹ ਰਾਣੀ ਈਜ਼ਬਲ ਤੋਂ ਡਰ ਕੇ ਭੱਜ ਗਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਉਸ ਨੂੰ ਮਾਰਨ ਦੀ ਸਾਜ਼ਸ਼ ਰਚ ਰਹੀ ਸੀ। ਬਏਰਸ਼ਬਾ ਤਕ 150 ਕਿਲੋਮੀਟਰ (95 ਮੀਲ) ਤੁਰਨ ਤੋਂ ਬਾਅਦ ਉਹ ਉਜਾੜ ਵਿਚ  ਚਲਾ ਗਿਆ। ਗਰਮੀ ਵਿਚ ਇੰਨਾ ਸਫ਼ਰ ਕਰਨ ਤੋਂ ਬਾਅਦ ਉਹ ਥੱਕ-ਟੁੱਟ ਕੇ ਇਕ ਦਰਖ਼ਤ ਹੇਠ ਬੈਠ ਗਿਆ ਤੇ “ਉਸ ਆਪਣੀ ਜਾਨ ਲਈ ਮੌਤ ਮੰਗੀ।”1 ਰਾਜ. 18:19; 19:1-4.

ਯਹੋਵਾਹ ਨੇ ਦੇਖਿਆ ਕਿ ਏਲੀਯਾਹ ਵਿਚ ਕਿੰਨੀ ਕੁ ਤਾਕਤ ਸੀ, ਇਸ ਲਈ ਉਸ ਨੂੰ ਹੌਸਲਾ ਦੇਣ ਲਈ ਇਕ ਦੂਤ ਨੂੰ ਭੇਜਿਆ (ਪੈਰੇ 14, 15 ਦੇਖੋ)

15 ਜਦੋਂ ਯਹੋਵਾਹ ਨੇ ਸਵਰਗ ਤੋਂ ਆਪਣੇ ਵਫ਼ਾਦਾਰ ਨਬੀ ਨੂੰ ਨਿਰਾਸ਼ ਹੋਇਆ ਦੇਖਿਆ, ਤਾਂ ਉਸ ਨੇ ਆਪਣੇ ਨਬੀ ਬਾਰੇ ਕੀ ਸੋਚਿਆ? ਕੀ ਉਸ ਨੇ ਆਪਣੇ ਨਬੀ ਨੂੰ ਠੁਕਰਾ ਦਿੱਤਾ ਕਿਉਂਕਿ ਉਹ ਕੁਝ ਸਮੇਂ ਲਈ ਨਿਰਾਸ਼ ਹੋ ਗਿਆ ਸੀ ਤੇ ਉਸ ਵਿਚ ਹਿੰਮਤ ਦੀ ਘਾਟ ਸੀ? ਬਿਲਕੁਲ ਨਹੀਂ! ਯਹੋਵਾਹ ਜਾਣਦਾ ਸੀ ਕਿ ਉਸ ਹਾਲਾਤ ਦਾ ਸਾਮ੍ਹਣਾ ਕਰਨ ਲਈ ਏਲੀਯਾਹ ਵਿਚ ਕਿੰਨੀ ਕੁ ਤਾਕਤ ਸੀ। ਇਸ ਲਈ ਉਸ ਨੇ ਏਲੀਯਾਹ ਦੀ ਮਦਦ ਕਰਨ ਲਈ ਇਕ ਦੂਤ ਭੇਜਿਆ। ਦੂਤ ਨੇ ਦੋ ਵਾਰ ਉਸ ਨੂੰ ਰੋਟੀ ਖਾਣ ਦੀ ਹੱਲਾਸ਼ੇਰੀ ਦਿੱਤੀ। ਇੱਦਾਂ ਉਸ ਨੂੰ ਅਗਲਾ ਸਫ਼ਰ “ਬਹੁਤ ਲੰਮਾ” ਨਹੀਂ ਸੀ ਲੱਗਣਾ। (1 ਰਾਜਿਆਂ 19:5-8 ਪੜ੍ਹੋ।) ਜੀ ਹਾਂ, ਕੋਈ ਵੀ ਹਿਦਾਇਤ ਦੇਣ ਤੋਂ ਪਹਿਲਾਂ ਯਹੋਵਾਹ ਨੇ ਨਬੀ ਦੀ ਗੱਲ ਧਿਆਨ ਨਾਲ ਸੁਣੀ ਤੇ ਉਸ ਦੀ ਮਦਦ ਕੀਤੀ।

16, 17. ਅਸੀਂ ਯਹੋਵਾਹ ਵਾਂਗ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?

16 ਅਸੀਂ ਆਪਣੇ ਪਿਆਰੇ ਪਰਮੇਸ਼ੁਰ ਦੀ ਰੀਸ ਕਿਵੇਂ ਕਰ ਸਕਦੇ ਹਾਂ? ਸਾਨੂੰ ਕਿਸੇ ਨੂੰ ਇਕਦਮ ਸਲਾਹ ਨਹੀਂ ਦੇਣੀ ਚਾਹੀਦੀ। (ਕਹਾ. 18:13) ਪਹਿਲਾਂ ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਨੂੰ ਹਮਦਰਦੀ ਦਿਖਾਉਣੀ ਚਾਹੀਦੀ ਹੈ ਜੋ ਆਪਣੇ ਆਪ ਨੂੰ ਕਿਸੇ ਕੰਮ ਦੇ ਨਹੀਂ ਸਮਝਦੇ। (1 ਕੁਰਿੰ. 12:23) ਫਿਰ ਅਸੀਂ ਲੋੜ ਮੁਤਾਬਕ ਉਨ੍ਹਾਂ ਦੀ ਮਦਦ ਕਰ ਸਕਾਂਗੇ।

17 ਮਿਸਾਲ ਲਈ, ਸਿੰਥੀਆ ਨੂੰ ਯਾਦ ਕਰੋ ਜਿਸ ਦਾ ਪਤੀ ਉਸ ਨੂੰ ਤੇ ਉਸ ਦੀਆਂ ਦੋ ਧੀਆਂ ਨੂੰ ਛੱਡ ਕੇ ਚਲਾ ਗਿਆ ਸੀ। ਉਹ ਮਹਿਸੂਸ ਕਰਦੀਆਂ ਸਨ ਕਿ ਉਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ। ਕੁਝ ਭੈਣਾਂ-ਭਰਾਵਾਂ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ? ਉਹ ਦੱਸਦੀ ਹੈ: “ਫ਼ੋਨ ’ਤੇ ਅਸੀਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਪੰਤਾਲੀ ਮਿੰਟਾਂ ਦੇ ਅੰਦਰ-ਅੰਦਰ ਉਹ ਸਾਡੇ ਘਰ ਆ ਗਏ। ਉਹ ਸਾਡੇ ਨਾਲ ਰੋ ਰਹੇ ਸਨ। ਉਨ੍ਹਾਂ ਨੇ ਪਹਿਲੇ ਦੋ-ਤਿੰਨ ਦਿਨ ਸਾਨੂੰ ਇਕੱਲਾ ਨਹੀਂ ਛੱਡਿਆ ਕਿਉਂਕਿ ਅਸੀਂ ਚੰਗੀ ਤਰ੍ਹਾਂ ਖਾ-ਪੀ ਨਹੀਂ ਰਹੀਆਂ ਸੀ ਤੇ ਬਹੁਤ ਦੁਖੀ ਸੀ। ਉਹ ਕੁਝ ਦਿਨਾਂ ਲਈ ਸਾਨੂੰ ਆਪਣੇ ਘਰ ਵੀ ਲੈ ਗਏ।” ਇਹ ਗੱਲਾਂ ਪੜ੍ਹ ਕੇ ਸਾਨੂੰ ਯਾਕੂਬ ਦੇ ਲਿਖੇ ਸ਼ਬਦ ਯਾਦ ਆਉਂਦੇ ਹਨ: “ਜੇ ਕਿਸੇ ਭਰਾ ਜਾਂ ਭੈਣ ਕੋਲ ਪਾਉਣ ਲਈ ਕੱਪੜੇ ਨਹੀਂ ਹਨ ਅਤੇ ਖਾਣ ਲਈ ਰੱਜਵੀਂ ਰੋਟੀ ਨਹੀਂ ਹੈ, ਅਤੇ ਇਹ ਦੇਖ ਕੇ ਵੀ ਤੁਹਾਡੇ ਵਿੱਚੋਂ ਕੋਈ ਉਸ ਨੂੰ ਕਹਿੰਦਾ ਹੈ: “ਰਾਜ਼ੀ ਰਹਿ, ਨਿੱਘਾ ਅਤੇ ਰੱਜਿਆ-ਪੁੱਜਿਆ ਰਹਿ,” ਪਰ ਉਸ ਨੂੰ ਪਾਉਣ ਲਈ ਕੱਪੜੇ ਅਤੇ ਖਾਣ ਲਈ ਰੋਟੀ ਨਹੀਂ ਦਿੰਦਾ, ਤਾਂ ਕੀ ਫ਼ਾਇਦਾ? ਇਸੇ ਤਰ੍ਹਾਂ ਜੇ ਤੁਸੀਂ ਨਿਹਚਾ ਰੱਖਣ ਦੇ ਨਾਲ-ਨਾਲ ਇਸ ਮੁਤਾਬਕ ਕੰਮ ਨਹੀਂ ਕਰਦੇ, ਤਾਂ ਤੁਹਾਡੀ ਨਿਹਚਾ ਮਰੀ ਹੋਈ ਹੈ।” (ਯਾਕੂ. 2:15-17) ਸਿੰਥੀਆ ਭੈਣਾਂ-ਭਰਾਵਾਂ ਦੀ ਮਦਦ ਲਈ ਬਹੁਤ ਸ਼ੁਕਰਗੁਜ਼ਾਰ ਹੈ। ਇਸੇ ਕਰਕੇ ਉਹ ਤੇ ਉਸ ਦੀਆਂ ਧੀਆਂ ਉਸ ਸਦਮੇ ਤੋਂ ਛੇ ਮਹੀਨਿਆਂ ਬਾਅਦ ਹੀ ਔਗਜ਼ੀਲਰੀ ਪਾਇਨੀਅਰਿੰਗ ਕਰ ਸਕੀਆਂ।2 ਕੁਰਿੰ. 12:10.

ਕਈਆਂ ਨੂੰ ਫ਼ਾਇਦੇ

18, 19. (ੳ) ਅਸੀਂ ਉਨ੍ਹਾਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਜੋ ਕੁਝ ਸਮੇਂ ਲਈ ਕਮਜ਼ੋਰ ਹੋ ਜਾਂਦੇ ਹਨ? (ਅ) ਜਦੋਂ ਅਸੀਂ ਕਮਜ਼ੋਰ ਲੋਕਾਂ ਦੀ ਮਦਦ ਕਰਦੇ ਹਾਂ, ਤਾਂ ਕਿਨ੍ਹਾਂ-ਕਿਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ?

18 ਤੁਸੀਂ ਸ਼ਾਇਦ ਆਪਣੇ ਤਜਰਬੇ ਤੋਂ ਦੇਖਿਆ ਹੋਣਾ ਕਿ ਬੀਮਾਰੀ ਤੋਂ ਠੀਕ ਹੋਣ ਲਈ ਸਮਾਂ ਲੱਗਦਾ ਹੈ। ਇਸੇ ਤਰ੍ਹਾਂ ਆਪਣੀਆਂ ਮੁਸ਼ਕਲਾਂ ਜਾਂ ਔਖੇ ਹਾਲਾਤਾਂ ਕਰਕੇ ਕਮਜ਼ੋਰ ਹੋ ਚੁੱਕੇ ਮਸੀਹੀ ਨੂੰ ਵੀ ਸ਼ਾਇਦ ਸੱਚਾਈ ਵਿਚ ਮਜ਼ਬੂਤ ਹੋਣ ਲਈ ਸਮੇਂ ਦੀ ਲੋੜ ਹੋਵੇ। ਇਹ ਸੱਚ ਹੈ ਕਿ ਉਸ ਨੂੰ ਆਪਣੀ ਨਿਹਚਾ ਪੱਕੀ ਕਰਨ ਲਈ ਸਟੱਡੀ, ਪ੍ਰਾਰਥਨਾ ਤੇ ਮੀਟਿੰਗਾਂ ਵਿਚ ਹਾਜ਼ਰ ਹੋਣ ਦੀ ਲੋੜ ਹੈ। ਪਰ ਕੀ ਅਸੀਂ ਉਦੋਂ ਤਕ ਉਸ ਨਾਲ ਧੀਰਜ ਨਾਲ ਪੇਸ਼ ਆਵਾਂਗੇ ਜਦ ਤਕ ਉਹ ਸੱਚਾਈ ਵਿਚ ਮਜ਼ਬੂਤ ਨਹੀਂ ਹੋ ਜਾਂਦਾ? ਕੀ ਉਸ ਸਮੇਂ ਦੌਰਾਨ ਅਸੀਂ ਉਸ ਨੂੰ ਪਿਆਰ ਦਿਖਾਵਾਂਗੇ? ਕੀ ਅਸੀਂ ਕਮਜ਼ੋਰ ਭੈਣਾਂ-ਭਰਾਵਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂਕਿ ਉਹ ਆਪਣੇ ਆਪ ਨੂੰ ਐਵੇਂ ਨਾ ਸਮਝਣ ਤੇ ਸਾਡੇ ਪਿਆਰ ਨੂੰ ਮਹਿਸੂਸ ਕਰ ਸਕਣ?2 ਕੁਰਿੰ. 8:8.

19 ਇਹ ਕਦੀ ਨਾ ਭੁੱਲੋ ਕਿ ਜਦ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਉਹ ਖ਼ੁਸ਼ੀ ਮਿਲਦੀ ਹੈ ਜੋ ਸਿਰਫ਼ ਦੇਣ ਨਾਲ ਹੀ ਮਿਲਦੀ ਹੈ। ਅਸੀਂ ਹਮਦਰਦੀ ਤੇ ਧੀਰਜ ਦਿਖਾਉਣਾ ਵੀ ਸਿੱਖਦੇ ਹਾਂ। ਪਰ ਇਸ ਨਾਲ ਸਿਰਫ਼ ਸਾਨੂੰ ਹੀ ਫ਼ਾਇਦਾ ਨਹੀਂ ਹੋਵੇਗਾ, ਸਗੋਂ ਸਾਰੀ ਮੰਡਲੀ ਵਿਚ ਪਿਆਰ ਵਧੇਗਾ। ਇਸ ਤੋਂ ਵੱਧ, ਅਸੀਂ ਯਹੋਵਾਹ ਦੀ ਨਕਲ ਕਰਦੇ ਹਾਂ ਜੋ ਹਰ ਮੈਂਬਰ ਨੂੰ ਅਨਮੋਲ ਸਮਝਦਾ ਹੈ। ਜੀ ਹਾਂ, ਸਾਡੇ ਕੋਲ “ਕਮਜ਼ੋਰ ਲੋਕਾਂ ਦੀ ਮਦਦ ਕਰਨ” ਦੇ ਬਹੁਤ ਸਾਰੇ ਚੰਗੇ ਕਾਰਨ ਹਨ।ਰਸੂ. 20:35.

^ ਪੇਰਗ੍ਰੈਫ 4 ਚਾਰਲਜ਼ ਡਾਰਵਿਨ ਨੇ ਆਪਣੀ ਇਕ ਕਿਤਾਬ ਵਿਚ ਸਰੀਰ ਦੇ ਬਹੁਤ ਸਾਰੇ ਅੰਗਾਂ ਨੂੰ “ਬੇਕਾਰ” ਕਿਹਾ ਸੀ। ਇਕ ਹੋਰ ਵਿਕਾਸਵਾਦੀ ਨੇ ਕਿਹਾ ਕਿ ਸਾਡੇ ਸਰੀਰ ਦੇ ਬਹੁਤ ਸਾਰੇ ਅੰਗਾਂ ਦੀ ਲੋੜ ਨਹੀਂ ਹੈ ਜਿਵੇਂ ਅਪੈਂਡਿਕਸ।

^ ਪੇਰਗ੍ਰੈਫ 7 ਨਾਂ ਬਦਲਿਆ ਗਿਆ ਹੈ।